ਕੀ ਪਾਦਰੀਆਂ ਨੂੰ ਰਾਜਨੀਤੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ?
ਕੀ ਪਾਦਰੀਆਂ ਨੂੰ ਰਾਜਨੀਤੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ?
‘ਇਕ ਕਨੇਡੀਆਈ ਆਰਚਬਿਸ਼ਪ ਨੇ ਤੀਰਥ-ਯਾਤਰੀਆਂ ਨੂੰ ਕਿਹਾ ਕਿ ਰਾਜਨੀਤੀ ਵਿਚ ਹਿੱਸਾ ਲੈ ਕੇ ਗ਼ਰੀਬਾਂ ਦੀ ਮਦਦ ਕੀਤੀ ਜਾ ਸਕਦੀ ਹੈ। ਭਾਵੇਂ ਸਾਡੇ ਖ਼ਿਆਲ ਵਿਚ ਸਰਕਾਰਾਂ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਕੰਮ ਨਹੀਂ ਕਰ ਰਹੀਆਂ, ਫਿਰ ਵੀ “ਸਾਨੂੰ ਨੇਤਾ ਬਣ ਕੇ ਜਾਂ ਰਾਜਨੀਤੀ ਵਿਚ ਹਿੱਸਾ ਲੈ ਕੇ ਗ਼ਰੀਬਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।”’—ਕੈਥੋਲਿਕ ਨਿਊਜ਼.
ਆਮ ਕਰਕੇ ਅਸੀਂ ਚਰਚ ਦੇ ਵੱਡੇ-ਵੱਡੇ ਪਾਦਰੀਆਂ ਨੂੰ ਸਿਆਸਤ ਦਾ ਪੱਖ ਪੂਰਦੇ ਦੇਖਿਆ ਹੈ ਅਤੇ ਕਈ ਧਾਰਮਿਕ ਲੀਡਰ ਸਿਆਸੀ ਲੀਡਰ ਬਣ ਰਹੇ ਹਨ। ਕਈ ਪਾਦਰੀ ਸੋਚਦੇ ਹਨ ਕਿ ਉਹ ਰਾਜਨੀਤੀ ਵਿਚ ਸੁਧਾਰ ਲਿਆ ਸਕਦੇ ਹਨ। ਕਈ ਹੋਰ ਪਾਦਰੀ ਇਸ ਗੱਲ ਲਈ ਮਸ਼ਹੂਰ ਹੋਏ ਹਨ ਕਿ ਉਨ੍ਹਾਂ ਨੇ ਸਿਆਸੀ ਅਹੁਦਾ ਲੈ ਕੇ ਲੋਕਾਂ ਨੂੰ ਨਸਲੀ ਬਰਾਬਰੀ ਦਿਲਾਉਣ ਅਤੇ ਗ਼ੁਲਾਮੀ ਨੂੰ ਹਟਾਉਣ ਵਿਚ ਅਗਵਾਈ ਕੀਤੀ ਸੀ।
ਪਰ ਆਮ ਲੋਕ ਆਪਣੇ ਪਾਦਰੀਆਂ ਨੂੰ ਸਿਆਸੀ ਮਾਮਲਿਆਂ ਵਿਚ ਦਖ਼ਲ ਦਿੰਦੇ ਦੇਖ ਕੇ ਪਰੇਸ਼ਾਨ ਹਨ। ਕ੍ਰਿਸ਼ਚਨ ਸੈਂਚੁਅਰੀ ਵਿਚ ਸਿਆਸੀ ਧਰਮ ਪ੍ਰਚਾਰ ਬਾਰੇ ਇਕ ਲੇਖ ਨੇ ਕਿਹਾ: “ਖ਼ਾਸਕਰ ਪ੍ਰੋਟੈਸਟੈਂਟ ਚਰਚ ਦੇ ਮੈਂਬਰ ਆਪਣੇ ਪਾਦਰੀਆਂ ਨੂੰ ਨੇਤਾ ਦਾ ਅਹੁਦਾ ਲੈਂਦੇ ਦੇਖ ਕੇ ਖ਼ੁਸ਼ ਨਹੀਂ ਸਨ।” ਕਈ ਲੋਕ ਸੋਚਦੇ ਹਨ ਕਿ ਚਰਚ ਵਿਚ ਰਾਜਨੀਤੀ ਲਈ ਕੋਈ ਜਗ੍ਹਾ ਨਹੀਂ ਹੈ।
ਇਹ ਸਭ ਕੁਝ ਦੇਖ ਕੇ ਉਨ੍ਹਾਂ ਲੋਕਾਂ ਦੇ ਮਨਾਂ ਵਿਚ ਸਵਾਲ ਖੜ੍ਹੇ ਹੁੰਦੇ ਹਨ ਜੋ ਸੰਸਾਰ ਵਿਚ ਸੁਧਾਰ ਹੁੰਦਾ ਦੇਖਣਾ ਚਾਹੁੰਦੇ ਹਨ। ਕੀ ਪਾਦਰੀ ਰਾਜਨੀਤੀ ਦਾ ਪ੍ਰਚਾਰ ਕਰ ਕੇ ਸਰਕਾਰਾਂ ਵਿਚ ਸੁਧਾਰ ਲਿਆ ਸਕਦੇ ਹਨ? ਕੀ ਇਹੋ ਪਰਮੇਸ਼ੁਰ ਦੀ ਮਰਜ਼ੀ ਹੈ? ਕੀ ਯਿਸੂ ਮਸੀਹ ਨੇ ਰਾਜਨੀਤੀ ਵਿਚ ਹਿੱਸਾ ਲੈਣਾ ਸਿਖਾਇਆ ਸੀ?
ਪਾਦਰੀ ਸਿਆਸਤ ਦੇ ਸਾਂਝੀਦਾਰ ਕਿਵੇਂ ਬਣੇ?
ਦ ਅਰਲੀ ਚਰਚ ਨਾਂ ਦੀ ਪੁਸਤਕ ਵਿਚ ਇਤਿਹਾਸਕਾਰ ਹੈਨਰੀ ਚੈਡਵਿਕ ਨੇ ਕਿਹਾ ਕਿ ਮੁਢਲੀ ਮਸੀਹੀ ਕਲੀਸਿਯਾ ਵਿਚ “ਕੋਈ ਵੀ ਸਿਆਸੀ ਸੱਤਾ ਹਾਸਲ ਕਰਨ ਦੇ ਪਿੱਛੇ ਨਹੀਂ ਭੱਜਦਾ ਸੀ।” ਮਸੀਹੀ “ਸਿਆਸੀ ਮਾਮਲਿਆਂ ਵਿਚ ਨਿਰਪੱਖ ਸਨ, ਉਹ ਗੜਬੜ ਨਹੀਂ ਮਚਾਉਂਦੇ ਸਨ ਅਤੇ ਉਹ ਸਾਰੇ ਅਹਿੰਸਕ ਸਨ।” ਏ ਹਿਸਟਰੀ ਆਫ਼ ਕ੍ਰਿਸਚਿਏਨੀਟੀ ਵਿਚ ਲਿਖਿਆ ਹੈ: “ਪਹਿਲੀ ਸਦੀ ਦੇ ਮਸੀਹੀ ਆਮ ਕਰਕੇ ਮੰਨਦੇ ਸਨ ਕਿ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਰਾਜਨੀਤੀ ਵਿਚ ਨੇਤਾ ਦਾ ਅਹੁਦਾ ਨਹੀਂ ਸਵੀਕਾਰ ਕਰਨਾ ਚਾਹੀਦਾ। . . . ਤੀਜੀ ਸਦੀ ਦੇ ਸ਼ੁਰੂ ਵਿਚ ਰਹਿੰਦੇ ਹਿਪੋਲਿਟਸ ਨੇ ਵੀ ਕਿਹਾ ਸੀ ਕਿ ਚਰਚ ਦਾ ਮੈਂਬਰ ਬਣਨ ਤੋਂ ਪਹਿਲਾਂ ਕਿਸੇ ਵੀ ਨੇਤਾ ਨੂੰ ਆਪਣਾ ਅਹੁਦਾ ਤਿਆਗਣਾ ਪਵੇਗਾ।” ਪਰ ਹੌਲੀ-ਹੌਲੀ ਸੱਤਾ ਦੇ ਲੋਭੀ ਆਦਮੀਆਂ ਨੇ ਕਲੀਸਿਯਾਵਾਂ ਵਿਚ ਆਪਣਾ ਰੋਅਬ ਜਮਾਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਆਪਣੇ ਲਈ ਵੱਡੇ-ਵੱਡੇ ਖ਼ਿਤਾਬ ਰੱਖਣ ਲੱਗ ਪਏ। (ਰਸੂਲਾਂ ਦੇ ਕਰਤੱਬ 20:29, 30) ਕੁਝ ਮਜ਼ਹਬੀ ਲੀਡਰ ਹੋਣ ਦੇ ਨਾਲ-ਨਾਲ ਸਿਆਸੀ ਲੀਡਰ ਵੀ ਬਣਨਾ ਚਾਹੁੰਦੇ ਸਨ। ਫਿਰ ਰੋਮ ਦੀ ਹਕੂਮਤ ਵਿਚ ਅਚਾਨਕ ਇਕ ਤਬਦੀਲੀ ਨੇ ਉਨ੍ਹਾਂ ਨੂੰ ਆਪਣੀ ਇੱਛਾ ਪੂਰੀ ਕਰਨ ਦਾ ਮੌਕਾ ਦਿੱਤਾ।
ਸਾਲ 312 ਵਿਚ ਰੋਮੀ ਬਾਦਸ਼ਾਹ ਕਾਂਸਟੰਟੀਨ ਨੇ ਇਸਾਈ ਮਤ ਵੱਲ ਮਿਹਰਬਾਨੀ ਨਾਲ ਦੇਖਿਆ। ਹੈਰਾਨੀ ਦੀ ਗੱਲ ਹੈ ਕਿ ਚਰਚ ਦੇ ਕਈ ਬਿਸ਼ਪ ਇਸ ਮੂਰਤੀ-ਪੂਜਕ ਬਾਦਸ਼ਾਹ ਤੋਂ
ਸੱਤਾ ਹਾਸਲ ਕਰਨ ਲਈ ਆਪਣੇ ਧਾਰਮਿਕ ਵਿਸ਼ਵਾਸਾਂ ਦਾ ਸਮਝੌਤਾ ਕਰਨ ਲਈ ਤਿਆਰ ਸਨ। ਹੈਨਰੀ ਚੈਡਵਿਕ ਨੇ ਇਸ ਬਾਰੇ ਲਿਖਿਆ: “ਚਰਚ ਦੇ ਲੀਡਰਾਂ ਨੇ ਵਧ-ਚੜ੍ਹ ਕੇ ਸਿਆਸਤ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।” ਇਸ ਸਾਂਝੇਦਾਰੀ ਦਾ ਪਾਦਰੀਆਂ ਉੱਤੇ ਕੀ ਪ੍ਰਭਾਵ ਪਿਆ?ਰਾਜਨੀਤੀ ਦਾ ਪਾਦਰੀਆਂ ਤੇ ਪ੍ਰਭਾਵ
ਪੰਜਵੀਂ ਸਦੀ ਵਿਚ ਕੈਥੋਲਿਕ ਧਰਮ-ਸ਼ਾਸਤਰੀ ਆਗਸਤੀਨ ਕਾਫ਼ੀ ਇਖ਼ਤਿਆਰ ਰੱਖਦਾ ਸੀ। ਇਸ ਵਿਚਾਰ ਨੂੰ ਫੈਲਾਉਣ ਵਿਚ ਉਸ ਦਾ ਵੱਡਾ ਹੱਥ ਸੀ ਕਿ ਪਰਮੇਸ਼ੁਰ ਰਾਜਨੀਤੀ ਵਿਚ ਪਾਦਰੀਆਂ ਨੂੰ ਵਰਤੇਗਾ। ਆਗਸਤੀਨ ਦੇ ਮੁਤਾਬਕ ਚਰਚ ਸਾਰੀਆਂ ਕੌਮਾਂ ਉੱਤੇ ਰਾਜ ਕਰ ਕੇ ਦੁਨੀਆਂ ਲਈ ਸ਼ਾਂਤੀ ਲਿਆਵੇਗਾ। ਪਰ ਇਤਿਹਾਸਕਾਰ ਐੱਚ. ਜੀ. ਵੈੱਲਜ਼ ਨੇ ਲਿਖਿਆ: “ਪੰਜਵੀਂ ਸਦੀ ਤੋਂ ਲੈ ਕੇ ਪੰਦਰਵੀਂ ਸਦੀ ਤਕ ਯੂਰਪ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਚਰਚ ਦੁਨੀਆਂ ਤੇ ਰਾਜ ਕਰ ਕੇ ਸ਼ਾਂਤੀ ਲਿਆਉਣ ਵਿਚ ਪੂਰੀ ਤਰ੍ਹਾਂ ਅਸਫ਼ਲ ਰਿਹਾ ਸੀ।” ਈਸਾਈ-ਜਗਤ ਨੇ ਦੁਨੀਆਂ ਵਿਚ ਕੀ ਸ਼ਾਂਤੀ ਲਿਆਉਣੀ ਸੀ ਜਦ ਉਹ ਯੂਰਪ ਵਿਚ ਹੀ ਸ਼ਾਂਤੀ ਨਹੀਂ ਲਿਆ ਸਕਿਆ ਜਿਸ ਕਾਰਨ ਕਈਆਂ ਦਾ ਈਸਾਈ-ਧਰਮ ਉੱਤੋਂ ਵਿਸ਼ਵਾਸ ਹੀ ਉੱਠ ਗਿਆ। ਇੱਦਾਂ ਕਿਉਂ ਹੋਇਆ?
ਈਸਾਈ-ਧਰਮ ਦਾ ਪ੍ਰਚਾਰ ਕਰਨ ਵਾਲੇ ਕਈ ਪਾਦਰੀ ਚੰਗੇ ਇਰਾਦਿਆਂ ਨਾਲ ਰਾਜਨੀਤੀ ਵਿਚ ਸ਼ਾਮਲ ਹੋਏ ਸਨ, ਪਰ ਹੌਲੀ-ਹੌਲੀ ਉਨ੍ਹਾਂ ਦੀ ਨੀਅਤ ਵਿਗੜ ਗਈ। ਜ਼ਰਾ ਮਾਰਟਿਨ ਲੂਥਰ ਦੀ ਉਦਾਹਰਣ ਵੱਲ ਧਿਆਨ ਦਿਓ। ਉਹ ਬਾਈਬਲ ਦਾ ਅਨੁਵਾਦਕ ਤੇ ਪ੍ਰਚਾਰਕ ਸੀ ਜੋ ਕੈਥੋਲਿਕ ਚਰਚ ਵਿਚ ਸੁਧਾਰ ਲਿਆਉਣ ਦੀਆਂ ਕੋਸ਼ਿਸ਼ਾਂ ਲਈ ਮਸ਼ਹੂਰ ਹੈ। ਚਰਚ ਦੇ ਸਿਧਾਂਤਾਂ ਖ਼ਿਲਾਫ਼ ਉਸ ਦੇ ਨਿਡਰ ਵਿਰੋਧ ਨੇ ਉਸ ਵੱਲ ਅਜਿਹੇ ਲੋਕ ਖਿੱਚੇ ਜੋ ਉਸ ਸਮੇਂ ਦੀਆਂ ਹਕੂਮਤਾਂ ਨੂੰ ਪਲਟਾਉਣਾ ਚਾਹੁੰਦੇ ਸਨ। ਲੂਥਰ ਨੇ ਵੀ ਰਾਜਨੀਤਿਕ ਮਾਮਲਿਆਂ ਵਿਚ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ ਅਤੇ ਕਈ ਜੋ ਪਹਿਲਾਂ ਉਸ ਦੀ ਗੱਲ ਸੁਣਦੇ ਸਨ, ਉਸ ਦੇ ਖ਼ਿਲਾਫ਼ ਹੋ ਗਏ। ਪਹਿਲਾਂ-ਪਹਿਲਾਂ ਤਾਂ ਉਹ ਗ਼ਰੀਬ ਕਿਸਾਨਾਂ ਦਾ ਪੱਖ ਪੂਰਦਾ ਸੀ ਜੋ ਜ਼ਮੀਨਦਾਰਾਂ ਦੇ ਵਿਰੁੱਧ ਬਗਾਵਤ ਕਰ ਰਹੇ ਸਨ। ਪਰ ਜਦ ਬਗਾਵਤ ਬਹੁਤ ਹੀ ਵਧ ਗਈ, ਤਾਂ ਉਸ ਨੇ ਜ਼ਮੀਨਦਾਰਾਂ ਨੂੰ ਕਿਸਾਨਾਂ ਨੂੰ ਕੁਚਲਣ ਦੀ ਹੱਲਾਸ਼ੇਰੀ ਦਿੱਤੀ। ਇਸ ਫ਼ਸਾਦ ਵਿਚ ਕਈ ਹਜ਼ਾਰ ਲੋਕ ਮਾਰੇ ਗਏ ਸਨ। ਅਸੀਂ ਸਮਝ ਸਕਦੇ ਹਾਂ ਕਿ ਕਿਸਾਨਾਂ ਨੇ ਉਸ ਨੂੰ ਧੋਖੇਬਾਜ਼ ਕਿਉਂ ਸਮਝਿਆ ਸੀ। ਲੂਥਰ ਨੇ ਸ਼ਾਹੀ ਖ਼ਾਨਦਾਨਾਂ ਨੂੰ ਕੈਥੋਲਿਕ ਬਾਦਸ਼ਾਹ ਖ਼ਿਲਾਫ਼ ਬਗਾਵਤ ਕਰਨ ਦੀ ਵੀ ਹੱਲਾਸ਼ੇਰੀ ਦਿੱਤੀ ਸੀ। ਲੂਥਰ ਦੇ ਚੇਲੇ ਪ੍ਰੋਟੈਸਟੈਂਟ ਸੱਦੇ ਜਾਣ ਲੱਗੇ ਅਤੇ ਉਨ੍ਹਾਂ ਨੇ ਮੁੱਢੋਂ ਹੀ ਇਕ ਸਿਆਸੀ ਅੰਦੋਲਨ ਚਲਾਇਆ ਸੀ। ਇਸ ਸੱਤਾ ਦਾ ਲੂਥਰ ਤੇ ਕੀ ਪ੍ਰਭਾਵ ਪਿਆ ਸੀ? ਉਹ ਭ੍ਰਿਸ਼ਟ ਬਣ ਗਿਆ। ਮਿਸਾਲ ਲਈ, ਪਹਿਲਾਂ-ਪਹਿਲਾਂ ਉਹ ਧਾਰਮਿਕ ਵਿਰੋਧੀਆਂ ਉੱਤੇ ਜ਼ੋਰ ਪਾਉਣ ਦੇ ਸਖ਼ਤ ਖ਼ਿਲਾਫ਼ ਸੀ, ਪਰ ਬਾਅਦ ਵਿਚ ਉਸ ਨੇ ਆਪਣੇ ਸਿਆਸੀ ਦੋਸਤਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਬਾਲ-ਬਪਤਿਸਮਾ ਦਾ ਵਿਰੋਧ ਕਰਨ ਵਾਲਿਆਂ ਨੂੰ ਸਾੜ ਕੇ ਮੌਤ ਦੇ ਘਾਟ ਉਤਾਰ ਦੇਣ।
ਜਨੀਵਾ ਦੇ ਰਹਿਣ ਵਾਲੇ ਇਕ ਜਾਣੇ-ਮਾਣੇ ਪਾਦਰੀ ਜੌਨ ਕੈਲਵਿਨ ਦੀ ਉਦਾਹਰਣ ਵੱਲ ਵੀ ਗੌਰ ਕਰੋ। ਉਸ ਕੋਲ ਵੱਡਾ ਸਿਆਸੀ ਇਖ਼ਤਿਆਰ ਸੀ। ਜਦੋਂ ਮਾਈਕਲ ਸਰਵੀਟਸ ਨੇ ਬਾਈਬਲ ਵਿੱਚੋਂ ਸਾਬਤ ਕਰ ਦਿੱਤਾ ਕਿ ਤ੍ਰਿਏਕ ਦੀ ਸਿੱਖਿਆ ਝੂਠੀ ਸੀ, ਤਾਂ ਕੈਲਵਿਨ ਨੇ ਸਰਵੀਟਸ ਨੂੰ ਸੂਲੀ ਉੱਤੇ ਸਾੜ ਦਿੱਤੇ ਜਾਣ ਲਈ ਆਪਣਾ ਸਿਆਸੀ ਇਖ਼ਤਿਆਰ ਵਰਤਿਆ ਸੀ। ਕੈਲਵਿਨ ਯਿਸੂ ਦੀਆਂ ਸਿੱਖਿਆਵਾਂ ਤੋਂ ਕਿੰਨੀ ਦੂਰ ਚਲਾ ਗਿਆ ਸੀ!
ਇਹ ਆਦਮੀ ਸ਼ਾਇਦ 1 ਯੂਹੰਨਾ 5:19 ਵਿਚ ਲਿਖੀ ਇਹ ਗੱਲ ਭੁੱਲ ਗਏ ਸਨ: “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” ਭਾਵੇਂ ਉਹ ਆਪਣੇ ਜ਼ਮਾਨੇ ਦੀਆਂ ਸਰਕਾਰਾਂ ਵਿਚ ਸੱਚ-ਮੁੱਚ ਸੁਧਾਰ ਲਿਆਉਣਾ ਚਾਹੁੰਦੇ ਸਨ ਜਾਂ ਉਹ ਸਿਆਸੀ ਇਖ਼ਤਿਆਰ ਵਾਲੇ ਬਣ ਕੇ ਵੱਡੇ ਲੋਕਾਂ ਨਾਲ ਦੋਸਤੀ ਕਰਨੀ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਯਿਸੂ ਦੇ ਚੇਲੇ ਯਾਕੂਬ ਦੀ ਗੱਲ ਯਾਦ ਰੱਖਣੀ ਚਾਹੀਦੀ ਸੀ: “ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ? ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।” (ਯਾਕੂਬ 4:4) ਯਾਕੂਬ ਜਾਣਦਾ ਸੀ ਕਿ ਯਿਸੂ ਨੇ ਆਪਣੇ ਚੇਲਿਆਂ ਬਾਰੇ ਕਿਹਾ ਸੀ: “ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।”—ਯੂਹੰਨਾ 17:14.
ਕਈ ਲੋਕ ਇਹ ਗੱਲ ਤਾਂ ਸਵੀਕਾਰ ਕਰਦੇ ਹਨ ਕਿ ਮਸੀਹੀਆਂ ਨੂੰ ਜਗਤ ਦੀ ਬੁਰਾਈ ਦਾ ਹਿੱਸਾ ਨਹੀਂ ਹੋਣਾ ਚਾਹੀਦਾ, ਪਰ ਉਹ ਇਹ ਨਹੀਂ ਮੰਨਦੇ ਕਿ ਉਨ੍ਹਾਂ ਨੂੰ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿ ਕੇ ਸੱਚ-ਮੁੱਚ ‘ਜਗਤ ਦੇ ਨਹੀਂ’ ਹੋਣਾ ਚਾਹੀਦਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਨਿਰਪੱਖਤਾ ਮਸੀਹੀਆਂ ਨੂੰ ਲੋਕਾਂ ਦੀ ਮਦਦ ਕਰਨ ਤੋਂ ਰੋਕਦੀ ਹੈ। ਉਹ ਮੰਨਦੇ ਹਨ ਕਿ ਚਰਚ ਦੇ ਲੀਡਰਾਂ ਨੂੰ ਭ੍ਰਿਸ਼ਟਾਚਾਰ ਤੇ ਬੇਇਨਸਾਫ਼ੀ ਨੂੰ ਖ਼ਤਮ ਕਰਨ ਲਈ ਆਵਾਜ਼ ਚੁੱਕਣੀ ਚਾਹੀਦੀ ਹੈ। ਪਰ ਜਦ ਅਸੀਂ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਾਂ, ਤਾਂ ਕੀ ਯਿਸੂ ਦੁਆਰਾ ਸਿਖਾਈ ਗਈ ਨਿਰਪੱਖਤਾ ਸੱਚ-ਮੁੱਚ ਸਾਡੇ ਰਾਹ ਦਾ ਰੋੜਾ ਬਣਦੀ ਹੈ? ਕੀ ਇਕ ਮਸੀਹੀ ਸੰਸਾਰ ਦੇ ਸਿਆਸੀ ਮਾਮਲਿਆਂ ਵਿਚ ਹਿੱਸਾ ਨਾ ਲੈਂਦੇ ਹੋਏ ਲੋਕਾਂ ਦੀ ਮਦਦ ਕਰ ਸਕਦਾ ਹੈ? ਸਾਡੇ ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਤੇ ਚਰਚਾ ਕੀਤੀ ਜਾਵੇਗੀ।
[ਸਫ਼ੇ 4 ਉੱਤੇ ਤਸਵੀਰ]
ਸਿਆਸੀ ਸੱਤਾ ਹਾਸਲ ਕਰਨ ਲਈ ਚਰਚ ਦੇ ਲੀਡਰਾਂ ਨੇ ਬਾਦਸ਼ਾਹ ਕਾਂਸਟੰਟੀਨ ਵਰਗੇ ਹਾਕਮਾਂ ਨਾਲ ਸਮਝੌਤਾ ਕੀਤਾ ਸੀ
[ਕ੍ਰੈਡਿਟ ਲਾਈਨ]
Musée du Louvre, Paris
[ਸਫ਼ੇ 5 ਉੱਤੇ ਤਸਵੀਰ]
ਚਰਚ ਦੇ ਮਸ਼ਹੂਰ ਲੀਡਰ ਰਾਜਨੀਤੀ ਵੱਲ ਕਿਉਂ ਖਿੱਚੇ ਗਏ ਸਨ?
ਆਗਸਤੀਨ
ਲੂਥਰ
ਕੈਲਵਿਨ
[ਕ੍ਰੈਡਿਟ ਲਾਈਨ]
Augustine: ICCD Photo; Calvin: Portrait by Holbein, from the book The History of Protestantism (Vol. II)