ਕੀ ਦੁੱਖ ਦੇ ਵੇਲੇ ਸਾਨੂੰ ਦੂਤਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?
ਕੀ ਦੁੱਖ ਦੇ ਵੇਲੇ ਸਾਨੂੰ ਦੂਤਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?
ਜਦੋਂ ਅਸੀਂ ਦੁਖੀ ਹੁੰਦੇ ਹਾਂ, ਤਾਂ ਕੀ ਦੂਤਾਂ ਤੋਂ ਮਦਦ ਮੰਗਣੀ ਸਹੀ ਹੈ? ਕਈ ਲੋਕ ਸੋਚਦੇ ਹਨ ਕਿ ਇਸ ਤਰ੍ਹਾਂ ਕਰਨਾ ਠੀਕ ਹੈ। ਇਸ ਬਾਰੇ ਨਿਊ ਕੈਥੋਲਿਕ ਐਨਸਾਈਕਲੋਪੀਡੀਆ ਵਿਚ ਲਿਖਿਆ ਹੈ ਕਿ ‘ਇਨਸਾਨ ਦੂਤਾਂ ਨੂੰ ਪ੍ਰਾਰਥਨਾ ਇਸ ਲਈ ਹੀ ਕਰਦੇ ਹਨ ਤਾਂਕਿ ਉਹ ਉਨ੍ਹਾਂ ਦੀਆਂ ਅਰਦਾਸਾਂ ਅਗਾਹਾਂ ਪਰਮੇਸ਼ੁਰ ਨੂੰ ਸੁਣਾਉਣ।’ ਕੀ ਸਾਨੂੰ ਦੂਤਾਂ ਰਾਹੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?
ਬਾਈਬਲ ਵਿਚ ਪਰਮੇਸ਼ੁਰ ਦੇ ਸਿਰਫ਼ ਦੋ ਦੂਤਾਂ ਦੇ ਨਾਂ ਦਿੱਤੇ ਗਏ ਹਨ, ਮੀਕਾਏਲ ਤੇ ਜਿਬਰਾਏਲ। (ਦਾਨੀਏਲ 8:16; 12:1; ਲੂਕਾ 1:26; ਯਹੂਦਾਹ 9) ਇਸ ਤੋਂ ਪਤਾ ਲੱਗਦਾ ਹੈ ਕਿ ਦੂਤ ਬੇਜਾਨ ਸ਼ਕਤੀਆਂ ਨਹੀਂ, ਸਗੋਂ ਜੀਉਂਦੇ-ਜਾਗਦੇ ਜੀਵ ਹਨ ਜਿਨ੍ਹਾਂ ਦੇ ਆਪੋ-ਆਪਣੇ ਨਾਂ ਅਤੇ ਸੁਭਾਅ ਹਨ। ਪਰ ਕੁਝ ਦੂਤਾਂ ਨੇ ਆਪਣਾ ਨਾਂ ਨਹੀਂ ਦੱਸਿਆ। ਮਿਸਾਲ ਲਈ, ਜਦ ਯਾਕੂਬ ਨੂੰ ਇਕ ਦੂਤ ਮਿਲਣ ਆਇਆ ਸੀ, ਤਾਂ ਯਾਕੂਬ ਨੇ ਉਸ ਦਾ ਨਾਂ ਪੁੱਛਿਆ। ਪਰ ਦੂਤ ਨੇ ਆਪਣਾ ਨਾਂ ਦੱਸਣ ਤੋਂ ਸਾਫ਼ ਇਨਕਾਰ ਕੀਤਾ। (ਉਤਪਤ 32:29; ਨਿਆਈਆਂ 13:17, 18) ਬਾਈਬਲ ਵਿਚ ਅਸੀਂ ਕਿਤੇ ਵੀ ਦੂਤਾਂ ਦੇ ਨਾਵਾਂ ਦੀ ਕੋਈ ਲਿਸਟ ਨਹੀਂ ਪਾਉਂਦੇ। ਇਹ ਸ਼ਾਇਦ ਇਸ ਲਈ ਹੈ ਤਾਂਕਿ ਇਨਸਾਨ ਦੂਤਾਂ ਵੱਲ ਜ਼ਿਆਦਾ ਧਿਆਨ ਨਾ ਦੇਣ।
ਪਰਮੇਸ਼ੁਰ ਨੇ ਦੂਤਾਂ ਨੂੰ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ, ਜਿਵੇਂ ਕਿ ਇਨਸਾਨਾਂ ਤਕ ਉਸ ਦੇ ਸੁਨੇਹੇ ਪਹੁੰਚਾਉਣੇ। ਦਰਅਸਲ, ਬਾਈਬਲ ਦੀ ਪੁਰਾਣੀ ਭਾਸ਼ਾ ਵਿਚ “ਦੂਤ” ਦਾ ਮਤਲਬ “ਸੰਦੇਸ਼ਵਾਹਕ” ਹੈ। ਪਰ ਦੂਤਾਂ ਨੂੰ ਪ੍ਰਾਰਥਨਾਵਾਂ ਸੁਣਨ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਯਾਨੀ ਉਹ ਇਨਸਾਨਾਂ ਦੀਆਂ ਪ੍ਰਾਰਥਨਾਵਾਂ ਸੁਣ ਕੇ ਪਰਮੇਸ਼ੁਰ ਤਕ ਨਹੀਂ ਪਹੁੰਚਾਉਂਦੇ। ਪਰਮੇਸ਼ੁਰ ਚਾਹੁੰਦਾ ਹੈ ਕਿ ਸਾਰੀਆਂ ਪ੍ਰਾਰਥਨਾਵਾਂ ਉਸ ਦੇ ਪੁੱਤਰ ਯਿਸੂ ਮਸੀਹ ਰਾਹੀਂ ਕੀਤੀਆਂ ਜਾਣ। ਯਿਸੂ ਨੇ ਵੀ ਕਿਹਾ ਸੀ: ‘ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਪਿਤਾ ਤੋਂ ਮੰਗੋਗੇ ਸੋ ਉਹ ਤੁਹਾਨੂੰ ਦੇਵੇਗਾ।’—ਯੂਹੰਨਾ 15:16; 1 ਤਿਮੋਥਿਉਸ 2:5.
ਯਹੋਵਾਹ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਜੇ ਅਸੀਂ ਸੱਚੇ ਦਿਲੋਂ ਅਤੇ ਸਹੀ ਤਰੀਕੇ ਨਾਲ ਅਰਦਾਸ ਕਰਦੇ ਰਹੀਏ। ਬਾਈਬਲ ਸਾਨੂੰ ਭਰੋਸਾ ਦਿਲਾਉਂਦੀ ਹੈ: “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ।”—ਜ਼ਬੂਰਾਂ ਦੀ ਪੋਥੀ 145:18.