Skip to content

Skip to table of contents

ਬੇਰਹਿਮ ਦੁਨੀਆਂ ਵਿਚ ਦਿਆਲੂ ਬਣੋ

ਬੇਰਹਿਮ ਦੁਨੀਆਂ ਵਿਚ ਦਿਆਲੂ ਬਣੋ

ਬੇਰਹਿਮ ਦੁਨੀਆਂ ਵਿਚ ਦਿਆਲੂ ਬਣੋ

“ਆਦਮੀ ਦੀ ਦਯਾ ਦੇ ਕਾਰਨ ਉਹ ਦੀ ਮੰਨਤਾ ਹੁੰਦੀ ਹੈ।”—ਕਹਾਉਤਾਂ 19:22.

1. ਦਿਆਲਤਾ ਨਾਲ ਪੇਸ਼ ਆਉਣਾ ਕਿਉਂ ਮੁਸ਼ਕਲ ਹੋ ਸਕਦਾ ਹੈ?

ਕੀ ਤੁਸੀਂ ਦਿਆਲੂ ਹੋ? ਦਿਆਲੂ ਇਨਸਾਨ ਲਈ ਦੁਨੀਆਂ ਵਿਚ ਰਹਿਣਾ ਕਾਫ਼ੀ ਮੁਸ਼ਕਲ ਹੈ। ਬਾਈਬਲ ਵਿਚ ਦਿਆਲਤਾ ਨੂੰ “ਆਤਮਾ ਦਾ ਫਲ” ਕਿਹਾ ਗਿਆ ਹੈ। ਜੇ ਇਸ ਤਰ੍ਹਾਂ ਹੈ, ਤਾਂ ਫਿਰ ਈਸਾਈ ਧਰਮ ਨੂੰ ਮੰਨਣ ਵਾਲੇ ਦੇਸ਼ਾਂ ਵਿਚ ਵੀ ਲੋਕਾਂ ਲਈ ਦਿਆਲਤਾ ਨਾਲ ਪੇਸ਼ ਆਉਣਾ ਇੰਨਾ ਮੁਸ਼ਕਲ ਕਿਉਂ ਹੈ? (ਗਲਾਤੀਆਂ 5:22) ਜਿਵੇਂ ਅਸੀਂ ਪਿੱਛਲੇ ਲੇਖ ਵਿਚ ਦੇਖਿਆ ਸੀ, ਇਸ ਦਾ ਜਵਾਬ ਕੁਝ ਹੱਦ ਤਕ ਯੂਹੰਨਾ ਰਸੂਲ ਦੇ ਸ਼ਬਦਾਂ ਵਿਚ ਦੇਖਿਆ ਜਾ ਸਕਦਾ ਹੈ—ਸਾਰਾ ਸੰਸਾਰ ਇਕ ਬੇਰਹਿਮ ਆਤਮਿਕ ਪ੍ਰਾਣੀ ਯਾਨੀ ਸ਼ਤਾਨ ਦੇ ਵੱਸ ਵਿਚ ਪਿਆ ਹੋਇਆ ਹੈ। (1 ਯੂਹੰਨਾ 5:19) ਯਿਸੂ ਮਸੀਹ ਨੇ ਕਿਹਾ ਕਿ ਸ਼ਤਾਨ “ਜਗਤ ਦਾ ਸਰਦਾਰ” ਹੈ। (ਯੂਹੰਨਾ 14:30) ਇਸ ਤਰ੍ਹਾਂ, ਦੁਨੀਆਂ ਆਪਣੇ ਬਾਗ਼ੀ ਹਾਕਮ ਦੇ ਨਕਸ਼ੇ-ਕਦਮਾਂ ਤੇ ਚੱਲਣਾ ਪਸੰਦ ਕਰਦੀ ਹੈ ਜੋ ਬੇਰਹਿਮ ਸੁਭਾਅ ਦਾ ਮਾਲਕ ਹੈ।—ਅਫ਼ਸੀਆਂ 2:2.

2. ਕਿਹੜੀਆਂ ਚੁਣੌਤੀਆਂ ਦਿਆਲੂ ਬਣਨ ਵਿਚ ਮੁਸ਼ਕਲ ਖੜ੍ਹੀ ਕਰ ਸਕਦੀਆਂ ਹਨ?

2 ਸਾਨੂੰ ਦੁੱਖ ਹੁੰਦਾ ਹੈ ਜਦੋਂ ਦੂਸਰੇ ਸਾਡੇ ਨਾਲ ਬੇਰਹਿਮੀ ਨਾਲ ਪੇਸ਼ ਆਉਂਦੇ ਹਨ। ਸਾਡੇ ਖੁਣਸੀ ਗੁਆਂਢੀ ਤੇ ਰੁੱਖੇ ਸੁਭਾਅ ਦੇ ਅਜਨਬੀ ਸ਼ਾਇਦ ਸਾਡਾ ਕੋਈ ਲਿਹਾਜ਼ ਨਾ ਕਰਦੇ ਹੋਣ। ਇੱਥੋਂ ਤਕ ਕਿ ਦੋਸਤ ਅਤੇ ਪਰਿਵਾਰ ਦੇ ਮੈਂਬਰ ਵੀ ਕਦੇ-ਕਦੇ ਬਿਨਾਂ ਸੋਚੇ-ਸਮਝੇ ਕੁਝ ਕਹਿ ਸਕਦੇ ਹਨ। ਜੇ ਸਾਨੂੰ ਰੁੱਖੇ ਲੋਕਾਂ ਨਾਲ ਵਾਸਤਾ ਰੱਖਣਾ ਪੈਂਦਾ ਹੈ ਜੋ ਇਕ-ਦੂਜੇ ਉੱਤੇ ਚਿਲਾਉਂਦੇ ਤੇ ਗੰਦੀਆਂ ਗਾਲ਼ਾਂ ਕੱਢਦੇ ਹਨ, ਤਾਂ ਅਕਸਰ ਸਾਨੂੰ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਦੂਜਿਆਂ ਵਿਚ ਰਹਿਮ-ਦਿਲੀ ਦੀ ਘਾਟ ਕਾਰਨ ਸਾਡੇ ਅੰਦਰ ਵੈਰ ਦੀ ਭਾਵਨਾ ਪੈਦਾ ਹੋ ਸਕਦੀ ਹੈ ਜਿਸ ਕਾਰਨ ਅਸੀਂ ਸ਼ਾਇਦ ਬੁਰਾਈ ਦੇ ਵੱਟੇ ਬੁਰਾਈ ਕਰਨ ਬਾਰੇ ਸੋਚੀਏ। ਇਸ ਕਾਰਨ ਸਾਡੀ ਅਧਿਆਤਮਿਕ ਜਾਂ ਸਰੀਰਕ ਸਿਹਤ ਵਿਗੜ ਸਕਦੀ ਹੈ।—ਰੋਮੀਆਂ 12:17.

3. ਲੋਕਾਂ ਲਈ ਕਿਹੜੀਆਂ ਗੰਭੀਰ ਸਮੱਸਿਆਵਾਂ ਕਾਰਨ ਦਿਆਲੂ ਬਣਨਾ ਮੁਸ਼ਕਲ ਹੋ ਸਕਦਾ ਹੈ?

3 ਦੁਨੀਆਂ ਦੇ ਤਣਾਅ-ਭਰੇ ਹਾਲਾਤ ਵੀ ਸਾਡੇ ਲਈ ਦਿਆਲੂ ਬਣਨਾ ਮੁਸ਼ਕਲ ਬਣਾ ਸਕਦੇ ਹਨ। ਮਿਸਾਲ ਲਈ, ਲੋਕਾਂ ਨੂੰ ਅੱਤਵਾਦੀਆਂ ਦੀਆਂ ਧਮਕੀਆਂ ਤੇ ਵਾਰਦਾਤਾਂ ਅਤੇ ਵੱਖੋ-ਵੱਖਰੇ ਸਮੂਹਾਂ ਦੁਆਰਾ ਬਾਇਓਲਾਜੀਕਲ ਜਾਂ ਨਿਊਕਲੀ ਹਥਿਆਰਾਂ ਦੀ ਵਰਤੋਂ ਕਰਨ ਦੀ ਸੰਭਾਵਨਾ ਬਾਰੇ ਸੁਣ-ਸੁਣ ਕੇ ਹਰ ਰੋਜ਼ ਤਣਾਅ ਵਿਚ ਜੀਣਾ ਪੈਂਦਾ ਹੈ। ਇਸ ਤੋਂ ਇਲਾਵਾ, ਲੱਖਾਂ ਲੋਕ ਗ਼ਰੀਬੀ ਦੀ ਮਾਰ ਹੇਠ ਰਹਿ ਰਹੇ ਹਨ। ਉਨ੍ਹਾਂ ਨੂੰ ਢਿੱਡ ਭਰ ਕੇ ਖਾਣ ਨੂੰ ਨਹੀਂ ਮਿਲਦਾ ਤੇ ਨਾ ਹੀ ਉਨ੍ਹਾਂ ਕੋਲ ਰਹਿਣ ਨੂੰ ਚੰਗੀ ਥਾਂ, ਪਹਿਨਣ ਨੂੰ ਕੱਪੜੇ ਤੇ ਦਵਾਈਆਂ ਲਈ ਪੈਸੇ ਹਨ। ਜਦੋਂ ਅਜਿਹੇ ਹਾਲਾਤਾਂ ਦੇ ਸੁਧਰਨ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ, ਤਾਂ ਦਿਆਲੂ ਬਣਨਾ ਮੁਸ਼ਕਲ ਹੋ ਜਾਂਦਾ ਹੈ।—ਉਪਦੇਸ਼ਕ ਦੀ ਪੋਥੀ 7:7.

4. ਦੂਜਿਆਂ ਨਾਲ ਦਿਆਲਤਾ ਨਾਲ ਪੇਸ਼ ਆਉਣ ਸੰਬੰਧੀ ਕੁਝ ਲੋਕ ਕਿਹੜਾ ਗ਼ਲਤ ਸਿੱਟਾ ਕੱਢ ਸਕਦੇ ਹਨ?

4 ਜਦੋਂ ਕੋਈ ਸਾਡੀਆਂ ਭਾਵਨਾਵਾਂ ਦੀ ਪਰਵਾਹ ਨਾ ਕਰਦੇ ਹੋਏ ਸਾਡੇ ਨਾਲ ਬੁਰਾ ਸਲੂਕ ਕਰਦਾ ਹੈ, ਤਾਂ ਅਸੀਂ ਸੋਚ ਸਕਦੇ ਹਾਂ ਕਿ ਉਸ ਨਾਲ ਦਿਆਲਤਾ ਨਾਲ ਪੇਸ਼ ਆਉਣ ਦੀ ਕੋਈ ਲੋੜ ਨਹੀਂ ਹੈ। ਨਹੀਂ ਤਾਂ ਉਹ ਇਸ ਨੂੰ ਸਾਡੀ ਕਮਜ਼ੋਰੀ ਸਮਝ ਕੇ ਹੋਰ ਆਕੜ ਦਿਖਾਵੇਗਾ। (ਜ਼ਬੂਰਾਂ ਦੀ ਪੋਥੀ 73:2-9) ਪਰ ਬਾਈਬਲ ਸਾਨੂੰ ਸਹੀ ਸੇਧ ਦਿੰਦੀ ਹੋਈ ਕਹਿੰਦੀ ਹੈ: “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।” (ਕਹਾਉਤਾਂ 15:1) ਨਰਮਾਈ ਅਤੇ ਦਿਆਲਤਾ ਆਤਮਾ ਦੇ ਫਲ ਦੇ ਦੋ ਪਹਿਲੂ ਹਨ ਜੋ ਇਕ-ਦੂਜੇ ਨਾਲ ਗੂੜ੍ਹਾ ਸੰਬੰਧ ਰੱਖਦੇ ਹਨ। ਇਹ ਗੁਣ ਮੁਸ਼ਕਲ ਅਤੇ ਚੁਣੌਤੀ-ਭਰੇ ਹਾਲਾਤਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰਦੇ ਹਨ।

5. ਜ਼ਿੰਦਗੀ ਦੇ ਕਿਹੜੇ ਕੁਝ ਪਹਿਲੂਆਂ ਵਿਚ ਦਿਆਲੂ ਬਣਨਾ ਜ਼ਰੂਰੀ ਹੈ?

5 ਮਸੀਹੀ ਹੋਣ ਕਰਕੇ ਸਾਡੇ ਲਈ ਆਤਮਾ ਦੇ ਫਲ ਦੇ ਸਾਰੇ ਗੁਣ ਪੈਦਾ ਕਰਨੇ ਬਹੁਤ ਜ਼ਰੂਰੀ ਹੈ, ਇਸ ਲਈ ਆਓ ਆਪਾਂ ਉਨ੍ਹਾਂ ਵਿੱਚੋਂ ਇਕ ਗੁਣ ਦਿਆਲਤਾ ਉੱਤੇ ਵਿਚਾਰ ਕਰੀਏ ਕਿ ਅਸੀਂ ਇਹ ਗੁਣ ਕਿਵੇਂ ਜ਼ਾਹਰ ਕਰ ਸਕਦੇ ਹਾਂ। ਕੀ ਬੇਰਹਿਮ ਦੁਨੀਆਂ ਵਿਚ ਦਿਆਲੂ ਬਣਨਾ ਸੰਭਵ ਹੈ? ਜੇ ਸੰਭਵ ਹੈ, ਤਾਂ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸ਼ਤਾਨ ਦੇ ਅਸਰ ਹੇਠ ਆ ਕੇ ਦਿਆਲਤਾ ਦਾ ਗਲਾ ਨਹੀਂ ਘੁੱਟ ਦਿੰਦੇ, ਖ਼ਾਸਕਰ ਜਦੋਂ ਅਸੀਂ ਤਣਾਅ-ਭਰੇ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਾਂ? ਆਓ ਆਪਾਂ ਪਰਿਵਾਰ ਵਿਚ, ਕੰਮ ਤੇ, ਸਕੂਲ ਵਿਚ, ਗੁਆਂਢੀਆਂ ਪ੍ਰਤੀ, ਸੇਵਕਾਈ ਵਿਚ ਅਤੇ ਸੰਗੀ ਵਿਸ਼ਵਾਸੀਆਂ ਪ੍ਰਤੀ ਦਿਆਲੂ ਬਣਨ ਬਾਰੇ ਚਰਚਾ ਕਰੀਏ।

ਪਰਿਵਾਰ ਦੇ ਮੈਂਬਰਾਂ ਨਾਲ ਦਿਆਲਤਾ

6. ਪਰਿਵਾਰ ਵਿਚ ਦਿਆਲਤਾ ਦਾ ਗੁਣ ਇੰਨਾ ਜ਼ਰੂਰੀ ਕਿਉਂ ਹੈ ਅਤੇ ਅਸੀਂ ਦਿਆਲੂ ਕਿਵੇਂ ਬਣ ਸਕਦੇ ਹਾਂ?

6 ਯਹੋਵਾਹ ਦੀ ਅਸੀਸ ਅਤੇ ਨਿਰਦੇਸ਼ਨ ਹਾਸਲ ਕਰਨ ਲਈ ਦਿਆਲਤਾ ਨੂੰ ਆਪਣੇ ਵਿਚ ਪੂਰੀ ਤਰ੍ਹਾਂ ਪੈਦਾ ਕਰਨਾ ਬਹੁਤ ਜ਼ਰੂਰੀ ਹੈ। (ਅਫ਼ਸੀਆਂ 4:32) ਆਓ ਆਪਾਂ ਦੇਖੀਏ ਕਿ ਪਰਿਵਾਰ ਦੇ ਮੈਂਬਰਾਂ ਨੂੰ ਦਿਆਲੂ ਬਣਨ ਦੀ ਕਿਉਂ ਲੋੜ ਹੈ। ਹਰ ਰੋਜ਼ ਪਤੀ-ਪਤਨੀ ਨੂੰ ਆਪਸ ਵਿਚ ਪਿਆਰ ਨਾਲ ਰਹਿਣਾ ਤੇ ਇਕ-ਦੂਜੇ ਦੀ ਪਰਵਾਹ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਉਨ੍ਹਾਂ ਨੂੰ ਬੱਚਿਆਂ ਨਾਲ ਪੇਸ਼ ਆਉਣਾ ਚਾਹੀਦਾ ਹੈ। (ਅਫ਼ਸੀਆਂ 5:28-33; 6:1, 2) ਪਰਿਵਾਰ ਦੇ ਮੈਂਬਰਾਂ ਦੀ ਗੱਲਬਾਤ ਵਿਚ ਦਿਆਲਤਾ ਦਾ ਗੁਣ ਝਲਕਣਾ ਚਾਹੀਦਾ ਹੈ। ਬੱਚੇ ਆਪਣੇ ਮਾਪਿਆਂ ਦਾ ਆਦਰ ਕਰ ਕੇ ਅਤੇ ਮਾਪੇ ਆਪਣੇ ਬੱਚਿਆਂ ਨਾਲ ਸਹੀ ਢੰਗ ਨਾਲ ਪੇਸ਼ ਆ ਕੇ ਦਿਆਲਤਾ ਦਾ ਸਬੂਤ ਦੇ ਸਕਦੇ ਹਨ। ਤਾਰੀਫ਼ ਕਰਨ ਵਿਚ ਦੇਰ ਨਾ ਲਾਓ ਅਤੇ ਨਿੰਦਿਆ ਕਰਨ ਵਿਚ ਕਾਹਲੀ ਨਾ ਕਰੋ।

7, 8. (ੳ) ਜੇ ਅਸੀਂ ਪਰਿਵਾਰ ਵਿਚ ਦਿਆਲੂ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਕਿਸ ਤਰ੍ਹਾਂ ਦਾ ਵਤੀਰਾ ਛੱਡਣ ਦੀ ਲੋੜ ਹੈ? (ਅ) ਪਰਿਵਾਰ ਨੂੰ ਮਜ਼ਬੂਤ ਬਣਾਉਣ ਵਿਚ ਚੰਗੀ ਗੱਲਬਾਤ ਕਰਨੀ ਕਿਉਂ ਜ਼ਰੂਰੀ ਹੈ? (ੲ) ਤੁਸੀਂ ਆਪਣੇ ਪਰਿਵਾਰ ਵਿਚ ਦਿਆਲੂ ਕਿਵੇਂ ਬਣ ਸਕਦੇ ਹੋ?

7 ਅਸੀਂ ਪੌਲੁਸ ਰਸੂਲ ਦੀ ਇਸ ਸਲਾਹ ਉੱਤੇ ਚੱਲ ਕੇ ਪਰਿਵਾਰ ਵਿਚ ਦਿਆਲੂ ਬਣ ਸਕਦੇ ਹਾਂ: “ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਰਥਾਤ ਕੋਪ, ਕ੍ਰੋਧ, ਬਦੀ, ਦੁਰਬਚਨ, ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ।” ਮਸੀਹੀ ਪਰਿਵਾਰਾਂ ਨੂੰ ਹਮੇਸ਼ਾ ਇਕ-ਦੂਜੇ ਨਾਲ ਆਦਰ ਨਾਲ ਗੱਲ ਕਰਨੀ ਚਾਹੀਦੀ ਹੈ। ਕਿਉਂ? ਕਿਉਂਕਿ ਚੰਗੀ ਗੱਲਬਾਤ ਕਰਨ ਨਾਲ ਹੀ ਪਰਿਵਾਰ ਮਜ਼ਬੂਤ ਅਤੇ ਸੁਖੀ ਬਣਦਾ ਹੈ। ਜਦੋਂ ਪਰਿਵਾਰ ਵਿਚ ਕਿਸੇ ਗੱਲ ਤੇ ਬਹਿਸਬਾਜ਼ੀ ਹੁੰਦੀ ਹੈ, ਤਾਂ ਬਹਿਸ ਵਿਚ ਜਿੱਤਣ ਦੀ ਬਜਾਇ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ। ਸੁਖੀ ਪਰਿਵਾਰ ਦੇ ਮੈਂਬਰ ਇਕ-ਦੂਜੇ ਨਾਲ ਦਿਆਲਤਾ ਨਾਲ ਪੇਸ਼ ਆਉਣ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਨ ਤੇ ਇਕ-ਦੂਜੇ ਦੀ ਪਰਵਾਹ ਕਰਦੇ ਹਨ।—ਕੁਲੁੱਸੀਆਂ 3:8, 12-14.

8 ਦਿਆਲਤਾ ਚੰਗਾ ਗੁਣ ਹੈ ਅਤੇ ਇਹ ਸਾਨੂੰ ਦੂਜਿਆਂ ਦਾ ਭਲਾ ਕਰਨ ਲਈ ਉਕਸਾਉਂਦਾ ਹੈ। ਇਸ ਤਰ੍ਹਾਂ ਅਸੀਂ ਪਰਿਵਾਰ ਦੇ ਦੂਜੇ ਮੈਂਬਰਾਂ ਦੀ ਮਦਦ ਕਰਦੇ ਹਾਂ, ਉਨ੍ਹਾਂ ਦੀ ਪਰਵਾਹ ਕਰਦੇ ਹਾਂ ਅਤੇ ਉਨ੍ਹਾਂ ਦਾ ਸਾਥ ਦਿੰਦੇ ਹਾਂ। ਜਦੋਂ ਸਾਰੇ ਦਿਆਲੂ ਬਣਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਸ ਦਾ ਪਰਿਵਾਰ ਤੇ ਚੰਗਾ ਅਸਰ ਪੈਂਦਾ ਹੈ। ਨਤੀਜੇ ਵਜੋਂ, ਉਹ ਨਾ ਸਿਰਫ਼ ਪਰਮੇਸ਼ੁਰ ਦੀਆਂ ਬਰਕਤਾਂ ਹਾਸਲ ਕਰਨਗੇ, ਸਗੋਂ ਉਹ ਕਲੀਸਿਯਾ ਅਤੇ ਸਮਾਜ ਵਿਚ ਦਿਆਲੂ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਵੀ ਕਰਨਗੇ।—1 ਪਤਰਸ 2:12.

ਕੰਮ ਤੇ ਦਿਆਲਤਾ

9, 10. ਕੰਮ ਤੇ ਕਿਹੜੀਆਂ ਮੁਸ਼ਕਲਾਂ ਉੱਠ ਸਕਦੀਆਂ ਹਨ ਅਤੇ ਇਹ ਦਿਆਲਤਾ ਨਾਲ ਕਿਵੇਂ ਹੱਲ ਕੀਤੀਆਂ ਜਾ ਸਕਦੀਆਂ ਹਨ?

9 ਕੰਮ ਤੇ ਇਕ ਮਸੀਹੀ ਲਈ ਆਪਣੇ ਨਾਲ ਕੰਮ ਕਰਨ ਵਾਲਿਆਂ ਨਾਲ ਦਿਆਲਤਾ ਨਾਲ ਪੇਸ਼ ਆਉਣਾ ਮੁਸ਼ਕਲ ਹੋ ਸਕਦਾ ਹੈ। ਕੰਮ ਤੇ ਲੋਕ ਅਕਸਰ ਇਕ-ਦੂਜੇ ਨਾਲ ਈਰਖਾ ਕਰਦੇ ਹਨ। ਅਜਿਹੇ ਵਿਅਕਤੀ ਧੋਖੇ ਜਾਂ ਚਲਾਕੀ ਨਾਲ ਦੂਸਰੀਆਂ ਦੀ ਨੌਕਰੀ ਨੂੰ ਖ਼ਤਰੇ ਵਿਚ ਪਾ ਸਕਦੇ ਹਨ ਤੇ ਮਾਲਕ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਵਿਗਾੜ ਸਕਦੇ ਹਨ। (ਉਪਦੇਸ਼ਕ ਦੀ ਪੋਥੀ 4:4) ਇਨ੍ਹਾਂ ਹਾਲਾਤਾਂ ਵਿਚ ਅਜਿਹੇ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣਾ ਸੌਖਾ ਨਹੀਂ ਹੈ। ਫਿਰ ਵੀ ਯਾਦ ਰੱਖੋ ਕਿ ਦਇਆ-ਭਰਿਆ ਕੰਮ ਕਰਨਾ ਹੀ ਸਹੀ ਕੰਮ ਹੁੰਦਾ ਹੈ। ਇਸ ਲਈ ਯਹੋਵਾਹ ਦੇ ਸੇਵਕ ਨੂੰ ਇਨ੍ਹਾਂ ਈਰਖਾਲੂ ਲੋਕਾਂ ਦੇ ਦਿਲ ਜਿੱਤਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਉਨ੍ਹਾਂ ਦੀ ਪਰਵਾਹ ਕਰ ਕੇ ਇਸ ਤਰ੍ਹਾਂ ਕਰ ਸਕਦੇ ਹਾਂ। ਜੇ ਤੁਹਾਡਾ ਕੋਈ ਸਾਥੀ ਕਰਮਚਾਰੀ ਜਾਂ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਬੀਮਾਰ ਹੈ, ਤਾਂ ਤੁਸੀਂ ਸ਼ਾਇਦ ਉਸ ਦਾ ਹਾਲ-ਚਾਲ ਪੁੱਛ ਸਕਦੇ ਹੋ। ਇਸ ਦਾ ਉਸ ਕਰਮਚਾਰੀ ਤੇ ਚੰਗਾ ਅਸਰ ਪੈ ਸਕਦਾ ਹੈ। ਜੀ ਹਾਂ, ਸ਼ਾਂਤੀ ਬਣਾਈ ਰੱਖਣ ਲਈ ਮਸੀਹੀਆਂ ਨੂੰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਿਆਰ-ਭਰੇ ਸ਼ਬਦ ਕਹਿਣ ਨਾਲ ਕਦੇ-ਕਦੇ ਵਿਗੜੇ ਹਾਲਾਤ ਵੀ ਸੁਧਰ ਜਾਂਦੇ ਹਨ।

10 ਕਦੀ-ਕਦੀ ਮਾਲਕ ਸ਼ਾਇਦ ਕਰਮਚਾਰੀਆਂ ਉੱਤੇ ਆਪਣੇ ਵਿਚਾਰ ਥੋਪਣ ਦੀ ਕੋਸ਼ਿਸ਼ ਕਰੇ। ਉਹ ਸ਼ਾਇਦ ਚਾਹੇ ਕਿ ਸਾਰੇ ਕਰਮਚਾਰੀ ਕਿਸੇ ਕੌਮੀ ਜਾਂ ਧਾਰਮਿਕ ਤਿਉਹਾਰ ਵਿਚ ਹਿੱਸਾ ਲੈਣ ਜੋ ਬਾਈਬਲ ਦੇ ਉਲਟ ਹੈ। ਜਦੋਂ ਇਕ ਮਸੀਹੀ ਆਪਣੀ ਜ਼ਮੀਰ ਦੀ ਖ਼ਾਤਰ ਹਿੱਸਾ ਨਹੀਂ ਲੈਂਦਾ, ਤਾਂ ਇਸ ਨਾਲ ਸ਼ਾਇਦ ਉਸ ਨੂੰ ਆਪਣੇ ਮਾਲਕ ਦੀ ਨਾਰਾਜ਼ਗੀ ਦਾ ਸਾਮ੍ਹਣਾ ਕਰਨਾ ਪਵੇ। ਉਸ ਮੌਕੇ ਤੇ ਸ਼ਾਇਦ ਮਾਲਕ ਨੂੰ ਵਿਸਤਾਰ ਨਾਲ ਸਮਝਾਉਣਾ ਅਕਲਮੰਦੀ ਨਹੀਂ ਹੋਵੇਗੀ ਕਿ ਉਸ ਦੀਆਂ ਇੱਛਾਵਾਂ ਮੁਤਾਬਕ ਚੱਲਣਾ ਕਿੰਨਾ ਗ਼ਲਤ ਹੈ। ਜੋ ਲੋਕ ਮਸੀਹੀ ਵਿਸ਼ਵਾਸਾਂ ਤੇ ਨਹੀਂ ਚੱਲਦੇ, ਉਨ੍ਹਾਂ ਨੂੰ ਤਿਉਹਾਰਾਂ ਵਿਚ ਹਿੱਸਾ ਲੈਣਾ ਗ਼ਲਤ ਨਹੀਂ ਲੱਗਦਾ। (1 ਪਤਰਸ 2:21-23) ਤੁਸੀਂ ਹਿੱਸਾ ਨਾ ਲੈਣ ਦੇ ਕਾਰਨਾਂ ਬਾਰੇ ਨਿਮਰਤਾ ਨਾਲ ਸਮਝਾ ਸਕਦੇ ਹੋ। ਜੇ ਮਾਲਕ ਤੁਹਾਨੂੰ ਚੁਭਵੀਆਂ ਗੱਲਾਂ ਕਹਿੰਦਾ ਹੈ, ਤਾਂ ਤੁਸੀਂ ਬਦਲੇ ਵਿਚ ਚੁਭਵਾਂ ਜਵਾਬ ਨਾ ਦਿਓ। ਇਕ ਮਸੀਹੀ ਲਈ ਰੋਮੀਆਂ 12:18 ਦੀ ਇਸ ਚੰਗੀ ਸਲਾਹ ਤੇ ਚੱਲਣਾ ਵਧੀਆ ਗੱਲ ਹੋਵੇਗੀ: “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।”

ਸਕੂਲ ਵਿਚ ਦਿਆਲੂ ਬਣੋ

11. ਕਿਹੜੀਆਂ ਚੁਣੌਤੀਆਂ ਕਾਰਨ ਨੌਜਵਾਨਾਂ ਲਈ ਸਕੂਲ ਦੇ ਵਿਦਿਆਰਥੀਆਂ ਨਾਲ ਦਿਆਲਤਾ ਨਾਲ ਪੇਸ਼ ਆਉਣਾ ਮੁਸ਼ਕਲ ਹੋ ਸਕਦਾ ਹੈ?

11 ਨੌਜਵਾਨ ਗਵਾਹਾਂ ਲਈ ਸਕੂਲ ਵਿਚ ਦੂਸਰੇ ਵਿਦਿਆਰਥੀਆਂ ਪ੍ਰਤੀ ਦਿਆਲਤਾ ਨਾਲ ਪੇਸ਼ ਆਉਣਾ ਮੁਸ਼ਕਲ ਹੋ ਸਕਦਾ ਹੈ। ਨੌਜਵਾਨ ਅਕਸਰ ਇਹੀ ਚਾਹੁੰਦੇ ਹਨ ਕਿ ਦੂਸਰੇ ਵਿਦਿਆਰਥੀ ਉਨ੍ਹਾਂ ਨੂੰ ਪਸੰਦ ਕਰਨ। ਕੁਝ ਮੁੰਡੇ ਦੂਜਿਆਂ ਉੱਤੇ ਰੋਅਬ ਪਾ ਕੇ ਆਪਣੀ ਮਰਦਾਨਗੀ ਦਿਖਾਉਂਦੇ ਹਨ ਤਾਂਕਿ ਦੂਸਰੇ ਵਿਦਿਆਰਥੀ ਉਨ੍ਹਾਂ ਦੀ ਤਾਰੀਫ਼ ਕਰਨ। ਇਸ ਲਈ ਉਹ ਸਕੂਲ ਵਿਚ ਦੂਜਿਆਂ ਤੇ ਧੌਂਸ ਜਮਾਉਂਦੇ ਹਨ। (ਮੱਤੀ 20:25) ਕਈ ਨੌਜਵਾਨ ਪੜ੍ਹਾਈ, ਖੇਡਾਂ ਜਾਂ ਹੋਰਨਾਂ ਕੰਮਾਂ ਵਿਚ ਮਾਹਰ ਹੋਣ ਕਰਕੇ ਆਪਣੀਆਂ ਯੋਗਤਾਵਾਂ ਦਾ ਢੰਡੋਰਾ ਪਿੱਟਦੇ ਹਨ। ਇਸ ਤਰ੍ਹਾਂ ਕਰ ਕੇ ਉਹ ਅਕਸਰ ਹੋਰਨਾਂ ਵਿਦਿਆਰਥੀਆਂ ਨਾਲ ਭੈੜਾ ਸਲੂਕ ਕਰਦੇ ਹਨ। ਉਹ ਆਪਣੀਆਂ ਕਾਬਲੀਅਤਾਂ ਕਾਰਨ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਸਮਝਦੇ ਹਨ। ਨੌਜਵਾਨ ਮਸੀਹੀ ਨੂੰ ਅਜਿਹੇ ਨੌਜਵਾਨਾਂ ਦੀ ਨਕਲ ਕਰਨ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। (ਮੱਤੀ 20:26, 27) ਪੌਲੁਸ ਰਸੂਲ ਨੇ ਕਿਹਾ ਸੀ: ‘ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ। ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂੰ ਫੂੰ ਨਹੀਂ ਕਰਦਾ।’ ਇਸ ਲਈ, ਇਕ ਮਸੀਹੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਅਜਿਹੇ ਘਮੰਡੀ ਮੁੰਡੇ-ਕੁੜੀਆਂ ਦੀ ਮਿਸਾਲ ਤੇ ਚੱਲਣ ਦੀ ਬਜਾਇ, ਬਾਈਬਲ ਦੀ ਸਲਾਹ ਅਨੁਸਾਰ ਸਾਰੇ ਵਿਦਿਆਰਥੀਆਂ ਨਾਲ ਦਿਆਲਤਾ ਨਾਲ ਪੇਸ਼ ਆਵੇ।—1 ਕੁਰਿੰਥੀਆਂ 13:4.

12. (ੳ) ਆਪਣੇ ਅਧਿਆਪਕਾਂ ਨਾਲ ਦਿਆਲਤਾ ਨਾਲ ਪੇਸ਼ ਆਉਣ ਵਿਚ ਨੌਜਵਾਨਾਂ ਨੂੰ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ? (ਅ) ਜਦੋਂ ਨੌਜਵਾਨ ਮਸੀਹੀਆਂ ਉੱਤੇ ਦੂਜਿਆਂ ਨਾਲ ਬਦਸਲੂਕੀ ਕਰਨ ਦਾ ਦਬਾਅ ਪਾਇਆ ਜਾਂਦਾ ਹੈ, ਤਾਂ ਉਹ ਕਿਸ ਤੋਂ ਮਦਦ ਮੰਗ ਸਕਦੇ ਹਨ?

12 ਨੌਜਵਾਨਾਂ ਨੂੰ ਆਪਣੇ ਅਧਿਆਪਕਾਂ ਨਾਲ ਵੀ ਦਿਆਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ। ਬਹੁਤ ਸਾਰੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕ ਨੂੰ ਖਿਝਾ ਕੇ ਬਹੁਤ ਮਜ਼ਾ ਆਉਂਦਾ ਹੈ। ਆਪਣੇ ਅਧਿਆਪਕਾਂ ਦਾ ਨਿਰਾਦਰ ਕਰ ਕੇ ਉਹ ਸੋਚਦੇ ਹਨ ਕਿ ਉਹ ਬੜੇ ਚਲਾਕ ਹਨ। ਇਸ ਲਈ ਉਹ ਸਕੂਲ ਦੇ ਨਿਯਮਾਂ ਨੂੰ ਤੋੜਨ ਵਾਲੇ ਕੰਮ ਕਰਦੇ ਹਨ। ਉਹ ਦੂਜਿਆਂ ਨੂੰ ਡਰਾ-ਧਮਕਾ ਕੇ ਆਪਣੇ ਨਾਲ ਰਲਾ ਲੈਂਦੇ ਹਨ। ਜਦੋਂ ਨੌਜਵਾਨ ਮਸੀਹੀ ਉਨ੍ਹਾਂ ਨਾਲ ਰਲਣ ਤੋਂ ਇਨਕਾਰ ਕਰਦੇ ਹਨ, ਤਾਂ ਉਨ੍ਹਾਂ ਦਾ ਮਜ਼ਾਕ ਉਡਾਇਆ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਗਾਲਾਂ ਵੀ ਕੱਢੀਆਂ ਜਾ ਸਕਦੀਆਂ ਹਨ। ਇਨ੍ਹਾਂ ਹਾਲਾਤਾਂ ਵਿਚ ਰਹਿੰਦਿਆਂ ਇਕ ਮਸੀਹੀ ਦੇ ਇਸ ਪੱਕੇ ਇਰਾਦੇ ਦੀ ਪਰਖ ਹੁੰਦੀ ਹੈ ਕਿ ਉਹ ਦੂਸਰਿਆਂ ਨਾਲ ਹਮੇਸ਼ਾ ਦਿਆਲਤਾ ਨਾਲ ਪੇਸ਼ ਆਵੇਗਾ। ਪਰ ਯਾਦ ਰੱਖੋ ਕਿ ਯਹੋਵਾਹ ਦਾ ਵਫ਼ਾਦਾਰ ਸੇਵਕ ਬਣ ਕੇ ਰਹਿਣਾ ਬਹੁਤ ਮਹੱਤਵਪੂਰਣ ਹੈ। ਭਰੋਸਾ ਰੱਖੋ ਕਿ ਯਹੋਵਾਹ ਜ਼ਿੰਦਗੀ ਦੇ ਇਨ੍ਹਾਂ ਮੁਸ਼ਕਲ ਪਲਾਂ ਵਿਚ ਆਪਣੀ ਆਤਮਾ ਦੇ ਜ਼ਰੀਏ ਤੁਹਾਡੀ ਮਦਦ ਕਰੇਗਾ।—ਜ਼ਬੂਰਾਂ ਦੀ ਪੋਥੀ 37:28.

ਗੁਆਂਢੀਆਂ ਪ੍ਰਤੀ ਦਿਆਲਤਾ

13-15. ਗੁਆਂਢੀਆਂ ਨਾਲ ਦਿਆਲਤਾ ਨਾਲ ਪੇਸ਼ ਆਉਣ ਤੋਂ ਸਾਨੂੰ ਕਿਹੜੀ ਗੱਲ ਰੋਕ ਸਕਦੀ ਹੈ ਤੇ ਇਸ ਰੁਕਾਵਟ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ?

13 ਭਾਵੇਂ ਤੁਸੀਂ ਘਰ ਵਿਚ, ਕਿਸੇ ਅਪਾਰਟਮੈਂਟ ਵਿਚ ਜਾਂ ਕਿਤੇ ਵੀ ਰਹਿੰਦੇ ਹੋ, ਤੁਸੀਂ ਕਈ ਤਰੀਕਿਆਂ ਨਾਲ ਦਿਖਾ ਸਕਦੇ ਹੋ ਕਿ ਤੁਸੀਂ ਦਿਆਲੂ ਹੋ ਅਤੇ ਤੁਹਾਨੂੰ ਆਪਣੇ ਗੁਆਂਢੀਆਂ ਦੀ ਪਰਵਾਹ ਹੈ। ਪਰ ਗੁਆਂਢੀਆਂ ਨਾਲ ਦਿਆਲਤਾ ਨਾਲ ਪੇਸ਼ ਆਉਣਾ ਵੀ ਇੰਨੀ ਸੌਖੀ ਗੱਲ ਨਹੀਂ ਹੈ।

14 ਉਦੋਂ ਕੀ ਜੇ ਤੁਹਾਡੇ ਗੁਆਂਢੀ ਤੁਹਾਡੀ ਜਾਤ, ਕੌਮ ਜਾਂ ਧਰਮ ਦੇ ਆਧਾਰ ਤੇ ਤੁਹਾਡੇ ਨਾਲ ਪੱਖਪਾਤ ਕਰਦੇ ਹਨ? ਉਦੋਂ ਕੀ ਕਰੀਏ ਜੇ ਉਹ ਕਦੇ-ਕਦੇ ਤੁਹਾਡੇ ਨਾਲ ਰੁੱਖਾ ਬੋਲਦੇ ਹਨ ਜਾਂ ਤੁਹਾਨੂੰ ਨਜ਼ਰਅੰਦਾਜ਼ ਕਰਦੇ ਹਨ? ਯਹੋਵਾਹ ਦੇ ਸੇਵਕ ਹੋਣ ਦੇ ਨਾਤੇ, ਆਪਣੀ ਪੂਰੀ ਵਾਹ ਲਾ ਕੇ ਉਨ੍ਹਾਂ ਨਾਲ ਦਿਆਲਤਾ ਨਾਲ ਪੇਸ਼ ਆਉਣਾ ਫ਼ਾਇਦੇਮੰਦ ਹੋਵੇਗਾ। ਇਸ ਤਰ੍ਹਾਂ ਤੁਸੀਂ ਉਨ੍ਹਾਂ ਤੋਂ ਇਕਦਮ ਅਲੱਗ ਨਜ਼ਰ ਆਓਗੇ ਜਿਸ ਨਾਲ ਯਹੋਵਾਹ ਦੀ ਮਹਿਮਾ ਹੋਵੇਗੀ ਜੋ ਦਿਆਲਤਾ ਦੀ ਉੱਤਮ ਮਿਸਾਲ ਹੈ। ਹੋ ਸਕਦਾ ਹੈ ਕਿ ਤੁਹਾਡੀ ਦਿਆਲਤਾ ਦੇ ਕਾਰਨ ਤੁਹਾਡਾ ਗੁਆਂਢੀ ਆਪਣਾ ਰਵੱਈਆ ਬਦਲ ਲਵੇ, ਇੱਥੋਂ ਤਕ ਕਿ ਉਹ ਯਹੋਵਾਹ ਦਾ ਸੇਵਕ ਵੀ ਬਣ ਸਕਦਾ ਹੈ।—1 ਪਤਰਸ 2:12.

15 ਅਸੀਂ ਗੁਆਂਢੀਆਂ ਨਾਲ ਕਿਵੇਂ ਦਿਆਲਤਾ ਨਾਲ ਪੇਸ਼ ਆ ਸਕਦੇ ਹਾਂ? ਇਕ ਤਰੀਕਾ ਹੈ ਕਿ ਅਸੀਂ ਘਰ ਵਿਚ ਲੜਾਈ-ਝਗੜਾ ਕਰ ਕੇ ਗੁਆਂਢੀਆਂ ਨੂੰ ਪਰੇਸ਼ਾਨ ਨਹੀਂ ਕਰਾਂਗੇ, ਸਗੋਂ ਆਤਮਾ ਦਾ ਫਲ ਪੈਦਾ ਕਰਾਂਗੇ। ਕਦੀ-ਕਦਾਈਂ ਤੁਸੀਂ ਆਪਣੇ ਗੁਆਂਢੀ ਦੀ ਮਦਦ ਕਰ ਸਕਦੇ ਹੋ। ਯਾਦ ਰੱਖੋ ਕਿ ਦਿਆਲਤਾ ਦਾ ਮਤਲਬ ਹੈ ਦੂਜਿਆਂ ਦਾ ਭਲਾ ਕਰਨਾ।—1 ਪਤਰਸ 3:8-12.

ਸੇਵਕਾਈ ਵਿਚ ਦਿਆਲਤਾ

16, 17. (ੳ) ਸੇਵਕਾਈ ਵਿਚ ਦਿਆਲਤਾ ਦਾ ਗੁਣ ਕਿਉਂ ਮਹੱਤਵਪੂਰਣ ਹੈ? (ਅ) ਸੇਵਕਾਈ ਦੇ ਵੱਖੋ-ਵੱਖਰੇ ਪਹਿਲੂਆਂ ਵਿਚ ਤੁਸੀਂ ਲੋਕਾਂ ਨਾਲ ਦਿਆਲਤਾ ਨਾਲ ਕਿਵੇਂ ਪੇਸ਼ ਆ ਸਕਦੇ ਹੋ?

16 ਜਦੋਂ ਅਸੀਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ, ਕੰਮ ਤੇ ਅਤੇ ਹੋਰ ਥਾਵਾਂ ਤੇ ਪ੍ਰਚਾਰ ਕਰਨ ਜਾਂਦੇ ਹਾਂ, ਤਾਂ ਸਾਡੀ ਗੱਲਬਾਤ ਵਿਚ ਦਿਆਲਤਾ ਝਲਕਣੀ ਚਾਹੀਦੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਦਿਆਲੂ ਪਰਮੇਸ਼ੁਰ ਯਹੋਵਾਹ ਦੇ ਸੇਵਕ ਹਾਂ।—ਕੂਚ 34:6.

17 ਸੇਵਕਾਈ ਵਿਚ ਦਿਆਲਤਾ ਨਾਲ ਪੇਸ਼ ਆਉਣ ਦੇ ਜਤਨ ਕਰਨ ਦੇ ਨਾਲ-ਨਾਲ ਤੁਹਾਨੂੰ ਹੋਰ ਕੀ ਕਰਨਾ ਚਾਹੀਦਾ ਹੈ? ਮਿਸਾਲ ਲਈ, ਜਦੋਂ ਤੁਸੀਂ ਸੜਕਾਂ ਤੇ ਲੋਕਾਂ ਨੂੰ ਗਵਾਹੀ ਦਿੰਦੇ ਹੋ, ਤਾਂ ਤੁਸੀਂ ਉਨ੍ਹਾਂ ਨਾਲ ਥੋੜ੍ਹੇ ਸ਼ਬਦਾਂ ਵਿਚ ਗੱਲਬਾਤ ਕਰਨ ਅਤੇ ਉਨ੍ਹਾਂ ਦਾ ਲਿਹਾਜ਼ ਕਰਨ ਦੁਆਰਾ ਦਿਆਲੂ ਬਣ ਸਕਦੇ ਹੋ। ਫੁਟਪਾਥਾਂ ਤੇ ਲੋਕ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ, ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਤੁਸੀਂ ਰਾਹ ਰੋਕ ਕੇ ਖੜ੍ਹੇ ਨਾ ਹੋਵੋ। ਨਾਲੇ ਜਦੋਂ ਤੁਸੀਂ ਕਾਰੋਬਾਰੀ ਇਲਾਕਿਆਂ ਵਿਚ ਗਵਾਹੀ ਦਿੰਦੇ ਹੋ, ਤਾਂ ਲੰਬੀ-ਚੌੜੀ ਗੱਲਬਾਤ ਨਾ ਕਰੋ। ਯਾਦ ਰੱਖੋ ਕਿ ਦੁਕਾਨਦਾਰਾਂ ਨੇ ਆਪਣੇ ਗਾਹਕਾਂ ਨੂੰ ਵੀ ਭੁਗਤਾਉਣਾ ਹੁੰਦਾ ਹੈ।

18. ਸੇਵਕਾਈ ਵਿਚ ਦਿਆਲਤਾ ਨਾਲ ਪੇਸ਼ ਆਉਣ ਵਿਚ ਅਕਲਮੰਦੀ ਕਿਵੇਂ ਵਰਤੀ ਜਾਣੀ ਚਾਹੀਦੀ ਹੈ?

18 ਘਰ-ਘਰ ਪ੍ਰਚਾਰ ਕਰਦੇ ਸਮੇਂ ਅਕਲਮੰਦੀ ਵਰਤੋ। ਲੋਕਾਂ ਨਾਲ ਜ਼ਿਆਦਾ ਦੇਰ ਗੱਲਾਂ ਨਾ ਕਰਦੇ ਰਹੋ, ਖ਼ਾਸਕਰ ਜੇ ਮੌਸਮ ਖ਼ਰਾਬ ਹੈ। ਕੀ ਤੁਸੀਂ ਦੇਖਦੇ ਹੋ ਕਿ ਵਿਅਕਤੀ ਜ਼ਿਆਦਾ ਦੇਰ ਤੁਹਾਡੀ ਗੱਲ ਨਹੀਂ ਸੁਣਨੀ ਚਾਹੁੰਦਾ ਜਾਂ ਉਹ ਤੁਹਾਡੇ ਤੋਂ ਖਿੱਝ ਗਿਆ ਹੈ? ਸ਼ਾਇਦ ਤੁਹਾਡੇ ਇਲਾਕੇ ਵਿਚ ਯਹੋਵਾਹ ਦੇ ਗਵਾਹ ਵਾਰ-ਵਾਰ ਪ੍ਰਚਾਰ ਕਰਨ ਜਾਂਦੇ ਹਨ। ਜੇ ਇਸ ਤਰ੍ਹਾਂ ਹੈ, ਤਾਂ ਤੁਹਾਨੂੰ ਖ਼ਾਸ ਧਿਆਨ ਰੱਖਣ ਦੀ ਲੋੜ ਹੈ ਕਿ ਤੁਸੀਂ ਨਰਮਾਈ ਅਤੇ ਆਦਰ ਨਾਲ ਉਨ੍ਹਾਂ ਨਾਲ ਪੇਸ਼ ਆਓ। (ਕਹਾਉਤਾਂ 17:14) ਸਮਝਣ ਦੀ ਕੋਸ਼ਿਸ਼ ਕਰੋ ਕਿ ਲੋਕ ਉਸ ਦਿਨ ਤੁਹਾਡੀ ਗੱਲ ਕਿਉਂ ਨਹੀਂ ਸੁਣਨੀ ਚਾਹੁੰਦੇ। ਯਾਦ ਰੱਖੋ ਕਿ ਭਵਿੱਖ ਵਿਚ ਜ਼ਰੂਰ ਕੋਈ-ਨ-ਕੋਈ ਭੈਣ-ਭਰਾ ਉਸ ਘਰ ਵਿਚ ਪ੍ਰਚਾਰ ਕਰਨ ਆਵੇਗਾ। ਜੇ ਤੁਸੀਂ ਕਿਸੇ ਰੁੱਖੇ ਸੁਭਾਅ ਦੇ ਵਿਅਕਤੀ ਨੂੰ ਮਿਲਦੇ ਹੋ, ਤਾਂ ਉਸ ਨਾਲ ਦਿਆਲਤਾ ਨਾਲ ਪੇਸ਼ ਆਉਣ ਦਾ ਖ਼ਾਸ ਜਤਨ ਕਰੋ। ਉਸ ਨਾਲ ਉੱਚਾ ਨਾ ਬੋਲੋ ਜਾਂ ਮੱਥੇ ਵੱਟ ਨਾ ਪਾਓ, ਪਰ ਸ਼ਾਂਤੀ ਨਾਲ ਗੱਲ ਕਰੋ। ਦਿਆਲੂ ਮਸੀਹੀ ਲੋਕਾਂ ਨਾਲ ਬਹਿਸਬਾਜ਼ੀ ਕਰਨ ਤੋਂ ਦੂਰ ਰਹਿੰਦਾ ਹੈ। (ਮੱਤੀ 10:11-14) ਸ਼ਾਇਦ ਉਹ ਵਿਅਕਤੀ ਕਿਸੇ ਦਿਨ ਖ਼ੁਸ਼ ਖ਼ਬਰੀ ਵੱਲ ਕੰਨ ਲਾ ਲਵੇ।

ਮਸੀਹੀ ਸਭਾਵਾਂ ਵਿਚ ਦਿਆਲਤਾ

19, 20. ਕਲੀਸਿਯਾ ਵਿਚ ਦਿਆਲਤਾ ਦਾ ਗੁਣ ਜ਼ਰੂਰੀ ਕਿਉਂ ਹੈ ਅਤੇ ਅਸੀਂ ਦਿਆਲਤਾ ਨਾਲ ਕਿਵੇਂ ਪੇਸ਼ ਆ ਸਕਦੇ ਹਾਂ?

19 ਆਪਣੇ ਸੰਗੀ ਵਿਸ਼ਵਾਸੀਆਂ ਪ੍ਰਤੀ ਦਿਆਲੂ ਬਣਨਾ ਵੀ ਜ਼ਰੂਰੀ ਹੈ। (ਇਬਰਾਨੀਆਂ 13:1) ਅਸੀਂ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਹਾਂ, ਇਸ ਲਈ ਇਕ-ਦੂਜੇ ਨਾਲ ਦਿਆਲਤਾ ਨਾਲ ਪੇਸ਼ ਆਉਣਾ ਬਹੁਤ ਜ਼ਰੂਰੀ ਹੈ।

20 ਜੇ ਇਕ ਕਿੰਗਡਮ ਹਾਲ ਵਿਚ ਇਕ ਤੋਂ ਜ਼ਿਆਦਾ ਕਲੀਸਿਯਾਵਾਂ ਸਭਾਵਾਂ ਕਰਦੀਆਂ ਹਨ, ਤਾਂ ਉਨ੍ਹਾਂ ਨੂੰ ਦੂਸਰੀ ਕਲੀਸਿਯਾ ਦੇ ਭੈਣ-ਭਰਾਵਾਂ ਨਾਲ ਦਿਆਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ ਤੇ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ। ਜਦੋਂ ਸਭਾਵਾਂ ਦਾ ਸਮਾਂ ਨਿਯਤ ਕਰਨ ਅਤੇ ਕਿੰਗਡਮ ਹਾਲ ਦੀ ਸਫ਼ਾਈ ਜਾਂ ਮੁਰੰਮਤ ਕਰਨ ਦੀ ਗੱਲ ਆਉਂਦੀ ਹੈ, ਤਾਂ ਝਗੜਾ ਕਰਨ ਦੀ ਬਜਾਇ ਇਕ-ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਮਤਭੇਦ ਹੋਣ ਦੇ ਬਾਵਜੂਦ ਵੀ ਦਿਆਲਤਾ ਨਾਲ ਪੇਸ਼ ਆਓ ਤੇ ਦੂਸਰਿਆਂ ਦਾ ਲਿਹਾਜ਼ ਕਰੋ। ਇਸ ਤਰ੍ਹਾਂ, ਦਿਆਲਤਾ ਦੀ ਜਿੱਤ ਹੋਵੇਗੀ ਅਤੇ ਦੂਜਿਆਂ ਦਾ ਭਲਾ ਕਰਨ ਦੇ ਤੁਹਾਡੇ ਜਤਨਾਂ ਤੇ ਯਹੋਵਾਹ ਦੀ ਅਸੀਸ ਹੋਵੇਗੀ।

ਦਿਆਲੂ ਬਣੇ ਰਹੋ

21, 22. ਕੁਲੁੱਸੀਆਂ 3:12 ਅਨੁਸਾਰ ਸਾਡਾ ਕੀ ਪੱਕਾ ਇਰਾਦਾ ਹੋਣਾ ਚਾਹੀਦਾ ਹੈ?

21 ਦਿਆਲਤਾ ਦਾ ਗੁਣ ਜ਼ਿੰਦਗੀ ਦੇ ਹਰ ਪਹਿਲੂ ਤੇ ਅਸਰ ਕਰਦਾ ਹੈ। ਇਸ ਲਈ ਇਹ ਗੁਣ ਸਾਡੀ ਸ਼ਖ਼ਸੀਅਤ ਦਾ ਅਟੁੱਟ ਅੰਗ ਹੋਣਾ ਚਾਹੀਦਾ ਹੈ। ਦੂਜਿਆਂ ਨਾਲ ਦਿਆਲਤਾ ਨਾਲ ਪੇਸ਼ ਆਉਣ ਦੀ ਸਾਨੂੰ ਆਦਤ ਪਾਉਣੀ ਚਾਹੀਦੀ ਹੈ।

22 ਆਓ ਆਪਾਂ ਰੋਜ਼ ਸਾਰਿਆਂ ਨਾਲ ਦਿਆਲਤਾ ਨਾਲ ਪੇਸ਼ ਆਈਏ ਅਤੇ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਅਨੁਸਾਰ ਚੱਲੀਏ: “ਤੁਸੀਂ ਪਰਮੇਸ਼ੁਰ ਦਿਆਂ ਚੁਣਿਆਂ ਹੋਇਆਂ ਵਾਂਙੁ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ।”—ਕੁਲੁੱਸੀਆਂ 3:12.

ਕੀ ਤੁਹਾਨੂੰ ਯਾਦ ਹੈ?

• ਕਿਸ ਕਾਰਨ ਇਕ ਮਸੀਹੀ ਲਈ ਦੂਸਰਿਆਂ ਨਾਲ ਦਿਆਲਤਾ ਨਾਲ ਪੇਸ਼ ਆਉਣਾ ਮੁਸ਼ਕਲ ਹੋ ਸਕਦਾ ਹੈ?

• ਪਰਿਵਾਰ ਵਿਚ ਦਿਆਲਤਾ ਦਾ ਗੁਣ ਜ਼ਾਹਰ ਕਰਨਾ ਕਿਉਂ ਜ਼ਰੂਰੀ ਹੈ?

• ਸਕੂਲ ਵਿਚ, ਕੰਮ ਤੇ ਅਤੇ ਗੁਆਂਢੀਆਂ ਨਾਲ ਦਿਆਲਤਾ ਨਾਲ ਪੇਸ਼ ਆਉਣਾ ਕਿਉਂ ਮੁਸ਼ਕਲ ਹੋ ਸਕਦਾ ਹੈ?

• ਸਮਝਾਓ ਕਿ ਸੇਵਕਾਈ ਵਿਚ ਮਸੀਹੀ ਦਿਆਲੂ ਕਿਵੇਂ ਬਣ ਸਕਦੇ ਹਨ।

[ਸਵਾਲ]

[ਸਫ਼ੇ 18 ਉੱਤੇ ਤਸਵੀਰ]

ਪਰਿਵਾਰ ਵਿਚ ਸਾਰੇ ਮੈਂਬਰਾਂ ਦੇ ਦਿਆਲੂ ਬਣਨ ਨਾਲ ਏਕਤਾ ਵਧਦੀ ਹੈ ਅਤੇ ਸਾਰੇ ਇਕ-ਦੂਜੇ ਨੂੰ ਸਹਿਯੋਗ ਦਿੰਦੇ ਹਨ

[ਸਫ਼ੇ 19 ਉੱਤੇ ਤਸਵੀਰ]

ਸਾਥੀ ਕਰਮਚਾਰੀ ਜਾਂ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਦੇ ਬੀਮਾਰ ਹੋਣ ਤੇ ਦਿਆਲੂ ਬਣੋ

[ਸਫ਼ੇ 20 ਉੱਤੇ ਤਸਵੀਰ]

ਯਹੋਵਾਹ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਮਖੌਲ ਦਾ ਸਾਮ੍ਹਣਾ ਕਰਨ ਦੇ ਬਾਵਜੂਦ ਦੂਸਰਿਆਂ ਨਾਲ ਦਿਆਲਤਾ ਨਾਲ ਪੇਸ਼ ਆਉਂਦੇ ਹਨ

[ਸਫ਼ੇ 21 ਉੱਤੇ ਤਸਵੀਰ]

ਲੋੜ ਵੇਲੇ ਗੁਆਂਢੀ ਦੀ ਮਦਦ ਕਰਨੀ ਦਿਆਲੂ ਕੰਮ ਹੈ