ਮੈਕਸੀਕੋ ਵਿਚ ਅੰਗ੍ਰੇਜ਼ੀ ਬੋਲਣ ਵਾਲੇ ਲੋਕਾਂ ਨੂੰ ਗਵਾਹੀ ਦੇਣੀ
ਮੈਕਸੀਕੋ ਵਿਚ ਅੰਗ੍ਰੇਜ਼ੀ ਬੋਲਣ ਵਾਲੇ ਲੋਕਾਂ ਨੂੰ ਗਵਾਹੀ ਦੇਣੀ
ਇਕ ਵਾਰ ਪੌਲੁਸ ਰਸੂਲ ਆਪਣੇ ਨਾਲ ਸਫ਼ਰ ਕਰ ਰਹੇ ਸਾਥੀਆਂ ਦਾ ਅਥੇਨੈ ਵਿਚ ਇੰਤਜ਼ਾਰ ਕਰ ਰਿਹਾ ਸੀ। ਇੰਤਜ਼ਾਰ ਦਾ ਸਮਾਂ ਉਸ ਨੇ ਲੋਕਾਂ ਨੂੰ ਗਵਾਹੀ ਦੇਣ ਵਿਚ ਇਸਤੇਮਾਲ ਕੀਤਾ। ਬਾਈਬਲ ਇਸ ਬਾਰੇ ਦੱਸਦੀ ਹੈ: “ਉਹ . . . ਰੋਜ ਬਜ਼ਾਰ ਵਿੱਚ ਉਨ੍ਹਾਂ ਨਾਲ ਜੋ ਉਸ ਨੂੰ ਮਿਲਦੇ ਸਨ ਗਿਆਨ ਗੋਸ਼ਟ ਕਰਦਾ ਸੀ।” (ਰਸੂਲਾਂ ਦੇ ਕਰਤੱਬ 17:17) ਯਹੂਦਿਯਾ ਤੋਂ ਗਲੀਲ ਨੂੰ ਜਾਂਦੇ ਹੋਏ ਯਿਸੂ ਨੇ ਇਕ ਖੂਹ ਉੱਤੇ ਇਕ ਸਾਮਰੀ ਤੀਵੀਂ ਨੂੰ ਗਵਾਹੀ ਦਿੱਤੀ ਸੀ। (ਯੂਹੰਨਾ 4:3-26) ਕੀ ਤੁਸੀਂ ਵੀ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੇ ਹਰ ਮੌਕੇ ਦਾ ਪੂਰਾ-ਪੂਰਾ ਫ਼ਾਇਦਾ ਲੈਂਦੇ ਹੋ?
ਮੈਕਸੀਕੋ ਵਿਚ ਗਵਾਹਾਂ ਨੂੰ ਅੰਗ੍ਰੇਜ਼ੀ ਬੋਲਣ ਵਾਲੇ ਲੋਕਾਂ ਨਾਲ ਗੱਲ ਕਰਨ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ। ਮੈਕਸੀਕੋ ਵਿਚ ਸੈਲਾਨੀ ਘੁੰਮਣ ਆਉਂਦੇ ਹਨ, ਯੂਨੀਵਰਸਿਟੀ ਵਿਚ ਨਵੇਂ-ਨਵੇਂ ਵਿਦਿਆਰਥੀ ਆਉਂਦੇ ਰਹਿੰਦੇ ਹਨ ਅਤੇ ਰੀਟਾਇਰ ਹੋ ਕੇ ਮੈਕਸੀਕੋ ਵਿਚ ਵਸੇ ਕਈ ਵਿਦੇਸ਼ੀ ਅਕਸਰ ਪਾਰਕਾਂ ਤੇ ਰੈਸਤੋਰਾਂ ਵਿਚ ਆਉਂਦੇ ਹਨ। ਬਹੁਤ ਸਾਰੇ ਅੰਗ੍ਰੇਜ਼ੀ ਬੋਲਣ ਵਾਲੇ ਯਹੋਵਾਹ ਦੇ ਗਵਾਹ ਅਜਿਹੇ ਲੋਕਾਂ ਨਾਲ ਗੱਲ ਕਰਨ ਵਿਚ ਕਾਫ਼ੀ ਮਾਹਰ ਹੋ ਗਏ ਹਨ। ਅਸਲ ਵਿਚ ਉਹ ਹਰ ਉਸ ਵਿਅਕਤੀ ਨਾਲ ਗੱਲ ਕਰਨ ਲਈ ਤਿਆਰ ਰਹਿੰਦੇ ਹਨ ਜੋ ਦੇਖਣ ਨੂੰ ਵਿਦੇਸ਼ੀ ਲੱਗਦਾ ਹੈ ਜਾਂ ਅੰਗ੍ਰੇਜ਼ੀ ਬੋਲਦਾ ਹੈ। ਆਓ ਆਪਾਂ ਦੇਖੀਏ ਕਿ ਉਹ ਅਜਿਹੇ ਲੋਕਾਂ ਨਾਲ ਕਿਵੇਂ ਗੱਲ ਕਰਦੇ ਹਨ।
ਦੂਸਰੇ ਦੇਸ਼ਾਂ ਤੋਂ ਆ ਕੇ ਮੈਕਸੀਕੋ ਵਿਚ ਵਸੇ ਬਹੁਤ ਸਾਰੇ ਗਵਾਹ ਵਿਦੇਸ਼ੀਆਂ ਨਾਲ ਆਪਣੀ ਜਾਣ-ਪਛਾਣ ਕਰਾਉਂਦੇ ਹਨ ਅਤੇ ਉਨ੍ਹਾਂ ਤੋਂ ਪੁੱਛਦੇ ਹਨ ਕਿ ਉਹ ਕਿੱਥੋਂ ਆਏ ਹਨ। ਇਸ ਤੋਂ ਬਾਅਦ ਅਕਸਰ ਵਿਦੇਸ਼ੀ ਲੋਕ ਇਨ੍ਹਾਂ ਗਵਾਹਾਂ ਨੂੰ ਪੁੱਛਦੇ ਹਨ ਕਿ ਉਹ ਮੈਕਸੀਕੋ ਵਿਚ ਕੀ ਕਰ ਰਹੇ ਹਨ ਅਤੇ ਇਸ ਤਰ੍ਹਾਂ ਗਵਾਹਾਂ ਨੂੰ ਆਪਣੇ ਮਸੀਹੀ ਵਿਸ਼ਵਾਸਾਂ ਬਾਰੇ ਗਵਾਹੀ ਦੇਣ ਦਾ ਮੌਕਾ ਮਿਲਦਾ ਹੈ। ਉਦਾਹਰਣ ਲਈ, ਗਲੋਰੀਆ ਅਕਸਰ ਇਸੇ ਤਰੀਕੇ ਨਾਲ ਆਪਣੀ ਗੱਲ ਸ਼ੁਰੂ ਕਰਦੀ ਹੈ। ਉਹ ਵਹੌਕਾ ਸ਼ਹਿਰ ਵਿਚ ਪ੍ਰਚਾਰ ਦਾ ਕੰਮ ਕਰਦੀ ਹੈ ਕਿਉਂਕਿ ਇਸ ਸ਼ਹਿਰ ਵਿਚ ਬਹੁਤ ਸਾਰੇ ਅੰਗ੍ਰੇਜ਼ੀ ਬੋਲਣ ਵਾਲੇ ਲੋਕ ਹਨ। ਇਕ ਵਾਰ ਜਦੋਂ ਉਹ ਬਾਜ਼ਾਰ ਵਿਚ ਗਵਾਹੀ ਦੇਣ ਤੋਂ ਬਾਅਦ ਵਾਪਸ ਘਰ ਆ ਰਹੀ ਸੀ, ਤਾਂ ਇੰਗਲੈਂਡ ਤੋਂ ਆਏ ਇਕ ਪਤੀ-ਪਤਨੀ ਨੇ ਗਲੋਰੀਆ ਨੂੰ ਰੋਕਿਆ। ਪਤਨੀ ਨੇ ਹੈਰਾਨ ਹੁੰਦੇ ਹੋਏ ਕਿਹਾ: “ਕਾਲੀ ਨਸਲ ਦੀ ਔਰਤ ਇੱਥੇ ਵਹੌਕਾ ਵਿਚ? ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਆਉਂਦਾ!” ਉਸ ਤੀਵੀਂ ਦੀ ਗੱਲ ਦਾ ਬੁਰਾ ਮਨਾਉਣ ਦੀ ਬਜਾਇ ਗਲੋਰੀਆ ਹੱਸ ਪਈ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਮੈਕਸੀਕੋ ਵਿਚ ਕੀ ਕਰ ਰਹੀ ਸੀ। ਉਸ ਤੀਵੀਂ ਨੇ ਗਲੋਰੀਆ ਨੂੰ ਆਪਣੇ ਘਰ ਚਾਹ ਤੇ ਬੁਲਾਇਆ। ਹਾਂ ਕਰਨ ਤੋਂ ਬਾਅਦ ਗਲੋਰੀਆ ਨੇ ਉਸ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕੀਤੇ। ਪਰ ਨਾਸਤਿਕ ਹੋਣ ਕਰਕੇ ਉਸ ਤੀਵੀਂ ਨੇ ਰਸਾਲੇ ਨਹੀਂ ਲਏ। ਗਲੋਰੀਆ ਨੇ ਕਿਹਾ ਕਿ ਉਸ ਨੂੰ ਨਾਸਤਿਕ ਲੋਕਾਂ ਨਾਲ ਗੱਲ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਉਸ ਨੇ ਇਹ ਵੀ ਕਿਹਾ ਕਿ ਉਹ “ਕੀ ਸਾਨੂੰ ਧਾਰਮਿਕ ਸਥਾਨਾਂ ਦੀ ਲੋੜ ਹੈ?” ਨਾਮਕ ਲੇਖ ਬਾਰੇ ਉਸ ਦੇ ਵਿਚਾਰ ਜਾਣਨਾ ਚਾਹੇਗੀ। ਉਸ ਔਰਤ ਨੇ ਉਹ ਰਸਾਲਾ ਲੈ ਕੇ ਕਿਹਾ: “ਜੇ ਤੂੰ ਮੈਨੂੰ ਯਕੀਨ ਦਿਵਾ ਦੇਵੇਂ ਕਿ ਪਰਮੇਸ਼ੁਰ ਹੈ, ਤਾਂ ਮੈਂ ਤੇਰੀ ਗੱਲ ਮੰਨ ਜਾਉਂਗੀ।” ਉਨ੍ਹਾਂ ਨੇ ਕਈ ਵਾਰ ਇਸ ਵਿਸ਼ੇ ਤੇ ਗੱਲ ਕੀਤੀ। ਫਿਰ ਉਹ ਜੋੜਾ ਵਾਪਸ ਇੰਗਲੈਂਡ ਚਲਾ ਗਿਆ, ਪਰ ਉਨ੍ਹਾਂ ਨੇ ਈ-ਮੇਲ ਰਾਹੀਂ ਇਸ ਵਿਸ਼ੇ ਤੇ ਗੱਲਬਾਤ ਜਾਰੀ ਰੱਖੀ।
ਗਲੋਰੀਆ ਨੇ ਵਾਸ਼ਿੰਗਟਨ ਡੀ. ਸੀ. ਤੋਂ ਆਈ ਇਕ ਵਿਦਿਆਰਥਣ ਸੈਰੌਨ ਨਾਲ ਵੀ ਗੱਲ ਕੀਤੀ। ਸੈਰੌਨ ਆਪਣੀ ਐੱਮ. ਏ. ਦੀ ਡਿਗਰੀ ਵਾਸਤੇ ਵਹੌਕਾ ਵਿਚ ਆਦਿਵਾਸੀ ਔਰਤਾਂ ਨਾਲ ਵਲੰਟੀਅਰ ਦੇ ਤੌਰ ਤੇ ਕੰਮ ਕਰ ਰਹੀ ਸੀ। ਸੈਰੌਨ ਦੇ ਕੰਮ ਦੀ ਸ਼ਲਾਘਾ ਕਰਨ ਤੋਂ ਬਾਅਦ ਗਲੋਰੀਆ ਨੇ ਦੱਸਿਆ ਕਿ ਉਹ ਮੈਕਸੀਕੋ ਵਿਚ ਕਿਉਂ ਰਹਿ ਰਹੀ ਸੀ। ਫਿਰ ਉਨ੍ਹਾਂ ਨੇ ਬਾਈਬਲ ਬਾਰੇ ਚਰਚਾ ਕੀਤੀ ਅਤੇ ਗਲੋਰੀਆ ਨੇ ਉਸ ਨੂੰ ਦੱਸਿਆ ਕਿ ਭਵਿੱਖ ਵਿਚ ਪਰਮੇਸ਼ੁਰ ਸਿਰਫ਼ ਗ਼ਰੀਬਾਂ ਲਈ ਹੀ ਨਹੀਂ, ਸਗੋਂ ਸਾਰਿਆਂ ਲਈ ਕੀ ਕਰੇਗਾ। ਸੈਰੌਨ ਨੇ ਕਿਹਾ ਕਿ ਇਹ ਕਿੰਨੀ ਅਜੀਬ ਗੱਲ ਹੈ ਕਿ ਉਸ ਨੇ ਅਮਰੀਕਾ ਵਿਚ ਕਦੇ ਗਵਾਹਾਂ ਨਾਲ ਗੱਲ ਨਹੀਂ ਕੀਤੀ, ਪਰ ਮੈਕਸੀਕੋ ਵਿਚ ਜਿਨ੍ਹਾਂ ਪਹਿਲੇ ਲੋਕਾਂ ਨੂੰ ਉਹ ਮਿਲੀ ਸੀ, ਉਨ੍ਹਾਂ ਵਿੱਚੋਂ ਇਕ ਯਹੋਵਾਹ ਦੀ ਗਵਾਹ ਸੀ! ਸੈਰੌਨ ਬਾਈਬਲ ਦਾ ਅਧਿਐਨ ਕਰਨ ਲੱਗ ਪਈ ਤੇ ਉਸੇ ਸਮੇਂ ਤੋਂ ਮਸੀਹੀ ਸਭਾਵਾਂ ਵਿਚ ਵੀ ਆਉਣ ਲੱਗ ਪਈ।
ਬਹੁਤ ਸਾਰੇ ਵਿਦੇਸ਼ੀ ਜ਼ਿੰਦਗੀ ਦੀਆਂ ਚਿੰਤਾਵਾਂ ਨੂੰ ਭੁਲਾਉਣ ਲਈ ਮੈਕਸੀਕੋ ਆਉਂਦੇ ਹਨ। ਉਹ ਸਮੁੰਦਰ ਕੰਢੇ ਬਣੇ ਘਰਾਂ ਵਿਚ ਰਹਿੰਦੇ ਹਨ ਜਿੱਥੇ ਉਹ ਸੋਹਣੇ ਨਜ਼ਾਰਿਆਂ ਦਾ ਆਨੰਦ ਮਾਣਦੇ ਹਨ। ਐਕਾਪੁਲਕੋ ਵਿਚ ਰਹਿੰਦੀ ਲੌਰਲ ਇਸੇ ਵਿਸ਼ੇ ਤੇ ਲੋਕਾਂ ਨਾਲ ਗੱਲ ਕਰਦੀ ਹੈ। ਉਹ ਉਨ੍ਹਾਂ ਨੂੰ ਪੁੱਛਦੀ ਹੈ ਕਿ ਕੀ ਐਕਾਪੁਲਕੋ ਉਨ੍ਹਾਂ ਦੇ ਸ਼ਹਿਰ ਜਾਂ ਦੇਸ਼ ਦੇ ਮੁਕਾਬਲੇ ਸੱਚ-ਮੁੱਚ ਜੱਨਤ ਵਰਗਾ ਹੈ ਅਤੇ ਉਨ੍ਹਾਂ ਨੂੰ ਇੱਥੇ ਕੀ ਪਸੰਦ ਹੈ। ਫਿਰ ਉਹ ਦੱਸਦੀ ਹੈ ਕਿ ਜਲਦੀ ਹੀ ਪੂਰੀ ਧਰਤੀ ਸੋਹਣੇ ਬਾਗ਼ ਵਰਗੀ ਬਣ ਜਾਵੇਗੀ। ਇਕ ਜਾਨਵਰਾਂ ਦੇ ਡਾਕਟਰ ਦੀ ਕਲਿਨਿਕ ਵਿਚ ਉਸ ਨੇ ਕੈਨੇਡਾ ਤੋਂ ਆਈ ਇਕ ਔਰਤ ਨਾਲ ਇਸ ਵਿਸ਼ੇ ਉੱਤੇ ਗੱਲ ਕਰ ਕੇ ਬਾਈਬਲ ਦਾ ਅਧਿਐਨ ਸ਼ੁਰੂ ਕੀਤਾ। ਕੀ ਤੁਹਾਡੇ ਇਲਾਕੇ ਵਿਚ ਵੀ ਇਸ ਵਿਸ਼ੇ ਨੂੰ ਲੈ ਕੇ ਗੱਲ ਕੀਤੀ ਜਾ ਸਕਦੀ ਹੈ?
‘ਗਲੀਆਂ ਅਤੇ ਚੌਂਕਾਂ ਵਿੱਚ’
ਗਵਾਹ ਗਲੀਆਂ ਅਤੇ ਚੌਂਕਾਂ ਵਿਚ ਅਕਸਰ ਗੱਲ ਸ਼ੁਰੂ ਕਰਨ ਲਈ ਰਾਹਗੀਰਾਂ ਨੂੰ ਪੁੱਛਦੇ ਹਨ: “ਕੀ ਤੁਸੀਂ ਅੰਗ੍ਰੇਜ਼ੀ ਬੋਲਦੇ ਹੋ?” ਆਪਣੇ ਕੰਮ-ਧੰਦੇ ਕਰਕੇ ਜਾਂ ਅਮਰੀਕਾ ਵਿਚ ਰਹੇ ਹੋਣ ਕਰਕੇ ਮੈਕਸੀਕੋ ਦੇ ਬਹੁਤ ਸਾਰੇ ਲੋਕ ਅੰਗ੍ਰੇਜ਼ੀ ਬੋਲਦੇ ਹਨ।
ਇਕ ਨਰਸ ਇਕ ਬਿਰਧ ਤੀਵੀਂ ਨੂੰ ਵ੍ਹੀਲ-ਚੇਅਰ ਤੇ ਬਿਠਾ ਕੇ ਕਿਤੇ ਲੈ ਜਾ ਰਹੀ ਸੀ। ਇਕ ਗਵਾਹ ਜੋੜੇ ਨੇ ਉਸ ਬਿਰਧ ਤੀਵੀਂ ਨੂੰ ਪੁੱਛਿਆ ਕਿ ਉਹ ਅੰਗ੍ਰੇਜ਼ੀ ਜਾਣਦੀ ਸੀ ਜਾਂ ਨਹੀਂ। ਉਸ ਤੀਵੀਂ ਨੇ ਦੱਸਿਆ ਕਿ ਉਹ ਕਈ ਸਾਲ ਅਮਰੀਕਾ ਵਿਚ ਰਹੀ ਹੋਣ ਕਰਕੇ ਅੰਗ੍ਰੇਜ਼ੀ ਬੋਲ ਸਕਦੀ ਸੀ। ਉਸ ਨੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲੈ ਲਏ ਜੋ ਉਸ ਨੇ ਪਹਿਲਾਂ ਕਦੀ ਨਹੀਂ ਪੜ੍ਹੇ ਸਨ। ਉਸ ਨੇ ਆਪਣਾ ਨਾਂ ਕੋਨਸਵੈਲੋ ਦੱਸਿਆ ਤੇ ਆਪਣਾ ਪਤਾ ਗਵਾਹਾਂ ਨੂੰ ਦੇ ਦਿੱਤਾ। ਜਦੋਂ ਉਹ ਗਵਾਹ ਚਾਰ ਦਿਨਾਂ ਬਾਅਦ ਉਸ ਪਤੇ ਤੇ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ ਕਿ ਉਹ ਇਕ ਬਿਰਧ ਆਸ਼ਰਮ ਦਾ ਪਤਾ ਸੀ ਜਿਸ ਨੂੰ ਕੈਥੋਲਿਕ ਨਨਾਂ ਚਲਾ ਰਹੀਆਂ ਸਨ। ਪਹਿਲਾਂ ਤਾਂ ਗਵਾਹਾਂ ਲਈ ਕੋਨਸਵੈਲੋ ਨੂੰ ਮਿਲਣਾ ਮੁਸ਼ਕਲ ਸੀ ਕਿਉਂਕਿ ਨਨਾਂ ਨੂੰ ਗਵਾਹਾਂ ਉੱਤੇ ਭਰੋਸਾ ਨਹੀਂ ਸੀ ਅਤੇ ਕਿਹਾ ਕਿ ਕੋਨਸਵੈਲੋ ਉਨ੍ਹਾਂ ਨੂੰ ਨਹੀਂ ਮਿਲ ਸਕਦੀ। ਉਸ ਜੋੜੇ ਨੇ ਬੇਨਤੀ ਕੀਤੀ ਕਿ ਉਹ ਕੋਨਸਵੈਲੋ ਨੂੰ ਦੱਸ ਦੇਣ ਕਿ ਗਵਾਹ ਉਸ ਨੂੰ ਮਿਲਣ ਵਾਸਤੇ ਆਏ ਹਨ। ਜਦੋਂ ਨਨਾਂ ਨੇ ਕੋਨਸਵੈਲੋ ਨੂੰ ਦੱਸਿਆ, ਤਾਂ ਉਸ ਨੇ ਤੁਰੰਤ ਗਵਾਹਾਂ ਨੂੰ ਆਪਣੇ ਕੋਲ ਬੁਲਾ ਲਿਆ। ਇਹ 86 ਸਾਲਾਂ ਦੀ ਬਿਰਧ ਕੋਨਸਵੈਲੋ ਉਸੇ ਦਿਨ ਤੋਂ ਬਾਕਾਇਦਾ ਬਾਈਬਲ ਸਟੱਡੀ ਕਰ ਰਹੀ ਹੈ, ਭਾਵੇਂ ਕਿ ਨਨਾਂ ਗਵਾਹਾਂ ਬਾਰੇ ਉਸ ਨੂੰ ਬੁਰਾ-ਭਲਾ ਕਹਿੰਦੀਆਂ ਹਨ। ਉਹ ਕੁਝ ਮਸੀਹੀ ਸਭਾਵਾਂ ਵਿਚ ਵੀ ਆਈ ਹੈ।
ਕਹਾਉਤਾਂ 1:20 ਕਹਿੰਦਾ ਹੈ: “ਬੁੱਧ ਗਲੀਆਂ ਵਿੱਚ ਉੱਚੀ ਦੇ ਕੇ ਬੋਲਦੀ ਹੈ, ਉਹ ਚੌਂਕਾਂ ਵਿੱਚ ਹਾਕਾਂ ਮਾਰਦੀ ਹੈ।” ਜ਼ਰਾ ਧਿਆਨ ਦਿਓ ਕਿ ਸੈਨ ਮੀਗੈਲ ਡੇ ਆਯੈਨਡੇ ਦੇ ਇਕ ਚੌਂਕ ਵਿਚ ਇਹ ਕਿਵੇਂ ਹੋਇਆ। ਇਕ ਦਿਨ ਸਵੇਰੇ-ਸਵੇਰੇ ਰਾਲਫ਼ ਇਕ ਅੱਧਖੜ੍ਹ ਉਮਰ ਦੇ ਆਦਮੀ ਕੋਲ ਗਿਆ ਜੋ ਬੈਂਚ ਉੱਤੇ ਬੈਠਾ ਹੋਇਆ ਸੀ। ਰਾਲਫ਼ ਨੇ ਉਸ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕੀਤੇ ਜਿਸ ਤੇ ਉਸ ਆਦਮੀ ਨੂੰ ਬਹੁਤ ਹੈਰਾਨੀ ਹੋਈ। ਉਸ ਨੇ ਰਾਲਫ਼ ਨੂੰ ਆਪਣੀ ਜ਼ਿੰਦਗੀ ਬਾਰੇ ਦੱਸਿਆ।
ਉਹ ਵੀਅਤਨਾਮ ਦੀ ਲੜਾਈ ਵਿਚ ਲੜਿਆ ਸੀ ਜਿਸ ਵਿਚ ਉਸ ਨੇ ਬਹੁਤ ਸਾਰੀਆਂ ਮੌਤਾਂ ਦੇਖੀਆਂ ਸਨ। ਉਸ ਨੂੰ ਮੈਦਾਨ-ਏ-ਜੰਗ ਤੋਂ ਇਕ ਮਿਲਟਰੀ ਕੈਂਪ ਵਿਚ ਘੱਲ ਦਿੱਤਾ ਗਿਆ ਸੀ ਜਿੱਥੇ ਉਸ ਨੂੰ ਮਰੇ ਫ਼ੌਜੀਆਂ ਦੀਆਂ ਲਾਸ਼ਾਂ ਅਮਰੀਕਾ ਘੱਲਣ ਤੋਂ ਪਹਿਲਾਂ ਉਨ੍ਹਾਂ ਨੂੰ ਧੋਣ ਦਾ ਕੰਮ ਦਿੱਤਾ ਗਿਆ ਸੀ। ਇੰਨੀਆਂ ਮੌਤਾਂ
ਦੇਖ ਕੇ ਉਹ ਮਾਨਸਿਕ ਤੌਰ ਤੇ ਬੀਮਾਰ ਹੋ ਗਿਆ ਸੀ। ਹੁਣ, 30 ਸਾਲ ਬਾਅਦ ਵੀ ਅਕਸਰ ਉਸ ਨੂੰ ਲੜਾਈ ਦੇ ਭਿਆਨਕ ਸੁਪਨੇ ਆਉਂਦੇ ਹਨ ਤੇ ਉਹ ਡਰਿਆ-ਡਰਿਆ ਮਹਿਸੂਸ ਕਰਦਾ ਹੈ। ਉਸ ਦਿਨ ਸਵੇਰੇ ਉਸ ਨੇ ਚੌਂਕ ਵਿਚ ਬੈਠਿਆਂ ਦਿਲ ਵਿਚ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਸੀ।ਉਸ ਸਾਬਕਾ ਫ਼ੌਜੀ ਨੇ ਸਾਹਿੱਤ ਲਿਆ ਤੇ ਕਿੰਗਡਮ ਹਾਲ ਆਉਣ ਦਾ ਸੱਦਾ ਸਵੀਕਾਰ ਕੀਤਾ। ਸਭਾ ਤੋਂ ਬਾਅਦ ਉਸ ਨੇ ਕਿਹਾ ਕਿ ਕਿੰਗਡਮ ਹਾਲ ਵਿਚ ਦੋ ਘੰਟੇ ਬੈਠਿਆਂ ਉਸ ਨੂੰ 30 ਸਾਲਾਂ ਵਿਚ ਪਹਿਲੀ ਵਾਰ ਮਨ ਦੀ ਸ਼ਾਂਤੀ ਮਿਲੀ। ਇਹ ਆਦਮੀ ਸੈਨ ਮੀਗੈਲ ਡੇ ਆਯੈਨਡੇ ਵਿਚ ਸਿਰਫ਼ ਦੋ ਹਫ਼ਤਿਆਂ ਲਈ ਆਇਆ ਸੀ, ਪਰ ਉਸ ਨੇ ਆਪਣੇ ਘਰ ਵਾਪਸ ਮੁੜਨ ਤੋਂ ਪਹਿਲਾਂ ਕਈ ਵਾਰ ਬਾਈਬਲ ਸਟੱਡੀ ਕੀਤੀ ਅਤੇ ਸਾਰੀਆਂ ਸਭਾਵਾਂ ਵਿਚ ਆਇਆ। ਘਰ ਵਾਪਸ ਮੁੜਨ ਤੇ ਸਟੱਡੀ ਜਾਰੀ ਰੱਖਣ ਦੇ ਵੀ ਪ੍ਰਬੰਧ ਕੀਤੇ ਗਏ।
ਕੰਮ ਦੀ ਥਾਂ ਤੇ ਅਤੇ ਸਕੂਲ ਵਿਚ ਗਵਾਹੀ ਦੇਣੀ
ਕੀ ਤੁਸੀਂ ਆਪਣੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਦੇ ਹੋ? ਕੇਪ ਸੈਨ ਲੂਕਾਸ ਵਿਚ ਸੈਲਾਨੀਆਂ ਨੂੰ ਕਿਰਾਏ ਤੇ ਅਪਾਰਟਮੈਂਟ ਦੇਣ ਵਾਲਾ ਆਡਰੀਅਨ ਇਸ ਤਰ੍ਹਾਂ ਕਰਦਾ ਹੈ। ਇਸ ਕਰਕੇ, ਉਸ ਨਾਲ ਕੰਮ ਕਰਨ ਵਾਲੀ ਜੂਡੀ ਦੱਸਦੀ ਹੈ: “ਤਿੰਨ ਸਾਲ ਪਹਿਲਾਂ ਜੇ ਤੁਸੀਂ ਮੈਨੂੰ ਕਹਿੰਦੇ ਕਿ ਮੈਂ ਵੀ ਇਕ ਦਿਨ ਯਹੋਵਾਹ ਦੀ ਗਵਾਹ ਬਣ ਜਾਵਾਂਗੀ, ਤਾਂ ਮੈਂ ਕਹਿੰਦੀ, ‘ਕਦੇ ਨਹੀਂ!’ ਪਰ ਇਕ ਦਿਨ ਮੈਂ ਬਾਈਬਲ ਪੜ੍ਹਨ ਦਾ ਮਨ ਬਣਾਇਆ। ਮੈਂ ਸੋਚਿਆ ਕਿ ਬਾਈਬਲ ਪੜ੍ਹਨੀ ਜ਼ਿਆਦਾ ਮੁਸ਼ਕਲ ਨਹੀਂ ਹੋਵੇਗੀ ਕਿਉਂਕਿ ਮੈਨੂੰ ਪੜ੍ਹਨਾ ਚੰਗਾ ਲੱਗਦਾ ਹੈ। ਖ਼ੈਰ, ਮੈਂ ਬੜੀ ਹੱਦ ਛੇ ਸਫ਼ੇ ਹੀ ਪੜ੍ਹ ਸਕੀ ਤੇ ਮਹਿਸੂਸ ਕੀਤਾ ਕਿ ਮੈਨੂੰ ਇਸ ਲਈ ਮਦਦ ਦੀ ਲੋੜ ਸੀ। ਇੱਕੋ-ਇਕ ਵਿਅਕਤੀ ਜਿਸ ਤੋਂ ਮੈਂ ਮਦਦ ਦੀ ਆਸ ਰੱਖ ਸਕਦੀ ਸੀ, ਉਹ ਸੀ ਆਡਰੀਅਨ। ਮੈਨੂੰ ਉਸ ਨਾਲ ਗੱਲ ਕਰ ਕੇ ਚੰਗਾ ਲੱਗਦਾ ਸੀ ਕਿਉਂਕਿ ਦਫ਼ਤਰ ਵਿਚ ਸਿਰਫ਼ ਉਹੀ ਇਕੱਲਾ ਇਕ ਚੰਗਾ ਤੇ ਸ਼ਰੀਫ਼ ਬੰਦਾ ਸੀ।” ਆਡਰੀਅਨ ਝੱਟ ਆਪਣੀ ਮੰਗੇਤਰ ਕੇਟੀ ਨਾਲ ਆ ਕੇ ਜੂਡੀ ਦੇ ਸਵਾਲਾਂ ਦੇ ਜਵਾਬ ਦੇਣ ਲਈ ਮੰਨ ਗਿਆ। ਕੇਟੀ ਨੇ ਉਸ ਨਾਲ ਬਾਈਬਲ ਦਾ ਅਧਿਐਨ ਸ਼ੁਰੂ ਕੀਤਾ ਅਤੇ ਜੂਡੀ ਜਲਦੀ ਹੀ ਬਪਤਿਸਮਾ ਲੈ ਕੇ ਗਵਾਹ ਬਣ ਗਈ।
ਸਕੂਲ ਵਿਚ ਗਵਾਹੀ ਦੇਣ ਬਾਰੇ ਕੀ? ਦੋ ਗਵਾਹ ਭੈਣਾਂ ਯੂਨੀਵਰਸਿਟੀ ਵਿਚ ਸਪੇਨੀ ਭਾਸ਼ਾ ਸਿੱਖ ਰਹੀਆਂ ਸਨ। ਇਕ ਦਿਨ ਉਹ ਇਕ ਮਸੀਹੀ ਅਸੈਂਬਲੀ ਵਿਚ ਗਈਆਂ ਹੋਣ ਕਰਕੇ ਕਲਾਸ ਵਿਚ ਨਹੀਂ ਆਈਆਂ। ਅਸੈਂਬਲੀ ਤੋਂ ਬਾਅਦ ਜਦੋਂ ਉਹ ਕਲਾਸ ਵਿਚ ਆਈਆਂ, ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੇ ਅਸੈਂਬਲੀ ਵਿਚ ਜੋ ਕੀਤਾ, ਉਸ ਨੂੰ ਸਪੇਨੀ ਭਾਸ਼ਾ ਵਿਚ ਦੱਸਣ। ਉਨ੍ਹਾਂ ਨੇ ਗਵਾਹੀ ਦੇਣ ਦੇ ਇਸ ਮੌਕੇ ਦਾ ਪੂਰਾ-ਪੂਰਾ ਫ਼ਾਇਦਾ ਲਿਆ ਅਤੇ ਜਿੰਨਾ ਉਨ੍ਹਾਂ ਤੋਂ ਹੋ ਸਕਿਆ, ਉਨ੍ਹਾਂ ਨੇ ਸਪੇਨੀ ਭਾਸ਼ਾ ਵਿਚ ਗਵਾਹੀ ਦਿੱਤੀ। ਉਨ੍ਹਾਂ ਦੀ ਟੀਚਰ ਸਿਲਵੀਆ ਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਬਹੁਤ ਦਿਲਚਸਪੀ ਸੀ। ਉਹ ਅੰਗ੍ਰੇਜ਼ੀ ਵਿਚ ਬਾਈਬਲ ਸਟੱਡੀ ਕਰਨ ਲੱਗ ਪਈ ਤੇ ਉਹ ਹੁਣ ਖ਼ੁਸ਼ ਖ਼ਬਰੀ ਦੀ ਪ੍ਰਚਾਰਕ ਹੈ। ਉਸ ਦੇ ਪਰਿਵਾਰ ਦੇ ਕਈ ਮੈਂਬਰ ਵੀ ਸਟੱਡੀ ਕਰ ਰਹੇ ਹਨ। ਸਿਲਵੀਆ ਕਹਿੰਦੀ ਹੈ: “ਮੈਂ ਜੋ ਚੀਜ਼ ਸਾਰੀ ਜ਼ਿੰਦਗੀ ਲੱਭਦੀ ਰਹੀ, ਉਹ ਮੈਨੂੰ ਮਿਲ ਗਈ ਹੈ।” ਜੀ ਹਾਂ, ਗਵਾਹੀ ਦੇਣ ਦੇ ਹਰ ਮੌਕੇ ਦਾ ਫ਼ਾਇਦਾ ਉਠਾਉਣ ਨਾਲ ਚੰਗੇ ਨਤੀਜੇ ਨਿਕਲ ਸਕਦੇ ਹਨ।
ਹੋਰ ਮੌਕਿਆਂ ਤੇ ਗਵਾਹੀ ਦੇਣੀ
ਪਰਾਹੁਣਚਾਰੀ ਦਿਖਾਉਣ ਨਾਲ ਵੀ ਗਵਾਹੀ ਦੇਣ ਦਾ ਮੌਕਾ ਮਿਲ ਸਕਦਾ ਹੈ। ਸੈਨ ਕਾਰਲੋਸ, ਸਨੋਰਾ ਵਿਚ ਸੇਵਾ ਕਰ ਰਹੇ ਜਿਮ ਅਤੇ ਗੇਲ ਨੇ ਇਸ ਨੂੰ ਸਹੀ ਪਾਇਆ। ਇਕ ਤੀਵੀਂ ਸਵੇਰੇ ਛੇ ਵਜੇ ਆਪਣੇ ਕੁੱਤਿਆਂ ਨੂੰ ਬਾਹਰ ਘੁਮਾ ਰਹੀ ਸੀ। ਜਦੋਂ ਉਸ ਨੇ ਜਿਮ ਅਤੇ ਗੇਲ ਦੇ ਬਗ਼ੀਚੇ ਦੀ ਤਾਰੀਫ਼ ਕੀਤੀ, ਤਾਂ ਉਨ੍ਹਾਂ ਨੇ ਉਸ ਨੂੰ ਕੌਫ਼ੀ ਲਈ ਅੰਦਰ ਬੁਲਾਇਆ। ਤੀਵੀਂ ਨੇ 60 ਸਾਲਾਂ ਵਿਚ ਪਹਿਲੀ ਵਾਰ ਯਹੋਵਾਹ ਅਤੇ ਅਨੰਤ ਜ਼ਿੰਦਗੀ ਦੀ ਉਮੀਦ ਬਾਰੇ ਸੁਣਿਆ। ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ।
ਏਡ੍ਰੀਐਨ ਵੀ ਅਜਨਬੀਆਂ ਨਾਲ ਪਿਆਰ ਨਾਲ ਪੇਸ਼ ਆਉਂਦੀ ਹੈ। ਇਕ ਦਿਨ ਉਹ ਕੈਨਕੂਨ ਵਿਚ ਇਕ ਰੈਸਤੋਰਾਂ ਵਿਚ ਬੈਠੀ ਖਾਣਾ ਖਾ ਰਹੀ ਸੀ। ਉਸ ਕੋਲ ਇਕ ਮੁੰਡਾ ਆਇਆ ਤੇ ਪੁੱਛਿਆ ਕਿ ਕੀ ਉਹ ਕੈਨੇਡਾ ਤੋਂ ਆਈ ਸੀ। ਏਡ੍ਰੀਐਨ ਨੇ ਜਦੋਂ ਦੱਸਿਆ ਕਿ ਉਹ ਕੈਨੇਡਾ ਤੋਂ ਸੀ, ਤਾਂ ਉਸ ਮੁੰਡੇ ਨੇ ਕਿਹਾ ਕਿ ਉਸ ਦੀ ਭੈਣ ਕੈਨੇਡਾ ਦੇ ਲੋਕਾਂ ਉੱਤੇ ਇਕ ਸਕੂਲ ਰਿਪੋਰਟ ਤਿਆਰ ਕਰ ਰਹੀ ਸੀ ਅਤੇ ਉਹ ਤੇ ਉਸ ਦੀ ਮੰਮੀ ਉਸ ਦੀ ਮਦਦ ਕਰ ਰਹੇ ਸਨ। ਫਿਰ ਉਸ ਦੀ ਮਾਤਾ ਜੀ ਵੀ ਏਡ੍ਰੀਐਨ ਨਾਲ ਗੱਲ ਕਰਨ ਲਈ ਅੱਗੇ ਆਈ। ਉਹ ਅੰਗ੍ਰੇਜ਼ੀ ਬੋਲ ਸਕਦੀ ਸੀ। ਕੈਨੇਡਾ ਦੇ ਲੋਕਾਂ ਬਾਰੇ ਧੀਰਜ ਨਾਲ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ, ਏਡ੍ਰੀਐਨ ਨੇ ਕਿਹਾ: “ਪਰ ਇਕ ਬਹੁਤ ਅਹਿਮ ਕਾਰਨ ਕਰਕੇ ਮੈਂ ਕੈਨੇਡਾ ਤੋਂ ਇੱਥੇ ਆਈ ਹਾਂ। ਮੈਂ ਲੋਕਾਂ ਦੀ ਬਾਈਬਲ ਸਿੱਖਣ ਵਿਚ ਮਦਦ ਕਰਨ ਲਈ ਆਈ ਹਾਂ। ਕੀ ਤੁਸੀਂ ਬਾਈਬਲ ਸਿੱਖਣ ਵਿਚ ਦਿਲਚਸਪੀ ਰੱਖਦੇ ਹੋ?” ਉਸ ਤੀਵੀਂ ਨੇ ਕਿਹਾ ਕਿ ਉਹ ਸਿੱਖਣਾ ਚਾਹੇਗੀ। ਉਸ ਨੇ ਦਸ ਸਾਲ ਪਹਿਲਾਂ ਚਰਚ ਜਾਣਾ ਛੱਡ ਦਿੱਤਾ ਸੀ ਅਤੇ ਉਹ ਆਪ ਹੀ ਬਾਈਬਲ ਦੀ ਸਟੱਡੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਨੇ ਏਡ੍ਰੀਐਨ ਨੂੰ ਆਪਣਾ ਫ਼ੋਨ ਨੰਬਰ ਤੇ ਪਤਾ ਦਿੱਤਾ ਤੇ ਹੁਣ ਇਹ ਤੀਵੀਂ ਵਧੀਆ ਤਰੀਕੇ ਨਾਲ ਬਾਈਬਲ ਸਟੱਡੀ ਕਰ ਰਹੀ ਹੈ।
“ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇਹ”
ਹਰ ਮੌਕੇ ਤੇ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਣ ਨਾਲ ਉਨ੍ਹਾਂ ਲੋਕਾਂ ਨੂੰ ਗਵਾਹੀ ਦੇਣ ਦਾ ਮੌਕਾ ਮਿਲਦਾ ਹੈ ਜਿਨ੍ਹਾਂ ਨੂੰ ਪਹਿਲਾਂ ਕਦੇ ਵੀ ਰਾਜ ਦਾ ਸੰਦੇਸ਼ ਸੁਣਨ ਦਾ ਮੌਕਾ ਨਹੀਂ ਮਿਲਿਆ। ਸਮੁੰਦਰ ਕੰਢੇ ਵਸੇ ਸੀਵਾਤਾਨੇਖ਼ੋ ਸ਼ਹਿਰ ਵਿਚ ਇਕ ਕੈਫੇ ਵਿਚ ਇਕ ਗਵਾਹ ਨੇ ਦੋ ਵਿਦੇਸ਼ੀਆਂ ਨੂੰ ਆਪਣੇ ਨਾਲ ਬੈਠਣ ਦਾ ਸੱਦਾ ਦਿੱਤਾ ਕਿਉਂਕਿ ਕੈਫੇ ਪੂਰਾ ਭਰਿਆ ਹੋਇਆ ਸੀ ਤੇ ਕੋਈ ਟੇਬਲ ਖਾਲੀ ਨਹੀਂ ਸੀ। ਉਹ ਵਿਦੇਸ਼ੀ ਜੋੜਾ ਸੱਤਾਂ ਸਾਲਾਂ ਤੋਂ ਕਿਸ਼ਤੀ ਵਿਚ ਦੁਨੀਆਂ ਦੀ ਸੈਰ ਕਰ ਰਿਹਾ ਸੀ। ਯਹੋਵਾਹ ਦੇ ਗਵਾਹਾਂ ਬਾਰੇ ਉਨ੍ਹਾਂ ਦੀ ਰਾਇ ਚੰਗੀ ਨਹੀਂ ਸੀ। ਕੈਫੇ ਵਿਚ ਮਿਲਣ ਤੋਂ ਬਾਅਦ ਉਹ ਗਵਾਹ ਉਸ ਜੋੜੇ ਨੂੰ ਉਨ੍ਹਾਂ ਦੀ ਕਿਸ਼ਤੀ ਵਿਚ ਮਿਲਣ ਗਈ ਤੇ ਉਨ੍ਹਾਂ ਨੂੰ ਆਪਣੇ ਘਰ ਬੁਲਾਇਆ। ਉਨ੍ਹਾਂ ਨੇ ਉਸ ਕੋਲੋਂ 20 ਕੁ ਰਸਾਲੇ ਅਤੇ 5 ਕਿਤਾਬਾਂ ਲਈਆਂ ਅਤੇ ਵਾਅਦਾ ਕੀਤਾ ਕਿ ਉਹ ਅਗਲੀ ਵਾਰ ਜਿੱਥੇ ਰੁਕਣਗੇ, ਉੱਥੇ ਯਹੋਵਾਹ ਦੇ ਗਵਾਹਾਂ ਨਾਲ ਜ਼ਰੂਰ ਸੰਪਰਕ ਕਰਨਗੇ।
ਕਾਨਕੂਨ ਸ਼ਹਿਰ ਦੇ ਇਕ ਸ਼ਾਪਿੰਗ ਸੈਂਟਰ ਦੇ ਰੈਸਤੋਰਾਂ ਵਿਚ ਜੈੱਫ਼ ਅਤੇ ਡੈੱਬ ਨੇ ਇਕ ਛੋਟੀ ਕੁੜੀ ਦੇਖੀ ਜੋ ਉਨ੍ਹਾਂ ਨੂੰ ਬਹੁਤ ਪਿਆਰੀ ਲੱਗੀ। ਜਦੋਂ ਉਨ੍ਹਾਂ ਨੇ ਕੁੜੀ ਦੇ ਮਾਤਾ-ਪਿਤਾ ਨੂੰ ਕਿਹਾ ਕਿ ਉਨ੍ਹਾਂ ਦੀ ਬੱਚੀ ਬਹੁਤ ਪਿਆਰੀ ਸੀ, ਤਾਂ ਮਾਤਾ-ਪਿਤਾ ਨੇ ਉਨ੍ਹਾਂ ਨੂੰ ਪੀਜ਼ਾ ਖਾਣ ਦਾ ਸੱਦਾ ਦਿੱਤਾ। ਜੈੱਫ਼ ਤੇ ਡੈੱਬ ਨੂੰ ਪਤਾ ਲੱਗਾ ਕਿ ਉਹ ਪਰਿਵਾਰ ਭਾਰਤ ਤੋਂ ਆਇਆ ਸੀ। ਉਨ੍ਹਾਂ ਨੇ ਕਦੇ ਯਹੋਵਾਹ ਦੇ ਗਵਾਹਾਂ ਬਾਰੇ ਨਹੀਂ ਸੁਣਿਆ ਸੀ ਤੇ ਨਾ ਹੀ ਕਦੇ ਸਾਡਾ ਸਾਹਿੱਤ ਦੇਖਿਆ ਸੀ। ਸ਼ਾਪਿੰਗ ਸੈਂਟਰ ਤੋਂ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਸਾਡਾ ਕੁਝ ਸਾਹਿੱਤ ਲਿਆ।
ਯੂਕਾਟਾਨ ਨੇੜੇ ਇਕ ਟਾਪੂ ਉੱਤੇ ਜੈੱਫ਼ ਅਤੇ ਡੈੱਬ ਨਾਲ ਅਜਿਹਾ ਇਕ ਹੋਰ ਤਜਰਬਾ ਹੋਇਆ। ਉੱਥੇ ਇਕ ਨਵ-ਵਿਆਹੁਤਾ ਚੀਨੀ ਜੋੜੇ ਨੇ ਜੈੱਫ਼ ਨੂੰ ਉਨ੍ਹਾਂ ਦੀਆਂ ਫ਼ੋਟੋਆਂ ਖਿੱਚਣ ਲਈ ਕਿਹਾ ਜੋ ਕਿ ਜੈੱਫ਼ ਨੇ ਖ਼ੁਸ਼ੀ-ਖ਼ੁਸ਼ੀ ਖਿੱਚ ਦਿੱਤੀਆਂ। ਗੱਲ ਕਰਨ ਤੇ ਉਸ ਨੂੰ ਪਤਾ ਲੱਗਾ ਕਿ ਉਹ 12 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਸਨ ਪਰ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਨੂੰ ਨਾ ਕਦੇ ਦੇਖਿਆ ਸੀ ਤੇ ਨਾ ਉਨ੍ਹਾਂ ਬਾਰੇ ਸੁਣਿਆ ਸੀ। ਇਸ ਨਾਲ ਉਨ੍ਹਾਂ ਵਿਚ ਹੋਰ ਗੱਲਬਾਤ ਹੋਈ। ਜੈੱਫ਼ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਅਮਰੀਕਾ ਵਾਪਸ ਜਾਣ ਤੇ ਗਵਾਹਾਂ ਨੂੰ ਮਿਲਣ।
ਤੁਹਾਡੇ ਇਲਾਕੇ ਵਿਚ ਕੋਈ ਖ਼ਾਸ ਪ੍ਰੋਗ੍ਰਾਮ ਹੋ ਸਕਦਾ ਹੈ ਜਿਸ ਨਾਲ ਤੁਹਾਨੂੰ ਸ਼ਾਇਦ ਗਵਾਹੀ ਦੇਣ ਦਾ ਮੌਕਾ ਮਿਲੇ। ਅਮਰੀਕਾ ਦਾ ਰਾਸ਼ਟਰਪਤੀ ਇਕ ਵਾਰ ਮੈਕਸੀਕੋ ਦੇ ਰਾਸ਼ਟਰਪਤੀ ਨੂੰ ਗਵਾਨਾਵੌਟੋ ਨੇੜੇ ਉਸ ਦੇ ਫਾਰਮ ਤੇ ਮਿਲਣ ਆਇਆ ਸੀ। ਦੁਨੀਆਂ ਭਰ ਦੇ ਰਿਪੋਰਟਰ ਵੀ ਉੱਥੇ ਆਏ ਹੋਏ ਸਨ। ਇਕ ਗਵਾਹ ਪਰਿਵਾਰ ਨੇ ਸੋਚਿਆ ਕਿ ਇਹ ਅੰਗ੍ਰੇਜ਼ੀ ਵਿਚ ਪ੍ਰਚਾਰ ਕਰਨ ਦਾ ਵਧੀਆ ਮੌਕਾ ਸੀ। ਉਨ੍ਹਾਂ ਦੇ ਜਤਨ ਦੇ ਚੰਗੇ ਨਤੀਜੇ ਨਿਕਲੇ। ਉਦਾਹਰਣ ਲਈ, ਇਕ ਰਿਪੋਰਟਰ ਕੋਸੋਵੋ ਅਤੇ ਕੁਵੈਤ ਵਰਗੀਆਂ ਥਾਵਾਂ ਤੇ ਉਸ ਸਮੇਂ ਮੌਜੂਦ ਸੀ ਜਦੋਂ ਉੱਥੇ ਲੜਾਈ ਚੱਲ ਰਹੀ ਸੀ। ਉਸ ਦਾ ਇਕ ਸਾਥੀ ਇਕ ਲੜਾਈ ਵਿਚ ਗੋਲੀ ਲੱਗਣ ਕਰਕੇ ਉਸ ਦੀਆਂ ਬਾਹਾਂ ਵਿਚ ਦਮ ਤੋੜ ਗਿਆ ਸੀ। ਪੁਨਰ-ਉਥਾਨ ਦੀ ਆਸ਼ਾ ਬਾਰੇ ਸੁਣ ਕੇ ਉਸ ਰਿਪੋਰਟਰ ਦੀਆਂ ਅੱਖਾਂ ਵਿਚ ਹੰਝੂ ਆ ਗਏ ਤੇ ਉਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਕਿ ਪਰਮੇਸ਼ੁਰ ਨੇ ਉਸ ਨੂੰ ਜ਼ਿੰਦਗੀ ਦੇ ਮਕਸਦ ਬਾਰੇ ਜਾਣਨ ਦਾ ਮੌਕਾ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਸ਼ਾਇਦ ਦੁਬਾਰਾ ਗਵਾਹ ਜੋੜੇ ਨੂੰ ਨਾ ਮਿਲੇ, ਪਰ ਉਹ ਬਾਈਬਲ ਵਿੱਚੋਂ ਮਿਲੀ ਇਸ ਖ਼ੁਸ਼ ਖ਼ਬਰੀ ਨੂੰ ਕਦੇ ਨਹੀਂ ਭੁੱਲੇਗਾ।
ਜਿਵੇਂ ਕਿ ਇਨ੍ਹਾਂ ਤਜਰਬਿਆਂ ਤੋਂ ਪਤਾ ਲੱਗਦਾ ਹੈ, ਸਾਨੂੰ ਅਕਸਰ ਪਤਾ ਨਹੀਂ ਹੁੰਦਾ ਕਿ ਸਾਡੀ ਗਵਾਹੀ ਦੇਣ ਦੇ ਕੀ ਨਤੀਜੇ ਨਿਕਲਣਗੇ। ਪਰ ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇਹ, ਤਾਂ ਤੂੰ ਬਹੁਤ ਦਿਨਾਂ ਦੇ ਪਿੱਛੋਂ ਉਸ ਨੂੰ ਪਾਵੇਂਗਾ।” ਉਸ ਨੇ ਇਹ ਵੀ ਕਿਹਾ: “ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ, ਏਹ ਯਾ ਉਹ, ਯਾ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ।” (ਉਪਦੇਸ਼ਕ ਦੀ ਪੋਥੀ 11:1, 6) ਜੀ ਹਾਂ, ਯਿਸੂ ਅਤੇ ਪੌਲੁਸ ਵਾਂਗ ਤੇ ਮੈਕਸੀਕੋ ਵਿਚ ਅੰਗ੍ਰੇਜ਼ੀ ਬੋਲਣ ਵਾਲੇ ਲੋਕਾਂ ਨੂੰ ਗਵਾਹੀ ਦੇਣ ਵਾਲਿਆਂ ਵਾਂਗ ਤੁਸੀਂ ਵੀ ਪੂਰੇ ਜੋਸ਼ ਨਾਲ “ਆਪਣੀ ਰੋਟੀ” ਬਹੁਤ ਸਾਰੇ ਪਾਣੀਆਂ ਉੱਤੇ ਸੁੱਟੋ ਅਤੇ ਖੁੱਲ੍ਹੇ ਦਿਲ ‘ਆਪਣਾ ਬੀ ਬੀਜੋ।’