Skip to content

Skip to table of contents

ਦਰਿੰਦਾ ਅਤੇ ਉਸ ਦਾ ਨੰਬਰ ਕੀ ਹੈ?

ਦਰਿੰਦਾ ਅਤੇ ਉਸ ਦਾ ਨੰਬਰ ਕੀ ਹੈ?

ਦਰਿੰਦਾ ਅਤੇ ਉਸ ਦਾ ਨੰਬਰ ਕੀ ਹੈ?

ਕੀ ਤੁਸੀਂ ਬੁਝਾਰਤ ਬੁੱਝਣੀ ਪਸੰਦ ਕਰਦੇ ਹੋ? ਬੁਝਾਰਤ ਨੂੰ ਬੁੱਝਣ ਲਈ ਤੁਸੀਂ ਬੁਝਾਰਤ ਪਾਉਣ ਵਾਲੇ ਦੀ ਗੱਲ ਧਿਆਨ ਨਾਲ ਸੁਣਦੇ ਹੋ। ਕਿਹਾ ਜਾ ਸਕਦਾ ਹੈ ਕਿ ਪਰਕਾਸ਼ ਦੀ ਪੋਥੀ ਦੇ 13ਵੇਂ ਅਧਿਆਇ ਵਿਚ ਦਰਿੰਦੇ ਦੇ ਨੰਬਰ 666, ਉਸ ਦੇ ਨਾਂ ਜਾਂ ਦਾਗ਼ ਬਾਰੇ ਇਕ ਬੁਝਾਰਤ ਪਾਈ ਗਈ ਹੈ। ਉਸ ਦਾ ਅਰਥ ਸਮਝਣ ਵਿਚ ਸਾਡੀ ਮਦਦ ਕਰਨ ਵਾਸਤੇ ਪਰਮੇਸ਼ੁਰ ਨੇ ਆਪਣੇ ਬਚਨ ਵਿਚ ਖ਼ਾਸ ਗੱਲਾਂ ਦੱਸੀਆਂ ਹਨ।

ਇਸ ਲੇਖ ਵਿਚ ਅਸੀਂ ਚਾਰ ਖ਼ਾਸ ਗੱਲਾਂ ਵੱਲ ਧਿਆਨ ਦੇਵਾਂਗੇ ਤਾਂ ਜੋ ਅਸੀਂ ਸਮਝ ਸਕੀਏ ਕਿ ਦਰਿੰਦੇ ਦਾ ਦਾਗ਼ ਕੀ ਹੈ। ਅਸੀਂ ਹੁਣ ਦੇਖਾਂਗੇ ਕਿ (1) ਬਾਈਬਲ ਵਿਚ ਕਦੀ-ਕਦੀ ਨਾਂ ਕਿਵੇਂ ਚੁਣੇ ਜਾਂਦੇ ਸਨ, (2) ਇਹ ਦਰਿੰਦਾ ਕੌਣ ਹੈ, (3) ਇਹ ਕਿਉਂ ਕਿਹਾ ਗਿਆ ਹੈ ਕਿ ਨੰਬਰ 666 “ਮਨੁੱਖ ਦਾ ਅੰਗ” ਹੈ ਅਤੇ (4) ਨੰਬਰ 6 ਕਿਉਂ ਵਰਤਿਆ ਗਿਆ ਹੈ ਅਤੇ ਇਹ ਤਿੰਨ ਵਾਰ ਕਿਉਂ ਲਿਖਿਆ ਗਿਆ ਹੈ ਯਾਨੀ 600, ਨਾਲੇ 60, ਨਾਲੇ 6 ਜਿਨ੍ਹਾਂ ਨੂੰ ਜੋੜ ਕੇ 666 ਬਣਦਾ ਹੈ।—ਪਰਕਾਸ਼ ਦੀ ਪੋਥੀ 13:18.

ਬਾਈਬਲ ਵਿਚ ਨਾਵਾਂ ਦੀ ਅਹਿਮੀਅਤ

ਬਾਈਬਲ ਵਿਚ ਕਈਆਂ ਨਾਵਾਂ ਦੀ ਵੱਡੀ ਅਹਿਮੀਅਤ ਹੈ, ਖ਼ਾਸਕਰ ਜਦ ਪਰਮੇਸ਼ੁਰ ਨੇ ਕਿਸੇ ਦਾ ਨਾਂ ਰੱਖਿਆ। ਮਿਸਾਲ ਲਈ, ਪਰਮੇਸ਼ੁਰ ਨੇ ਅਬਰਾਮ ਦਾ ਨਾਂ ਅਬਰਾਹਾਮ ਰੱਖਿਆ ਕਿਉਂਕਿ ਉਸ ਨੇ ਕਈਆਂ ਕੌਮਾਂ ਦਾ ਪਿਤਾ ਬਣਨਾ ਸੀ ਅਤੇ ਅਬਰਾਹਾਮ ਦਾ ਮਤਲਬ ਹੈ “ਦਲਾਂ ਦਾ ਪਿਤਾ।” (ਉਤਪਤ 17:5, ਫੁਟਨੋਟ) ਪਰਮੇਸ਼ੁਰ ਨੇ ਯੂਸੁਫ਼ ਅਤੇ ਮਰਿਯਮ ਨੂੰ ਕਿਹਾ ਸੀ ਕਿ ਉਹ ਆਪਣੇ ਹੋਣ ਵਾਲੇ ਬੱਚੇ ਦਾ ਨਾਂ ਯਿਸੂ ਰੱਖਣ ਜਿਸ ਦਾ ਅਰਥ ਹੈ “ਯਹੋਵਾਹ ਮੁਕਤੀ ਹੈ।” (ਮੱਤੀ 1:21; ਲੂਕਾ 1:31) ਇਸ ਨਾਂ ਦੇ ਅਰਥ ਤੋਂ ਪਤਾ ਚੱਲਦਾ ਹੈ ਕਿ ਯਹੋਵਾਹ ਨੇ ਯਿਸੂ ਦੀ ਸੇਵਕਾਈ ਅਤੇ ਬਲੀਦਾਨ ਰਾਹੀਂ ਸਾਡੀ ਮੁਕਤੀ ਦਾ ਪ੍ਰਬੰਧ ਕੀਤਾ।—ਯੂਹੰਨਾ 3:16.

ਪਰਮੇਸ਼ੁਰ ਨੇ ਹੀ ਦਰਿੰਦੇ ਦਾ ਨਾਂ 666 ਰੱਖਿਆ ਹੈ ਅਤੇ ਇਸ ਨਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਦਰਿੰਦਾ ਕਿਹੋ ਜਿਹਾ ਹੈ ਤੇ ਉਸ ਵਿਚ ਕਿਹੜੇ ਔਗੁਣ ਹਨ। ਇਨ੍ਹਾਂ ਔਗੁਣਾਂ ਨੂੰ ਸਮਝਣ ਲਈ ਸਾਨੂੰ ਪਹਿਲਾਂ ਪਤਾ ਕਰਨਾ ਪਵੇਗਾ ਕਿ ਇਹ ਦਰਿੰਦਾ ਕੌਣ ਹੈ ਅਤੇ ਕੀ ਕਰਦਾ ਹੈ।

ਦਰਿੰਦੇ ਦਾ ਭੇਤ ਖੋਲ੍ਹਣਾ

ਦਾਨੀਏਲ ਦੀ ਪੁਸਤਕ ਇਸ ਗੱਲ ਉੱਤੇ ਚਾਨਣ ਪਾਉਂਦੀ ਹੈ ਕਿ ਬਾਈਬਲ ਵਿਚ ਦਰਿੰਦੇ ਕੀ ਦਰਸਾਉਂਦੇ ਹਨ। ਦਾਨੀਏਲ ਦੇ 7ਵੇਂ ਅਧਿਆਇ ਵਿਚ ਸਾਨੂੰ ‘ਚਾਰ ਵੱਡੇ ਵੱਡੇ ਦਰਿੰਦਿਆਂ’ ਬਾਰੇ ਦੱਸਿਆ ਗਿਆ ਹੈ—ਪਹਿਲਾ ਬਬਰਸ਼ੇਰ ਵਰਗਾ, ਦੂਜਾ ਰਿੱਛ ਵਰਗਾ, ਤੀਜਾ ਚੀਤੇ ਵਰਗਾ, ਅਤੇ ਚੌਥਾ ਲੋਹੇ ਦੇ ਵੱਡੇ-ਵੱਡੇ ਦੰਦਾਂ ਵਾਲਾ ਡਰਾਉਣਾ ਦਰਿੰਦਾ। (ਦਾਨੀਏਲ 7:2-7) ਦਾਨੀਏਲ ਸਾਨੂੰ ਦੱਸਦਾ ਹੈ ਕਿ ਇਹ ਦਰਿੰਦੇ “ਰਾਜੇ” ਜਾਂ ਹਕੂਮਤਾਂ ਹਨ ਜਿਨ੍ਹਾਂ ਨੇ ਵਾਰੀ-ਵਾਰੀ ਵੱਡੇ-ਵੱਡੇ ਸਾਮਰਾਜਾਂ ਉੱਤੇ ਰਾਜ ਕਰਨਾ ਸੀ।—ਦਾਨੀਏਲ 7:17, 23.

ਪਰਕਾਸ਼ ਦੀ ਪੋਥੀ 13:1, 2 ਵਿਚ ਜ਼ਿਕਰ ਕੀਤੇ ਗਏ ਦਰਿੰਦੇ ਬਾਰੇ ਬਾਈਬਲ ਦਾ ਇਕ ਸ਼ਬਦ-ਕੋਸ਼ ਕਹਿੰਦਾ ਹੈ: “ਉਸ ਵਿਚ ਉਹ ਸਾਰੇ ਔਗੁਣ ਹਨ ਜੋ ਦਾਨੀਏਲ ਨੇ ਦਰਸ਼ਨ ਵਿਚ ਚਾਰ ਦਰਿੰਦਿਆਂ ਵਿਚ ਦੇਖੇ ਸਨ। . . . ਇਸ ਲਈ, [ਪਰਕਾਸ਼ ਦੀ ਪੋਥੀ ਵਿਚ] ਪਹਿਲਾ ਦਰਿੰਦਾ ਸੰਸਾਰ ਦੀਆਂ ਸਾਰੀਆਂ ਹਕੂਮਤਾਂ ਨੂੰ ਦਰਸਾਉਂਦਾ ਹੈ ਜੋ ਪਰਮੇਸ਼ੁਰ ਦੇ ਵਿਰੁੱਧ ਹਨ।” ਇਹ ਗੱਲ ਬਾਈਬਲ ਦੇ ਮੁਤਾਬਕ ਵੀ ਬਿਲਕੁਲ ਸਹੀ ਹੈ ਕਿਉਂਕਿ ਪਰਕਾਸ਼ ਦੀ ਪੋਥੀ 13:7 ਵਿਚ ਦਰਿੰਦੇ ਬਾਰੇ ਲਿਖਿਆ ਹੈ: ‘ਹਰੇਕ ਗੋਤ, ਉੱਮਤ, ਭਾਖਿਆ ਅਤੇ ਕੌਮ ਉੱਤੇ ਉਹ ਨੂੰ ਇਖ਼ਤਿਆਰ ਦਿੱਤਾ ਗਿਆ।’

ਬਾਈਬਲ ਵਿਚ ਇਨਸਾਨਾਂ ਦੀਆਂ ਹਕੂਮਤਾਂ ਨੂੰ ਦਰਸਾਉਣ ਲਈ ਦਰਿੰਦੇ ਕਿਉਂ ਵਰਤੇ ਜਾਂਦੇ ਹਨ? ਇਸ ਦੇ ਦੋ ਕਾਰਨ ਹਨ। ਪਹਿਲਾ ਇਹ ਹੈ ਕਿ ਸਰਕਾਰਾਂ ਨੇ ਲੋਕਾਂ ਨਾਲ ਪਸ਼ੂਆਂ ਵਰਗਾ ਸਲੂਕ ਕੀਤਾ ਹੈ ਅਤੇ ਬਹੁਤ ਖ਼ੂਨ-ਖ਼ਰਾਬਾ ਕੀਤਾ ਹੈ। ਵਿਲ ਤੇ ਏਰੀਅਲ ਡੁਰੈਂਟ ਨਾਂ ਦੇ ਇਤਿਹਾਸਕਾਰਾਂ ਨੇ ਲਿਖਿਆ: “ਇਤਿਹਾਸ ਦੌਰਾਨ ਲੜਾਈਆਂ ਹਮੇਸ਼ਾ ਹੁੰਦੀਆਂ ਰਹੀਆਂ ਹਨ।” ਉਨ੍ਹਾਂ ਨੇ ਅੱਗੇ ਕਿਹਾ: ‘ਭਾਵੇਂ ਕਿ ਸੰਸਾਰ ਵਿਚ ਕਾਫ਼ੀ ਤਰੱਕੀ ਹੋਈ ਹੈ ਅਤੇ ਲੋਕਰਾਜੀ ਸਰਕਾਰਾਂ ਵੀ ਆਈਆਂ, ਫਿਰ ਵੀ ਲੜਾਈਆਂ ਹੁੰਦੀਆਂ ਰਹੀਆਂ।’ ਇਹ ਗੱਲ ਕਿੰਨੀ ਸੱਚ ਹੈ ਕਿ “ਕੁਝ ਮਨੁੱਖਾਂ ਕੋਲ ਤਾਂ ਸ਼ਕਤੀ ਹੈ, ਪਰ ਕੁਝ ਦੂਜੇ ਉਨ੍ਹਾਂ ਸ਼ਕਤੀਸ਼ਾਲੀਆਂ ਦਾ ਅਤਿਆਚਾਰ ਸਹਿ ਰਹੇ ਹਨ”! (ਉਪਦੇਸ਼ਕ 8:9, ਪਵਿੱਤਰ ਬਾਈਬਲ ਨਵਾਂ ਅਨੁਵਾਦ) ਦੂਜਾ ਕਾਰਨ ਇਹ ਹੈ ਕਿ “ਅਜਗਰ [ਯਾਨੀ ਸ਼ਤਾਨ] ਨੇ ਆਪਣੀ ਸਮਰੱਥਾ ਅਤੇ ਆਪਣੀ ਗੱਦੀ ਅਤੇ ਵੱਡਾ ਇਖ਼ਤਿਆਰ [ਦਰਿੰਦੇ] ਨੂੰ ਦੇ ਦਿੱਤਾ।” (ਪਰਕਾਸ਼ ਦੀ ਪੋਥੀ 12:9; 13:2) ਸੋ ਇਨਸਾਨੀ ਹਕੂਮਤਾਂ ਸ਼ਤਾਨ ਦੇ ਵੱਸ ਵਿਚ ਹਨ ਜਿਸ ਕਰਕੇ ਉਹ ਲੋਕਾਂ ਨਾਲ ਦਰਿੰਦਿਆਂ ਵਾਂਗ ਬੇਰਹਿਮੀ ਨਾਲ ਪੇਸ਼ ਆਉਂਦੀਆਂ ਹਨ।—ਯੂਹੰਨਾ 8:44; ਅਫ਼ਸੀਆਂ 6:12.

ਪਰ ਇਸ ਦਾ ਇਹ ਮਤਲਬ ਨਹੀਂ ਕਿ ਹਰ ਸ਼ਾਸਕ ਸ਼ਤਾਨ ਦੇ ਹੱਥਾਂ ਵਿਚ ਖੇਡਦਾ ਹੈ। ਇਕ ਤਰ੍ਹਾਂ ਨਾਲ ਇਨਸਾਨੀ ਸਰਕਾਰਾਂ ‘ਪਰਮੇਸ਼ੁਰ ਦੇ ਸੇਵਕ’ ਵਜੋਂ ਕੰਮ ਕਰਦੀਆਂ ਹਨ, ਮਤਲਬ ਕਿ ਉਹ ਦੁਨੀਆਂ ਵਿਚ ਸਥਿਰਤਾ ਕਾਇਮ ਰੱਖਦੀਆਂ ਹਨ। ਇਨ੍ਹਾਂ ਸਰਕਾਰਾਂ ਤੋਂ ਬਿਨਾਂ ਧਰਤੀ ਉੱਤੇ ਗੜਬੜ ਹੀ ਹੁੰਦੀ। ਕੁਝ ਸ਼ਾਸਕਾਂ ਨੇ ਲੋਕਾਂ ਨੂੰ ਕਈ ਅਧਿਕਾਰ ਦਿੱਤੇ ਹਨ। ਮਿਸਾਲ ਲਈ, ਭਾਵੇਂ ਕਿ ਸ਼ਤਾਨ ਨਹੀਂ ਚਾਹੁੰਦਾ, ਫਿਰ ਵੀ ਕੁਝ ਸ਼ਾਸਕ ਲੋਕਾਂ ਨੂੰ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਦੀ ਆਜ਼ਾਦੀ ਦਿੰਦੇ ਹਨ। (ਰੋਮੀਆਂ 13:3, 4; ਅਜ਼ਰਾ 7:11-27; ਰਸੂਲਾਂ ਦੇ ਕਰਤੱਬ 13:7) ਫਿਰ ਵੀ, ਸ਼ਤਾਨ ਦੇ ਬੁਰੇ ਪ੍ਰਭਾਵ ਕਰਕੇ ਕੋਈ ਵੀ ਇਨਸਾਨ ਜਾਂ ਇਨਸਾਨੀ ਸਰਕਾਰਾਂ ਧਰਤੀ ਉੱਤੇ ਪੱਕੇ ਤੌਰ ਤੇ ਅਮਨ-ਚੈਨ ਨਹੀਂ ਲਿਆ ਸਕੀਆਂ ਹਨ। *ਯੂਹੰਨਾ 12:31.

‘ਮਨੁੱਖ ਦਾ ਨੰਬਰ’

ਤੀਜੀ ਗੱਲ ਇਹ ਹੈ ਕਿ 666 ਨੰਬਰ ਦਾ ਅਰਥ ਪਤਾ ਕਰਨ ਲਈ ਸਾਨੂੰ ਇਹ ਵੀ ਜਾਣਨ ਦੀ ਲੋੜ ਹੈ ਕਿ ਇਸ ਨੂੰ “ਮਨੁੱਖ ਦਾ ਅੰਗ” ਜਾਂ ਨਵਾਂ ਅਨੁਵਾਦ ਅਨੁਸਾਰ ‘ਮਨੁੱਖ ਦਾ ਨੰਬਰ’ ਕਿਉਂ ਕਿਹਾ ਗਿਆ ਹੈ। ਅਸਲ ਵਿਚ, ਇੱਥੇ ਕਿਸੇ ਮਨੁੱਖ ਬਾਰੇ ਗੱਲ ਨਹੀਂ ਕੀਤੀ ਜਾ ਰਹੀ, ਕਿਉਂਕਿ ਸ਼ਤਾਨ, ਨਾ ਕਿ ਕੋਈ ਇਨਸਾਨ, ਦਰਿੰਦੇ ਉੱਤੇ ਅਧਿਕਾਰ ਰੱਖਦਾ ਹੈ। (ਲੂਕਾ 4:5, 6; 1 ਯੂਹੰਨਾ 5:19; ਪਰਕਾਸ਼ ਦੀ ਪੋਥੀ 13:2, 18) ਫਿਰ ਵੀ, ਦਰਿੰਦੇ ਦਾ ਸੰਬੰਧ ਸ਼ਤਾਨ ਦੇ ਬੁਰੇ ਦੂਤਾਂ ਨਾਲ ਨਹੀਂ, ਸਗੋਂ ਧਰਤੀ ਉੱਤੇ ਮਨੁੱਖਾਂ ਨਾਲ ਹੈ ਕਿਉਂਕਿ ਇਸ ਵਿਚ ਇਨਸਾਨਾਂ ਵਰਗੇ ਔਗੁਣ ਹਨ। ਕਿਹੜੇ ਔਗੁਣ? ਬਾਈਬਲ ਜਵਾਬ ਦਿੰਦੀ ਹੈ: “ਸਭਨਾਂ [ਮਨੁੱਖਾਂ] ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23) ਇਸ ਕਰਕੇ ਦਰਿੰਦੇ ਉੱਤੇ ‘ਮਨੁੱਖ ਦਾ ਨੰਬਰ’ ਹੋਣ ਦਾ ਮਤਲਬ ਹੈ ਕਿ ਇਨਸਾਨੀ ਹਕੂਮਤਾਂ ਵੀ ਗੁਨਾਹਗਾਰ ਹਨ ਤੇ ਉਨ੍ਹਾਂ ਉੱਤੇ ਵੀ ਪਾਪ ਦਾ ਦਾਗ਼ ਲੱਗਾ ਹੋਇਆ ਹੈ।

ਇਤਿਹਾਸ ਇਸ ਗੱਲ ਦਾ ਗਵਾਹ ਹੈ। ਅਮਰੀਕਾ ਦੇ ਸਾਬਕਾ ਸਟੇਟ ਸੈਕਟਰੀ ਹੈਨਰੀ ਕਿਸੰਜਰ ਨੇ ਕਿਹਾ: ‘ਮਨੁੱਖਾਂ ਨੇ ਜੋ ਵੀ ਸਮਾਜ ਕਾਇਮ ਕੀਤੇ, ਅਖ਼ੀਰ ਵਿਚ ਉਹ ਖ਼ਤਮ ਹੋ ਗਏ। ਇਤਿਹਾਸ ਨਾਕਾਮਯਾਬੀਆਂ ਦੀ ਕਹਾਣੀ ਹੈ ਤੇ ਅਧੂਰੇ ਸੁਪਨਿਆਂ ਦੀ ਦਾਸਤਾਨ। ਇਸ ਲਈ, ਇਤਿਹਾਸਕਾਰ ਇਹੀ ਮੰਨਦੇ ਹਨ ਕਿ ਅੰਤ ਵਿਚ ਦੁੱਖਾਂ ਤੋਂ ਇਲਾਵਾ ਸਾਡੇ ਹੱਥ ਕੁਝ ਨਹੀਂ ਲੱਗਦਾ।’ ਉਸ ਦੀ ਗੱਲ ਬਿਲਕੁਲ ਸਹੀ ਹੈ ਤੇ ਬਾਈਬਲ ਵਿਚ ਵੀ ਅਜਿਹਾ ਕੁਝ ਲਿਖਿਆ ਹੈ: “ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰਮਿਯਾਹ 10:23.

ਹੁਣ ਸਾਨੂੰ ਪਤਾ ਲੱਗ ਗਿਆ ਹੈ ਕਿ ਦਰਿੰਦਾ ਕੌਣ ਹੈ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਕਿਹੋ ਜਿਹਾ ਹੈ। ਸੋ ਅੱਗੇ ਅਸੀਂ ਆਪਣੀ ਬੁਝਾਰਤ ਦੇ ਆਖ਼ਰੀ ਹਿੱਸੇ ਉੱਤੇ ਗੌਰ ਕਰਾਂਗੇ ਕਿ ਨੰਬਰ 6 ਦਾ ਅਰਥ ਕੀ ਹੈ ਅਤੇ ਇਸ ਨੂੰ ਤਿੰਨ ਵਾਰ ਕਿਉਂ ਲਿਖਿਆ ਗਿਆ ਹੈ।

ਨੰਬਰ 666 ਦਾ ਅਰਥ

ਬਾਈਬਲ ਵਿਚ ਕਈਆਂ ਨੰਬਰਾਂ ਦਾ ਖ਼ਾਸ ਅਰਥ ਹੈ। ਮਿਸਾਲ ਲਈ, ਸੱਤ ਨੰਬਰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਦਰਸਾਉਂਦਾ ਹੈ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸੰਪੂਰਣ ਜਾਂ ਪੂਰੀਆਂ ਹਨ। ਕੁਝ ਉਦਾਹਰਣਾਂ ਉੱਤੇ ਗੌਰ ਕਰੋ। ਪਰਮੇਸ਼ੁਰ ਨੇ ਸੱਤਾਂ ‘ਦਿਨਾਂ’ ਜਾਂ ਯੁਗਾਂ ਵਿਚ ਧਰਤੀ ਉੱਤੇ ਸਾਰੀਆਂ ਚੀਜ਼ਾਂ ਰਚੀਆਂ ਤੇ ਆਪਣਾ ਸਾਰਾ ਕੰਮ ਪੂਰਾ ਕੀਤਾ। (ਉਤਪਤ 1:3-2:3) ਪਰਮੇਸ਼ੁਰ ਦੇ “ਬਚਨ” ਚਾਂਦੀ ਵਰਗੇ ਹਨ ਜਿਹੜੀ ਭੱਠੀ ਵਿਚ “ਸੱਤ ਵਾਰੀ ਨਿਰਮਲ ਕੀਤੀ ਹੋਈ ਹੈ” ਯਾਨੀ ਪੂਰੀ ਤਰ੍ਹਾਂ ਤਾਈ ਗਈ ਹੈ। (ਜ਼ਬੂਰਾਂ ਦੀ ਪੋਥੀ 12:6; ਕਹਾਉਤਾਂ 30:5, 6) ਨਅਮਾਨ ਨਾਂ ਦੇ ਕੋੜ੍ਹੀ ਨੂੰ ਯਰਦਨ ਨਦੀ ਵਿਚ ਸੱਤ ਵਾਰ ਚੁੱਭੀ ਮਾਰਨ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਸੀ।—2 ਰਾਜਿਆਂ 5:10, 14.

ਛੇ ਸੱਤ ਤੋਂ ਇਕ ਘੱਟ ਹੈ। ਤਾਂ ਫਿਰ, ਨੰਬਰ ਛੇ ਉਸ ਗੱਲ ਨੂੰ ਦਰਸਾਉਂਦਾ ਹੈ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਖ਼ਰਾਬ ਜਾਂ ਅਪੂਰਣ ਹੈ। (1 ਇਤਹਾਸ 20:6, 7) ਇਸ ਤੋਂ ਇਲਾਵਾ, ਤਿੰਨ ਵਾਰੀ ਛੇ ਲਿਖਣਾ ਯਾਨੀ 666 ਉਸ ਅਪੂਰਣਤਾ ਉੱਤੇ ਜ਼ੋਰ ਦਿੰਦਾ ਹੈ। ਅਸੀਂ ਜਾਣਦੇ ਹਾਂ ਕਿ ਇਹ ਗੱਲ ਸਹੀ ਹੈ ਕਿਉਂਕਿ 666 ‘ਮਨੁੱਖ ਦਾ ਨੰਬਰ’ ਹੈ ਜਿਸ ਦਾ ਮਤਲਬ ਅਸੀਂ ਪਹਿਲਾਂ ਦੇਖ ਚੁੱਕੇ ਹਾਂ। ਦਰਿੰਦੇ ਦੇ ਕੰਮਾਂ, ਉਸ ਦੇ ‘ਮਨੁੱਖ ਦੇ ਨੰਬਰ’ ਅਤੇ 666 ਨੰਬਰ ਤੋਂ ਅਸੀਂ ਇੱਕੋ ਸਿੱਟਾ ਕੱਢ ਸਕਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਦਰਿੰਦਾ ਅਪੂਰਣ ਤੇ ਪੂਰੀ ਤਰ੍ਹਾਂ ਨਾਕਾਮਯਾਬ ਹੈ।

ਇਸ ਦਰਿੰਦੇ ਦੀਆਂ ਕਮੀਆਂ ਤੋਂ ਸਾਨੂੰ ਉਹ ਗੱਲ ਚੇਤੇ ਆਉਂਦੀ ਹੈ ਜੋ ਪ੍ਰਾਚੀਨ ਬਾਬਲ ਦੇ ਰਾਜੇ ਬੇਲਸ਼ੱਸਰ ਬਾਰੇ ਕਹੀ ਗਈ ਸੀ। ਦਾਨੀਏਲ ਰਾਹੀਂ ਯਹੋਵਾਹ ਨੇ ਉਸ ਰਾਜੇ ਨੂੰ ਕਿਹਾ: “ਤੂੰ ਤਕੜੀ ਵਿੱਚ ਤੋਲਿਆ ਗਿਆ ਅਤੇ ਘੱਟ ਨਿੱਕਲਿਆ।” ਉਸੇ ਰਾਤ ਬੇਲਸ਼ੱਸਰ ਜਾਨੋਂ ਮਾਰਿਆ ਗਿਆ ਅਤੇ ਬਾਬਲ ਦਾ ਸ਼ਕਤੀਸ਼ਾਲੀ ਸਾਮਰਾਜ ਤਬਾਹ ਹੋ ਗਿਆ। (ਦਾਨੀਏਲ 5:27, 30) ਇਸੇ ਤਰ੍ਹਾਂ ਪਰਮੇਸ਼ੁਰ ਇਸ ਰਾਜਨੀਤਿਕ ਦਰਿੰਦੇ ਅਤੇ ਉਸ ਦਾ ਸਾਥ ਦੇਣ ਵਾਲਿਆਂ ਨੂੰ ਜ਼ਰੂਰ ਸਜ਼ਾ ਦੇਵੇਗਾ ਅਤੇ ਉਨ੍ਹਾਂ ਨੂੰ ਖ਼ਤਮ ਕਰੇਗਾ। ਪਰ ਇਸ ਵਾਰ ਪਰਮੇਸ਼ੁਰ ਸਿਰਫ਼ ਇਕ ਰਾਜੇ ਜਾਂ ਹਕੂਮਤ ਨੂੰ ਹੀ ਖ਼ਤਮ ਨਹੀਂ ਕਰੇਗਾ, ਸਗੋਂ ਇਨਸਾਨਾਂ ਦੀ ਹਰ ਹਕੂਮਤ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। (ਦਾਨੀਏਲ 2:44; ਪਰਕਾਸ਼ ਦੀ ਪੋਥੀ 19:19, 20) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਉੱਤੇ ਦਰਿੰਦੇ ਦਾ ਦਾਗ਼ ਨਾ ਲਗਾਈਏ!

ਦਾਗ਼ ਕੀ ਹੈ?

ਪਰਕਾਸ਼ ਦੀ ਪੋਥੀ ਵਿਚ ਨੰਬਰ 666 ਬਾਰੇ ਗੱਲ ਕਰਨ ਤੋਂ ਬਾਅਦ, ਯਿਸੂ ਮਸੀਹ ਦੇ 1,44,000 ਚੇਲਿਆਂ ਬਾਰੇ ਗੱਲ ਕੀਤੀ ਗਈ ਹੈ ਜਿਨ੍ਹਾਂ ਦੇ ਮੱਥੇ ਉੱਤੇ ਯਿਸੂ ਦਾ ਅਤੇ ਉਸ ਦੇ ਪਿਤਾ ਯਹੋਵਾਹ ਦਾ ਨਾਮ ਲਿਖਿਆ ਹੋਇਆ ਹੈ। ਇਸ ਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਚੇਲੇ ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਦੇ ਹਨ ਅਤੇ ਚੇਲੇ ਖ਼ੁਸ਼ੀ ਨਾਲ ਯਹੋਵਾਹ ਅਤੇ ਯਿਸੂ ਬਾਰੇ ਪ੍ਰਚਾਰ ਕਰਦੇ ਹਨ। ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਉੱਤੇ ਦਰਿੰਦੇ ਦਾ ਦਾਗ਼ ਲੱਗਾ ਹੋਇਆ ਹੈ, ਉਹ ਉਸ ਦੀ ਸੇਵਾ ਕਰਦੇ ਹਨ। ਸੋ ਅਸੀਂ ਕਹਿ ਸਕਦੇ ਹਾਂ ਕਿ ਜਿਸ ਇਨਸਾਨ ਦੇ ਸੱਜੇ ਹੱਥ ਤੇ ਜਾਂ ਮੱਥੇ ਉੱਤੇ ਦਰਿੰਦੇ ਦਾ ਦਾਗ਼ ਲੱਗਾ ਹੋਇਆ ਹੈ, ਉਹ ਇਨਸਾਨ ਸੰਸਾਰ ਦੀ ਰਾਜਨੀਤੀ ਦਾ ਪੱਖ ਪੂਰਦਾ ਹੈ। ਇਹ ਲੋਕ “ਕੈਸਰ” ਨੂੰ ਉਹ ਚੀਜ਼ ਦਿੰਦੇ ਹਨ ਜੋ ਅਸਲ ਵਿਚ ਪਰਮੇਸ਼ੁਰ ਨੂੰ ਦਿੱਤੀ ਜਾਣੀ ਚਾਹੀਦੀ ਹੈ। (ਲੂਕਾ 20:25; ਪਰਕਾਸ਼ ਦੀ ਪੋਥੀ 13:4, 8; 14:1) ਉਹ ਕੀ ਹੈ? ਭਗਤੀ। ਜਿਨ੍ਹਾਂ ਲੋਕਾਂ ਤੇ ਦਰਿੰਦੇ ਦਾ ਦਾਗ਼ ਲੱਗਾ ਹੋਇਆ ਹੈ, ਉਹ ਆਪਣੇ ਦੇਸ਼ ਦੀ ਭਗਤੀ ਕਰਦੇ ਹਨ, ਝੰਡੇ ਨੂੰ ਸਲਾਮੀ ਦਿੰਦੇ ਹਨ ਤੇ ਫ਼ੌਜ ਉੱਤੇ ਭਰੋਸਾ ਰੱਖਦੇ ਹਨ। ਜੇ ਉਹ ਪਰਮੇਸ਼ੁਰ ਦੀ ਭਗਤੀ ਕਰਦੇ ਵੀ ਹਨ, ਤਾਂ ਉਹ ਸਿਰਫ਼ ਇਕ ਦਿਖਾਵਾ ਹੈ।

ਪਰ ਬਾਈਬਲ ਸਾਨੂੰ ਸਲਾਹ ਦਿੰਦੀ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ। ਉਹ ਦਾ ਸਾਹ ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ!” (ਜ਼ਬੂਰਾਂ ਦੀ ਪੋਥੀ 146:3, 4) ਜਿਹੜੇ ਲੋਕ ਇਸ ਚੰਗੀ ਸਲਾਹ ਨੂੰ ਲਾਗੂ ਕਰਦੇ ਹਨ, ਉਹ ਉਦੋਂ ਹੌਸਲਾ ਨਹੀਂ ਹਾਰਦੇ ਜਦੋਂ ਸਰਕਾਰਾਂ ਆਪਣੇ ਵਾਅਦੇ ਪੂਰੇ ਨਹੀਂ ਕਰ ਪਾਉਂਦੀਆਂ ਜਾਂ ਕੋਈ ਕਾਬਲ ਅਤੇ ਗੁਣੀ ਨੇਤਾ ਅਸਫ਼ਲ ਹੁੰਦਾ ਹੈ।—ਕਹਾਉਤਾਂ 1:33.

ਇਸ ਦਾ ਇਹ ਮਤਲਬ ਨਹੀਂ ਕਿ ਸੱਚੇ ਮਸੀਹੀ ਆਰਾਮ ਨਾਲ ਬੈਠ ਕੇ ਇਨਸਾਨਾਂ ਦੇ ਮੰਦੇ ਹਾਲ ਬਾਰੇ ਕੁਝ ਨਹੀਂ ਕਰਦੇ। ਇਸ ਦੇ ਉਲਟ, ਉਹ ਪੂਰੇ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦੇ ਹਨ ਕਿਉਂਕਿ ਸਿਰਫ਼ ਇਹੋ ਹਕੂਮਤ ਮਨੁੱਖਜਾਤੀ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰੇਗੀ।—ਮੱਤੀ 24:14.

ਇਨਸਾਨਾਂ ਦੀ ਇੱਕੋ-ਇਕ ਉਮੀਦ—ਪਰਮੇਸ਼ੁਰ ਦਾ ਰਾਜ

ਜਦ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਮੁੱਖ ਤੌਰ ਤੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕੀਤਾ। (ਲੂਕਾ 4:43) ਜਦ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ, ਤਦ ਉਸ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਉਸ ਰਾਜ ਦੇ ਆਉਣ ਲਈ ਅਤੇ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋਣ ਲਈ ਪ੍ਰਾਰਥਨਾ ਕਰਨ। (ਮੱਤੀ 6:9, 10) ਇਹ ਰਾਜ ਇਕ ਹਕੂਮਤ ਹੈ ਜੋ ਧਰਤੀ ਉੱਤੇ ਕਿਸੇ ਰਾਜਧਾਨੀ ਤੋਂ ਨਹੀਂ, ਸਗੋਂ ਸਵਰਗ ਤੋਂ ਪੂਰੀ ਧਰਤੀ ਉੱਤੇ ਰਾਜ ਕਰੇਗੀ। ਇਸੇ ਲਈ ਯਿਸੂ ਨੇ ਇਸ ਨੂੰ ‘ਸੁਰਗ ਦਾ ਰਾਜ’ ਵੀ ਕਿਹਾ ਸੀ।—ਮੱਤੀ 11:12.

ਯਿਸੂ ਮਸੀਹ ਤੋਂ ਬਿਨਾਂ ਹੋਰ ਕੋਈ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਨ ਦੇ ਕਾਬਲ ਨਹੀਂ ਹੈ, ਕਿਉਂਕਿ ਯਿਸੂ ਨੇ ਆਪਣੀ ਪਰਜਾ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। (ਯਸਾਯਾਹ 9:6, 7; ਯੂਹੰਨਾ 3:16) ਬਹੁਤ ਜਲਦੀ ਇਹ ਰਾਜਾ ਜੋ ਹੁਣ ਸਵਰਗ ਵਿਚ ਪਰਮੇਸ਼ੁਰ ਦਾ ਇਕ ਸ਼ਕਤੀਸ਼ਾਲੀ ਦੂਤ ਹੈ, ਦਰਿੰਦੇ, ਉਸ ਦੇ ਰਾਜਿਆਂ ਤੇ ਉਸ ਦੀਆਂ ਫ਼ੌਜਾਂ ਨੂੰ “ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ” ਸੁੱਟ ਦੇਵੇਗਾ। ਇਸ ਦਾ ਮਤਲਬ ਹੈ ਕਿ ਉਹ ਹਮੇਸ਼ਾ ਲਈ ਨਸ਼ਟ ਕੀਤੇ ਜਾਣਗੇ। ਯਿਸੂ ਸ਼ਤਾਨ ਨੂੰ ਵੀ ਖ਼ਤਮ ਕਰੇਗਾ, ਜੋ ਕੰਮ ਕੋਈ ਮਨੁੱਖ ਕਦੀ ਨਹੀਂ ਕਰ ਸਕਦਾ।—ਪਰਕਾਸ਼ ਦੀ ਪੋਥੀ 11:15; 19:16, 19-21; 20:2, 10.

ਪਰਮੇਸ਼ੁਰ ਦੇ ਰਾਜ ਅਧੀਨ ਆਗਿਆਕਾਰ ਲੋਕ ਸ਼ਾਂਤੀ ਨਾਲ ਰਹਿਣਗੇ। (ਜ਼ਬੂਰਾਂ ਦੀ ਪੋਥੀ 37:11, 29; 46:8, 9) ਉਸ ਸਮੇਂ ਨਾ ਸੋਗ, ਨਾ ਦੁੱਖ ਅਤੇ ਨਾ ਹੀ ਮੌਤ ਹੋਵੇਗੀ। ਇਹ ਉਨ੍ਹਾਂ ਲਈ ਕਿੰਨੀ ਵਧੀਆ ਉਮੀਦ ਹੈ ਜਿਨ੍ਹਾਂ ਉੱਤੇ ਦਰਿੰਦੇ ਦਾ ਦਾਗ਼ ਨਹੀਂ ਲੱਗਾ ਹੋਇਆ ਹੈ!—ਪਰਕਾਸ਼ ਦੀ ਪੋਥੀ 21:3, 4.

[ਫੁਟਨੋਟ]

^ ਪੈਰਾ 11 ਭਾਵੇਂ ਕਿ ਸੱਚੇ ਮਸੀਹੀ ਜਾਣਦੇ ਹਨ ਕਿ ਇਨਸਾਨੀ ਸਰਕਾਰਾਂ ਲੋਕਾਂ ਨਾਲ ਅਕਸਰ ਪਸ਼ੂਆਂ ਵਰਗਾ ਸਲੂਕ ਕਰਦੀਆਂ ਹਨ, ਫਿਰ ਵੀ ਉਹ ਬਾਈਬਲ ਦੇ ਹੁਕਮ ਅਨੁਸਾਰ “ਹਕੂਮਤਾਂ” ਦੇ ਅਧੀਨ ਰਹਿੰਦੇ ਹਨ। (ਰੋਮੀਆਂ 13:1) ਪਰ ਜਦੋਂ ਹਕੂਮਤਾਂ ਪਰਮੇਸ਼ੁਰ ਦੇ ਖ਼ਿਲਾਫ਼ ਕੋਈ ਕੰਮ ਕਰਨ ਦਾ ਹੁਕਮ ਦਿੰਦੀਆਂ ਹਨ, ਤਾਂ ਮਸੀਹੀ ‘ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ’ ਜ਼ਰੂਰੀ ਸਮਝਦੇ ਹਨ।—ਰਸੂਲਾਂ ਦੇ ਕਰਤੱਬ 5:29.

[ਸਫ਼ੇ 5 ਉੱਤੇ ਡੱਬੀ]

ਕੀ ਤੁਸੀਂ 666 ਦੀ ਬੁਝਾਰਤ ਬੁੱਝ ਸਕਦੇ ਹੋ?

1. ਕਈ ਵਾਰ ਬਾਈਬਲ ਵਿਚ ਕਿਸੇ ਦੇ ਨਾਂ ਤੋਂ ਪਤਾ ਲੱਗਦਾ ਹੈ ਕਿ ਉਸ ਵਿਚ ਕਿਹੋ ਜਿਹੇ ਗੁਣ ਹਨ ਜਾਂ ਉਸ ਦੀ ਜ਼ਿੰਦਗੀ ਕਿਹੋ ਜਿਹੀ ਹੈ। ਇਹ ਗੱਲ ਅਬਰਾਹਾਮ, ਯਿਸੂ ਅਤੇ ਹੋਰਨਾਂ ਦੇ ਨਾਵਾਂ ਬਾਰੇ ਸੱਚ ਹੈ। ਇਸੇ ਤਰ੍ਹਾਂ, ਦਰਿੰਦੇ ਦੇ ਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿਹੋ ਜਿਹਾ ਹੈ।

2. ਬਾਈਬਲ ਵਿਚ ਦਾਨੀਏਲ ਦੀ ਪੁਸਤਕ ਦੱਸਦੀ ਹੈ ਕਿ ਦਰਿੰਦੇ ਇਨਸਾਨਾਂ ਦੇ ਸਾਮਰਾਜ ਜਾਂ ਉਨ੍ਹਾਂ ਦੀ ਹਕੂਮਤ ਨੂੰ ਦਰਸਾਉਂਦੇ ਹਨ। ਪਰਕਾਸ਼ ਦੀ ਪੋਥੀ 13:1, 2 ਵਿਚ ਜ਼ਿਕਰ ਕੀਤਾ ਗਿਆ ਦਰਿੰਦਾ ਸੰਸਾਰ ਭਰ ਵਿਚ ਇਨਸਾਨਾਂ ਦੀਆਂ ਸਾਰੀਆਂ ਸਰਕਾਰਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੂੰ ਸ਼ਤਾਨ ਨੇ ਅਧਿਕਾਰ ਦਿੱਤਾ ਹੈ ਅਤੇ ਜੋ ਉਸ ਦੇ ਵੱਸ ਵਿਚ ਹਨ।

3. ਦਰਿੰਦੇ ਦੇ ‘ਮਨੁੱਖ ਦੇ ਅੰਗ’ ਜਾਂ “ਨੰਬਰ” ਦਾ ਮਤਲਬ ਹੈ ਕਿ ਇਸ ਦਾ ਸੰਬੰਧ ਖ਼ਾਸਕਰ ਕਿਸੇ ਬੁਰੇ ਦੂਤ ਨਾਲ ਨਹੀਂ, ਸਗੋਂ ਇਨਸਾਨਾਂ ਨਾਲ ਹੈ। ਇਸ ਲਈ, ਦਰਿੰਦਾ ਇਨਸਾਨਾਂ ਵਾਂਗ ਪਾਪੀ ਅਤੇ ਨਾਮੁਕੰਮਲ ਹੋਣ ਕਰਕੇ ਨਾਕਾਮਯਾਬ ਸਾਬਤ ਹੁੰਦਾ ਹੈ।

4. ਨੰਬਰ ਸੱਤ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਦਰਸਾਉਂਦਾ ਹੈ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸੰਪੂਰਣ ਜਾਂ ਪੂਰੀਆਂ ਹਨ। ਛੇ ਨੰਬਰ ਸੱਤ ਤੋਂ ਇਕ ਘੱਟ ਹੋਣ ਕਰਕੇ ਅਪੂਰਣਤਾ ਨੂੰ ਦਰਸਾਉਂਦਾ ਹੈ। ਇਸ ਨੂੰ ਤਿੰਨ ਵਾਰੀ ਲਿਖਣਾ ਯਾਨੀ 666, ਇਸ ਦੀ ਅਪੂਰਣਤਾ ਉੱਤੇ ਜ਼ੋਰ ਦਿੰਦਾ ਹੈ।

[ਸਫ਼ੇ 6 ਉੱਤੇ ਤਸਵੀਰ]

ਨੰਬਰ 666 ਇਸ ਗੱਲ ਨੂੰ ਦਰਸਾਉਂਦਾ ਹੈ ਕਿ ਇਨਸਾਨਾਂ ਦੀ ਹਕੂਮਤ ਨਾਕਾਮਯਾਬ ਸਾਬਤ ਹੋਈ ਹੈ

[ਕ੍ਰੈਡਿਟ ਲਾਈਨ]

Starving child: UNITED NATIONS/Photo by F. GRIFFING

[ਸਫ਼ੇ 7 ਉੱਤੇ ਤਸਵੀਰ]

ਯਿਸੂ ਮਸੀਹ ਪੂਰੀ ਕਾਮਯਾਬੀ ਨਾਲ ਧਰਤੀ ਉੱਤੇ ਰਾਜ ਕਰੇਗਾ