Skip to content

Skip to table of contents

ਲਾਈਬੀਰੀਆ—ਯੁੱਧ ਦੇ ਬਾਵਜੂਦ ਪ੍ਰਚਾਰ ਕਰਨ ਦੇ ਵਧੀਆ ਨਤੀਜੇ

ਲਾਈਬੀਰੀਆ—ਯੁੱਧ ਦੇ ਬਾਵਜੂਦ ਪ੍ਰਚਾਰ ਕਰਨ ਦੇ ਵਧੀਆ ਨਤੀਜੇ

ਲਾਈਬੀਰੀਆ—ਯੁੱਧ ਦੇ ਬਾਵਜੂਦ ਪ੍ਰਚਾਰ ਕਰਨ ਦੇ ਵਧੀਆ ਨਤੀਜੇ

ਲਾਈਬੀਰੀਆ ਵਿਚ ਘਰੇਲੂ ਯੁੱਧ ਪਿੱਛਲੇ ਦਸ ਤੋਂ ਜ਼ਿਆਦਾ ਸਾਲਾਂ ਤਕ ਚੱਲਦਾ ਆਇਆ ਹੈ। ਸਾਲ 2003 ਦੌਰਾਨ ਵਿਦਰੋਹੀ, ਲੜਾਈ ਕਰਦੇ-ਕਰਦੇ ਲਾਈਬੀਰੀਆ ਦੀ ਰਾਜਧਾਨੀ, ਮਨਰੋਵੀਆ ਤਕ ਪਹੁੰਚ ਗਏ ਸਨ। ਯਹੋਵਾਹ ਦੇ ਕਈ ਗਵਾਹਾਂ ਨੂੰ ਵਾਰ-ਵਾਰ ਆਪਣੇ ਘਰਾਂ ਨੂੰ ਛੱਡ ਕੇ ਭੱਜਣਾ ਪਿਆ। ਕਈ ਲੋਕਾਂ ਦੇ ਘਰਾਂ ਨੂੰ ਵਾਰ-ਵਾਰ ਲੁੱਟਿਆ ਵੀ ਗਿਆ।

ਅਫ਼ਸੋਸ ਦੀ ਗੱਲ ਹੈ ਕਿ ਰਾਜਧਾਨੀ ਵਿਚ ਲੜਾਈ ਦੌਰਾਨ ਹਜ਼ਾਰਾਂ ਦੀਆਂ ਜਾਨਾਂ ਗਈਆਂ। ਇਨ੍ਹਾਂ ਵਿਚ ਸਾਡੀ ਇਕ ਭੈਣ ਅਤੇ ਇਕ ਭਰਾ ਨੂੰ ਵੀ ਮਾਰਿਆ ਗਿਆ ਸੀ। ਸਾਡੇ ਭੈਣਾਂ-ਭਰਾਵਾਂ ਨੇ ਇਨ੍ਹਾਂ ਕਠਿਨ ਹਾਲਤਾਂ ਦਾ ਕਿਵੇਂ ਸਾਮ੍ਹਣਾ ਕੀਤਾ ਅਤੇ ਉਨ੍ਹਾਂ ਦੀ ਮਦਦ ਲਈ ਕਿਹੜੇ ਕੁਝ ਪ੍ਰਬੰਧ ਕੀਤੇ ਗਏ ਸਨ?

ਲੋੜਵੰਦਾਂ ਲਈ ਮਦਦ

ਇਨ੍ਹਾਂ ਸੰਕਟ-ਭਰੇ ਸਮਿਆਂ ਦੌਰਾਨ ਲਾਈਬੀਰੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫਿਸ ਨੇ ਲੋੜਵੰਦਾਂ ਦੀ ਸਹਾਇਤਾ ਕੀਤੀ। ਖਾਣਾ, ਦਵਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਉਨ੍ਹਾਂ ਤਕ ਪਹੁੰਚਾਇਆ ਗਿਆ। ਜਦੋਂ ਵਿਦਰੋਹੀਆਂ ਨੇ ਬੰਦਰਗਾਹ ਤੇ ਕਬਜ਼ਾ ਕੀਤਾ, ਤਾਂ ਖਾਣ-ਪੀਣ ਦਾ ਸਾਮਾਨ ਮਿਲਣਾ ਬਹੁਤ ਮੁਸ਼ਕਲ ਸੀ। ਪਰ ਬ੍ਰਾਂਚ ਆਫਿਸ ਨੇ ਪਹਿਲਾਂ ਹੀ ਇਸ ਸਥਿਤੀ ਬਾਰੇ ਸੋਚਿਆ ਹੋਇਆ ਸੀ। ਉਨ੍ਹਾਂ ਨੇ ਉਨ੍ਹਾਂ ਦੋ ਹਜ਼ਾਰ ਗਵਾਹਾਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਹੋਇਆ ਸੀ ਜੋ ਸ਼ਹਿਰ ਦੇ ਆਲੇ-ਦੁਆਲੇ ਵੱਖਰੇ-ਵੱਖਰੇ ਕਿੰਗਡਮ ਹਾਲਾਂ ਵਿਚ ਪਨਾਹ ਲੈ ਰਹੇ ਸਨ। ਭਰਾਵਾਂ ਨੇ ਰੋਟੀ-ਪਾਣੀ ਬੜੇ ਧਿਆਨ ਨਾਲ ਵੰਡਿਆ ਤਾਂਕਿ ਬੰਦਰਗਾਹ ਦੇ ਮੁੜ ਕੇ ਖੁੱਲ੍ਹਣ ਤਕ ਕਿਸੇ ਚੀਜ਼ ਦੀ ਥੁੜ ਨਾ ਹੋਵੇ। ਬੈਲਜੀਅਮ ਤੇ ਸੀਅਰਾ ਲਿਓਨ ਦੇ ਬ੍ਰਾਂਚ ਆਫਿਸਾਂ ਨੇ ਦਵਾਈਆਂ ਵਗੈਰਾ ਦਾ ਪ੍ਰਬੰਧ ਕੀਤਾ ਅਤੇ ਬਰਤਾਨੀਆ ਤੇ ਫਰਾਂਸ ਦੇ ਆਫਿਸਾਂ ਨੇ ਕੱਪੜੇ-ਲੀੜਿਆਂ ਦਾ ਇੰਤਜ਼ਾਮ ਕੀਤਾ।

ਖ਼ਤਰਨਾਕ ਹਾਲਤਾਂ ਦੇ ਬਾਵਜੂਦ ਸਾਡੇ ਭਰਾ ਖ਼ੁਸ਼ ਰਹੇ ਅਤੇ ਉਨ੍ਹਾਂ ਨੇ ਚੰਗਾ ਰਵੱਈਆ ਰੱਖਿਆ। ਇਕ ਭਰਾ ਨੂੰ ਆਪਣੇ ਘਰੋਂ ਤਿੰਨ ਵਾਰ ਭੱਜਣਾ ਪਿਆ ਸੀ। ਉਸ ਨੇ ਕਿਹਾ: “ਅਸੀਂ ਇਨ੍ਹਾਂ ਹਾਲਤਾਂ ਬਾਰੇ ਤਾਂ ਪ੍ਰਚਾਰ ਕਰਦੇ ਹਾਂ; ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ।” ਹੋਰਨਾਂ ਬਹੁਤ ਸਾਰੇ ਭੈਣਾਂ-ਭਰਾਵਾਂ ਦਾ ਵੀ ਇਹੋ ਜਿਹਾ ਰਵੱਈਆ ਸੀ।

ਪ੍ਰਚਾਰ ਕਰਨ ਦੇ ਵਧੀਆ ਨਤੀਜੇ

ਪੂਰੇ ਦੇਸ਼ ਵਿਚ ਹੱਲ-ਚੱਲ ਮਚੀ ਹੋਈ ਸੀ ਪਰ ਫਿਰ ਵੀ ਯਹੋਵਾਹ ਦੇ ਗਵਾਹ ਪ੍ਰਚਾਰ ਕਰਨ ਤੋਂ ਨਹੀਂ ਹਟੇ ਅਤੇ ਇਸ ਦੇ ਵਧੀਆ ਨਤੀਜੇ ਨਿਕਲੇ। ਜਨਵਰੀ 2003 ਵਿਚ ਰਾਜ ਪ੍ਰਚਾਰਕਾਂ ਦੀ ਗਿਣਤੀ 3,879 ਤਕ ਪਹੁੰਚ ਗਈ ਜੋ ਅੱਗੇ ਨਾਲੋਂ ਕਿਤੇ ਜ਼ਿਆਦਾ ਸੀ। ਉਨ੍ਹਾਂ ਨੇ ਫਰਵਰੀ ਦੇ ਮਹੀਨੇ ਵਿਚ 15,227 ਬਾਈਬਲ ਸਟੱਡੀਆਂ ਕਰਾਈਆਂ।

ਲੋਕ ਖ਼ੁਸ਼ ਖ਼ਬਰੀ ਦਾ ਸੰਦੇਸ਼ ਸੁਣ ਕੇ ਜਲਦੀ ਹੀ ਪਛਾਣ ਲੈਂਦੇ ਹਨ ਕਿ ਇਹ ਸੱਚਾਈ ਹੈ। ਇਸ ਦੀ ਇਕ ਵਧੀਆ ਉਦਾਹਰਣ ਦੱਖਣ-ਪੂਰਬ ਦੇ ਇਕ ਪਿੰਡ ਤੋਂ ਹੈ। ਇਕ ਕਲੀਸਿਯਾ ਨੇ ਯਿਸੂ ਦੀ ਮੌਤ ਦੀ ਯਾਦਗਾਰ ਆਪਣੇ ਲਾਗੇ ਦੇ ਬੇਵਾਨ ਨਾਂ ਦੇ ਪਿੰਡ ਵਿਚ ਮਨਾਉਣ ਦੀ ਸਲਾਹ ਕੀਤੀ। ਇਹ ਪਿੰਡ ਉਸ ਜਗ੍ਹਾ ਤੋਂ ਜਿੱਥੇ ਉਹ ਆਮ ਤੌਰ ਤੇ ਆਪਣੀਆਂ ਮੀਟਿੰਗਾਂ ਕਰਦੇ ਹੁੰਦੇ ਸਨ, ਪੈਦਲ ਚੱਲ ਕੇ ਪੰਜ ਕੁ ਘੰਟਿਆਂ ਦਾ ਰਾਹ ਸੀ। ਪਿੰਡ ਦੇ ਲੋਕਾਂ ਨੂੰ ਸੱਦਾ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਬੇਵਾਨ ਪਿੰਡ ਦੇ ਮੇਅਰ ਨੂੰ ਯਾਦਗਾਰ ਵਿਚ ਆਉਣ ਦਾ ਸੱਦਾ ਦਿੱਤਾ। ਜਦ ਉਸ ਨੂੰ ਇਹ ਸੱਦਾ ਮਿਲਿਆ, ਤਾਂ ਉਸ ਨੇ ਆਪਣੀ ਬਾਈਬਲ ਚੁੱਕੀ ਅਤੇ ਸਾਰੇ ਪਿੰਡ ਨਾਲ ਗੱਲ ਕਰਨ ਗਿਆ। ਉਸ ਨੇ ਸੱਦੇ ਤੇ ਲਿਖਿਆ ਹਵਾਲਾ ਸਾਰਿਆਂ ਦੇ ਸਾਮ੍ਹਣੇ ਪੜ੍ਹਿਆ ਅਤੇ ਉਨ੍ਹਾਂ ਨੂੰ ਯਾਦਗਾਰ ਵਿਚ ਹਾਜ਼ਰ ਹੋਣ ਲਈ ਹੌਸਲਾ ਦਿੱਤਾ। ਜਦ ਭੈਣ-ਭਰਾ ਬੇਵਾਨ ਦੇ ਲੋਕਾਂ ਨੂੰ ਮਿਲਣ ਗਏ, ਤਾਂ ਲੱਗਦਾ ਸੀ ਕਿ ਉਨ੍ਹਾਂ ਦਾ ਕੰਮ ਮੇਅਰ ਨੇ ਪਹਿਲਾਂ ਹੀ ਕਰ ਦਿੱਤਾ ਸੀ! ਮੇਅਰ, ਉਸ ਦੀਆਂ ਦੋ ਪਤਨੀਆਂ ਤੇ ਬੱਚੇ ਸਾਰੇ ਹਾਜ਼ਰ ਸਨ। ਕੁਲ ਮਿਲਾ ਕੇ 27 ਜਣੇ ਇਸ ਖ਼ਾਸ ਮੌਕੇ ਤੇ ਆਏ ਸਨ। ਉਸ ਸਮੇਂ ਤੋਂ ਮੇਅਰ ਨੇ ਮੈਥੋਡਿਸਟ ਚਰਚ ਛੱਡ ਕੇ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਗਵਾਹਾਂ ਨੂੰ ਕਿੰਗਡਮ ਹਾਲ ਬਣਾਉਣ ਲਈ ਜ਼ਮੀਨ ਵੀ ਦਿੱਤੀ।

ਮਨ ਬਦਲਿਆ

ਸਾਡੇ ਭੈਣਾਂ-ਭਰਾਵਾਂ ਦੇ ਚਾਲ-ਚਲਣ ਕਾਰਨ ਵੀ ਕਈ ਵਿਰੋਧੀ ਪ੍ਰਭਾਵਿਤ ਹੋਏ ਹਨ। ਮਿਸਾਲ ਲਈ ਉਪੋਕੁ ਨਾਂ ਦੇ ਇਕ ਆਦਮੀ ਦੀ ਉਦਾਹਰਣ ਵੱਲ ਧਿਆਨ ਦਿਓ। ਪ੍ਰਚਾਰ ਕਰਦੇ ਹੋਏ ਇਕ ਸਪੈਸ਼ਲ ਪਾਇਨੀਅਰ ਨੇ ਉਸ ਨੂੰ ਪਹਿਰਾਬੁਰਜ ਰਸਾਲਾ ਦੇਣ ਦੀ ਪੇਸ਼ਕਸ਼ ਕੀਤੀ। ਉਪੋਕੁ ਨੂੰ ਰਸਾਲੇ ਵਿਚ ਇਕ ਲੇਖ ਨਜ਼ਰ ਆਇਆ ਜੋ ਉਹ ਪੜ੍ਹਨਾ ਚਾਹੁੰਦਾ ਸੀ, ਪਰ ਉਸ ਕੋਲ ਪੈਸੇ ਨਹੀਂ ਸਨ। ਪਾਇਨੀਅਰ ਨੇ ਉਸ ਨੂੰ ਕਿਹਾ ਕਿ ਪੈਸੇ ਦੀ ਲੋੜ ਨਹੀਂ ਸੀ ਅਤੇ ਭਰਾ ਨੇ ਉਸ ਨੂੰ ਦੁਬਾਰਾ ਮਿਲਣ ਦੀ ਯੋਜਨਾ ਬਣਾਈ। ਦੂਜੀ ਮੁਲਾਕਾਤ ਤੇ ਉਪੋਕੁ ਨੇ ਪਾਇਨੀਅਰ ਭਰਾ ਨੂੰ ਪੁੱਛਿਆ: “ਕੀ ਤੂੰ ਮੈਨੂੰ ਜਾਣਦਾ ਹੈਂ? ਹਾਰਪਾ ਸ਼ਹਿਰ ਵਿਚ ਤੁਹਾਡੇ ਲੋਕ ਤਾਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹਨ। ਮੈਂ ਤੁਹਾਡੇ ਬੱਚਿਆਂ ਨੂੰ ਸਤਾ ਕੇ ਸਕੂਲੋਂ ਕੱਢਦਾ ਹੁੰਦਾ ਸੀ!” ਅੱਗੇ ਉਸ ਨੇ ਭਰਾ ਨੂੰ ਸਮਝਾਇਆ ਕਿ ਉਹ ਸਕੂਲ ਦਾ ਹੈੱਡ ਮਾਸਟਰ ਹੁੰਦਾ ਸੀ ਅਤੇ ਉਹ ਯਹੋਵਾਹ ਦੇ ਗਵਾਹਾਂ ਦੇ ਬੱਚਿਆਂ ਨੂੰ ਝੰਡੇ ਨੂੰ ਸਲਾਮੀ ਨਾ ਦੇਣ ਕਰਕੇ ਸਤਾਉਂਦਾ ਹੁੰਦਾ ਸੀ।

ਪਰ ਯਹੋਵਾਹ ਦੇ ਗਵਾਹਾਂ ਦੇ ਪਿਆਰ ਦੀਆਂ ਤਿੰਨ ਉਦਾਹਰਣਾਂ ਨੇ ਉਸ ਦਾ ਮਨ ਬਦਲ ਦਿੱਤਾ। ਪਹਿਲੀ ਉਦਾਹਰਣ ਵਿਚ ਉਸ ਨੇ ਗਵਾਹਾਂ ਨੂੰ ਇਕ ਬੀਮਾਰ ਭਰਾ ਦੀ ਦੇਖ-ਭਾਲ ਕਰਦੇ ਹੋਏ ਦੇਖਿਆ। ਗਵਾਹਾਂ ਨੇ ਉਸ ਬੀਮਾਰ ਭਰਾ ਲਈ ਨਾਲ ਦੇ ਦੇਸ਼ ਵਿਚ ਇਲਾਜ ਕਰਾਉਣ ਦਾ ਵੀ ਇੰਤਜ਼ਾਮ ਕੀਤਾ। ਉਪੋਕੁ ਨੇ ਸੋਚਿਆ ਕਿ ਉਹ ਭਰਾ ਯਹੋਵਾਹ ਦੇ ਗਵਾਹਾਂ ਵਿਚ ਕੋਈ “ਵੱਡਾ ਆਦਮੀ” ਹੋਵੇਗਾ, ਪਰ ਉਹ ਹੈਰਾਨ ਹੋਇਆ ਜਦ ਉਸ ਨੂੰ ਪਤਾ ਲੱਗਾ ਕਿ ਉਹ ਬਾਕੀ ਸਾਰਿਆਂ ਵਰਗਾ ਸੀ। ਦੂਜੀ ਉਦਾਹਰਣ ਇਹ ਸੀ, 1990 ਦੇ ਦਹਾਕੇ ਦੌਰਾਨ ਉਪੋਕੁ ਕੋਟ ਡਿਵੁਆਰ ਦੇਸ਼ ਵਿਚ ਇਕ ਰਫਿਊਜੀ ਸੀ। ਇਕ ਦਿਨ ਉਸ ਨੂੰ ਪਿਆਸ ਲੱਗੀ ਹੋਈ ਸੀ ਅਤੇ ਉਹ ਇਕ ਜਵਾਨ ਆਦਮੀ ਕੋਲੋਂ ਪਾਣੀ ਖ਼ਰੀਦਣ ਗਿਆ। ਉਪੋਕੁ ਕੋਲ ਸਿਰਫ਼ ਇਕ ਵੱਡਾ ਨੋਟ ਸੀ ਅਤੇ ਆਦਮੀ ਕੋਲ ਟੁੱਟੇ ਪੈਸੇ ਨਹੀਂ ਸਨ। ਇਸ ਲਈ ਆਦਮੀ ਨੇ ਉਸ ਨੂੰ ਮੁਫ਼ਤ ਪਾਣੀ ਪਿਲਾ ਦਿੱਤਾ। ਆਦਮੀ ਨੇ ਉਪੋਕੁ ਨੂੰ ਪਾਣੀ ਦਿੰਦਿਆਂ ਪੁੱਛਿਆ: “ਕੀ ਤੁਹਾਡੇ ਖ਼ਿਆਲ ਵਿਚ ਇਸ ਤਰ੍ਹਾਂ ਦਾ ਕਦੀ ਸਮਾਂ ਆਵੇਗਾ ਜਦ ਸਾਡੇ ਵਰਗੇ ਲੋਕ ਪੈਸੇ ਲੈਣ-ਦੇਣ ਬਿਨਾਂ ਇਕ-ਦੂਜੇ ਨੂੰ ਸਾਮਾਨ ਦੇਣ ਲਈ ਰਾਜ਼ੀ ਹੋਣਗੇ?” ਉਪੋਕੁ ਨੇ ਪਛਾਣ ਲਿਆ ਕਿ ਉਹ ਆਦਮੀ ਯਹੋਵਾਹ ਦਾ ਗਵਾਹ ਸੀ। ਉਸ ਭਰਾ ਦੇ ਖੁੱਲ੍ਹ-ਦਿਲੇ ਰਵੱਈਏ ਨੇ ਉਪੋਕੁ ਨੂੰ ਪ੍ਰਭਾਵਿਤ ਕੀਤਾ। ਤੀਜੀ ਉਦਾਹਰਣ ਵਿਚ ਜਦ ਭਰਾ ਨੇ ਉਪੋਕੁ ਨੂੰ ਪੈਸੇ ਲਏ ਬਿਨਾਂ ਪਹਿਰਾਬੁਰਜ ਰਸਾਲਾ ਦਿੱਤਾ, ਤਾਂ ਉਸ ਨੂੰ ਪਤਾ ਲੱਗਾ ਕਿ ਗਵਾਹਾਂ ਪ੍ਰਤੀ ਉਸ ਦਾ ਰਵੱਈਆ ਗ਼ਲਤ ਸੀ ਅਤੇ ਉਸ ਨੂੰ ਆਪਣੀ ਸੋਚਣੀ ਬਦਲਣ ਦੀ ਲੋੜ ਸੀ। ਉਪੋਕੁ ਨੇ ਸੱਚਾਈ ਵਿਚ ਤਰੱਕੀ ਕੀਤੀ ਅਤੇ ਉਹ ਗਵਾਹਾਂ ਨਾਲ ਪ੍ਰਚਾਰ ਕਰਨ ਲੱਗ ਪਿਆ ਹੈ।

ਜੀ ਹਾਂ, ਭਾਵੇਂ ਕਿ ਲਾਈਬੀਰੀਆ ਵਿਚ ਭੈਣ-ਭਰਾ ਹਾਲੇ ਵੀ ਕਈ ਦੁੱਖ-ਤਕਲੀਫ਼ਾਂ ਦਾ ਸਾਮ੍ਹਣਾ ਕਰ ਰਹੇ ਹਨ, ਪਰ ਉਹ ਪਰਮੇਸ਼ੁਰ ਉੱਤੇ ਆਪਣਾ ਭਰੋਸਾ ਰੱਖਦੇ ਹੋਏ ਉਸ ਦੇ ਰਾਜ ਅਧੀਨ ਆਉਣ ਵਾਲੇ ਵਧੀਆ ਸਮੇਂ ਬਾਰੇ ਖ਼ੁਸ਼ੀ ਨਾਲ ਪ੍ਰਚਾਰ ਕਰਦੇ ਹਨ। ਯਹੋਵਾਹ ਉਨ੍ਹਾਂ ਦੀ ਮਿਹਨਤ ਅਤੇ ਉਸ ਦੇ ਨਾਂ ਲਈ ਉਨ੍ਹਾਂ ਦੇ ਪ੍ਰੇਮ ਨੂੰ ਕਦੇ ਵੀ ਨਹੀਂ ਭੁੱਲੇਗਾ।—ਇਬਰਾਨੀਆਂ 6:10.

[ਸਫ਼ੇ 30 ਉੱਤੇ ਨਕਸ਼ੇ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਮਨਰੋਵੀਆ

[ਸਫ਼ੇ 31 ਉੱਤੇ ਤਸਵੀਰ]

ਸੰਕਟ ਦੇ ਵੇਲੇ ਯਹੋਵਾਹ ਦੇ ਲੋਕ ਰੂਹਾਨੀ ਅਤੇ ਭੌਤਿਕ ਤੌਰ ਤੇ ਲੋੜਵੰਦਾਂ ਦੀ ਮਦਦ ਕਰਦੇ ਹਨ