Skip to content

Skip to table of contents

ਦੁਨੀਆਂ ਦੀ ਹਵਾ ਲੱਗਣ ਤੋਂ ਬਚੋ

ਦੁਨੀਆਂ ਦੀ ਹਵਾ ਲੱਗਣ ਤੋਂ ਬਚੋ

ਦੁਨੀਆਂ ਦੀ ਹਵਾ ਲੱਗਣ ਤੋਂ ਬਚੋ

“ਸਾਨੂੰ ਜਗਤ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ।”—1 ਕੁਰਿੰਥੀਆਂ 2:12.

1. ਹੱਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਧੋਖਾ ਖਾਧਾ ਸੀ?

“ਸੱਪ ਨੇ ਮੈਨੂੰ ਭਰਮਾਇਆ।” (ਉਤਪਤ 3:13) ਇਹ ਸੀ ਹੱਵਾਹ ਦਾ ਬਹਾਨਾ ਕਿ ਉਹ ਯਹੋਵਾਹ ਪਰਮੇਸ਼ੁਰ ਦੀ ਮਰਜ਼ੀ ਖ਼ਿਲਾਫ਼ ਕਿਉਂ ਗਈ ਸੀ। ਭਾਵੇਂ ਉਹ ਭਰਮਾਈ ਗਈ ਸੀ, ਫਿਰ ਵੀ ਜੋ ਉਸ ਨੇ ਕੀਤਾ ਸੀ ਉਹ ਸਹੀ ਨਹੀਂ ਸੀ। ਪੌਲੁਸ ਰਸੂਲ ਨੇ ਪਰਮੇਸ਼ੁਰ ਦੀ ਆਤਮਾ ਦੀ ਪ੍ਰੇਰਣਾ ਅਧੀਨ ਬਾਅਦ ਵਿਚ ਲਿਖਿਆ: ‘ਹੱਵਾਹ ਧੋਖਾ ਖਾ ਗਈ।’ (1 ਤਿਮੋਥਿਉਸ 2:14) ਉਹ ਧੋਖਾ ਖਾ ਗਈ ਸੀ ਕਿ ਮਨ੍ਹਾ ਕੀਤਾ ਗਿਆ ਫਲ ਖਾ ਕੇ ਉਸ ਨੂੰ ਫ਼ਾਇਦਾ ਹੋਵੇਗਾ। ਉਹ ਸਮਝੀ ਸੀ ਕਿ ਇਸ ਅਣਆਗਿਆਕਾਰੀ ਦੇ ਜ਼ਰੀਏ ਉਹ ਪਰਮੇਸ਼ੁਰ ਵਰਗੀ ਬਣ ਜਾਵੇਗੀ। ਉਹ ਇਸ ਗੱਲ ਦਾ ਵੀ ਧੋਖਾ ਖਾ ਗਈ ਸੀ ਕਿ ਉਸ ਨੂੰ ਭੁਲੇਖੇ ਵਿਚ ਪਾਉਣ ਵਾਲਾ ਕੌਣ ਸੀ। ਉਸ ਨੂੰ ਕੀ ਪਤਾ ਸੀ ਕਿ ਸੱਪ ਦੇ ਪਿੱਛੇ ਸ਼ਤਾਨ ਦਾ ਹੱਥ ਸੀ।—ਉਤਪਤ 3:1-6.

2. (ੳ) ਅੱਜ-ਕੱਲ੍ਹ ਸ਼ਤਾਨ ਲੋਕਾਂ ਨੂੰ ਧੋਖਾ ਕਿਸ ਤਰ੍ਹਾਂ ਦਿੰਦਾ ਹੈ? (ਅ) “ਜਗਤ ਦਾ ਆਤਮਾ” ਕੀ ਹੈ ਅਤੇ ਹੁਣ ਅਸੀਂ ਕਿਨ੍ਹਾਂ ਸਵਾਲਾਂ ਵੱਲ ਧਿਆਨ ਦੇਵਾਂਗੇ?

2 ਆਦਮ ਤੇ ਹੱਵਾਹ ਦੇ ਸਮੇਂ ਤੋਂ ਅੱਜ ਤਕ ਸ਼ਤਾਨ ਲੋਕਾਂ ਨੂੰ ਧੋਖਾ ਦਿੰਦਾ ਆਇਆ ਹੈ। ਦਰਅਸਲ ਉਹ “ਸਾਰੇ ਜਗਤ ਨੂੰ ਭਰਮਾਉਂਦਾ ਹੈ।” (ਪਰਕਾਸ਼ ਦੀ ਪੋਥੀ 12:9) ਉਸ ਦੇ ਤਰੀਕੇ ਬਦਲੇ ਨਹੀਂ ਹਨ। ਭਾਵੇਂ ਹੁਣ ਉਹ ਕਿਸੇ ਸੱਪ ਨੂੰ ਨਹੀਂ ਵਰਤਦਾ, ਪਰ ਉਹ ਅੱਜ ਵੀ ਆਪਣੀ ਅਸਲੀਅਤ ਲੁਕੋ ਕੇ ਰੱਖਦਾ ਹੈ। ਅਖ਼ਬਾਰਾਂ, ਫਿਲਮਾਂ, ਟੀ. ਵੀ. ਅਤੇ ਕਈ ਪ੍ਰਕਾਰ ਦੇ ਮਨੋਰੰਜਨ ਦੇ ਜ਼ਰੀਏ ਸ਼ਤਾਨ ਲੋਕਾਂ ਨੂੰ ਧੋਖਾ ਦਿੰਦਾ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਜਾਂ ਉਸ ਦੀ ਸੇਧ ਦੀ ਕੋਈ ਲੋੜ ਨਹੀਂ। ਧੋਖੇਬਾਜ਼ ਸ਼ਤਾਨ ਦੇ ਇਨ੍ਹਾਂ ਜਤਨਾਂ ਕਰਕੇ ਲੋਕਾਂ ਵਿਚ ਅਜਿਹਾ ਰਵੱਈਆ ਪੈਦਾ ਹੁੰਦਾ ਹੈ ਕਿ ਉਹ ਬਾਈਬਲ ਦੇ ਨਿਯਮਾਂ ਤੇ ਸਿਧਾਂਤਾਂ ਖ਼ਿਲਾਫ਼ ਜਾਂਦੇ ਹਨ। ਬਾਈਬਲ ਵਿਚ ਇਸ ਰਵੱਈਏ ਨੂੰ “ਜਗਤ ਦਾ ਆਤਮਾ” ਸੱਦਿਆ ਗਿਆ ਹੈ। (1 ਕੁਰਿੰਥੀਆਂ 2:12) ਜੋ ਲੋਕ ਰੱਬ ਨੂੰ ਨਹੀਂ ਜਾਣਦੇ ਉਨ੍ਹਾਂ ਦੇ ਚਾਲ-ਚਲਣ, ਤੌਰ-ਤਰੀਕੇ ਤੇ ਵਿਸ਼ਵਾਸਾਂ ਉੱਤੇ ਇਸ ਆਤਮਾ ਜਾਂ ਹਵਾ ਦਾ ਬਹੁਤ ਅਸਰ ਹੁੰਦਾ ਹੈ। ਇਹ ਰਵੱਈਆ ਕਿਸ ਤਰ੍ਹਾਂ ਜ਼ਾਹਰ ਹੁੰਦਾ ਹੈ ਅਤੇ ਇਸ ਦੇ ਬੁਰੇ ਅਸਰ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ? ਆਓ ਆਪਾਂ ਦੇਖੀਏ।

ਨੈਤਿਕਤਾ ਦੀ ਘਾਟ

3. ਸਾਡੇ ਜ਼ਮਾਨੇ ਵਿਚ ਦੁਨੀਆਂ ਦੀ ਮਾੜੀ ਹਵਾ ਬਹੁਤ ਹੀ ਪ੍ਰਚਲਿਤ ਕਿਉਂ ਹੈ?

3 ਸਾਡੇ ਜ਼ਮਾਨੇ ਵਿਚ ਦੁਨੀਆਂ ਦੀ ਮਾੜੀ ਹਵਾ ਬਹੁਤ ਹੀ ਪ੍ਰਚਲਿਤ ਹੈ। (2 ਤਿਮੋਥਿਉਸ 3:1-5) ਤੁਸੀਂ ਸ਼ਾਇਦ ਦੇਖਿਆ ਹੋਵੇ ਕਿ ਹਰ ਪਾਸੇ ਨੈਤਿਕਤਾ ਦੀ ਘਾਟ ਹੈ। ਬਾਈਬਲ ਵਿਚ ਇਸ ਦੀ ਵਜ੍ਹਾ ਦੱਸੀ ਗਈ ਹੈ। ਸਾਲ 1914 ਵਿਚ ਪਰਮੇਸ਼ੁਰ ਦਾ ਰਾਜ ਸਥਾਪਿਤ ਹੋਣ ਤੋਂ ਬਾਅਦ ਸਵਰਗ ਵਿਚ ਯੁੱਧ ਹੋਇਆ। ਸ਼ਤਾਨ ਤੇ ਉਸ ਦੇ ਦੂਤ ਹਰਾਏ ਗਏ ਅਤੇ ਧਰਤੀ ਉੱਤੇ ਸੁੱਟੇ ਗਏ। ਗੁੱਸੇ ਵਿਚ ਆ ਕੇ ਸ਼ਤਾਨ ਨੇ ਲੋਕਾਂ ਨੂੰ ਭਰਮਾਉਣ ਲਈ ਪਹਿਲਾਂ ਨਾਲੋਂ ਜ਼ਿਆਦਾ ਵਾਹ ਲਾਈ ਹੈ। (ਪਰਕਾਸ਼ ਦੀ ਪੋਥੀ 12:1-9, 12, 17) ਉਹ ਹਰ ਤਰੀਕੇ ਨਾਲ ‘ਚੁਣਿਆਂ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾਉਣ’ ਦੀ ਕੋਸ਼ਿਸ਼ ਕਰਦਾ ਹੈ। (ਮੱਤੀ 24:24) ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ ਅਸੀਂ ਉਸ ਦਾ ਮੁੱਖ ਨਿਸ਼ਾਨਾ ਹਾਂ। ਉਹ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ ਰੱਬ ਨੂੰ ਭੁੱਲ ਕੇ ਉਸ ਦੀਆਂ ਨਜ਼ਰਾਂ ਵਿਚ ਗਿਰ ਜਾਈਏ ਤਾਂਕਿ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਨਾ ਮਿਲੇ।

4. ਬਾਈਬਲ ਬਾਰੇ ਯਹੋਵਾਹ ਦੇ ਸੇਵਕਾਂ ਦਾ ਅਤੇ ਦੁਨੀਆਂ ਦੇ ਲੋਕਾਂ ਦਾ ਕੀ ਵਿਚਾਰ ਹੈ?

4 ਸ਼ਤਾਨ ਬਹੁਤ ਕੋਸ਼ਿਸ਼ਾਂ ਕਰਦਾ ਹੈ ਕਿ ਅਸੀਂ ਬਾਈਬਲ ਵਿਚ ਵਿਸ਼ਵਾਸ ਨਾ ਕਰੀਏ ਕਿਉਂਕਿ ਬਾਈਬਲ ਅਜਿਹੀ ਕਿਤਾਬ ਹੈ ਜੋ ਸਾਨੂੰ ਸਾਡੇ ਕਰਤਾਰ ਬਾਰੇ ਸਿਖਾਉਂਦੀ ਹੈ। ਯਹੋਵਾਹ ਦੇ ਸੇਵਕਾਂ ਲਈ ਬਾਈਬਲ ਇਕ ਕੀਮਤੀ ਤੋਹਫ਼ਾ ਹੈ। ਅਸੀਂ ਜਾਣਦੇ ਹਾਂ ਕਿ ਇਹ ਮਨੁੱਖਾਂ ਦਾ ਬਚਨ ਨਹੀਂ, ਸਗੋਂ ਪਰਮੇਸ਼ੁਰ ਦਾ ਬਚਨ ਹੈ ਜੋ ਉਸ ਨੇ ਆਪ ਲਿਖਵਾਇਆ ਹੈ। (1 ਥੱਸਲੁਨੀਕੀਆਂ 2:13; 2 ਤਿਮੋਥਿਉਸ 3:16) ਪਰ ਸ਼ਤਾਨ ਦੀ ਦੁਨੀਆਂ ਨਹੀਂ ਚਾਹੁੰਦੀ ਕਿ ਅਸੀਂ ਬਾਈਬਲ ਉੱਤੇ ਇਤਬਾਰ ਕਰੀਏ। ਉਦਾਹਰਣ ਲਈ ਬਾਈਬਲ ਦੀ ਨੁਕਤਾਚੀਨੀ ਕਰਨ ਵਾਲੀ ਇਕ ਕਿਤਾਬ ਦੇ ਮੁਖਬੰਧ ਵਿਚ ਲਿਖਿਆ ਹੈ: “ਨਾ ਤਾਂ ਬਾਈਬਲ ‘ਪਵਿੱਤਰ’ ਹੈ ਤੇ ਨਾ ਹੀ ਇਹ ‘ਪਰਮੇਸ਼ੁਰ ਦਾ ਬਚਨ’ ਹੈ। ਇਸ ਨੂੰ ਪਰਮੇਸ਼ੁਰ ਦੇ ਸੰਤਾਂ ਨੇ ਨਹੀਂ, ਪਰ ਉਨ੍ਹਾਂ ਪੰਡਤਾਂ ਨੇ ਲਿਖਿਆ ਹੈ ਜੋ ਆਪਣੇ ਆਪ ਨੂੰ ਵੱਡਾ ਦਿਖਾਉਣਾ ਚਾਹੁੰਦੇ ਸਨ।” ਜੋ ਲੋਕ ਅਜਿਹੀਆਂ ਗੱਲਾਂ ਮੰਨ ਲੈਂਦੇ ਹਨ ਉਹ ਸ਼ਾਇਦ ਇਸ ਪੁੱਠੇ ਖ਼ਿਆਲ ਨੂੰ ਵੀ ਸਵੀਕਾਰ ਕਰਨ ਕਿ ਰੱਬ ਦੀ ਭਗਤੀ ਕਰਨ ਜਾਂ ਨਾ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ ਜਾਂ ਉਹ ਕਿਸੇ ਵੀ ਤਰੀਕੇ ਨਾਲ ਉਸ ਦੀ ਭਗਤੀ ਕਰ ਸਕਦੇ ਹਨ।—ਕਹਾਉਤਾਂ 14:12.

5. (ੳ) ਯਹੂਦੀ ਅਤੇ ਈਸਾਈ ਮਤ ਬਾਰੇ ਇਕ ਆਦਮੀ ਨੇ ਕੀ ਲਿਖਿਆ? (ਅ) ਅੱਜ-ਕੱਲ੍ਹ ਦੇ ਕੁਝ ਆਮ ਖ਼ਿਆਲ ਬਾਈਬਲ ਦੇ ਸਿਧਾਂਤਾਂ ਤੋਂ ਕਿਵੇਂ ਵੱਖਰੇ ਹਨ? (ਅਗਲੇ ਸਫ਼ੇ ਤੇ ਡੱਬੀ ਦੇਖੋ।)

5 ਵੱਖਰੇ-ਵੱਖਰੇ ਤਰੀਕਿਆਂ ਨਾਲ ਬਾਈਬਲ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਬਾਈਬਲ ਤੇ ਚੱਲਣ ਦਾ ਦਾਅਵਾ ਕਰਨ ਵਾਲੇ ਬੰਦਿਆਂ ਦਾ ਪਖੰਡ ਦੇਖ ਕੇ ਲੋਕਾਂ ਦਾ ਧਰਮ ਉੱਤੋਂ ਅਤੇ ਖ਼ਾਸਕਰ ਬਾਈਬਲ ਨਾਲ ਸੰਬੰਧਿਤ ਧਰਮਾਂ ਉੱਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਮੀਡੀਆ ਅਤੇ ਪੜ੍ਹੇ-ਲਿਖੇ ਲੋਕ ਧਰਮਾਂ ਦੀ ਬਦਨਾਮੀ ਕਰਦੇ ਹਨ। ਇਕ ਆਦਮੀ ਨੇ ਲਿਖਿਆ: “ਨਵੇਂ ਜ਼ਮਾਨੇ ਦੇ ਲੋਕ ਯਹੂਦੀ ਅਤੇ ਈਸਾਈ ਮਤ ਨੂੰ ਪਸੰਦ ਨਹੀਂ ਕਰਦੇ। ਕੁਝ ਤਾਂ ਇਨ੍ਹਾਂ ਨੂੰ ਅਜੀਬੋ-ਗ਼ਰੀਬ ਧਰਮ ਸਮਝਦੇ ਹਨ। ਹੋਰ ਲੋਕ ਕਹਿੰਦੇ ਹਨ ਕਿ ਇਹ ਪੁਰਾਣੇ ਜ਼ਮਾਨੇ ਦੇ ਧਰਮ ਲੋਕਾਂ ਨੂੰ ਸੋਚਣ ਦੀ ਆਜ਼ਾਦੀ ਨਹੀਂ ਦਿੰਦੇ ਤੇ ਵਿਗਿਆਨਕ ਤਰੱਕੀ ਦੇ ਰਾਹ ਵਿਚ ਰੋੜਾ ਬਣਦੇ ਹਨ। ਪਹਿਲਾਂ ਤਾਂ ਲੋਕ ਇਨ੍ਹਾਂ ਦਾ ਮਖੌਲ ਕਰਦੇ ਸਨ, ਪਰ ਹਾਲ ਹੀ ਦੇ ਸਾਲਾਂ ਵਿਚ ਇਨ੍ਹਾਂ ਧਰਮਾਂ ਦਾ ਖੁੱਲ੍ਹੇ-ਆਮ ਵਿਰੋਧ ਕੀਤਾ ਜਾ ਰਿਹਾ ਹੈ।” ਇਹ ਵੈਰ ਅਕਸਰ ਉਹ ਲੋਕ ਫੈਲਾਉਂਦੇ ਹਨ ਜੋ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦੇ ਅਤੇ ਜੋ “ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ” ਹਨ।—ਰੋਮੀਆਂ 1:20-22.

6. ਦੁਨੀਆਂ ਦੇ ਲੋਕਾਂ ਦਾ ਉਨ੍ਹਾਂ ਕਾਮੁਕ ਕੰਮਾਂ ਬਾਰੇ ਕੀ ਵਿਚਾਰ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਮਨ੍ਹਾ ਕਰਦਾ ਹੈ?

6 ਇਸ ਕਰਕੇ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਲੋਕ ਆਪਣੇ ਚਾਲ-ਚਲਣ ਦੇ ਮਾਮਲੇ ਵਿਚ ਪਰਮੇਸ਼ੁਰ ਦੇ ਮਿਆਰਾਂ ਨੂੰ ਤਿਆਗ ਰਹੇ ਹਨ। ਉਦਾਹਰਣ ਲਈ, ਬਾਈਬਲ ਵਿਚ ਸਮਲਿੰਗਕਾਮੁਕਤਾ ਨੂੰ ‘ਮੁਕਾਲਕ ਦਾ ਕੰਮ’ ਸੱਦਿਆ ਗਿਆ ਹੈ। (ਰੋਮੀਆਂ 1:26, 27) ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਰਾਮਕਾਰ ਤੇ ਜ਼ਨਾਹਕਾਰ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। (1 ਕੁਰਿੰਥੀਆਂ 6:9) ਇਸ ਦੇ ਬਾਵਜੂਦ ਕਈਆਂ ਦੇਸ਼ਾਂ ਵਿਚ ਅਜਿਹੇ ਕਾਮੁਕ ਕੰਮ ਨਾ ਸਿਰਫ਼ ਮੁਨਾਸਬ ਸਮਝੇ ਜਾਂਦੇ ਹਨ, ਸਗੋਂ ਕਿਤਾਬਾਂ, ਰਸਾਲਿਆਂ, ਗੀਤਾਂ, ਫਿਲਮਾਂ ਤੇ ਟੀ. ਵੀ. ਦੇ ਪ੍ਰੋਗ੍ਰਾਮਾਂ ਰਾਹੀਂ ਲੋਕਾਂ ਨੂੰ ਅਜਿਹੇ ਕੰਮ ਕਰਨ ਦੀ ਹੱਲਾਸ਼ੇਰੀ ਵੀ ਦਿੱਤੀ ਜਾਂਦੀ ਹੈ। ਜੇ ਕੋਈ ਇਨ੍ਹਾਂ ਕੰਮਾਂ ਖ਼ਿਲਾਫ਼ ਕੁਝ ਕਹਿ ਦੇਵੇ, ਤਾਂ ਉਸ ਨੂੰ ਤੰਗ-ਦਿਲ, ਪੱਖਪਾਤੀ ਅਤੇ ਪੁਰਾਣੇ ਜ਼ਮਾਨੇ ਦਾ ਸਮਝਿਆ ਜਾਂਦਾ ਹੈ। ਪਰਮੇਸ਼ੁਰ ਦੇ ਮਿਆਰ ਸਾਡੇ ਭਲੇ ਲਈ ਹਨ, ਪਰ ਦੁਨੀਆਂ ਦੇ ਲੋਕ ਇਨ੍ਹਾਂ ਨੂੰ ਆਪਣੀ ਆਜ਼ਾਦੀ ਤੇ ਖ਼ੁਸ਼ੀ ਦੇ ਰਾਹ ਵਿਚ ਰੋੜਾ ਸਮਝਦੇ ਹਨ।—ਕਹਾਉਤਾਂ 17:15; ਯਹੂਦਾਹ 4.

7. ਸਾਨੂੰ ਆਪਣੇ ਆਪ ਤੋਂ ਕਿਹੋ ਜਿਹੇ ਸਵਾਲ ਪੁੱਛਣੇ ਚਾਹੀਦੇ ਹਨ?

7 ਦੁਨੀਆਂ ਦੇ ਲੋਕ ਡਟ ਕੇ ਪਰਮੇਸ਼ੁਰ ਦਾ ਵਿਰੋਧ ਕਰ ਰਹੇ ਹਨ। ਤਾਂ ਫਿਰ ਇਸ ਸੰਸਾਰ ਵਿਚ ਰਹਿੰਦੇ ਹੋਏ ਸਾਨੂੰ ਆਪਣੇ ਵਿਚਾਰਾਂ ਤੇ ਤੌਰ-ਤਰੀਕਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਮੇਂ-ਸਮੇਂ ਤੇ ਸਾਨੂੰ ਸੱਚੇ ਦਿਲੋਂ ਆਪਣੀ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਹੌਲੀ-ਹੌਲੀ ਯਹੋਵਾਹ ਦੀ ਸੋਚਣੀ ਤੋਂ ਕਿਤੇ ਦੂਰ ਤਾਂ ਨਹੀਂ ਹੋ ਰਹੇ। ਮਿਸਾਲ ਲਈ, ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਅੱਜ-ਕੱਲ੍ਹ ਮੈਨੂੰ ਉਹ ਚੀਜ਼ਾਂ, ਫਿਲਮਾਂ ਆਦਿ ਪਸੰਦ ਹਨ ਜਿਨ੍ਹਾਂ ਨੂੰ ਮੈਂ ਪਹਿਲਾਂ ਪਸੰਦ ਨਹੀਂ ਕਰਦਾ ਸੀ? ਕੀ ਮੈਂ ਉਨ੍ਹਾਂ ਕੰਮਾਂ ਨੂੰ ਹੁਣ ਇੰਨਾ ਮਾੜਾ ਨਹੀਂ ਸਮਝਦਾ ਜਿਨ੍ਹਾਂ ਨੂੰ ਪਰਮੇਸ਼ੁਰ ਪਸੰਦ ਨਹੀਂ ਕਰਦਾ? ਕੀ ਮੈਂ ਰੱਬ ਦੇ ਕੰਮਾਂ ਵੱਲ ਪਹਿਲਾਂ ਨਾਲੋਂ ਘੱਟ ਧਿਆਨ ਦਿੰਦਾ ਹਾਂ? ਕੀ ਮੇਰੀ ਜ਼ਿੰਦਗੀ ਤੋਂ ਜ਼ਾਹਰ ਹੁੰਦਾ ਹੈ ਕਿ ਮੈਂ ਰੱਬ ਦੇ ਕੰਮਾਂ ਨੂੰ ਪਹਿਲ ਦਿੰਦਾ ਹਾਂ?’ (ਮੱਤੀ 6:33) ਇਸ ਤਰੀਕੇ ਨਾਲ ਆਪਣੀ ਜਾਂਚ ਕਰ ਕੇ ਅਸੀਂ ਦੁਨੀਆਂ ਦੀ ਹਵਾ ਲੱਗਣ ਤੋਂ ਬਚਾਂਗੇ।

ਕਦੇ ਵੀ ਵਹਿ ਕੇ ਦੂਰ ਨਾ ਚਲੇ ਜਾਓ

8. ਯਹੋਵਾਹ ਤੋਂ ਕੋਈ ਦੂਰ ਕਿਵੇਂ ਵਹਿ ਸਕਦਾ ਹੈ?

8 ਪੌਲੁਸ ਰਸੂਲ ਨੇ ਆਪਣੇ ਸੰਗੀ ਭੈਣ-ਭਾਈਆਂ ਨੂੰ ਲਿਖਿਆ: “ਇਸ ਕਾਰਨ ਚਾਹੀਦਾ ਹੈ ਜੋ ਅਸੀਂ ਉਨ੍ਹਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ ਅਜਿਹਾ ਨਾ ਹੋਵੇ ਭਈ ਕਿਤੇ ਅਸੀਂ ਉਨ੍ਹਾਂ ਤੋਂ ਵਹਿ ਕੇ ਦੂਰ ਹੋ ਜਾਈਏ।” (ਇਬਰਾਨੀਆਂ 2:1) ਆਪਣੇ ਮਿਥੇ ਰਾਹ ਤੋਂ ਦੂਰ ਵਹਿ ਜਾਣ ਵਾਲਾ ਜਹਾਜ਼ ਆਪਣੀ ਮੰਜ਼ਲ ਤਕ ਨਹੀਂ ਪਹੁੰਚ ਸਕਦਾ। ਜੇ ਜਹਾਜ਼ ਦਾ ਕਪਤਾਨ ਹਵਾ ਤੇ ਪਾਣੀ ਦੇ ਵਹਾਅ ਵੱਲ ਧਿਆਨ ਨਹੀਂ ਦਿੰਦਾ, ਤਾਂ ਉਸ ਦਾ ਜਹਾਜ਼ ਕਿਸੇ ਸੁਰੱਖਿਅਤ ਬੰਦਰਗਾਹ ਵਿਚ ਜਾਣ ਦੀ ਬਜਾਇ ਪੱਥਰਾਂ ਨਾਲ ਟਕਰਾ ਕੇ ਨਸ਼ਟ ਹੋ ਸਕਦਾ ਹੈ। ਇਸੇ ਤਰ੍ਹਾਂ, ਜੇ ਅਸੀਂ ਬਾਈਬਲ ਦੀਆਂ ਸੱਚਾਈਆਂ ਵੱਲ ਧਿਆਨ ਨਹੀਂ ਦਿੰਦੇ, ਤਾਂ ਅਸੀਂ ਵੀ ਯਹੋਵਾਹ ਤੋਂ ਦੂਰ ਵਹਿ ਕੇ ਆਪਣੀ ਨਿਹਚਾ ਦਾ ਬੇੜਾ ਗਰਕ ਕਰਾ ਸਕਦੇ ਹਾਂ। ਅਜਿਹਾ ਹੋਣ ਲਈ ਜ਼ਰੂਰੀ ਨਹੀਂ ਕਿ ਅਸੀਂ ਸੱਚਾਈ ਨੂੰ ਐਨ ਛੱਡ ਹੀ ਦੇਈਏ। ਵੈਸੇ ਬਹੁਤ ਘੱਟ ਭੈਣ-ਭਾਈ ਯਹੋਵਾਹ ਨੂੰ ਜਾਣ-ਬੁੱਝ ਕੇ ਜਾਂ ਇਕਦਮ ਰੱਦ ਕਰਦੇ ਹਨ। ਆਮ ਤੌਰ ਤੇ ਉਹ ਹੌਲੀ-ਹੌਲੀ ਕਿਸੇ ਦੁਨਿਆਵੀ ਕੰਮ ਵਿਚ ਇੰਨੇ ਰੁੱਝ ਜਾਂਦੇ ਹਨ ਕਿ ਉਹ ਪਰਮੇਸ਼ੁਰ ਦੇ ਬਚਨ ਵੱਲ ਧਿਆਨ ਦੇਣਾ ਛੱਡ ਦਿੰਦੇ ਹਨ। ਉਹ ਅਣਜਾਣੇ ਵਿਚ ਹੀ ਵਹਿੰਦੇ-ਵਹਿੰਦੇ ਪਰਮੇਸ਼ੁਰ ਦੇ ਮਿਆਰਾਂ ਤੋਂ ਇੰਨੇ ਦੂਰ ਚਲੇ ਜਾਂਦੇ ਹਨ ਕਿ ਉਹ ਪਾਪ ਕਰ ਬੈਠਦੇ ਹਨ। ਇਕ ਸੁੱਤੇ ਪਏ ਕਪਤਾਨ ਵਾਂਗ ਉਨ੍ਹਾਂ ਦੀ ਅੱਖ ਉਦੋਂ ਖੁੱਲ੍ਹਦੀ ਹੈ ਜਦੋਂ ਉਹ ਵਹਿ ਕੇ ਆਪਣੀ ਮੰਜ਼ਲ ਤੋਂ ਕਿਤੇ ਦੂਰ ਚਲੇ ਗਏ ਹੁੰਦੇ ਹਨ।

9. ਯਹੋਵਾਹ ਨੇ ਸੁਲੇਮਾਨ ਨੂੰ ਕਿਹੜੀਆਂ ਅਸੀਸਾਂ ਦਿੱਤੀਆਂ ਸਨ?

9 ਆਓ ਆਪਾਂ ਸੁਲੇਮਾਨ ਦੀ ਜ਼ਿੰਦਗੀ ਉੱਤੇ ਗੌਰ ਕਰੀਏ। ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਰਾਜਾ ਬਣਾਇਆ ਸੀ। ਪਰਮੇਸ਼ੁਰ ਨੇ ਆਪਣਾ ਭਵਨ ਬਣਾਉਣ ਅਤੇ ਬਾਈਬਲ ਦੇ ਕੁਝ ਹਿੱਸੇ ਲਿਖਣ ਦਾ ਸਨਮਾਨ ਵੀ ਸੁਲੇਮਾਨ ਨੂੰ ਦਿੱਤਾ। ਦੋ ਮੌਕਿਆਂ ਤੇ ਯਹੋਵਾਹ ਨੇ ਉਸ ਨਾਲ ਗੱਲ ਕੀਤੀ ਅਤੇ ਉਸ ਨੂੰ ਧਨ-ਦੌਲਤ, ਸ਼ਾਨੋ-ਸ਼ੌਕਤ ਤੇ ਸ਼ਾਂਤਮਈ ਰਾਜ ਨਾਲ ਬਖ਼ਸ਼ਿਆ। ਇਸ ਤੋਂ ਇਲਾਵਾ ਯਹੋਵਾਹ ਨੇ ਉਸ ਨੂੰ ਬੁੱਧੀਮਾਨ ਬਣਾਇਆ। ਇਸ ਬਾਰੇ ਬਾਈਬਲ ਦੱਸਦੀ ਹੈ: “ਪਰਮੇਸ਼ੁਰ ਨੇ ਸੁਲੇਮਾਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵਧੀਕ ਦਿੱਤੀ ਅਤੇ ਖੁੱਲਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ। ਅਤੇ ਸੁਲੇਮਾਨ ਦੀ ਬੁੱਧੀ ਸਾਰੇ ਪੂਰਬੀਆਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧੀ ਨਾਲੋਂ ਬਹੁਤ ਵਧੀਕ ਸੀ।” (1 ਰਾਜਿਆਂ 4:21, 29, 30; 11:9) ਦੇਖਿਆ ਜਾਵੇ ਤਾਂ ਸੁਲੇਮਾਨ ਕੋਲ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਹਰ ਕਾਰਨ ਸੀ। ਪਰ ਉਸ ਨੇ ਵਫ਼ਾਦਾਰ ਰਹਿਣ ਦੀ ਬਜਾਇ ਯਹੋਵਾਹ ਨੂੰ ਛੱਡ ਦਿੱਤਾ। ਇਹ ਕਿਸ ਤਰ੍ਹਾਂ ਹੋਇਆ?

10. ਸੁਲੇਮਾਨ ਨੇ ਕਿਹੜਾ ਹੁਕਮ ਨਹੀਂ ਮੰਨਿਆ ਸੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ ਸੀ?

10 ਸੁਲੇਮਾਨ ਯਹੋਵਾਹ ਦੇ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਸਮਝਦਾ ਸੀ। ਉਸ ਨੇ ਖ਼ਾਸਕਰ ਉਨ੍ਹਾਂ ਹਿਦਾਇਤਾਂ ਵੱਲ ਧਿਆਨ ਦਿੱਤਾ ਹੋਵੇਗਾ ਜੋ ਇਸਰਾਏਲ ਦੇ ਰਾਜਿਆਂ ਵਾਸਤੇ ਲਿਖੀਆਂ ਗਈਆਂ ਸਨ। ਇਕ ਹਿਦਾਇਤ ਇਹ ਸੀ ਕਿ ਰਾਜਾ ‘ਆਪਣੇ ਲਈ ਤੀਵੀਆਂ ਨਾ ਵਧਾਵੇ ਮਤੇ ਉਸ ਦਾ ਮਨ ਫਿਰ ਜਾਵੇ।’ (ਬਿਵਸਥਾ ਸਾਰ 17:14, 17) ਇਸ ਹੁਕਮ ਦੀ ਸਪੱਸ਼ਟਤਾ ਦੇ ਬਾਵਜੂਦ ਸੁਲੇਮਾਨ ਨੇ ਸੱਤ ਸੌ ਰਾਣੀਆਂ ਅਤੇ ਤਿੰਨ ਸੌ ਰਖੇਲਾਂ ਰੱਖੀਆਂ ਸਨ। ਇਹ ਤੀਵੀਆਂ ਜ਼ਿਆਦਾਤਰ ਦੇਵੀ-ਦੇਵਤਿਆਂ ਦੀ ਪੂਜਾ ਕਰਦੀਆਂ ਸਨ। ਅਸੀਂ ਇਹ ਨਹੀਂ ਜਾਣਦੇ ਕਿ ਸੁਲੇਮਾਨ ਨੇ ਇੰਨੀਆਂ ਸਾਰੀਆਂ ਤੀਵੀਆਂ ਕਿਉਂ ਰੱਖੀਆਂ ਸਨ ਤੇ ਨਾ ਹੀ ਅਸੀਂ ਜਾਣਦੇ ਹਾਂ ਕਿ ਉਸ ਨੇ ਇਸ ਤਰ੍ਹਾਂ ਕਰਨ ਨੂੰ ਗ਼ਲਤ ਕਿਉਂ ਨਹੀਂ ਸਮਝਿਆ। ਇਕ ਗੱਲ ਅਸੀਂ ਜ਼ਰੂਰ ਜਾਣਦੇ ਹਾਂ ਕਿ ਉਸ ਨੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ ਸੀ। ਨਤੀਜਾ ਉਹੀ ਨਿਕਲਿਆ ਜੋ ਯਹੋਵਾਹ ਨੇ ਦੱਸਿਆ ਸੀ ਯਾਨੀ “ਸੁਲੇਮਾਨ . . . ਦੀਆਂ ਇਸਤ੍ਰੀਆਂ ਨੇ ਉਹ ਦੇ ਮਨ ਨੂੰ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ।” (1 ਰਾਜਿਆਂ 11:3, 4) ਹੌਲੀ-ਹੌਲੀ ਉਸ ਦੀ ਬੁੱਧ ਜਾਂਦੀ ਰਹੀ। ਉਹ ਵਹਿ ਕੇ ਯਹੋਵਾਹ ਤੋਂ ਦੂਰ ਹੋਣ ਲੱਗ ਪਿਆ। ਸਮੇਂ ਦੇ ਬੀਤਣ ਨਾਲ ਯਹੋਵਾਹ ਨੂੰ ਖ਼ੁਸ਼ ਕਰਨ ਦੀ ਬਜਾਇ ਸੁਲੇਮਾਨ ਆਪਣੀਆਂ ਤੀਵੀਆਂ ਨੂੰ ਖ਼ੁਸ਼ ਕਰਨ ਲੱਗਾ। ਇਹ ਕਿੰਨੇ ਅਫ਼ਸੋਸ ਦੀ ਗੱਲ ਸੀ ਕਿਉਂਕਿ ਪਹਿਲਾਂ ਸੁਲੇਮਾਨ ਨੇ ਹੀ ਇਹ ਸ਼ਬਦ ਲਿਖੇ ਸਨ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ”!—ਕਹਾਉਤਾਂ 27:11.

ਦੁਨੀਆਂ ਦੀ ਆਤਮਾ ਦਾ ਅਸਰ ਜ਼ੋਰਦਾਰ ਹੈ

11. ਸਾਡੇ ਮਨ ਅੰਦਰ ਜੋ ਜਾਂਦਾ ਹੈ ਉਸ ਦਾ ਸਾਡੀ ਸੋਚਣੀ ਤੇ ਕੀ ਅਸਰ ਪੈਂਦਾ ਹੈ?

11 ਸੁਲੇਮਾਨ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ? ਅਸੀਂ ਸਿੱਖਦੇ ਹਾਂ ਕਿ ਇਸ ਤਰ੍ਹਾਂ ਸੋਚਣਾ ਕਿੰਨਾ ਖ਼ਤਰਨਾਕ ਹੈ ਕਿ ਸੱਚਾਈ ਜਾਣਨ ਦੇ ਕਾਰਨ ਸਾਨੂੰ ਦੁਨੀਆਂ ਦੀ ਹਵਾ ਨਹੀਂ ਲੱਗ ਸਕਦੀ। ਪਰ ਜਿਵੇਂ ਭੋਜਨ ਦਾ ਸਾਡੇ ਸਰੀਰ ਤੇ ਅਸਰ ਪੈਂਦਾ ਹੈ ਉਸੇ ਤਰ੍ਹਾਂ ਸਾਡੇ ਦਿਮਾਗ਼ ਵਿਚ ਜੋ ਕੁਝ ਜਾਂਦਾ ਹੈ ਉਸ ਦਾ ਸਾਡੇ ਮਨ ਤੇ ਅਸਰ ਪੈਂਦਾ ਹੈ। ਜੋ ਵੀ ਅਸੀਂ ਦੇਖਦੇ ਜਾਂ ਸੁਣਦੇ ਹਾਂ ਉਸ ਦਾ ਸਾਡੀ ਸੋਚਣੀ ਤੇ ਰਵੱਈਏ ਉੱਤੇ ਅਸਰ ਪੈਂਦਾ ਹੈ। ਉਨ੍ਹਾਂ ਮਾਲਕਾਂ ਬਾਰੇ ਸੋਚੋ ਜੋ ਇਸ ਅਸਲੀਅਤ ਨੂੰ ਜਾਣ ਕੇ ਆਪਣੀਆਂ ਕੰਪਨੀਆਂ ਦੀਆਂ ਚੀਜ਼ਾਂ ਦੀ ਮਸ਼ਹੂਰੀ ਕਰਾਉਣ ਲਈ ਇਸ਼ਤਿਹਾਰਾਂ ਤੇ ਲੱਖਾਂ-ਕਰੋੜਾਂ ਰੁਪਏ ਖ਼ਰਚ ਕਰਦੇ ਹਨ। ਇਸ਼ਤਿਹਾਰਬਾਜ਼ੀ ਕਰਨ ਵਾਲੇ ਲੋਕ ਚਤੁਰਾਈ ਨਾਲ ਤਸਵੀਰਾਂ ਤੇ ਲਫ਼ਜ਼ ਵਰਤ ਕੇ ਗਾਹਕਾਂ ਦੀਆਂ ਚਾਹਤਾਂ ਤੇ ਸੁਪਨਿਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਇਹ ਵੀ ਜਾਣਦੇ ਹਨ ਕਿ ਸਿਰਫ਼ ਇਕ-ਦੋ ਵਾਰ ਇਸ਼ਤਿਹਾਰ ਦੇਖਣ ਤੇ ਲੋਕ ਕੋਈ ਚੀਜ਼ ਖ਼ਰੀਦਣ ਲਈ ਤਿਆਰ ਨਹੀਂ ਹੋ ਜਾਂਦੇ। ਪਰ ਵਾਰ-ਵਾਰ ਦੇਖਦੇ ਰਹਿਣ ਨਾਲ ਲੋਕਾਂ ਵਿਚ ਅਕਸਰ ਉਸ ਚੀਜ਼ ਨੂੰ ਖ਼ਰੀਦਣ ਦੀ ਇੱਛਾ ਪੈਦਾ ਹੋ ਜਾਂਦੀ ਹੈ। ਕੀ ਇਸ਼ਤਿਹਾਰਬਾਜ਼ੀ ਕਾਮਯਾਬ ਹੁੰਦੀ ਹੈ? ਜੇ ਨਾ ਹੁੰਦੀ, ਤਾਂ ਕੰਪਨੀਆਂ ਉਸ ਤੇ ਇੰਨਾ ਪੈਸਾ ਹੀ ਕਿਉਂ ਖ਼ਰਚ ਕਰਦੀਆਂ? ਜੀ ਹਾਂ, ਇਸ਼ਤਿਹਾਰਬਾਜ਼ੀ ਦਾ ਪਬਲਿਕ ਦੀ ਸੋਚਣੀ ਤੇ ਰਵੱਈਏ ਤੇ ਜ਼ੋਰਦਾਰ ਅਸਰ ਪੈਂਦਾ ਹੈ।

12. (ੳ) ਸ਼ਤਾਨ ਲੋਕਾਂ ਦੀ ਸੋਚਣੀ ਤੇ ਕਿਸ ਤਰ੍ਹਾਂ ਅਸਰ ਪਾਉਂਦਾ ਹੈ? (ਅ) ਇਸ ਗੱਲ ਦਾ ਕੀ ਸਬੂਤ ਹੈ ਕਿ ਸ਼ਤਾਨ ਦੀ ਇਸ਼ਤਿਹਾਰਬਾਜ਼ੀ ਦਾ ਮਸੀਹੀਆਂ ਉੱਤੇ ਵੀ ਅਸਰ ਪੈਂਦਾ ਹੈ?

12 ਅਸੀਂ ਕਹਿ ਸਕਦੇ ਹਾਂ ਕਿ ਸ਼ਤਾਨ ਵੀ ਇਸ਼ਤਿਹਾਰਬਾਜ਼ੀ ਕਰਦਾ ਹੈ। ਉਹ ਆਪਣੇ ਭੈੜੇ ਖ਼ਿਆਲਾਂ ਨੂੰ ਸੋਹਣੇ ਤਰੀਕੇ ਨਾਲ ਪੇਸ਼ ਕਰਨਾ ਜਾਣਦਾ ਹੈ। ਉਸ ਨੂੰ ਪਤਾ ਹੈ ਕਿ ਸਮੇਂ ਦੇ ਬੀਤਣ ਨਾਲ ਲੋਕ ਇਨ੍ਹਾਂ ਨੂੰ ਹਜ਼ਮ ਕਰ ਕੇ ਉਸ ਦੀ ਗੱਲ ਮੰਨਣ ਲੱਗ ਪੈਣਗੇ। ਮਨੋਰੰਜਨ ਅਤੇ ਹੋਰਨਾਂ ਤਰੀਕਿਆਂ ਨਾਲ ਸ਼ਤਾਨ ਲੋਕਾਂ ਨੂੰ ਧੋਖਾ ਦਿੰਦਾ ਹੈ ਕਿ ਬੁਰਾਈ ਭਲਾਈ ਹੈ ਤੇ ਭਲਾਈ ਬੁਰਾਈ ਹੈ। (ਯਸਾਯਾਹ 5:20) ਸ਼ਤਾਨ ਦੁਆਰਾ ਫੈਲਾਈਆਂ ਝੂਠੀਆਂ ਗੱਲਾਂ ਸੁਣ ਕੇ ਕੁਝ ਸੱਚੇ ਮਸੀਹੀ ਵੀ ਕੁਰਾਹੇ ਪੈ ਗਏ ਹਨ। ਇਸ ਬਾਰੇ ਬਾਈਬਲ ਕਹਿੰਦੀ ਹੈ: “ਆਤਮਾ ਸਾਫ਼ ਆਖਦਾ ਹੈ ਭਈ ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆਂ ਵੱਲ ਚਿੱਤ ਲਾ ਕੇ ਨਿਹਚਾ ਤੋਂ ਫਿਰ ਜਾਣਗੇ। ਇਹ ਝੂਠ ਬੋਲਣ ਵਾਲਿਆਂ ਦੇ ਕਪਟ ਤੋਂ ਹੋਵੇਗਾ ਜਿਨ੍ਹਾਂ ਦਾ ਆਪਣਾ ਹੀ ਅੰਤਹਕਰਨ ਤੱਤੇ ਲੋਹੇ ਨਾਲ ਦਾਗਿਆ ਹੋਇਆ ਹੈ।”—1 ਤਿਮੋਥਿਉਸ 4:1, 2; ਯਿਰਮਿਯਾਹ 6:15.

13. ਬੁਰੀਆਂ ਸੰਗਤਾਂ ਕੀ ਹਨ ਅਤੇ ਸਾਡੀ ਸੰਗਤ ਦਾ ਸਾਡੇ ਤੇ ਕੀ ਪ੍ਰਭਾਵ ਪੈਂਦਾ ਹੈ?

13 ਸਾਡੇ ਵਿੱਚੋਂ ਕੋਈ ਨਹੀਂ ਕਹਿ ਸਕਦਾ ਕਿ ਸਾਨੂੰ ਦੁਨੀਆਂ ਦੀ ਹਵਾ ਨਹੀਂ ਲੱਗ ਸਕਦੀ। ਸ਼ਤਾਨ ਦੀ ਦੁਨੀਆਂ ਦੀ ਹਵਾ ਦਾ ਅਸਰ ਜ਼ੋਰਦਾਰ ਹੈ। ਬਾਈਬਲ ਵਿਚ ਸਾਨੂੰ ਇਹ ਚੇਤਾਵਨੀ ਦਿੱਤੀ ਗਈ ਹੈ: “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਬੁਰੀਆਂ ਸੰਗਤਾਂ ਕੀ ਹਨ? ਕੋਈ ਵੀ ਇਨਸਾਨ, ਭਾਵੇਂ ਉਹ ਕਲੀਸਿਯਾ ਦਾ ਮੈਂਬਰ ਹੀ ਕਿਉਂ ਨਾ ਹੋਵੇ, ਜਾਂ ਕੋਈ ਵੀ ਚੀਜ਼ ਜਿਸ ਤੋਂ ਸ਼ਤਾਨ ਦੀ ਦੁਨੀਆਂ ਦਾ ਮੁਸ਼ਕ ਆਉਂਦਾ ਹੈ, ਬੁਰੀ ਸੰਗਤ ਹੋ ਸਕਦੀ ਹੈ। ਜੇ ਅਸੀਂ ਕਹਿੰਦੇ ਹਾਂ ਕਿ ਬੁਰੀ ਸੰਗਤ ਦਾ ਸਾਡੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਤਾਂ ਸਾਨੂੰ ਇਹ ਵੀ ਕਹਿਣਾ ਪਵੇਗਾ ਕਿ ਚੰਗੀ ਸੰਗਤ ਤੋਂ ਸਾਨੂੰ ਕੋਈ ਫ਼ਾਇਦਾ ਨਹੀਂ ਹੁੰਦਾ। ਇਸ ਤਰ੍ਹਾਂ ਸੋਚਣਾ ਬਹੁਤ ਹੀ ਗ਼ਲਤ ਹੋਵੇਗਾ। ਬਾਈਬਲ ਵਿਚ ਇਸ ਗੱਲ ਬਾਰੇ ਸਾਫ਼-ਸਾਫ਼ ਲਿਖਿਆ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”—ਕਹਾਉਤਾਂ 13:20.

14. ਅਸੀਂ ਦੁਨੀਆਂ ਦੀ ਹਵਾ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ?

14 ਦੁਨੀਆਂ ਦੀ ਹਵਾ ਤੋਂ ਬਚਣ ਵਾਸਤੇ ਜ਼ਰੂਰੀ ਹੈ ਕਿ ਅਸੀਂ ਬੁੱਧੀਮਾਨ ਇਨਸਾਨਾਂ ਨਾਲ ਯਾਨੀ ਯਹੋਵਾਹ ਦੇ ਸੇਵਕਾਂ ਨਾਲ ਸੰਗਤ ਰੱਖੀਏ। ਸਾਨੂੰ ਆਪਣੇ ਮਨ ਉਨ੍ਹਾਂ ਚੰਗੀਆਂ ਗੱਲਾਂ ਨਾਲ ਭਰਨੇ ਚਾਹੀਦੇ ਹਨ ਜੋ ਸਾਡੀ ਨਿਹਚਾ ਨੂੰ ਮਜ਼ਬੂਤ ਕਰਨ। ਪੌਲੁਸ ਰਸੂਲ ਨੇ ਲਿਖਿਆ: “ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦਾ ਵਿਚਾਰ ਕਰੋ।” (ਫ਼ਿਲਿੱਪੀਆਂ 4:8) ਯਹੋਵਾਹ ਨੇ ਸਾਨੂੰ ਆਜ਼ਾਦੀ ਦਿੱਤੀ ਹੈ ਕਿ ਅਸੀਂ ਕਿਨ੍ਹਾਂ ਗੱਲਾਂ ਉੱਤੇ ਵਿਚਾਰ ਕਰਨਾ ਚੁਣਦੇ ਹਾਂ। ਆਓ ਆਪਾਂ ਹਮੇਸ਼ਾ ਉਨ੍ਹਾਂ ਗੱਲਾਂ ਨੂੰ ਚੁਣੀਏ ਜਿਨ੍ਹਾਂ ਉੱਤੇ ਵਿਚਾਰ ਕਰ ਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ।

ਪਰਮੇਸ਼ੁਰ ਦੀ ਆਤਮਾ ਦਾ ਅਸਰ ਹੋਰ ਵੀ ਜ਼ੋਰਦਾਰ ਹੈ

15. ਪ੍ਰਾਚੀਨ ਕੁਰਿੰਥੁਸ ਵਿਚ ਰਹਿੰਦੇ ਮਸੀਹੀ ਬਾਕੀ ਦੇ ਵਾਸੀਆਂ ਨਾਲੋਂ ਭਿੰਨ ਕਿਸ ਤਰ੍ਹਾਂ ਸਨ?

15 ਦੁਨੀਆਂ ਦੀ ਆਤਮਾ ਲੋਕਾਂ ਨੂੰ ਕੁਰਾਹੇ ਪਾਉਂਦੀ ਹੈ, ਪਰ ਪਰਮੇਸ਼ੁਰ ਦੀ ਆਤਮਾ ਸੱਚੇ ਮਸੀਹੀਆਂ ਨੂੰ ਸਹੀ ਸੇਧ ਦਿੰਦੀ ਹੈ। ਕੁਰਿੰਥੁਸ ਦੀ ਕਲੀਸਿਯਾ ਨੂੰ ਪੌਲੁਸ ਨੇ ਲਿਖਿਆ ਸੀ: “ਸਾਨੂੰ ਜਗਤ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ ਤਾਂ ਜੋ ਅਸੀਂ ਉਨ੍ਹਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ੁਰ ਨੇ ਸਾਨੂੰ ਬਖਸ਼ੇ ਹਨ।” (1 ਕੁਰਿੰਥੀਆਂ 2:12) ਪ੍ਰਾਚੀਨ ਕੁਰਿੰਥੁਸ ਵਿਚ ਹਰ ਪਾਸੇ ਦੁਨੀਆਂ ਦੀ ਆਤਮਾ ਸਾਫ਼ ਜ਼ਾਹਰ ਸੀ। ਲੋਕ ਆਪਣੀ ਬੇਸ਼ਰਮੀ ਕਰਕੇ ਇੰਨੇ ਬਦਨਾਮ ਸਨ ਕਿ ਜਦ ਕੋਈ ਕਿਸੇ ਨੂੰ ਕਹਿੰਦਾ ਸੀ ਕਿ ਉਹ ਕੁਰਿੰਥੀਆਂ ਵਰਗਾ ਕੰਮ ਕਰ ਰਿਹਾ ਸੀ, ਤਾਂ ਇਸ ਦਾ ਮਤਲਬ ਸੀ ਕਿ ਉਹ ਬਦਚਲਣ ਸੀ। ਸ਼ਤਾਨ ਨੇ ਲੋਕਾਂ ਦੇ ਮਨਾਂ ਨੂੰ ਅੰਨ੍ਹਾ ਕੀਤਾ ਹੋਇਆ ਸੀ। ਇਸ ਕਾਰਨ ਉਹ ਪਰਮੇਸ਼ੁਰ ਬਾਰੇ ਕੁਝ ਨਹੀਂ ਸਮਝਦੇ ਸਨ। (2 ਕੁਰਿੰਥੀਆਂ 4:4) ਪਰ ਯਹੋਵਾਹ ਨੇ ਆਪਣੀ ਆਤਮਾ ਦੇ ਜ਼ਰੀਏ ਕੁਝ ਕੁਰਿੰਥੀ ਲੋਕਾਂ ਦੀਆਂ ਅੱਖਾਂ ਖੋਲ੍ਹੀਆਂ ਤੇ ਉਨ੍ਹਾਂ ਨੇ ਸੱਚਾਈ ਸਿੱਖੀ। ਉਸ ਦੀ ਆਤਮਾ ਨੇ ਉਨ੍ਹਾਂ ਨੂੰ ਸੇਧ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਤੇ ਉਨ੍ਹਾਂ ਨੇ ਆਪਣੇ ਤੌਰ-ਤਰੀਕੇ ਬਦਲ ਕੇ ਪਰਮੇਸ਼ੁਰ ਦੀ ਮਿਹਰ ਹਾਸਲ ਕੀਤੀ। (1 ਕੁਰਿੰਥੀਆਂ 6:9-11) ਭਾਵੇਂ ਦੁਨੀਆਂ ਦੀ ਆਤਮਾ ਦਾ ਅਸਰ ਜ਼ੋਰਦਾਰ ਸੀ, ਪਰ ਯਹੋਵਾਹ ਦੀ ਆਤਮਾ ਉਸ ਤੋਂ ਵੀ ਜ਼ਿਆਦਾ ਜ਼ੋਰਦਾਰ ਨਿਕਲੀ।

16. ਸਾਨੂੰ ਯਹੋਵਾਹ ਦੀ ਆਤਮਾ ਕਿਸ ਤਰ੍ਹਾਂ ਮਿਲ ਸਕਦੀ ਹੈ?

16 ਅੱਜ ਵੀ ਯਹੋਵਾਹ ਦੀ ਪਵਿੱਤਰ ਆਤਮਾ ਸਾਰੇ ਵਿਸ਼ਵ ਵਿਚ ਸਭ ਤੋਂ ਜ਼ੋਰਦਾਰ ਸ਼ਕਤੀ ਹੈ। ਜੋ ਕੋਈ ਚਾਹੇ ਯਹੋਵਾਹ ਤੋਂ ਨਿਹਚਾ ਨਾਲ ਇਹ ਸ਼ਕਤੀ ਮੰਗ ਸਕਦਾ ਹੈ ਤੇ ਯਹੋਵਾਹ ਉਸ ਨੂੰ ਖੁੱਲ੍ਹੇ ਦਿਲ ਨਾਲ ਦੇਵੇਗਾ। (ਲੂਕਾ 11:13) ਪਰ ਯਹੋਵਾਹ ਦੀ ਆਤਮਾ ਪਾਉਣ ਲਈ ਸਾਨੂੰ ਦੁਨੀਆਂ ਦੀ ਆਤਮਾ ਦਾ ਵਿਰੋਧ ਕਰਨ ਤੋਂ ਇਲਾਵਾ ਹੋਰ ਵੀ ਕੁਝ ਕਰਨ ਦੀ ਲੋੜ ਹੈ। ਉਹ ਕੀ? ਸਾਨੂੰ ਬਾਕਾਇਦਾ ਬਾਈਬਲ ਦੀ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਉਸ ਉੱਤੇ ਅਮਲ ਕਰਨਾ ਚਾਹੀਦਾ ਹੈ ਤਾਂਕਿ ਸਾਡੀ ਸੋਚਣੀ ਯਹੋਵਾਹ ਦੀ ਸੋਚਣੀ ਮੁਤਾਬਕ ਢਾਲ਼ੀ ਜਾਵੇ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਯਹੋਵਾਹ ਸਾਨੂੰ ਤਕੜੇ ਕਰੇਗਾ ਤਾਂਕਿ ਸ਼ਤਾਨ ਦੀ ਕੋਈ ਵੀ ਜੁਗਤ ਸਾਨੂੰ ਕੁਰਾਹੇ ਨਾ ਪਾ ਸਕੇ।

17. ਲੂਤ ਦੇ ਨਾਲ ਜੋ ਹੋਇਆ ਸੀ ਉਸ ਤੋਂ ਸਾਨੂੰ ਹੌਸਲਾ ਕਿਸ ਤਰ੍ਹਾਂ ਮਿਲ ਸਕਦਾ ਹੈ?

17 ਭਾਵੇਂ ਮਸੀਹੀ ਦੁਨੀਆਂ ਦੇ ਨਹੀਂ ਹਨ, ਪਰ ਜਦ ਤਕ ਉਹ ਇਸ ਦੁਨੀਆਂ ਵਿਚ ਹਨ ਉਨ੍ਹਾਂ ਨੂੰ ਦੁਨੀਆਂ ਦੀ ਭੈੜੀ ਹਵਾ ਦਾ ਸਾਮ੍ਹਣਾ ਕਰਨਾ ਹੀ ਪੈਂਦਾ ਹੈ। (ਯੂਹੰਨਾ 17:11, 16) ਉਨ੍ਹਾਂ ਦਾ ਸ਼ਾਇਦ ਕੰਮ ਤੇ ਜਾਂ ਘਰ ਵਿਚ ਅਜਿਹੇ ਵਿਅਕਤੀਆਂ ਨਾਲ ਵਾਸਤਾ ਪੈਂਦਾ ਹੈ ਜੋ ਨਾ ਤਾਂ ਪਰਮੇਸ਼ੁਰ ਦੀ ਅਤੇ ਨਾ ਹੀ ਉਸ ਦੇ ਮਿਆਰਾਂ ਦੀ ਕਦਰ ਕਰਦੇ ਹਨ। ਕੀ ਅਸੀਂ ਲੂਤ ਵਾਂਗ ਲੋਕਾਂ ਦੀਆਂ ਹਰਕਤਾਂ ਦੇਖ ਕੇ ਬਹੁਤ ਦੁਖੀ ਹੁੰਦੇ ਹਾਂ? ਉਹ ਸਦੂਮ ਦੇ ਲੋਕਾਂ ਦੇ ਭੈੜੇ ਕੰਮ ਦੇਖ ਕੇ ਜਿੱਚਦਾ ਸੀ। (2 ਪਤਰਸ 2:7, 8) ਜੇ ਅਸੀਂ ਦੁਖੀ ਹੁੰਦੇ ਹਾਂ, ਤਾਂ ਸਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ। ਯਹੋਵਾਹ ਨੇ ਲੂਤ ਨੂੰ ਬਚਾਇਆ ਸੀ ਤੇ ਉਹ ਸਾਡੀ ਵੀ ਰਾਖੀ ਕਰ ਸਕਦਾ ਹੈ। ਸਾਡਾ ਪਿਆਰਾ ਪਿਤਾ ਸਾਡੇ ਹਾਲਾਤ ਜਾਣਦਾ ਹੈ ਤੇ ਸੱਚਾਈ ਵਿਚ ਤਕੜੇ ਰਹਿਣ ਲਈ ਉਹ ਸਾਡੀ ਮਦਦ ਕਰ ਸਕਦਾ ਹੈ। (ਜ਼ਬੂਰਾਂ ਦੀ ਪੋਥੀ 33:18, 19) ਜੇ ਅਸੀਂ ਉਸ ਤੇ ਭਰੋਸਾ ਰੱਖਾਂਗੇ, ਉਸ ਤੇ ਇਤਬਾਰ ਕਰਾਂਗੇ ਅਤੇ ਉਸ ਨੂੰ ਪ੍ਰਾਰਥਨਾ ਕਰਾਂਗੇ, ਤਾਂ ਉਹ ਸਾਡੀ ਮਦਦ ਜ਼ਰੂਰ ਕਰੇਗਾ। ਭਾਵੇਂ ਸਾਡੇ ਹਾਲਾਤ ਕਿੰਨੇ ਵੀ ਮੁਸ਼ਕਲ ਕਿਉਂ ਨਾ ਹੋਣ, ਫਿਰ ਵੀ ਉਹ ਸਾਨੂੰ ਦੁਨੀਆਂ ਦੀ ਆਤਮਾ ਦੇ ਅਸਰ ਤੋਂ ਬਚਣ ਲਈ ਸਹਾਇਤਾ ਦੇਵੇਗਾ।—ਯਸਾਯਾਹ 41:10.

18. ਸਾਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਚੌਕਸੀ ਕਿਉਂ ਕਰਨੀ ਚਾਹੀਦੀ ਹੈ?

18 ਇਹ ਦੁਨੀਆਂ ਪਰਮੇਸ਼ੁਰ ਤੋਂ ਵਾਂਝੀ ਹੈ ਤੇ ਸ਼ਤਾਨ ਦੇ ਧੋਖੇ ਵਿਚ ਫਸੀ ਹੋਈ ਹੈ। ਪਰ ਅਸੀਂ ਯਹੋਵਾਹ ਦੇ ਲੋਕ ਹੋਣ ਦੇ ਨਾਤੇ ਸੱਚਾਈ ਜਾਣਦੇ ਹਾਂ। ਸਿੱਟੇ ਵਜੋਂ ਸਾਨੂੰ ਉਹ ਸ਼ਾਂਤੀ ਤੇ ਆਨੰਦ ਮਿਲਦਾ ਹੈ ਜੋ ਦੁਨੀਆਂ ਦੇ ਲੋਕਾਂ ਕੋਲ ਨਹੀਂ ਹੈ। (ਯਸਾਯਾਹ 57:20, 21; ਗਲਾਤੀਆਂ 5:22) ਅਸੀਂ ਉਸ ਸਮੇਂ ਦੀ ਆਸ ਵਿਚ ਰਹਿੰਦੇ ਹਾਂ ਜਦੋਂ ਫਿਰਦੌਸ ਵਿਚ ਅਸੀਂ ਹਮੇਸ਼ਾ ਲਈ ਜੀ ਸਕਾਂਗੇ ਅਤੇ ਇਸ ਦੁਨੀਆਂ ਦੀ ਹਵਾ ਦਾ ਕੋਈ ਨਾਮੋ-ਨਿਸ਼ਾਨ ਨਹੀਂ ਰਹੇਗਾ। ਤਾਂ ਫਿਰ, ਆਓ ਆਪਾਂ ਯਹੋਵਾਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖੀਏ ਅਤੇ ਚੌਕਸੀ ਨਾਲ ਆਪਣੇ ਅੰਦਰੋਂ ਹਰ ਗ਼ਲਤ ਰੁਝਾਨ ਨੂੰ ਕੱਢੀਏ। ਆਓ ਆਪਾਂ ਯਹੋਵਾਹ ਦੇ ਨੇੜੇ ਹੁੰਦੇ ਰਹੀਏ ਤੇ ਉਹ ਦੁਨੀਆਂ ਦੀ ਹਵਾ ਤੋਂ ਬਚਣ ਵਿਚ ਸਾਡੀ ਮਦਦ ਜ਼ਰੂਰ ਕਰੇਗਾ।—ਯਾਕੂਬ 4:7, 8.

ਕੀ ਤੁਸੀਂ ਸਮਝਾ ਸਕਦੇ ਹੋ?

• ਸ਼ਤਾਨ ਨੇ ਕਿਨ੍ਹਾਂ ਤਰੀਕਿਆਂ ਨਾਲ ਲੋਕਾਂ ਨੂੰ ਧੋਖਾ ਦਿੱਤਾ ਹੈ?

• ਅਸੀਂ ਯਹੋਵਾਹ ਤੋਂ ਦੂਰ ਹੋਣ ਤੋਂ ਕਿਵੇਂ ਬਚ ਸਕਦੇ ਹਾਂ?

• ਇਸ ਗੱਲ ਦਾ ਕੀ ਸਬੂਤ ਹੈ ਕਿ ਦੁਨੀਆਂ ਦੀ ਆਤਮਾ ਦਾ ਅਸਰ ਜ਼ੋਰਦਾਰ ਹੈ?

• ਸਾਨੂੰ ਯਹੋਵਾਹ ਦੀ ਆਤਮਾ ਕਿਸ ਤਰ੍ਹਾਂ ਮਿਲ ਸਕਦੀ ਹੈ?

[ਸਵਾਲ]

[ਸਫ਼ੇ 11 ਉੱਤੇ ਚਾਰਟ]

ਦੁਨਿਆਵੀ ਬੁੱਧ ਦੇ ਮੁਕਾਬਲੇ ਵਿਚ ਪਰਮੇਸ਼ੁਰੀ ਬੁੱਧ

ਸੱਚਾਈ ਹੈ ਕੀ?

“[ਪਰਮੇਸ਼ੁਰ ਦਾ] ਬਚਨ ਸਚਿਆਈ ਹੈ।”—ਯੂਹੰਨਾ 17:17.

ਆਪਣੇ ਦਿਲ ਦੀ ਸੁਣੋ।

“ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।”—ਯਿਰਮਿਯਾਹ 17:9.

ਆਪਣੀ ਮਰਜ਼ੀ ਕਰੋ।

“ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰਮਿਯਾਹ 10:23.

ਪੈਸਾ ਸਭ ਕੁਝ ਹੈ।

“ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ।”—1 ਤਿਮੋਥਿਉਸ 6:10.

[ਸਫ਼ੇ 10 ਉੱਤੇ ਤਸਵੀਰ]

ਸੁਲੇਮਾਨ ਨੇ ਯਹੋਵਾਹ ਦੀ ਭਗਤੀ ਛੱਡ ਕੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ

[ਸਫ਼ੇ 12 ਉੱਤੇ ਤਸਵੀਰ]

ਸ਼ਤਾਨ ਇਸ਼ਤਿਹਾਰਬਾਜ਼ੀ ਕਰਦੇ ਹੋਏ ਦੁਨੀਆਂ ਦੀ ਆਤਮਾ ਨਾਲ ਸਾਨੂੰ ਲੁਭਾਉਂਦਾ ਹੈ। ਕੀ ਤੁਸੀਂ ਇਸ ਆਤਮਾ ਤੋਂ ਬਚ ਕੇ ਰਹਿੰਦੇ ਹੋ?