ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਸਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਯਿਸੂ ਦੇ ਭੈਣ-ਭਰਾ ਸਨ?
ਮੱਤੀ 13:55, 56 ਅਤੇ ਮਰਕੁਸ 6:3 ਵਿਚ ਬਾਈਬਲ ਇਸ ਬਾਰੇ ਦੱਸਦੀ ਹੈ। ਇਨ੍ਹਾਂ ਆਇਤਾਂ ਵਿਚ ਵਰਤਿਆ ਗਿਆ ਯੂਨਾਨੀ ਸ਼ਬਦ (ਅਡੈੱਲਫ਼ੋਸ) ‘ਖ਼ੂਨ ਦੇ ਰਿਸ਼ਤੇ ਜਾਂ ਕਾਨੂੰਨੀ ਰਿਸ਼ਤੇ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ ਅਤੇ ਇਸ ਦਾ ਮਤਲਬ ਸਿਰਫ਼ ਸਕਾ ਜਾਂ ਮਤਰੇਆ ਭਰਾ ਹੀ ਹੁੰਦਾ ਹੈ।’ (ਦ ਕੈਥੋਲਿਕ ਬਿਬਲੀਕਲ ਕੁਆਰਟਰਲੀ, ਜਨਵਰੀ 1992)—12/15, ਸਫ਼ਾ 3.
• ਹਾਲ ਹੀ ਦੇ ਸਾਲਾਂ ਵਿਚ ਲੜਾਈ ਦਾ ਰੂਪ ਕਿਵੇਂ ਬਦਲ ਗਿਆ ਹੈ ਅਤੇ ਇਸ ਦੇ ਮੁੱਖ ਕਾਰਨ ਕੀ ਹਨ?
ਹਾਲ ਹੀ ਦੇ ਸਾਲਾਂ ਵਿਚ ਮਨੁੱਖਜਾਤੀ ਨੂੰ ਘਰੇਲੂ ਲੜਾਈਆਂ ਦੀ ਬੀਮਾਰੀ ਲੱਗੀ ਹੋਈ ਹੈ। ਘਰੇਲੂ ਲੜਾਈ ਦੇ ਮੁੱਖ ਕਾਰਨ ਹਨ ਨਸਲੀ ਨਫ਼ਰਤ, ਧਾਰਮਿਕ ਮਤਭੇਦ, ਅਨਿਆਂ ਅਤੇ ਰਾਜਨੀਤਿਕ ਉਥਲ-ਪੁਥਲ। ਸੱਤਾ ਅਤੇ ਪੈਸੇ ਦਾ ਲਾਲਚ ਵੀ ਇਕ ਹੋਰ ਕਾਰਨ ਹੈ।—1/1, ਸਫ਼ੇ 3-4.
• ਅਸੀਂ ਕਿਵੇਂ ਜਾਣਦੇ ਹਾਂ ਕਿ ਯਿਸੂ ਨਹੀਂ ਚਾਹੁੰਦਾ ਸੀ ਕਿ ਮਸੀਹੀ ਆਦਰਸ਼ ਪ੍ਰਾਰਥਨਾ ਨੂੰ ਰੱਟਾ ਲਾ ਕੇ ਵਾਰ-ਵਾਰ ਦੁਹਰਾਉਣ?
ਯਿਸੂ ਨੇ ਆਦਰਸ਼ ਪ੍ਰਾਰਥਨਾ ਆਪਣੇ ਪਹਾੜੀ ਉਪਦੇਸ਼ ਵਿਚ ਸਿਖਾਈ ਸੀ। ਤਕਰੀਬਨ ਡੇਢ ਸਾਲ ਬਾਅਦ, ਉਸ ਨੇ ਇਸ ਪ੍ਰਾਰਥਨਾ ਦੀਆਂ ਕੁਝ ਖ਼ਾਸ ਗੱਲਾਂ ਨੂੰ ਦੁਬਾਰਾ ਦੱਸਿਆ। (ਮੱਤੀ 6:9-13; ਲੂਕਾ 11:1-4) ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਉਸ ਨੇ ਪ੍ਰਾਰਥਨਾ ਦੇ ਇਕ-ਇਕ ਲਫ਼ਜ਼ ਨੂੰ ਨਹੀਂ ਦੁਹਰਾਇਆ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਨਹੀਂ ਚਾਹੁੰਦਾ ਸੀ ਕਿ ਪ੍ਰਾਰਥਨਾ ਨੂੰ ਰੱਟਾ ਲਾਇਆ ਜਾਵੇ।—2/1, ਸਫ਼ਾ 8.
• ਜਲ-ਪਰਲੋ ਤੋਂ ਬਾਅਦ ਘੁੱਗੀ ਜ਼ੈਤੂਨ ਦਾ ਪੱਤਾ ਲੈ ਕੇ ਆਈ ਸੀ। ਉਸ ਨੂੰ ਉਹ ਪੱਤਾ ਕਿੱਥੋਂ ਮਿਲਿਆ ਸੀ?
ਅੱਜ ਕਿਸੇ ਨੂੰ ਇਹ ਨਹੀਂ ਪਤਾ ਕਿ ਜਲ-ਪਰਲੋ ਦਾ ਪਾਣੀ ਕਿੰਨਾ ਕੁ ਖਾਰਾ ਸੀ ਅਤੇ ਇਸ ਦਾ ਤਾਪਮਾਨ ਕਿੰਨਾ ਕੁ ਸੀ। ਪਰ ਜ਼ੈਤੂਨ ਦੇ ਦਰਖ਼ਤਾਂ ਨੂੰ ਜੇ ਵੱਢ ਵੀ ਦਿੱਤਾ ਜਾਵੇ, ਤਾਂ ਵੀ ਇਹ ਦੁਬਾਰਾ ਉੱਗ ਪੈਂਦੇ ਹਨ। ਇਸ ਲਈ ਕੁਝ ਦਰਖ਼ਤ ਸ਼ਾਇਦ ਜਲ-ਪਰਲੋ ਵਿੱਚੋਂ ਬਚ ਗਏ ਸਨ ਤੇ ਬਾਅਦ ਵਿਚ ਉਹ ਦੁਬਾਰਾ ਉੱਗ ਗਏ ਹੋਣਗੇ।—2/15, ਸਫ਼ਾ 31.
• ਨਾਈਜੀਰੀਆ ਦੇ ਘਰੇਲੂ ਯੁੱਧ ਦੌਰਾਨ ਬੀਆਫ੍ਰਾ ਦੀ ਘੇਰਾਬੰਦੀ ਹੋਣ ਕਰਕੇ ਉੱਥੇ ਰਹਿੰਦੇ ਯਹੋਵਾਹ ਦੇ ਗਵਾਹਾਂ ਨੂੰ ਅਧਿਆਤਮਿਕ ਭੋਜਨ ਕਿਵੇਂ ਮਿਲਦਾ ਸੀ?
ਦੋ ਆਦਮੀਆਂ ਨੂੰ ਸਰਕਾਰੀ ਨੌਕਰੀਆਂ ਤੇ ਲਾਇਆ ਗਿਆ ਸੀ। ਇਕ ਨੂੰ ਯੂਰਪ ਵਿਚ ਅਤੇ ਦੂਸਰੇ ਨੂੰ ਬੀਆਫ੍ਰਾ ਦੀ ਹਵਾਈ ਪਟੜੀ ਤੇ। ਇਹ ਦੋਨੋਂ ਆਦਮੀ ਯਹੋਵਾਹ ਦੇ ਗਵਾਹ ਸਨ। ਇਹ ਦੋ ਭਰਾ ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਬੀਆਫ੍ਰਾ ਦੇ ਭੈਣ-ਭਰਾਵਾਂ ਨੂੰ ਰੂਹਾਨੀ ਸਾਹਿੱਤ ਪਹੁੰਚਾਉਂਦੇ ਰਹੇ। ਇਸ ਤਰ੍ਹਾਂ 1970 ਵਿਚ ਯੁੱਧ ਖ਼ਤਮ ਹੋਣ ਤਕ ਇਹ ਦੋਵੇਂ ਗਵਾਹ ਬਹੁਤ ਸਾਰੇ ਭਰਾਵਾਂ ਦੀ ਮਦਦ ਕਰਦੇ ਰਹੇ।—3/1, ਸਫ਼ਾ 27.
• ਵੈਸਟਫ਼ਾਲੀਆ ਦੀ ਸ਼ਾਂਤੀ ਸੰਧੀ ਦਾ ਕੀ ਫ਼ਾਇਦਾ ਹੋਇਆ ਅਤੇ ਧਰਮ ਦੀ ਇਸ ਵਿਚ ਕੀ ਭੂਮਿਕਾ ਸੀ?
ਚਰਚ ਦੇ ਸੁਧਾਰ ਅੰਦੋਲਨ ਨੇ ਪਵਿੱਤਰ ਰੋਮੀ ਸਾਮਰਾਜ ਨੂੰ ਤਿੰਨ ਧਰਮਾਂ ਵਿਚ ਵੰਡ ਦਿੱਤਾ—ਕੈਥੋਲਿਕ, ਲੂਥਰਨ ਅਤੇ ਕੈਲਵਿਨ ਧਰਮ। ਸਤਾਰ੍ਹਵੀਂ ਸਦੀ ਦੀ ਸ਼ੁਰੂਆਤ ਵਿਚ ਪ੍ਰੋਟੈਸਟੈਂਟ ਯੂਨੀਅਨ ਅਤੇ ਕੈਥੋਲਿਕ ਲੀਗ ਨਾਂ ਦੇ ਦੋ ਗੁੱਟ ਬਣੇ। ਫਿਰ ਬੋਹੀਮੀਆ ਵਿਚ ਧਰਮ ਦੇ ਨਾਂ ਤੇ ਲੜਾਈ ਸ਼ੁਰੂ ਹੋ ਗਈ ਜੋ ਵਧ ਕੇ ਅੰਤਰਰਾਸ਼ਟਰੀ ਪੱਧਰ ਤੇ ਸੱਤਾ ਦੀ ਲੜਾਈ ਬਣ ਗਈ। ਕੈਥੋਲਿਕ ਅਤੇ ਪ੍ਰੋਟੈਸਟੈਂਟ ਸ਼ਾਸਕ ਰਾਜਨੀਤਿਕ ਤੌਰ ਤੇ ਮਜ਼ਬੂਤ ਹੋਣ ਲਈ ਅਤੇ ਮਾਲੀ ਲਾਭ ਹਾਸਲ ਕਰਨ ਲਈ ਲੜਦੇ ਰਹੇ। ਅਖ਼ੀਰ ਵਿਚ ਜਰਮਨੀ ਦੇ ਵੈਸਟਫ਼ਾਲੀਆ ਸੂਬੇ ਵਿਚ ਸ਼ਾਂਤੀ ਕਾਇਮ ਕਰਨ ਬਾਰੇ ਗੱਲਬਾਤ ਹੋਈ। ਤਕਰੀਬਨ ਪੰਜ ਸਾਲ ਬਾਅਦ 1648 ਵਿਚ ਵੈਸਟਫ਼ਾਲੀਆ ਦੀ ਸੰਧੀ ਉੱਤੇ ਦਸਤਖਤ ਕੀਤੇ ਗਏ। ਇਸ ਨਾਲ ਆਧੁਨਿਕ ਯੂਰਪ ਦਾ ਜਨਮ ਹੋਇਆ ਜਿਸ ਵਿਚ ਹਰ ਦੇਸ਼ ਨੂੰ ਆਜ਼ਾਦੀ ਪ੍ਰਾਪਤ ਹੋਈ।—3/15, ਸਫ਼ੇ 20-3.
• “ਦਰਿੰਦੇ” ਦੇ ਨਾਂ ਜਾਂ ਨੰਬਰ 666 ਦਾ ਕੀ ਮਤਲਬ ਹੈ?
ਪਰਕਾਸ਼ ਦੀ ਪੋਥੀ 13:16-18 ਵਿਚ ਇਸ ਨੰਬਰ ਦਾ ਜ਼ਿਕਰ ਕੀਤਾ ਗਿਆ ਹੈ। ਇਹ ਦਰਿੰਦਾ ਮਨੁੱਖੀ ਹਕੂਮਤ ਨੂੰ ਦਰਸਾਉਂਦਾ ਹੈ ਅਤੇ ਇਸ ਦਰਿੰਦੇ ਉੱਤੇ ‘ਮਨੁੱਖ ਦਾ ਅੰਕ’ ਹੋਣ ਦਾ ਮਤਲਬ ਹੈ ਕਿ ਨਾਮੁਕੰਮਲ ਇਨਸਾਨਾਂ ਦੀਆਂ ਸਰਕਾਰਾਂ ਵੀ ਨਾਮੁਕੰਮਲ ਹੀ ਹਨ। ਤਾਂ ਫਿਰ 6 ਜਮ੍ਹਾ 60 ਜਮ੍ਹਾ 600 ਦਿਖਾਉਂਦਾ ਹੈ ਕਿ ਇਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪੂਰੀ ਤਰ੍ਹਾਂ ਨਾਮੁਕੰਮਲ ਹੈ। ਜਿਨ੍ਹਾਂ ਦੇ ਮੱਥੇ ਉੱਤੇ ਇਹ ਨੰਬਰ ਲਿਖਿਆ ਹੋਇਆ ਹੈ, ਉਹ ਮਨੁੱਖੀ ਸਰਕਾਰਾਂ ਦੀ ਭਗਤੀ ਕਰਦੇ ਹਨ ਅਤੇ ਮੁਕਤੀ ਲਈ ਉਨ੍ਹਾਂ ਉੱਤੇ ਆਸ ਰੱਖਦੇ ਹਨ।—4/1, ਸਫ਼ੇ 4-7.