Skip to content

Skip to table of contents

ਜਦੋਂ ਧਰਤੀ ਉੱਤੇ ਰੱਬ ਦੀ ਮਰਜ਼ੀ ਪੂਰੀ ਹੋਵੇਗੀ

ਜਦੋਂ ਧਰਤੀ ਉੱਤੇ ਰੱਬ ਦੀ ਮਰਜ਼ੀ ਪੂਰੀ ਹੋਵੇਗੀ

ਜਦੋਂ ਧਰਤੀ ਉੱਤੇ ਰੱਬ ਦੀ ਮਰਜ਼ੀ ਪੂਰੀ ਹੋਵੇਗੀ

ਜ ਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ ਸੀ ਕਿ “ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ,” ਤਾਂ ਉਹ ਸਵਰਗ ਵਿਚ ਆਪਣੇ ਪਿਤਾ ਨਾਲ ਗੁਜ਼ਾਰੀ ਜ਼ਿੰਦਗੀ ਦੇ ਆਪਣੇ ਤਜਰਬੇ ਤੋਂ ਬੋਲ ਰਿਹਾ ਸੀ। (ਮੱਤੀ 6:10; ਯੂਹੰਨਾ 1:18; 3:13; 8:42) ਇਨਸਾਨ ਦੇ ਤੌਰ ਤੇ ਧਰਤੀ ਉੱਤੇ ਜਨਮ ਲੈਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਜੀ ਚੁੱਕਾ ਸੀ ਅਤੇ ਉਸ ਨੇ ਅਜਿਹਾ ਸਮਾਂ ਦੇਖਿਆ ਸੀ ਜਦੋਂ ਸਵਰਗ ਵਿਚ ਅਤੇ ਧਰਤੀ ਉੱਤੇ ਸਭ ਕੁਝ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਹੁੰਦਾ ਸੀ। ਉਹ ਕਿੰਨੇ ਹੀ ਸੋਹਣੇ ਦਿਨ ਸਨ! ਸਾਰੀ ਸ੍ਰਿਸ਼ਟੀ ਖ਼ੁਸ਼ ਅਤੇ ਸੰਤੁਸ਼ਟ ਸੀ!—ਕਹਾਉਤਾਂ 8:27-31.

ਪਰਮੇਸ਼ੁਰ ਨੇ ਸਭ ਤੋਂ ਪਹਿਲਾਂ ਆਤਮਿਕ ਦੂਤਾਂ ਨੂੰ ਰਚਿਆ ਸੀ। ਉਸ ਦੇ ‘ਦੂਤ ਸ਼ਕਤੀ ਵਿੱਚ ਬਲਵਾਨ ਸਨ, ਅਤੇ ਉਹ ਦਾ ਸ਼ਬਦ ਸੁਣ ਕੇ ਉਹ ਨੂੰ ਪੂਰਿਆਂ ਕਰਦੇ ਸਨ।’ ਇਹ ਦੂਤ ਉਸ ਵੇਲੇ ਅਤੇ ਹੁਣ ਵੀ ਯਹੋਵਾਹ ‘ਦੇ ਸੇਵਕ ਹਨ ਤੇ ਉਹ ਦੀ ਮਰਜ਼ੀ ਨੂੰ ਪੂਰਿਆਂ ਕਰਦੇ ਹਨ।’ (ਜ਼ਬੂਰਾਂ ਦੀ ਪੋਥੀ 103:20, 21) ਕੀ ਹਰ ਇਕ ਦੂਤ ਦੀ ਆਪਣੀ ਵੱਖਰੀ ਹਸਤੀ ਸੀ? ਕੀ ਉਨ੍ਹਾਂ ਕੋਲ ਆਪਣੀ ਮਰਜ਼ੀ ਜ਼ਾਹਰ ਕਰਨ ਦੀ ਆਜ਼ਾਦੀ ਸੀ? ਬਿਲਕੁਲ ਸੀ! ਤਾਹੀਓਂ ਧਰਤੀ ਦੀ ਰਚਨਾ ਪੂਰੀ ਹੋਣ ਤੇ ‘ਪਰਮੇਸ਼ੁਰ ਦੇ ਸਾਰੇ ਪੁੱਤ੍ਰ ਜੈਕਾਰੇ ਗਜਾਉਂਦੇ ਅਤੇ ਨਾਰੇ ਮਾਰਦੇ ਸਨ।’ (ਅੱਯੂਬ 38:7) ਉਨ੍ਹਾਂ ਦੇ ਜੈਕਾਰਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੁੰਦੀ ਦੇਖ ਕੇ ਬਹੁਤ ਖ਼ੁਸ਼ ਸਨ ਅਤੇ ਉਹ ਉਸ ਦੀ ਇੱਛਾ ਨੂੰ ਹੀ ਆਪਣੀ ਮਰਜ਼ੀ ਸਮਝਦੇ ਸਨ।

ਧਰਤੀ ਨੂੰ ਬਣਾਉਣ ਤੋਂ ਬਾਅਦ ਪਰਮੇਸ਼ੁਰ ਨੇ ਇਸ ਨੂੰ ਇਨਸਾਨਾਂ ਦੇ ਰਹਿਣ ਦੇ ਯੋਗ ਬਣਾਇਆ। ਸਭ ਕੁਝ ਤਿਆਰ ਹੋ ਜਾਣ ਤੇ ਉਸ ਨੇ ਪਹਿਲੇ ਆਦਮੀ ਤੇ ਤੀਵੀਂ ਨੂੰ ਰਚਿਆ। (ਉਤਪਤ, ਅਧਿਆਇ 1) ਕੀ ਇਹ ਰਚਨਾ ਵੀ ਕਾਬਲ-ਏ-ਤਾਰੀਫ਼ ਸੀ? ਪਰਮੇਸ਼ੁਰ ਦੀ ਕਿਤਾਬ ਬਾਈਬਲ ਕਹਿੰਦੀ ਹੈ: “ਉਪਰੰਤ ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।” (ਉਤਪਤ 1:31) ਜੀ ਹਾਂ, ਪਰਮੇਸ਼ੁਰ ਦੀ ਬੇਮਿਸਾਲ ਕਾਰੀਗਰੀ ਸੰਪੂਰਣ ਸੀ ਅਤੇ ਉਸ ਵਿਚ ਕੋਈ ਨੁਕਸ ਨਹੀਂ ਸੀ।

ਸਾਡੇ ਪਹਿਲੇ ਮਾਤਾ-ਪਿਤਾ ਅਤੇ ਉਨ੍ਹਾਂ ਦੀ ਸੰਤਾਨ ਲਈ ਪਰਮੇਸ਼ੁਰ ਦੀ ਕੀ ਮਰਜ਼ੀ ਸੀ? ਪਰਮੇਸ਼ੁਰ ਇਨਸਾਨਾਂ ਨੂੰ ਹਮੇਸ਼ਾ ਖ਼ੁਸ਼ ਦੇਖਣਾ ਚਾਹੁੰਦਾ ਸੀ। ਉਤਪਤ 1:28 ਵਿਚ ਲਿਖਿਆ ਹੈ: “ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” ਪਰਮੇਸ਼ੁਰ ਦੇ ਇਸ ਮਕਸਦ ਨੂੰ ਪੂਰਾ ਕਰਨ ਲਈ ਜ਼ਰੂਰੀ ਸੀ ਕਿ ਆਦਮ ਤੇ ਹੱਵਾਹ ਅਤੇ ਉਨ੍ਹਾਂ ਦੇ ਬੱਚੇ ਹਮੇਸ਼ਾ ਲਈ ਜੀਉਂਦੇ ਰਹਿਣ। ਪਰਮੇਸ਼ੁਰ ਨੇ ਕਿਤੇ ਵੀ ਇਹ ਨਹੀਂ ਕਿਹਾ ਸੀ ਕਿ ਦੁੱਖ-ਤਕਲੀਫ਼ਾਂ, ਮੁਸੀਬਤਾਂ, ਬੇਇਨਸਾਫ਼ੀਆਂ ਅਤੇ ਮੌਤ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਹੋਣਗੀਆਂ।

ਉਸ ਸਮੇਂ ਸਵਰਗ ਵਿਚ ਅਤੇ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੁੰਦੀ ਸੀ। ਉਸ ਦੀ ਇੱਛਾ ਅਨੁਸਾਰ ਚੱਲਣ ਵਾਲੇ ਬਹੁਤ ਖ਼ੁਸ਼ ਸਨ। ਪਰ ਫਿਰ ਹਾਲਾਤ ਕਿਉਂ ਵਿਗੜ ਗਏ?

ਅਚਾਨਕ ਇਕ ਦਿਨ ਕਿਸੇ ਨੇ ਪਰਮੇਸ਼ੁਰ ਦੇ ਅਧਿਕਾਰ ਨੂੰ ਲਲਕਾਰਿਆ। ਪਰਮੇਸ਼ੁਰ ਇਸ ਚੁਣੌਤੀ ਦਾ ਮੂੰਹ ਤੋੜ ਜਵਾਬ ਦੇ ਸਕਦਾ ਸੀ। ਫਿਰ ਵੀ ਇਸ ਚੁਣੌਤੀ ਨੇ ਇਨਸਾਨਾਂ ਉੱਤੇ ਅਜਿਹਾ ਦੁੱਖਾਂ ਭਰਿਆ ਸਮਾਂ ਲਿਆਂਦਾ ਜਿਸ ਕਰਕੇ ਲੋਕ ਇਸ ਉਲਝਣ ਵਿਚ ਪੈ ਗਏ ਕਿ ਇਨਸਾਨਾਂ ਲਈ ਰੱਬ ਦੀ ਕੀ ਮਰਜ਼ੀ ਹੈ। ਇਨ੍ਹਾਂ ਦੁੱਖਾਂ ਦਾ ਸਾਡੇ ਸਾਰਿਆਂ ਉੱਤੇ ਅਸਰ ਪਿਆ ਹੈ। ਉਹ ਚੁਣੌਤੀ ਕੀ ਸੀ?

ਬਗਾਵਤ ਦੌਰਾਨ ਪਰਮੇਸ਼ੁਰ ਦੀ ਮਰਜ਼ੀ

‘ਪਰਮੇਸ਼ੁਰ ਦੇ ਪੁੱਤ੍ਰਾਂ’ ਵਿੱਚੋਂ ਇਕ ਆਤਮਿਕ ਪੁੱਤਰ ਦੇ ਮਨ ਵਿਚ ਇਹ ਖ਼ਿਆਲ ਆਇਆ ਕਿ ਉਹ ਆਪਣੇ ਫ਼ਾਇਦੇ ਵਾਸਤੇ ਇਨਸਾਨਾਂ ਲਈ ਪਰਮੇਸ਼ੁਰ ਦੀ ਮਰਜ਼ੀ ਨੂੰ ਬਦਲ ਸਕਦਾ ਸੀ। ਹੌਲੀ-ਹੌਲੀ ਇਹ ਵਿਚਾਰ ਉਸ ਦੇ ਮਨ ਵਿਚ ਘਰ ਕਰ ਗਿਆ। (ਯਾਕੂਬ 1:14, 15) ਉਸ ਨੇ ਸ਼ਾਇਦ ਸੋਚਿਆ ਹੋਣਾ ਕਿ ਜੇ ਉਹ ਪਹਿਲੇ ਮਨੁੱਖੀ ਜੋੜੇ ਨੂੰ ਆਪਣੇ ਵੱਲ ਕਰ ਲਵੇ, ਤਾਂ ਪਰਮੇਸ਼ੁਰ ਨੂੰ ਮਜਬੂਰਨ ਹੀ ਉਸ ਦੀ ਵਿਰੋਧੀ ਹਕੂਮਤ ਨੂੰ ਕਬੂਲ ਕਰਨਾ ਪਵੇਗਾ। ਉਸ ਨੇ ਸ਼ਾਇਦ ਇਸ ਉੱਤੇ ਬਹੁਤ ਸੋਚ-ਵਿਚਾਰ ਕੀਤਾ ਸੀ ਕਿ ਪਰਮੇਸ਼ੁਰ ਆਦਮ ਤੇ ਹੱਵਾਹ ਨੂੰ ਜਾਨੋਂ ਨਹੀਂ ਮਾਰੇਗਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰ ਦਾ ਇਨਸਾਨਾਂ ਲਈ ਮਕਸਦ ਅਧੂਰਾ ਰਹਿ ਜਾਣਾ ਸੀ। ਇਸ ਤਰ੍ਹਾਂ, ਪਰਮੇਸ਼ੁਰ ਕੋਲ ਆਪਣੇ ਮਕਸਦ ਵਿਚ ਫੇਰ-ਬਦਲ ਕਰਨ ਅਤੇ ਆਪਣੇ ਇਸ ਆਤਮਿਕ ਪੁੱਤਰ ਨੂੰ ਇਕ ਵਿਰੋਧੀ ਦੇਵਤੇ ਦੇ ਤੌਰ ਤੇ ਕਬੂਲ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੋਣਾ ਸੀ। ਇਸ ਬਾਗ਼ੀ ਪੁੱਤਰ ਨੂੰ ਬਾਅਦ ਵਿਚ ਸ਼ਤਾਨ ਕਿਹਾ ਗਿਆ ਤੇ ਇਹ ਨਾਂ ਉਸ ਉੱਤੇ ਬਿਲਕੁਲ ਢੁਕਦਾ ਸੀ ਕਿਉਂਕਿ ਇਬਰਾਨੀ ਭਾਸ਼ਾ ਵਿਚ ਇਸ ਸ਼ਬਦ ਦਾ ਮਤਲਬ ਹੈ “ਵਿਰੋਧੀ।”—ਅੱਯੂਬ 1:6.

ਆਪਣੀ ਇੱਛਾ ਦੀ ਪੂਰਤੀ ਲਈ ਸ਼ਤਾਨ ਨੇ ਹੱਵਾਹ ਨਾਲ ਗੱਲ ਕੀਤੀ। ਉਸ ਨੇ ਹੱਵਾਹ ਨੂੰ ਪਰਮੇਸ਼ੁਰ ਦੀ ਮਰਜ਼ੀ ਨੂੰ ਨਜ਼ਰਅੰਦਾਜ਼ ਕਰਨ ਅਤੇ ਆਜ਼ਾਦ ਜ਼ਿੰਦਗੀ ਜੀਣ ਲਈ ਭੜਕਾਇਆ। ਉਸ ਨੇ ਤੀਵੀਂ ਨੂੰ ਕਿਹਾ: “ਤੁਸੀਂ ਕਦੀ ਨਾ ਮਰੋਗੇ। . . . ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” (ਉਤਪਤ 3:1-5) ਤੀਵੀਂ ਨੇ ਸ਼ਤਾਨ ਦੇ ਝੂਠ ਨੂੰ ਸੱਚ ਮੰਨ ਲਿਆ। ਉਸ ਨੂੰ ਲੱਗਾ ਕਿ ਪਰਮੇਸ਼ੁਰ ਤੋਂ ਆਜ਼ਾਦ ਹੋਣ ਨਾਲ ਉਹ ਬਿਹਤਰ ਜ਼ਿੰਦਗੀ ਦਾ ਆਨੰਦ ਮਾਣ ਸਕੇਗੀ। ਬਾਅਦ ਵਿਚ ਉਸ ਨੇ ਆਪਣੇ ਪਤੀ ਨੂੰ ਵੀ ਇਸ ਬਗਾਵਤ ਵਿਚ ਰਲਾ ਲਿਆ।—ਉਤਪਤ 3:6.

ਇਹ ਬਗਾਵਤ ਪਰਮੇਸ਼ੁਰ ਦੀ ਮਰਜ਼ੀ ਨਹੀਂ ਸੀ, ਸਗੋਂ ਇਹ ਆਦਮ ਤੇ ਹੱਵਾਹ ਦੀ ਆਪਣੀ ਮਰਜ਼ੀ ਸੀ। ਇਸ ਦੇ ਬਹੁਤ ਹੀ ਭੈੜੇ ਨਤੀਜੇ ਨਿਕਲਣੇ ਸਨ। ਪਰਮੇਸ਼ੁਰ ਨੇ ਪਹਿਲਾਂ ਹੀ ਉਨ੍ਹਾਂ ਨੂੰ ਦੱਸ ਦਿੱਤਾ ਸੀ ਕਿ ਬਗਾਵਤ ਦਾ ਅੰਤ ਮੌਤ ਹੋਵੇਗਾ। (ਉਤਪਤ 3:3) ਯਹੋਵਾਹ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਆਜ਼ਾਦ ਜ਼ਿੰਦਗੀ ਜੀਉਣ ਲਈ ਨਹੀਂ ਬਣਾਇਆ ਸੀ। ਉਨ੍ਹਾਂ ਲਈ ਪਰਮੇਸ਼ੁਰ ਤੋਂ ਆਜ਼ਾਦ ਹੋ ਕੇ ਸੁਖੀ ਜ਼ਿੰਦਗੀ ਜੀਣਾ ਮੁਮਕਿਨ ਨਹੀਂ ਸੀ। (ਯਿਰਮਿਯਾਹ 10:23) ਇਸ ਤੋਂ ਇਲਾਵਾ, ਉਨ੍ਹਾਂ ਦੇ ਮੁਕੰਮਲ ਸਰੀਰ ਵਿਚ ਨੁਕਸ ਪੈ ਗਿਆ ਅਤੇ ਅੰਤ ਵਿਚ ਉਹ ਮਰ ਗਏ। ਜਨਮ ਤੋਂ ਹੀ ਇਹ ਨੁਕਸ ਉਨ੍ਹਾਂ ਦੇ ਸਾਰੇ ਬੱਚਿਆਂ ਵਿਚ ਵੀ ਆ ਗਿਆ। (ਰੋਮੀਆਂ 5:12) ਬਗਾਵਤ ਦੇ ਇਨ੍ਹਾਂ ਭੈੜੇ ਅਸਰਾਂ ਨੂੰ ਤਾਂ ਸ਼ਤਾਨ ਵੀ ਖ਼ਤਮ ਨਹੀਂ ਕਰ ਸਕਦਾ ਸੀ।

ਤਾਂ ਫਿਰ ਕੀ ਇਨ੍ਹਾਂ ਘਟਨਾਵਾਂ ਕਾਰਨ ਪਰਮੇਸ਼ੁਰ ਦਾ ਮਕਸਦ ਬਦਲ ਗਿਆ? ਕੀ ਉਸ ਨੇ ਇਨਸਾਨਾਂ ਅਤੇ ਧਰਤੀ ਲਈ ਆਪਣੀ ਮਰਜ਼ੀ ਬਦਲ ਲਈ ਸੀ? ਬਿਲਕੁਲ ਨਹੀਂ। (ਯਸਾਯਾਹ 55:9-11) ਪਰ ਸ਼ਤਾਨ ਦੀ ਚੁਣੌਤੀ ਅਤੇ ਪਹਿਲੇ ਮਨੁੱਖੀ ਜੋੜੇ ਦੀ ਬਗਾਵਤ ਨੇ ਕਈ ਅਹਿਮ ਸਵਾਲ ਖੜ੍ਹੇ ਕੀਤੇ ਜਿਨ੍ਹਾਂ ਦਾ ਜਵਾਬ ਦੇਣਾ ਜ਼ਰੂਰੀ ਹੋ ਗਿਆ ਸੀ: ਕੀ ਸ਼ਤਾਨ ਸੱਚ ਬੋਲ ਰਿਹਾ ਸੀ ਕਿ ਇਨਸਾਨ ‘ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਣਗੇ’? ਕਹਿਣ ਦਾ ਮਤਲਬ ਹੈ ਕਿ ਕੀ ਮੌਕਾ ਮਿਲਣ ਤੇ ਇਨਸਾਨ ਇਹ ਸਾਬਤ ਕਰ ਸਕਣਗੇ ਕਿ ਉਹ ਜ਼ਿੰਦਗੀ ਦੇ ਹਰ ਪਹਿਲੂ ਵਿਚ ਆਪਣਾ ਭਲਾ-ਬੁਰਾ ਅਤੇ ਨਫ਼ਾ-ਨੁਕਸਾਨ ਆਪ ਸੋਚ ਸਕਦੇ ਹਨ? ਕੀ ਪਰਮੇਸ਼ੁਰ ਸਾਡੀ ਸੰਪੂਰਣ ਭਗਤੀ ਦੇ ਲਾਇਕ ਹੈ? ਕੀ ਉਸ ਦੇ ਰਾਜ ਕਰਨ ਦਾ ਤਰੀਕਾ ਸਭ ਤੋਂ ਵਧੀਆ ਹੈ? ਕੀ ਸਾਨੂੰ ਹਰ ਗੱਲ ਵਿਚ ਉਸ ਦੀ ਮਰਜ਼ੀ ਅਨੁਸਾਰ ਚੱਲਣਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦਾ ਤੁਸੀਂ ਕੀ ਜਵਾਬ ਦਿਓਗੇ?

ਸਵਰਗ ਵਿਚ ਅਤੇ ਧਰਤੀ ਉੱਤੇ ਪਰਮੇਸ਼ੁਰ ਦੇ ਸਾਰੇ ਸੋਚਵਾਨ ਪ੍ਰਾਣੀਆਂ ਅੱਗੇ ਇਨ੍ਹਾਂ ਸਵਾਲਾਂ ਦਾ ਠੋਸ ਜਵਾਬ ਦੇਣ ਦਾ ਸਿਰਫ਼ ਇੱਕੋ ਤਰੀਕਾ ਸੀ: ਜਿਹੜੇ ਪਰਮੇਸ਼ੁਰ ਤੋਂ ਆਜ਼ਾਦੀ ਚਾਹੁੰਦੇ ਸਨ, ਉਨ੍ਹਾਂ ਨੂੰ ਆਪਣੀ ਜ਼ਿੰਦਗੀ ਸਫ਼ਲ ਬਣਾਉਣ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਨੂੰ ਜਾਨੋਂ ਮਾਰਨ ਨਾਲ ਮਸਲਾ ਹੱਲ ਨਹੀਂ ਹੋਣਾ ਸੀ। ਇਸ ਦੀ ਬਜਾਇ, ਜੇ ਇਨਸਾਨਾਂ ਨੂੰ ਆਪਣੀ ਮਰਜ਼ੀ ਅਨੁਸਾਰ ਜੀਉਣ ਦਾ ਪੂਰਾ ਮੌਕਾ ਦਿੱਤਾ ਜਾਵੇ, ਤਾਂ ਸਿੱਟਾ ਖ਼ੁਦ-ਬ-ਖ਼ੁਦ ਹੀ ਸਾਰਿਆਂ ਸਾਮ੍ਹਣੇ ਸਾਫ਼ ਜ਼ਾਹਰ ਹੋ ਜਾਵੇਗਾ। ਪਰਮੇਸ਼ੁਰ ਨੇ ਇਹੋ ਕਰਨ ਦਾ ਫ਼ੈਸਲਾ ਕੀਤਾ ਅਤੇ ਤੀਵੀਂ ਨੂੰ ਕਿਹਾ ਕਿ ਉਹ ਬੱਚੇ ਜਣੇਗੀ। ਇਸ ਤਰ੍ਹਾਂ ਮਨੁੱਖੀ ਪਰਿਵਾਰ ਦੀ ਸ਼ੁਰੂਆਤ ਹੋਈ। ਪਰਮੇਸ਼ੁਰ ਦੇ ਇਸ ਦਿਆਲੂ ਫ਼ੈਸਲੇ ਸਦਕਾ ਅੱਜ ਅਸੀਂ ਜੀਉਂਦੇ ਹਾਂ!—ਉਤਪਤ 3:16, 20.

ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਇਨਸਾਨ ਅਤੇ ਸ਼ਤਾਨ ਜੋ ਮਰਜ਼ੀ ਕਰਨਾ ਚਾਹੁਣ ਪਰਮੇਸ਼ੁਰ ਉਨ੍ਹਾਂ ਨੂੰ ਕਰਨ ਦੇਵੇਗਾ। ਯਹੋਵਾਹ ਅਜੇ ਵੀ ਵਿਸ਼ਵ ਦਾ ਪਾਤਸ਼ਾਹ ਸੀ ਅਤੇ ਉਸ ਦਾ ਇਨਸਾਨਾਂ ਲਈ ਮਕਸਦ ਬਦਲਿਆ ਨਹੀਂ ਸੀ। (ਜ਼ਬੂਰਾਂ ਦੀ ਪੋਥੀ 83:18) ਅਸੀਂ ਇਹ ਕਿਵੇਂ ਜਾਣਦੇ ਹਾਂ? ਯਹੋਵਾਹ ਨੇ ਬਗਾਵਤ ਹੁੰਦੇ ਹੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਮੁਸੀਬਤ ਦੀ ਜੜ੍ਹ ਸ਼ਤਾਨ ਨੂੰ ਇਕ ਦਿਨ ਕੁਚਲ ਦਿੱਤਾ ਜਾਵੇਗਾ ਅਤੇ ਬਗਾਵਤ ਦੇ ਸਾਰੇ ਭੈੜੇ ਅਸਰਾਂ ਨੂੰ ਖ਼ਤਮ ਕੀਤਾ ਜਾਵੇਗਾ। (ਉਤਪਤ 3:15) ਇਸ ਦਾ ਮਤਲਬ ਹੋਇਆ ਕਿ ਪਰਮੇਸ਼ੁਰ ਨੇ ਸ਼ੁਰੂ ਤੋਂ ਹੀ ਮਨ ਬਣਾ ਲਿਆ ਸੀ ਕਿ ਉਹ ਇਨਸਾਨਾਂ ਨੂੰ ਪਾਪ ਦੇ ਭੈੜੇ ਪ੍ਰਭਾਵਾਂ ਤੋਂ ਮੁਕਤ ਕਰੇਗਾ।

ਸਾਡੇ ਪਹਿਲੇ ਮਾਤਾ-ਪਿਤਾ ਨੇ ਪਰਮੇਸ਼ੁਰ ਦੀ ਹਕੂਮਤ ਨੂੰ ਠੁਕਰਾ ਦਿੱਤਾ। ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਇਸ ਫ਼ੈਸਲੇ ਦੇ ਬਹੁਤ ਦੁਖਦਾਈ ਨਤੀਜੇ ਭੁਗਤਣੇ ਪਏ। ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਕਰਨੀ ਦਾ ਫਲ ਭੁਗਤਣ ਤੋਂ ਨਹੀਂ ਰੋਕਿਆ, ਨਹੀਂ ਤਾਂ ਉਸ ਨੂੰ ਹਰ ਗੱਲ ਵਿਚ ਆਪਣੀ ਮਰਜ਼ੀ ਉਨ੍ਹਾਂ ਉੱਤੇ ਠੋਸਣੀ ਪੈਣੀ ਸੀ। ਜੇ ਉਹ ਇੱਦਾਂ ਕਰਦਾ, ਤਾਂ ਇਸ ਦਾ ਇਹ ਮਤਲਬ ਹੁੰਦਾ ਕਿ ਉਹ ਉਨ੍ਹਾਂ ਨੂੰ ਆਜ਼ਾਦੀ ਨਹੀਂ ਦੇ ਰਿਹਾ ਸੀ।

ਪਰ ਇਨਸਾਨਾਂ ਕੋਲ ਅਜੇ ਵੀ ਪਰਮੇਸ਼ੁਰ ਦੀ ਹਕੂਮਤ ਨੂੰ ਚੁਣਨ ਦੀ ਆਜ਼ਾਦੀ ਹੈ। ਜੇ ਉਹ ਚਾਹੁਣ, ਤਾਂ ਉਹ ਅੱਜ ਇਨਸਾਨਾਂ ਲਈ ਪਰਮੇਸ਼ੁਰ ਦੀ ਮਰਜ਼ੀ ਬਾਰੇ ਸਿੱਖ ਕੇ ਉਸ ਅਨੁਸਾਰ ਚੱਲ ਸਕਦੇ ਹਨ। (ਜ਼ਬੂਰਾਂ ਦੀ ਪੋਥੀ 143:10) ਪਰ ਜਦੋਂ ਤਕ ਮੁੱਖ ਮਸਲਾ (ਪਰਮੇਸ਼ੁਰ ਤੋਂ ਪੂਰੀ ਆਜ਼ਾਦੀ ਦਾ ਮਸਲਾ) ਹੱਲ ਨਹੀਂ ਹੋ ਜਾਂਦਾ, ਤਦ ਤਕ ਪਰਮੇਸ਼ੁਰ ਦੇ ਭਗਤਾਂ ਨੂੰ ਵੀ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਵੇਗਾ।

ਭਲੇ-ਬੁਰੇ ਸੰਬੰਧੀ ਆਪ ਫ਼ੈਸਲਾ ਕਰਨ ਦਾ ਨਤੀਜਾ ਜਲਦੀ ਹੀ ਜ਼ਾਹਰ ਹੋਣ ਲੱਗਾ। ਆਦਮ ਤੇ ਹੱਵਾਹ ਦੇ ਪਹਿਲੇ ਮੁੰਡੇ ਕਇਨ ਨੇ ਆਪਣੇ ਭਰਾ ਹਾਬਲ ਦਾ ਕਤਲ ਕੀਤਾ ਕਿਉਂਕਿ “ਉਹ ਦੇ ਕੰਮ ਬੁਰੇ ਅਤੇ ਉਹ ਦੇ ਭਰਾ ਦੇ ਕੰਮ ਭਲੇ ਸਨ।” (1 ਯੂਹੰਨਾ 3:12) ਇਹ ਪਰਮੇਸ਼ੁਰ ਦੀ ਮਰਜ਼ੀ ਨਹੀਂ ਸੀ ਕਿਉਂਕਿ ਉਸ ਨੇ ਕਇਨ ਨੂੰ ਇਸ ਤਰ੍ਹਾਂ ਨਾ ਕਰਨ ਦੀ ਤਾਕੀਦ ਕੀਤੀ ਸੀ। ਜਦੋਂ ਕਇਨ ਨੇ ਪਰਮੇਸ਼ੁਰ ਦੀ ਚੇਤਾਵਨੀ ਨੂੰ ਅਣਗੌਲਿਆਂ ਕਰ ਕੇ ਆਪਣੇ ਭਰਾ ਨੂੰ ਮਾਰ ਦਿੱਤਾ, ਤਾਂ ਯਹੋਵਾਹ ਨੇ ਉਸ ਨੂੰ ਸਖ਼ਤ ਸਜ਼ਾ ਦਿੱਤੀ। (ਉਤਪਤ 4:3-12) ਕਇਨ ਨੇ ਪਰਮੇਸ਼ੁਰ ਦੀ ਗੱਲ ਮੰਨਣ ਦੀ ਬਜਾਇ ਆਪਣਾ ਫ਼ੈਸਲਾ ਕੀਤਾ। ਇਸ ਤਰ੍ਹਾਂ ਉਸ ਨੇ ਸਾਬਤ ਕਰ ਦਿੱਤਾ ਕਿ ਉਹ “ਦੁਸ਼ਟ ਤੋਂ ਸੀ,” ਯਾਨੀ ਉਸ ਨੇ ਸ਼ਤਾਨ ਦੀ ਮਰਜ਼ੀ ਪੂਰੀ ਕੀਤੀ। ਉਸ ਵਾਂਗ ਕਈ ਹੋਰ ਇਨਸਾਨਾਂ ਨੇ ਵੀ ਇਹੋ ਰਾਹ ਚੁਣਿਆ।

ਮਨੁੱਖੀ ਇਤਿਹਾਸ ਦੇ ਪਹਿਲੇ 1,500 ਸਾਲਾਂ ਦੌਰਾਨ “ਧਰਤੀ ਪਰਮੇਸ਼ੁਰ ਦੇ ਅੱਗੇ ਬਿਗੜੀ ਹੋਈ ਸੀ ਅਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ।” (ਉਤਪਤ 6:11) ਇਸ ਤੋਂ ਪਹਿਲਾਂ ਕਿ ਇਨਸਾਨ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦਾ, ਪਰਮੇਸ਼ੁਰ ਨੂੰ ਠੋਸ ਕਦਮ ਚੁੱਕਣ ਦੀ ਲੋੜ ਸੀ। ਉਸ ਨੇ ਸਾਰੀ ਧਰਤੀ ਉੱਤੇ ਜਲ-ਪਰਲੋ ਲਿਆਂਦੀ ਜਿਸ ਵਿੱਚੋਂ ਸਿਰਫ਼ ਇੱਕੋ ਧਰਮੀ ਪਰਿਵਾਰ ਬਚਿਆ—ਨੂਹ, ਉਸ ਦੀ ਪਤਨੀ, ਉਸ ਦੇ ਪੁੱਤ ਅਤੇ ਨੂੰਹਾਂ। (ਉਤਪਤ 7:1) ਅੱਜ ਅਸੀਂ ਸਾਰੇ ਉਨ੍ਹਾਂ ਦੀ ਹੀ ਸੰਤਾਨ ਹਾਂ।

ਉਸ ਸਮੇਂ ਤੋਂ ਲੈ ਕੇ ਅੱਜ ਤਕ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸੇਧ ਦਿੰਦਾ ਆਇਆ ਹੈ ਜੋ ਸੱਚ-ਮੁੱਚ ਉਸ ਦੀ ਮਰਜ਼ੀ ਜਾਣਨੀ ਚਾਹੁੰਦੇ ਹਨ। ਪਰਮੇਸ਼ੁਰ ਨੇ ਆਪਣੇ ਵਫ਼ਾਦਾਰ ਸੇਵਕਾਂ ਰਾਹੀਂ ਆਪਣੇ ਬਚਨ ਲਿਖਵਾਏ ਤਾਂਕਿ ਚਾਹਵਾਨ ਲੋਕ ਇਨ੍ਹਾਂ ਦੀ ਸੇਧ ਵਿਚ ਚੱਲ ਸਕਣ। ਇਹ ਬਚਨ ਬਾਈਬਲ ਵਿਚ ਦਰਜ ਹਨ। (2 ਤਿਮੋਥਿਉਸ 3:16) ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੱਲਣ ਵਾਲੇ ਵਫ਼ਾਦਾਰ ਇਨਸਾਨ ਉਸ ਨਾਲ ਚੰਗਾ ਰਿਸ਼ਤਾ ਕਾਇਮ ਕਰ ਸਕਦੇ ਹਨ ਅਤੇ ਉਸ ਦੇ ਦੋਸਤ ਵੀ ਬਣ ਸਕਦੇ ਹਨ। (ਯਸਾਯਾਹ 41:8) ਪਰਮੇਸ਼ੁਰ ਤੋਂ ਆਜ਼ਾਦ ਹੋ ਕੇ ਮਨੁੱਖਜਾਤੀ ਸਦੀਆਂ ਤੋਂ ਦੁੱਖਾਂ ਅਤੇ ਸਮੱਸਿਆਵਾਂ ਦਾ ਸਾਮ੍ਹਣਾ ਕਰਦੀ ਆਈ ਹੈ। ਪਰ ਪਰਮੇਸ਼ੁਰ ਆਪਣੇ ਭਗਤਾਂ ਨੂੰ ਹਰ ਦੁਖਦਾਈ ਮੁਸ਼ਕਲ ਨਾਲ ਜੂਝਣ ਦੀ ਤਾਕਤ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 46:1; ਫ਼ਿਲਿੱਪੀਆਂ 4:13) ਅਸੀਂ ਪਰਮੇਸ਼ੁਰ ਦੀ ਦਇਆ ਲਈ ਕਿੰਨੇ ਹੀ ਸ਼ੁਕਰਗੁਜ਼ਾਰ ਹੋ ਸਕਦੇ ਹਾਂ!

ਮੁਕੰਮਲ ਤੌਰ ਤੇ ‘ਤੇਰੀ ਮਰਜ਼ੀ ਪੂਰੀ ਹੋਵੇ’

ਪਰਮੇਸ਼ੁਰ ਨੇ ਹੁਣ ਤਕ ਇਨਸਾਨਾਂ ਲਈ ਬਹੁਤ ਕੁਝ ਕੀਤਾ ਹੈ, ਪਰ ਉਹ ਆਪਣੀ ਮਰਜ਼ੀ ਅਨੁਸਾਰ ਭਵਿੱਖ ਵਿਚ ਇਸ ਨਾਲੋਂ ਜ਼ਿਆਦਾ ਕਰੇਗਾ। ਮਸੀਹੀ ਚੇਲੇ ਪਤਰਸ ਨੇ ਲਿਖਿਆ: “ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (2 ਪਤਰਸ 3:13) ਨਵਾਂ ਅਕਾਸ਼ ਅਤੇ ਨਵੀਂ ਧਰਤੀ ਲਾਖਣਿਕ ਭਾਸ਼ਾ ਦੇ ਸ਼ਬਦ ਹਨ। ਨਵਾਂ ਆਕਾਸ਼ ਮਨੁੱਖਜਾਤੀ ਦੀ ਨਵੀਂ ਸਰਕਾਰ ਨੂੰ ਅਤੇ ਨਵੀਂ ਧਰਤੀ ਇਸ ਸਰਕਾਰ ਦੀ ਪਰਜਾ (ਧਰਮੀ ਇਨਸਾਨਾਂ ਦਾ ਨਵਾਂ ਸਮਾਜ) ਨੂੰ ਦਰਸਾਉਂਦੀ ਹੈ।

ਦਾਨੀਏਲ ਨਬੀ ਨੇ ਸਾਫ਼-ਸਾਫ਼ ਲਿਖਿਆ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ . . . ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀਏਲ 2:44) ਇਸ ਭਵਿੱਖਬਾਣੀ ਅਨੁਸਾਰ, ਅਜੋਕੀ ਦੁਨੀਆਂ ਦੀਆਂ ਅਸਫ਼ਲ ਹੋ ਚੁੱਕੀਆਂ ਸਰਕਾਰਾਂ ਹਟਾ ਦਿੱਤੀਆਂ ਜਾਣਗੀਆਂ ਅਤੇ ਇਨ੍ਹਾਂ ਦੀ ਥਾਂ ਤੇ ਪਰਮੇਸ਼ੁਰ ਦਾ ਰਾਜ ਜਾਂ ਸਰਕਾਰ ਰਾਜ ਕਰੇਗੀ। ਇਹ ਕਿੰਨੀ ਖ਼ੁਸ਼ੀ ਦੀ ਖ਼ਬਰ ਹੈ! ਉਹ ਸਾਰੇ ਲੜਾਈ-ਝਗੜੇ ਅਤੇ ਸੁਆਰਥੀ ਰਵੱਈਏ ਖ਼ਤਮ ਕੀਤੇ ਜਾਣਗੇ ਜਿਨ੍ਹਾਂ ਕਰਕੇ ਅੱਜ ਧਰਤੀ ਇਕ ਵਾਰ ਫਿਰ ਜ਼ੁਲਮ ਅਤੇ ਹਿੰਸਾ ਨਾਲ ਭਰ ਗਈ ਹੈ।

ਇਹ ਗੱਲਾਂ ਕਦੋਂ ਹੋਣਗੀਆਂ? ਯਿਸੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ ਸੀ: “ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?” ਜਵਾਬ ਵਿਚ ਯਿਸੂ ਨੇ ਹੋਰਨਾਂ ਗੱਲਾਂ ਦੇ ਨਾਲ-ਨਾਲ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”—ਮੱਤੀ 24:3, 14.

ਅੱਜ ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾ ਰਿਹਾ ਹੈ। ਤੁਸੀਂ ਵੀ ਸ਼ਾਇਦ ਆਪਣੇ ਗੁਆਂਢ ਵਿਚ ਇਸ ਰਾਜ ਦਾ ਪ੍ਰਚਾਰ ਹੁੰਦਾ ਦੇਖਿਆ ਹੋਵੇ। ਪ੍ਰੋਫ਼ੈਸਰ ਚਾਰਲਸ ਐੱਸ. ਬਰੈਂਡਨ ਨੇ ਆਪਣੀ ਕਿਤਾਬ ਇਹ ਵੀ ਵਿਸ਼ਵਾਸ ਕਰਦੇ ਹਨ (ਅੰਗ੍ਰੇਜ਼ੀ) ਵਿਚ ਲਿਖਿਆ: “ਅੱਜ ਧਰਤੀ ਦੇ ਹਰ ਕੋਨੇ ਤੇ ਯਹੋਵਾਹ ਦੇ ਗਵਾਹ ਪ੍ਰਚਾਰ ਕਰਦੇ ਨਜ਼ਰ ਆਉਂਦੇ ਹਨ। . . . ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਯਹੋਵਾਹ ਦੇ ਗਵਾਹਾਂ ਨੇ ਦੂਸਰੇ ਧਰਮਾਂ ਨਾਲੋਂ ਕਿਤੇ ਜ਼ਿਆਦਾ ਜੋਸ਼ ਅਤੇ ਸਾਬਤਕਦਮੀ ਦਿਖਾਈ ਹੈ।” ਅੱਜ ਯਹੋਵਾਹ ਦੇ ਗਵਾਹ ਪੂਰੇ ਜੋਸ਼ ਨਾਲ 230 ਤੋਂ ਜ਼ਿਆਦਾ ਦੇਸ਼ਾਂ ਵਿਚ ਰਾਜ ਦਾ ਪ੍ਰਚਾਰ ਕਰਦੇ ਹਨ। ਰਾਜ ਦੀ ਇਹ ਖ਼ੁਸ਼ ਖ਼ਬਰੀ ਲਗਭਗ 400 ਭਾਸ਼ਾਵਾਂ ਵਿਚ ਸੁਣਾਈ ਜਾ ਰਹੀ ਹੈ। ਮਨੁੱਖੀ ਇਤਿਹਾਸ ਵਿਚ ਪਹਿਲਾਂ ਕਦੇ ਵੀ ਇੰਨੇ ਵੱਡੇ ਪੱਧਰ ਤੇ ਪ੍ਰਚਾਰ ਨਹੀਂ ਕੀਤਾ ਗਿਆ। ਇਹ ਇਕ ਅਹਿਮ ਸਬੂਤ ਹੈ ਕਿ ਪਰਮੇਸ਼ੁਰ ਦਾ ਰਾਜ ਜਲਦੀ ਹੀ ਮਨੁੱਖੀ ਸਰਕਾਰਾਂ ਦੀ ਥਾਂ ਲੈਣ ਵਾਲਾ ਹੈ।

ਯਿਸੂ ਨੇ ਜਿਸ ਰਾਜ ਦੇ ਪ੍ਰਚਾਰ ਬਾਰੇ ਭਵਿੱਖਬਾਣੀ ਕੀਤੀ ਸੀ, ਇਹ ਉਹੋ ਰਾਜ ਹੈ ਜਿਸ ਲਈ ਉਸ ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10) ਜੀ ਹਾਂ, ਆਪਣੇ ਇਸੇ ਰਾਜ ਦੇ ਜ਼ਰੀਏ ਪਰਮੇਸ਼ੁਰ ਮਨੁੱਖਜਾਤੀ ਅਤੇ ਧਰਤੀ ਲਈ ਆਪਣਾ ਮਕਸਦ ਯਾਨੀ ਆਪਣੀ ਮਰਜ਼ੀ ਪੂਰੀ ਕਰੇਗਾ।

ਇਸ ਦਾ ਕੀ ਮਤਲਬ ਹੋਵੇਗਾ? ਪਰਕਾਸ਼ ਦੀ ਪੋਥੀ 21:3, 4 ਸਾਨੂੰ ਇਸ ਦਾ ਜਵਾਬ ਦਿੰਦਾ ਹੈ: “ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” ਉਸ ਵਕਤ ਪਰਮੇਸ਼ੁਰ ਦੀ ਮਰਜ਼ੀ ਧਰਤੀ ਉੱਤੇ ਅਤੇ ਸਵਰਗ ਵਿਚ ਮੁਕੰਮਲ ਤੌਰ ਤੇ ਪੂਰੀ ਕੀਤੀ ਜਾਵੇਗੀ। * ਕੀ ਤੁਸੀਂ ਉਹ ਸਮਾਂ ਨਹੀਂ ਦੇਖਣਾ ਚਾਹੋਗੇ?

[ਫੁਟਨੋਟ]

^ ਪੈਰਾ 26 ਜੇ ਤੁਸੀਂ ਪਰਮੇਸ਼ੁਰ ਦੇ ਰਾਜ ਬਾਰੇ ਹੋਰ ਜਾਣਨਾ ਚਾਹੋ, ਤਾਂ ਤੁਸੀਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਇਸ ਰਸਾਲੇ ਦੇ ਦੂਜੇ ਸਫ਼ੇ ਉੱਤੇ ਦਿੱਤੇ ਢੁਕਵੇਂ ਪਤੇ ਤੇ ਲਿਖ ਸਕਦੇ ਹੋ।

[ਸਫ਼ੇ 5 ਉੱਤੇ ਤਸਵੀਰ]

ਪਰਮੇਸ਼ੁਰ ਦੀ ਮਰਜ਼ੀ ਨੂੰ ਅਣਗੌਲਿਆਂ ਕਰਨ ਦੇ ਦੁਖਦਾਈ ਨਤੀਜੇ ਨਿਕਲੇ