Skip to content

Skip to table of contents

ਕੋਮਪਲੂਟੈਂਸੀਅਨ ਪੌਲੀਗਲੋਟ—ਅਨੁਵਾਦਕਾਂ ਲਈ ਇਕ ਅਹਿਮ ਕਿਤਾਬ

ਕੋਮਪਲੂਟੈਂਸੀਅਨ ਪੌਲੀਗਲੋਟ—ਅਨੁਵਾਦਕਾਂ ਲਈ ਇਕ ਅਹਿਮ ਕਿਤਾਬ

ਕੋਮਪਲੂਟੈਂਸੀਅਨ ਪੌਲੀਗਲੋਟ—ਅਨੁਵਾਦਕਾਂ ਲਈ ਇਕ ਅਹਿਮ ਕਿਤਾਬ

ਤਕਰੀਬਨ ਸੰਨ 1455 ਵਿਚ ਬਾਈਬਲ ਦੀ ਛਪਾਈ ਵਿਚ ਇਨਕਲਾਬ ਆ ਗਿਆ। ਉਸ ਵੇਲੇ ਯੋਹਾਨਸ ਗੁਟਨਬਰਗ ਨੇ ਛਪਾਈ ਮਸ਼ੀਨ ਉੱਤੇ ਪਹਿਲੀ ਬਾਈਬਲ ਛਾਪੀ। ਇਸ ਛਪਾਈ ਮਸ਼ੀਨ ਦੇ ਟਾਈਪ ਬਦਲੇ ਜਾ ਸਕਦੇ ਸਨ। ਆਖ਼ਰ ਉਹ ਦਿਨ ਆ ਹੀ ਗਿਆ ਜਦੋਂ ਬਾਈਬਲ ਦੇ ਨਕਲਨਵੀਸਾਂ ਦੇ ਹੱਥਾਂ ਦੀ ਮੁਥਾਜ ਨਹੀਂ ਰਹੀ। ਹੁਣ ਛਪਾਈ ਮਸ਼ੀਨਾਂ ਉੱਤੇ ਘੱਟ ਖ਼ਰਚੇ ਤੇ ਜ਼ਿਆਦਾ ਬਾਈਬਲਾਂ ਛਾਪੀਆਂ ਜਾ ਸਕਦੀਆਂ ਸਨ। ਜਲਦੀ ਹੀ ਬਾਈਬਲ ਦੁਨੀਆਂ ਭਰ ਵਿਚ ਸਭ ਤੋਂ ਜ਼ਿਆਦਾ ਵੰਡੀ ਗਈ ਕਿਤਾਬ ਬਣ ਗਈ।

ਗੁਟਨਬਰਗ ਦੀ ਬਾਈਬਲ ਲਾਤੀਨੀ ਭਾਸ਼ਾ ਵਿਚ ਸੀ। ਪਰ ਯੂਰਪ ਦੇ ਵਿਦਵਾਨਾਂ ਨੇ ਬਾਈਬਲ ਨੂੰ ਮੁਢਲੀਆਂ ਭਾਸ਼ਾਵਾਂ ਯਾਨੀ ਇਬਰਾਨੀ ਅਤੇ ਯੂਨਾਨੀ ਭਾਸ਼ਾ ਵਿਚ ਛਾਪਣ ਦੀ ਲੋੜ ਮਹਿਸੂਸ ਕੀਤੀ। ਕੈਥੋਲਿਕ ਚਰਚ ਨੇ ਲਾਤੀਨੀ ਭਾਸ਼ਾ ਵਿਚ ਵਲਗੇਟ ਬਾਈਬਲ ਨੂੰ ਹੀ ਆਪਣੀ ਮਨਜ਼ੂਰੀ ਦਿੱਤੀ ਸੀ, ਚਾਹੇ ਕਿ ਇਸ ਵਿਚ ਦੋ ਵੱਡੀਆਂ ਕਮੀਆਂ ਸਨ। ਸੋਲਵੀਂ ਸਦੀ ਵਿਚ ਜ਼ਿਆਦਾਤਰ ਲੋਕਾਂ ਨੂੰ ਲਾਤੀਨੀ ਭਾਸ਼ਾ ਨਹੀਂ ਆਉਂਦੀ ਸੀ। ਇਸ ਤੋਂ ਇਲਾਵਾ, ਨਕਲਨਵੀਸ ਤਕਰੀਬਨ ਇਕ ਹਜ਼ਾਰ ਸਾਲ ਤੋਂ ਵਲਗੇਟ ਬਾਈਬਲ ਦੀਆਂ ਕਾਪੀਆਂ ਹੱਥਾਂ ਨਾਲ ਬਣਾਉਂਦੇ ਆ ਰਹੇ ਸਨ ਜਿਸ ਕਰਕੇ ਉਸ ਵਿਚ ਬਹੁਤ ਸਾਰੀਆਂ ਗ਼ਲਤੀਆਂ ਸਨ।

ਅਨੁਵਾਦਕਾਂ ਅਤੇ ਵਿਦਵਾਨਾਂ ਦੋਵਾਂ ਨੂੰ ਮੁਢਲੀਆਂ ਭਾਸ਼ਾਵਾਂ ਵਿਚ ਬਾਈਬਲ ਚਾਹੀਦੀ ਸੀ ਅਤੇ ਇਸ ਦੇ ਨਾਲ-ਨਾਲ ਲਾਤੀਨੀ ਭਾਸ਼ਾ ਵਿਚ ਇਸ ਦਾ ਸਹੀ ਅਨੁਵਾਦ ਵੀ। ਸਪੇਨ ਦੀ ਰਾਣੀ ਇਜ਼ਾਬੇਲਾ ਪਹਿਲੀ ਦੇ ਰਾਜਨੀਤਿਕ ਅਤੇ ਧਾਰਮਿਕ ਸਲਾਹਕਾਰ ਕਾਰਡੀਨਲ ਹੀਮੇਨੇਥ ਡੀ ਥਿਸਨੇਰੋਸ ਨੇ 1502 ਵਿਚ ਫ਼ੈਸਲਾ ਕੀਤਾ ਕਿ ਉਹ ਸਿਰਫ਼ ਇਕ ਕਿਤਾਬ ਦੇ ਜ਼ਰੀਏ ਇਹ ਲੋੜ ਪੂਰੀ ਕਰੇਗਾ। ਅਨੁਵਾਦ ਦੇ ਖੇਤਰ ਵਿਚ ਇਤਿਹਾਸ ਦੀ ਇਹ ਅਹਿਮ ਦੇਣ ਕੋਮਪਲੂਟੈਂਸੀਅਨ ਪੌਲੀਗਲੋਟ ਵਜੋਂ ਜਾਣੀ ਜਾਣ ਲੱਗੀ। ਥਿਸਨੇਰੋਸ ਨੇ ਪੌਲੀਗਲੋਟ ਜਾਂ ਬਹੁ-ਭਾਸ਼ੀ ਬਾਈਬਲ ਛਾਪਣ ਦਾ ਫ਼ੈਸਲਾ ਕੀਤਾ ਜਿਸ ਵਿਚ ਇਬਰਾਨੀ, ਯੂਨਾਨੀ ਤੇ ਲਾਤੀਨੀ ਬਾਈਬਲ ਹੋਣੀ ਸੀ ਅਤੇ ਇਸ ਦੇ ਨਾਲ ਅਰਾਮੀ ਭਾਸ਼ਾ ਵਿਚ ਕੁਝ ਹਿੱਸੇ ਹੋਣੇ ਸਨ। ਛਪਾਈ ਦੇ ਖੇਤਰ ਵਿਚ ਅਜੇ ਇੰਨੀ ਕੋਈ ਤਰੱਕੀ ਨਹੀਂ ਹੋਈ ਸੀ, ਇਸ ਲਈ ਬਹੁ-ਭਾਸ਼ੀ ਬਾਈਬਲ ਛਾਪਣੀ ਛਪਾਈ ਦੇ ਖੇਤਰ ਵਿਚ ਇਕ ਵੱਡੀ ਪੁਲਾਂਘ ਸਾਬਤ ਹੋਣੀ ਸੀ।

ਥਿਸਨੇਰੋਸ ਨੇ ਪ੍ਰਾਚੀਨ ਇਬਰਾਨੀ ਹੱਥ-ਲਿਖਤਾਂ ਖ਼ਰੀਦ ਕੇ ਇਸ ਮੁਸ਼ਕਲ ਕੰਮ ਦੀ ਸ਼ੁਰੂਆਤ ਕੀਤੀ। ਉਸ ਨੂੰ ਬਹੁਤ ਸਾਰੀਆਂ ਹੱਥ-ਲਿਖਤਾਂ ਸਪੇਨ ਵਿੱਚੋਂ ਮਿਲ ਗਈਆਂ ਸਨ। ਉਸ ਨੇ ਯੂਨਾਨੀ ਅਤੇ ਲਾਤੀਨੀ ਭਾਸ਼ਾ ਵਿਚ ਵੀ ਵੱਖਰੀਆਂ-ਵੱਖਰੀਆਂ ਹੱਥ-ਲਿਖਤਾਂ ਇਕੱਠੀਆਂ ਕੀਤੀਆਂ। ਇਨ੍ਹਾਂ ਦੇ ਆਧਾਰ ਤੇ ਪੌਲੀਗਲੋਟ ਬਾਈਬਲ ਤਿਆਰ ਕੀਤੀ ਗਈ। ਥਿਸਨੇਰੋਸ ਨੇ ਪੌਲੀਗਲੋਟ ਤਿਆਰ ਕਰਨ ਦਾ ਕੰਮ ਵਿਦਵਾਨਾਂ ਦੀ ਇਕ ਟੀਮ ਨੂੰ ਸੌਂਪਿਆ ਜਿਨ੍ਹਾਂ ਨੂੰ ਉਸ ਨੇ ਸਪੇਨ ਵਿਚ ਆਲਕਾਲਾ ਡੇ ਅਨਾਰੇਸ ਸ਼ਹਿਰ ਦੀ ਨਵੀਂ ਯੂਨੀਵਰਸਿਟੀ ਵਿਚ ਜਥੇਬੰਦ ਕੀਤਾ ਸੀ। ਉਸ ਨੇ ਰੋਟਰਡਮ ਦੇ ਵਿਦਵਾਨ ਇਰੈਸਮਸ ਨੂੰ ਵੀ ਇਸ ਕੰਮ ਲਈ ਸੱਦਾ ਦਿੱਤਾ ਸੀ ਪਰ ਉਸ ਨੇ ਸੱਦਾ ਸਵੀਕਾਰ ਨਹੀਂ ਕੀਤਾ।

ਵਿਦਵਾਨਾਂ ਨੂੰ ਇਹ ਬਾਈਬਲ ਤਿਆਰ ਕਰਨ ਵਿਚ ਦਸ ਸਾਲ ਲੱਗੇ ਅਤੇ ਇਸ ਪਿੱਛੋਂ ਛਪਾਈ ਕਰਨ ਲਈ ਹੋਰ ਚਾਰ ਸਾਲ ਲੱਗੇ। ਛਪਾਈ ਵੇਲੇ ਕਈ ਸਮੱਸਿਆਵਾਂ ਆਈਆਂ ਕਿਉਂਕਿ ਸਪੇਨੀ ਪ੍ਰਿੰਟਰਾਂ ਕੋਲ ਇਬਰਾਨੀ, ਯੂਨਾਨੀ ਜਾਂ ਅਰਾਮੀ ਭਾਸ਼ਾ ਦੇ ਅੱਖਰਾਂ ਦੇ ਟਾਈਪ ਨਹੀਂ ਸਨ। ਇਸ ਲਈ ਥਿਸਨੇਰੋਸ ਨੇ ਇਨ੍ਹਾਂ ਭਾਸ਼ਾਵਾਂ ਦੇ ਅੱਖਰਾਂ ਦੇ ਟਾਈਪ ਬਣਾਉਣ ਦਾ ਕੰਮ ਮਾਹਰ ਪ੍ਰਿੰਟਰ ਆਰਨਾਲਡੋ ਗੀਯਰਮੋ ਬ੍ਰੋਕਾਰੀ ਨੂੰ ਸੌਂਪਿਆ। ਸਾਲ 1514 ਵਿਚ ਪ੍ਰਿੰਟਰਾਂ ਨੇ ਬਾਈਬਲ ਦੀ ਛਪਾਈ ਸ਼ੁਰੂ ਕਰ ਦਿੱਤੀ। ਇਸ ਬਾਈਬਲ ਦੀਆਂ ਛੇ ਜਿਲਦਾਂ ਕਾਰਡੀਨਲ ਥਿਸਨੇਰੋਸ ਦੀ ਮੌਤ ਤੋਂ ਚਾਰ ਮਹੀਨੇ ਪਹਿਲਾਂ 10 ਜੁਲਾਈ 1517 ਨੂੰ ਪੂਰੀਆਂ ਹੋਈਆਂ। ਪੂਰੀ ਬਾਈਬਲ ਦੀਆਂ ਤਕਰੀਬਨ 600 ਕਾਪੀਆਂ ਛਾਪੀਆਂ ਗਈਆਂ ਸਨ। * ਹੈਰਾਨੀ ਦੀ ਗੱਲ ਹੈ ਕਿ ਜਿਸ ਵੇਲੇ ਛਪਾਈ ਦਾ ਕੰਮ ਚੱਲ ਰਿਹਾ ਸੀ, ਉਸ ਵੇਲੇ ਸਪੇਨ ਦੀ ਧਾਰਮਿਕ ਅਦਾਲਤ ਲੋਕਾਂ ਨੂੰ ਤਸੀਹੇ ਦੇਣ ਵਿਚ ਰੁੱਝੀ ਹੋਈ ਸੀ।

ਪੌਲੀਗਲੋਟ ਬਾਈਬਲ ਦੀ ਬਣਤਰ

ਪੌਲੀਗਲੋਟ ਬਾਈਬਲ ਦਾ ਹਰ ਸਫ਼ਾ ਜਾਣਕਾਰੀ ਭਰਪੂਰ ਹੈ। ਇਬਰਾਨੀ ਸ਼ਾਸਤਰ ਦੀਆਂ ਚਾਰ ਜਿਲਦਾਂ ਵਿਚ, ਹਰ ਸਫ਼ੇ ਦੇ ਗੱਭੇ ਵਲਗੇਟ ਬਾਈਬਲ ਦਾ ਖਰੜਾ, ਸਫ਼ੇ ਦੇ ਬਾਹਰਲੇ ਪਾਸੇ ਇਬਰਾਨੀ ਵਿਚ, ਅੰਦਰਲੇ ਪਾਸੇ ਯੂਨਾਨੀ ਵਿਚ ਅਤੇ ਇਸ ਦੇ ਨਾਲ-ਨਾਲ ਲਾਤੀਨੀ ਭਾਸ਼ਾ ਵਿਚ ਅਨੁਵਾਦ ਦਿੱਤਾ ਗਿਆ ਹੈ। ਹਾਸ਼ੀਏ ਵਿਚ ਬਹੁਤ ਸਾਰੇ ਇਬਰਾਨੀ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਕਿੱਦਾਂ ਬਣੇ। ਤੌਰੇਤ ਦੀਆਂ ਕਿਤਾਬਾਂ ਵਾਲੇ ਸਫ਼ਿਆਂ ਦੇ ਹੇਠਲੇ ਹਿੱਸੇ ਵਿਚ ਸੰਪਾਦਕਾਂ ਨੇ ਟਾਰਗਾਮ ਆਫ਼ ਓਨਕਲੋਸ (ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਦੀ ਅਰਾਮੀ ਭਾਸ਼ਾ ਵਿਚ ਵਿਆਖਿਆ) ਅਤੇ ਲਾਤੀਨੀ ਭਾਸ਼ਾ ਵਿਚ ਇਸ ਦਾ ਅਨੁਵਾਦ ਵੀ ਸ਼ਾਮਲ ਕੀਤਾ।

ਪੌਲੀਗਲੋਟ ਬਾਈਬਲ ਦੀ ਪੰਜਵੀਂ ਜਿਲਦ ਵਿਚ ਦੋ ਕਾਲਮਾਂ ਵਿਚ ਯੂਨਾਨੀ ਸ਼ਾਸਤਰ ਦਿੱਤਾ ਗਿਆ ਹੈ। ਇਕ ਕਾਲਮ ਯੂਨਾਨੀ ਸ਼ਾਸਤਰ ਦਾ ਹੈ ਅਤੇ ਦੂਸਰੇ ਵਿਚ ਉਸੇ ਦਾ ਵਲਗੇਟ ਬਾਈਬਲ ਵਿੱਚੋਂ ਅਨੁਵਾਦ ਦਿੱਤਾ ਗਿਆ ਹੈ। ਦੋਵਾਂ ਭਾਸ਼ਾਵਾਂ ਦੇ ਸ਼ਬਦਾਂ ਵਿਚ ਸੰਬੰਧ ਦਿਖਾਉਣ ਲਈ ਉਨ੍ਹਾਂ ਨਾਲ ਛੋਟੇ ਅੱਖਰ ਲਾਏ ਗਏ ਹਨ ਜਿਨ੍ਹਾਂ ਰਾਹੀਂ ਪਾਠਕ ਸਮਾਨ ਸ਼ਬਦ ਸੌਖਿਆਂ ਦੇਖ ਸਕਦੇ ਹਨ। ਯੂਨਾਨੀ ਸ਼ਾਸਤਰ ਜਾਂ ‘ਨਵੇਂ ਨੇਮ’ ਦਾ ਪੂਰਾ ਹਿੱਸਾ ਪਹਿਲੀ ਵਾਰ ਪੌਲੀਗਲੋਟ ਵਿਚ ਇਕੱਠਾ ਕਰ ਕੇ ਛਾਪਿਆ ਗਿਆ ਹੈ। ਦੂਜੇ ਨੰਬਰ ਤੇ ਇਰੈਸਮਸ ਦੁਆਰਾ ਤਿਆਰ ਕੀਤਾ ਗਿਆ ਯੂਨਾਨੀ ਸ਼ਾਸਤਰ ਛਾਪਿਆ ਗਿਆ ਹੈ।

ਵਿਦਵਾਨਾਂ ਨੇ ਪੰਜਵੀਂ ਜਿਲਦ ਦੇ ਮਜ਼ਮੂਨ ਨੂੰ ਇੰਨੇ ਧਿਆਨ ਨਾਲ ਪੜ੍ਹਿਆ ਕਿ ਛਪਾਈ ਤੋਂ ਬਾਅਦ ਉਨ੍ਹਾਂ ਨੂੰ ਸਿਰਫ਼ 50 ਗ਼ਲਤੀਆਂ ਮਿਲੀਆਂ। ਵਿਦਵਾਨਾਂ ਦੀ ਇਸ ਸਖ਼ਤ ਮਿਹਨਤ ਕਰਕੇ ਅੱਜ ਆਲੋਚਕ ਇਸ ਨੂੰ ਇਰੈਸਮਸ ਦੇ ਯੂਨਾਨੀ ਸ਼ਾਸਤਰ ਤੋਂ ਵੀ ਵਧੀਆ ਮੰਨਦੇ ਹਨ। ਯੂਨਾਨੀ ਦੇ ਅੱਖਰ ਬਹੁਤ ਹੀ ਸਾਫ਼ ਅਤੇ ਸੋਹਣੇ ਸਨ। ਆਪਣੀ ਕਿਤਾਬ ਪੰਦਰਵੀਂ ਸਦੀ ਵਿਚ ਯੂਨਾਨੀ ਭਾਸ਼ਾ ਵਿਚ ਛਪਾਈ (ਅੰਗ੍ਰੇਜ਼ੀ) ਵਿਚ ਆਰ. ਪ੍ਰਾਕਟਰ ਕਹਿੰਦਾ ਹੈ: “ਸਪੇਨ ਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੈ ਕਿ ਇੱਥੇ ਛਪਾਈ ਵਾਸਤੇ ਯੂਨਾਨੀ ਅੱਖਰਾਂ ਦੇ ਪਹਿਲੇ ਟਾਈਪ ਬਣਾਏ ਗਏ ਸਨ ਜੋ ਕਿ ਯੂਨਾਨੀ ਭਾਸ਼ਾ ਦੇ ਹੁਣ ਤਕ ਬਣਾਏ ਗਏ ਅੱਖਰਾਂ ਵਿਚ ਸਭ ਤੋਂ ਉੱਤਮ ਹਨ।”

ਪੌਲੀਗਲੋਟ ਦੀ ਛੇਵੀਂ ਜਿਲਦ ਵਿਚ ਬਾਈਬਲ ਸਟੱਡੀ ਵਿਚ ਮਦਦ ਕਰਨ ਵਾਸਤੇ ਇਕ ਇਬਰਾਨੀ ਤੇ ਅਰਾਮੀ ਡਿਕਸ਼ਨਰੀ, ਯੂਨਾਨੀ, ਇਬਰਾਨੀ ਤੇ ਅਰਾਮੀ ਨਾਵਾਂ ਦਾ ਤਰਜਮਾ, ਇਕ ਇਬਰਾਨੀ ਵਿਆਕਰਣ ਅਤੇ ਡਿਕਸ਼ਨਰੀ ਵਾਸਤੇ ਲਾਤੀਨੀ ਭਾਸ਼ਾ ਵਿਚ ਇੰਡੈਕਸ ਹਨ। ਇਸੇ ਕਰਕੇ ਕੋਮਪਲੂਟੈਂਸੀਅਨ ਪੌਲੀਗਲੋਟ ਨੂੰ “ਛਪਾਈ ਦੀ ਕਲਾ ਅਤੇ ਬਾਈਬਲ ਦੇ ਗਿਆਨ ਦਾ ਸ਼ਾਹਕਾਰ” ਕਹਿ ਕੇ ਇਸ ਦੀ ਸ਼ਲਾਘਾ ਕੀਤੀ ਗਈ ਹੈ।

ਥਿਸਨੇਰੋਸ ਚਾਹੁੰਦਾ ਸੀ ਕਿ ਇਸ ਬਹੁ-ਭਾਸ਼ੀ ਬਾਈਬਲ ਦੀ ਮਦਦ ਨਾਲ “ਲੋਕ ਦੁਬਾਰਾ ਤੋਂ ਸ਼ਾਸਤਰ ਦਾ ਅਧਿਐਨ ਕਰਨ ਲੱਗ ਪੈਣ।” ਪਰ ਉਹ ਨਹੀਂ ਚਾਹੁੰਦਾ ਸੀ ਕਿ ਬਾਈਬਲ ਆਮ ਲੋਕਾਂ ਦੇ ਹੱਥਾਂ ਵਿਚ ਵੀ ਦਿੱਤੀ ਜਾਵੇ। ਉਹ ਸੋਚਦਾ ਸੀ ਕਿ “ਪਰਮੇਸ਼ੁਰ ਦੇ ਬਚਨ ਨੂੰ ਆਮ ਲੋਕਾਂ ਤੋਂ ਗੁਪਤ ਰੱਖਿਆ ਜਾਣਾ ਚਾਹੀਦਾ ਹੈ।” ਉਹ ਇਹ ਵੀ ਮੰਨਦਾ ਸੀ ਕਿ “ਪਰਮੇਸ਼ੁਰ ਨੇ ਆਪਣੇ ਪੁੱਤਰ ਦੀ ਸੂਲੀ ਉੱਤੇ ਲੱਗੀ ਫੱਟੀ ਵਿਚ ਜਿਹੜੀਆਂ ਤਿੰਨ ਪ੍ਰਾਚੀਨ ਭਾਸ਼ਾਵਾਂ ਵਿਚ ਲਿਖਣ ਦੀ ਆਗਿਆ ਦਿੱਤੀ ਸੀ, ਸ਼ਾਸਤਰ ਸਿਰਫ਼ ਉਨ੍ਹਾਂ ਤਿੰਨ ਭਾਸ਼ਾਵਾਂ ਵਿਚ ਹੀ ਉਪਲਬਧ ਹੋਣਾ ਚਾਹੀਦਾ ਹੈ।” * ਇਸੇ ਕਰਕੇ ਕੋਮਪਲੂਟੈਂਸੀਅਨ ਪੌਲੀਗਲੋਟ ਵਿਚ ਸਪੇਨੀ ਭਾਸ਼ਾ ਵਿਚ ਸ਼ਾਸਤਰ ਦਾ ਅਨੁਵਾਦ ਸ਼ਾਮਲ ਨਹੀਂ ਕੀਤਾ ਗਿਆ।

ਵਲਗੇਟ ਦੀ ਤੁਲਨਾ ਮੁਢਲੀਆਂ ਭਾਸ਼ਾਵਾਂ ਦੀਆਂ ਹੱਥ-ਲਿਖਤਾਂ ਨਾਲ

ਪੌਲੀਗਲੋਟ ਨੂੰ ਤਿਆਰ ਕਰਨ ਵਾਲੇ ਵਿਦਵਾਨਾਂ ਵਿਚ ਇਸ ਬਹੁ-ਭਾਸ਼ੀ ਬਾਈਬਲ ਕਰਕੇ ਕੁਝ ਮਤਭੇਦ ਪੈਦਾ ਹੋ ਗਏ। ਮਸ਼ਹੂਰ ਸਪੇਨੀ ਵਿਦਵਾਨ ਆਨਟੋਨੀਓ ਡੇ ਨੇਬਰੀਹਾ * ਨੂੰ ਵਲਗੇਟ ਬਾਈਬਲ ਦੇ ਮਜ਼ਮੂਨ ਨੂੰ ਸੋਧਣ ਦਾ ਕੰਮ ਦਿੱਤਾ ਗਿਆ ਸੀ ਕਿਉਂਕਿ ਇਸ ਬਾਈਬਲ ਨੂੰ ਪੌਲੀਗਲੋਟ ਵਿਚ ਸ਼ਾਮਲ ਕੀਤਾ ਜਾਣਾ ਸੀ। ਭਾਵੇਂ ਕਿ ਕੈਥੋਲਿਕ ਚਰਚ ਨੇ ਜਰੋਮ ਦੀ ਵਲਗੇਟ ਬਾਈਬਲ ਨੂੰ ਹੀ ਮਾਨਤਾ ਦਿੱਤੀ ਸੀ, ਪਰ ਨੇਬਰੀਹਾ ਨੂੰ ਵਲਗੇਟ ਦੀ ਤੁਲਨਾ ਮੁਢਲੀਆਂ ਭਾਸ਼ਾਵਾਂ ਯਾਨੀ ਇਬਰਾਨੀ, ਅਰਾਮੀ ਅਤੇ ਯੂਨਾਨੀ ਵਿਚ ਸ਼ਾਸਤਰਾਂ ਨਾਲ ਕਰਨ ਦੀ ਲੋੜ ਮਹਿਸੂਸ ਹੋਈ। ਉਹ ਵਲਗੇਟ ਬਾਈਬਲ ਦੀਆਂ ਮੌਜੂਦਾ ਕਾਪੀਆਂ ਵਿਚ ਆਈਆਂ ਗ਼ਲਤੀਆਂ ਠੀਕ ਕਰਨੀਆਂ ਚਾਹੁੰਦਾ ਸੀ।

ਵਲਗੇਟ ਅਤੇ ਮੁਢਲੀਆਂ ਭਾਸ਼ਾਵਾਂ ਵਿਚ ਸ਼ਾਸਤਰ ਵਿਚ ਫ਼ਰਕਾਂ ਨੂੰ ਦੂਰ ਕਰਨ ਲਈ ਨੇਬਰੀਹਾ ਨੇ ਥਿਸਨੇਰੋਸ ਨੂੰ ਬੇਨਤੀ ਕੀਤੀ: “ਆਪਣੇ ਧਰਮ ਦੀਆਂ ਬੁੱਝੀਆਂ ਹੋਈਆਂ ਦੋ ਮਸ਼ਾਲਾਂ, ਇਬਰਾਨੀ ਅਤੇ ਯੂਨਾਨੀ ਭਾਸ਼ਾਵਾਂ ਨੂੰ ਮੁੜ ਰੌਸ਼ਨ ਕਰੋ। ਉਨ੍ਹਾਂ ਲੋਕਾਂ ਨੂੰ ਇਨਾਮ ਦਿਓ ਜਿਹੜੇ ਇਸ ਕੰਮ ਲਈ ਆਪਣੇ ਆਪ ਨੂੰ ਸਮਰਪਿਤ ਕਰਦੇ ਹਨ।” ਉਸ ਨੇ ਇਹ ਵੀ ਸੁਝਾਅ ਦਿੱਤਾ: “ਜਦੋਂ ਅਸੀਂ ਨਵੇਂ ਨੇਮ ਦੀਆਂ ਲਾਤੀਨੀ ਹੱਥ-ਲਿਖਤਾਂ ਵਿਚ ਫ਼ਰਕ ਦੇਖਦੇ ਹਾਂ, ਤਾਂ ਸਾਨੂੰ ਯੂਨਾਨੀ ਸ਼ਾਸਤਰ ਦੀਆਂ ਹੱਥ-ਲਿਖਤਾਂ ਨਾਲ ਇਸ ਦੀ ਤੁਲਨਾ ਕਰਨੀ ਚਾਹੀਦੀ ਹੈ। ਜਦੋਂ ਵੀ ਅਸੀਂ ਵੱਖੋ-ਵੱਖਰੀਆਂ ਪੁਰਾਣੇ ਨੇਮ ਦੀਆਂ ਲਾਤੀਨੀ ਹੱਥ-ਲਿਖਤਾਂ ਜਾਂ ਲਾਤੀਨੀ ਤੇ ਯੂਨਾਨੀ ਹੱਥ-ਲਿਖਤਾਂ ਵਿਚ ਫ਼ਰਕ ਦੇਖਦੇ ਹਾਂ, ਤਾਂ ਸਾਨੂੰ ਇਨ੍ਹਾਂ ਨੂੰ ਦੂਰ ਕਰਨ ਲਈ ਪ੍ਰਮਾਣਕ ਇਬਰਾਨੀ ਸ਼ਾਸਤਰ ਦੇਖਣਾ ਚਾਹੀਦਾ ਹੈ।”

ਇਸ ਪ੍ਰਤੀ ਥਿਸਨੇਰੋਸ ਦਾ ਕੀ ਰਵੱਈਆ ਸੀ? ਪੌਲੀਗਲੋਟ ਬਾਈਬਲ ਦੇ ਮੁਖਬੰਦ ਵਿਚ ਥਿਸਨੇਰੋਸ ਨੇ ਆਪਣੀ ਰਾਇ ਸਾਫ਼-ਸਾਫ਼ ਦੱਸੀ। “ਅਸੀਂ ਮਾਣਯੋਗ ਜਰੋਮ ਦੇ ਲਾਤੀਨੀ ਅਨੁਵਾਦ ਨੂੰ ਯਹੂਦੀ ਸਭਾ-ਘਰ [ਯਾਨੀ ਇਬਰਾਨੀ ਸ਼ਾਸਤਰ] ਅਤੇ ਪੂਰਬੀ ਚਰਚ [ਯਾਨੀ ਯੂਨਾਨੀ ਸ਼ਾਸਤਰ] ਦੇ ਵਿਚਕਾਰ ਰੱਖਿਆ ਹੈ, ਜਿਵੇਂ ਯਿਸੂ, ਜੋ ਰੋਮੀ ਜਾਂ ਲਾਤੀਨੀ ਚਰਚ ਨੂੰ ਦਰਸਾਉਂਦਾ ਹੈ, ਦੇ ਦੋਵੇਂ ਪਾਸੇ ਸੂਲੀ ਤੇ ਟੰਗੇ ਗਏ ਚੋਰ।” ਇਸ ਲਈ ਥਿਸਨੇਰੋਸ ਨੇ ਨੇਬਰੀਹਾ ਨੂੰ ਮੁਢਲੀਆਂ ਭਾਸ਼ਾਵਾਂ ਵਿਚ ਸ਼ਾਸਤਰ ਅਨੁਸਾਰ ਲਾਤੀਨੀ ਵਲਗੇਟ ਵਿਚ ਸੁਧਾਰ ਕਰਨ ਦੀ ਆਗਿਆ ਨਹੀਂ ਦਿੱਤੀ। ਨੇਬਰੀਹਾ ਨਹੀਂ ਚਾਹੁੰਦਾ ਸੀ ਕਿ ਗ਼ਲਤੀਆਂ ਨਾਲ ਭਰੀ ਇਸ ਕਿਤਾਬ ਨਾਲ ਉਸ ਦਾ ਨਾਂ ਜੁੜਿਆ ਜਾਵੇ, ਇਸ ਲਈ ਉਸ ਨੇ ਇਸ ਕਿਤਾਬ ਤੇ ਕੰਮ ਕਰਨਾ ਛੱਡ ਦਿੱਤਾ।

ਕੌਮਾ ਯੋਹਾਨੇਉਮ

ਭਾਵੇਂ ਕਿ ਮੁਢਲੀਆਂ ਭਾਸ਼ਾਵਾਂ ਵਿਚ ਸ਼ਾਸਤਰਾਂ ਦਾ ਸੋਧਿਆ ਹੋਇਆ ਅੰਕ ਬਣਾਉਣ ਵਿਚ ਆਲਕਾਲਾ ਡੇ ਅਨਾਰੇਸ ਯੂਨੀਵਰਸਿਟੀ ਦੀ ਪੌਲੀਗਲੋਟ ਬਾਈਬਲ ਬਹੁਤ ਹੀ ਮਦਦਗਾਰ ਸਾਬਤ ਹੋਈ, ਪਰ ਕਈ ਵਾਰ ਲੋਕਾਂ ਦੇ ਪੁਰਾਣੇ ਸੋਚ-ਵਿਚਾਰ ਗਿਆਨ ਉੱਤੇ ਭਾਰੂ ਹੋਏ। ਵਲਗੇਟ ਲਈ ਸੰਪਾਦਕਾਂ ਦੇ ਦਿਲਾਂ ਵਿਚ ਇੰਨੀ ਸ਼ਰਧਾ ਸੀ ਕਿ ਉਨ੍ਹਾਂ ਨੇ ਇਸ ਵਿਚ ਗ਼ਲਤੀਆਂ ਠੀਕ ਕਰਨ ਦੀ ਬਜਾਇ ‘ਨਵੇਂ ਨੇਮ’ ਦੀਆਂ ਯੂਨਾਨੀ ਹੱਥ-ਲਿਖਤਾਂ ਵਿਚ ਵਲਗੇਟ ਅਨੁਸਾਰ ਤਬਦੀਲੀਆਂ ਕੀਤੀਆਂ। ਇਸ ਦੀ ਇਕ ਉਦਾਹਰਣ ਹੈ ਮਸ਼ਹੂਰ ਅਪ੍ਰਮਾਣਕ ਸ਼ਬਦ ਕੌਮਾ ਯੋਹਾਨੇਉਮ। * ਕਿਸੇ ਵੀ ਮੁਢਲੀ ਯੂਨਾਨੀ ਹੱਥ-ਲਿਖਤ ਵਿਚ ਇਹ ਸ਼ਬਦ ਨਹੀਂ ਪਾਏ ਜਾਂਦੇ। ਇਹ ਸ਼ਬਦ ਯੂਹੰਨਾ ਵੱਲੋਂ ਆਪਣੀ ਚਿੱਠੀ ਲਿਖਣ ਤੋਂ ਕਈ ਸਦੀਆਂ ਬਾਅਦ ਜੋੜੇ ਗਏ ਸਨ। ਇਹ ਸ਼ਬਦ ਵਲਗੇਟ ਦੀਆਂ ਸਭ ਤੋਂ ਪੁਰਾਣੀਆਂ ਲਾਤੀਨੀ ਹੱਥ-ਲਿਖਤਾਂ ਵਿਚ ਵੀ ਨਹੀਂ ਸਨ। ਇਸ ਲਈ ਇਰੈਸਮਸ ਨੇ ਆਪਣੇ ਯੂਨਾਨੀ ‘ਨਵੇਂ ਨੇਮ’ ਵਿਚ ਇਹ ਸ਼ਬਦ ਸ਼ਾਮਲ ਨਹੀਂ ਕੀਤੇ।

ਪੌਲੀਗਲੋਟ ਦੇ ਸੰਪਾਦਕ ਕਈ ਸਦੀਆਂ ਤੋਂ ਵਲਗੇਟ ਬਾਈਬਲ ਵਿਚ ਸ਼ਾਮਲ ਇਸ ਆਇਤ ਨੂੰ ਕੱਢਣ ਤੋਂ ਝਿਜਕਦੇ ਸਨ। ਇਸ ਲਈ ਉਨ੍ਹਾਂ ਨੇ ਲਾਤੀਨੀ ਵਲਗੇਟ ਵਿੱਚੋਂ ਇਹ ਆਇਤ ਨਹੀਂ ਕੱਢੀ ਅਤੇ ਇਸ ਦਾ ਅਨੁਵਾਦ ਕਰ ਕੇ ਯੂਨਾਨੀ ਸ਼ਾਸਤਰ ਵਿਚ ਜੋੜਨ ਦਾ ਫ਼ੈਸਲਾ ਕੀਤਾ ਤਾਂਕਿ ਦੋਵੇਂ ਕਾਲਮਾਂ ਵਿਚ ਸਮਾਨਤਾ ਆ ਜਾਵੇ।

ਬਾਈਬਲ ਦੇ ਨਵੇਂ ਅਨੁਵਾਦਾਂ ਲਈ ਆਧਾਰ

ਕੋਮਪਲੂਟੈਂਸੀਅਨ ਪੌਲੀਗਲੋਟ ਬਾਈਬਲ ਇਸ ਕਰਕੇ ਹੀ ਬੇਸ਼ਕੀਮਤੀ ਨਹੀਂ ਹੈ ਕਿ ਇਸ ਵਿਚ ਪੂਰਾ ਯੂਨਾਨੀ ਸ਼ਾਸਤਰ ਤੇ ਸੈਪਟੁਜਿੰਟ ਪਹਿਲੀ ਵਾਰ ਛਾਪਿਆ ਗਿਆ ਸੀ। ਜਿਵੇਂ ਇਰੈਸਮਸ ਦਾ ਯੂਨਾਨੀ ਵਿਚ “ਨਵਾਂ ਨੇਮ” ਦੂਸਰੀਆਂ ਭਾਸ਼ਾਵਾਂ ਵਿਚ ਯੂਨਾਨੀ ਸ਼ਾਸਤਰ ਦਾ ਅਨੁਵਾਦ ਕਰਨ ਦਾ ਆਧਾਰ ਬਣ ਗਿਆ, ਉਸੇ ਤਰ੍ਹਾਂ ਪੌਲੀਗਲੋਟ ਦਾ ਇਬਰਾਨੀ ਮਜ਼ਮੂਨ ਇਬਰਾਨੀ-ਅਰਾਮੀ ਸ਼ਾਸਤਰਾਂ ਦਾ ਸੋਧਿਆ ਹੋਇਆ ਮਜ਼ਮੂਨ ਬਣ ਗਿਆ। * ਵਿਲਿਅਮ ਟਿੰਡੇਲ ਨੇ ਅੰਗ੍ਰੇਜ਼ੀ ਵਿਚ ਇਬਰਾਨੀ ਸ਼ਾਸਤਰ ਦਾ ਅਨੁਵਾਦ ਕਰਨ ਲਈ ਪੌਲੀਗਲੋਟ ਨੂੰ ਹੀ ਮੁੱਖ ਤੌਰ ਤੇ ਵਰਤਿਆ ਸੀ।

ਇਸ ਲਈ ਕੋਮਪਲੂਟੈਂਸੀਅਨ ਪੌਲੀਗਲੋਟ ਨੂੰ ਤਿਆਰ ਕਰਨ ਵਾਲੇ ਵਿਦਵਾਨਾਂ ਨੇ ਬਾਈਬਲ ਦੇ ਗਿਆਨ ਦੇ ਵਾਧੇ ਵਿਚ ਅਹਿਮ ਯੋਗਦਾਨ ਪਾਇਆ। ਇਹ ਉਸ ਸਮੇਂ ਛਾਪੀ ਗਈ ਸੀ ਜਦੋਂ ਪੂਰੇ ਯੂਰਪ ਵਿਚ ਲੋਕਾਂ ਦੀ ਬਾਈਬਲ ਵਿਚ ਦਿਲਚਸਪੀ ਸੀ ਜਿਸ ਕਰਕੇ ਆਮ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕਰਨ ਦੇ ਕੰਮ ਨੂੰ ਹੱਲਾਸ਼ੇਰੀ ਮਿਲੀ। ਯੂਨਾਨੀ ਅਤੇ ਇਬਰਾਨੀ ਸ਼ਾਸਤਰਾਂ ਵਿਚ ਸੋਧਾਂ ਅਤੇ ਇਨ੍ਹਾਂ ਨੂੰ ਸਾਂਭ ਕੇ ਰੱਖਣ ਵਿਚ ਪੌਲੀਗਲੋਟ ਵੀ ਬਹੁਤ ਮਦਦਗਾਰ ਸਾਬਤ ਹੋਈ। ਇਹ ਸਭ ਜਤਨ ਪਰਮੇਸ਼ੁਰ ਦੇ ਮਕਸਦ ਦੇ ਅਨੁਸਾਰ ਸਨ ਕਿ ‘ਯਹੋਵਾਹ ਦਾ ਤਾਇਆ ਹੋਇਆ ਬਚਨ,’ “ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ।”—ਜ਼ਬੂਰਾਂ ਦੀ ਪੋਥੀ 18:30; ਯਸਾਯਾਹ 40:8; 1 ਪਤਰਸ 1:25.

[ਫੁਟਨੋਟ]

^ ਪੈਰਾ 6 ਛੇ ਸੋ ਕਾਪੀਆਂ ਕਾਗਜ਼ ਉੱਤੇ ਛਾਪੀਆਂ ਗਈਆਂ ਸਨ ਅਤੇ ਛੇ ਚੰਮ-ਪੱਤਰ ਉੱਤੇ। ਸਾਲ 1984 ਵਿਚ ਇਸ ਬਾਈਬਲ ਦੀਆਂ ਸੀਮਿਤ ਕਾਪੀਆਂ ਛਾਪੀਆਂ ਗਈਆਂ।

^ ਪੈਰਾ 12 ਇਬਰਾਨੀ, ਯੂਨਾਨੀ ਅਤੇ ਲਾਤੀਨੀ।—ਯੂਹੰਨਾ 19:20.

^ ਪੈਰਾ 14 ਨੇਬਰੀਹਾ ਨੂੰ ਸਪੇਨੀ ਮਾਨਵਵਾਦੀਆਂ (ਖੁੱਲ੍ਹ-ਦਿਲੇ ਵਿਦਵਾਨਾਂ) ਦਾ ਮੋਢੀ ਮੰਨਿਆ ਜਾਂਦਾ ਹੈ। ਸਾਲ 1492 ਵਿਚ ਉਸ ਨੇ ਕਾਸਟੀਲੀਅਨ ਭਾਸ਼ਾ ਦੀ ਪਹਿਲੀ ਵਿਆਕਰਣ ਛਾਪੀ। ਤਿੰਨ ਸਾਲ ਬਾਅਦ ਉਸ ਨੇ ਆਪਣੀ ਬਾਕੀ ਦੀ ਜ਼ਿੰਦਗੀ ਪਵਿੱਤਰ ਸ਼ਾਸਤਰ ਦਾ ਅਧਿਐਨ ਕਰਨ ਵਿਚ ਲਗਾਉਣ ਦਾ ਫ਼ੈਸਲਾ ਕੀਤਾ।

^ ਪੈਰਾ 18 ਕੁਝ ਬਾਈਬਲਾਂ ਵਿਚ 1 ਯੂਹੰਨਾ 5:7 ਵਿਚ ਪਾਏ ਜਾਂਦੇ ਇਹ ਅਪ੍ਰਮਾਣਕ ਸ਼ਬਦ ਹਨ, “ਸਵਰਗ ਵਿਚ ਪਿਤਾ, ਸ਼ਬਦ ਅਤੇ ਪਵਿੱਤਰ ਆਤਮਾ: ਅਤੇ ਇਹ ਤਿੰਨੋਂ ਇਕ ਹਨ।”

^ ਪੈਰਾ 21 ਇਰੈਸਮਸ ਦੇ ਬਾਈਬਲ ਅਨੁਵਾਦ ਦੇ ਕੰਮ ਬਾਰੇ ਹੋਰ ਜਾਣਕਾਰੀ ਲਈ ਅੰਗ੍ਰੇਜ਼ੀ ਪਹਿਰਾਬੁਰਜ 15 ਸਤੰਬਰ 1982, ਸਫ਼ੇ 8-11 ਦੇਖੋ।

[ਸਫ਼ੇ 29 ਉੱਤੇ ਤਸਵੀਰ]

ਕਾਰਡੀਨਲ ਹੀਮੇਨੇਥ ਡੀ ਥਿਸਨੇਰੋਸ

[ਕ੍ਰੈਡਿਟ ਲਾਈਨ]

Biblioteca Histórica. Universidad Complutense de Madrid

[ਸਫ਼ੇ 30 ਉੱਤੇ ਤਸਵੀਰ]

ਆਨਟੋਨੀਓ ਡੇ ਨੇਬਰੀਹਾ

[ਕ੍ਰੈਡਿਟ ਲਾਈਨ]

Biblioteca Histórica. Universidad Complutense de Madrid

[ਸਫ਼ੇ 28 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Biblioteca Histórica. Universidad Complutense de Madrid