Skip to content

Skip to table of contents

ਤੁਹਾਡੀ ਨਿਹਚਾ ਵੀ ਅਬਰਾਹਾਮ ਤੇ ਸਾਰਾਹ ਵਰਗੀ ਹੋ ਸਕਦੀ ਹੈ!

ਤੁਹਾਡੀ ਨਿਹਚਾ ਵੀ ਅਬਰਾਹਾਮ ਤੇ ਸਾਰਾਹ ਵਰਗੀ ਹੋ ਸਕਦੀ ਹੈ!

ਤੁਹਾਡੀ ਨਿਹਚਾ ਵੀ ਅਬਰਾਹਾਮ ਤੇ ਸਾਰਾਹ ਵਰਗੀ ਹੋ ਸਕਦੀ ਹੈ!

ਅਬਰਾਹਾਮ ‘ਉਨ੍ਹਾਂ ਸਭਨਾਂ ਦਾ ਪਿਤਾ ਹੈ ਜਿਹੜੇ ਨਿਹਚਾ ਕਰਦੇ ਹਨ।’ (ਰੋਮੀਆਂ 4:11) ਉਸ ਦੀ ਪਤਨੀ ਵੀ ਪੱਕੀ ਨਿਹਚਾ ਰੱਖਦੀ ਸੀ। (ਇਬਰਾਨੀਆਂ 11:11) ਅਬਰਾਹਾਮ ਅਤੇ ਉਸ ਦੀ ਪਤਨੀ ਸਾਰਾਹ ਧਰਮੀ ਇਨਸਾਨ ਸਨ। ਉਹ ਨਿਹਚਾ ਦੀ ਚੰਗੀ ਮਿਸਾਲ ਕਿਉਂ ਸਨ? ਉਨ੍ਹਾਂ ਨੇ ਕਿਹੜੀਆਂ ਕੁਝ ਮੁਸ਼ਕਲਾਂ ਸਹਿਣ ਕੀਤੀਆਂ? ਉਨ੍ਹਾਂ ਦੀ ਜੀਵਨ-ਕਹਾਣੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਅਬਰਾਹਾਮ ਨੇ ਆਪਣੀ ਨਿਹਚਾ ਦਾ ਸਬੂਤ ਦਿੱਤਾ ਜਦੋਂ ਪਰਮੇਸ਼ੁਰ ਨੇ ਉਸ ਨੂੰ ਆਪਣਾ ਘਰ ਛੱਡਣ ਦਾ ਹੁਕਮ ਦਿੱਤਾ ਸੀ। ਯਹੋਵਾਹ ਨੇ ਕਿਹਾ: “ਤੂੰ ਆਪਣੇ ਦੇਸ ਤੋਂ ਅਰ ਆਪਣੇ ਸਾਕਾਂ ਤੋਂ ਅਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿੱਕਲ ਤੁਰ।” (ਉਤਪਤ 12:1) ਵਫ਼ਾਦਾਰ ਅਬਰਾਹਾਮ ਨੇ ਇਸ ਹੁਕਮ ਨੂੰ ਮੰਨਿਆ ਕਿਉਂਕਿ ਅਸੀਂ ਅੱਗੇ ਪੜ੍ਹਦੇ ਹਾਂ: “ਨਿਹਚਾ ਨਾਲ ਅਬਰਾਹਾਮ ਜਾਂ ਸੱਦਿਆ ਗਿਆ ਤਾਂ ਓਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਹ ਨੂੰ ਉਹ ਨੇ ਅਧਕਾਰ ਵਿੱਚ ਲੈਣਾ ਸੀ, ਅਤੇ ਭਾਵੇਂ ਉਹ ਨਹੀਂ ਸੀ ਜਾਣਦਾ ਭਈ ਮੈਂ ਕਿੱਧਰ ਨੂੰ ਲਗਾ ਜਾਂਦਾ ਹਾਂ ਤਾਂ ਵੀ ਨਿੱਕਲ ਤੁਰਿਆ।” (ਇਬਰਾਨੀਆਂ 11:8) ਆਓ ਆਪਾਂ ਦੇਖੀਏ ਕਿ ਅਬਰਾਹਾਮ ਤੇ ਉਸ ਦੇ ਪਰਿਵਾਰ ਲਈ ਆਪਣਾ ਘਰ ਛੱਡਣ ਦਾ ਕੀ ਮਤਲਬ ਸੀ।

ਅਬਰਾਹਾਮ ਊਰ ਨਾਂ ਦੇ ਸ਼ਹਿਰ ਵਿਚ ਰਹਿੰਦਾ ਸੀ ਜੋ ਕਿ ਹੁਣ ਦੱਖਣੀ ਇਰਾਕ ਵਿਚ ਹੈ। ਊਰ ਮੇਸੋਪੋਟੇਮੀਆ ਦਾ ਖ਼ੁਸ਼ਹਾਲ ਸ਼ਹਿਰ ਸੀ ਜੋ ਫ਼ਾਰਸੀ ਖਾੜੀ ਅਤੇ ਸ਼ਾਇਦ ਸਿੰਧੂ ਘਾਟੀ ਦੇ ਦੇਸ਼ਾਂ ਨਾਲ ਵਪਾਰ ਕਰਦਾ ਸੀ। ਊਰ ਦੀ ਖੁਦਾਈ ਦੇ ਕੰਮ ਵਿਚ ਅਗਵਾਈ ਕਰਨ ਵਾਲੇ ਸਰ ਲਿਓਨਰਡ ਵੁਲੀ ਨੇ ਕਿਹਾ ਕਿ ਅਬਰਾਹਾਮ ਦੇ ਜ਼ਮਾਨੇ ਵਿਚ ਜ਼ਿਆਦਾਤਰ ਘਰ ਇੱਟਾਂ ਦੇ ਬਣੇ ਹੁੰਦੇ ਸਨ ਤੇ ਕੰਧਾਂ ਨੂੰ ਪਲਸਤਰ ਕਰ ਕੇ ਕਲੀ ਫੇਰੀ ਜਾਂਦੀ ਸੀ। ਮਿਸਾਲ ਲਈ, ਇਕ ਅਮੀਰ ਬੰਦੇ ਦਾ ਘਰ ਦੋ ਮੰਜ਼ਲਾ ਹੁੰਦਾ ਸੀ। ਇਸ ਸ਼ਾਨਦਾਰ ਘਰ ਦੇ ਵਿਚਕਾਰ ਇਕ ਵਿਹੜਾ ਸੀ। ਥੱਲੇ ਨੌਕਰ-ਚਾਕਰ ਤੇ ਪਰਾਹੁਣਿਆਂ ਦੇ ਰਹਿਣ ਦੀ ਥਾਂ ਸੀ ਅਤੇ ਪਰਿਵਾਰ ਦੇ ਮੈਂਬਰ ਪਹਿਲੀ ਮੰਜ਼ਲ ਤੇ ਰਹਿੰਦੇ ਸਨ। ਇਸ ਮੰਜ਼ਲ ਉੱਤੇ ਵਿਹੜੇ ਦੇ ਆਲੇ-ਦੁਆਲੇ ਲੱਕੜ ਦੀ ਬਾਲਕਨੀ ਬਣੀ ਹੁੰਦੀ ਸੀ ਜਿਸ ਰਾਹੀਂ ਪਰਿਵਾਰ ਦੇ ਮੈਂਬਰ ਆਪਣੇ ਕਮਰਿਆਂ ਵਿਚ ਜਾ ਸਕਦੇ ਸਨ। ਸਰ ਵੁਲੀ ਕਹਿੰਦਾ ਹੈ ਕਿ 10 ਤੋਂ 20 ਕਮਰਿਆਂ ਵਾਲੇ ਅਜਿਹੇ ਘਰ ‘ਕਾਫ਼ੀ ਖੁੱਲ੍ਹੇ-ਡੁੱਲ੍ਹੇ ਹੁੰਦੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਲੋਕ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਂਦੇ ਸਨ ਤੇ ਪੂਰਬੀ ਮਿਆਰ ਦੇ ਮੁਤਾਬਕ ਉਨ੍ਹਾਂ ਦੇ ਰਹਿਣ-ਸਹਿਣ ਦਾ ਪੱਧਰ ਕਾਫ਼ੀ ਉੱਚਾ ਸੀ।’ ਅਜਿਹੇ “ਘਰ ਜ਼ਿਆਦਾਤਰ ਸਭਿਅਕ ਲੋਕਾਂ ਦੇ ਹੁੰਦੇ ਸਨ ਅਤੇ ਇਹ ਸ਼ਹਿਰੀ ਜ਼ਿੰਦਗੀ ਦੀਆਂ ਲੋੜਾਂ ਮੁਤਾਬਕ ਢੁਕਵੇਂ ਸਨ।” ਜੇ ਅਬਰਾਹਾਮ ਅਤੇ ਸਾਰਾਹ ਨੇ ਯਹੋਵਾਹ ਦੀ ਆਗਿਆ ਮੰਨ ਕੇ ਤੰਬੂਆਂ ਵਿਚ ਰਹਿਣ ਲਈ ਅਜਿਹੇ ਘਰ ਨੂੰ ਛੱਡਿਆ ਸੀ, ਤਾਂ ਉਨ੍ਹਾਂ ਨੇ ਵੱਡੀ ਕੁਰਬਾਨੀ ਕੀਤੀ ਸੀ।

ਅਬਰਾਹਾਮ ਪਹਿਲਾਂ ਆਪਣੇ ਪਰਿਵਾਰ ਨੂੰ ਲੈ ਕੇ ਮੇਸੋਪੋਟੇਮੀਆ ਦੇ ਹਾਰਾਨ ਸ਼ਹਿਰ ਗਿਆ ਅਤੇ ਫਿਰ ਉੱਥੋਂ ਉਹ ਕਨਾਨ ਗਿਆ। ਉਨ੍ਹਾਂ ਨੇ ਤਕਰੀਬਨ 1,600 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜੋ ਕਿ ਬੁੱਢੇ ਹੋ ਚੁੱਕੇ ਅਬਰਾਹਾਮ ਤੇ ਸਾਰਾਹ ਲਈ ਸੱਚ-ਮੁੱਚ ਬਹੁਤ ਲੰਬਾ ਸਫ਼ਰ ਸੀ! ਹਾਰਾਨ ਤੋਂ ਜਾਣ ਵੇਲੇ ਅਬਰਾਹਾਮ 75 ਸਾਲਾਂ ਦਾ ਸੀ ਤੇ ਸਾਰਾਹ 65 ਸਾਲਾਂ ਦੀ ਸੀ।—ਉਤਪਤ 12:4.

ਸਾਰਾਹ ਨੂੰ ਕਿੱਦਾਂ ਲੱਗਿਆ ਹੋਣਾ ਜਦੋਂ ਅਬਰਾਹਾਮ ਨੇ ਉਸ ਨੂੰ ਦੱਸਿਆ ਕਿ ਉਹ ਊਰ ਛੱਡ ਕੇ ਜਾ ਰਹੇ ਸਨ? ਉਸ ਨੇ ਸ਼ਾਇਦ ਸੋਚਿਆ ਹੋਣਾ ਕਿ ਜੇ ਇਸ ਆਰਾਮਦੇਹ ਘਰ ਨੂੰ ਛੱਡਿਆ, ਤਾਂ ਉਨ੍ਹਾਂ ਨੂੰ ਕਿਸੇ ਅਣਜਾਣੇ ਤੇ ਦੁਸ਼ਮਣ ਦੇਸ਼ ਵਿਚ ਜਾ ਕੇ ਉੱਥੇ ਦੇ ਰਹਿਣ-ਸਹਿਣ ਦੇ ਨੀਵੇਂ ਪੱਧਰ ਨੂੰ ਅਪਣਾਉਣਾ ਪੈਣਾ ਸੀ। ਫਿਰ ਵੀ ਸਾਰਾਹ ਨੇ ਆਪਣੇ ਪਤੀ ਦੀ ਗੱਲ ਮੰਨੀ ਕਿਉਂਕਿ ਉਹ ਅਬਰਾਹਾਮ ਨੂੰ ਆਪਣਾ “ਸੁਆਮੀ” ਮੰਨਦੀ ਸੀ। (1 ਪਤਰਸ 3:5, 6) ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਆਪਣੇ ਪਤੀ ਨੂੰ ਸੁਆਮੀ ਕਹਿਣਾ ‘ਸਾਰਾਹ ਦੀ ਰੀਤ ਸੀ ਅਤੇ ਇਸ ਤੋਂ ਅਬਰਾਹਾਮ ਪ੍ਰਤੀ ਉਸ ਦਾ ਆਦਰ-ਭਾਉ ਜ਼ਾਹਰ ਹੁੰਦਾ ਸੀ।’ ਉਸ ਦਾ ਅਬਰਾਹਾਮ ਨੂੰ ਸੁਆਮੀ ਕਹਿ ਕੇ ਬੁਲਾਉਣਾ ਇਸ ਗੱਲ ਦਾ ਸਬੂਤ ਹੈ ਕਿ ਉਹ ‘ਦਿਲੋਂ ਉਸ ਦਾ ਸਤਿਕਾਰ ਕਰਦੀ ਸੀ।’ ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਹ ਯਹੋਵਾਹ ਤੇ ਭਰੋਸਾ ਰੱਖਦੀ ਸੀ। ਅਬਰਾਹਾਮ ਦੇ ਅਧੀਨ ਰਹਿਣ ਅਤੇ ਪਰਮੇਸ਼ੁਰ ਵਿਚ ਨਿਹਚਾ ਰੱਖਣ ਨਾਲ ਸਾਰਾਹ ਨੇ ਅੱਜ ਦੀਆਂ ਮਸੀਹੀ ਪਤਨੀਆਂ ਲਈ ਇਕ ਚੰਗੀ ਮਿਸਾਲ ਕਾਇਮ ਕੀਤੀ।

ਇਹ ਸੱਚ ਹੈ ਕਿ ਅੱਜ ਪਰਮੇਸ਼ੁਰ ਦੇ ਹੁਕਮਾਂ ਤੇ ਚੱਲਣ ਲਈ ਸਾਨੂੰ ਆਪਣਾ ਘਰ ਛੱਡਣ ਦੀ ਲੋੜ ਨਹੀਂ ਹੈ। ਪਰ ਕੁਝ ਪੂਰੇ ਸਮੇਂ ਦੇ ਪ੍ਰਚਾਰਕਾਂ ਨੇ ਕਿਸੇ ਹੋਰ ਦੇਸ਼ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਆਪਣਾ ਦੇਸ਼ ਛੱਡਿਆ ਹੈ। ਅਸੀਂ ਭਾਵੇਂ ਜਿੱਥੇ ਵੀ ਪਰਮੇਸ਼ੁਰ ਦੀ ਸੇਵਾ ਕਰੀਏ, ਪਰ ਜਦ ਤਕ ਅਸੀਂ ਪਰਮੇਸ਼ੁਰ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਰਹਾਂਗੇ, ਤਦ ਤਕ ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰਦਾ ਰਹੇਗਾ।—ਮੱਤੀ 6:25-33.

ਅਬਰਾਹਾਮ ਤੇ ਸਾਰਾਹ ਕਦੇ ਵੀ ਆਪਣੇ ਫ਼ੈਸਲੇ ਕਾਰਨ ਪਛਤਾਏ ਨਹੀਂ। ਪੌਲੁਸ ਰਸੂਲ ਨੇ ਕਿਹਾ ਕਿ ਉਹ “ਜੇ ਉਸ ਦੇਸ ਨੂੰ ਜਿਸ ਤੋਂ ਨਿੱਕਲ ਆਏ ਸਨ ਚੇਤੇ ਰੱਖਦੇ ਤਾਂ ਉਨ੍ਹਾਂ ਨੂੰ ਮੁੜ ਜਾਣ ਦਾ ਵੇਲਾ ਹੁੰਦਾ।” ਪਰ ਉਹ ਮੁੜੇ ਨਹੀਂ। ਉਨ੍ਹਾਂ ਨੂੰ ਯਕੀਨ ਸੀ ਕਿ ਯਹੋਵਾਹ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” ਉਨ੍ਹਾਂ ਨੂੰ ਉਸ ਦੇ ਵਾਅਦਿਆਂ ਤੇ ਪੂਰੀ ਨਿਹਚਾ ਸੀ। ਇਸੇ ਤਰ੍ਹਾਂ, ਜੇ ਅਸੀਂ ਯਹੋਵਾਹ ਦੀ ਸੇਵਾ ਤਨ-ਮਨ ਲਾ ਕੇ ਕਰਦੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਵੀ ਉਸ ਦੇ ਵਾਅਦਿਆਂ ਤੇ ਪੂਰੀ ਨਿਹਚਾ ਰੱਖਣੀ ਚਾਹੀਦੀ ਹੈ।—ਇਬਰਾਨੀਆਂ 11:6, 15, 16.

ਅਧਿਆਤਮਿਕ ਤੇ ਭੌਤਿਕ ਬਰਕਤਾਂ

ਕਨਾਨ ਪਹੁੰਚਣ ਤੋਂ ਬਾਅਦ ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: “ਤੇਰੀ ਅੰਸ ਨੂੰ ਮੈਂ ਇਹ ਧਰਤੀ ਦਿਆਂਗਾ।” ਜਵਾਬ ਵਿਚ ਅਬਰਾਹਾਮ ਨੇ ਯਹੋਵਾਹ ਲਈ ਇਕ ਜਗਵੇਦੀ ਬਣਾਈ ਅਤੇ “ਯਹੋਵਾਹ ਦਾ ਨਾਮ ਲਿਆ।” (ਉਤਪਤ 12:7, 8) ਯਹੋਵਾਹ ਨੇ ਅਬਰਾਹਾਮ ਨੂੰ ਧਨ-ਦੌਲਤ ਦਿੱਤੀ ਅਤੇ ਉਸ ਦੇ ਡੇਰੇ ਵਿਚ ਰਹਿੰਦੇ ਲੋਕਾਂ ਦੀ ਗਿਣਤੀ ਵਧਦੀ ਚਲੀ ਗਈ। ਇਕ ਵਾਰ ਉਸ ਨੇ ਆਪਣੇ ਡੇਰੇ ਵਿਚ ਪੈਦਾ ਹੋਏ ਦਾਸਾਂ ਵਿੱਚੋਂ 318 ਯੋਧੇ ਇਕੱਠੇ ਕਰ ਕੇ ਦੁਸ਼ਮਣਾਂ ਦਾ ਸਾਮ੍ਹਣਾ ਕੀਤਾ ਸੀ ਜਿਸ ਕਰਕੇ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਉਸ ਦੇ ਡੇਰੇ ਵਿਚ “ਹਜ਼ਾਰ ਤੋਂ ਵੀ ਜ਼ਿਆਦਾ ਲੋਕ ਰਹਿੰਦੇ ਸਨ।” ਸ਼ਾਇਦ ਇਸੇ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਲੋਕ ਅਬਰਾਹਾਮ ਨੂੰ ‘ਪਰਮੇਸ਼ੁਰ ਦਾ ਸਜਾਦਾ’ ਮੰਨਦੇ ਸਨ।—ਉਤਪਤ 13:2; 14:14; 23:6.

ਅਬਰਾਹਾਮ ਭਗਤੀ ਕਰਨ ਵਿਚ ਅਗਵਾਈ ਕਰਦਾ ਸੀ ਤੇ ਆਪਣੇ ਘਰ ਰਹਿੰਦੇ ਲੋਕਾਂ ਨੂੰ ਸਿੱਖਿਆ ਦਿੰਦਾ ਸੀ ਤਾਂਕਿ “ਉਹ ਧਰਮ ਅਰ ਨਿਆਉਂ ਕਰਦੇ ਹੋਏ ਯਹੋਵਾਹ ਦੇ ਰਾਹ ਦੀ ਪਾਲਨਾ ਕਰਨ।” (ਉਤਪਤ 18:19) ਅੱਜ ਮਸੀਹੀ ਪਰਿਵਾਰਾਂ ਦੇ ਮੁਖੀਆਂ ਨੂੰ ਅਬਰਾਹਾਮ ਦੀ ਮਿਸਾਲ ਦੀ ਰੀਸ ਕਰਨੀ ਚਾਹੀਦੀ ਹੈ ਕਿਉਂਕਿ ਉਸ ਨੇ ਕਾਮਯਾਬੀ ਨਾਲ ਆਪਣੇ ਘਰ ਦੇ ਮੈਂਬਰਾਂ ਨੂੰ ਯਹੋਵਾਹ ਤੇ ਭਰੋਸਾ ਰੱਖਣ ਤੇ ਧਰਮ ਦੇ ਕੰਮ ਕਰਨ ਦੀ ਸਿੱਖਿਆ ਦਿੱਤੀ ਸੀ। ਅਬਰਾਹਾਮ ਦੁਆਰਾ ਸਿਖਾਏ ਹੋਣ ਕਰਕੇ ਹੀ ਸਾਰਾਹ ਦੀ ਮਿਸਰੀ ਗੋੱਲੀ ਹਾਜਰਾ, ਅਬਰਾਹਾਮ ਦੇ ਸਭ ਤੋਂ ਪੁਰਾਣੇ ਨੌਕਰ ਅਤੇ ਅਬਰਾਹਾਮ ਦੇ ਪੁੱਤਰ ਇਸਹਾਕ ਨੇ ਯਹੋਵਾਹ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਸੀ।—ਉਤਪਤ 16:5, 13; 24:10-14; 25:21.

ਅਬਰਾਹਾਮ ਮੇਲ ਕਰਾਉਣ ਵਾਲਾ ਬੰਦਾ ਸੀ

ਅਬਰਾਹਾਮ ਦੀ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਸ਼ਖ਼ਸੀਅਤ ਪਰਮੇਸ਼ੁਰ ਦੀ ਸ਼ਖ਼ਸੀਅਤ ਨਾਲ ਮਿਲਦੀ-ਜੁਲਦੀ ਸੀ। ਆਪਣੇ ਨੌਕਰਾਂ ਤੇ ਆਪਣੇ ਭਤੀਜੇ ਲੂਤ ਦੇ ਨੌਕਰਾਂ ਵਿਚ ਹੁੰਦੇ ਝਗੜੇ ਨੂੰ ਰੋਕਣ ਲਈ, ਅਬਰਾਹਾਮ ਨੇ ਲੂਤ ਨੂੰ ਆਪਣੇ ਤੋਂ ਵੱਖਰਾ ਹੋ ਜਾਣ ਦੀ ਸਲਾਹ ਦਿੱਤੀ। ਉਸ ਨੇ ਆਪਣੇ ਤੋਂ ਛੋਟੇ ਲੂਤ ਨੂੰ ਉਸ ਦੀ ਮਰਜ਼ੀ ਦੀ ਥਾਂ ਵੀ ਚੁਣਨ ਦਿੱਤੀ। ਜੀ ਹਾਂ, ਅਬਰਾਹਾਮ ਮੇਲ ਕਰਾਉਣ ਵਾਲਾ ਬੰਦਾ ਸੀ।—ਉਤਪਤ 13:5-13.

ਸ਼ਾਂਤੀ ਬਣਾਈ ਰੱਖਣ ਲਈ ਜੇ ਸਾਨੂੰ ਆਪਣੇ ਹੱਕਾਂ ਨੂੰ ਕੁਰਬਾਨ ਕਰਨ ਦੀ ਲੋੜ ਪੈਂਦੀ ਹੈ, ਤਾਂ ਅਸੀਂ ਚੇਤੇ ਰੱਖ ਸਕਦੇ ਹਾਂ ਕਿ ਅਬਰਾਹਾਮ ਦੁਆਰਾ ਲੂਤ ਦਾ ਲਿਹਾਜ਼ ਕਰਨ ਕਰਕੇ ਯਹੋਵਾਹ ਨੇ ਅਬਰਾਹਾਮ ਨੂੰ ਨੁਕਸਾਨ ਨਹੀਂ ਝੱਲਣ ਦਿੱਤਾ ਸੀ। ਇਸ ਦੀ ਬਜਾਇ, ਪਰਮੇਸ਼ੁਰ ਨੇ ਅਬਰਾਹਾਮ ਤੇ ਉਸ ਦੀ ਅੰਸ ਨੂੰ ਉਹ ਸਾਰੀ ਧਰਤੀ ਦੇਣ ਦਾ ਵਾਅਦਾ ਕੀਤਾ ਜਿਸ ਨੂੰ ਅਬਰਾਹਾਮ ਚਾਰਾਂ ਦਿਸ਼ਾਵਾਂ ਵਿਚ ਦੇਖ ਸਕਦਾ ਸੀ। (ਉਤਪਤ 13:14-17) ਯਿਸੂ ਨੇ ਕਿਹਾ ਸੀ: “ਧੰਨ ਓਹ ਜਿਹੜੇ ਮੇਲ ਕਰਾਉਣ ਵਾਲੇ ਹਨ ਕਿਉਂ ਜੋ ਓਹ ਪਰਮੇਸ਼ੁਰ ਦੇ ਪੁੱਤ੍ਰ ਕਹਾਉਣਗੇ।”—ਮੱਤੀ 5:9.

ਅਬਰਾਹਾਮ ਦਾ ਵਾਰਸ ਕੌਣ ਹੋਵੇਗਾ?

ਭਾਵੇਂ ਕਿ ਪਰਮੇਸ਼ੁਰ ਨੇ ਸਾਰਾਹ ਨੂੰ ਅੰਸ ਦੇਣ ਦਾ ਵਾਅਦਾ ਕੀਤਾ ਸੀ, ਪਰ ਸਾਰਾਹ ਅਜੇ ਵੀ ਬਾਂਝ ਸੀ। ਅਬਰਾਹਾਮ ਨੇ ਪਰਮੇਸ਼ੁਰ ਅੱਗੇ ਇਸ ਗੱਲ ਦਾ ਜ਼ਿਕਰ ਕੀਤਾ। ਕੀ ਉਸ ਦੀ ਜ਼ਮੀਨ-ਜਾਇਦਾਦ ਦਾ ਵਾਰਸ ਉਸ ਦਾ ਨੌਕਰ ਅਲੀਅਜ਼ਰ ਹੋਵੇਗਾ? ਨਹੀਂ, ਕਿਉਂਕਿ ਯਹੋਵਾਹ ਨੇ ਕਿਹਾ ਸੀ: “ਇਹ ਤੇਰਾ ਵਾਰਿਸ ਨਾ ਹੋਵੇਗਾ ਪਰ ਉਹ ਜੋ ਤੇਰੇ ਤੁਖ਼ਮ ਵਿੱਚੋਂ ਨਿੱਕਲੇਗਾ ਤੇਰਾ ਵਾਰਿਸ ਹੋਵੇਗਾ।”—ਉਤਪਤ 15:1-4.

ਪੰਝੱਤਰ ਸਾਲ ਦੀ ਉਮਰ ਹੋਣ ਤੇ ਵੀ ਸਾਰਾਹ ਦੇ ਅਜੇ ਕੋਈ ਬੱਚਾ ਨਹੀਂ ਹੋਇਆ ਸੀ। ਉਸ ਨੇ ਨਿਰਾਸ਼ ਹੋ ਕੇ ਅਬਰਾਹਾਮ ਨੂੰ ਕਿਹਾ: “ਯਹੋਵਾਹ ਨੇ ਮੈਨੂੰ ਜਣਨ ਤੋਂ ਠਾਕਿਆ ਹੈ। ਮੇਰੀ ਗੋੱਲੀ ਕੋਲ ਜਾਹ। ਸ਼ਾਇਤ ਮੈਂ ਉਸ ਤੋਂ ਉਲਾਦ ਵਾਲੀ ਬਣਾਈ ਜਾਵਾਂ।” ਫਿਰ ਅਬਰਾਹਾਮ ਨੇ ਹਾਜਰਾ ਨੂੰ ਦੂਜੀ ਪਤਨੀ ਦੇ ਤੌਰ ਤੇ ਲਿਆ ਤੇ ਉਹ ਗਰਭਵਤੀ ਹੋਈ। ਹਾਜਰਾ ਨੂੰ ਜਿਉਂ ਹੀ ਪਤਾ ਲੱਗਾ ਕਿ ਉਹ ਗਰਭਵਤੀ ਸੀ, ਤਾਂ ਉਹ ਆਪਣੀ ਮਾਲਕਣ ਨੂੰ ਨਫ਼ਰਤ ਕਰਨ ਲੱਗ ਪਈ। ਇਸ ਲਈ ਸਾਰਾਹ ਨੇ ਗੁੱਸੇ ਵਿਚ ਆ ਕੇ ਅਬਰਾਹਾਮ ਨੂੰ ਸ਼ਿਕਾਇਤ ਕੀਤੀ ਅਤੇ ਹਾਜਰਾ ਨਾਲ ਸਖ਼ਤੀ ਕੀਤੀ ਜਿਸ ਕਰਕੇ ਉਹ ਉੱਥੋਂ ਭੱਜ ਗਈ।—ਉਤਪਤ 16:1-6.

ਅਬਰਾਹਾਮ ਤੇ ਸਾਰਾਹ ਨੇ ਜੋ ਕੀਤਾ, ਉਨ੍ਹਾਂ ਦੇ ਭਾਣੇ ਸਹੀ ਸੀ ਤੇ ਇਹ ਉਨ੍ਹਾਂ ਦੇ ਜ਼ਮਾਨੇ ਦੇ ਦਸਤੂਰ ਅਨੁਸਾਰ ਸੀ। ਪਰ ਯਹੋਵਾਹ ਹਾਜਰਾ ਰਾਹੀਂ ਅਬਰਾਹਾਮ ਦੀ ਔਲਾਦ ਪੈਦਾ ਨਹੀਂ ਕਰਨੀ ਚਾਹੁੰਦਾ ਸੀ। ਸਾਡੇ ਸਭਿਆਚਾਰ ਅਨੁਸਾਰ ਵੱਖੋ-ਵੱਖਰੇ ਹਾਲਾਤਾਂ ਵਿਚ ਸ਼ਾਇਦ ਕੁਝ ਗੱਲਾਂ ਸਾਨੂੰ ਸਹੀ ਲੱਗਣ, ਪਰ ਜ਼ਰੂਰੀ ਨਹੀਂ ਕਿ ਇਹ ਗੱਲਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਵੀ ਸਹੀ ਹੋਣ। ਸਾਡੀ ਸਥਿਤੀ ਬਾਰੇ ਸ਼ਾਇਦ ਉਸ ਦਾ ਨਜ਼ਰੀਆ ਬਿਲਕੁਲ ਵੱਖਰਾ ਹੋਵੇ। ਇਸ ਲਈ, ਸਾਨੂੰ ਉਸ ਦੀ ਸੇਧ ਭਾਲਣ ਦੀ ਲੋੜ ਹੈ। ਸਾਨੂੰ ਉਸ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਸਹੀ ਰਾਹ ਉੱਤੇ ਚੱਲਣ ਦੀ ਸੇਧ ਦੇਵੇ।—ਜ਼ਬੂਰਾਂ ਦੀ ਪੋਥੀ 25:4, 5; 143:8, 10.

‘ਕੋਈ ਵੀ ਗੱਲ ਯਹੋਵਾਹ ਲਈ ਔਖੀ ਨਹੀਂ ਹੈ’

ਹਾਜਰਾ ਨੇ ਅਬਰਾਹਾਮ ਦੇ ਪੁੱਤਰ ਇਸਮਾਏਲ ਨੂੰ ਜਨਮ ਦਿੱਤਾ। ਪਰ ਇਹ ਵਾਅਦਾ ਕੀਤੀ ਹੋਈ ਅੰਸ ਨਹੀਂ ਸੀ। ਸਾਰਾਹ ਦੀ ਉਮਰ ਲੰਘ ਜਾਣ ਦੇ ਬਾਵਜੂਦ ਉਸ ਤੋਂ ਉਹ ਵਾਰਸ ਪੈਦਾ ਹੋਣਾ ਸੀ।—ਉਤਪਤ 17:15, 16.

ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਸਾਫ਼-ਸਾਫ਼ ਦੱਸਿਆ ਕਿ ਉਸ ਦੀ ਪਤਨੀ ਸਾਰਾਹ ਉਸ ਲਈ ਪੁੱਤਰ ਜਣੇਗੀ, ਤਾਂ “ਅਬਰਾਹਾਮ ਆਪਣੇ ਮੂੰਹ ਭਾਰ ਡਿੱਗ ਪਿਆ ਪਰ ਉਹ ਹੱਸਿਆ ਅਤੇ ਆਪਣੇ ਮਨ ਵਿੱਚ ਆਖਿਆ, ਭਲਾ, ਸੌ ਵਰਿਹਾਂ ਦੇ ਜਨ ਤੋਂ ਪੁੱਤ੍ਰ ਹੋਊਗਾ? ਅਰ ਸਾਰਾਹ ਜੋ ਨੱਵੇਂ ਵਰਿਹਾਂ ਦੀ ਹੈ ਪੁੱਤ੍ਰ ਜਣੇਗੀ?” (ਉਤਪਤ 17:17) ਇਕ ਹੋਰ ਮੌਕੇ ਤੇ ਜਦੋਂ ਇਕ ਦੂਤ ਨੇ ਅਬਰਾਹਾਮ ਅੱਗੇ ਇਹੀ ਗੱਲ ਦੁਹਰਾਈ, ਤਾਂ ਸਾਰਾਹ ਉਸ ਦੀ ਗੱਲ ਸੁਣ ਕੇ “ਆਪਣੇ ਮਨ ਵਿੱਚ ਹੱਸੀ।” ਪਰ ‘ਕੋਈ ਵੀ ਗੱਲ ਯਹੋਵਾਹ ਲਈ ਔਖੀ ਨਹੀਂ ਹੈ।’ ਅਸੀਂ ਨਿਹਚਾ ਰੱਖ ਸਕਦੇ ਹਾਂ ਕਿ ਉਹ ਆਪਣੀ ਮਰਜ਼ੀ ਨਾਲ ਕੁਝ ਵੀ ਕਰ ਸਕਦਾ ਹੈ।—ਉਤਪਤ 18:12-14.

ਇਸੇ “ਨਿਹਚਾ ਨਾਲ ਸਾਰਾਹ ਨੇ ਆਪ ਵੀ ਜਦੋਂ ਬੁੱਢੀ ਹੋ ਗਈ ਗਰਭਵੰਤੀ ਹੋਣ ਦੀ ਸ਼ਕਤੀ ਪਾਈ ਇਸ ਲਈ ਜੋ ਉਹ ਨੇ ਵਾਇਦਾ ਕਰਨ ਵਾਲੇ ਨੂੰ ਵਫ਼ਾਦਾਰ ਜਾਣਿਆ।” (ਇਬਰਾਨੀਆਂ 11:11) ਸਮਾਂ ਬੀਤਣ ਤੇ ਸਾਰਾਹ ਨੇ ਇਸਹਾਕ ਨੂੰ ਜਨਮ ਦਿੱਤਾ ਜਿਸ ਦੇ ਨਾਂ ਦਾ ਮਤਲਬ ਹੈ “ਹਾਸਾ।”

ਪਰਮੇਸ਼ੁਰ ਦੇ ਵਾਅਦਿਆਂ ਤੇ ਪੱਕਾ ਭਰੋਸਾ

ਯਹੋਵਾਹ ਨੇ ਅਬਰਾਹਾਮ ਨੂੰ ਦੱਸਿਆ ਕਿ ਇਸਹਾਕ ਹੀ ਉਸ ਦਾ ਵਾਰਸ ਸੀ ਜਿਸ ਦਾ ਉਸ ਨੇ ਲੰਬੀ ਦੇਰ ਤੋਂ ਵਾਅਦਾ ਕੀਤਾ ਹੋਇਆ ਸੀ। (ਉਤਪਤ 21:12) ਇਸ ਲਈ ਅਬਰਾਹਾਮ ਦੇ ਤਾਂ ਉਦੋਂ ਹੋਸ਼ ਹੀ ਉੱਡ ਗਏ ਹੋਣੇ ਜਦੋਂ ਪਰਮੇਸ਼ੁਰ ਨੇ ਉਸ ਨੂੰ ਇਸਹਾਕ ਦੀ ਬਲੀ ਦੇਣ ਲਈ ਕਿਹਾ ਸੀ। ਪਰ ਅਬਰਾਹਾਮ ਕੋਲ ਪਰਮੇਸ਼ੁਰ ਤੇ ਪੱਕਾ ਭਰੋਸਾ ਰੱਖਣ ਦੇ ਠੋਸ ਕਾਰਨ ਸਨ। ਕੀ ਯਹੋਵਾਹ ਇਸਹਾਕ ਨੂੰ ਮੁੜ ਜੀਉਂਦਾ ਨਹੀਂ ਕਰ ਸਕਦਾ ਸੀ? (ਇਬਰਾਨੀਆਂ 11:17-19) ਕੀ ਪਰਮੇਸ਼ੁਰ ਨੇ ਇਸਹਾਕ ਦੇ ਜਨਮ ਲਈ ਅਬਰਾਹਾਮ ਤੇ ਸਾਰਾਹ ਨੂੰ ਬੱਚਾ ਪੈਦਾ ਕਰਨ ਦੀ ਤਾਕਤ ਦੇ ਕੇ ਇਹ ਸਾਬਤ ਨਹੀਂ ਕਰ ਦਿੱਤਾ ਸੀ ਕਿ ਉਸ ਕੋਲ ਕਿੰਨੀ ਤਾਕਤ ਹੈ? ਅਬਰਾਹਾਮ ਨੂੰ ਪਰਮੇਸ਼ੁਰ ਤੇ ਪੱਕਾ ਭਰੋਸਾ ਸੀ ਕਿ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰ ਸਕਦਾ ਹੈ, ਇਸ ਲਈ ਉਹ ਇਸਹਾਕ ਦੀ ਕੁਰਬਾਨੀ ਦੇਣ ਲਈ ਤਿਆਰ ਸੀ। ਐਨ ਵਕਤ ਤੇ ਪਰਮੇਸ਼ੁਰ ਨੇ ਉਸ ਨੂੰ ਆਪਣੇ ਪੁੱਤਰ ਦਾ ਘਾਤ ਕਰਨ ਤੋਂ ਰੋਕ ਦਿੱਤਾ। (ਉਤਪਤ 22:1-14) ਆਪਣੇ ਪੁੱਤਰ ਦੀ ਬਲੀ ਚੜ੍ਹਾਉਣ ਲੱਗਿਆਂ ਅਬਰਾਹਾਮ ਦੇ ਦਿਲ ਉੱਤੇ ਜੋ ਬੀਤੀ ਹੋਣੀ, ਉਸ ਤੋਂ ਅਸੀਂ ਸਮਝ ਸਕਦੇ ਹਾਂ ਕਿ ‘ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਕੇ’ ਯਹੋਵਾਹ ਪਰਮੇਸ਼ੁਰ ਨੂੰ ਕਿੰਨਾ ਦੁੱਖ ਹੋਇਆ ਹੋਣਾ। ਉਸ ਨੇ ਆਪਣਾ ਪੁੱਤਰ ਇਸ ਲਈ ਬਖ਼ਸ਼ਿਆ “ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”—ਯੂਹੰਨਾ 3:16; ਮੱਤੀ 20:28.

ਪਰਮੇਸ਼ੁਰ ਵਿਚ ਪੱਕੀ ਨਿਹਚਾ ਹੋਣ ਕਾਰਨ ਅਬਰਾਹਾਮ ਜਾਣਦਾ ਸੀ ਕਿ ਯਹੋਵਾਹ ਦੇ ਵਾਅਦਿਆਂ ਨੂੰ ਪੂਰਾ ਕਰਨ ਵਾਲਾ ਵਾਰਸ ਕਨਾਨ ਦੇਸ਼ ਦੇ ਦੇਵੀ-ਦੇਵਤਿਆਂ ਨੂੰ ਮੰਨਣ ਵਾਲੀ ਕੁੜੀ ਨਾਲ ਵਿਆਹ ਨਹੀਂ ਕਰਾ ਸਕਦਾ ਸੀ। ਇਕ ਧਰਮੀ ਪਿਤਾ ਹੋਣ ਦੇ ਨਾਤੇ ਅਬਰਾਹਾਮ ਕਿਵੇਂ ਇਸ ਗੱਲ ਨੂੰ ਕਬੂਲ ਕਰ ਸਕਦਾ ਸੀ ਕਿ ਉਸ ਦਾ ਪੁੱਤਰ ਕਿਸੇ ਅਜਿਹੀ ਕੁੜੀ ਨਾਲ ਵਿਆਹ ਕਰੇ ਜੋ ਯਹੋਵਾਹ ਨੂੰ ਨਹੀਂ ਮੰਨਦੀ ਸੀ? ਇਸ ਲਈ ਉਸ ਨੇ 800 ਤੋਂ ਜ਼ਿਆਦਾ ਕਿਲੋਮੀਟਰ ਦੂਰ ਮੇਸੋਪੋਟੇਮੀਆ ਵਿਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਵਿੱਚੋਂ ਇਸਹਾਕ ਲਈ ਯੋਗ ਪਤਨੀ ਲੱਭੀ। ਪਰਮੇਸ਼ੁਰ ਨੇ ਅਬਰਾਹਾਮ ਦੇ ਇਸ ਜਤਨ ਤੇ ਬਰਕਤ ਦਿੰਦੇ ਹੋਏ ਇਸਹਾਕ ਦੀ ਵਹੁਟੀ ਅਤੇ ਮਸੀਹਾ ਦੀ ਵੱਡ-ਵਡੇਰੀ ਵਜੋਂ ਰਿਬਕਾਹ ਨੂੰ ਚੁਣਨ ਵਿਚ ਮਦਦ ਕੀਤੀ। ਜੀ ਹਾਂ, ਯਹੋਵਾਹ ਨੇ “ਸਾਰੀਆਂ ਗੱਲਾਂ ਵਿੱਚ ਅਬਰਾਹਾਮ ਨੂੰ ਬਰਕਤ ਦਿੱਤੀ।”—ਉਤਪਤ 24:1-67; ਮੱਤੀ 1:1, 2.

ਸਾਰੀਆਂ ਕੌਮਾਂ ਨੂੰ ਬਰਕਤਾਂ

ਅਬਰਾਹਾਮ ਅਤੇ ਸਾਰਾਹ ਅਜ਼ਮਾਇਸ਼ਾਂ ਨੂੰ ਸਹਿਣ ਅਤੇ ਪਰਮੇਸ਼ੁਰ ਦੇ ਵਾਅਦਿਆਂ ਵਿਚ ਨਿਹਚਾ ਕਰਨ ਦੇ ਮਾਮਲੇ ਵਿਚ ਚੰਗੀ ਮਿਸਾਲ ਸਨ। ਇਨ੍ਹਾਂ ਵਾਅਦਿਆਂ ਦੀ ਪੂਰਤੀ ਦਾ ਮਨੁੱਖਜਾਤੀ ਦੇ ਸਦੀਵੀ ਭਵਿੱਖ ਨਾਲ ਡੂੰਘਾ ਸੰਬੰਧ ਹੈ ਕਿਉਂਕਿ ਯਹੋਵਾਹ ਨੇ ਅਬਰਾਹਾਮ ਨੂੰ ਭਰੋਸਾ ਦਿਵਾਇਆ ਸੀ: “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।”—ਉਤਪਤ 22:18.

ਅਬਰਾਹਾਮ ਤੇ ਸਾਰਾਹ ਸਾਡੇ ਵਾਂਗ ਹੀ ਨਾਮੁਕੰਮਲ ਇਨਸਾਨ ਸਨ। ਪਰ ਜਦੋਂ ਉਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਬਾਰੇ ਸਾਫ਼-ਸਾਫ਼ ਪਤਾ ਲੱਗਾ, ਤਾਂ ਉਨ੍ਹਾਂ ਨੇ ਤੁਰੰਤ ਇਸ ਇੱਛਾ ਦੇ ਮੁਤਾਬਕ ਕਦਮ ਚੁੱਕੇ, ਭਾਵੇਂ ਕਿ ਇਸ ਦੇ ਲਈ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪੈਂਦੀ। ਇਸੇ ਕਰਕੇ ਅਬਰਾਹਾਮ ਨੂੰ ‘ਪਰਮੇਸ਼ੁਰ ਦੇ ਮਿੱਤਰ’ ਵਜੋਂ ਯਾਦ ਕੀਤਾ ਜਾਂਦਾ ਹੈ ਅਤੇ ਸਾਰਾਹ ਨੂੰ ‘ਪਵਿੱਤਰ ਇਸਤ੍ਰੀ ਜਿਹੜੀ ਪਰਮੇਸ਼ੁਰ ਉੱਤੇ ਆਸ ਰੱਖਦੀ ਸੀ।’ (ਯਾਕੂਬ 2:23; 1 ਪਤਰਸ 3:5) ਅਸੀਂ ਵੀ ਅਬਰਾਹਾਮ ਤੇ ਸਾਰਾਹ ਵਾਂਗ ਨਿਹਚਾ ਰੱਖ ਕੇ ਪਰਮੇਸ਼ੁਰ ਨਾਲ ਗੂੜ੍ਹੇ ਰਿਸ਼ਤੇ ਦਾ ਆਨੰਦ ਮਾਣ ਸਕਦੇ ਹਾਂ। ਇਸ ਤੋਂ ਇਲਾਵਾ, ਅਬਰਾਹਾਮ ਨਾਲ ਕੀਤੇ ਯਹੋਵਾਹ ਦੇ ਅਹਿਮ ਵਾਅਦਿਆਂ ਤੋਂ ਅਸੀਂ ਵੀ ਫ਼ਾਇਦਾ ਲੈ ਸਕਦੇ ਹਾਂ।—ਉਤਪਤ 17:7.

[ਸਫ਼ੇ 26 ਉੱਤੇ ਤਸਵੀਰ]

ਅਬਰਾਹਾਮ ਤੇ ਸਾਰਾਹ ਦੀ ਨਿਹਚਾ ਕਾਰਨ ਯਹੋਵਾਹ ਨੇ ਉਨ੍ਹਾਂ ਨੂੰ ਬੁਢਾਪੇ ਵਿਚ ਪੁੱਤਰ ਦਿੱਤਾ

[ਸਫ਼ੇ 28 ਉੱਤੇ ਤਸਵੀਰ]

ਅਬਰਾਹਾਮ ਦੀ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਆਪਣੇ ਇਕਲੌਤੇ ਪੁੱਤਰ ਦੇ ਮਰਨ ਤੇ ਕਿੰਨਾ ਦੁੱਖ ਹੋਇਆ ਹੋਣਾ