ਕੀ ਅੱਜ ਰੱਬ ਦੀ ਮਰਜ਼ੀ ਪੂਰੀ ਹੋ ਰਹੀ ਹੈ?
ਕੀ ਅੱਜ ਰੱਬ ਦੀ ਮਰਜ਼ੀ ਪੂਰੀ ਹੋ ਰਹੀ ਹੈ?
“ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:10.
ਹੂਲੀਓ ਅਤੇ ਕ੍ਰਿਸਟੀਨਾ ਨੇ ਆਪਣੀ ਅੱਖੀਂ ਆਪਣੇ ਚਾਰ ਬੱਚਿਆਂ ਨੂੰ ਸੜ ਕੇ ਰਾਖ ਹੁੰਦੇ ਦੇਖਿਆ। ਕਿਸੇ ਸ਼ਰਾਬੀ ਨੇ ਆਪਣੀ ਗੱਡੀ ਉਨ੍ਹਾਂ ਦੀ ਖੜ੍ਹੀ ਕਾਰ ਵਿਚ ਮਾਰ ਦਿੱਤੀ ਜਿਸ ਕਰਕੇ ਕਾਰ ਦੀ ਪਟਰੋਲ ਦੀ ਟੈਂਕੀ ਫਟ ਗਈ ਤੇ ਪੂਰੀ ਕਾਰ ਨੂੰ ਅੱਗ ਲੱਗ ਗਈ। ਉਨ੍ਹਾਂ ਦੇ ਪੰਜਵੇਂ ਬੱਚੇ ਮਾਰਕੋਸ ਨੂੰ ਅੱਗ ਦੇ ਭਾਂਬੜਾਂ ਵਿੱਚੋਂ ਮਸੀਂ ਹੀ ਬਾਹਰ ਕੱਢਿਆ। ਪਰ ਉਸ ਦਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ ਸੀ। ਮਾਰਕੋਸ ਸਿਰਫ਼ ਨੌਂ ਸਾਲਾਂ ਦਾ ਸੀ। ਇਸ ਤਰ੍ਹਾਂ, ਹੂਲੀਓ ਦੀ ਦੁਨੀਆਂ ਹੀ ਉਜੜ ਗਈ। ਪਰ ਫਿਰ ਵੀ ਉਸ ਨੇ ਇਹ ਕਹਿ ਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ: “ਰੱਬ ਦੀ ਮਰਜ਼ੀ ਨੂੰ ਕੌਣ ਟਾਲ ਸਕਦਾ ਹੈ? ਉਸ ਦੇ ਹੱਥੋਂ ਚੰਗਾ-ਬੁਰਾ ਸਭ ਕੁਝ ਸਾਨੂੰ ਕਬੂਲ ਕਰਨਾ ਪਊ।”
ਜਦੋਂ ਹੂਲੀਓ ਤੇ ਕ੍ਰਿਸਟੀਨਾ ਵਾਂਗ ਲੋਕਾਂ ਉੱਤੇ ਦੁੱਖਾਂ ਦਾ ਪਹਾੜ ਟੁੱਟਦਾ ਹੈ, ਤਾਂ ਕਈ ਲੋਕ ਇਸ ਤਰ੍ਹਾਂ ਸੋਚਦੇ ਹਨ ਕਿ ‘ਰੱਬ ਸਰਬਸ਼ਕਤੀਮਾਨ ਹੈ ਅਤੇ ਸਾਨੂੰ ਪਿਆਰ ਕਰਦਾ ਹੈ, ਇਸ ਲਈ ਜੋ ਵੀ ਹੋਇਆ ਸਾਡੇ ਭਲੇ ਲਈ ਹੀ ਹੋਇਆ ਹੋਵੇਗਾ, ਭਾਵੇਂ ਇਹ ਗੱਲ ਸਾਡੀ ਸਮਝ ਤੋਂ ਪਰੇ ਹੈ।’ ਕੀ ਤੁਸੀਂ ਵੀ ਇਵੇਂ ਸੋਚਦੇ ਹੋ?
ਲੋਕਾਂ ਦੀ ਇਸ ਸੋਚ ਦਾ ਕੀ ਕਾਰਨ ਹੈ? ਈਸਾਈ ਲੋਕ ਅਕਸਰ ਇਸ ਦੇ ਜਵਾਬ ਵਿਚ ਪ੍ਰਭੂ ਦੀ ਪ੍ਰਾਰਥਨਾ ਵਿਚ ਕਹੇ ਗਏ ਯਿਸੂ ਦੇ ਉਹ ਸ਼ਬਦ ਦੁਹਰਾਉਂਦੇ ਹਨ ਜੋ ਉੱਪਰ ਦਿੱਤੇ ਗਏ ਹਨ। ਕੀ ਰੱਬ ਦੀ ਮਰਜ਼ੀ ਸਵਰਗ ਵਿਚ ਪੂਰੀ ਨਹੀਂ ਹੋ ਰਹੀ? ਤਾਂ ਫਿਰ ਜਦੋਂ ਅਸੀਂ ਪ੍ਰਾਰਥਨਾ ਵਿਚ ਕਹਿੰਦੇ ਹਾਂ ਕਿ ‘ਤੇਰੀ ਮਰਜ਼ੀ ਜਮੀਨ ਉੱਤੇ ਵੀ ਹੋਵੇ,’ ਤਾਂ ਕੀ ਅਸੀਂ ਇਹ ਨਹੀਂ ਕਹਿ ਰਹੇ ਹੁੰਦੇ ਕਿ ਧਰਤੀ ਉੱਤੇ ਅੱਜ ਜੋ ਕੁਝ ਵੀ ਹੁੰਦਾ ਹੈ ਉਹ ਰੱਬ ਦੀ ਮਰਜ਼ੀ ਨਾਲ ਹੁੰਦਾ ਹੈ?
ਪਰ ਕਈ ਲੋਕਾਂ ਨੂੰ ਇਹ ਗੱਲ ਮੰਨਣੀ ਬਹੁਤ ਔਖੀ ਲੱਗਦੀ ਹੈ। ਉਹ ਕਹਿੰਦੇ ਹਨ ਕਿ ਜੇ ਅੱਜ ਧਰਤੀ ਉੱਤੇ ਸਭ ਕੁਝ ਰੱਬ ਦੀ ਮਰਜ਼ੀ ਮੁਤਾਬਕ ਹੋ ਰਿਹਾ ਹੈ, ਤਾਂ ਇਸ ਦਾ ਮਤਲਬ ਹੋਇਆ ਕਿ ਰੱਬ ਬਹੁਤ ਹੀ ਬੇਰਹਿਮ ਹੈ ਜੋ ਇਨਸਾਨਾਂ ਦੇ ਦੁੱਖਾਂ ਨੂੰ ਮਹਿਸੂਸ ਨਹੀਂ ਕਰ ਸਕਦਾ। ਉਹ ਸਵਾਲ ਕਰਦੇ ਹਨ: ‘ਜੇ ਰੱਬ ਸਾਨੂੰ ਪਿਆਰ ਕਰਦਾ ਹੈ, ਤਾਂ ਉਹ ਮਾਸੂਮ ਲੋਕਾਂ ਨੂੰ ਇੰਨਾ ਦੁੱਖ ਕਿਉਂ ਦੇਣਾ ਚਾਹੇਗਾ? ਜੇ ਰੱਬ ਸਾਨੂੰ ਕੋਈ ਸਬਕ ਸਿਖਾਉਣਾ ਚਾਹੁੰਦਾ ਹੈ, ਤਾਂ ਉਹ ਸਬਕ ਕੀ ਹੋ ਸਕਦਾ ਹੈ?’ ਸ਼ਾਇਦ ਤੁਸੀਂ ਵੀ ਇਹੋ ਸਵਾਲ ਕੀਤਾ ਹੋਵੇ।
ਇਸ ਸੰਬੰਧ ਵਿਚ ਜ਼ਰਾ ਯਿਸੂ ਦੇ ਚੇਲੇ ਯਾਕੂਬ (ਜੋ ਯਿਸੂ ਦਾ ਮਤਰੇਆ ਭਰਾ ਵੀ ਸੀ) ਦੇ ਸ਼ਬਦਾਂ ਵੱਲ ਧਿਆਨ ਦਿਓ। ਉਸ ਨੇ ਲਿਖਿਆ: “ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” (ਯਾਕੂਬ 1:13) ਜੀ ਹਾਂ, ਪਰਮੇਸ਼ੁਰ ਕਿਸੇ ਨਾਲ ਬੁਰਾ ਨਹੀਂ ਕਰਦਾ। ਇਸ ਲਈ, ਇਹ ਗੱਲ ਸਾਫ਼ ਹੈ ਕਿ ਅੱਜ ਦੁਨੀਆਂ ਵਿਚ ਜੋ ਕੁਝ ਵੀ ਹੋ ਰਿਹਾ ਹੈ, ਜ਼ਰੂਰੀ ਨਹੀਂ ਕਿ ਉਹ ਰੱਬ ਦੀ ਹੀ ਮਰਜ਼ੀ ਹੋਵੇ। ਧਰਮ-ਸ਼ਾਸਤਰ ਵਿਚ ਮਨੁੱਖਾਂ ਦੀ ਇੱਛਾ, ਕੌਮਾਂ ਦੀ ਮਨਸ਼ਾ ਅਤੇ ਸ਼ਤਾਨ ਦੀ ਇੱਛਾ ਦਾ ਜ਼ਿਕਰ ਕੀਤਾ ਗਿਆ ਹੈ। (ਯੂਹੰਨਾ 1:13; 2 ਤਿਮੋਥਿਉਸ 2:26; 1 ਪਤਰਸ 4:3) ਕੀ ਇਹ ਮੰਨਣਾ ਵਾਜਬ ਨਹੀਂ ਹੋਵੇਗਾ ਕਿ ਹੂਲੀਓ ਅਤੇ ਕ੍ਰਿਸਟੀਨਾ ਦੇ ਪਰਿਵਾਰ ਉੱਤੇ ਜੋ ਬੀਤੀ, ਉਹ ਇਕ ਦਿਆਲੂ ਅਤੇ ਸਨੇਹੀ ਪਰਮੇਸ਼ੁਰ ਦੀ ਮਰਜ਼ੀ ਨਹੀਂ ਹੋ ਸਕਦੀ?
ਜੇ ਇਹ ਸੱਚ ਹੈ, ਤਾਂ ਯਿਸੂ ਦੁਆਰਾ ਆਪਣੇ ਚੇਲਿਆਂ ਨੂੰ ਸਿਖਾਈ ਪ੍ਰਾਰਥਨਾ ਵਿਚ ਕਹੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਸੀ ਕਿ ‘ਤੇਰੀ ਮਰਜ਼ੀ ਪੂਰੀ ਹੋਵੇ’? ਕੀ ਇਨ੍ਹਾਂ ਸ਼ਬਦਾਂ ਦਾ ਇਹ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਨੂੰ ਕੁਝ ਗੱਲਾਂ ਵਿਚ ਦਖ਼ਲ ਦੇਣ ਦੀ ਬੇਨਤੀ ਕਰਦੇ ਹਾਂ? ਜਾਂ ਕੀ ਯਿਸੂ ਸਾਨੂੰ ਇਕ ਬਿਹਤਰ ਅਤੇ ਸੋਹਣੇ ਭਵਿੱਖ ਲਈ ਪ੍ਰਾਰਥਨਾ ਕਰਨੀ ਸਿਖਾ ਰਿਹਾ ਸੀ? ਆਓ ਆਪਾਂ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।
[ਸਫ਼ੇ 3 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
ਕਾਰ: Dominique Faget-STF/AFP/Getty Images; ਬੱਚਾ: FAO photo/B. Imevbore