Skip to content

Skip to table of contents

ਤੁਸੀਂ ਰੱਬ ਨੂੰ ਖ਼ੁਸ਼ ਕਰ ਸਕਦੇ ਹੋ

ਤੁਸੀਂ ਰੱਬ ਨੂੰ ਖ਼ੁਸ਼ ਕਰ ਸਕਦੇ ਹੋ

ਤੁਸੀਂ ਰੱਬ ਨੂੰ ਖ਼ੁਸ਼ ਕਰ ਸਕਦੇ ਹੋ

ਕੀ ਸਾਡੇ ਕੰਮਾਂ ਦਾ ਰੱਬ ਉੱਤੇ ਅਸਰ ਪੈਂਦਾ ਹੈ? ਕੀ ਉਹ ਕਦੇ ਖ਼ੁਸ਼ੀ ਮਹਿਸੂਸ ਕਰਦਾ ਹੈ? ਰੱਬ ਨੂੰ “ਪਰਮ ਸੱਚਾਈ” ਕਿਹਾ ਜਾਂਦਾ ਹੈ। ਕੀ ਇਹ ਪਰਮ ਸੱਚਾਈ ਕੇਵਲ ਇਕ ਸ਼ਕਤੀ ਹੈ? ਜੇ ਰੱਬ ਸ਼ਕਤੀ ਹੈ, ਤਾਂ ਫਿਰ ਉਹ ਖ਼ੁਸ਼ੀ ਕਿਵੇਂ ਮਹਿਸੂਸ ਕਰ ਸਕਦਾ ਹੈ? ਪਰ ਆਓ ਆਪਾਂ ਦੇਖੀਏ ਕਿ ਬਾਈਬਲ ਪਰਮੇਸ਼ੁਰ ਬਾਰੇ ਕੀ ਕਹਿੰਦੀ ਹੈ।

“ਪਰਮੇਸ਼ੁਰ ਆਤਮਾ ਹੈ,” ਯਿਸੂ ਮਸੀਹ ਨੇ ਕਿਹਾ। (ਯੂਹੰਨਾ 4:24) ਆਤਮਾ ਦਾ ਸਰੀਰ ਹੱਡ-ਮਾਸ ਦਾ ਨਹੀਂ ਬਣਿਆ ਹੁੰਦਾ ਇਸ ਲਈ ਅਸੀਂ ਇਸ ਨੂੰ ਦੇਖ ਨਹੀਂ ਸਕਦੇ। ਪਰ ਇਸ ਦਾ ਸਰੀਰ ਜ਼ਰੂਰ ਹੁੰਦਾ ਹੈ। ਬਾਈਬਲ ਇਸ ਨੂੰ “ਆਤਮਕ ਸਰੀਰ” ਕਹਿੰਦੀ ਹੈ। (1 ਕੁਰਿੰਥੀਆਂ 15:44; ਯੂਹੰਨਾ 1:18) ਲਾਖਣਿਕ ਭਾਸ਼ਾ ਵਰਤਦੇ ਹੋਏ ਬਾਈਬਲ ਪਰਮੇਸ਼ੁਰ ਦੀਆਂ ਅੱਖਾਂ, ਕੰਨਾਂ, ਹੱਥਾਂ ਆਦਿ ਦਾ ਜ਼ਿਕਰ ਕਰਦੀ ਹੈ। * ਪਰਮੇਸ਼ੁਰ ਦਾ ਨਾਂ ਵੀ ਹੈ। ਉਸ ਦਾ ਨਾਂ ਹੈ ਯਹੋਵਾਹ। (ਜ਼ਬੂਰਾਂ ਦੀ ਪੋਥੀ 83:18) ਇਨ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿਚਲਾ ਪਰਮੇਸ਼ੁਰ ਇਕ ਅਸਲੀ ਆਤਮਿਕ ਹਸਤੀ ਹੈ। (ਇਬਰਾਨੀਆਂ 9:24) “ਉਹ ਜੀਉਂਦਾ ਪਰਮੇਸ਼ੁਰ ਅਤੇ ਸਦੀਪ ਕਾਲ ਦਾ ਪਾਤਸ਼ਾਹ ਹੈ।”—ਯਿਰਮਿਯਾਹ 10:10.

ਜੀਉਂਦਾ ਪਰਮੇਸ਼ੁਰ ਹੋਣ ਕਰਕੇ ਯਹੋਵਾਹ ਵਿਚ ਸੋਚਣ ਅਤੇ ਕੰਮ ਕਰਨ ਦੀ ਕਾਬਲੀਅਤ ਹੈ। ਉਹ ਗੁਣਾਂ ਨਾਲ ਭਰਪੂਰ ਪਰਮੇਸ਼ੁਰ ਹੈ। ਉਸ ਦੀਆਂ ਭਾਵਨਾਵਾਂ ਅਤੇ ਪਸੰਦ-ਨਾਪਸੰਦ ਹਨ। ਬਾਈਬਲ ਵਿਚ ਬਹੁਤ ਵਾਰ ਦੱਸਿਆ ਗਿਆ ਹੈ ਕਿ ਕਿਨ੍ਹਾਂ ਗੱਲਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ ਅਤੇ ਕਿਨ੍ਹਾਂ ਤੋਂ ਨਾਰਾਜ਼। ਇਨਸਾਨਾਂ ਦੇ ਹੱਥਾਂ ਦੇ ਬਣੇ ਦੇਵੀ-ਦੇਵਤਿਆਂ ਵਿਚ ਉਹੋ ਗੁਣ ਅਤੇ ਭਾਵਨਾਵਾਂ ਦਰਸਾਈਆਂ ਜਾਂਦੀਆਂ ਹਨ ਜੋ ਖ਼ੁਦ ਇਨਸਾਨਾਂ ਵਿਚ ਹੁੰਦੀਆਂ ਹਨ। ਪਰ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨਾਲ ਇੱਦਾਂ ਨਹੀਂ ਹੈ, ਸਗੋਂ ਉਸ ਨੇ ਇਨਸਾਨਾਂ ਨੂੰ ਆਪਣੇ ਸਰੂਪ ਉੱਤੇ ਬਣਾਇਆ ਸੀ। ਉਸ ਨੇ ਇਨਸਾਨਾਂ ਵਿਚ ਉਹ ਭਾਵਨਾਵਾਂ ਪਾਈਆਂ ਜੋ ਆਪ ਉਸ ਵਿਚ ਹਨ।—ਉਤਪਤ 1:27; ਯਸਾਯਾਹ 44:7-11.

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਯਹੋਵਾਹ “ਪਰਮਧੰਨ” ਯਾਨੀ ਖ਼ੁਸ਼ਦਿਲ ਪਰਮੇਸ਼ੁਰ ਹੈ। (1 ਤਿਮੋਥਿਉਸ 1:11) ਉਹ ਨਾ ਕੇਵਲ ਆਪਣੀ ਸ੍ਰਿਸ਼ਟੀ ਨੂੰ ਦੇਖ ਕੇ ਖ਼ੁਸ਼ ਹੁੰਦਾ ਹੈ, ਸਗੋਂ ਆਪਣਾ ਮਕਸਦ ਪੂਰਾ ਕਰ ਕੇ ਵੀ ਆਨੰਦਿਤ ਹੁੰਦਾ ਹੈ। ਆਪਣੇ ਨਬੀ ਯਸਾਯਾਹ ਰਾਹੀਂ ਯਹੋਵਾਹ ਨੇ ਕਿਹਾ ਸੀ: “ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ। . . . ਮੈਂ ਬੋਲਿਆ ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ।” (ਯਸਾਯਾਹ 46:9-11) ਜ਼ਬੂਰਾਂ ਦੇ ਲਿਖਾਰੀ ਨੇ ਗੀਤ ਦੇ ਇਹ ਬੋਲ ਗਾਏ ਸਨ: “ਯਹੋਵਾਹ ਆਪਣੇ ਕੰਮਾਂ ਤੋਂ ਅਨੰਦ ਹੋਵੇ।” (ਜ਼ਬੂਰਾਂ ਦੀ ਪੋਥੀ 104:31) ਪਰ ਪਰਮੇਸ਼ੁਰ ਇਕ ਹੋਰ ਚੀਜ਼ ਤੋਂ ਵੀ ਬਹੁਤ ਖ਼ੁਸ਼ ਹੁੰਦਾ ਹੈ। ਉਹ ਕਹਿੰਦਾ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ।” (ਕਹਾਉਤਾਂ 27:11) ਜ਼ਰਾ ਸੋਚੋ ਕਿ ਇਹ ਆਇਤ ਸਾਡੇ ਲਈ ਕੀ ਮਾਅਨੇ ਰੱਖਦੀ ਹੈ। ਜੀ ਹਾਂ, ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦੇ ਹਾਂ!

ਪਰਮੇਸ਼ੁਰ ਦੇ ਜੀਅ ਨੂੰ ਆਨੰਦਿਤ ਕਰਨਾ

ਪੁਰਾਣੇ ਸਮੇਂ ਦੇ ਇਕ ਆਦਮੀ ਨੂਹ ਉੱਤੇ ਗੌਰ ਕਰੋ ਕਿ ਉਸ ਨੇ ਯਹੋਵਾਹ ਦੇ ਜੀਅ ਨੂੰ ਕਿਵੇਂ ਖ਼ੁਸ਼ ਕੀਤਾ ਸੀ। “ਪ੍ਰਭੂ ਨੂੰ ਨੂਹ ਬਹੁਤ ਚੰਗਾ ਲਗਾ” ਕਿਉਂਕਿ ਉਹ “ਆਪਣੇ ਲੋਕਾਂ ਵਿਚ ਨਿਹਕਲੰਕ ਸੀ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਸ ਸਮੇਂ ਦੇ ਬੁਰੇ ਲੋਕਾਂ ਦੀ ਤੁਲਨਾ ਵਿਚ ਪਰਮੇਸ਼ੁਰ ਨੂਹ ਦੀ ਨਿਹਚਾ ਅਤੇ ਆਗਿਆਕਾਰੀ ਦੇਖ ਕੇ ਬਹੁਤ ਖ਼ੁਸ਼ ਸੀ। ਇਸ ਲਈ ਇਹ ਕਿਹਾ ਜਾ ਸਕਦਾ ਸੀ ਕਿ “ਨੂਹ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।” (ਉਤਪਤ 6:6, 8, 9, 22) “ਨਿਹਚਾ ਨਾਲ ਨੂਹ ਨੇ . . . ਆਪਣੇ ਘਰ ਦੇ ਬਚਾਉ ਲਈ ਕਿਸ਼ਤੀ ਬਣਾਈ।” (ਇਬਰਾਨੀਆਂ 11:7) ਯਹੋਵਾਹ ਨੂਹ ਤੋਂ ਬਹੁਤ ਖ਼ੁਸ਼ ਸੀ। ਜਦੋਂ ਯਹੋਵਾਹ ਨੇ ਉਨ੍ਹੀਂ ਦਿਨੀਂ ਜਲ-ਪਰਲੋ ਲਿਆ ਕੇ ਬੁਰੀ ਦੁਨੀਆਂ ਨੂੰ ਨਾਸ਼ ਕੀਤਾ, ਤਾਂ ਉਸ ਨੇ ਨੂਹ ਤੇ ਉਸ ਦੇ ਪਰਿਵਾਰ ਨੂੰ ਬਚਾਈ ਰੱਖਿਆ।

ਅਬਰਾਹਾਮ ਵੀ ਯਹੋਵਾਹ ਦੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਉਹ ਪਰਮੇਸ਼ੁਰ ਦੇ ਵਿਚਾਰਾਂ ਤੋਂ ਵਾਕਫ਼ ਸੀ। ਇਸ ਲਈ ਜਦੋਂ ਯਹੋਵਾਹ ਨੇ ਉਸ ਨੂੰ ਦੱਸਿਆ ਕਿ ਉਹ ਬੁਰਾਈ ਨਾਲ ਭਰੇ ਸਦੂਮ ਤੇ ਅਮੂਰਾਹ ਨਗਰਾਂ ਨੂੰ ਨਾਸ਼ ਕਰਨ ਵਾਲਾ ਸੀ, ਤਾਂ ਅਬਰਾਹਾਮ ਨੇ ਸਹੀ ਸਿੱਟਾ ਕੱਢਿਆ ਕਿ ਇਹ “ਸੰਭਵ ਨਹੀਂ” ਸੀ ਕਿ ਪਰਮੇਸ਼ੁਰ ਦੁਸ਼ਟਾਂ ਦੇ ਨਾਲ-ਨਾਲ ਚੰਗਿਆਂ ਨੂੰ ਮਾਰ ਮੁਕਾਵੇ। (ਉਤਪਤ 18:17-33, ਨਵਾਂ ਅਨੁਵਾਦ) ਕਈ ਸਾਲਾਂ ਬਾਅਦ ਪਰਮੇਸ਼ੁਰ ਦਾ ਹੁਕਮ ਹੋਣ ਤੇ ਅਬਰਾਹਾਮ ਆਪਣੇ ਪੁੱਤਰ ਇਸਹਾਕ ਦੀ ਬਲੀ “ਚੜ੍ਹਾਉਣ ਲੱਗਾ” ਸੀ ਕਿਉਂਕਿ “ਉਹ ਨੇ ਵਿਚਾਰ ਕੀਤਾ ਜੋ ਪਰਮੇਸ਼ੁਰ ਮੁਰਦਿਆਂ ਵਿੱਚੋਂ ਭੀ ਉਠਾਲਣ ਨੂੰ ਸਮਰਥ ਹੈ।” (ਇਬਰਾਨੀਆਂ 11:17-19; ਉਤਪਤ 22:1-18) ਅਬਰਾਹਾਮ ਪਰਮੇਸ਼ੁਰ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਉਸ ਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਸੀ ਅਤੇ ਉਸ ਦਾ ਹਰ ਹੁਕਮ ਮੰਨਦਾ ਸੀ। ਇਸੇ ਲਈ “ਉਹ ਪਰਮੇਸ਼ੁਰ ਦਾ ਮਿੱਤਰ ਸਦਾਇਆ।”—ਯਾਕੂਬ 2:23.

ਇਕ ਹੋਰ ਆਦਮੀ ਜਿਸ ਨੇ ਪਰਮੇਸ਼ੁਰ ਦੇ ਜੀਅ ਨੂੰ ਖ਼ੁਸ਼ ਕੀਤਾ, ਉਹ ਸੀ ਪ੍ਰਾਚੀਨ ਇਸਰਾਏਲ ਦਾ ਰਾਜਾ ਦਾਊਦ। ਉਸ ਬਾਰੇ ਯਹੋਵਾਹ ਨੇ ਕਿਹਾ: “ਮੈਂ ਯੱਸੀ ਦੇ ਪੁੱਤ੍ਰ ਦਾਊਦ ਨੂੰ ਆਪਣੇ ਮਨ ਭਾਉਂਦਾ ਇੱਕ ਮਨੁੱਖ ਲੱਭਿਆ, ਉਹੋ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ।” (ਰਸੂਲਾਂ ਦੇ ਕਰਤੱਬ 13:22) ਗੋਲਿਅਥ ਨਾਂ ਦੇ ਫਲਿਸਤੀ ਦੈਂਤ ਦਾ ਮੁਕਾਬਲਾ ਕਰਨ ਤੋਂ ਪਹਿਲਾਂ ਦਾਊਦ ਨੇ ਪਰਮੇਸ਼ੁਰ ਉੱਤੇ ਪੱਕਾ ਭਰੋਸਾ ਪ੍ਰਗਟਾਉਂਦੇ ਹੋਏ ਇਸਰਾਏਲ ਦੇ ਰਾਜਾ ਸ਼ਾਊਲ ਨੂੰ ਕਿਹਾ ਸੀ: “ਜਿਸ ਯਹੋਵਾਹ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ ਹੈ ਉਹੋ ਹੀ ਮੈਨੂੰ ਉਸ ਫਲਿਸਤੀ ਦੇ ਹੱਥੋਂ ਛੁਡਾਵੇਗਾ।” ਇਸ ਭਰੋਸੇ ਕਰਕੇ ਯਹੋਵਾਹ ਨੇ ਦਾਊਦ ਨੂੰ ਗੋਲਿਅਥ ਉੱਤੇ ਜਿੱਤ ਹਾਸਲ ਕਰਨ ਦੀ ਬਰਕਤ ਦਿੱਤੀ। (1 ਸਮੂਏਲ 17:37, 45-54) ਦਾਊਦ ਚਾਹੁੰਦਾ ਸੀ ਕਿ ਨਾ ਸਿਰਫ਼ ਉਸ ਦੇ ਕੰਮ, ਪਰ ‘ਉਸ ਦੇ ਮੂੰਹ ਦੀਆਂ ਗੱਲਾਂ ਅਤੇ ਮਨ ਦਾ ਵਿਚਾਰ ਯਹੋਵਾਹ ਹਜ਼ੂਰ ਮੰਨਣ ਜੋਗ ਹੋਵੇ।’—ਜ਼ਬੂਰਾਂ ਦੀ ਪੋਥੀ 19:14.

ਅੱਜ ਸਾਡੇ ਬਾਰੇ ਕੀ? ਅਸੀਂ ਯਹੋਵਾਹ ਪਰਮੇਸ਼ੁਰ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ? ਜੇ ਅਸੀਂ ਪਰਮੇਸ਼ੁਰ ਦੀਆਂ ਭਾਵਨਾਵਾਂ ਨੂੰ ਹਮੇਸ਼ਾ ਧਿਆਨ ਵਿਚ ਰੱਖੀਏ, ਤਾਂ ਅਸੀਂ ਉਹੋ ਕੰਮ ਕਰਾਂਗੇ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੋਵੇਗਾ। ਮਿਸਾਲ ਲਈ, ਬਾਈਬਲ ਪੜ੍ਹਨ ਵੇਲੇ ਸਾਨੂੰ ਪਰਮੇਸ਼ੁਰ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਅਸੀਂ ‘ਹਰ ਪਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਉਹ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋ ਜਾਈਏ, ਤਾਂ ਜੋ ਅਸੀਂ ਅਜਿਹੀ ਜੋਗ ਚਾਲ ਚੱਲੀਏ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ।’ (ਕੁਲੁੱਸੀਆਂ 1:9, 10) ਇਹ ਗਿਆਨ ਲੈਣ ਨਾਲ ਪਰਮੇਸ਼ੁਰ ਵਿਚ ਸਾਡੀ ਨਿਹਚਾ ਪੱਕੀ ਹੋਵੇਗੀ। ਮਜ਼ਬੂਤ ਨਿਹਚਾ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ “ਨਿਹਚਾ ਬਾਝੋਂ [ਪਰਮੇਸ਼ੁਰ] ਦੇ ਮਨ ਨੂੰ ਭਾਉਣਾ ਅਣਹੋਣਾ ਹੈ।” (ਇਬਰਾਨੀਆਂ 11:6) ਜੀ ਹਾਂ, ਦ੍ਰਿੜ੍ਹ ਨਿਹਚਾ ਪੈਦਾ ਕਰ ਕੇ ਅਤੇ ਯਹੋਵਾਹ ਦੀ ਇੱਛਾ ਅਨੁਸਾਰ ਜ਼ਿੰਦਗੀ ਜੀ ਕੇ ਅਸੀਂ ਉਸ ਦੇ ਦਿਲ ਨੂੰ ਖ਼ੁਸ਼ ਕਰ ਸਕਦੇ ਹਾਂ। ਪਰ ਇਸ ਤੋਂ ਇਲਾਵਾ ਸਾਨੂੰ ਇਹ ਧਿਆਨ ਵੀ ਰੱਖਣਾ ਚਾਹੀਦਾ ਕਿ ਅਸੀਂ ਕਦੇ ਵੀ ਯਹੋਵਾਹ ਦੇ ਦਿਲ ਨੂੰ ਠੇਸ ਨਾ ਪਹੁੰਚਾਈਏ।

ਪਰਮੇਸ਼ੁਰ ਨੂੰ ਦੁਖੀ ਨਾ ਕਰੋ

ਨੂਹ ਦੇ ਦਿਨਾਂ ਦਾ ਬਿਰਤਾਂਤ ਦਿਖਾਉਂਦਾ ਹੈ ਕਿ ਯਹੋਵਾਹ ਦੇ ਜਜ਼ਬਾਤਾਂ ਨੂੰ ਠੇਸ ਪਹੁੰਚ ਸਕਦੀ ਹੈ। ਉਸ ਸਮੇਂ “ਧਰਤੀ ਜ਼ੁਲਮ ਨਾਲ ਭਰੀ ਹੋਈ ਸੀ। ਤਾਂ ਪਰਮੇਸ਼ੁਰ ਨੇ ਧਰਤੀ ਨੂੰ ਡਿੱਠਾ ਅਤੇ ਵੇਖੋ ਉਹ ਬਿਗੜੀ ਹੋਈ ਸੀ ਕਿਉਂਜੋ ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਬਿਗਾੜ ਲਿਆ ਸੀ।” ਧਰਤੀ ਉੱਤੇ ਬੁਰਾਈ ਅਤੇ ਜ਼ੁਲਮ ਦੇਖ ਕੇ ਪਰਮੇਸ਼ੁਰ ਦੇ ਦਿਲ ਤੇ ਕੀ ਬੀਤੀ? ਬਾਈਬਲ ਕਹਿੰਦੀ ਹੈ ਕਿ “ਯਹੋਵਾਹ ਨੂੰ ਆਦਮੀ ਦੇ ਧਰਤੀ ਉੱਤੇ ਬਣਾਉਣ ਤੋਂ ਰੰਜ ਹੋਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ।” (ਉਤਪਤ 6:5, 6, 11, 12) ਇਸ ਦਾ ਮਤਲਬ ਸੀ ਕਿ ਉਸ ਸਮੇਂ ਦੇ ਇਨਸਾਨ ਇਸ ਹੱਦ ਤਕ ਡਿੱਗ ਚੁੱਕੇ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਪ੍ਰਤੀ ਆਪਣਾ ਰਵੱਈਆ ਬਦਲ ਲਿਆ। ਉਸ ਜ਼ਮਾਨੇ ਦੇ ਲੋਕਾਂ ਦੀ ਬਦੀ ਦੇਖ ਕੇ ਪਰਮੇਸ਼ੁਰ ਨੂੰ ਇੰਨਾ ਗੁੱਸਾ ਆਇਆ ਕਿ ਜਿਨ੍ਹਾਂ ਹੱਥਾਂ ਨਾਲ ਉਸ ਨੇ ਇਨਸਾਨ ਨੂੰ ਬਣਾਇਆ ਸੀ, ਉਨ੍ਹਾਂ ਹੱਥਾਂ ਨਾਲ ਹੀ ਉਸ ਨੇ ਉਨ੍ਹਾਂ ਨੂੰ ਨਾਸ਼ ਵੀ ਕਰ ਦਿੱਤਾ।

ਬਾਅਦ ਵਿਚ ਯਹੋਵਾਹ ਦੀ ਆਪਣੀ ਪਰਜਾ ਇਸਰਾਏਲ ਨੇ ਵੀ ਉਸ ਦੇ ਜਜ਼ਬਾਤਾਂ ਅਤੇ ਨਿਰਦੇਸ਼ਨਾਂ ਦੀ ਕੋਈ ਪਰਵਾਹ ਨਾ ਕੀਤੀ ਅਤੇ ਵਾਰ-ਵਾਰ ਉਸ ਨੂੰ ਦੁੱਖ ਪਹੁੰਚਾਇਆ। ਜ਼ਬੂਰਾਂ ਦੇ ਲਿਖਾਰੀ ਨੇ ਵਿਰਲਾਪ ਕੀਤਾ: “ਕਿੰਨੀ ਵਾਰ ਓਹ ਉਜਾੜ ਵਿੱਚ ਉਸ ਤੋਂ ਆਕੀ ਹੋਏ, ਅਤੇ ਉਸ ਨੂੰ ਥਲ ਵਿੱਚ ਉਦਾਸ ਕੀਤਾ! ਮੁੜ ਘਿੜ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰਤਾਇਆ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।” ਤਾਂ ਵੀ ਯਹੋਵਾਹ ਨੇ “ਰਹੀਮ ਹੋ ਕੇ ਉਨ੍ਹਾਂ ਦੀ ਬੁਰਿਆਈ ਨੂੰ ਖਿਮਾ ਕੀਤਾ, ਅਤੇ ਉਸ ਨੇ ਉਨ੍ਹਾਂ ਦਾ ਨਾਸ ਨਾ ਕੀਤਾ, ਹਾਂ, ਬਹੁਤ ਵਾਰੀ ਉਸ ਨੇ ਆਪਣਾ ਕ੍ਰੋਧ ਰੋਕ ਛੱਡਿਆ, ਅਤੇ ਆਪਣਾ ਸਾਰਾ ਗੁੱਸਾ ਨਾ ਭੜਕਾਇਆ।” (ਜ਼ਬੂਰਾਂ ਦੀ ਪੋਥੀ 78:38-41) ਜਦੋਂ ਆਪਣੇ ਹੀ ਪਾਪਾਂ ਕਰਕੇ ਇਸਰਾਏਲੀਆਂ ਨੇ ਦੁੱਖ ਝੱਲੇ, ਤਾਂ ਬਾਈਬਲ ਸਾਨੂੰ ਦੱਸਦੀ ਹੈ ਕਿ “ਓਹਨਾਂ ਦੇ ਸਭ ਦੁਖਾਂ ਵਿੱਚ [ਪਰਮੇਸ਼ੁਰ] ਦੁਖੀ ਹੋਇਆ।”—ਯਸਾਯਾਹ 63:9.

ਪਰਮੇਸ਼ੁਰ ਇਸਰਾਏਲੀਆਂ ਲਈ ਆਪਣਾ ਡੂੰਘਾ ਪਿਆਰ ਜ਼ਾਹਰ ਕਰਦਾ ਰਿਹਾ। ਪਰ “ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖੌਲ ਉਡਾਇਆ, ਐਥੋਂ ਤੀਕ ਕਿ ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ।” (2 ਇਤਹਾਸ 36:16) ਉਨ੍ਹਾਂ ਨੇ ਵਾਰ-ਵਾਰ ਬਗਾਵਤ ਕਰ ਕੇ ‘ਉਹ ਦੇ ਪਵਿੱਤਰ ਆਤਮਾ ਨੂੰ ਇੰਨਾ ਗਰੰਜ ਕੀਤਾ’ ਕਿ ਅਖ਼ੀਰ ਵਿਚ ਉਹ ਯਹੋਵਾਹ ਦੀ ਮਿਹਰ ਗੁਆ ਬੈਠੇ। (ਯਸਾਯਾਹ 63:10) ਸਿੱਟਾ ਕੀ ਨਿਕਲਿਆ? ਪਰਮੇਸ਼ੁਰ ਨੇ ਉਨ੍ਹਾਂ ਦੀ ਰਾਖੀ ਕਰਨੀ ਛੱਡ ਦਿੱਤੀ ਜਿਸ ਦੇ ਨਤੀਜੇ ਵਜੋਂ ਬਾਬਲੀ ਫ਼ੌਜਾਂ ਨੇ ਆ ਕੇ ਯਹੂਦਾਹ ਦੇਸ਼ ਉੱਤੇ ਕਬਜ਼ਾ ਕਰ ਲਿਆ ਅਤੇ ਯਰੂਸ਼ਲਮ ਨੂੰ ਤਬਾਹ ਕਰ ਦਿੱਤਾ। (2 ਇਤਹਾਸ 36:17-21) ਕਿੰਨਾ ਹੀ ਦੁਖਦਾਈ ਨਤੀਜਾ! ਅਫ਼ਸੋਸ ਦੀ ਗੱਲ ਹੈ ਕਿ ਇਨਸਾਨ ਆਪਣੇ ਕਰਤਾਰ ਨੂੰ ਖ਼ੁਸ਼ ਕਰਨ ਦੀ ਬਜਾਇ ਜਾਣ-ਬੁੱਝ ਕੇ ਪਾਪ ਦੀ ਜ਼ਿੰਦਗੀ ਜੀਉਂਦੇ ਹਨ ਅਤੇ ਉਸ ਨੂੰ ਦੁਖੀ ਕਰਦੇ ਹਨ।

ਬਾਈਬਲ ਸਾਫ਼ ਦਿਖਾਉਂਦੀ ਹੈ ਕਿ ਇਨਸਾਨਾਂ ਦੇ ਭੈੜੇ ਕੰਮਾਂ ਤੋਂ ਪਰਮੇਸ਼ੁਰ ਨੂੰ ਬਹੁਤ ਦੁੱਖ ਪਹੁੰਚਦਾ ਹੈ। (ਜ਼ਬੂਰਾਂ ਦੀ ਪੋਥੀ 78:41) ਪਰਮੇਸ਼ੁਰ ਨੂੰ ਕਈ ਗੱਲਾਂ ਨਾਲ ਸਖ਼ਤ ਨਫ਼ਰਤ ਹੈ। ਇਹ ਹਨ ਘਮੰਡ, ਝੂਠ, ਕਤਲ, ਜਾਦੂ-ਟੂਣਾ, ਕਿਸਮਤ ਦੱਸਣੀ, ਪੂਰਵਜਾਂ ਦੀ ਪੂਜਾ, ਬਦਚਲਣੀ, ਸਮਲਿੰਗਕਾਮੁਕਤਾ, ਜੀਵਨ-ਸਾਥੀ ਨਾਲ ਬੇਵਫ਼ਾਈ, ਨਜ਼ਦੀਕੀ ਰਿਸ਼ਤੇਦਾਰਾਂ ਵਿਚ ਨਾਜਾਇਜ਼ ਸੰਬੰਧ ਅਤੇ ਗ਼ਰੀਬਾਂ ਉੱਤੇ ਅਤਿਆਚਾਰ।—ਲੇਵੀਆਂ 18:9-29; 19:29; ਬਿਵਸਥਾ ਸਾਰ 18:9-12; ਕਹਾਉਤਾਂ 6:16-19; ਯਿਰਮਿਯਾਹ 7:5-7; ਮਲਾਕੀ 2:14-16.

ਮੂਰਤੀ-ਪੂਜਾ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ? ਕੂਚ 20:4, 5 ਕਹਿੰਦਾ ਹੈ: “ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ।” ਕਿਉਂ? ਕਿਉਂਕਿ ਮੂਰਤਾਂ ‘ਯਹੋਵਾਹ ਦੇ ਅੱਗੇ ਘਿਣਾਉਣੀਆਂ ਚੀਜ਼ਾਂ ਹਨ।’ (ਬਿਵਸਥਾ ਸਾਰ 7:25, 26) ਯੂਹੰਨਾ ਰਸੂਲ ਨੇ ਸਾਨੂੰ ਸਾਵਧਾਨ ਕੀਤਾ: “ਹੇ ਬੱਚਿਓ, ਤੁਸੀਂ ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।” (1 ਯੂਹੰਨਾ 5:21) ਪੌਲੁਸ ਨੇ ਵੀ ਲਿਖਿਆ: “ਮੇਰੇ ਪਿਆਰਿਓ, ਤੁਸੀਂ ਮੂਰਤੀ ਪੂਜਾ ਤੋਂ ਭੱਜੋ।”—1 ਕੁਰਿੰਥੀਆਂ 10:14.

ਪਰਮੇਸ਼ੁਰ ਨੂੰ ਖ਼ੁਸ਼ ਕਰਦੇ ਰਹੋ

‘ਸਚਿਆਰਾਂ ਨਾਲ ਯਹੋਵਾਹ ਦੀ ਦੋਸਤੀ ਹੈ’ ਅਤੇ “ਖਰੀ ਚਾਲ ਵਾਲਿਆਂ ਤੋਂ ਉਹ ਪਰਸੰਨ ਹੁੰਦਾ ਹੈ।” (ਕਹਾਉਤਾਂ 3:32; 11:20) ਪਰ ਦੂਜੇ ਪਾਸੇ, ਪਰਮੇਸ਼ੁਰ ਦਾ ਕੋਪ ਉਨ੍ਹਾਂ ਲੋਕਾਂ ਉੱਤੇ ਜਲਦੀ ਹੀ ਭੜਕਣ ਵਾਲਾ ਹੈ ਜਿਹੜੇ ਉਸ ਦੀਆਂ ਭਾਵਨਾਵਾਂ ਦੀ ਰਤੀ ਭਰ ਵੀ ਪਰਵਾਹ ਨਾ ਕਰਦੇ ਹੋਏ ਲਗਾਤਾਰ ਉਸ ਦੇ ਦਿਲ ਨੂੰ ਠੇਸ ਪਹੁੰਚਾਉਂਦੇ ਰਹਿੰਦੇ ਹਨ। (2 ਥੱਸਲੁਨੀਕੀਆਂ 1:6-10) ਜੀ ਹਾਂ, ਯਹੋਵਾਹ ਜਲਦੀ ਹੀ ਦੁਨੀਆਂ ਵਿੱਚੋਂ ਸਾਰੀ ਬੁਰਾਈ ਖ਼ਤਮ ਕਰ ਦੇਵੇਗਾ।—ਜ਼ਬੂਰਾਂ ਦੀ ਪੋਥੀ 37:9-11; ਸਫ਼ਨਯਾਹ 2:2, 3.

ਫਿਰ ਵੀ ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਯਹੋਵਾਹ “ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਭੈੜੇ ਕੰਮ ਕਰਨ ਵਾਲੇ ਅੱਖੜ ਲੋਕਾਂ ਨੂੰ ਨਾਸ਼ ਕਰ ਕੇ ਉਸ ਨੂੰ ਕੋਈ ਖ਼ੁਸ਼ੀ ਨਹੀਂ ਹੁੰਦੀ, ਸਗੋਂ ਉਹ ਚਾਹੁੰਦਾ ਹੈ ਕਿ ਸਾਰੇ ਲੋਕ ਧਰਮੀ ਬਣਨ ਤਾਂਕਿ ਉਹ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰ ਸਕੇ। ਯਹੋਵਾਹ ਕਹਿੰਦਾ ਹੈ: “ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖ਼ੁਸ਼ੀ ਨਹੀਂ, ਸਗੋਂ ਇਸ ਵਿੱਚ ਹੈ, ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ, ਅਤੇ ਜੀਉਂਦਾ ਰਹੇ।”—ਹਿਜ਼ਕੀਏਲ 33:11.

ਤਾਂ ਫਿਰ, ਇਨਸਾਨ ਨੂੰ ਖਾਹਮਖਾਹ ਪਰਮੇਸ਼ੁਰ ਦਾ ਕ੍ਰੋਧ ਭੜਕਾਉਣ ਦੀ ਕੀ ਲੋੜ ਹੈ? ਯਹੋਵਾਹ ਤਾਂ “ਵੱਡਾ ਦਰਦੀ ਅਤੇ ਦਿਆਲੂ ਹੈ।” (ਯਾਕੂਬ 5:11) ਇਸ ਲਈ ਅਸੀਂ ਪੂਰੇ ਵਿਸ਼ਵਾਸ ਨਾਲ ‘ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਸਕਦੇ ਹਾਂ ਕਿਉਂ ਜੋ ਉਹ ਨੂੰ ਸਾਡਾ ਫ਼ਿਕਰ ਹੈ।’ (1 ਪਤਰਸ 5:7) ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਜਿਹੜੇ ਵੀ ਇਨਸਾਨ ਪਰਮੇਸ਼ੁਰ ਦੇ ਜੀਅ ਨੂੰ ਆਨੰਦਿਤ ਕਰਦੇ ਹਨ, ਉਹ ਉਸ ਦੀ ਮਨਜ਼ੂਰੀ ਹਾਸਲ ਕਰ ਕੇ ਉਸ ਦੇ ਦੋਸਤ ਬਣ ਸਕਦੇ ਹਨ। ਇਹ ਦੁਸ਼ਟ ਦੁਨੀਆਂ ਮਰਨ ਕੰਢੇ ਹੈ, ਇਸ ਲਈ ਅੱਜ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹਰ ਸਮੇਂ ਇਹ ‘ਪਰਤਾ ਕੇ ਵੇਖੀਏ ਜੋ ਪਰਮੇਸ਼ੁਰ ਨੂੰ ਕੀ ਭਾਉਂਦਾ ਹੈ।’—ਅਫ਼ਸੀਆਂ 5:10.

ਸਾਨੂੰ ਇਸ ਗੱਲ ਲਈ ਕਿੰਨਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੇ ਬੜੀ ਦਿਆਲਤਾ ਨਾਲ ਆਪਣੇ ਗੁਣ ਅਤੇ ਜਜ਼ਬਾਤ ਸਾਡੇ ਸਾਮ੍ਹਣੇ ਜ਼ਾਹਰ ਕੀਤੇ ਹਨ! ਤੁਸੀਂ ਉਸ ਦੇ ਦਿਲ ਨੂੰ ਜ਼ਰੂਰ ਖ਼ੁਸ਼ ਕਰ ਸਕਦੇ ਹੋ! ਜੇ ਤੁਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ, ਤਾਂ ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨਾਲ ਜ਼ਰੂਰ ਸੰਪਰਕ ਕਰੋ। ਉਹ ਆਪਣੇ ਤਜਰਬੇ ਤੋਂ ਤੁਹਾਨੂੰ ਚੰਗੀ ਸਲਾਹ ਦੇ ਸਕਦੇ ਹਨ ਕਿ ਅਸੀਂ ਪਰਮੇਸ਼ੁਰ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ।

[ਫੁਟਨੋਟ]

^ ਪੈਰਾ 3 “ਬਾਈਬਲ ਪਰਮੇਸ਼ੁਰ ਦਾ ਵਰਣਨ ਕਰਦੇ ਵੇਲੇ ਮਨੁੱਖੀ ਅੰਗਾਂ ਦਾ ਕਿਉਂ ਜ਼ਿਕਰ ਕਰਦੀ ਹੈ?” ਨਾਮਕ ਡੱਬੀ ਦੇਖੋ।

[ਸਫ਼ੇ 7 ਉੱਤੇ ਡੱਬੀ]

ਬਾਈਬਲ ਪਰਮੇਸ਼ੁਰ ਦਾ ਵਰਣਨ ਕਰਨ ਵੇਲੇ ਮਨੁੱਖੀ ਅੰਗਾਂ ਦਾ ਕਿਉਂ ਜ਼ਿਕਰ ਕਰਦੀ ਹੈ?

ਕਿਉਂਕਿ “ਪਰਮੇਸ਼ੁਰ ਆਤਮਾ ਹੈ,” ਇਸ ਕਰਕੇ ਅਸੀਂ ਉਸ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। (ਯੂਹੰਨਾ 4:24) ਇਸ ਲਈ ਬਾਈਬਲ ਪਰਮੇਸ਼ੁਰ ਦੀ ਤਾਕਤ, ਮਹਿਮਾ ਅਤੇ ਕੰਮਾਂ ਨੂੰ ਸਮਝਣ ਵਿਚ ਸਾਡੀ ਮਦਦ ਕਰਨ ਲਈ ਮਨੁੱਖੀ ਅੰਗਾਂ ਦਾ ਜ਼ਿਕਰ ਕਰਦੀ ਹੈ। ਸਾਨੂੰ ਨਹੀਂ ਪਤਾ ਹੈ ਕਿ ਪਰਮੇਸ਼ੁਰ ਦਾ ਆਤਮਿਕ ਸਰੀਰ ਦੇਖਣ ਨੂੰ ਕਿੱਦਾਂ ਦਾ ਲੱਗਦਾ ਹੈ, ਪਰ ਬਾਈਬਲ ਪਰਮੇਸ਼ੁਰ ਬਾਰੇ ਇੱਦਾਂ ਗੱਲ ਕਰਦੀ ਹੈ ਜਿਵੇਂ ਉਸ ਦੀਆਂ ਅੱਖਾਂ, ਕੰਨ, ਹੱਥ, ਬਾਹਾਂ, ਉਂਗਲਾਂ, ਪੈਰ ਅਤੇ ਦਿਲ ਹੈ।—ਉਤਪਤ 8:21; ਕੂਚ 3:20; 31:18; ਅੱਯੂਬ 40:9; ਜ਼ਬੂਰਾਂ ਦੀ ਪੋਥੀ 18:9; 34:15.

ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਦੇ ਇਨਸਾਨਾਂ ਵਰਗੇ ਅੰਗ ਹਨ। ਇਹ ਕੇਵਲ ਲਾਖਣਿਕ ਭਾਸ਼ਾ ਹੈ ਜੋ ਸਾਨੂੰ ਪਰਮੇਸ਼ੁਰ ਬਾਰੇ ਗਿਆਨ ਲੈਣ ਵਿਚ ਮਦਦ ਕਰਦੀ ਹੈ। ਅਜਿਹੀ ਭਾਸ਼ਾ ਦੀ ਬਦੌਲਤ ਹੀ ਇਨਸਾਨ ਕੁਝ ਹੱਦ ਤਕ ਸਮਝ ਸਕਦਾ ਹੈ ਕਿ ਯਹੋਵਾਹ ਕਿੱਦਾਂ ਦਾ ਪਰਮੇਸ਼ੁਰ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਪਰਮੇਸ਼ੁਰ ਦੇ ਗੁਣ ਇਨਸਾਨਾਂ ਦੀ ਕਲਪਨਾ ਹੀ ਹਨ। ਬਾਈਬਲ ਸਾਫ਼ ਸਮਝਾਉਂਦੀ ਹੈ ਕਿ ਮਨੁੱਖ ਪਰਮੇਸ਼ੁਰ ਦੇ ਸਰੂਪ ਉੱਤੇ ਰਚਿਆ ਗਿਆ ਸੀ, ਨਾ ਕਿ ਪਰਮੇਸ਼ੁਰ ਇਨਸਾਨ ਦੇ ਸਰੂਪ ਉੱਤੇ। (ਉਤਪਤ 1:27) ਬਾਈਬਲ ਲਿਖਣ ਵਾਲੇ ਵਿਅਕਤੀਆਂ ਨੇ “ਪਰਮੇਸ਼ੁਰ ਦੇ ਆਤਮਾ” ਦੇ ਅਸਰ ਹੇਠ ਇਸ ਤਰ੍ਹਾਂ ਕੀਤਾ ਸੀ। ਇਸ ਲਈ ਉਨ੍ਹਾਂ ਨੇ ਪਰਮੇਸ਼ੁਰ ਦੀ ਸ਼ਖ਼ਸੀਅਤ ਅਤੇ ਗੁਣਾਂ ਦਾ ਜੋ ਵਰਣਨ ਦਿੱਤਾ, ਉਹ ਅਸਲ ਵਿਚ ਪਰਮੇਸ਼ੁਰ ਨੇ ਹੀ ਲਿਖਵਾਇਆ ਸੀ। (2 ਤਿਮੋਥਿਉਸ 3:16, 17) ਪਰਮੇਸ਼ੁਰ ਨੇ ਆਪਣੇ ਗੁਣ ਇਨਸਾਨਾਂ ਵਿਚ ਪਾਏ ਹਨ। ਇਸ ਲਈ ਪਰਮੇਸ਼ੁਰ ਵਿਚ ਇਨਸਾਨੀ ਗੁਣ ਨਹੀਂ ਹਨ, ਸਗੋਂ ਪਰਮੇਸ਼ੁਰ ਦੇ ਗੁਣ ਇਨਸਾਨਾਂ ਵਿਚ ਹਨ।

[ਸਫ਼ੇ 4 ਉੱਤੇ ਤਸਵੀਰ]

ਪਰਮੇਸ਼ੁਰ ਨੂੰ ਨੂਹ ਬਹੁਤ ਚੰਗਾ ਲੱਗਾ

[ਸਫ਼ੇ 5 ਉੱਤੇ ਤਸਵੀਰ]

ਅਬਰਾਹਾਮ ਯਹੋਵਾਹ ਦੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ

[ਸਫ਼ੇ 6 ਉੱਤੇ ਤਸਵੀਰ]

ਦਾਊਦ ਨੂੰ ਯਹੋਵਾਹ ਉੱਤੇ ਪੱਕਾ ਭਰੋਸਾ ਸੀ

[ਸਫ਼ੇ 7 ਉੱਤੇ ਤਸਵੀਰ]

ਬਾਈਬਲ ਪੜ੍ਹ ਕੇ ਤੁਸੀਂ ਸਿੱਖ ਸਕਦੇ ਹੋ ਕਿ ਪਰਮੇਸ਼ੁਰ ਨੂੰ ਕਿਵੇਂ ਖ਼ੁਸ਼ ਕੀਤਾ ਜਾ ਸਕਦਾ ਹੈ

[ਸਫ਼ੇ 4 ਉੱਤੇ ਤਸਵੀਰ]

Courtesy of Anglo-Australian Observatory, photograph by David Malin