ਬਾਈਬਲ ਦੀ ਮਦਦ ਨਾਲ ਉਹ ਪਰਤਾਵੇ ਵਿਚ ਆਉਣ ਤੋਂ ਬਚਿਆ
ਬਾਈਬਲ ਦੀ ਮਦਦ ਨਾਲ ਉਹ ਪਰਤਾਵੇ ਵਿਚ ਆਉਣ ਤੋਂ ਬਚਿਆ
ਅੱਜ ਦੁਨੀਆਂ ਵਿਚ ਪਰਤਾਵਿਆਂ ਦੀ ਕੋਈ ਘਾਟ ਨਹੀਂ ਹੈ। ਬਾਈਬਲ ਦੇ ਅਸੂਲਾਂ ਉੱਤੇ ਚੱਲਣਾ ਆਸਾਨ ਨਹੀਂ ਹੈ। ਉਦਾਹਰਣ ਲਈ, ਬਾਈਬਲ ਸਾਨੂੰ ‘ਹਰਾਮਕਾਰੀ ਤੋਂ ਭੱਜਣ’ ਦੀ ਸਲਾਹ ਦਿੰਦੀ ਹੈ, ਪਰ ਇਸ ਨੂੰ ਮੰਨਣਾ ਬਹੁਤ ਹੀ ਮੁਸ਼ਕਲ ਹੋ ਸਕਦਾ ਹੈ—1 ਕੁਰਿੰਥੀਆਂ 6:18.
ਇਕ ਯਹੋਵਾਹ ਦਾ ਗਵਾਹ, ਜਿਸ ਨੂੰ ਆਪਾਂ ਸਬੈਸਟੀਅਨ ਕਹਾਂਗੇ, ਪੋਲੈਂਡ ਵਿਚ ਇਕ ਸਕੈਂਡੇਨੇਵੀਅਨ ਕੰਪਨੀ ਵਿਚ ਕੰਮ ਕਰਦਾ ਸੀ। ਉਸ ਨੂੰ ਨੈਤਿਕ ਤੌਰ ਤੇ ਸ਼ੁੱਧ ਰਹਿਣ ਲਈ ਬਹੁਤ ਸੰਘਰਸ਼ ਕਰਨਾ ਪਿਆ।
ਸਬੈਸਟੀਅਨ ਦੀ ਕੰਪਨੀ ਵਿਚ ਸਾਰੇ ਜਾਣਦੇ ਸਨ ਕਿ ਉਹ ਇਕ ਯਹੋਵਾਹ ਦਾ ਗਵਾਹ ਸੀ। ਉਹ ਬਹੁਤ ਹੀ ਮਿਹਨਤੀ ਤੇ ਚੰਗੇ ਚਾਲ-ਚਲਣ ਵਾਲਾ ਇਨਸਾਨ ਸੀ। ਇਸ ਤੋਂ ਖ਼ੁਸ਼ ਹੋ ਕੇ ਉਸ ਦੇ ਸੁਪਰਵਾਈਜ਼ਰਾਂ ਨੇ ਉਸ ਨੂੰ ਕਈ ਵਿਸ਼ੇਸ਼-ਅਧਿਕਾਰ ਦਿੱਤੇ। ਪਰ ਉਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਇਨ੍ਹਾਂ ਵਿਸ਼ੇਸ਼-ਅਧਿਕਾਰਾਂ ਕਰਕੇ ਉਸ ਨੂੰ ਕੰਪਨੀ ਦੀਆਂ ਮੀਟਿੰਗਾਂ ਵਿਚ ਵੀ ਜਾਣਾ ਪੈਣਾ ਸੀ ਜਿਨ੍ਹਾਂ ਵਿਚ ਇਤਰਾਜ਼ਯੋਗ ਮਨੋਰੰਜਨ ਕੀਤਾ ਜਾਂਦਾ ਸੀ।
ਇਸ ਕਾਰਨ ਸਬੈਸਟੀਅਨ ਡਾਵਾਂ-ਡੋਲ ਹੋਣ ਲੱਗ ਪਿਆ। “ਮੇਰਾ ਸੁਪਰਵਾਈਜ਼ਰ ਜਾਣਦਾ ਹੈ ਕਿ ਮੈਂ ਯਹੋਵਾਹ ਦਾ ਗਵਾਹ ਹਾਂ। ਇਸੇ ਕਰਕੇ ਉਹ ਮੇਰੇ ਉੱਤੇ ਭਰੋਸਾ ਕਰਦਾ ਹੈ। ਜੇ ਮੈਂ ਮਨੋਰੰਜਨ ਵਿਚ ਹਿੱਸਾ ਨਾ ਲਿਆ, ਤਾਂ ਮੇਰੀ ਨੌਕਰੀ ਚਲੀ ਜਾਵੇਗੀ। ਹੋਰ ਨੌਕਰੀ ਮਿਲਣੀ ਵੀ ਬਹੁਤ ਮੁਸ਼ਕਲ ਹੈ। ਜੇ ਮੈਂ ਮਨੋਰੰਜਨ ਵਿਚ ਹਿੱਸਾ ਨਾ ਲਵਾਂ, ਸਿਰਫ਼ ਦੇਖਾਂ, ਤਾਂ ਇਸ ਵਿਚ ਕੀ ਬੁਰਾਈ ਹੈ?”
ਫਿਰ ਸਬੈਸਟੀਅਨ ਨੂੰ ਹੋਰ ਕਈ ਗੱਲਾਂ ਪਤਾ ਲੱਗੀਆਂ। ਉਸ ਤੋਂ ਇਹ ਵੀ ਆਸ ਰੱਖੀ ਜਾਂਦੀ ਸੀ ਕਿ ਉਹ ਕੰਪਨੀ ਦੇ ਵਿਦੇਸ਼ੀ ਗਾਹਕਾਂ ਦਾ ਧਿਆਨ ਰੱਖੇ ਅਤੇ ਸ਼ਾਮ ਵਾਸਤੇ ਉਨ੍ਹਾਂ ਲਈ “ਕੁੜੀਆਂ” ਸਪਲਾਈ ਕਰੇ। ਹੁਣ ਉਹ ਕੀ ਕਰੇਗਾ?
ਸਬੈਸਟੀਅਨ ਨੇ ਫ਼ੈਸਲਾ ਕੀਤਾ ਕਿ ਉਹ ਅਨੈਤਿਕਤਾ ਪ੍ਰਤੀ ਆਪਣੇ ਬਾਈਬਲ-ਆਧਾਰਿਤ ਨਜ਼ਰੀਏ ਬਾਰੇ ਆਪਣੇ ਸੁਪਰਵਾਈਜ਼ਰ ਨੂੰ ਯਾਦ ਕਰਾਵੇਗਾ। ਜਲਦੀ ਹੀ ਇਹ ਗੱਲ ਸਾਫ਼ ਹੋ ਗਈ ਕਿ ਸਬੈਸਟੀਅਨ ਇਸ ਕੰਮ ਲਈ ਠੀਕ ਨਹੀਂ ਸੀ ਅਤੇ ਕਿਸੇ-ਨ-ਕਿਸੇ ਦਿਨ ਉਸ ਨੂੰ ਆਪਣੀ ਨੌਕਰੀ ਛੱਡਣੀ ਪੈਣੀ ਸੀ। ਉਸ ਨੇ ਘੱਟ ਤਨਖ਼ਾਹ ਵਾਲੀ ਇਕ ਹੋਰ ਨੌਕਰੀ ਲੱਭ ਲਈ, ਪਰ ਇਸ ਨੌਕਰੀ ਵਿਚ ਉਸ ਦੇ ਸਾਮ੍ਹਣੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਸੀ। ਹੁਣ ਉਸ ਦਾ ਜ਼ਮੀਰ ਸਾਫ਼ ਹੈ।
ਤੁਸੀਂ ਕੀ ਕਰੋਗੇ ਜੇ ਤੁਹਾਡੇ ਉੱਤੇ ਕੋਈ ਅਨੈਤਿਕ ਕੰਮ ਕਰਨ ਜਾਂ ਚੁੱਪ-ਚਾਪ ਇਸ ਨੂੰ ਸਹਿਣ ਕਰਨ ਦਾ ਦਬਾਅ ਪਾਇਆ ਜਾਂਦਾ ਹੈ? ਕੀ ਤੁਸੀਂ ਅਨੈਤਿਕਤਾ ਤੋਂ ਬਚਣ ਲਈ ਕੋਈ ਵੀ ਨੁਕਸਾਨ ਸਹਾਰਨ ਲਈ ਤਿਆਰ ਹੋਵੋਗੇ? ਪੁਰਾਣੇ ਸਮੇਂ ਵਿਚ ਯੂਸੁਫ਼ ਨੇ ਇਸ ਤਰ੍ਹਾਂ ਕੀਤਾ ਸੀ ਜਿਸ ਬਾਰੇ ਉਤਪਤ 39:7-12 ਵਿਚ ਦੱਸਿਆ ਗਿਆ ਹੈ।