Skip to content

Skip to table of contents

ਹਰ ਚੁਣੌਤੀ ਦੌਰਾਨ ਪਰਮੇਸ਼ੁਰ ਤੇ ਆਸ ਰੱਖੋ

ਹਰ ਚੁਣੌਤੀ ਦੌਰਾਨ ਪਰਮੇਸ਼ੁਰ ਤੇ ਆਸ ਰੱਖੋ

ਹਰ ਚੁਣੌਤੀ ਦੌਰਾਨ ਪਰਮੇਸ਼ੁਰ ਤੇ ਆਸ ਰੱਖੋ

‘ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਠਹਿਰਾਉਣ ਦਾ ਜਤਨ ਕਰੋ।’—2 ਤਿਮੋਥਿਉਸ 2:15.

1. ਕਿਹੋ ਜਿਹੀਆਂ ਤਬਦੀਲੀਆਂ ਸਾਡੀ ਨਿਹਚਾ ਲਈ ਚੁਣੌਤੀ ਬਣ ਸਕਦੀਆਂ ਹਨ?

ਸਾਡੇ ਆਲੇ-ਦੁਆਲੇ ਦੀ ਦੁਨੀਆਂ ਬਦਲਦੀ ਰਹਿੰਦੀ ਹੈ। ਇਕ ਪਾਸੇ ਅਸੀਂ ਸਾਇੰਸ ਤੇ ਤਕਨਾਲੋਜੀ ਦੀ ਸ਼ਾਨਦਾਰ ਤਰੱਕੀ ਦੇਖਦੇ ਹਾਂ, ਪਰ ਦੂਜੇ ਪਾਸੇ ਲੋਕਾਂ ਦੀਆਂ ਨੈਤਿਕ ਕਦਰਾਂ-ਕੀਮਤਾਂ ਡਿੱਗਦੀਆਂ ਜਾ ਰਹੀਆਂ ਹਨ। ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਸਾਨੂੰ ਸ਼ਤਾਨ ਦੀ ਦੁਨੀਆਂ ਦੀ ਹਵਾ ਲੱਗਣ ਤੋਂ ਬਚਣ ਦੀ ਲੋੜ ਹੈ। ਦੁਨੀਆਂ ਤਾਂ ਬਦਲਦੀ ਹੈ ਹੀ, ਪਰ ਅਸੀਂ ਵੀ ਕਈ ਤਰੀਕਿਆਂ ਨਾਲ ਬਦਲਦੇ ਹਾਂ। ਬਚਪਨ ਛੱਡ ਕੇ ਅਸੀਂ ਜਵਾਨੀ ਵਿਚ ਕਦਮ ਰੱਖਦੇ ਹਾਂ। ਸ਼ਾਇਦ ਅਸੀਂ ਜਾਇਦਾਦ ਵਿਚ ਆਈਏ ਜਾਂ ਪੈਸਾ ਗੁਆਈਏ; ਸ਼ਾਇਦ ਬੀਮਾਰ ਹੋ ਜਾਈਏ ਜਾਂ ਕਿਸੇ ਰੋਗ ਤੋਂ ਚੰਗੇ ਹੋ ਜਾਈਏ; ਸਾਡੇ ਘਰ ਵਿਚ ਸ਼ਾਇਦ ਕੋਈ ਨਵਾਂ ਜੀਅ ਆ ਜਾਵੇ ਜਾਂ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਵੇ। ਅਜਿਹੀਆਂ ਕਈ ਤਬਦੀਲੀਆਂ ਤੇ ਸਾਡਾ ਕੋਈ ਵੱਸ ਨਹੀਂ ਚੱਲਦਾ, ਪਰ ਇਹ ਅਜਿਹੀਆਂ ਚੁਣੌਤੀਆਂ ਪੇਸ਼ ਕਰ ਸਕਦੀਆਂ ਹਨ ਜੋ ਸਾਡੀ ਨਿਹਚਾ ਦੀ ਮਜ਼ਬੂਤੀ ਨੂੰ ਪਰਖਣ।

2. ਦਾਊਦ ਦੀ ਜ਼ਿੰਦਗੀ ਵਿਚ ਕਿਹੜੀਆਂ ਤਬਦੀਲੀਆਂ ਆਈਆਂ ਸਨ?

2 ਆਓ ਆਪਾਂ ਯੱਸੀ ਦੇ ਪੁੱਤਰ ਦਾਊਦ ਦੀ ਜ਼ਿੰਦਗੀ ਵੱਲ ਧਿਆਨ ਦੇਈਏ। ਬਹੁਤ ਹੀ ਘੱਟ ਲੋਕ ਹੋਣਗੇ ਜਿਨ੍ਹਾਂ ਦੀ ਜ਼ਿੰਦਗੀ ਵਿਚ ਇੰਨੀਆਂ ਵੱਡੀਆਂ ਤਬਦੀਲੀਆਂ ਆਈਆਂ ਹੋਣ। ਥੋੜ੍ਹੇ ਹੀ ਸਮੇਂ ਵਿਚ ਦਾਊਦ ਇਕ ਗੁਮਨਾਮ ਚਰਵਾਹੇ ਤੋਂ ਇਕ ਪ੍ਰਸਿੱਧ ਸੂਰਬੀਰ ਬਣ ਗਿਆ ਸੀ। ਬਾਅਦ ਵਿਚ ਉਸ ਨੂੰ ਇਕ ਖੁਣਸੀ ਰਾਜੇ ਤੋਂ ਜਾਨ ਬਚਾ ਕੇ ਭੱਜਣਾ ਪਿਆ ਜੋ ਇਕ ਸ਼ਿਕਾਰੀ ਵਾਂਗ ਉਸ ਦਾ ਪਿੱਛਾ ਕਰ ਰਿਹਾ ਸੀ। ਇਸ ਤੋਂ ਬਾਅਦ ਦਾਊਦ ਆਪ ਇਕ ਰਾਜਾ ਤੇ ਵਿਜੇਤਾ ਬਣਿਆ। ਵੱਡੇ ਪਾਪ ਕਰਨ ਕਰਕੇ ਉਸ ਨੇ ਬਹੁਤ ਦੁੱਖ ਭੋਗੇ। ਉਸ ਨੇ ਆਪਣੇ ਘਰ ਵਿਚ ਆਫ਼ਤ ਆਉਂਦੀ ਤੇ ਫੁੱਟ ਪੈਂਦੀ ਦੇਖੀ। ਉਹ ਪੈਸੇ ਵਾਲਾ ਬਣਿਆ ਅਤੇ ਅਖ਼ੀਰ ਵਿਚ ਦਮ ਤੋੜਨ ਤੋਂ ਪਹਿਲਾਂ ਉਸ ਨੇ ਬੁਢੇਪੇ ਦੀਆਂ ਦੁੱਖ-ਤਕਲੀਫ਼ਾਂ ਸਹੀਆਂ। ਪਰ ਜ਼ਿੰਦਗੀ ਦੀਆਂ ਇਨ੍ਹਾਂ ਸਾਰੀਆਂ ਤਬਦੀਲੀਆਂ ਦੇ ਬਾਵਜੂਦ ਦਾਊਦ ਯਹੋਵਾਹ ਉੱਤੇ ਭਰੋਸਾ ਰੱਖਦਾ ਰਿਹਾ ਕਿ ਉਹ ਆਪਣੀ ਆਤਮਾ ਦੇ ਜ਼ਰੀਏ ਉਸ ਦੀ ਮਦਦ ਕਰੇਗਾ। ਉਸ ਨੇ ‘ਪਰਮੇਸ਼ੁਰ ਦੇ ਅੱਗੇ ਪਰਵਾਨ ਠਹਿਰਨ’ ਵਾਸਤੇ ਆਪਣੀ ਪੂਰੀ ਵਾਹ ਲਾਈ ਅਤੇ ਪਰਮੇਸ਼ੁਰ ਨੇ ਵੀ ਉਸ ਦਾ ਸਾਥ ਨਹੀਂ ਛੱਡਿਆ। (2 ਤਿਮੋਥਿਉਸ 2:15) ਭਾਵੇਂ ਸਾਡੇ ਹਾਲਾਤ ਦਾਊਦ ਵਰਗੇ ਨਾ ਵੀ ਹੋਣ, ਫਿਰ ਵੀ ਅਸੀਂ ਉਸ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਕਿ ਉਸ ਨੇ ਇਨ੍ਹਾਂ ਹਾਲਾਤਾਂ ਵਿਚ ਕੀ ਕੀਤਾ ਸੀ। ਉਸ ਦੀ ਮਿਸਾਲ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਜਦ ਸਾਡੇ ਹਾਲਾਤ ਬਦਲਦੇ ਹਨ, ਤਾਂ ਅਸੀਂ ਪਰਮੇਸ਼ੁਰ ਦੀ ਆਤਮਾ ਤੋਂ ਮਦਦ ਕਿਵੇਂ ਹਾਸਲ ਕਰ ਸਕਦੇ ਹਾਂ।

ਦਾਊਦ ਦੀ ਹਲੀਮੀ ਦੀ ਰੀਸ ਕਰੋ

3, 4. ਦਾਊਦ ਇਕ ਗੁਮਨਾਮ ਚਰਵਾਹੇ ਤੋਂ ਇਕ ਪ੍ਰਸਿੱਧ ਸੂਰਬੀਰ ਕਿਵੇਂ ਬਣਿਆ ਸੀ?

3 ਜਦੋਂ ਸਮੂਏਲ ਨਬੀ ਬੈਤਲਹਮ ਵਿਚ ਦਾਊਦ ਦੇ ਘਰ ਆਇਆ, ਤਾਂ ਦਾਊਦ ਦੇ ਪਿਤਾ ਨੇ ਉਸ ਅੱਗੇ ਆਪਣੇ ਅੱਠਾਂ ਵਿੱਚੋਂ ਸੱਤ ਮੁੰਡੇ ਪੇਸ਼ ਕੀਤੇ ਸਨ। ਉਸ ਨੇ ਆਪਣੇ ਸਭ ਤੋਂ ਛੋਟੇ ਮੁੰਡੇ ਦਾਊਦ ਨੂੰ ਬੁਲਾਇਆ ਤਕ ਨਹੀਂ ਜੋ ਬਾਹਰ ਭੇਡਾਂ ਚਾਰ ਰਿਹਾ ਸੀ। ਪਰ ਯਹੋਵਾਹ ਨੇ ਦਾਊਦ ਨੂੰ ਇਸਰਾਏਲ ਦਾ ਅਗਲਾ ਰਾਜਾ ਬਣਨ ਲਈ ਚੁਣਿਆ ਸੀ, ਇਸ ਲਈ ਦਾਊਦ ਨੂੰ ਅੰਦਰ ਬੁਲਾਇਆ ਗਿਆ। ਬਾਈਬਲ ਅੱਗੇ ਕਹਿੰਦੀ ਹੈ: “ਸਮੂਏਲ ਨੇ ਤੇਲ ਦਾ ਸਿੰਙ ਲੈ ਕੇ ਉਹ ਦੇ ਭਰਾਵਾਂ ਦੇ ਵਿੱਚ ਉਹ ਨੂੰ ਮਸਹ ਕੀਤਾ ਅਤੇ ਉਸ ਦਿਨ ਤੋਂ ਯਹੋਵਾਹ ਦਾ ਆਤਮਾ ਸਦਾ ਦਾਊਦ ਉੱਤੇ ਆਉਂਦਾ ਰਿਹਾ।” (1 ਸਮੂਏਲ 16:12, 13) ਦਾਊਦ ਉਮਰ ਭਰ ਉਸ ਆਤਮਾ ਉੱਤੇ ਨਿਰਭਰ ਕਰਦਾ ਰਿਹਾ।

4 ਕੁਝ ਹੀ ਸਮੇਂ ਵਿਚ ਇਹ ਮਾਮੂਲੀ ਜਿਹਾ ਮੁੰਡਾ ਦੇਸ਼ ਵਿਚ ਪ੍ਰਸਿੱਧ ਹੋ ਗਿਆ। ਪਹਿਲਾਂ-ਪਹਿਲ ਤਾਂ ਉਸ ਨੂੰ ਰਾਜੇ ਦੀ ਸੇਵਾ ਕਰਨ ਅਤੇ ਉਸ ਵਾਸਤੇ ਬਰਬਤ ਵਜਾਉਣ ਲਈ ਬੁਲਾਇਆ ਗਿਆ ਸੀ। ਫਿਰ ਉਸ ਨੇ ਦੈਂਤ ਵਰਗੇ ਗੋਲਿਅਥ ਨੂੰ ਜਾਨੋਂ ਮਾਰਿਆ ਜੋ ਇੰਨਾ ਵਹਿਸ਼ੀ ਸੀ ਕਿ ਇਸਰਾਏਲ ਦੇ ਬਹਾਦਰ ਫ਼ੌਜੀ ਵੀ ਉਸ ਦਾ ਸਾਮ੍ਹਣਾ ਕਰਨ ਤੋਂ ਡਰਦੇ ਸਨ। ਇਸ ਤੋਂ ਬਾਅਦ ਰਾਜੇ ਦੀ ਫ਼ੌਜ ਦਾ ਸੈਨਾਪਤੀ ਬਣ ਕੇ ਦਾਊਦ ਨੇ ਫਿਲਿਸਤੀਆਂ ਤੇ ਜਿੱਤ ਹਾਸਲ ਕੀਤੀ, ਜਿਸ ਕਰਕੇ ਉਸ ਨੇ ਲੋਕਾਂ ਦਾ ਦਿਲ ਜਿੱਤ ਲਿਆ। ਲੋਕਾਂ ਨੇ ਗੀਤਾਂ ਵਿਚ ਉਸ ਦੇ ਗੁਣ ਗਾਏ। ਦਾਊਦ ਦੇ ਪ੍ਰਸਿੱਧ ਹੋਣ ਤੋਂ ਕਾਫ਼ੀ ਸਮਾਂ ਪਹਿਲਾਂ ਰਾਜਾ ਸ਼ਾਊਲ ਦੇ ਇਕ ਚਾਕਰ ਨੇ ਰਾਜੇ ਨੂੰ ਕਿਹਾ ਸੀ ਕਿ ਦਾਊਦ ਨਾ ਸਿਰਫ਼ ਬਰਬਤ “ਵਜਾਉਣ ਵਿੱਚ ਚਤਰ ਹੈ,” ਸਗੋਂ ਉਹ “ਡਾਢਾ ਸੂਰਬੀਰ ਹੈ, ਜੋਧਾ ਵੀ ਹੈ, ਗੱਲਾਂ ਵਿੱਚ ਵੱਡਾ ਸਿਆਣਾ ਹੈ, ਸੋਹਣਾ ਹੈ।”—1 ਸਮੂਏਲ 16:18; 17:23, 24, 45-51; 18:5-7.

5. ਕਿਹੜੀ ਚੀਜ਼ ਦਾਊਦ ਨੂੰ ਹੈਂਕੜਬਾਜ਼ ਬਣਾ ਸਕਦੀ ਸੀ ਅਤੇ ਸਾਨੂੰ ਕਿਵੇਂ ਪਤਾ ਕਿ ਉਹ ਘਮੰਡੀ ਨਹੀਂ ਬਣਿਆ?

5 ਦੇਖਿਆ ਜਾਵੇ ਤਾਂ ਦਾਊਦ ਕੋਲ ਸਭ ਕੁਝ ਸੀ—ਮਸ਼ਹੂਰੀ, ਖ਼ੂਬਸੂਰਤੀ, ਜਵਾਨੀ, ਮਿੱਠੀ ਜ਼ਬਾਨ, ਸੰਗੀਤਕ ਕਲਾ, ਫ਼ੌਜੀ ਨਿਪੁੰਨਤਾ ਅਤੇ ਪਰਮੇਸ਼ੁਰ ਦੀ ਮਿਹਰ। ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਉਸ ਨੂੰ ਹੈਂਕੜਬਾਜ਼ ਬਣਾ ਸਕਦੀ ਸੀ, ਪਰ ਇਸ ਤਰ੍ਹਾਂ ਨਹੀਂ ਹੋਇਆ। ਜ਼ਰਾ ਧਿਆਨ ਦਿਓ ਕਿ ਜਦ ਰਾਜਾ ਸ਼ਾਊਲ ਨੇ ਦਾਊਦ ਨੂੰ ਆਪਣੀ ਕੁੜੀ ਦਾ ਹੱਥ ਦੇਣਾ ਚਾਹਿਆ, ਤਾਂ ਦਾਊਦ ਨੇ ਹਲੀਮੀ ਨਾਲ ਉਸ ਨੂੰ ਕਿਹਾ ਸੀ: “ਮੈਂ ਹਾਂ ਕੌਣ ਅਤੇ ਮੇਰੀ ਜਿੰਦ ਕੀ ਹੈ ਅਤੇ ਇਸਰਾਏਲ ਵਿੱਚ ਮੇਰੇ ਪਿਉ ਦਾ ਟੱਬਰ ਕਿਹੜਾ ਹੈ ਜੋ ਮੈਂ ਪਾਤਸ਼ਾਹ ਦਾ ਜਵਾਈ ਬਣਾਂ?” (1 ਸਮੂਏਲ 18:18) ਇਸ ਆਇਤ ਬਾਰੇ ਬਾਈਬਲ ਦੇ ਇਕ ਵਿਦਵਾਨ ਨੇ ਲਿਖਿਆ: “ਦਾਊਦ ਦੇ ਕਹਿਣ ਦਾ ਮਤਲਬ ਸੀ ਕਿ ਨਾ ਤਾਂ ਉਸ ਵਿਚ ਕੋਈ ਖ਼ਾਸੀਅਤ ਸੀ, ਨਾ ਹੀ ਉਸ ਦੀ ਕੋਈ ਉੱਚੀ ਪਦਵੀ ਸੀ ਤੇ ਨਾ ਉਹ ਕਿਸੇ ਨਾਮੀ ਖ਼ਾਨਦਾਨ ਤੋਂ ਸੀ। ਤਾਂ ਫਿਰ, ਉਹ ਰਾਜੇ ਸਾਮ੍ਹਣੇ ਕਿਹੜਾ ਮੂੰਹ ਲੈ ਕੇ ਆ ਸਕਦਾ ਸੀ ਕਿ ਉਹ ਉਸ ਦਾ ਦਮਾਦ ਬਣੇ।”

6. ਸਾਨੂੰ ਹਲੀਮ ਕਿਉਂ ਬਣਨਾ ਚਾਹੀਦਾ ਹੈ?

6 ਦਾਊਦ ਹਲੀਮ ਕਿਉਂ ਸੀ? ਉਹ ਜਾਣਦਾ ਸੀ ਕਿ ਯਹੋਵਾਹ ਦੀ ਮਹਾਨਤਾ ਦੇ ਸਾਮ੍ਹਣੇ ਪਾਪੀ ਇਨਸਾਨ ਕੁਝ ਵੀ ਨਹੀਂ ਹਨ। ਦਾਊਦ ਤਾਂ ਇਸ ਗੱਲ ਤੋਂ ਵੀ ਹੈਰਾਨ ਸੀ ਕਿ ਪਰਮੇਸ਼ੁਰ ਆਦਮੀ ਦੀ ਪਰਵਾਹ ਕਰਦਾ ਹੈ। (ਜ਼ਬੂਰਾਂ ਦੀ ਪੋਥੀ 144:3) ਉਹ ਇਹ ਵੀ ਜਾਣਦਾ ਸੀ ਕਿ ਜੇ ਉਹ ਆਪ ਕੁਝ ਸੀ, ਤਾਂ ਇਹ ਯਹੋਵਾਹ ਦੀ ਬਦੌਲਤ ਸੀ। ਉਹ ਵੱਡਾ ਇਨਸਾਨ ਬਣਿਆ ਕਿਉਂਕਿ ਯਹੋਵਾਹ ਨੇ ਆਪਣੇ ਆਪ ਨੂੰ ਨੀਵਾਂ ਕਰ ਕੇ ਉਸ ਦੀ ਰਾਖੀ ਤੇ ਦੇਖ-ਭਾਲ ਕੀਤੀ। (ਜ਼ਬੂਰਾਂ ਦੀ ਪੋਥੀ 113:6) ਇਸ ਤੋਂ ਅਸੀਂ ਬਹੁਤ ਹੀ ਸੋਹਣਾ ਸਬਕ ਸਿੱਖ ਸਕਦੇ ਹਾਂ। ਸਾਨੂੰ ਆਪਣੀਆਂ ਯੋਗਤਾਵਾਂ, ਕਾਮਯਾਬੀਆਂ ਅਤੇ ਯਹੋਵਾਹ ਦੀ ਸੇਵਾ ਵਿਚ ਜ਼ਿੰਮੇਵਾਰੀਆਂ ਉੱਤੇ ਕਦੇ ਵੀ ਘਮੰਡ ਨਹੀਂ ਕਰਨਾ ਚਾਹੀਦਾ। ਪੌਲੁਸ ਰਸੂਲ ਨੇ ਲਿਖਿਆ: “ਤੇਰੇ ਕੋਲ ਕੀ ਹੈ ਜੋ ਤੈਂ ਦੂਏ ਤੋਂ ਨਹੀਂ ਲਿਆ? ਪਰ ਜੇ ਤੈਂ ਲਿਆ ਵੀ ਦੂਏ ਤੋਂ ਤਾਂ ਅਭਮਾਨ ਕਾਹਨੂੰ ਕਰਦਾ ਹੈਂ ਭਈ ਜਾਣੀਦਾ ਲਿਆ ਹੀ ਨਹੀਂ?” (1 ਕੁਰਿੰਥੀਆਂ 4:7) ਪਰਮੇਸ਼ੁਰ ਦੀ ਆਤਮਾ ਦੀ ਮਦਦ ਪਾਉਣ ਲਈ ਅਤੇ ਉਸ ਅੱਗੇ ਪ੍ਰਵਾਨ ਠਹਿਰਨ ਲਈ ਸਾਨੂੰ ਹਲੀਮ ਬਣਨ ਦੀ ਲੋੜ ਹੈ।—ਯਾਕੂਬ 4:6.

“ਆਪਣਾ ਬਦਲਾ ਨਾ ਲਓ”

7. ਦਾਊਦ ਨੂੰ ਰਾਜਾ ਸ਼ਾਊਲ ਦੀ ਜਾਨ ਲੈਣ ਦਾ ਕਿਹੜਾ ਮੌਕਾ ਮਿਲਿਆ ਸੀ?

7 ਭਾਵੇਂ ਦਾਊਦ ਦੀ ਮਸ਼ਹੂਰੀ ਨੇ ਉਸ ਨੂੰ ਘਮੰਡੀ ਨਹੀਂ ਬਣਾਇਆ, ਪਰ ਇਸ ਨੇ ਰਾਜਾ ਸ਼ਾਊਲ ਨੂੰ ਜਾਲ ਛੱਡਿਆ। ਸ਼ਾਊਲ ਉੱਤੇ ਯਹੋਵਾਹ ਦੀ ਆਤਮਾ ਨਾ ਰਹਿਣ ਕਰਕੇ ਉਸ ਨੇ ਦਾਊਦ ਦੀ ਜਾਨ ਲੈਣ ਦੀ ਠਾਣ ਲਈ। ਦਾਊਦ ਨੇ ਕੁਝ ਗ਼ਲਤ ਨਹੀਂ ਕੀਤਾ ਸੀ, ਫਿਰ ਵੀ ਉਸ ਨੂੰ ਆਪਣੀ ਜਾਨ ਬਚਾਉਣ ਲਈ ਉਜਾੜ ਵਿਚ ਭੱਜਣਾ ਪਿਆ। ਇਕ ਦਿਨ ਰਾਜਾ ਸ਼ਾਊਲ ਦਾਊਦ ਦਾ ਪਿੱਛਾ ਕਰਦਾ ਹੋਇਆ ਇਕ ਗੁਫਾ ਵਿਚ ਵੜਿਆ। ਉਸ ਨੂੰ ਨਹੀਂ ਪਤਾ ਸੀ ਕਿ ਦਾਊਦ ਤੇ ਉਸ ਦੇ ਸਾਥੀ ਉਸੇ ਗੁਫਾ ਵਿਚ ਲੁਕੇ ਹੋਏ ਸਨ। ਦਾਊਦ ਦੇ ਆਦਮੀਆਂ ਨੇ ਉਸ ਨੂੰ ਸ਼ਾਊਲ ਦੀ ਜਾਨ ਲੈਣ ਦੀ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਸ਼ਾਇਦ ਪਰਮੇਸ਼ੁਰ ਨੇ ਹੀ ਉਸ ਨੂੰ ਇਹ ਮੌਕਾ ਦਿੱਤਾ ਸੀ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਹਨੇਰੇ ਵਿਚ ਬੈਠੇ ਉਨ੍ਹਾਂ ਆਦਮੀਆਂ ਨੇ ਕਿਵੇਂ ਦਾਊਦ ਦੇ ਕੰਨ ਵਿਚ ਫੁਸਫੁਸਾਇਆ ਹੋਣਾ: “ਵੇਖੋ, ਉਹ ਦਿਨ ਆਇਆ ਹੈ ਜੋ ਯਹੋਵਾਹ ਨੇ ਤੁਹਾਨੂੰ ਆਖਿਆ ਸੀ ਕਿ ਵੇਖ, ਮੈਂ ਤੇਰੇ ਵੈਰੀ ਨੂੰ ਭਈ ਜੋ ਤੈਨੂੰ ਭਾਵੇਂ ਸੋ ਉਹ ਦੇ ਨਾਲ ਕਰਨ ਲਈ ਤੇਰੇ ਹੱਥ ਵਿੱਚ ਕਰ ਦਿਆਂਗਾ।”—1 ਸਮੂਏਲ 24:2-6.

8. ਦਾਊਦ ਨੇ ਆਪਣੇ ਆਪ ਨੂੰ ਬਦਲਾ ਲੈਣ ਤੋਂ ਕਿਉਂ ਰੋਕਿਆ ਸੀ?

8 ਦਾਊਦ ਨੇ ਸ਼ਾਊਲ ਦੀ ਜਾਨ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਸਬਰ ਨਾਲ ਸਭ ਕੁਝ ਯਹੋਵਾਹ ਦੇ ਹੱਥਾਂ ਵਿਚ ਛੱਡਣ ਲਈ ਤਿਆਰ ਸੀ। ਰਾਜੇ ਦੇ ਗੁਫਾ ਵਿੱਚੋਂ ਨਿਕਲਣ ਤੋਂ ਬਾਅਦ ਦਾਊਦ ਨੇ ਉਸ ਨੂੰ ਹਾਕ ਮਾਰ ਕੇ ਕਿਹਾ: “ਮੇਰਾ ਤੇਰਾ ਨਿਆਉਂ ਯਹੋਵਾਹ ਕਰੇ ਅਤੇ ਯਹੋਵਾਹ ਤੈਥੋਂ ਬਦਲਾ ਲਵੇ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ।” (1 ਸਮੂਏਲ 24:12) ਭਾਵੇਂ ਦਾਊਦ ਜਾਣਦਾ ਸੀ ਕਿ ਸ਼ਾਊਲ ਨੇ ਉਸ ਨਾਲ ਬੇਇਨਸਾਫ਼ੀ ਕੀਤੀ ਸੀ, ਫਿਰ ਵੀ ਉਸ ਨੇ ਆਪਣਾ ਬਦਲਾ ਨਹੀਂ ਲਿਆ। ਉਸ ਨੇ ਸ਼ਾਊਲ ਨੂੰ ਬੁਰਾ-ਭਲਾ ਨਹੀਂ ਕਿਹਾ ਅਤੇ ਨਾ ਹੀ ਕਿਸੇ ਹੋਰ ਦੇ ਸਾਮ੍ਹਣੇ ਉਸ ਦੀ ਬੁਰਾਈ ਕੀਤੀ। ਦਾਊਦ ਨੇ ਕਈ ਵਾਰ ਆਪਣੇ ਆਪ ਨੂੰ ਬਦਲਾ ਲੈਣ ਤੋਂ ਰੋਕਿਆ ਅਤੇ ਉਸ ਨੇ ਯਹੋਵਾਹ ਤੇ ਭਰੋਸਾ ਰੱਖਿਆ ਕਿ ਉਹੀ ਸਭ ਕੁਝ ਠੀਕ ਕਰੇਗਾ।—1 ਸਮੂਏਲ 25:32-34; 26:10, 11.

9. ਜਦ ਸਾਨੂੰ ਕੋਈ ਤੰਗ ਕਰਦਾ ਹੈ, ਤਾਂ ਸਾਨੂੰ ਬਦਲਾ ਕਿਉਂ ਨਹੀਂ ਲੈਣਾ ਚਾਹੀਦਾ?

9 ਦਾਊਦ ਵਾਂਗ ਤੁਸੀਂ ਵੀ ਸ਼ਾਇਦ ਔਖੀਆਂ ਘੜੀਆਂ ਵਿੱਚੋਂ ਗੁਜ਼ਰੋ। ਸ਼ਾਇਦ ਤੁਹਾਡੇ ਨਾਲ ਸਕੂਲ ਜਾਣ ਵਾਲੇ, ਕੰਮ ਕਰਨ ਵਾਲੇ ਜਾਂ ਤੁਹਾਡੇ ਸਾਕ-ਸੰਬੰਧੀ ਤੁਹਾਨੂੰ ਸੱਚਾਈ ਵਿਚ ਤੁਰਨ ਤੋਂ ਰੋਕਣ ਦੀ ਕੋਸ਼ਿਸ਼ ਕਰਨ ਕਿਉਂਕਿ ਉਹ ਤੁਹਾਡੇ ਵਾਂਗ ਯਹੋਵਾਹ ਵਿਚ ਵਿਸ਼ਵਾਸ ਨਹੀਂ ਕਰਦੇ ਹਨ। ਪਰ ਤੁਸੀਂ ਇੱਟ ਦਾ ਜਵਾਬ ਪੱਥਰ ਨਾਲ ਨਾ ਦਿਓ। ਇਸ ਦੀ ਬਜਾਇ ਯਹੋਵਾਹ ਤੋਂ ਉਸ ਦੀ ਆਤਮਾ ਦੀ ਮਦਦ ਮੰਗੋ। ਹੋ ਸਕਦਾ ਹੈ ਕਿ ਲੋਕ ਤੁਹਾਡਾ ਚੰਗਾ ਚਾਲ-ਚਲਣ ਦੇਖ ਕੇ ਸੱਚਾਈ ਵਿਚ ਆ ਜਾਣ। (1 ਪਤਰਸ 3:1) ਯਕੀਨ ਰੱਖੋ ਕਿ ਯਹੋਵਾਹ ਸਭ ਕੁਝ ਦੇਖਦਾ ਹੈ ਤੇ ਉਹ ਆਪਣੇ ਸਮੇਂ ਤੇ ਕੁਝ-ਨ-ਕੁਝ ਜ਼ਰੂਰ ਕਰੇਗਾ। ਪੌਲੁਸ ਰਸੂਲ ਨੇ ਲਿਖਿਆ: “ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।”—ਰੋਮੀਆਂ 12:19.

“ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣ”

10. ਦਾਊਦ ਪਾਪ ਦੇ ਫੰਦੇ ਵਿਚ ਕਿਸ ਤਰ੍ਹਾਂ ਫਸਿਆ ਸੀ ਤੇ ਉਸ ਨੇ ਆਪਣੇ ਪਾਪ ਨੂੰ ਲੁਕਾਉਣ ਦੀ ਕੋਸ਼ਿਸ਼ ਕਿਸ ਤਰ੍ਹਾਂ ਕੀਤੀ ਸੀ?

10 ਕਈ ਸਾਲ ਬੀਤ ਗਏ ਤੇ ਦਾਊਦ ਇਕ ਮੰਨਿਆ-ਪ੍ਰਮੰਨਿਆ ਤੇ ਹਰਮਨਪਿਆਰਾ ਰਾਜਾ ਬਣ ਗਿਆ। ਉਸ ਨੇ ਈਮਾਨਦਾਰੀ ਨਾਲ ਜ਼ਿੰਦਗੀ ਗੁਜ਼ਾਰੀ ਤੇ ਯਹੋਵਾਹ ਦੀ ਵਡਿਆਈ ਕਰਨ ਲਈ ਸੋਹਣੇ-ਸੋਹਣੇ ਜ਼ਬੂਰ ਲਿਖੇ। ਇਹ ਸਭ ਦੇਖ ਕੇ ਅਸੀਂ ਸ਼ਾਇਦ ਸੋਚੀਏ ਕਿ ਅਜਿਹਾ ਬੰਦਾ ਕਦੇ ਵੀ ਪਾਪ ਦੇ ਫੰਦੇ ਵਿਚ ਨਹੀਂ ਫਸ ਸਕਦਾ। ਪਰ ਉਹ ਵੀ ਫਸ ਗਿਆ ਸੀ। ਇਕ ਦਿਨ ਉਸ ਨੇ ਆਪਣੇ ਮਹਿਲ ਦੀ ਛੱਤ ਤੋਂ ਇਕ ਸੋਹਣੀ ਤੀਵੀਂ ਨੂੰ ਨਹਾਉਂਦਿਆਂ ਦੇਖਿਆ। ਦਾਊਦ ਨੇ ਉਸ ਬਾਰੇ ਪੁੱਛ-ਗਿੱਛ ਕੀਤੀ। ਉਸ ਦਾ ਨਾਂ ਬਥ-ਸ਼ਬਾ ਸੀ ਤੇ ਉਸ ਦਾ ਪਤੀ ਊਰਿੱਯਾਹ ਸੀ, ਜੋ ਜੰਗ ਲੜਨ ਗਿਆ ਹੋਇਆ ਸੀ। ਇਹ ਸੁਣ ਕੇ ਦਾਊਦ ਨੇ ਉਸ ਤੀਵੀਂ ਨੂੰ ਸੱਦ ਲਿਆ ਤੇ ਉਸ ਨਾਲ ਸੰਗ ਕੀਤਾ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਹ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ। ਦਾਊਦ ਨੂੰ ਫ਼ਿਕਰ ਸੀ ਕਿ ਜੇ ਗੱਲ ਬਾਹਰ ਨਿਕਲ ਗਈ, ਤਾਂ ਉਸ ਦਾ ਮੂੰਹ ਕਾਲਾ ਹੋ ਜਾਵੇਗਾ। ਮੂਸਾ ਦੀ ਬਿਵਸਥਾ ਦੇ ਅਧੀਨ ਵਿਭਚਾਰ ਦੀ ਸਜ਼ਾ ਮੌਤ ਸੀ। ਰਾਜੇ ਨੇ ਸੋਚਿਆ ਕਿ ਉਹ ਸ਼ਾਇਦ ਆਪਣੇ ਪਾਪ ਤੇ ਪੜਦਾ ਪਾ ਸਕਦਾ ਸੀ। ਉਸ ਨੇ ਮੈਦਾਨੇ-ਜੰਗ ਤੋਂ ਊਰਿੱਯਾਹ ਨੂੰ ਯਰੂਸ਼ਲਮ ਵਾਪਸ ਬੁਲਾ ਲਿਆ। ਦਾਊਦ ਦੀ ਉਮੀਦ ਸੀ ਕਿ ਊਰਿੱਯਾਹ ਆਪਣੀ ਬੀਵੀ ਬਥ-ਸ਼ਬਾ ਨਾਲ ਰਾਤ ਗੁਜ਼ਾਰੇਗਾ, ਪਰ ਇਸ ਤਰ੍ਹਾਂ ਨਹੀਂ ਹੋਇਆ। ਦਾਊਦ ਨੂੰ ਹੋਰ ਕੋਈ ਚਾਰਾ ਨਜ਼ਰ ਨਹੀਂ ਸੀ ਆਉਂਦਾ। ਨਿਰਾਸ਼ ਹੋ ਕੇ ਉਸ ਨੇ ਊਰਿੱਯਾਹ ਨੂੰ ਜੰਗ ਵਿਚ ਫਿਰ ਤੋਂ ਘੱਲ ਦਿੱਤਾ ਤੇ ਉਸ ਦੇ ਹੱਥ ਵਿਚ ਸੈਨਾਪਤੀ ਯੋਆਬ ਲਈ ਇਕ ਚਿੱਠੀ ਦੇ ਦਿੱਤੀ। ਚਿੱਠੀ ਵਿਚ ਉਸ ਨੇ ਲਿਖਿਆ ਕਿ ਊਰਿੱਯਾਹ ਨੂੰ ਡਾਢੀ ਲੜਾਈ ਦੇ ਵੇਲੇ ਮੋਹਰੇ ਕੀਤਾ ਜਾਵੇ ਤਾਂਕਿ ਉਸ ਦੀ ਮੌਤ ਹੋ ਜਾਵੇ। ਯੋਆਬ ਨੇ ਰਾਜੇ ਦੀ ਗੱਲ ਮੰਨੀ ਤੇ ਊਰਿੱਯਾਹ ਆਪਣੀ ਜਾਨ ਤੋਂ ਹੱਥ ਧੋ ਬੈਠਾ। ਸੋਗ ਦੇ ਦਿਨ ਲੰਘ ਜਾਣ ਤੋਂ ਬਾਅਦ ਦਾਊਦ ਨੇ ਬਥ-ਸ਼ਬਾ ਨੂੰ ਆਪਣੀ ਪਤਨੀ ਬਣਾ ਲਿਆ।—2 ਸਮੂਏਲ 11:1-27.

11. ਨਾਥਾਨ ਨੇ ਦਾਊਦ ਨੂੰ ਕਿਹੜੀ ਕਹਾਣੀ ਸੁਣਾਈ ਸੀ ਤੇ ਇਸ ਨੂੰ ਸੁਣ ਕੇ ਦਾਊਦ ਨੇ ਕੀ ਕਿਹਾ ਸੀ?

11 ਦਾਊਦ ਦੀ ਨਜ਼ਰ ਵਿਚ ਸਭ ਕੁਝ ਠੀਕ ਹੋ ਗਿਆ ਸੀ, ਪਰ ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਯਹੋਵਾਹ ਤੋਂ ਕੁਝ ਨਹੀਂ ਲੁਕਿਆ ਹੋਇਆ। (ਇਬਰਾਨੀਆਂ 4:13) ਮਹੀਨੇ ਬੀਤ ਗਏ ਤੇ ਬਥ-ਸ਼ਬਾ ਨੇ ਇਕ ਲੜਕੇ ਨੂੰ ਜਨਮ ਦਿੱਤਾ। ਫਿਰ ਪਰਮੇਸ਼ੁਰ ਨੇ ਨਾਥਾਨ ਨਬੀ ਨੂੰ ਦਾਊਦ ਕੋਲ ਘੱਲਿਆ। ਨਬੀ ਨੇ ਰਾਜੇ ਨੂੰ ਇਕ ਅਮੀਰ ਆਦਮੀ ਦੀ ਕਹਾਣੀ ਸੁਣਾਈ ਜਿਸ ਕੋਲ ਢੇਰ ਸਾਰੀਆਂ ਭੇਡਾਂ ਸਨ, ਪਰ ਉਸ ਨੇ ਇਕ ਗ਼ਰੀਬ ਆਦਮੀ ਦੀ ਇੱਕੋ-ਇਕ ਲੇਲੀ ਨੂੰ ਲੈ ਕੇ ਝਟਕਾ ਦਿੱਤਾ। ਕਹਾਣੀ ਦਾ ਅਸਲੀ ਮਤਲਬ ਨਾ ਸਮਝਦੇ ਹੋਏ ਦਾਊਦ ਨੇ ਬਹੁਤ ਗੁੱਸੇ ਹੋ ਕੇ ਅਮੀਰ ਆਦਮੀ ਬਾਰੇ ਨਾਥਾਨ ਨੂੰ ਕਿਹਾ: “ਜਿਸ ਮਨੁੱਖ ਨੇ ਇਹ ਕੰਮ ਕੀਤਾ ਸੋ ਵੱਢਣ ਜੋਗਾ ਹੈ!”—2 ਸਮੂਏਲ 12:1-6.

12. ਯਹੋਵਾਹ ਨੇ ਦਾਊਦ ਨੂੰ ਕਿਹੜੀ ਸਜ਼ਾ ਸੁਣਾਈ ਸੀ?

12 ਨਬੀ ਨੇ ਦਾਊਦ ਨੂੰ ਆਖਿਆ: “ਉਹ ਮਨੁੱਖ ਤੂੰ ਹੀ ਤਾਂ ਹੈਂ।” ਦਾਊਦ ਨੇ ਆਪਣੇ ਆਪ ਨੂੰ ਸਜ਼ਾ ਸੁਣਾਈ ਸੀ! ਅਸੀਂ ਸਮਝ ਸਕਦੇ ਹਾਂ ਕਿ ਉਸ ਦਾ ਗੁੱਸਾ ਕਿੰਨੀ ਜਲਦੀ ਸ਼ਰਮ ਤੇ ਪਛਤਾਵੇ ਵਿਚ ਬਦਲ ਗਿਆ ਹੋਣਾ। ਸੁੰਨ ਹੋ ਕੇ ਉਸ ਨੇ ਨਾਥਾਨ ਦੇ ਮੂੰਹੋਂ ਯਹੋਵਾਹ ਦੀ ਬਾਕੀ ਗੱਲ ਸੁਣੀ। ਯਹੋਵਾਹ ਨੇ ਦਾਊਦ ਨੂੰ ਸਖ਼ਤ ਸਜ਼ਾ ਸੁਣਾਈ। ਦਾਊਦ ਨੇ ਇਹ ਬੁਰਾਈ ਕਰ ਕੇ ਯਹੋਵਾਹ ਦੇ ਬਚਨ ਨੂੰ ਤੁੱਛ ਜਾਣਿਆ ਸੀ। ਕੀ ਉਸ ਨੇ ਊਰਿੱਯਾਹ ਨੂੰ ਤਲਵਾਰ ਨਾਲ ਘਾਤ ਨਹੀਂ ਕੀਤਾ ਸੀ? ਹੁਣ ਦਾਊਦ ਦੇ ਘਰੋਂ ਤਲਵਾਰ ਕਦੇ ਨਹੀਂ ਹਟੇਗੀ। ਕੀ ਉਸ ਨੇ ਲੋਕਾਂ ਦੀਆਂ ਨਜ਼ਰਾਂ ਤੋਂ ਲੁਕ-ਛਿਪ ਕੇ ਊਰਿੱਯਾਹ ਦੀ ਪਤਨੀ ਨਾਲ ਪਾਪ ਨਹੀਂ ਕੀਤਾ ਸੀ? ਦਾਊਦ ਦੀਆਂ ਪਤਨੀਆਂ ਨਾਲ ਵੀ ਕੁਝ ਇਸੇ ਤਰ੍ਹਾਂ ਦਾ ਹੋਵੇਗਾ, ਪਰ ਲੁਕ-ਛਿਪ ਕੇ ਨਹੀਂ ਸਗੋਂ ਸ਼ਰੇਆਮ ਹੋਵੇਗਾ।—2 ਸਮੂਏਲ 12:7-12.

13. ਯਹੋਵਾਹ ਦੀ ਤਾੜ ਸੁਣ ਕੇ ਦਾਊਦ ਨੇ ਕੀ ਕੀਤਾ ਸੀ?

13 ਦਾਊਦ ਦੀ ਸਿਫ਼ਤ ਵਿਚ ਅਸੀਂ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਉਸ ਨੇ ਆਪਣੇ ਦੋਸ਼ ਤੋਂ ਇਨਕਾਰ ਨਹੀਂ ਕੀਤਾ; ਨਾ ਹੀ ਉਹ ਨਾਥਾਨ ਨਬੀ ਅੱਗੇ ਲਾਲ-ਪਿਲਾ ਹੋਇਆ ਸੀ; ਉਸ ਨੇ ਆਪਣਾ ਦੋਸ਼ ਕਿਸੇ ਹੋਰ ਦੇ ਮੱਥੇ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਉਸ ਨੇ ਕੋਈ ਬਹਾਨਾ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਦੀ ਬਜਾਇ, ਦਾਊਦ ਨੇ ਆਪਣਾ ਪਾਪ ਕਬੂਲ ਕਰਦੇ ਹੋਏ ਕਿਹਾ: “ਮੈਂ ਯਹੋਵਾਹ ਦਾ ਪਾਪ ਕੀਤਾ।” (2 ਸਮੂਏਲ 12:13) ਅਸੀਂ 51ਵੇਂ ਜ਼ਬੂਰ ਵਿਚ ਉਸ ਦੇ ਪਛਤਾਵੇ ਤੇ ਦਿਲ ਦੀ ਪੀੜ ਬਾਰੇ ਪੜ੍ਹ ਸਕਦੇ ਹਾਂ। ਉਸ ਨੇ ਯਹੋਵਾਹ ਅੱਗੇ ਤਰਲੇ ਕੀਤੇ: “ਮੈਨੂੰ ਆਪਣੇ ਹਜ਼ੂਰੋਂ ਨਾ ਧੱਕ, ਅਤੇ ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ।” ਭਾਵੇਂ ਦਾਊਦ ਦਾ ਦਿਲ ਪਾਪ ਕਾਰਨ ਦੁਖੀ ਸੀ, ਫਿਰ ਵੀ ਉਹ ਵਿਸ਼ਵਾਸ ਕਰਦਾ ਸੀ ਕਿ ਯਹੋਵਾਹ ਆਪਣੀ ਰਹਿਮ-ਦਿਲੀ ਕਰਕੇ ਉਸ ਦੇ “ਟੁੱਟੇ ਅਤੇ ਆਜਿਜ਼ ਦਿਲ” ਨੂੰ ਤੁੱਛ ਨਹੀਂ ਜਾਣੇਗਾ। (ਜ਼ਬੂਰਾਂ ਦੀ ਪੋਥੀ 51:11, 17) ਦਾਊਦ ਨੇ ਯਹੋਵਾਹ ਦੀ ਆਤਮਾ ਤੇ ਨਿਰਭਰ ਕਰਨਾ ਨਹੀਂ ਛੱਡਿਆ। ਭਾਵੇਂ ਯਹੋਵਾਹ ਨੇ ਦਾਊਦ ਨੂੰ ਆਪਣੇ ਪਾਪ ਦੇ ਬੁਰੇ ਨਤੀਜੇ ਭੁਗਤਣ ਤੋਂ ਨਹੀਂ ਬਚਾਇਆ, ਪਰ ਉਸ ਨੇ ਦਾਊਦ ਨੂੰ ਉਸ ਦਾ ਪਾਪ ਮਾਫ਼ ਕਰ ਦਿੱਤਾ।

14. ਸਾਨੂੰ ਕੀ ਕਰਨਾ ਚਾਹੀਦਾ ਹੈ ਜਦ ਯਹੋਵਾਹ ਸਾਨੂੰ ਤਾੜਦਾ ਹੈ?

14 ਪਾਪੀ ਹੋਣ ਕਰਕੇ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। (ਰੋਮੀਆਂ 3:23) ਕਦੇ-ਕਦੇ ਅਸੀਂ ਦਾਊਦ ਵਾਂਗ ਕੋਈ ਵੱਡਾ ਪਾਪ ਕਰ ਬੈਠਦੇ ਹਾਂ। ਜਿਵੇਂ ਇਕ ਪਿਆਰਾ ਪਿਤਾ ਆਪਣੇ ਬੱਚਿਆਂ ਨੂੰ ਤਾੜਦਾ ਹੈ, ਉਸੇ ਤਰ੍ਹਾਂ ਯਹੋਵਾਹ ਆਪਣੇ ਸੇਵਕਾਂ ਨੂੰ ਸੁਧਾਰਦਾ ਹੈ। ਅਸੀਂ ਸਭ ਜਾਣਦੇ ਹਾਂ ਕਿ ਤਾੜਨਾ ਸਾਡੇ ਫ਼ਾਇਦੇ ਲਈ ਹੈ, ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਉਸ ਨੂੰ ਸਵੀਕਾਰ ਕਰਨਾ ਆਸਾਨ ਨਹੀਂ ਹੈ। ਸਗੋਂ ਤਾੜਨਾ ਅਕਸਰ “ਸੋਗ ਦੀ ਗੱਲ” ਹੁੰਦੀ ਹੈ। (ਇਬਰਾਨੀਆਂ 12:6, 11) ਪਰ ਜੇ ਅਸੀਂ ‘ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣੀਏ,’ ਤਾਂ ਅਸੀਂ ਉਸ ਨਾਲ ਸੁਲ੍ਹਾ-ਸਫ਼ਾਈ ਕਰ ਸਕਦੇ ਹਾਂ। (ਕਹਾਉਤਾਂ 3:11) ਯਹੋਵਾਹ ਦੀ ਆਤਮਾ ਦੀ ਮਦਦ ਹਾਸਲ ਕਰਦੇ ਰਹਿਣ ਲਈ ਸਾਨੂੰ ਯਹੋਵਾਹ ਦੀ ਤਾੜਨਾ ਸਵੀਕਾਰ ਕਰਨ ਤੇ ਉਸ ਅੱਗੇ ਪ੍ਰਵਾਨ ਠਹਿਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਪੈਸੇ ਉੱਤੇ ਭਰੋਸਾ ਨਾ ਰੱਖੋ

15. (ੳ) ਕੁਝ ਲੋਕ ਆਪਣਾ ਧਨ ਕਿਸ ਤਰ੍ਹਾਂ ਵਰਤਦੇ ਹਨ? (ਅ) ਦਾਊਦ ਆਪਣਾ ਧਨ ਕਿਸ ਤਰ੍ਹਾਂ ਵਰਤਣਾ ਚਾਹੁੰਦਾ ਸੀ?

15 ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਦਾਊਦ ਕਿਸੇ ਉੱਚੇ ਘਰਾਣੇ ਤੋਂ ਸੀ ਜਾਂ ਉਸ ਦਾ ਖ਼ਾਨਦਾਨ ਅਮੀਰ ਸੀ। ਪਰ ਆਪਣੇ ਰਾਜ ਦੌਰਾਨ ਦਾਊਦ ਨੇ ਕਾਫ਼ੀ ਧਨ-ਦੌਲਤ ਇਕੱਠੀ ਕੀਤੀ ਸੀ। ਅਸੀਂ ਤਾਂ ਜਾਣਦੇ ਹੀ ਹਾਂ ਕਿ ਜ਼ਿਆਦਾਤਰ ਲੋਕ ਆਪਣੇ ਧਨ ਨੂੰ ਬਾਕੀਆਂ ਤੋਂ ਲੁਕੋ ਕੇ ਰੱਖਦੇ ਹਨ ਤੇ ਲਾਲਚ ਨਾਲ ਉਸ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹਨ ਜਾਂ ਉਸ ਨੂੰ ਆਪਣੇ ਲਈ ਹੀ ਵਰਤਦੇ ਹਨ। ਹੋਰ ਲੋਕ ਆਪਣੇ ਧਨ ਨਾਲ ਆਪਣੀ ਸੋਭਾ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। (ਮੱਤੀ 6:2) ਪਰ ਦਾਊਦ ਨੇ ਆਪਣਾ ਧਨ ਇਸ ਤਰ੍ਹਾਂ ਨਹੀਂ ਵਰਤਿਆ ਸੀ। ਉਹ ਯਹੋਵਾਹ ਦੀ ਸੋਭਾ ਕਰਨੀ ਚਾਹੁੰਦਾ ਸੀ। ਦਾਊਦ ਨੇ ਨਾਥਾਨ ਨੂੰ ਕਿਹਾ ਸੀ ਕਿ ਉਹ ਯਹੋਵਾਹ ਲਈ ਇਕ ਮੰਦਰ ਬਣਾਉਣਾ ਚਾਹੁੰਦਾ ਸੀ ਕਿਉਂਕਿ ਨੇਮ ਦਾ ਸੰਦੂਕ ਯਰੂਸ਼ਲਮ ਵਿਚ “ਪੜਦਿਆਂ ਦੇ ਵਿਚਕਾਰ ਰਹਿੰਦਾ” ਸੀ। ਯਹੋਵਾਹ ਨੂੰ ਦਾਊਦ ਦੀ ਗੱਲ ਪਸੰਦ ਆਈ, ਪਰ ਉਸ ਨੇ ਨਾਥਾਨ ਦੇ ਜ਼ਰੀਏ ਕਿਹਾ ਕਿ ਦਾਊਦ ਦੀ ਬਜਾਇ ਉਸ ਦਾ ਪੁੱਤਰ ਸੁਲੇਮਾਨ ਯਹੋਵਾਹ ਲਈ ਮੰਦਰ ਬਣਾਏਗਾ।—2 ਸਮੂਏਲ 7:1, 2, 12, 13.

16. ਯਹੋਵਾਹ ਦੇ ਮੰਦਰ ਦੀ ਉਸਾਰੀ ਲਈ ਦਾਊਦ ਨੇ ਕਿਹੜੀਆਂ ਤਿਆਰੀਆਂ ਕੀਤੀਆਂ ਸਨ?

16 ਦਾਊਦ ਨੇ ਮੰਦਰ ਦੀ ਉਸਾਰੀ ਲਈ ਸਾਮੱਗਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਸੁਲੇਮਾਨ ਨੂੰ ਕਿਹਾ: “ਮੈਂ . . . ਯਹੋਵਾਹ ਦੇ ਭਵਨ ਲਈ ਇੱਕ ਲੱਖ ਕੰਤਾਰ ਸੋਨਾ ਅਤੇ ਦਸ ਲੱਖ ਕੰਤਾਰ ਚਾਂਦੀ ਅਤੇ ਬਿਓੜਕਾ ਪਿੱਤਲ ਅਰ ਲੋਹਿਆ ਇਕੱਠਾ ਕੀਤਾ, ਜੋ ਉਹ ਤਾਂ ਬਹੁਤਾਇਤ ਨਾਲ ਹੈ, ਅਤੇ ਲੱਕੜ ਕਾਠ ਅਤੇ ਸਿਲ ਪੱਥਰ ਨੂੰ ਵੀ ਤਿਆਰ ਕੀਤਾ, ਤੂੰ ਉਨ੍ਹਾਂ ਨੂੰ ਹੋਰ ਅਧਕ ਕਰ ਸਕੇਂ।” ਆਪਣੀ ਧਨ-ਦੌਲਤ ਵਿੱਚੋਂ ਉਸ ਨੇ 3,000 ਕੰਤਾਰ ਸੋਨਾ ਅਤੇ 7,000 ਕੰਤਾਰ ਚਾਂਦੀ ਦਾਨ ਕੀਤਾ। * (1 ਇਤਹਾਸ 22:14; 29:3, 4) ਦਾਊਦ ਨੇ ਇਹ ਦਾਨ ਕਿਉਂ ਕੀਤਾ ਸੀ? ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਨਹੀਂ, ਪਰ ਯਹੋਵਾਹ ਪਰਮੇਸ਼ੁਰ ਪ੍ਰਤੀ ਆਪਣੀ ਨਿਹਚਾ ਤੇ ਲਗਨ ਜ਼ਾਹਰ ਕਰਨ ਲਈ। ਉਹ ਜਾਣਦਾ ਸੀ ਕਿ ਯਹੋਵਾਹ ਹੀ ਉਸ ਦੀ ਦੌਲਤ ਦਾ ਸੋਮਾ ਸੀ। ਇਸ ਲਈ ਉਸ ਨੇ ਯਹੋਵਾਹ ਨੂੰ ਕਿਹਾ: “ਸਾਰੀਆਂ ਵਸਤਾਂ ਤੇਰੀ ਵੱਲੋਂ ਆਉਂਦੀਆਂ ਹਨ ਅਰ ਤੇਰੇ ਹੱਥ ਦੀ ਦਾਤ ਤੋਂ ਅਸਾਂ ਤੈਨੂੰ ਦਿੱਤਾ ਹੈ।” (1 ਇਤਹਾਸ 29:14) ਦਾਊਦ ਨੇ ਯਹੋਵਾਹ ਦੀ ਸੋਭਾ ਕਰਨ ਲਈ ਦਰਿਆ-ਦਿਲੀ ਨਾਲ ਪੈਸੇ ਖ਼ਰਚ ਕੀਤੇ।

17. ਪਹਿਲਾ ਤਿਮੋਥਿਉਸ 6:17-19 ਦੀ ਸਲਾਹ ਅਮੀਰ ਤੇ ਗ਼ਰੀਬ ਦੋਨਾਂ ਤੇ ਕਿਸ ਤਰ੍ਹਾਂ ਲਾਗੂ ਹੁੰਦੀ ਹੈ?

17 ਇਸੇ ਤਰ੍ਹਾਂ ਅਸੀਂ ਵੀ ਆਪਣਾ ਪੈਸਾ ਚੰਗੇ ਕੰਮਾਂ ਵਿਚ ਖ਼ਰਚ ਕਰ ਸਕਦੇ ਹਾਂ। ਆਪਣੇ ਲਈ ਨਵੀਆਂ ਚੀਜ਼ਾਂ ਖ਼ਰੀਦਣ ਦੀ ਬਜਾਇ ਚੰਗਾ ਹੋਵੇਗਾ ਜੇ ਅਸੀਂ ਯਹੋਵਾਹ ਅੱਗੇ ਪ੍ਰਵਾਨ ਠਹਿਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਇਸ ਤੋਂ ਸਾਨੂੰ ਅਸਲੀ ਖ਼ੁਸ਼ੀ ਮਿਲੇਗੀ। ਪੌਲੁਸ ਨੇ ਲਿਖਿਆ: “ਜਿਹੜੇ ਇਸ ਜੁੱਗ ਵਿੱਚ ਧਨਵਾਨ ਹਨ ਓਹਨਾਂ ਨੂੰ ਉਪਦੇਸ਼ ਕਰ ਭਈ ਗਰਬ ਨਾ ਕਰਨ ਅਤੇ ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ। ਨਾਲੇ ਇਹ ਭਈ ਓਹ ਪਰਉਪਕਾਰੀ ਅਤੇ ਸ਼ੁਭ ਕਰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ ਹੋਣ। ਅਤੇ ਅਗਾਹਾਂ ਲਈ ਇੱਕ ਚੰਗੀ ਨੀਂਹ ਆਪਣੇ ਲਈ ਧਰਨ ਭਈ ਓਹ ਉਸ ਜੀਵਨ ਨੂੰ ਫੜ ਲੈਣ ਜਿਹੜਾ ਅਸਲ ਜੀਵਨ ਹੈ।” (1 ਤਿਮੋਥਿਉਸ 6:17-19) ਭਾਵੇਂ ਅਸੀਂ ਗ਼ਰੀਬ ਹੋਈਏ ਜਾਂ ਅਮੀਰ, ਆਓ ਆਪਾਂ ਯਹੋਵਾਹ ਦੀ ਆਤਮਾ ਤੇ ਨਿਰਭਰ ਕਰ ਕੇ ਅਜਿਹੇ ਰਾਹ ਤੁਰੀਏ ਜੋ ਸਾਨੂੰ “ਪਰਮੇਸ਼ੁਰ ਦੇ ਅੱਗੇ ਧਨਵਾਨ” ਬਣਾਵੇਗਾ। (ਲੂਕਾ 12:21) ਜੇ ਅਸੀਂ ਆਪਣੇ ਪਿਆਰੇ ਪਿਤਾ ਦੀ ਪ੍ਰਵਾਨਗੀ ਹਾਸਲ ਕਰ ਲਈ, ਤਾਂ ਸਮਝੋ ਸੱਭ ਕੁਝ ਹਾਸਲ ਕਰ ਲਿਆ।

ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪ੍ਰਵਾਨ ਠਹਿਰਾਓ

18. ਦਾਊਦ ਮਸੀਹੀਆਂ ਲਈ ਇਕ ਵਧੀਆ ਮਿਸਾਲ ਕਿਵੇਂ ਹੈ?

18 ਉਮਰ ਭਰ ਦਾਊਦ ਨੇ ਯਹੋਵਾਹ ਅੱਗੇ ਪ੍ਰਵਾਨ ਠਹਿਰਨ ਦਾ ਜਤਨ ਕੀਤਾ। ਇਕ ਜ਼ਬੂਰ ਵਿਚ ਉਸ ਨੇ ਕਿਹਾ: “ਮੇਰੇ ਉੱਤੇ ਦਯਾ ਕਰ, ਹੇ ਪਰਮੇਸ਼ੁਰ, ਮੇਰੇ ਉੱਤੇ ਦਯਾ ਕਰ! ਕਿਉਂ ਜੋ ਮੇਰੀ ਜਾਨ ਨੇ ਤੇਰੀ ਸ਼ਰਨ ਲਈ ਹੋਈ ਹੈ।” (ਜ਼ਬੂਰਾਂ ਦੀ ਪੋਥੀ 57:1) ਯਹੋਵਾਹ ਉੱਤੇ ਉਸ ਦਾ ਭਰੋਸਾ ਫਜ਼ੂਲ ਨਹੀਂ ਸੀ। ਦਾਊਦ ਨੇ ਲੰਬੀ ਜ਼ਿੰਦਗੀ ਦਾ ਆਨੰਦ ਮਾਣਿਆ ਸੀ। (1 ਇਤਹਾਸ 23:1) ਭਾਵੇਂ ਦਾਊਦ ਨੇ ਗ਼ਲਤੀਆਂ ਕੀਤੀਆਂ, ਪਰ ਬਾਈਬਲ ਵਿਚ ਉਸ ਦਾ ਨਾਂ ਉਨ੍ਹਾਂ ਗਵਾਹਾਂ ਵਿਚ ਗਿਣਿਆ ਜਾਂਦਾ ਹੈ ਜਿਨ੍ਹਾਂ ਦੀ ਨਿਹਚਾ ਮਾਅਰਕੇ ਦੀ ਸੀ।—ਇਬਰਾਨੀਆਂ 11:32.

19. ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪ੍ਰਵਾਨ ਕਿਵੇਂ ਠਹਿਰਾ ਸਕਦੇ ਹਾਂ?

19 ਜਦ ਤੁਹਾਡੇ ਹਾਲਾਤ ਬਦਲਦੇ ਹਨ, ਤਾਂ ਯਾਦ ਰੱਖੋ ਕਿ ਯਹੋਵਾਹ ਨੇ ਦਾਊਦ ਨੂੰ ਸਹਾਰਾ ਦਿੱਤਾ ਸੀ, ਉਸ ਨੂੰ ਮਜ਼ਬੂਤ ਕੀਤਾ ਸੀ ਤੇ ਉਸ ਨੂੰ ਸੁਧਾਰਿਆ ਵੀ ਸੀ। ਯਹੋਵਾਹ ਤੁਹਾਡੇ ਲਈ ਵੀ ਇਸ ਤਰ੍ਹਾਂ ਕਰ ਸਕਦਾ ਹੈ। ਦਾਊਦ ਵਾਂਗ ਪੌਲੁਸ ਰਸੂਲ ਦੀ ਜ਼ਿੰਦਗੀ ਵਿਚ ਵੀ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਸਨ। ਇਸ ਦੇ ਬਾਵਜੂਦ ਉਹ ਯਹੋਵਾਹ ਦੀ ਆਤਮਾ ਤੇ ਨਿਰਭਰ ਕਰ ਕੇ ਵਫ਼ਾਦਾਰ ਰਿਹਾ। ਉਸ ਨੇ ਲਿਖਿਆ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” (ਫ਼ਿਲਿੱਪੀਆਂ 4:12, 13) ਜੇ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਾਂਗੇ, ਤਾਂ ਉਹ ਸਾਡੀ ਵੀ ਮਦਦ ਕਰੇਗਾ। ਉਹ ਚਾਹੁੰਦਾ ਹੈ ਕਿ ਅਸੀਂ ਕਾਮਯਾਬੀ ਦੀ ਮੰਜ਼ਲ ਤਕ ਪਹੁੰਚੀਏ। ਜੇ ਅਸੀਂ ਉਸ ਦੀ ਸੁਣਾਂਗੇ ਤੇ ਉਸ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਾਂਗੇ, ਤਾਂ ਉਹ ਸਾਨੂੰ ਉਸ ਦੀ ਮਰਜ਼ੀ ਪੂਰੀ ਕਰਨ ਦੀ ਤਾਕਤ ਜ਼ਰੂਰ ਦੇਵੇਗਾ। ਜੇ ਅਸੀਂ ਉਸ ਦੀ ਆਤਮਾ ਤੇ ਨਿਰਭਰ ਕਰਦੇ ਰਹਾਂਗੇ, ਤਾਂ ਅਸੀਂ ਹੁਣ ਅਤੇ ਹਮੇਸ਼ਾ ਲਈ ‘ਪਰਮੇਸ਼ੁਰ ਦੇ ਅੱਗੇ ਪਰਵਾਨ ਠਹਿਰ ਸਕਾਂਗੇ।’—2 ਤਿਮੋਥਿਉਸ 2:15.

[ਫੁਟਨੋਟ]

^ ਪੈਰਾ 16 ਅੱਜ ਦੇ ਹਿਸਾਬ ਨਾਲ ਦਾਊਦ ਦੇ ਦਾਨ ਦੀ ਕੀਮਤ 56 ਅਰਬ ਰੁਪਏ (1,20,00,00,000 ਅਮਰੀਕੀ ਡਾਲਰ) ਤੋਂ ਜ਼ਿਆਦਾ ਹੈ।

ਤੁਹਾਡਾ ਕੀ ਜਵਾਬ ਹੈ?

• ਅਸੀਂ ਘਮੰਡ ਕਰਨ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ?

• ਸਾਨੂੰ ਆਪਣਾ ਬਦਲਾ ਕਿਉਂ ਨਹੀਂ ਲੈਣਾ ਚਾਹੀਦਾ?

• ਤਾੜਨਾ ਬਾਰੇ ਸਾਡਾ ਕੀ ਵਿਚਾਰ ਹੋਣਾ ਚਾਹੀਦਾ ਹੈ?

• ਸਾਨੂੰ ਪੈਸੇ ਦੀ ਬਜਾਇ ਪਰਮੇਸ਼ੁਰ ਉੱਤੇ ਭਰੋਸਾ ਕਿਉਂ ਰੱਖਣਾ ਚਾਹੀਦਾ ਹੈ?

[ਸਵਾਲ]

[ਸਫ਼ੇ 16, 17 ਉੱਤੇ ਤਸਵੀਰ]

ਦਾਊਦ ਨੇ ਪਰਮੇਸ਼ੁਰ ਦੀ ਆਤਮਾ ਤੇ ਨਿਰਭਰ ਕਰ ਕੇ ਉਸ ਅੱਗੇ ਪ੍ਰਵਾਨ ਠਹਿਰਨ ਦੀ ਕੋਸ਼ਿਸ਼ ਕੀਤੀ। ਕੀ ਤੁਸੀਂ ਵੀ ਇਸ ਤਰ੍ਹਾਂ ਕਰ ਰਹੇ ਹੋ?

[ਸਫ਼ੇ 18 ਉੱਤੇ ਤਸਵੀਰ]

“ਸਾਰੀਆਂ ਵਸਤਾਂ ਤੇਰੀ ਵੱਲੋਂ ਆਉਂਦੀਆਂ ਹਨ ਅਰ ਤੇਰੇ ਹੱਥ ਦੀ ਦਾਤ ਤੋਂ ਅਸਾਂ ਤੈਨੂੰ ਦਿੱਤਾ ਹੈ”