Skip to content

Skip to table of contents

ਛੋਟੀਆਂ ਕੁਰਬਾਨੀਆਂ ਕਰਨ ਨਾਲ ਵੱਡੀਆਂ ਬਰਕਤਾਂ ਮਿਲੀਆਂ

ਛੋਟੀਆਂ ਕੁਰਬਾਨੀਆਂ ਕਰਨ ਨਾਲ ਵੱਡੀਆਂ ਬਰਕਤਾਂ ਮਿਲੀਆਂ

ਜੀਵਨੀ

ਛੋਟੀਆਂ ਕੁਰਬਾਨੀਆਂ ਕਰਨ ਨਾਲ ਵੱਡੀਆਂ ਬਰਕਤਾਂ ਮਿਲੀਆਂ

ਜੋਰਜ ਤੇ ਐਨ ਐਲਜੀਅਨ ਦੀ ਜ਼ਬਾਨੀ

ਅਸੀਂ ਆਪਣੇ ਸੁਪਨਿਆਂ ਵਿਚ ਵੀ ਕਦੀ ਨਹੀਂ ਸੋਚਿਆ ਸੀ ਕਿ ਉਹ ਦਿਨ ਆਵੇਗਾ ਜਦ ਅਸੀਂ “ਅਧਿਆਪਕ” ਕਹਿਣ ਦੀ ਬਜਾਇ ਭੁਲੇਖੇ ਨਾਲ “ਚੂਹੀ” ਕਹਿ ਬੈਠਾਂਗੇ। ਨਾ ਹੀ ਅਸੀਂ ਕਦੀ ਸੋਚਿਆ ਸੀ ਕਿ 60 ਸਾਲਾਂ ਦੀ ਉਮਰ ਵਿਚ ਅਸੀਂ ਪੂਰਬੀ ਦੇਸ਼ ਦੇ ਲੋਕਾਂ ਨਾਲ ਗੱਲ ਕਰਨ ਲਈ ਨਵੀਂ ਭਾਸ਼ਾ ਸਿੱਖ ਰਹੇ ਹੋਵਾਂਗੇ ਜਿਸ ਦੇ ਅੱਖਰ ਸਾਨੂੰ ਬੜੇ ਅਜੀਬ ਜਿਹੇ ਲੱਗਣਗੇ। ਪਰ ਮੈਂ ਤੇ ਮੇਰੀ ਪਤਨੀ ਐਨ ਨੇ 1980 ਦੇ ਦਹਾਕੇ ਦੇ ਅਖ਼ੀਰਲੇ ਸਾਲਾਂ ਦੌਰਾਨ ਇਸ ਤਰ੍ਹਾਂ ਹੀ ਕੀਤਾ। ਆਓ ਅਸੀਂ ਤੁਹਾਨੂੰ ਦੱਸੀਏ ਕਿ ਛੋਟੀਆਂ-ਛੋਟੀਆਂ ਕੁਰਬਾਨੀਆਂ ਕਰਨ ਨਾਲ ਸਾਨੂੰ ਵੱਡੀਆਂ ਬਰਕਤਾਂ ਕਿਵੇਂ ਮਿਲੀਆਂ।

ਮੇਰਾ ਪਰਿਵਾਰ ਆਰਮੀਨੀ ਹੋਣ ਕਰਕੇ ਆਰਮੀਨੀ ਚਰਚ ਜਾਂਦਾ ਸੀ। ਐਨ ਰੋਮਨ ਕੈਥੋਲਿਕ ਸੀ। ਅਸੀਂ ਦੋਨਾਂ ਨੇ ਆਪਣੇ ਧਾਰਮਿਕ ਵਿਸ਼ਵਾਸਾਂ ਦਾ ਸਮਝੌਤਾ ਕਰ ਕੇ 1950 ਵਿਚ ਵਿਆਹ ਕਰਾ ਲਿਆ। ਮੈਂ 27 ਸਾਲਾਂ ਦਾ ਸੀ ਅਤੇ ਐਨ 24 ਸਾਲਾਂ ਦੀ ਸੀ। ਸਾਲ 1946 ਤੋਂ ਜਰਜ਼ੀ ਸਿਟੀ, ਨਿਊ ਜਰਜ਼ੀ, ਅਮਰੀਕਾ ਵਿਚ ਮੇਰਾ ਆਪਣਾ ਡਰਾਈ-ਕਲੀਨਿੰਗ ਦਾ ਬਿਜ਼ਨਿਸ ਸੀ। ਵਿਆਹ ਤੋਂ ਬਾਅਦ ਅਸੀਂ ਆਪਣੀ ਦੁਕਾਨ ਦੇ ਉੱਪਰ ਰਹਿਣ ਲੱਗ ਪਏ।

ਸਾਲ 1955 ਵਿਚ ਅਸੀਂ ਮਿਡਲਟਾਊਨ, ਨਿਊ ਜਰਜ਼ੀ ਵਿਚ ਇਕ ਵਧੀਆ ਤੇ ਵੱਡਾ ਘਰ ਖ਼ਰੀਦ ਲਿਆ। ਇਹ ਸਾਡੀ ਦੁਕਾਨ ਤੋਂ ਤਕਰੀਬਨ 60 ਕਿਲੋਮੀਟਰ ਦੂਰ ਸੀ। ਮੈਂ ਛੇ ਦਿਨ ਕੰਮ ਕਰਦਾ ਸੀ ਅਤੇ ਰੋਜ਼ ਘਰ ਲੇਟ ਹੀ ਪਹੁੰਚਦਾ ਸੀ। ਉਨੀਂ ਦਿਨੀਂ ਮੈਨੂੰ ਕਦੀ-ਕਦਾਈਂ ਯਹੋਵਾਹ ਦੇ ਗਵਾਹ ਮਿਲ ਜਾਂਦੇ ਸਨ। ਉਹ ਦੁਕਾਨੇ ਆ ਕੇ ਮੈਨੂੰ ਬਾਈਬਲ ਬਾਰੇ ਕੁਝ ਪੜ੍ਹਨ ਲਈ ਦੇ ਜਾਂਦੇ ਸਨ। ਮੈਂ ਇਨ੍ਹਾਂ ਰਸਾਲਿਆਂ ਨੂੰ ਦਿਲਚਸਪੀ ਨਾਲ ਪੜ੍ਹਦਾ ਸੀ। ਭਾਵੇਂ ਕਿ ਮੈਂ ਆਪਣੇ ਬਿਜ਼ਨਿਸ ਵਿਚ ਰੁੱਝਿਆ ਰਹਿੰਦਾ ਸੀ, ਪਰ ਮੇਰਾ ਧਿਆਨ ਬਾਈਬਲ ਵੱਲ ਵੀ ਖਿੱਚਿਆ ਗਿਆ।

ਥੋੜ੍ਹੇ ਚਿਰ ਪਿੱਛੋਂ ਮੈਨੂੰ ਯਹੋਵਾਹ ਦੇ ਗਵਾਹਾਂ ਦੇ ਰੇਡੀਓ ਸਟੇਸ਼ਨ (ਡਬਲਯੂ. ਬੀ. ਬੀ. ਆਰ.) ਬਾਰੇ ਪਤਾ ਲੱਗਾ। ਫਿਰ ਮੈਂ ਕੰਮ ਤੋਂ ਆਉਣ-ਜਾਣ ਵੇਲੇ ਬਾਈਬਲ ਬਾਰੇ ਪ੍ਰੋਗ੍ਰਾਮ ਸੁਣਨ ਲੱਗ ਪਿਆ। ਇਨ੍ਹਾਂ ਲੈਕਚਰਾਂ ਨੂੰ ਸੁਣਨ ਨਾਲ ਮੇਰੇ ਅੰਦਰ ਇੰਨੀ ਦਿਲਚਸਪੀ ਜਾਗੀ ਕਿ ਮੈਂ ਯਹੋਵਾਹ ਦੇ ਗਵਾਹਾਂ ਨੂੰ ਕਿਹਾ ਕਿ ਉਹ ਮੈਨੂੰ ਮਿਲਣ ਆਉਣ। ਨਵੰਬਰ 1957 ਵਿਚ ਜੋਰਜ ਬਲੈਂਟਨ ਨੇ ਸਾਡੇ ਘਰ ਆ ਕੇ ਮੇਰੇ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ।

ਸਾਰਾ ਪਰਿਵਾਰ ਯਹੋਵਾਹ ਦੀ ਭਗਤੀ ਕਰਨ ਲੱਗ ਪਿਆ

ਐਨ ਨੇ ਮੇਰੀ ਬਾਈਬਲ ਸਟੱਡੀ ਬਾਰੇ ਕੀ ਸੋਚਿਆ? ਇਸ ਬਾਰੇ ਉਹ ਆਪ ਤੁਹਾਨੂੰ ਦੱਸੇਗੀ।

“ਪਹਿਲਾਂ-ਪਹਿਲਾਂ ਤਾਂ ਮੈਨੂੰ ਇਹ ਗੱਲ ਜ਼ਰਾ ਵੀ ਚੰਗੀ ਨਹੀਂ ਲੱਗੀ। ਜੋਰਜ ਦੀ ਸਟੱਡੀ ਵੇਲੇ ਮੈਂ ਕਿਸੇ-ਨ-ਕਿਸੇ ਤਰੀਕੇ ਨਾਲ ਸਟੱਡੀ ਰੋਕਣ ਦੀ ਕੋਸ਼ਿਸ਼ ਕਰਦੀ ਸੀ। ਇਸ ਲਈ ਉਸ ਨੇ ਹੋਰ ਕਿਤੇ ਜਾ ਕੇ ਸਟੱਡੀ ਕਰਨ ਦੀ ਸਲਾਹ ਕੀਤੀ ਅਤੇ ਤਕਰੀਬਨ ਅੱਠ ਮਹੀਨਿਆਂ ਤਕ ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਉਸ ਸਮੇਂ ਦੌਰਾਨ ਜੋਰਜ ਆਪਣੇ ਇੱਕੋ-ਇਕ ਛੁੱਟੀ ਦੇ ਦਿਨ ਗਵਾਹਾਂ ਨਾਲ ਕਿੰਗਡਮ ਹਾਲ ਮੀਟਿੰਗਾਂ ਵਿਚ ਵੀ ਜਾਣ ਲੱਗਾ। ਇਸ ਤੋਂ ਮੈਨੂੰ ਪਤਾ ਲੱਗਿਆ ਕਿ ਉਹ ਆਪਣੀ ਬਾਈਬਲ ਸਟੱਡੀ ਨੂੰ ਮਾਮੂਲੀ ਜਿਹੀ ਗੱਲ ਨਹੀਂ ਸਮਝਦਾ ਸੀ। ਪਰ ਉਹ ਮੇਰੀ ਤੇ ਬੱਚਿਆਂ ਦੀ ਹਮੇਸ਼ਾ ਅੱਛੀ ਤਰ੍ਹਾਂ ਦੇਖ-ਭਾਲ ਕਰਦਾ ਰਿਹਾ। ਹੌਲੀ-ਹੌਲੀ ਮੇਰਾ ਮਨ ਬਦਲਣ ਲੱਗਾ। ਕਦੀ-ਕਦੀ ਜਦ ਜੋਰਜ ਘਰ ਨਹੀਂ ਸੀ ਹੁੰਦਾ, ਮੈਂ ਸਫ਼ਾਈ ਕਰਦੇ ਸਮੇਂ ਮੇਜ਼ ਤੇ ਪਿਆ ਜਾਗਰੂਕ ਬਣੋ! ਰਸਾਲਾ ਪੜ੍ਹਨ ਲੱਗ ਪੈਂਦੀ ਸੀ ਜਿਸ ਨੂੰ ਉਹ ਹਮੇਸ਼ਾ ਉੱਥੇ ਛੱਡ ਜਾਂਦਾ ਸੀ। ਜਾਗਰੂਕ ਬਣੋ! ਰਸਾਲੇ ਵਿਚ ਗਵਾਹਾਂ ਦੀਆਂ ਸਿੱਖਿਆਵਾਂ ਦੀ ਬਜਾਇ ਪਰਮੇਸ਼ੁਰ ਦੀਆਂ ਬਣਾਈਆਂ ਸੋਹਣੀਆਂ ਚੀਜ਼ਾਂ ਬਾਰੇ ਗੱਲ ਕੀਤੀ ਹੁੰਦੀ ਸੀ। ਕਦੇ-ਕਦੇ ਜੋਰਜ ਮੈਨੂੰ ਇਸ ਰਸਾਲੇ ਵਿੱਚੋਂ ਕੁਝ ਪੜ੍ਹ ਕੇ ਵੀ ਸੁਣਾਉਂਦਾ ਸੀ।

“ਇਕ ਸ਼ਾਮ ਜੋਰਜ ਭਰਾ ਬਲੈਂਟਨ ਕੋਲ ਸਟੱਡੀ ਕਰਨ ਗਿਆ ਹੋਇਆ ਸੀ। ਉਸ ਸਮੇਂ ਮੈਂ ਉਦਾਸ ਸੀ ਕਿਉਂਕਿ ਮੇਰੀ ਨਾਨੀ ਦੀ ਮੌਤ ਹੋਈ ਨੂੰ ਥੋੜ੍ਹਾ ਹੀ ਚਿਰ ਹੋਇਆ ਸੀ। ਸਾਡੇ ਦੋ ਸਾਲਾਂ ਦੇ ਮੁੰਡੇ ਨੇ ਮੇਰੇ ਮੰਜੇ ਲਾਗੇ ਇਕ ਰਸਾਲਾ ਰੱਖਿਆ ਹੋਇਆ ਸੀ। ਭਾਵੇਂ ਮੈਂ ਕਾਫ਼ੀ ਥੱਕੀ ਹੋਈ ਸੀ, ਪਰ ਮੈਨੂੰ ਰਸਾਲੇ ਵਿਚ ਕੁਝ ਬਹੁਤ ਹੀ ਦਿਲਚਸਪ ਨਜ਼ਰ ਆਇਆ। ਮੈਂ ਉਸ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਉਸ ਵਿਚਲੀਆਂ ਗੱਲਾਂ ਤੋਂ ਮੈਨੂੰ ਬਹੁਤ ਦਿਲਾਸਾ ਮਿਲਿਆ। ਉਸ ਵਿਚ ਬਾਈਬਲ ਵਿੱਚੋਂ ਕਈ ਹਵਾਲੇ ਦਿੱਤੇ ਗਏ ਸਨ ਜੋ ਮੁਰਦਿਆਂ ਦੀ ਹਾਲਤ ਬਾਰੇ ਦੱਸਦੇ ਹਨ। ਮੈਂ ਪੜ੍ਹਿਆ ਕਿ ਸਾਡੇ ਮਰੇ ਹੋਏ ਅਜ਼ੀਜ਼ ਨਰਕ ਵਰਗੀ ਕਿਸੇ ਜਗ੍ਹਾ ਵਿਚ ਸਤਾਏ ਨਹੀਂ ਜਾ ਰਹੇ। ਮੈਂ ਇਹ ਵੀ ਪੜ੍ਹਿਆ ਕਿ ਭਵਿੱਖ ਵਿਚ ਉਨ੍ਹਾਂ ਨੂੰ ਮੁੜ ਜੀ ਉਠਾਇਆ ਜਾਵੇਗਾ। ਹੁਣ ਤਕ ਪਤਾ ਨਹੀਂ ਮੇਰੀ ਥਕਾਵਟ ਕਿੱਥੇ ਚਲੀ ਗਈ ਸੀ ਅਤੇ ਮੈਂ ਰਸਾਲੇ ਵਿਚ ਉਨ੍ਹਾਂ ਗੱਲਾਂ ਹੇਠ ਲਕੀਰ ਲਗਾਉਣ ਲੱਗੀ ਜਿਨ੍ਹਾਂ ਨੂੰ ਮੈਂ ਜੋਰਜ ਨੂੰ ਘਰ ਆਉਂਦੇ ਹੀ ਦਿਖਾਉਣਾ ਚਾਹੁੰਦੀ ਸੀ।

“ਮੇਰੇ ਪਤੀ ਨੂੰ ਜ਼ਰਾ ਵੀ ਵਿਸ਼ਵਾਸ ਨਾ ਹੋਇਆ ਕਿ ਮੈਂ ਉਸ ਦੀ ਉਹੀ ਪਤਨੀ ਸੀ ਜਿਸ ਨੂੰ ਉਹ ਕੁਝ ਘੰਟੇ ਪਹਿਲਾਂ ਘਰ ਛੱਡ ਕੇ ਗਿਆ ਸੀ। ਜਦ ਉਹ ਘਰੋਂ ਬਾਹਰ ਗਿਆ ਸੀ, ਤਾਂ ਮੈਂ ਯਹੋਵਾਹ ਦੇ ਗਵਾਹਾਂ ਦੀਆਂ ਸਿੱਖਿਆਵਾਂ ਬਾਰੇ ਕੁਝ ਨਹੀਂ ਜਾਣਨਾ ਚਾਹੁੰਦੀ ਸੀ, ਪਰ ਉਸ ਦੇ ਘਰ ਮੁੜਨ ਤੇ ਮੈਂ ਬਹੁਤ ਖ਼ੁਸ਼ ਸੀ ਕਿਉਂਕਿ ਮੈਨੂੰ ਬਾਈਬਲ ਦੀਆਂ ਸ਼ਾਨਦਾਰ ਸੱਚਾਈਆਂ ਬਾਰੇ ਪਤਾ ਲੱਗ ਗਿਆ ਸੀ। ਅਸੀਂ ਸਾਰੀ ਰਾਤ ਬਾਈਬਲ ਬਾਰੇ ਗੱਲਾਂ ਕਰਦੇ ਰਹੇ। ਜੋਰਜ ਨੇ ਮੈਨੂੰ ਧਰਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਦੱਸਿਆ। ਮੈਂ ਉਸ ਨੂੰ ਆਪਣੀ ਸਟੱਡੀ ਘਰ ਕਰਨ ਲਈ ਕਿਹਾ ਤਾਂਕਿ ਮੈਂ ਵੀ ਉਸ ਨਾਲ ਬਹਿ ਕੇ ਸਟੱਡੀ ਕਰ ਸਕਾਂ।

“ਭਰਾ ਬਲੈਂਟਨ ਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਵੀ ਸਟੱਡੀ ਵੇਲੇ ਸਾਡੇ ਨਾਲ ਬਹਿਣਾ ਚਾਹੀਦਾ ਹੈ। ਪਹਿਲਾਂ-ਪਹਿਲਾਂ ਤਾਂ ਅਸੀਂ ਸੋਚਿਆ ਕਿ ਮੁੰਡਿਆਂ ਦੀ ਉਮਰ ਬਹੁਤ ਛੋਟੀ ਸੀ ਕਿਉਂਕਿ ਉਹ ਸਿਰਫ਼ ਚਾਰ ਅਤੇ ਦੋ ਸਾਲਾਂ ਦੇ ਸਨ। ਪਰ ਭਰਾ ਬਲੈਂਟਨ ਨੇ ਸਾਨੂੰ ਬਿਵਸਥਾ ਸਾਰ 31:12 ਦਾ ਹਵਾਲਾ ਦਿਖਾਇਆ ਜਿਸ ਵਿਚ ਲਿਖਿਆ ਹੈ: ‘ਪਰਜਾ ਨੂੰ ਇਕੱਠਾ ਕਰੋ, ਮਨੁੱਖਾਂ, ਤੀਵੀਆਂ ਅਤੇ ਨਿਆਣਿਆਂ ਨੂੰ ਤਾਂ ਜੋ ਓਹ ਸੁਣਨ ਅਤੇ ਸਿੱਖਣ।’ ਅਸੀਂ ਭਰਾ ਦੀ ਗੱਲ ਨੂੰ ਮੰਨ ਲਿਆ ਅਤੇ ਆਪਣੇ ਬੱਚਿਆਂ ਨੂੰ ਸਟੱਡੀ ਕਰਦੇ ਵੇਲੇ ਨਾਲ ਬਿਠਾਇਆ। ਅਸੀਂ ਸਟੱਡੀ ਲਈ ਇਕੱਠੇ ਤਿਆਰੀ ਕਰਦੇ ਹੁੰਦੇ ਸੀ, ਪਰ ਬੱਚਿਆਂ ਨੂੰ ਹਮੇਸ਼ਾ ਆਪਣੇ ਦਿਲ ਦੀ ਗੱਲ ਕਰਨ ਦੀ ਹੱਲਾਸ਼ੇਰੀ ਦਿੰਦੇ ਸੀ। ਸਾਡੇ ਖ਼ਿਆਲ ਵਿਚ ਇਸ ਤਰ੍ਹਾਂ ਕਰਨ ਨਾਲ ਸਾਡੇ ਬੱਚਿਆਂ ਨੂੰ ਬਾਈਬਲ ਦੀ ਸੱਚਾਈ ਸਵੀਕਾਰ ਕਰਨ ਵਿਚ ਮਦਦ ਮਿਲੀ। ਅਸੀਂ ਭਰਾ ਬਲੈਂਟਨ ਦਾ ਲੱਖ-ਲੱਖ ਸ਼ੁਕਰ ਕਰਦੇ ਹਾਂ ਕਿ ਉਸ ਨੇ ਬਾਈਬਲ ਦੀ ਵਧੀਆ ਸਲਾਹ ਰਾਹੀਂ ਪਰਮੇਸ਼ੁਰ ਦੇ ਰਾਹਾਂ ਬਾਰੇ ਸਿੱਖਣ ਅਤੇ ਉਨ੍ਹਾਂ ਤੇ ਡਟੇ ਰਹਿਣ ਵਿਚ ਸਾਡੇ ਪਰਿਵਾਰ ਦੀ ਮਦਦ ਕੀਤੀ।”

ਕੁਰਬਾਨੀਆਂ ਦੀ ਜ਼ਰੂਰਤ

ਇਹ ਗੱਲ ਵਧੀਆ ਸੀ ਕਿ ਹੁਣ ਮੇਰੀ ਪਤਨੀ ਤੇ ਬੱਚੇ ਵੀ ਮੇਰੇ ਨਾਲ ਬਾਈਬਲ ਦੀ ਸਟੱਡੀ ਕਰ ਰਹੇ ਸਨ, ਪਰ ਇਸ ਦੇ ਨਾਲ-ਨਾਲ ਸਾਨੂੰ ਕਈ ਚੁਣੌਤੀਆਂ ਦਾ ਸਾਮ੍ਹਣਾ ਵੀ ਕਰਨਾ ਪਿਆ। ਸਾਡੀ ਦੁਕਾਨ ਘਰੋਂ ਕਾਫ਼ੀ ਦੂਰ ਹੋਣ ਕਰਕੇ ਮੈਂ ਸ਼ਾਮ ਨੂੰ ਤਕਰੀਬਨ ਨੌਂ ਕੁ ਵਜੇ ਘਰ ਪਹੁੰਚਦਾ ਹੁੰਦਾ ਸੀ। ਨਤੀਜੇ ਵਜੋਂ, ਮੈਂ ਸਿਰਫ਼ ਐਤਵਾਰ ਹੀ ਮੀਟਿੰਗਾਂ ਵਿਚ ਜਾ ਸਕਦਾ ਸੀ। ਉਸ ਸਮੇਂ ਐਨ ਸਾਰੀਆਂ ਮੀਟਿੰਗਾਂ ਵਿਚ ਜਾਂਦੀ ਸੀ ਅਤੇ ਉਸ ਨੂੰ ਇਸ ਦਾ ਕਾਫ਼ੀ ਫ਼ਾਇਦਾ ਹੋ ਰਿਹਾ ਸੀ। ਮੈਂ ਵੀ ਸਾਰੀਆਂ ਮੀਟਿੰਗਾਂ ਵਿਚ ਜਾਣਾ ਚਾਹੁੰਦਾ ਸੀ। ਮੈਂ ਇਹ ਵੀ ਚਾਹੁੰਦਾ ਸੀ ਕਿ ਮੈਂ ਆਪਣੇ ਪਰਿਵਾਰ ਨਾਲ ਬੈਠ ਕੇ ਬਾਕਾਇਦਾ ਸਟੱਡੀ ਤੇ ਗੱਲਬਾਤ ਕਰ ਸਕਾਂ। ਮੈਂ ਸਮਝ ਗਿਆ ਕਿ ਮੈਨੂੰ ਕੁਝ ਕੁਰਬਾਨੀਆਂ ਕਰਨ ਦੀ ਲੋੜ ਸੀ। ਇਸ ਲਈ ਗਾਹਕ ਗੁਆਉਣ ਦੇ ਬਾਵਜੂਦ ਮੈਂ ਆਪਣੀ ਦੁਕਾਨ ਵਿਚ ਘੱਟ ਸਮਾਂ ਰਹਿਣ ਦਾ ਫ਼ੈਸਲਾ ਕੀਤਾ।

ਇਸ ਦੇ ਵਧੀਆ ਨਤੀਜੇ ਨਿਕਲੇ। ਸਾਡੀ ਫੈਮਿਲੀ ਸਟੱਡੀ ਸਾਡੇ ਲਈ ਦੂਸਰੀਆਂ ਪੰਜ ਮੀਟਿੰਗਾਂ ਜਿੰਨੀ ਹੀ ਜ਼ਰੂਰੀ ਸੀ ਤੇ ਹੁਣ ਮੈਂ ਇਸ ਵਿਚ ਪੂਰਾ ਹਿੱਸਾ ਲੈ ਸਕਦਾ ਸੀ। ਅਸੀਂ ਇਸ ਨੂੰ ਆਪਣੀ ਛੇਵੀਂ ਮੀਟਿੰਗ ਸੱਦਦੇ ਸੀ, ਜੋ ਹਮੇਸ਼ਾ ਹਰ ਬੁੱਧਵਾਰ ਰਾਤ ਦੇ ਅੱਠ ਵਜੇ ਕੀਤੀ ਜਾਂਦੀ ਸੀ। ਸ਼ਾਮ ਦਾ ਖਾਣਾ ਖਾਣ ਅਤੇ ਭਾਂਡੇ ਧੋਣ ਤੋਂ ਬਾਅਦ ਸਾਡੇ ਵਿੱਚੋਂ ਇਕ ਜਣੇ ਨੇ ਜ਼ਰੂਰ ਕਹਿਣਾ: “ਮੀਟਿੰਗ ਦਾ ਟਾਈਮ ਹੋ ਗਿਆ!” ਜੇ ਮੈਂ ਕਦੀ-ਕਦਾਈਂ ਲੇਟ ਹੋ ਜਾਂਦਾ ਸੀ, ਤਾਂ ਐਨ ਸਟੱਡੀ ਸ਼ੁਰੂ ਕਰ ਦਿੰਦੀ ਸੀ।

ਇਕ ਹੋਰ ਗੱਲ ਨੇ ਸਾਡੇ ਪਰਿਵਾਰ ਵਿਚ ਏਕਤਾ ਅਤੇ ਪ੍ਰੇਮ ਨੂੰ ਵਧਾਇਆ। ਅਸੀਂ ਹਰ ਰੋਜ਼ ਬਾਈਬਲ ਵਿੱਚੋਂ ਹਵਾਲਾ ਪੜ੍ਹ ਕੇ ਉਸ ਦੀ ਜਾਂਚ ਕਰਨੀ ਸ਼ੁਰੂ ਕੀਤੀ। ਪਰ ਇਸ ਤਰ੍ਹਾਂ ਕਰਨ ਲਈ ਵੀ ਸਾਨੂੰ ਤਬਦੀਲੀਆਂ ਕਰਨੀਆਂ ਪਈਆਂ ਕਿਉਂਕਿ ਸਾਰੇ ਜਣੇ ਵੱਖਰੇ-ਵੱਖਰੇ ਸਮੇਂ ਤੇ ਉੱਠਦੇ ਸਨ। ਅਸੀਂ ਇਸ ਬਾਰੇ ਗੱਲਬਾਤ ਕਰ ਕੇ ਫ਼ੈਸਲਾ ਕੀਤਾ ਕਿ ਅਸੀਂ ਸਾਰੇ ਸਾਢੇ ਛੇ ਵਜੇ ਨਾਸ਼ਤਾ ਕਰਨ ਤੋਂ ਬਾਅਦ ਬਾਈਬਲ ਦੀ ਜਾਂਚ ਕਰਾਂਗੇ। ਇਸ ਤਰ੍ਹਾਂ ਕਰਨ ਨਾਲ ਸਾਰਿਆਂ ਨੂੰ ਫ਼ਾਇਦਾ ਹੋਇਆ। ਜਦ ਸਾਡੇ ਮੁੰਡੇ ਵੱਡੇ ਹੋਏ, ਤਾਂ ਉਹ ਬੈਥਲ ਵਿਚ ਸੇਵਾ ਕਰਨ ਲੱਗੇ। ਸਾਨੂੰ ਯਕੀਨ ਹੈ ਕਿ ਹਰ ਰੋਜ਼ ਬਾਈਬਲ ਦੀ ਜਾਂਚ ਕਰਨ ਰਾਹੀਂ ਉਨ੍ਹਾਂ ਵਿਚ ਪਰਮੇਸ਼ੁਰ ਦੀ ਭਗਤੀ ਕਰਨ ਦੀ ਇੱਛਾ ਪੈਦਾ ਹੋਈ।

ਪਰਮੇਸ਼ੁਰ ਦੀ ਸੇਵਾ ਵਿਚ ਹੋਰ ਕੁਰਬਾਨੀਆਂ

ਮੈਂ 1962 ਵਿਚ ਬਪਤਿਸਮਾ ਲੈ ਲਿਆ। ਮੈਂ ਆਪਣੇ ਪਰਿਵਾਰ ਨਾਲ ਹੋਰ ਜ਼ਿਆਦਾ ਸਮਾਂ ਗੁਜ਼ਾਰਨਾ ਚਾਹੁੰਦਾ ਸੀ ਤਾਂਕਿ ਅਸੀਂ ਸਾਰੇ ਇਕੱਠੇ ਮਿਲ ਕੇ ਯਹੋਵਾਹ ਦੀ ਸੇਵਾ ਵਿਚ ਆਪਣਾ ਪੂਰਾ ਸਮਾਂ ਲਾ ਸਕੀਏ। ਇਸ ਲਈ ਮੈਂ ਆਪਣੀ ਦੁਕਾਨ ਵੇਚ ਦਿੱਤੀ ਜਿਸ ਨੂੰ ਮੈਂ 21 ਸਾਲਾਂ ਤੋਂ ਚਲਾਉਂਦਾ ਆਇਆ ਸੀ। ਮੈਂ ਆਪਣੇ ਘਰ ਦੇ ਲਾਗੇ ਨੌਕਰੀ ਲੱਭ ਲਈ। ਇਸ ਤਰ੍ਹਾਂ ਕਰਨ ਨਾਲ ਸਾਨੂੰ ਕਈ ਬਰਕਤਾਂ ਮਿਲੀਆਂ। ਸਾਡੇ ਵੱਡੇ ਮੁੰਡੇ ਐਡਵਰਡ ਨੇ 1970 ਦੇ ਦਹਾਕੇ ਦੇ ਸ਼ੁਰੂ ਵਿਚ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਪਾਇਨੀਅਰੀ ਕਰਨੀ ਸ਼ੁਰੂ ਕੀਤੀ। ਇਸ ਤੋਂ ਥੋੜ੍ਹੇ ਚਿਰ ਬਾਅਦ ਸਾਡਾ ਛੋਟਾ ਮੁੰਡਾ ਜੋਰਜ ਅਤੇ ਉਸ ਤੋਂ ਬਾਅਦ ਐਨ ਪਾਇਨੀਅਰੀ ਕਰਨ ਲੱਗ ਪਏ। ਪ੍ਰਚਾਰ ਦੇ ਕੰਮ ਵਿਚ ਉਨ੍ਹਾਂ ਤਿੰਨਾਂ ਜਣਿਆਂ ਦੇ ਤਜਰਬੇ ਸੁਣ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਸੀ। ਅਸੀਂ ਫ਼ਜ਼ੂਲ ਖ਼ਰਚਾ ਨਾ ਕਰਨ ਤੇ ਸਮਾਂ ਨਾ ਗੁਆਉਣ ਬਾਰੇ ਗੱਲਬਾਤ ਕੀਤੀ ਤਾਂਕਿ ਮੈਂ ਵੀ ਉਨ੍ਹਾਂ ਨਾਲ ਪਾਇਨੀਅਰੀ ਕਰ ਸਕਾਂ। ਇਸ ਲਈ ਅਸੀਂ ਆਪਣਾ ਘਰ ਵੇਚ ਦਿੱਤਾ ਜਿਸ ਵਿਚ ਅਸੀਂ 18 ਸਾਲਾਂ ਤੋਂ ਰਹਿੰਦੇ ਆਏ ਸਾਂ ਅਤੇ ਜਿੱਥੇ ਸਾਡੇ ਬੱਚੇ ਜੰਮੇ-ਪਲੇ ਸਨ। ਭਾਵੇਂ ਇਸ ਤਰ੍ਹਾਂ ਕਰਨਾ ਸਾਡੇ ਲਈ ਸੌਖਾ ਨਹੀਂ ਸੀ, ਪਰ ਇਸ ਕੁਰਬਾਨੀ ਤੇ ਯਹੋਵਾਹ ਦੀ ਮਿਹਰ ਜ਼ਾਹਰ ਸੀ।

ਐਡਵਰਡ ਨੂੰ 1972 ਅਤੇ ਜੋਰਜ ਨੂੰ 1974 ਵਿਚ ਬੈਥਲ ਜਾ ਕੇ ਸੇਵਾ ਕਰਨ ਦਾ ਮੌਕਾ ਮਿਲਿਆ। ਅਸੀਂ ਤਾਂ ਸੋਚਿਆ ਸੀ ਕਿ ਸਾਡੇ ਮੁੰਡਿਆਂ ਦੇ ਵਿਆਹ ਹੋਣਗੇ ਤੇ ਉਹ ਸਾਡੇ ਲਾਗੇ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿਚ ਅਸੀਂ ਸ਼ਾਇਦ ਆਪਣੇ ਪੋਤੇ-ਪੋਤੀਆਂ ਨੂੰ ਖੇਡਾਵਾਂਗੇ। ਪਰ ਇਨ੍ਹਾਂ ਗੱਲਾਂ ਬਾਰੇ ਜ਼ਿਆਦਾ ਸੋਚਣ ਦੀ ਬਜਾਇ ਅਸੀਂ ਖ਼ੁਸ਼ ਹੋਏ ਕਿ ਸਾਡੇ ਮੁੰਡਿਆਂ ਨੇ ਬੈਥਲ ਜਾ ਕੇ ਯਹੋਵਾਹ ਦੀ ਸੇਵਾ ਕਰਨੀ ਸੀ। * ਅਸੀਂ ਕਹਾਉਤਾਂ 23:15 ਨਾਲ ਸਹਿਮਤ ਹੋਏ ਜਿੱਥੇ ਲਿਖਿਆ ਹੈ: “ਮੇਰੇ ਪੁੱਤ੍ਰ, ਜੇ ਤੇਰਾ ਮਨ ਬੁੱਧਵਾਨ ਹੋਵੇ, ਤਾਂ ਮੇਰਾ ਮਨ ਅਨੰਦ ਹੋਵੇਗਾ, ਹਾਂ, ਮੇਰਾ ਵੀ!”

ਅਸੀਂ ਸਪੈਸ਼ਲ ਪਾਇਨੀਅਰੀ ਕਰਨੀ ਸ਼ੁਰੂ ਕੀਤੀ

ਮੁੰਡਿਆਂ ਦੇ ਬੈਥਲ ਜਾਣ ਤੋਂ ਬਾਅਦ ਅਸੀਂ ਪਾਇਨੀਅਰੀ ਕਰਦੇ ਰਹੇ। ਫਿਰ 1975 ਵਿਚ ਇਕ ਦਿਨ ਅਸੀਂ ਬੜੇ ਹੈਰਾਨ ਹੋਏ ਜਦ ਸਾਨੂੰ ਬੈਥਲ ਤੋਂ ਇਕ ਚਿੱਠੀ ਆਈ। ਸਾਨੂੰ ਇਲੀਨਾਇ ਦੇ ਇਕ ਅਜਿਹੇ ਇਲਾਕੇ ਜਾ ਕੇ ਪ੍ਰਚਾਰ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਸੀ ਜਿੱਥੇ ਅੱਗੇ ਕਿਸੇ ਨੇ ਪ੍ਰਚਾਰ ਨਹੀਂ ਕੀਤਾ ਸੀ। ਇਸ ਦਾ ਮਤਲਬ ਸੀ ਕਿ ਸਾਨੂੰ ਨਿਊ ਜਰਜ਼ੀ ਤੋਂ ਦੂਰ ਜਾਣਾ ਪੈਣਾ ਸੀ ਜਿੱਥੇ ਸਾਡੇ ਕਈ ਰਿਸ਼ਤੇਦਾਰ ਤੇ ਦੋਸਤ ਰਹਿੰਦੇ ਸਨ ਅਤੇ ਜਿੱਥੋਂ ਅਸੀਂ ਆਪਣੇ ਮੁੰਡਿਆਂ ਨੂੰ ਸੌਖਿਆਂ ਹੀ ਮਿਲਣ ਜਾ ਸਕਦੇ ਸਾਂ। ਫਿਰ ਵੀ, ਅਸੀਂ ਯਹੋਵਾਹ ਵੱਲੋਂ ਉਸ ਸੱਦੇ ਨੂੰ ਕਬੂਲ ਕੀਤਾ ਅਤੇ ਇਹ ਕੁਰਬਾਨੀ ਕਰਨ ਨਾਲ ਸਾਨੂੰ ਹੋਰ ਵੀ ਬਰਕਤਾਂ ਮਿਲੀਆਂ।

ਕਾਰਲਾਇਲ, ਇਲੀਨਾਇ ਜਾ ਕੇ ਕੁਝ ਮਹੀਨੇ ਪ੍ਰਚਾਰ ਕਰਨ ਤੋਂ ਬਾਅਦ ਅਸੀਂ ਉਸ ਜਗ੍ਹਾ ਦੇ ਇਕ ਜਲਸਾ-ਘਰ ਵਿਚ ਮੀਟਿੰਗਾਂ ਸ਼ੁਰੂ ਕੀਤੀਆਂ। ਪਰ ਅਸੀਂ ਚਾਹੁੰਦੇ ਸੀ ਕਿ ਮੀਟਿੰਗਾਂ ਲਈ ਸਾਡੀ ਆਪਣੀ ਕੋਈ ਜਗ੍ਹਾ ਹੋਵੇ। ਇਕ ਭਰਾ ਤੇ ਉਸ ਦੀ ਪਤਨੀ ਤੋਂ ਅਸੀਂ ਇਕ ਛੋਟਾ ਜਿਹਾ ਘਰ ਕਿਰਾਏ ਤੇ ਲੈ ਲਿਆ ਜੋ ਉਨ੍ਹਾਂ ਦੀ ਜ਼ਮੀਨ ਤੇ ਬਣਿਆ ਹੋਇਆ ਸੀ। ਘਰ ਦੀ ਚੰਗੀ ਤਰ੍ਹਾਂ ਸਫ਼ਾਈ ਕਰਨ ਤੋਂ ਬਾਅਦ ਅਸੀਂ ਇੱਥੇ ਮੀਟਿੰਗਾਂ ਕਰਨ ਲੱਗ ਪਏ। ਉਸ ਜਗ੍ਹਾ ਤੋਂ ਸਾਨੂੰ ਅੱਜ ਵੀ ਇਕ ਘੋੜਾ ਯਾਦ ਹੈ ਜੋ ਮੀਟਿੰਗਾਂ ਦੌਰਾਨ ਅੰਦਰ ਝਾਕਦਾ ਹੁੰਦਾ ਸੀ ਮਾਨੋ ਇਹ ਪੁੱਛਣ ਲਈ ਕਿ ਇੱਥੇ ਕੀ ਹੋ ਰਿਹਾ ਹੈ!

ਸਮੇਂ ਦੇ ਬੀਤਣ ਨਾਲ ਕਾਰਲਾਇਲ ਵਿਚ ਇਕ ਕਲੀਸਿਯਾ ਸਥਾਪਿਤ ਹੋਈ ਅਤੇ ਇਸ ਦੇ ਸਥਾਪਿਤ ਹੋਣ ਵਿਚ ਹਿੱਸਾ ਪਾ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ। ਸਟੀਵ ਤੇ ਕੈਰਲ ਟੌਮਸਨ ਨੇ ਵੀ ਆ ਕੇ ਸਾਡੇ ਨਾਲ ਪਾਇਨੀਅਰੀ ਕੀਤੀ। ਇਸ ਤੋਂ ਬਾਅਦ ਉਹ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਗਏ ਅਤੇ ਉਨ੍ਹਾਂ ਨੂੰ ਪੂਰਬੀ ਅਫ਼ਰੀਕਾ ਵਿਚ ਮਿਸ਼ਨਰੀ ਸੇਵਾ ਕਰਨ ਲਈ ਭੇਜਿਆ ਗਿਆ। ਉੱਥੇ ਹੁਣ ਸਟੀਵ ਆਪਣੀ ਪਤਨੀ ਦੇ ਨਾਲ ਸਫ਼ਰੀ ਨਿਗਾਹਬਾਨ ਦਾ ਕੰਮ ਕਰਦਾ ਹੈ।

ਥੋੜ੍ਹੇ ਚਿਰ ਮਗਰੋਂ ਉਸ ਛੋਟੇ ਜਿਹੇ ਘਰ ਵਿਚ ਕਾਫ਼ੀ ਜਣੇ ਆਉਣ ਲੱਗ ਪਏ ਅਤੇ ਸਾਨੂੰ ਇਕ ਵੱਡੀ ਜਗ੍ਹਾ ਦੀ ਲੋੜ ਪਈ। ਜਿਸ ਭਰਾ ਤੋਂ ਅਸੀਂ ਪਹਿਲਾਂ ਕਿਰਾਏ ਤੇ ਘਰ ਲਿਆ ਸੀ, ਉਸ ਨੇ ਇਕ ਵਾਰ ਫਿਰ ਸਾਡੀ ਮਦਦ ਕੀਤੀ। ਉਸ ਨੇ ਜ਼ਮੀਨ ਖ਼ਰੀਦੀ ਜਿੱਥੇ ਇਕ ਕਿੰਗਡਮ ਹਾਲ ਬਣਾਇਆ ਜਾ ਸਕਦਾ ਸੀ। ਕੁਝ ਸਾਲ ਬਾਅਦ ਅਸੀਂ ਕਿੰਨੇ ਖ਼ੁਸ਼ ਹੋਏ ਜਦ ਉੱਥੇ ਸਾਨੂੰ ਕਿੰਗਡਮ ਹਾਲ ਦੇ ਸਮਰਪਣ ਤੇ ਬੁਲਾਇਆ ਗਿਆ। ਉਸ ਮੌਕੇ ਤੇ ਮੈਨੂੰ ਭਾਸ਼ਣ ਦੇਣ ਦਾ ਸਨਮਾਨ ਦਿੱਤਾ ਗਿਆ ਸੀ। ਉਸ ਇਲਾਕੇ ਵਿਚ ਯਹੋਵਾਹ ਦੀ ਸੇਵਾ ਵਿਚ ਅਸੀਂ ਜੋ ਵੀ ਕਰ ਕੇ ਗਏ ਸੀ, ਉਸ ਤੋਂ ਸਾਨੂੰ ਬਹੁਤ ਆਨੰਦ ਮਿਲਿਆ ਅਤੇ ਇਸ ਲਈ ਅਸੀਂ ਯਹੋਵਾਹ ਦਾ ਸ਼ੁਕਰ ਕਰਦੇ ਹਾਂ।

ਨਵੇਂ ਖੇਤਰ ਵਿਚ ਸੇਵਾ ਕਰਨ ਦੇ ਮੌਕੇ

ਕੁਝ ਸਾਲ ਬਾਅਦ 1979 ਵਿਚ ਸਾਨੂੰ ਹੈਰੀਸਨ, ਨਿਊ ਜਰਜ਼ੀ ਸੇਵਾ ਕਰਨ ਲਈ ਭੇਜਿਆ ਗਿਆ। ਅਸੀਂ ਉੱਥੇ ਤਕਰੀਬਨ 12 ਸਾਲ ਸੇਵਾ ਕੀਤੀ। ਉਸ ਸਮੇਂ ਦੌਰਾਨ ਅਸੀਂ ਇਕ ਚੀਨੀ ਔਰਤ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਜਿਸ ਰਾਹੀਂ ਸਾਨੂੰ ਕਈ ਹੋਰ ਚੀਨੀ ਲੋਕਾਂ ਨਾਲ ਬਾਈਬਲ ਸਟੱਡੀ ਕਰਨ ਦੇ ਮੌਕੇ ਮਿਲੇ। ਸਾਨੂੰ ਇਹ ਵੀ ਪਤਾ ਲੱਗਾ ਕਿ ਸਾਡੇ ਇਲਾਕੇ ਵਿਚ ਕਈ ਹਜ਼ਾਰ ਚੀਨੀ ਵਿਦਿਆਰਥੀ ਅਤੇ ਪਰਿਵਾਰ ਰਹਿ ਰਹੇ ਸਨ। ਇਸ ਲਈ ਸਾਨੂੰ ਚੀਨੀ ਭਾਸ਼ਾ ਸਿੱਖਣ ਦੀ ਸਲਾਹ ਦਿੱਤੀ ਗਈ। ਭਾਵੇਂ ਸਾਨੂੰ ਇਹ ਭਾਸ਼ਾ ਸਿੱਖਣ ਵਿਚ ਹਰ ਰੋਜ਼ ਕਾਫ਼ੀ ਸਮਾਂ ਲਾਉਣਾ ਪੈਂਦਾ ਸੀ, ਪਰ ਇਸ ਨਾਲ ਸਾਨੂੰ ਹੋਰ ਵੀ ਕਈ ਚੀਨੀ ਲੋਕਾਂ ਨਾਲ ਸਟੱਡੀ ਕਰਨ ਦਾ ਮੌਕਾ ਮਿਲਿਆ ਜਿਸ ਤੋਂ ਸਾਨੂੰ ਬਹੁਤ ਖ਼ੁਸ਼ੀ ਹੋਈ।

ਉਨ੍ਹਾਂ ਸਾਲਾਂ ਦੌਰਾਨ ਖ਼ਾਸ ਕਰਕੇ ਚੀਨੀ ਭਾਸ਼ਾ ਸਿੱਖਦੇ ਸਮੇਂ ਸਾਡੇ ਨਾਲ ਹਾਸੇ ਵਾਲੀਆਂ ਕਈ ਗੱਲਾਂ ਹੋਈਆਂ। ਇਕ ਵਾਰ ਇਕ ਔਰਤ ਨਾਲ ਗੱਲ ਸ਼ੁਰੂ ਕਰਨ ਵੇਲੇ ਐਨ ਨੇ ਕਹਿਣਾ ਚਾਹਿਆ ਕਿ ਮੈਂ ਬਾਈਬਲ ਦੀ ਇਕ “ਅਧਿਆਪਕ” ਹਾਂ, ਪਰ ਉਹ ਕਹਿ ਬੈਠੀ ਕਿ ਮੈਂ ਬਾਈਬਲ ਦੀ ਇਕ “ਚੂਹੀ” ਹਾਂ। ਚੀਨੀ ਭਾਸ਼ਾ ਵਿਚ ਇਹ ਦੋ ਸ਼ਬਦ ਮਿਲਦੇ-ਜੁਲਦੇ ਹੀ ਹਨ। ਘਰ ਦੀ ਮਾਲਕਣ ਨੇ ਮੁਸਕਰਾ ਕੇ ਕਿਹਾ: “ਅੰਦਰ ਆਓ ਜੀ, ਮੈਂ ਬਾਈਬਲ ਦੀ ਚੂਹੀ ਨਾਲ ਤਾਂ ਕਦੀ ਨਹੀਂ ਗੱਲ ਕੀਤੀ।” ਸਾਨੂੰ ਹਾਲੇ ਵੀ ਇਹ ਭਾਸ਼ਾ ਬੋਲਣੀ ਕਾਫ਼ੀ ਮੁਸ਼ਕਲ ਲੱਗਦੀ ਹੈ।

ਇਸ ਤੋਂ ਬਾਅਦ ਸਾਨੂੰ ਨਿਊ ਜਰਜ਼ੀ ਦੇ ਹੋਰ ਕਿਸੇ ਇਲਾਕੇ ਵਿਚ ਪ੍ਰਚਾਰ ਕਰਨ ਲਈ ਭੇਜਿਆ ਗਿਆ ਜਿੱਥੇ ਬਹੁਤ ਸਾਰੇ ਚੀਨੀ ਲੋਕ ਰਹਿੰਦੇ ਸਨ। ਬੋਸਟਨ, ਮੈਸੇਚਿਉਸੇਟਸ ਵਿਚ ਤਿੰਨ ਸਾਲਾਂ ਤੋਂ ਇਕ ਛੋਟਾ ਜਿਹਾ ਚੀਨੀ ਗਰੁੱਪ ਚੱਲ ਰਿਹਾ ਸੀ ਅਤੇ ਸਾਨੂੰ ਉਸ ਦੀ ਮਦਦ ਕਰਨ ਲਈ ਘੱਲਿਆ ਗਿਆ। ਹੁਣ ਸਾਨੂੰ ਇਸ ਗਰੁੱਪ ਨਾਲ ਸੇਵਾ ਕਰਦੇ ਹੋਏ ਸੱਤ ਸਾਲ ਹੋ ਗਏ ਹਨ ਅਤੇ 1 ਜਨਵਰੀ 2003 ਵਿਚ ਜਦ ਇਹ ਗਰੁੱਪ ਇਕ ਕਲੀਸਿਯਾ ਬਣਿਆ, ਤਾਂ ਸਾਨੂੰ ਬਹੁਤ ਖ਼ੁਸ਼ੀ ਮਿਲੀ।

ਜ਼ਿੰਦਗੀ ਭਰ ਕੁਰਬਾਨੀਆਂ ਕਰਨ ਨਾਲ ਬਰਕਤਾਂ

ਮਲਾਕੀ 3:10 ਵਿਚ ਯਹੋਵਾਹ ਆਪਣੇ ਲੋਕਾਂ ਨੂੰ ਉਸ ਲਈ ਭੇਟ ਚੜ੍ਹਾਉਣ ਤੇ ਕੁਰਬਾਨੀਆਂ ਕਰਨ ਲਈ ਕਹਿੰਦਾ ਹੈ ਤਾਂਕਿ ਉਹ ਉਨ੍ਹਾਂ ਨੂੰ ਇੰਨੀਆਂ ਬਰਕਤਾਂ ਦੇ ਸਕੇ ਕਿ ਉਨ੍ਹਾਂ ਦੇ ਲਈ ਥਾਂ ਨਾ ਹੋਵੇਗਾ। ਮੈਂ ਆਪਣੀ ਦੁਕਾਨ ਵੇਚ ਦਿੱਤੀ ਸੀ ਜਿਸ ਵਿਚ ਮੈਨੂੰ ਕਾਫ਼ੀ ਦਿਲਚਸਪੀ ਸੀ। ਅਸੀਂ ਆਪਣਾ ਘਰ ਵੇਚਿਆ ਜਿਸ ਵਿਚ ਸਾਡੇ ਬੱਚੇ ਜੰਮੇ-ਪਲੇ ਸਨ ਅਤੇ ਅਸੀਂ ਹੋਰ ਵੀ ਕਈ ਕੁਝ ਕੁਰਬਾਨ ਕੀਤਾ। ਪਰ ਬਰਕਤਾਂ ਦੀ ਤੁਲਨਾ ਵਿਚ ਇਹ ਕੁਰਬਾਨੀਆਂ ਤਾਂ ਕੁਝ ਵੀ ਨਹੀਂ ਸਨ।

ਸੱਚ-ਮੁੱਚ ਹੀ ਯਹੋਵਾਹ ਨੇ ਸਾਡੇ ਤੇ ਬਰਕਤਾਂ ਹੀ ਬਰਕਤਾਂ ਵਹਾਈਆਂ ਹਨ! ਸਾਨੂੰ ਇਸ ਗੱਲ ਦੀ ਕਿੰਨੀ ਖ਼ੁਸ਼ੀ ਹੈ ਕਿ ਸਾਡੇ ਮੁੰਡੇ ਵੱਡੇ ਹੋ ਕੇ ਪਰਮੇਸ਼ੁਰ ਦੇ ਰਾਹਾਂ ਤੇ ਚੱਲ ਰਹੇ ਹਨ। ਸਾਨੂੰ ਆਪਣਾ ਪੂਰਾ ਸਮਾਂ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਕੰਮ ਵਿਚ ਲਾਉਣ ਨਾਲ ਖ਼ੁਸ਼ੀ ਮਿਲੀ ਹੈ। ਇਨ੍ਹਾਂ ਗੱਲਾਂ ਦੇ ਨਾਲ-ਨਾਲ ਅਸੀਂ ਯਹੋਵਾਹ ਨੂੰ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਦੇਖਿਆ ਹੈ। ਸੱਚ-ਮੁੱਚ ਹੀ ਛੋਟੀਆਂ-ਛੋਟੀਆਂ ਕੁਰਬਾਨੀਆਂ ਕਰਨ ਨਾਲ ਸਾਨੂੰ ਵੱਡੀਆਂ-ਵੱਡੀਆਂ ਬਰਕਤਾਂ ਮਿਲੀਆਂ ਹਨ!

[ਫੁਟਨੋਟ]

^ ਪੈਰਾ 20 ਉਹ ਅਜੇ ਵੀ ਬੈਥਲ ਵਿਚ ਸੇਵਾ ਕਰ ਰਹੇ ਹਨ। ਐਡਵਰਡ ਆਪਣੀ ਪਤਨੀ ਕੌਨੀ ਨਾਲ ਪੈਟਰਸਨ ਕੰਮ ਕਰਦਾ ਹੈ ਅਤੇ ਜੋਰਜ ਆਪਣੀ ਪਤਨੀ ਗ੍ਰੇਸ ਨਾਲ ਬਰੁਕਲਿਨ।

[ਸਫ਼ੇ 25 ਉੱਤੇ ਤਸਵੀਰ]

1991 ਵਿਚ ਐਨ ਦੇ ਨਾਲ ਲੁਈਜ਼ ਤੇ ਜੋਰਜ ਬਲੈਂਟਨ

[ਸਫ਼ੇ 26 ਉੱਤੇ ਤਸਵੀਰ]

ਕਾਰਲਾਇਲ ਵਿਚ ਕਿੰਗਡਮ ਹਾਲ ਜੋ 4 ਜੂਨ 1983 ਦੇ ਦਿਨ ਸਮਰਪਿਤ ਕੀਤਾ ਗਿਆ ਸੀ

[ਸਫ਼ੇ 27 ਉੱਤੇ ਤਸਵੀਰ]

ਬੋਸਟਨ ਵਿਚ ਨਵੀਂ ਬਣੀ ਚੀਨੀ ਕਲੀਸਿਯਾ ਨਾਲ

[ਸਫ਼ੇ 28 ਉੱਤੇ ਤਸਵੀਰ]

ਐਡਵਰਡ, ਕੌਨੀ, ਜੋਰਜ ਅਤੇ ਗ੍ਰੇਸ ਨਾਲ