Skip to content

Skip to table of contents

ਯਿਰਮਿਯਾਹ ਵਾਂਗ ਹਿੰਮਤੀ ਬਣੋ

ਯਿਰਮਿਯਾਹ ਵਾਂਗ ਹਿੰਮਤੀ ਬਣੋ

ਯਿਰਮਿਯਾਹ ਵਾਂਗ ਹਿੰਮਤੀ ਬਣੋ

“ਯਹੋਵਾਹ ਨੂੰ ਉਡੀਕ, ਤਕੜਾ ਹੋ ਅਤੇ ਤੇਰਾ ਮਨ ਦਿਲੇਰ ਹੋਵੇ, ਹਾਂ, ਯਹੋਵਾਹ ਨੂੰ ਹੀ ਉਡੀਕ!”—ਜ਼ਬੂਰਾਂ ਦੀ ਪੋਥੀ 27:14.

1. ਯਹੋਵਾਹ ਦੇ ਗਵਾਹ ਕਿਸ ਵਧੀਆ ਮਾਹੌਲ ਦਾ ਆਨੰਦ ਮਾਣ ਰਹੇ ਹਨ?

ਯਹੋਵਾਹ ਦੇ ਗਵਾਹਾਂ ਦਾ ਪਰਮੇਸ਼ੁਰ ਨਾਲ ਇਕ ਗੂੜ੍ਹਾ ਰਿਸ਼ਤਾ ਹੈ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਬਾਰੇ ਗਿਆਨ ਲਿਆ ਹੈ। (ਯਸਾਯਾਹ 11:6-9) ਇਸ ਦੁੱਖਾਂ-ਭਰੀ ਦੁਨੀਆਂ ਵਿਚ ਰਹਿੰਦੇ ਹੋਏ ਵੀ ਉਹ ਇਕ ਵਧੀਆ ਮਾਹੌਲ ਵਿਚ ਵੱਸਦੇ ਹਨ। ਉਹ ਇਕ-ਦੂਜੇ ਨਾਲ ਸ਼ਾਂਤੀ ਵਿਚ ਰਹਿੰਦੇ ਹਨ। (ਜ਼ਬੂਰਾਂ ਦੀ ਪੋਥੀ 29:11; ਯਸਾਯਾਹ 54:13) ਉਹ ‘ਜੀ ਲਾ ਕੇ ਪਰਮੇਸ਼ੁਰ ਦੀ ਇੱਛਿਆ ਪੂਰੀ ਕਰਦੇ’ ਹਨ ਤੇ ਹੋਰਨਾਂ ਨੂੰ ਇਸ ਮਾਹੌਲ ਵਿਚ ਆਉਣ ਦਾ ਸੱਦਾ ਦਿੰਦੇ ਹਨ। (ਅਫ਼ਸੀਆਂ 6:6) ਉਹ ਆਪ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਦੇ ਹਨ ਅਤੇ ਦੂਸਰਿਆਂ ਨੂੰ ਵੀ ਇਸ ਤਰ੍ਹਾਂ ਕਰਨਾ ਸਿਖਾ ਰਹੇ ਹਨ। ਇਸ ਤਰ੍ਹਾਂ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਰਲ-ਮਿਲ ਕੇ ਪਰਮੇਸ਼ੁਰ ਤੋਂ ਬਰਕਤਾਂ ਪਾ ਰਹੇ ਹਨ।—ਮੱਤੀ 28:19, 20; ਯੂਹੰਨਾ 15:8.

2, 3. ਸੱਚੇ ਮਸੀਹੀਆਂ ਨੂੰ ਕੀ-ਕੁਝ ਸਹਿਣਾ ਪੈਂਦਾ ਹੈ?

2 ਪਰ ਇਸ ਸ਼ਾਂਤ ਮਾਹੌਲ ਵਿਚ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਡੇ ਉੱਤੇ ਕੋਈ ਵੀ ਮੁਸ਼ਕਲ ਨਹੀਂ ਆਉਂਦੀ। ਪਾਪੀ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਬੀਮਾਰੀ, ਬੁਢਾਪੇ ਅਤੇ ਮੌਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਅਸੀਂ ਆਪਣੀ ਅੱਖੀਂ “ਅੰਤ ਦਿਆਂ ਦਿਨਾਂ” ਬਾਰੇ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖਦੇ ਹਾਂ। (2 ਤਿਮੋਥਿਉਸ 3:1) ਸਾਰੀ ਮਨੁੱਖਜਾਤੀ ਲੜਾਈਆਂ, ਜੁਰਮ, ਬੀਮਾਰੀਆਂ, ਕਾਲ ਅਤੇ ਹੋਰ ਬਿਪਤਾਵਾਂ ਕਾਰਨ ਦੁਖੀ ਹੈ ਅਤੇ ਯਹੋਵਾਹ ਦੇ ਗਵਾਹ ਇਨ੍ਹਾਂ ਚੀਜ਼ਾਂ ਤੋਂ ਮੁਕਤ ਨਹੀਂ ਹਨ।—ਮਰਕੁਸ 13:3-10; ਲੂਕਾ 21:10, 11.

3 ਇਸ ਦੇ ਨਾਲ-ਨਾਲ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਸ ਪਿਆਰ ਤੇ ਸ਼ਾਂਤੀ-ਭਰੇ ਮਾਹੌਲ ਤੋਂ ਬਾਹਰ ਦੁਨੀਆਂ ਦਾ ਮਾਹੌਲ ਨਫ਼ਰਤ ਭਰਿਆ ਹੈ। ਯਿਸੂ ਨੇ ਵੀ ਚੇਤਾਵਨੀ ਦਿੱਤੀ ਸੀ ਕਿ ਉਸ ਦੇ ਚੇਲਿਆਂ ਦਾ ਵਿਰੋਧ ਕੀਤਾ ਜਾਵੇਗਾ: “ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ। ਜਿਹੜੀ ਗੱਲ ਮੈਂ ਤੁਹਾਨੂੰ ਆਖੀ ਸੀ ਚੇਤੇ ਰੱਖੋ ਭਈ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ। ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ।” (ਯੂਹੰਨਾ 15:18-21) ਇਹ ਗੱਲ ਅੱਜ ਵੀ ਸੱਚ ਹੈ। ਆਮ ਤੌਰ ਤੇ ਲੋਕ ਨਾ ਤਾਂ ਸਾਡੀ ਭਗਤੀ ਨੂੰ ਸਮਝਦੇ ਹਨ ਤੇ ਨਾ ਹੀ ਉਸ ਦੀ ਕਦਰ ਕਰਦੇ ਹਨ। ਕਈ ਲੋਕ ਸਾਨੂੰ ਬੁਰਾ-ਭਲਾ ਕਹਿੰਦੇ ਹਨ, ਸਾਡਾ ਮਖੌਲ ਉਡਾਉਂਦੇ ਹਨ ਜਾਂ ਜਿਸ ਤਰ੍ਹਾਂ ਯਿਸੂ ਨੇ ਕਿਹਾ ਸੀ ਸਾਡੇ ਨਾਲ ਵੈਰ ਰੱਖਦੇ ਹਨ। (ਮੱਤੀ 10:22) ਕਈ ਵਾਰ ਮੀਡੀਆ ਸਾਡੇ ਬਾਰੇ ਗ਼ਲਤ ਜਾਣਕਾਰੀ ਤੇ ਅਫ਼ਵਾਹਾਂ ਫੈਲਾਉਂਦਾ ਹੈ। (ਜ਼ਬੂਰਾਂ ਦੀ ਪੋਥੀ 109:1-3) ਅਸੀਂ ਸਾਰੇ ਹੀ ਦੁੱਖ ਭੁਗਤਦੇ ਹਾਂ ਜਿਸ ਕਰਕੇ ਸਾਡੇ ਵਿੱਚੋਂ ਕਈ ਸ਼ਾਇਦ ਹਿੰਮਤ ਹਾਰ ਦੇਣ। ਤਾਂ ਫਿਰ, ਅਸੀਂ ਇਹ ਸਭ ਕੁਝ ਕਿੱਦਾਂ ਸਹਿ ਸਕਦੇ ਹਾਂ?

4. ਸਾਨੂੰ ਹਰ ਮੁਸ਼ਕਲ ਸਹਿਣ ਲਈ ਮਦਦ ਕਿਸ ਤੋਂ ਮਿਲਦੀ ਹੈ?

4 ਯਹੋਵਾਹ ਸਾਡੀ ਮਦਦ ਕਰਦਾ ਹੈ। ਪਰਮੇਸ਼ੁਰ ਦੀ ਆਤਮਾ ਅਧੀਨ ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, ਪਰ ਯਹੋਵਾਹ ਉਨ੍ਹਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 34:19; 1 ਕੁਰਿੰਥੀਆਂ 10:13) ਸਾਡੇ ਵਿੱਚੋਂ ਕਈ ਜਣੇ ਯਕੀਨ ਨਾਲ ਕਹਿ ਸਕਦੇ ਹਨ ਕਿ ਜਦੋਂ ਅਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦੇ ਹਾਂ, ਤਾਂ ਉਹ ਸਾਨੂੰ ਹਰ ਮੁਸੀਬਤ ਸਹਿਣ ਦੀ ਤਾਕਤ ਜ਼ਰੂਰ ਦਿੰਦਾ ਹੈ। ਅਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ ਅਤੇ ਉਸ ਨੇ ਸਾਨੂੰ ਭਵਿੱਖ ਲਈ ਪੱਕੀ ਆਸ ਦਿੱਤੀ ਹੋਈ ਹੈ, ਇਸ ਲਈ ਅਸੀਂ ਹਿੰਮਤ ਨਹੀਂ ਹਾਰਦੇ ਤੇ ਨਾ ਹੀ ਅਸੀਂ ਡਰਦੇ ਹਾਂ। (ਇਬਰਾਨੀਆਂ 12:2) ਇਸੇ ਕਰਕੇ ਅਸੀਂ ਕਿਸੇ ਵੀ ਮੁਸ਼ਕਲ ਅੱਗੇ ਝੁਕਦੇ ਨਹੀਂ, ਸਗੋਂ ਦ੍ਰਿੜ੍ਹਤਾ ਨਾਲ ਖੜ੍ਹੇ ਰਹਿੰਦੇ ਹਾਂ।

ਯਿਰਮਿਯਾਹ ਨੂੰ ਪਰਮੇਸ਼ੁਰ ਦੇ ਬਚਨ ਤੋਂ ਹਿੰਮਤ ਮਿਲੀ

5, 6. (ੳ) ਸਾਡੇ ਕੋਲ ਕਿਨ੍ਹਾਂ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਹਨ ਜੋ ਮੁਸੀਬਤਾਂ ਸਹਿ ਸਕੇ ਸਨ? (ਅ) ਯਿਰਮਿਯਾਹ ਨੂੰ ਕਿੱਦਾਂ ਲੱਗਾ ਸੀ ਜਦ ਉਸ ਨੂੰ ਨਬੀ ਬਣਨ ਲਈ ਚੁਣਿਆ ਗਿਆ?

5 ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਵਫ਼ਾਦਾਰ ਸੇਵਕ ਮੁਸੀਬਤਾਂ ਸਹਿਣ ਦੇ ਬਾਵਜੂਦ ਖ਼ੁਸ਼ ਰਹੇ ਸਨ। ਕਈ ਸੇਵਕ ਪਹਿਲੀ ਸਦੀ ਵਿਚ ਤੇ ਕਈ ਉਸ ਤੋਂ ਪਹਿਲਾਂ ਉਨ੍ਹਾਂ ਸਮਿਆਂ ਦੌਰਾਨ ਜੀਉਂਦੇ ਸਨ ਜਦੋਂ ਯਹੋਵਾਹ ਨੇ ਬੇਵਫ਼ਾ ਲੋਕਾਂ ਨੂੰ ਸਜ਼ਾ ਦਿੱਤੀ ਸੀ। ਬਾਈਬਲ ਵਿਚ ਇਨ੍ਹਾਂ ਸਾਰਿਆਂ ਬਾਰੇ ਲਿਖਿਆ ਗਿਆ ਹੈ ਤਾਂਕਿ ਸਾਨੂੰ ਹੌਸਲਾ ਮਿਲੇ। ਅਸੀਂ ਇਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। (ਰੋਮੀਆਂ 15:4) ਆਓ ਆਪਾਂ ਯਿਰਮਿਯਾਹ ਦੀ ਮਿਸਾਲ ਉੱਤੇ ਵਿਚਾਰ ਕਰੀਏ।

6 ਯਿਰਮਿਯਾਹ ਅਜੇ ਜਵਾਨ ਹੀ ਸੀ ਜਦ ਉਹ ਯਹੂਦਾਹ ਵਿਚ ਨਬੀ ਬਣਨ ਲਈ ਚੁਣਿਆ ਗਿਆ ਸੀ। ਇਹ ਕੋਈ ਸੌਖਾ ਕੰਮ ਨਹੀਂ ਸੀ। ਬਹੁਤ ਸਾਰੇ ਲੋਕ ਸੱਚੇ ਪਰਮੇਸ਼ੁਰ ਦੀ ਪੂਜਾ ਕਰਨ ਦੀ ਬਜਾਇ ਦੇਵੀ-ਦੇਵਤਿਆਂ ਦੀ ਪੂਜਾ ਕਰ ਰਹੇ ਸਨ। ਭਾਵੇਂ ਕਿ ਯਿਰਮਿਯਾਹ ਨੇ ਵਫ਼ਾਦਾਰ ਰਾਜਾ ਯੋਸੀਯਾਹ ਦੇ ਰਾਜ ਦੌਰਾਨ ਸੇਵਾ ਕਰਨੀ ਸ਼ੁਰੂ ਕੀਤੀ ਸੀ, ਪਰ ਉਸ ਰਾਜੇ ਤੋਂ ਬਾਅਦ ਬਾਕੀ ਸਾਰੇ ਰਾਜੇ ਬੇਵਫ਼ਾ ਨਿਕਲੇ। ਇਸ ਦੇ ਨਾਲ-ਨਾਲ ਯਿਰਮਿਯਾਹ ਦੇ ਸਮੇਂ ਦੇ ਨਬੀ ਤੇ ਜਾਜਕ ਲੋਕਾਂ ਨੂੰ ਸੱਚਾਈ ਨਹੀਂ ਸਿਖਾ ਰਹੇ ਸਨ। (ਯਿਰਮਿਯਾਹ 1:1, 2; 6:13; 23:11) ਸੋ ਯਿਰਮਿਯਾਹ ਨੂੰ ਕਿੱਦਾਂ ਲੱਗਾ ਸੀ ਜਦ ਯਹੋਵਾਹ ਨੇ ਉਸ ਨੂੰ ਨਬੀ ਬਣਨ ਲਈ ਚੁਣਿਆ? ਉਹ ਬਹੁਤ ਡਰਿਆ! (ਯਿਰਮਿਯਾਹ 1:8, 17) ਯਿਰਮਿਯਾਹ ਨੇ ਲਿਖਿਆ: “ਮੈਂ ਆਖਿਆ, ਹਾਇ ਪ੍ਰਭੁ ਯਹੋਵਾਹ ਵੇਖ, ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਛੋਕਰਾ ਜੋ ਹਾਂ।”—ਯਿਰਮਿਯਾਹ 1:6.

7. ਕੀ ਯਹੂਦੀਆਂ ਨੇ ਯਿਰਮਿਯਾਹ ਦੀ ਗੱਲ ਸੁਣੀ ਸੀ ਅਤੇ ਇਸ ਬਾਰੇ ਉਸ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਸੀ?

7 ਜ਼ਿਆਦਾਤਰ ਯਹੂਦੀਆਂ ਨੇ ਯਿਰਮਿਯਾਹ ਦੀ ਗੱਲ ਸੁਣਨ ਦੀ ਬਜਾਇ ਉਸ ਦਾ ਵਿਰੋਧ ਕੀਤਾ। ਇਕ ਵਾਰ ਪਸ਼ਹੂਰ ਨਾਂ ਦੇ ਜਾਜਕ ਨੇ ਯਿਰਮਿਯਾਹ ਨੂੰ ਮਾਰਿਆ ਅਤੇ ਕਾਠ ਵਿਚ ਪਾਇਆ। ਯਿਰਮਿਯਾਹ ਨੇ ਲਿਖਿਆ ਕਿ ਉਸ ਸਮੇਂ ਉਸ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ: “ਜੇ ਮੈਂ ਆਖਾਂ, ਮੈਂ [ਯਹੋਵਾਹ] ਦਾ ਜ਼ਿਕਰ ਨਾ ਕਰਾਂਗਾ, ਨਾ ਉਹ ਦਾ ਨਾਮ ਲੈ ਕੇ ਅੱਗੇ ਨੂੰ ਗੱਲ ਕਰਾਂਗਾ, ਤਾਂ [ਪਰਮੇਸ਼ੁਰ ਦਾ ਬਚਨ] ਮੇਰੇ ਦਿਲ ਵਿੱਚ ਬਲਦੀ ਅੱਗ ਵਾਂਙੁ ਹੁੰਦਾ ਹੈ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁਕੀ ਹੋਈ ਹੈ, ਮੈਂ ਏਹ ਨੂੰ ਰੱਖਦਾ ਰੱਖਦਾ ਥੱਕ ਗਿਆ ਹਾਂ, ਮੈਂ ਸਹਿ ਨਹੀਂ ਸੱਕਦਾ!” (ਯਿਰਮਿਯਾਹ 20:9) ਕਦੀ-ਕਦੀ ਸ਼ਾਇਦ ਤੁਸੀਂ ਵੀ ਯਹੋਵਾਹ ਬਾਰੇ ਗੱਲ ਕਰਨੀ ਨਾ ਚਾਹੋ। ਪਰ ਧਿਆਨ ਦਿਓ ਕਿ ਯਿਰਮਿਯਾਹ ਨੂੰ ਕਿਸ ਚੀਜ਼ ਤੋਂ ਹਿੰਮਤ ਮਿਲੀ ਸੀ। ਉਸ ਦੇ ਦਿਲ ਉੱਤੇ ਪਰਮੇਸ਼ੁਰ ਦੇ ਬਚਨ ਦਾ ਅਸਰ ਪਿਆ। ਕੀ ਪਰਮੇਸ਼ੁਰ ਦਾ ਬਚਨ ਤੁਹਾਡੇ ਦਿਲ ਉੱਤੇ ਅਜਿਹਾ ਅਸਰ ਪਾਉਂਦਾ ਹੈ?

ਯਿਰਮਿਯਾਹ ਦੇ ਸਾਥੀ

8, 9. (ੳ) ਊਰੀਯਾਹ ਦੀ ਕੀ ਕਮਜ਼ੋਰੀ ਸੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ? (ਅ) ਬਾਰੂਕ ਨੇ ਹਿੰਮਤ ਕਿਉਂ ਹਾਰੀ ਸੀ ਅਤੇ ਉਸ ਦੀ ਮਦਦ ਕਿਸ ਤਰ੍ਹਾਂ ਕੀਤੀ ਗਈ?

8 ਉਸ ਸਮੇਂ ਇਕੱਲਾ ਯਿਰਮਿਯਾਹ ਹੀ ਨਬੀ ਨਹੀਂ ਸੀ। ਉਸ ਦੇ ਸਾਥੀ ਵੀ ਸਨ ਜਿਨ੍ਹਾਂ ਤੋਂ ਉਸ ਨੂੰ ਹੌਸਲਾ ਜ਼ਰੂਰ ਮਿਲਿਆ ਹੋਵੇਗਾ। ਪਰ ਕਦੀ-ਕਦਾਈਂ ਉਸ ਦੇ ਸਾਥੀ ਬੁੱਧੀਮਤਾ ਨਾਲ ਨਹੀਂ ਚੱਲੇ ਸਨ। ਮਿਸਾਲ ਲਈ, ਊਰੀਯਾਹ ਵੀ ਇਕ ਨਬੀ ਸੀ ਜੋ “ਯਿਰਮਿਯਾਹ ਦੀਆਂ ਸਾਰੀਆਂ ਗੱਲਾਂ ਵਾਂਙੁ” ਯਰੂਸ਼ਲਮ ਅਤੇ ਯਹੂਦਾਹ ਦੇ ਖ਼ਿਲਾਫ਼ ਚੇਤਾਵਨੀਆਂ ਦੇ ਰਿਹਾ ਸੀ। ਪਰ ਜਦ ਰਾਜਾ ਯਹੋਯਾਕੀਮ ਨੇ ਹੁਕਮ ਦਿੱਤਾ ਕਿ ਊਰੀਯਾਹ ਨੂੰ ਜਾਨੋਂ ਮਾਰ ਦਿੱਤਾ ਜਾਵੇ, ਤਾਂ ਡਰ ਦੇ ਮਾਰੇ ਇਹ ਨਬੀ ਮਿਸਰ ਨੂੰ ਭੱਜ ਗਿਆ। ਫਿਰ ਵੀ ਉਸ ਦੀ ਜਾਨ ਨਹੀਂ ਬਚੀ। ਰਾਜੇ ਦੇ ਆਦਮੀਆਂ ਨੇ ਉਸ ਦਾ ਪਿੱਛਾ ਕੀਤਾ, ਉਸ ਨੂੰ ਫੜਿਆ ਤੇ ਉਸ ਨੂੰ ਯਰੂਸ਼ਲਮ ਵਾਪਸ ਲਿਆ ਕੇ ਵੱਢ ਛੱਡਿਆ। ਇਸ ਬਾਰੇ ਸੁਣ ਕੇ ਯਿਰਮਿਯਾਹ ਨੂੰ ਕਿੰਨੀ ਠੇਸ ਪਹੁੰਚੀ ਹੋਵੇਗੀ!—ਯਿਰਮਿਯਾਹ 26:20-23.

9 ਯਿਰਮਿਯਾਹ ਦਾ ਇਕ ਹੋਰ ਸਾਥੀ ਉਸ ਦਾ ਸੈਕਟਰੀ ਬਾਰੂਕ ਸੀ। ਬਾਰੂਕ ਯਿਰਮਿਯਾਹ ਦੀ ਕਾਫ਼ੀ ਮਦਦ ਕਰਦਾ ਸੀ, ਪਰ ਇਕ ਸਮੇਂ ਇੱਦਾਂ ਹੋਇਆ ਕਿ ਪਰਮੇਸ਼ੁਰ ਦੀ ਸੇਵਾ ਵਿਚ ਉਸ ਦਾ ਜੋਸ਼ ਠੰਢਾ ਪੈ ਗਿਆ। ਉਸ ਨੇ ਸ਼ਿਕਾਇਤ ਕੀਤੀ: “ਹਾਇ ਮੇਰੇ ਉੱਤੇ! ਕਿਉਂ ਜੋ ਯਹੋਵਾਹ ਨੇ ਮੇਰੇ ਦੁਖ ਨਾਲ ਝੋਰਾ ਵਧਾ ਦਿੱਤਾ ਹੈ! ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ, ਮੈਨੂੰ ਅਰਾਮ ਨਹੀਂ ਲੱਭਾ।” ਬਾਰੂਕ ਹਿੰਮਤ ਹਾਰ ਬੈਠਾ ਸੀ ਅਤੇ ਉਹ ਪਰਮੇਸ਼ੁਰ ਨੂੰ ਭੁੱਲ ਕੇ ਆਪਣੇ ਬਾਰੇ ਸੋਚਣ ਲੱਗ ਪਿਆ ਸੀ। ਫਿਰ ਵੀ, ਯਹੋਵਾਹ ਨੇ ਬਾਰੂਕ ਨੂੰ ਚੰਗੀ ਸਲਾਹ ਦਿੱਤੀ ਅਤੇ ਉਹ ਸੁਧਰ ਗਿਆ। ਇਸ ਤੋਂ ਬਾਅਦ ਯਹੋਵਾਹ ਨੇ ਉਸ ਨੂੰ ਭਰੋਸਾ ਦਿਲਾਇਆ ਕਿ ਯਰੂਸ਼ਲਮ ਦੇ ਨਾਸ਼ ਵਿੱਚੋਂ ਉਹ ਬਚ ਨਿਕਲੇਗਾ। (ਯਿਰਮਿਯਾਹ 45:1-5) ਯਿਰਮਿਯਾਹ ਨੂੰ ਕਿੰਨੀ ਖ਼ੁਸ਼ੀ ਹੋਈ ਹੋਵੇਗੀ ਜਦ ਬਾਰੂਕ ਫਿਰ ਤੋਂ ਪਰਮੇਸ਼ੁਰ ਦੀ ਸੇਵਾ ਵਿਚ ਜੋਸ਼ੀਲਾ ਬਣਿਆ!

ਯਹੋਵਾਹ ਨੇ ਆਪਣੇ ਨਬੀ ਦਾ ਸਾਥ ਨਹੀਂ ਛੱਡਿਆ

10. ਯਹੋਵਾਹ ਨੇ ਯਿਰਮਿਯਾਹ ਦਾ ਸਾਥ ਦੇਣ ਬਾਰੇ ਕਿਹੜੇ ਵਾਅਦੇ ਕੀਤੇ ਸਨ?

10 ਯਿਰਮਿਯਾਹ ਲਈ ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਯਹੋਵਾਹ ਨੇ ਉਸ ਦਾ ਸਾਥ ਨਹੀਂ ਛੱਡਿਆ। ਯਹੋਵਾਹ ਜਾਣਦਾ ਸੀ ਕਿ ਉਸ ਦੇ ਨਬੀ ਉੱਤੇ ਕੀ ਬੀਤ ਰਹੀ ਸੀ ਤੇ ਉਸ ਨੇ ਉਸ ਨੂੰ ਤਾਕਤ ਬਖ਼ਸ਼ੀ ਤੇ ਸਹਾਰਾ ਦਿੱਤਾ। ਮਿਸਾਲ ਲਈ, ਯਿਰਮਿਯਾਹ ਦੀ ਸੇਵਕਾਈ ਦੇ ਸ਼ੁਰੂ ਵਿਚ ਜਦ ਉਸ ਨੂੰ ਲੱਗਾ ਕਿ ਉਹ ਨਬੀ ਬਣਨ ਦੇ ਕਾਬਲ ਨਹੀਂ ਸੀ, ਤਾਂ ਯਹੋਵਾਹ ਨੇ ਉਸ ਨੂੰ ਕਿਹਾ: “ਓਹਨਾਂ ਦੇ ਅੱਗਿਓਂ ਨਾ ਡਰੀਂ, ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ।” ਫਿਰ, ਆਪਣੇ ਨਬੀ ਨੂੰ ਉਸ ਦੇ ਕੰਮ ਬਾਰੇ ਦੱਸਣ ਤੋਂ ਬਾਅਦ ਯਹੋਵਾਹ ਨੇ ਕਿਹਾ: “ਓਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸੱਕਣਗੇ, ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ।” (ਯਿਰਮਿਯਾਹ 1:8, 19) ਇਨ੍ਹਾਂ ਗੱਲਾਂ ਤੋਂ ਯਿਰਮਿਯਾਹ ਨੂੰ ਕਿੰਨੀ ਤਸੱਲੀ ਮਿਲੀ ਹੋਵੇਗੀ! ਯਹੋਵਾਹ ਆਪਣੇ ਬਚਨ ਦਾ ਪੱਕਾ ਰਿਹਾ ਤੇ ਉਸ ਨੇ ਆਪਣੇ ਨਬੀ ਦਾ ਸਾਥ ਨਹੀਂ ਛੱਡਿਆ।

11. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਹੋਵਾਹ ਨੇ ਯਿਰਮਿਯਾਹ ਦਾ ਸਾਥ ਦੇਣ ਦਾ ਆਪਣਾ ਵਾਅਦਾ ਪੂਰਾ ਕੀਤਾ ਸੀ?

11 ਇਸ ਲਈ, ਯਿਰਮਿਯਾਹ ਨੇ ਕਾਠ ਵਿਚ ਪਾਏ ਜਾਣ ਅਤੇ ਲੋਕਾਂ ਵਿਚ ਬਦਨਾਮ ਹੋਣ ਤੋਂ ਬਾਅਦ ਯਕੀਨ ਨਾਲ ਕਿਹਾ: “ਯਹੋਵਾਹ ਇੱਕ ਡਰਾਉਣੇ ਜੋਧੇ ਵਾਂਙੁ ਮੇਰੇ ਸੰਗ ਹੈ, ਏਸ ਲਈ ਮੇਰੇ ਸਤਾਉਣ ਵਾਲੇ ਠੋਕਰ ਖਾਣਗੇ, ਓਹ ਪਰਬਲ ਨਾ ਪੈ ਸੱਕਣਗੇ! ਓਹ ਬਹੁਤ ਲੱਜਿਆਵਾਨ ਹੋਣਗੇ।” (ਯਿਰਮਿਯਾਹ 20:11) ਬਾਅਦ ਵਿਚ ਜਦ ਯਿਰਮਿਯਾਹ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਤਾਂ ਯਹੋਵਾਹ ਉਸ ਦੇ ਨਾਲ ਸੀ ਅਤੇ ਬਾਰੂਕ ਵਾਂਗ ਯਿਰਮਿਯਾਹ ਵੀ ਯਰੂਸ਼ਲਮ ਦੀ ਤਬਾਹੀ ਵਿੱਚੋਂ ਬਚ ਨਿਕਲਿਆ ਸੀ। ਪਰ ਉਸ ਨੂੰ ਸਤਾਉਣ ਵਾਲੇ ਅਤੇ ਉਸ ਦੀਆਂ ਚੇਤਾਵਨੀਆਂ ਤੋਂ ਮੂੰਹ ਮੋੜਨ ਵਾਲੇ ਜਾਂ ਤਾਂ ਮਾਰੇ ਗਏ, ਜਾਂ ਗ਼ੁਲਾਮਾਂ ਵਜੋਂ ਬਾਬਲ ਨੂੰ ਲਿਜਾਏ ਗਏ।

12. ਭਾਵੇਂ ਕਿ ਹਿੰਮਤ ਹਾਰਨ ਦੇ ਕਈ ਕਾਰਨ ਹਨ, ਪਰ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

12 ਯਿਰਮਿਯਾਹ ਵਾਂਗ ਅੱਜ ਯਹੋਵਾਹ ਦੇ ਬਹੁਤ ਸਾਰੇ ਗਵਾਹਾਂ ਨੂੰ ਦੁੱਖ ਝੱਲਣੇ ਪੈਂਦੇ ਹਨ। ਜਿੱਦਾਂ ਅਸੀਂ ਪਹਿਲਾਂ ਕਿਹਾ ਸੀ ਇਹ ਦੁੱਖ ਇਸ ਲਈ ਆਉਂਦੇ ਹਨ ਕਿਉਂਕਿ ਦੁਨੀਆਂ ਦੀ ਹਾਲਤ ਵਿਗੜਦੀ ਜਾਂਦੀ ਹੈ, ਲੋਕ ਸਾਡੇ ਨਾਲ ਵੈਰ ਰੱਖਦੇ ਹਨ ਅਤੇ ਅਸੀਂ ਵੀ ਪਾਪੀ ਹਾਂ। ਅਜਿਹੀਆਂ ਮੁਸੀਬਤਾਂ ਕਰਕੇ ਸਾਡਾ ਦਿਲ ਢਹਿ ਸਕਦਾ ਹੈ। ਯਿਰਮਿਯਾਹ ਦੀ ਤਰ੍ਹਾਂ ਸ਼ਾਇਦ ਅਸੀਂ ਵੀ ਸੋਚੀਏ ਕਿ ਇਹ ਸਭ ਕੁਝ ਅਸੀਂ ਕਿੱਦਾਂ ਸਹਿ ਸਕਾਂਗੇ। ਹੋ ਸਕਦਾ ਹੈ ਕਿ ਸਮੇਂ-ਸਮੇਂ ਤੇ ਅਸੀਂ ਵੀ ਹੌਸਲਾ ਹਾਰ ਦੇਈਏ। ਅਜਿਹੀ ਘੜੀ ਵਿਚ ਯਹੋਵਾਹ ਲਈ ਸਾਡੇ ਪਿਆਰ ਦਾ ਇਮਤਿਹਾਨ ਲਿਆ ਜਾਂਦਾ ਹੈ। ਤਾਂ ਫਿਰ, ਆਓ ਆਪਾਂ ਠਾਣ ਲਈਏ ਕਿ ਭਾਵੇਂ ਅਸੀਂ ਥੋੜ੍ਹੇ ਸਮੇਂ ਲਈ ਨਿਰਾਸ਼ ਹੋ ਵੀ ਜਾਈਏ, ਪਰ ਊਰੀਯਾਹ ਵਾਂਗ ਅਸੀਂ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡਾਂਗੇ। ਆਓ ਆਪਾਂ ਯਿਰਮਿਯਾਹ ਦੀ ਰੀਸ ਕਰੀਏ ਅਤੇ ਯਕੀਨ ਰੱਖੀਏ ਕਿ ਯਹੋਵਾਹ ਹਮੇਸ਼ਾ ਸਾਡਾ ਸਾਥ ਦੇਵੇਗਾ ਤੇ ਸਾਡੀ ਮਦਦ ਕਰੇਗਾ।

ਹਿੰਮਤ ਨਾ ਹਾਰੋ!

13. ਅਸੀਂ ਯਿਰਮਿਯਾਹ ਤੇ ਦਾਊਦ ਦੀ ਰੀਸ ਕਿਵੇਂ ਕਰ ਸਕਦੇ ਹਾਂ?

13 ਯਿਰਮਿਯਾਹ ਯਹੋਵਾਹ ਪਰਮੇਸ਼ੁਰ ਨੂੰ ਬਾਕਾਇਦਾ ਪ੍ਰਾਰਥਨਾ ਕਰਦਾ ਹੁੰਦਾ ਸੀ। ਉਹ ਆਪਣੇ ਦਿਲ ਦੀ ਸਾਰੀ ਗੱਲ ਕਰਦਾ ਸੀ ਅਤੇ ਉਸ ਕੋਲੋਂ ਤਾਕਤ ਮੰਗਦਾ ਸੀ। ਸਾਡੇ ਲਈ ਇਹ ਇਕ ਚੰਗੀ ਮਿਸਾਲ ਹੈ। ਦਾਊਦ ਵੀ ਯਹੋਵਾਹ ਤੋਂ ਤਾਕਤ ਮੰਗਦਾ ਹੁੰਦਾ ਸੀ। ਉਸ ਨੇ ਲਿਖਿਆ: “ਹੇ ਯਹੋਵਾਹ, ਮੇਰੀਆਂ ਗੱਲਾਂ ਵੱਲ ਕੰਨ ਲਾ, ਅਤੇ ਮੇਰੀ ਹੂੰਗਣ ਉੱਤੇ ਧਿਆਨ ਕਰ। ਹੇ ਮੇਰੇ ਪਾਤਸ਼ਾਹ, ਹੇ ਮੇਰੇ ਪਰਮੇਸ਼ੁਰ, ਮੇਰੀ ਦੁਹਾਈ ਦੀ ਅਵਾਜ਼ ਸੁਣ, ਕਿਉਂ ਜੋ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ।” (ਜ਼ਬੂਰਾਂ ਦੀ ਪੋਥੀ 5:1, 2) ਬਾਈਬਲ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਦਾਊਦ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਵਾਰ-ਵਾਰ ਉਸ ਦੀ ਮਦਦ ਕੀਤੀ ਸੀ। (ਜ਼ਬੂਰਾਂ ਦੀ ਪੋਥੀ 18:1, 2; 21:1-5) ਇਸੇ ਤਰ੍ਹਾਂ ਜਦ ਅਸੀਂ ਹਰ ਪਾਸਿਓਂ ਦੱਬੇ ਹੋਏ ਮਹਿਸੂਸ ਕਰਦੇ ਹਾਂ, ਜਾਂ ਸਾਡੀਆਂ ਮੁਸ਼ਕਲਾਂ ਪਹਾੜ ਜਿੱਡੀਆਂ ਲੱਗਦੀਆਂ ਹਨ, ਤਾਂ ਸਾਨੂੰ ਇਨ੍ਹਾਂ ਬਾਰੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਿਸ ਤੋਂ ਸਾਨੂੰ ਬਹੁਤ ਦਿਲਾਸਾ ਮਿਲੇਗਾ। (ਫ਼ਿਲਿੱਪੀਆਂ 4:6, 7; 1 ਥੱਸਲੁਨੀਕੀਆਂ 5:16-18) ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਜ਼ਰੂਰ ਸੁਣਦਾ ਹੈ ਅਤੇ ਉਹ ਸਾਨੂੰ ਭਰੋਸਾ ਦਿਲਾਉਂਦਾ ਹੈ ਕਿ ‘ਉਹ ਨੂੰ ਸਾਡਾ ਫ਼ਿਕਰ ਹੈ।’ (1 ਪਤਰਸ 5:6, 7) ਪਰ ਪ੍ਰਾਰਥਨਾ ਕਰਨ ਤੋਂ ਬਾਅਦ ਸਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਯਹੋਵਾਹ ਕਹਿੰਦਾ ਹੈ।

14. ਯਿਰਮਿਯਾਹ ਉੱਤੇ ਪਰਮੇਸ਼ੁਰ ਦੀਆਂ ਗੱਲਾਂ ਦਾ ਕੀ ਅਸਰ ਪਿਆ ਸੀ?

14 ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ? ਜ਼ਰਾ ਯਿਰਮਿਯਾਹ ਬਾਰੇ ਸੋਚੋ। ਉਹ ਯਹੋਵਾਹ ਦਾ ਨਬੀ ਸੀ, ਇਸ ਲਈ ਯਹੋਵਾਹ ਆਪ ਉਸ ਨਾਲ ਗੱਲਬਾਤ ਕਰਦਾ ਸੀ। ਯਿਰਮਿਯਾਹ ਨੇ ਦੱਸਿਆ ਕਿ ਉਸ ਦੇ ਦਿਲ ਤੇ ਪਰਮੇਸ਼ੁਰ ਦੀਆਂ ਗੱਲਾਂ ਦਾ ਕੀ ਅਸਰ ਪਿਆ: “ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਨ੍ਹਾਂ ਨੂੰ ਖਾ ਲਿਆ, ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ, ਅਤੇ ਮੇਰੇ ਦਿਲ ਦਾ ਅਨੰਦ ਸਨ, ਕਿਉਂ ਜੋ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ।” (ਯਿਰਮਿਯਾਹ 15:16) ਜੀ ਹਾਂ, ਯਿਰਮਿਯਾਹ ਖ਼ੁਸ਼ ਸੀ ਕਿ ਉਹ ਯਹੋਵਾਹ ਦੇ ਨਾਮ ਦਾ ਅਖਵਾਇਆ ਗਿਆ ਸੀ ਅਤੇ ਪਰਮੇਸ਼ੁਰ ਦੀਆਂ ਗੱਲਾਂ ਉਸ ਲਈ ਬਹੁਤ ਕੀਮਤੀ ਸਨ। ਇਸ ਲਈ ਉਹ ਪਰਮੇਸ਼ੁਰ ਤੋਂ ਮਿਲਿਆ ਸੰਦੇਸ਼ ਲੋਕਾਂ ਨੂੰ ਸੁਣਾਉਣਾ ਚਾਹੁੰਦਾ ਸੀ। ਪੌਲੁਸ ਰਸੂਲ ਨੇ ਵੀ ਇਸੇ ਤਰ੍ਹਾਂ ਮਹਿਸੂਸ ਕੀਤਾ ਸੀ।—ਰੋਮੀਆਂ 1:15, 16.

15. ਅਸੀਂ ਯਹੋਵਾਹ ਦੀਆਂ ਗੱਲਾਂ ਆਪਣੇ ਦਿਲ ਵਿਚ ਕਿਵੇਂ ਬਿਠਾ ਸਕਦੇ ਹਾਂ ਅਤੇ ਕਿਨ੍ਹਾਂ ਗੱਲਾਂ ਕਰਕੇ ਅਸੀਂ ਚੁੱਪ ਨਹੀਂ ਰਹਿ ਸਕਦੇ?

15 ਅੱਜ ਯਹੋਵਾਹ ਆਪ ਕਿਸੇ ਨਾਲ ਗੱਲ ਨਹੀਂ ਕਰਦਾ। ਪਰ ਅਸੀਂ ਬਾਈਬਲ ਵਿਚ ਉਸ ਦੀਆਂ ਗੱਲਾਂ ਜ਼ਰੂਰ ਪੜ੍ਹ ਸਕਦੇ ਹਾਂ। ਤਾਂ ਫਿਰ, ਜੇ ਅਸੀਂ ਬਾਈਬਲ ਦਾ ਚੰਗੀ ਤਰ੍ਹਾਂ ਅਧਿਐਨ ਕਰ ਕੇ ਉਸ ਉੱਤੇ ਮਨਨ ਕਰੀਏ, ਤਾਂ ਪਰਮੇਸ਼ੁਰ ਦੀਆਂ ਗੱਲਾਂ ਸਾਡੇ ਲਈ ਵੀ ‘ਖੁਸ਼ੀ ਅਤੇ ਦਿਲ ਦਾ ਅਨੰਦ’ ਹੋਣਗੀਆਂ। ਇਸ ਦੇ ਨਾਲ-ਨਾਲ, ਅਸੀਂ ਖ਼ੁਸ਼ ਹੋ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਨਾਮ ਤੋਂ ਜਾਣੇ ਜਾਂਦੇ ਹਾਂ ਅਤੇ ਦੂਸਰਿਆਂ ਨੂੰ ਉਸ ਦੀਆਂ ਗੱਲਾਂ ਦੱਸਦੇ ਹਾਂ। ਸਾਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਕਿ ਦੁਨੀਆਂ ਵਿਚ ਸਾਨੂੰ ਹੀ ਯਹੋਵਾਹ ਦਾ ਨਾਮ ਐਲਾਨ ਕਰਨ ਦਾ ਸਨਮਾਨ ਮਿਲਿਆ ਹੈ। ਸਿਰਫ਼ ਯਹੋਵਾਹ ਦੇ ਗਵਾਹ ਹੀ ਪਰਮੇਸ਼ੁਰ ਦੇ ਸਥਾਪਿਤ ਹੋਏ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਨ ਅਤੇ ਹਲੀਮ ਲੋਕਾਂ ਨੂੰ ਯਿਸੂ ਮਸੀਹ ਦੇ ਚੇਲੇ ਬਣਨਾ ਸਿਖਾਉਂਦੇ ਹਨ। (ਮੱਤੀ 28:19, 20) ਅਸੀਂ ਕਿੰਨੇ ਮੁਬਾਰਕ ਲੋਕ ਹਾਂ! ਜਦ ਯਹੋਵਾਹ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ, ਤਾਂ ਅਸੀਂ ਚੁੱਪ ਕਿਸ ਤਰ੍ਹਾਂ ਰਹਿ ਸਕਦੇ ਹਾਂ?

ਆਓ ਆਪਾਂ ਆਪਣੀ ਸੰਗਤ ਬਾਰੇ ਸਾਵਧਾਨ ਰਹੀਏ

16, 17. ਸੰਗਤ ਰੱਖਣ ਬਾਰੇ ਯਿਰਮਿਯਾਹ ਦਾ ਕੀ ਨਜ਼ਰੀਆ ਸੀ ਅਤੇ ਅਸੀਂ ਉਸ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ?

16 ਯਿਰਮਿਯਾਹ ਨੇ ਸਾਨੂੰ ਇਕ ਹੋਰ ਚੀਜ਼ ਬਾਰੇ ਵੀ ਦੱਸਿਆ ਜਿਸ ਕਰਕੇ ਉਹ ਹਿੰਮਤੀ ਬਣ ਸਕਿਆ ਸੀ। ਉਸ ਨੇ ਕਿਹਾ: “ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ, ਨਾ ਮੈਂ ਚੋਹਲ ਕੀਤਾ। ਮੈਂ ਇਕੱਲਾ ਬੈਠਾ ਰਿਹਾ ਕਿਉਂ ਜੋ ਤੇਰਾ ਹੱਥ ਮੇਰੇ ਉੱਤੇ ਸੀ, ਤੈਂ ਆਪਣੇ ਗਜ਼ਬ ਨਾਲ ਮੈਨੂੰ ਭਰ ਦਿੱਤਾ ਸੀ।” (ਯਿਰਮਿਯਾਹ 15:17) ਯਿਰਮਿਯਾਹ ਨੇ ਬੁਰੀ ਸੰਗਤ ਰੱਖਣ ਦੀ ਬਜਾਇ ਇਕੱਲਾ ਬੈਠਣਾ ਪਸੰਦ ਕੀਤਾ। ਸਾਨੂੰ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਸਾਨੂੰ ਪੌਲੁਸ ਰਸੂਲ ਦੀ ਚੇਤਾਵਨੀ ਯਾਦ ਰੱਖਣੀ ਚਾਹੀਦੀ ਹੈ ਕਿ “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” ਜੇ ਅਸੀਂ ਸਾਵਧਾਨ ਨਾ ਰਹੀਏ, ਤਾਂ ਸਾਡੀਆਂ ਕਈ ਸਾਲਾਂ ਦੀਆਂ ਚੰਗੀਆਂ ਆਦਤਾਂ ਵੀ ਵਿਗੜ ਸਕਦੀਆਂ ਹਨ।—1 ਕੁਰਿੰਥੀਆਂ 15:33.

17 ਬੁਰੀਆਂ ਸੰਗਤਾਂ ਰਾਹੀਂ ਸਾਨੂੰ ਦੁਨੀਆਂ ਦੀ ਮਾੜੀ ਹਵਾ ਲੱਗ ਸਕਦੀ ਹੈ। (1 ਕੁਰਿੰਥੀਆਂ 2:12; ਅਫ਼ਸੀਆਂ 2:2; ਯਾਕੂਬ 4:4) ਤਾਂ ਫਿਰ, ਆਓ ਆਪਾਂ ਆਪਣੀਆਂ ਗਿਆਨ ਇੰਦਰੀਆਂ ਨੂੰ ਬੁਰੀਆਂ ਸੰਗਤਾਂ ਦੀ ਪਛਾਣ ਕਰਨੀ ਸਿਖਾਈਏ ਤਾਂਕਿ ਅਸੀਂ ਉਨ੍ਹਾਂ ਤੋਂ ਦੂਰ ਰਹਿ ਸਕੀਏ। (ਇਬਰਾਨੀਆਂ 5:14) ਜੇ ਪੌਲੁਸ ਅੱਜ ਜ਼ਿੰਦਾ ਹੁੰਦਾ, ਤਾਂ ਤੁਹਾਡੇ ਖ਼ਿਆਲ ਵਿਚ ਉਹ ਉਸ ਮਸੀਹੀ ਨੂੰ ਕੀ ਕਹਿੰਦਾ ਜੋ ਗੰਦੀਆਂ ਫ਼ਿਲਮਾਂ ਜਾਂ ਖ਼ੂਨ-ਖ਼ਰਾਬਾ ਦਿਖਾਉਣ ਵਾਲੀਆਂ ਫ਼ਿਲਮਾਂ ਜਾਂ ਹਿੰਸਾ-ਭਰੀਆਂ ਖੇਡਾਂ ਦੇਖਦਾ ਹੈ? ਉਹ ਉਸ ਭਰਾ ਨੂੰ ਕੀ ਸਲਾਹ ਦਿੰਦਾ ਜੋ ਇੰਟਰਨੈੱਟ ਰਾਹੀਂ ਅਜਨਬੀਆਂ ਨਾਲ ਦੋਸਤੀ ਕਰ ਰਿਹਾ ਹੈ? ਉਹ ਉਸ ਮਸੀਹੀ ਬਾਰੇ ਕੀ ਸੋਚਦਾ ਜੋ ਵਿਡਿਓ-ਗੇਮਾਂ ਖੇਡਣ ਜਾਂ ਟੈਲੀਵਿਯਨ ਦੇਖਣ ਲਈ ਕਈ ਘੰਟੇ ਬਰਬਾਦ ਕਰਦਾ ਹੈ, ਪਰ ਬਾਈਬਲ ਦਾ ਅਧਿਐਨ ਕਰਨ ਲਈ ਸਮਾਂ ਨਹੀਂ ਕੱਢਦਾ?—2 ਕੁਰਿੰਥੀਆਂ 6:14ਅ; ਅਫ਼ਸੀਆਂ 5:3-5, 15, 16.

ਯਹੋਵਾਹ ਦੀ ਸੇਵਾ ਕਰਦੇ ਰਹੋ

18. ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਲਈ ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ?

18 ਅਸੀਂ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਬਹੁਤ ਖ਼ੁਸ਼ ਹਾਂ। ਇਸ ਖ਼ੁਸ਼ੀ ਦੇ ਬਰਾਬਰ ਦੁਨੀਆਂ ਵਿਚ ਹੋਰ ਕੁਝ ਨਹੀਂ ਹੈ। ਬਾਹਰਲੇ ਲੋਕ ਵੀ ਦੇਖਦੇ ਹਨ ਕਿ ਅਸੀਂ ਇਕ-ਦੂਜੇ ਨਾਲ ਪਿਆਰ ਤੇ ਦਿਆਲਗੀ ਨਾਲ ਪੇਸ਼ ਆਉਂਦੇ ਹਾਂ ਅਤੇ ਇਕ-ਦੂਜੇ ਦਾ ਆਦਰ ਕਰਦੇ ਹਾਂ। (ਅਫ਼ਸੀਆਂ 4:31, 32) ਇਸ ਲਈ ਆਓ ਆਪਾਂ ਕਦੇ ਵੀ ਹਿੰਮਤ ਨਾ ਹਾਰੀਏ। ਚੰਗੀ ਸੰਗਤ ਰੱਖ ਕੇ, ਪ੍ਰਾਰਥਨਾ ਅਤੇ ਬਾਈਬਲ ਦਾ ਅਧਿਐਨ ਕਰ ਕੇ ਸਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਦੀ ਮਦਦ ਮਿਲੇਗੀ। ਫਿਰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖ ਕੇ ਅਸੀਂ ਹਰ ਮੁਸੀਬਤ ਦਾ ਸਾਮ੍ਹਣਾ ਕਰ ਸਕਾਂਗੇ।—2 ਕੁਰਿੰਥੀਆਂ 4:7, 8.

19, 20. (ੳ) ਅਸੀਂ ਯਹੋਵਾਹ ਦੀ ਸੇਵਾ ਵਿਚ ਕਿਸ ਤਰ੍ਹਾਂ ਲੱਗੇ ਰਹਿ ਸਕਦੇ ਹਾਂ? (ਅ) ਅਗਲਾ ਲੇਖ ਕਿਨ੍ਹਾਂ ਲਈ ਲਿਖਿਆ ਗਿਆ ਹੈ ਅਤੇ ਹੋਰ ਕਿਨ੍ਹਾਂ ਨੂੰ ਇਸ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ?

19 ਕਈ ਲੋਕ ਬਾਈਬਲ ਵਿੱਚੋਂ ਸਾਡੇ ਸੰਦੇਸ਼ ਨੂੰ ਸੁਣਨਾ ਪਸੰਦ ਨਹੀਂ ਕਰਦੇ ਹਨ। ਪਰ ਸਾਨੂੰ ਉਨ੍ਹਾਂ ਲੋਕਾਂ ਕਰਕੇ ਨਾ ਕਦੀ ਡਰਨਾ ਚਾਹੀਦਾ ਹੈ ਤੇ ਨਾ ਹੀ ਆਪਣੀ ਨਿਹਚਾ ਦਾ ਸਮਝੌਤਾ ਕਰਨਾ ਚਾਹੀਦਾ ਹੈ। ਯਿਰਮਿਯਾਹ ਦਾ ਵਿਰੋਧ ਕਰਨ ਵਾਲਿਆਂ ਦੀ ਤਰ੍ਹਾਂ ਜਿਹੜੇ ਲੋਕ ਸਾਡੇ ਨਾਲ ਲੜਦੇ ਹਨ ਉਹ ਅਸਲ ਵਿਚ ਪਰਮੇਸ਼ੁਰ ਨਾਲ ਲੜ ਰਹੇ ਹਨ। ਉਹ ਜਿੱਤ ਨਹੀਂ ਸਕਦੇ। ਯਹੋਵਾਹ ਸਾਡੇ ਵੈਰੀਆਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ ਅਤੇ ਉਹ ਸਾਨੂੰ ਕਹਿੰਦਾ ਹੈ: “ਯਹੋਵਾਹ ਨੂੰ ਉਡੀਕ, ਤਕੜਾ ਹੋ ਅਤੇ ਤੇਰਾ ਮਨ ਦਿਲੇਰ ਹੋਵੇ, ਹਾਂ, ਯਹੋਵਾਹ ਨੂੰ ਹੀ ਉਡੀਕ!” (ਜ਼ਬੂਰਾਂ ਦੀ ਪੋਥੀ 27:14) ਆਓ ਆਪਾਂ ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ ਕੇ ਠਾਣ ਲਈਏ ਕਿ ਅਸੀਂ ਉਸ ਦੀ ਸੇਵਾ ਵਿਚ ਕਦੀ ਵੀ ਪਿੱਛੇ ਨਹੀਂ ਹਟਾਂਗੇ। ਆਓ ਆਪਾਂ ਪੂਰਾ ਭਰੋਸਾ ਰੱਖੀਏ ਕਿ ਯਿਰਮਿਯਾਹ ਤੇ ਬਾਰੂਕ ਵਾਂਗ ਜੇ ਅਸੀਂ ਹੌਸਲਾ ਨਾ ਹਾਰੀਏ ਤਾਂ ਅਸੀਂ ਵੇਲੇ ਸਿਰ ਵੱਢਾਂਗੇ।—ਗਲਾਤੀਆਂ 6:9.

20 ਕਈਆਂ ਮਸੀਹੀਆਂ ਲਈ ਹਿੰਮਤੀ ਬਣੇ ਰਹਿਣਾ ਇਕ ਚੁਣੌਤੀ ਹੈ। ਨੌਜਵਾਨ ਮਸੀਹੀ ਵੀ ਖ਼ਾਸ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ। ਪਰ ਉਨ੍ਹਾਂ ਕੋਲ ਯਹੋਵਾਹ ਦੀ ਸੇਵਾ ਵਿਚ ਬਹੁਤ ਕੁਝ ਕਰਨ ਦੇ ਮੌਕੇ ਵੀ ਹੁੰਦੇ ਹਨ। ਅਗਲਾ ਲੇਖ ਖ਼ਾਸ ਕਰਕੇ ਨੌਜਵਾਨਾਂ ਲਈ ਲਿਖਿਆ ਗਿਆ ਹੈ। ਇਹ ਲੇਖ ਮਾਪਿਆਂ ਅਤੇ ਕਲੀਸਿਯਾ ਵਿਚ ਸਿਆਣੇ ਭੈਣਾਂ-ਭਰਾਵਾਂ ਲਈ ਵੀ ਦਿਲਚਸਪ ਹੋਵੇਗਾ ਜੋ ਆਪਣੀ ਕਹਿਣੀ ਤੇ ਕਰਨੀ ਰਾਹੀਂ ਕਲੀਸਿਯਾ ਵਿਚ ਨੌਜਵਾਨਾਂ ਦੀ ਮਦਦ ਕਰ ਸਕਦੇ ਹਨ।

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• ਸਾਨੂੰ ਮੁਸ਼ਕਲਾਂ ਕਿਉਂ ਸਹਿਣੀਆਂ ਪੈਂਦੀਆਂ ਹਨ ਅਤੇ ਸਾਨੂੰ ਮਦਦ ਕਿਸ ਤੋਂ ਮਿਲ ਸਕਦੀ ਹੈ?

• ਭਾਵੇਂ ਯਿਰਮਿਯਾਹ ਦਾ ਕੰਮ ਮੁਸ਼ਕਲ ਸੀ, ਫਿਰ ਵੀ ਉਹ ਹਿੰਮਤੀ ਕਿਵੇਂ ਬਣਿਆ?

• ਮੁਸ਼ਕਲਾਂ ਦੇ ਬਾਵਜੂਦ ਸਾਡੇ ਦਿਲ ‘ਖੁਸ਼ ਅਤੇ ਅਨੰਦ’ ਕਿਵੇਂ ਹੋ ਸਕਦੇ ਹਨ?

[ਸਵਾਲ]

[ਸਫ਼ੇ 9 ਉੱਤੇ ਤਸਵੀਰ]

ਜਵਾਨ ਹੋਣ ਕਰਕੇ ਯਿਰਮਿਯਾਹ ਨੇ ਸੋਚਿਆ ਕਿ ਉਹ ਨਬੀ ਬਣਨ ਦੇ ਕਾਬਲ ਨਹੀਂ ਸੀ

[ਸਫ਼ੇ 10 ਉੱਤੇ ਤਸਵੀਰ]

ਸਤਾਏ ਜਾਣ ਵੇਲੇ ਯਿਰਮਿਯਾਹ ਜਾਣਦਾ ਸੀ ਕਿ ਯਹੋਵਾਹ “ਇੱਕ ਡਰਾਉਣੇ ਜੋਧੇ ਵਾਂਙੁ” ਉਸ ਦੇ ਨਾਲ ਸੀ