Skip to content

Skip to table of contents

ਲੋਕਾਂ ਨੂੰ ਉਨ੍ਹਾਂ ਦੀ ਨੌਕਰੀ ਦੀ ਜਗ੍ਹਾ ਤੇ ਪ੍ਰਚਾਰ ਕਰਨਾ

ਲੋਕਾਂ ਨੂੰ ਉਨ੍ਹਾਂ ਦੀ ਨੌਕਰੀ ਦੀ ਜਗ੍ਹਾ ਤੇ ਪ੍ਰਚਾਰ ਕਰਨਾ

ਰਾਜ ਘੋਸ਼ਕ ਰਿਪੋਰਟ ਕਰਦੇ ਹਨ

ਲੋਕਾਂ ਨੂੰ ਉਨ੍ਹਾਂ ਦੀ ਨੌਕਰੀ ਦੀ ਜਗ੍ਹਾ ਤੇ ਪ੍ਰਚਾਰ ਕਰਨਾ

ਮੱਤੀ, ਪਤਰਸ, ਅੰਦ੍ਰਿਯਾਸ, ਯਾਕੂਬ ਅਤੇ ਯੂਹੰਨਾ ਰਸੂਲਾਂ ਦੇ ਆਪਸ ਵਿਚ ਸਾਂਝੀ ਗੱਲ ਕੀ ਸੀ? ਇਹ ਸਾਰੇ ਆਪਣੇ ਕੰਮ-ਧੰਦੇ ਵਿਚ ਰੁੱਝੇ ਸਨ ਜਦੋਂ ਯਿਸੂ ਨੇ ਇਨ੍ਹਾਂ ਨੂੰ ਆਪਣੇ ਮਗਰ ਲੱਗਣ ਲਈ ਸੱਦਾ ਦਿੱਤਾ ਸੀ। ਪਤਰਸ, ਅੰਦ੍ਰਿਯਾਸ, ਯਾਕੂਬ ਅਤੇ ਯੂਹੰਨਾ ਮੱਛੀਆਂ ਫੜ ਰਹੇ ਸਨ ਜਦੋਂ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੇਰੇ ਮਗਰ ਆਓ।” ਮੱਤੀ ਰਸੂਲ ਮਸੂਲ ਦੀ ਚੌਂਕੀ ਤੇ ਬੈਠਾ ਸੀ ਜਦੋਂ ਉਸ ਨੂੰ ਚੇਲਾ ਬਣਨ ਦਾ ਸੱਦਾ ਦਿੱਤਾ ਗਿਆ ਸੀ।—ਮੱਤੀ 4:18-21; 9:9.

ਸੰਭਵ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਕੰਮ ਦੀ ਜਗ੍ਹਾ ਤੇ ਜਾ ਕੇ ਪ੍ਰਚਾਰ ਕਰਨ ਦੇ ਵਧੀਆ ਨਤੀਜੇ ਨਿਕਲਦੇ ਹਨ। ਇਸ ਲਈ ਜਪਾਨ ਦੇ ਭੈਣਾਂ-ਭਰਾਵਾਂ ਨੇ ਪ੍ਰਚਾਰ ਕਰਨ ਦਾ ਇਹ ਜ਼ਰੀਆ ਖ਼ਾਸ ਕਰ ਕੇ ਅਪਣਾਇਆ ਹੈ। ਇਸ ਦੇ ਕੀ ਨਤੀਜੇ ਨਿਕਲੇ? ਕੁਝ ਹੀ ਮਹੀਨਿਆਂ ਵਿਚ ਉਨ੍ਹਾਂ ਨੇ ਲੋਕਾਂ ਨਾਲ ਹਜ਼ਾਰਾਂ ਹੀ ਪੁਨਰ-ਮੁਲਾਕਾਤਾਂ ਕੀਤੀਆਂ ਅਤੇ ਕੁਝ 250 ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਅਗਲਿਆਂ ਕੁਝ ਅਨੁਭਵਾਂ ਵੱਲ ਧਿਆਨ ਦਿਓ।

ਟੋਕੀਓ ਦੇ ਰਹਿਣ ਵਾਲੇ ਇਕ ਪਾਇਨੀਅਰ ਭਰਾ ਨੇ ਇਕ ਰੈਸਤੋਰਾਂ ਦੇ ਮੈਨੇਜਰ ਨਾਲ ਗੱਲ ਕੀਤੀ ਜਿਸ ਨੇ ਸਕੂਲੇ ਕੁਝ 30 ਸਾਲ ਪਹਿਲਾਂ ਇਕ ਗਵਾਹ ਨਾਲ ਗੱਲਬਾਤ ਕੀਤੀ ਸੀ। ਭਾਵੇਂ ਕਿ ਇਸ ਮੈਨੇਜਰ ਨੂੰ ਸਕੂਲੇ ਸੁਣੀਆਂ ਗੱਲਾਂ ਦੀ ਇੰਨੀ ਸਮਝ ਨਹੀਂ ਆਈ, ਫਿਰ ਵੀ ਉਸ ਨੂੰ ਬਾਈਬਲ ਵਿਚ ਦਿਲਚਸਪੀ ਹੋਣ ਲੱਗੀ। ਗਵਾਹਾਂ ਨਾਲ ਹੁਣ ਦੁਬਾਰਾ ਗੱਲਬਾਤ ਸ਼ੁਰੂ ਕਰਨ ਨਾਲ ਉਸ ਨੇ ਖ਼ੁਸ਼ੀ-ਖ਼ੁਸ਼ੀ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ * ਕਿਤਾਬ ਦੁਆਰਾ ਬਾਈਬਲ ਸਟੱਡੀ ਕਰਨੀ ਚਾਹੀ। ਇਸ ਦੇ ਨਾਲ-ਨਾਲ ਉਸ ਨੇ ਹਰ ਦਿਨ ਸੌਣ ਤੋਂ ਪਹਿਲਾਂ ਬਾਈਬਲ ਦਾ ਕੁਝ ਹਿੱਸਾ ਪੜ੍ਹਨ ਦਾ ਪ੍ਰੋਗ੍ਰਾਮ ਬਣਾਇਆ।

ਇਕ ਸਪੈਸ਼ਲ ਪਾਇਨੀਅਰ ਭੈਣ ਦਫ਼ਤਰਾਂ ਵਿਚ ਪ੍ਰਚਾਰ ਕਰ ਰਹੀ ਸੀ। ਉੱਥੇ ਉਸ ਨੇ ਰਿਸੈਪਸ਼ਨਿਸਟ ਨੂੰ ਅਰਜ਼ ਕੀਤੀ ਕਿ ਉਹ ਮੈਨੇਜਰ ਨੂੰ ਟੈਲੀਫ਼ੋਨ ਲਗਾਵੇ, ਪਰ ਮੈਨੇਜਰ ਕੋਲ ਗੱਲ ਕਰਨ ਦਾ ਸਮਾਂ ਨਹੀਂ ਸੀ। ਇਸ ਲਈ ਉਸ ਦੀ ਸੈਕਟਰੀ ਨੇ ਸਾਡੀ ਭੈਣ ਨੂੰ ਕਿਹਾ “ਕੀ ਤੁਸੀਂ ਮੇਰੇ ਨਾਲ ਗੱਲ ਕਰਨੀ ਚਾਹੋਗੇ?” ਭੈਣ ਨਾਲ ਟੈਲੀਫ਼ੋਨ ਤੇ ਕੁਝ ਸਮੇਂ ਲਈ ਗੱਲ ਕਰਨ ਤੋਂ ਬਾਅਦ ਸੈਕਟਰੀ ਨੇ ਦਫ਼ਤਰੋਂ ਬਾਹਰ ਆ ਕੇ ਭੈਣ ਨੂੰ ਕਿਹਾ ਕਿ ਉਹ ਵੀ ਬਾਈਬਲ ਪੜ੍ਹਨੀ ਚਾਹੁੰਦੀ ਸੀ। ਅਗਲੀ ਮੁਲਾਕਾਤ ਤੇ ਪਾਇਨੀਅਰ ਭੈਣ ਉਸ ਔਰਤ ਲਈ ਇਕ ਬਾਈਬਲ ਲੈ ਕੇ ਗਈ ਅਤੇ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ, ਜੋ ਸਵੇਰੇ-ਸਵੇਰੇ ਉਸ ਦੇ ਕੰਮ ਜਾਣ ਤੋਂ ਪਹਿਲਾਂ ਨਜ਼ਦੀਕ ਦੀ ਇਕ ਪਾਰਕ ਵਿਚ ਕੀਤੀ ਜਾਂਦੀ ਹੈ।

ਇਕ ਹੋਰ ਦਫ਼ਤਰ ਵਿਚ ਇਕ ਆਦਮੀ ਨੇ ਆਪਣੀ ਸਹਿਕਰਮੀ ਨੂੰ ਇਕ ਗਵਾਹ ਤੋਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲੈਂਦੀ ਨੂੰ ਦੇਖਿਆ, ਪਰ ਗਵਾਹ ਦੇ ਜਾਣ ਤੋਂ ਤੁਰੰਤ ਬਾਅਦ ਔਰਤ ਨੇ ਰਸਾਲੇ ਕੂੜੇ ਦੇ ਡੱਬੇ ਵਿਚ ਸੁੱਟ ਦਿੱਤੇ। ਜਦੋਂ ਆਦਮੀ ਘਰ ਗਿਆ, ਤਾਂ ਉਸ ਨੇ ਆਪਣੀ ਪਤਨੀ ਨੂੰ ਇਸ ਘਟਣਾ ਬਾਰੇ ਦੱਸਿਆ ਜੋ ਖ਼ੁਦ ਇਕ ਗਵਾਹ ਸੀ। ਉਸ ਨੇ ਆਪਣੀ ਪਤਨੀ ਨੂੰ ਕਿਹਾ ‘ਜੇ ਮੈਂ ਹੁੰਦਾ, ਤਾਂ ਮੈਂ ਘੱਟ ਤੋਂ ਘੱਟ ਕੁਝ ਸਮੇਂ ਲਈ ਗਵਾਹ ਦੀ ਗੱਲਬਾਤ ਜ਼ਰੂਰ ਸੁਣਦਾ।’ ਇਸ ਆਦਮੀ ਦੀ ਲੜਕੀ ਆਪਣੇ ਮਾਪਿਆਂ ਦੀ ਗੱਲ ਸੁਣ ਰਹੀ ਸੀ ਅਤੇ ਉਸ ਨੇ ਜਾ ਕੇ ਉਸ ਗਵਾਹ ਨੂੰ ਇਸ ਬਾਰੇ ਦੱਸਿਆ ਜੋ ਅਕਸਰ ਉਨ੍ਹਾਂ ਦਫ਼ਤਰਾਂ ਵਿਚ ਪ੍ਰਚਾਰ ਦਾ ਕੰਮ ਕਰਦਾ ਹੈ। ਭਰਾ ਤੁਰੰਤ ਉਸ ਆਦਮੀ ਨੂੰ ਦਫ਼ਤਰ ਤੇ ਮਿਲਣ ਗਿਆ ਅਤੇ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕਰ ਦਿੱਤੀ। ਬਹੁਤ ਜਲਦੀ ਉਹ ਐਤਵਾਰ ਨੂੰ ਲਗਾਤਾਰ ਮੀਟਿੰਗਾਂ ਵਿਚ ਹਾਜ਼ਰ ਹੋਣ ਲੱਗ ਪਿਆ।

ਲੋਕਾਂ ਨਾਲ ਉਨ੍ਹਾਂ ਦੇ ਕੰਮ ਦੀ ਜਗ੍ਹਾ ਤੇ ਪ੍ਰਚਾਰ ਕਰਨ ਨਾਲ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੋਏ ਹਨ। ਜਪਾਨ ਵਿਚ ਭੈਣ-ਭਰਾ ਲੋਕਾਂ ਨਾਲ ਬਾਜ਼ਾਰ ਵਿਚ, ਫੈਕਟਰੀਆਂ ਵਿਚ ਅਤੇ ਦਫ਼ਤਰਾਂ ਵਿਚ ਪੁਨਰ-ਮੁਲਾਕਾਤਾਂ ਕਰਨ ਵਿਚ ਬਹੁਤ ਸਫ਼ਲ ਹੋਏ ਹਨ। ਇਸ ਤੋਂ ਇਲਾਵਾ ਪ੍ਰਚਾਰ ਕਰਨ ਦੇ ਇਸ ਜ਼ਰੀਏ ਦੁਆਰਾ ਉਨ੍ਹਾਂ ਲੋਕਾਂ ਦੇ ਨਾਲ ਮੁਲਾਕਾਤ ਹੋਈ ਹੈ ਜੋ ਪਿਛਲਿਆਂ ਸਾਲਾਂ ਦੌਰਾਨ ਸੱਚਾਈ ਨੂੰ ਛੱਡ ਗਏ ਸਨ। ਇਨ੍ਹਾਂ ਨਾਲ ਵੀ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਕੰਮ ਦੇ ਨਤੀਜੇ ਬਹੁਤ ਹੀ ਵਧੀਆ ਸਾਬਤ ਹੋਏ ਹਨ। ਹਾਲ ਹੀ ਵਿਚ ਟੋਕੀਓ ਦੀ ਇਕ ਕਲੀਸਿਯਾ ਵਿਚ 108 ਬਾਈਬਲ ਸਟੱਡੀਆਂ ਕੀਤੀਆਂ ਜਾ ਰਹੀਆਂ ਹਨ। ਇਹ ਗਿਣਤੀ ਪਿਛਲੇ ਸਾਲ ਨਾਲੋਂ ਦੁਗਣੀ ਹੈ।

[ਫੁਟਨੋਟ]

^ ਪੈਰਾ 5 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।