Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਅਸੀਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੂੰ ਕਿਵੇਂ ਉਦਾਸ ਕਰ ਸਕਦੇ ਹਾਂ ਜਦ ਕਿ ਇਹ ਕੋਈ ਵਿਅਕਤੀ ਨਹੀਂ ਹੈ?

ਪੌਲੁਸ ਰਸੂਲ ਨੇ ਲਿਖਿਆ ਸੀ: ‘ਪਰਮੇਸ਼ੁਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ।’ (ਅਫ਼ਸੀਆਂ 4:30) ਕੁਝ ਲੋਕ ਇਨ੍ਹਾਂ ਸ਼ਬਦਾਂ ਤੋਂ ਇਹ ਮਤਲਬ ਕੱਢਦੇ ਹਨ ਕਿ ਪਵਿੱਤਰ ਆਤਮਾ ਇਕ ਵਿਅਕਤੀ ਹੈ। ਪਰ ‘ਮਾਤਬਰ ਮੁਖ਼ਤਿਆਰ’ ਨੇ ਆਪਣੇ ਪ੍ਰਕਾਸ਼ਨਾਂ ਵਿਚ ਅਕਸਰ ਬਾਈਬਲੀ ਅਤੇ ਇਤਿਹਾਸਕ ਸਬੂਤ ਦਿੱਤੇ ਹਨ ਕਿ ਮੁਢਲੇ ਮਸੀਹੀ ਪਵਿੱਤਰ ਆਤਮਾ ਨੂੰ ਨਾ ਤਾਂ ਕੋਈ ਵਿਅਕਤੀ ਮੰਨਦੇ ਸਨ ਅਤੇ ਨਾ ਹੀ ਉਸ ਨੂੰ ਤ੍ਰਿਏਕ ਦੇ ਹਿੱਸੇ ਵਜੋਂ ਸਰਬਸ਼ਕਤੀਮਾਨ ਦੇ ਬਰਾਬਰ ਕੋਈ ਦੇਵਤਾ ਸਮਝਦੇ ਸਨ। * (ਲੂਕਾ 12:42) ਇਸ ਲਈ ਪੌਲੁਸ ਇਹ ਨਹੀਂ ਕਹਿ ਰਿਹਾ ਸੀ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਇਕ ਵਿਅਕਤੀ ਹੈ।

ਪਰਮੇਸ਼ੁਰ ਦੀ ਪਵਿੱਤਰ ਆਤਮਾ ਉਸ ਦੀ ਅਦਿੱਖ ਸ਼ਕਤੀ ਹੈ। (ਉਤਪਤ 1:2, NW) ਯਿਸੂ ਨੇ ਇਸੇ “ਪਵਿੱਤ੍ਰ ਆਤਮਾ” ਨਾਲ ਬਪਤਿਸਮਾ ਦੇਣਾ ਸੀ ਜਿਵੇਂ ਯੂਹੰਨਾ ਪਾਣੀ ਨਾਲ ਬਪਤਿਸਮਾ ਦਿੰਦਾ ਸੀ। (ਲੂਕਾ 3:16) ਪੰਤੇਕੁਸਤ 33 ਸਾ.ਯੁ. ਵਿਚ ਲਗਭਗ 120 ਚੇਲੇ “ਪਵਿੱਤ੍ਰ ਆਤਮਾ ਨਾਲ ਭਰ ਗਏ।” ਇੱਥੇ ਸਪੱਸ਼ਟ ਹੈ ਕਿ ਉਹ ਕਿਸੇ ਵਿਅਕਤੀ ਨਾਲ ਨਹੀਂ ਭਰੇ ਸਨ। (ਰਸੂਲਾਂ ਦੇ ਕਰਤੱਬ 1:5, 8; 2:4, 33) ਮਸਹ ਕੀਤੇ ਇਨ੍ਹਾਂ ਵਫ਼ਾਦਾਰ ਲੋਕਾਂ ਨੂੰ ਸਵਰਗੀ ਉਮੀਦ ਮਿਲੀ ਅਤੇ ਪਰਮੇਸ਼ੁਰ ਦੀ ਆਤਮਾ ਨੇ ਉਨ੍ਹਾਂ ਦੀ ਅਗਵਾਈ ਕੀਤੀ। (ਰੋਮੀਆਂ 8:14-17; 2 ਕੁਰਿੰਥੀਆਂ 1:22) ਆਤਮਾ ਨੇ ਉਨ੍ਹਾਂ ਵਿਚ ਪਰਮੇਸ਼ੁਰੀ ਗੁਣ ਪੈਦਾ ਕੀਤੇ ਅਤੇ ਪਰਮੇਸ਼ੁਰ ਨੂੰ ਨਾਰਾਜ਼ ਕਰਨ ਵਾਲੇ ‘ਸਰੀਰ ਦੇ ਪਾਪੀ ਕੰਮਾਂ’ ਤੋਂ ਪਰਹੇਜ਼ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ।—ਗਲਾਤੀਆਂ 5:19-25.

ਜੇ ਅਸੀਂ ਧਰਤੀ ਉੱਤੇ ਜੀਉਣ ਦੀ ਉਮੀਦ ਰੱਖਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਪਵਿੱਤਰ ਆਤਮਾ ਨਾਲ ਮਸਹ ਕੀਤੇ ਹੋਏ ਨਹੀਂ ਹਾਂ। ਪਰ ਸਵਰਗੀ ਉਮੀਦ ਰੱਖਣ ਵਾਲਿਆਂ ਵਾਂਗ ਸਾਨੂੰ ਵੀ ਪਵਿੱਤਰ ਆਤਮਾ ਮਿਲਦੀ ਹੈ। ਇਸ ਲਈ ਅਸੀਂ ਵੀ ਆਪਣੇ ਕੰਮਾਂ ਦੁਆਰਾ ਆਤਮਾ ਨੂੰ ਉਦਾਸ ਕਰ ਸਕਦੇ ਹਾਂ। ਇਹ ਕਿਹੜੇ ਕੰਮ ਹਨ?

ਜੇ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਅਧੀਨ ਲਿਖੀ ਬਾਈਬਲ ਦੀ ਸਲਾਹ ਨੂੰ ਨਕਾਰ ਦਿੰਦੇ ਹਾਂ, ਤਾਂ ਸਾਡੇ ਵਿਚ ਅਜਿਹੇ ਔਗੁਣ ਪੈਦਾ ਹੋ ਸਕਦੇ ਹਨ ਜਿਨ੍ਹਾਂ ਕਾਰਨ ਅਸੀਂ ਜਾਣ-ਬੁੱਝ ਕੇ ਆਤਮਾ ਦੇ ਖ਼ਿਲਾਫ਼ ਪਾਪ ਕਰ ਸਕਦੇ ਹਾਂ। ਸਾਡੇ ਤੋਂ ਪਰਮੇਸ਼ੁਰ ਦੀ ਮਿਹਰ ਉੱਠ ਜਾਵੇਗੀ ਤੇ ਅਖ਼ੀਰ ਅਸੀਂ ਨਾਸ਼ ਹੋ ਜਾਵਾਂਗੇ। (ਮੱਤੀ 12:31, 32) ਹੋ ਸਕਦਾ ਹੈ ਕਿ ਅਸੀਂ ਜੋ ਗ਼ਲਤ ਕੰਮ ਕਰ ਰਹੇ ਹਾਂ ਉਹ ਗੰਭੀਰ ਪਾਪ ਨਹੀਂ ਹੈ, ਪਰ ਹੌਲੀ-ਹੌਲੀ ਅਸੀਂ ਗ਼ਲਤ ਰਾਹ ਪੈ ਕੇ ਆਤਮਾ ਦੇ ਉਲਟ ਕੰਮ ਕਰ ਬੈਠਾਂਗੇ। ਇਸ ਤਰ੍ਹਾਂ ਕਰ ਕੇ ਅਸੀਂ ਪਵਿੱਤਰ ਆਤਮਾ ਨੂੰ ਉਦਾਸ ਕਰ ਰਹੇ ਹੋਵਾਂਗੇ।

ਤਾਂ ਫਿਰ ਅਸੀਂ ਪਰਮੇਸ਼ੁਰ ਦੀ ਆਤਮਾ ਨੂੰ ਉਦਾਸ ਕਰਨ ਤੋਂ ਕਿਵੇਂ ਬਚ ਸਕਦੇ ਹਾਂ? ਸਾਨੂੰ ਆਪਣੀ ਸੋਚਣੀ ਅਤੇ ਕੰਮਾਂ ਨੂੰ ਸਹੀ ਰੱਖਣਾ ਪਵੇਗਾ। ਅਫ਼ਸੀਆਂ ਦੇ ਚੌਥੇ ਅਧਿਆਇ ਵਿਚ ਪੌਲੁਸ ਰਸੂਲ ਨੇ ਲਿਖਿਆ ਸੀ ਕਿ ਮਸੀਹੀ ਝੂਠ ਬੋਲਣ, ਗੁੱਸੇਖ਼ੋਰ ਬਣਨ, ਆਲਸੀ ਬਣਨ ਅਤੇ ਗਾਲ਼ਾਂ ਕੱਢਣ ਤੋਂ ਪਰਹੇਜ਼ ਕਰਨ। ਜੇ ਅਸੀਂ “ਨਵੀਂ ਇਨਸਾਨੀਅਤ” ਨੂੰ ਪਹਿਨਣ ਤੋਂ ਬਾਅਦ ਵੀ ਇਹ ਕੰਮ ਕਰਦੇ ਹਾਂ, ਤਾਂ ਅਸੀਂ ਕੀ ਕਰ ਰਹੇ ਹੋਵਾਂਗੇ? ਅਸੀਂ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਲਿਖੇ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਸਲਾਹ ਦੇ ਉਲਟ ਚੱਲ ਰਹੇ ਹੋਵਾਂਗੇ। ਇਸ ਨਾਲ ਪਵਿੱਤਰ ਆਤਮਾ ਉਦਾਸ ਹੋ ਜਾਵੇਗੀ।

ਅਫ਼ਸੀਆਂ ਦੇ ਪੰਜਵੇਂ ਅਧਿਆਇ ਵਿਚ ਪੌਲੁਸ ਨੇ ਵਿਭਚਾਰ ਤੋਂ ਬਚਣ ਦੀ ਸਲਾਹ ਦਿੱਤੀ ਸੀ। ਉਸ ਨੇ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਬੇਸ਼ਰਮੀ ਦੀਆਂ ਗੱਲਾਂ ਤੇ ਹਰਕਤਾਂ ਤੋਂ ਵੀ ਪਰਹੇਜ਼ ਕਰਨ ਲਈ ਕਿਹਾ ਸੀ। ਜੇ ਅਸੀਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੂੰ ਉਦਾਸ ਨਹੀਂ ਕਰਨਾ ਚਾਹੁੰਦੇ, ਤਾਂ ਸਾਨੂੰ ਮਨੋਰੰਜਨ ਕਰਨ ਵੇਲੇ ਇਸ ਸਲਾਹ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਅਸੀਂ ਗੰਦੀਆਂ ਗੱਲਾਂ ਕਰਨ, ਪੜ੍ਹਨ ਅਤੇ ਟੈਲੀਵਿਯਨ ਤੇ ਜਾਂ ਕਿਤੇ ਹੋਰ ਅਸ਼ਲੀਲ ਤਸਵੀਰਾਂ ਦੇਖਣ ਵਿਚ ਦਿਲਚਸਪੀ ਨਹੀਂ ਲਵਾਂਗੇ।

ਕਈ ਹੋਰ ਤਰੀਕਿਆਂ ਨਾਲ ਵੀ ਆਤਮਾ ਉਦਾਸ ਹੋ ਸਕਦੀ ਹੈ। ਯਹੋਵਾਹ ਦੀ ਆਤਮਾ ਕਲੀਸਿਯਾ ਵਿਚ ਏਕਤਾ ਵਧਾਉਂਦੀ ਹੈ। ਪਰ ਮੰਨ ਲਓ ਜੇ ਅਸੀਂ ਕਲੀਸਿਯਾ ਵਿਚ ਦੂਜਿਆਂ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹਾਂ ਜਾਂ ਗੁੱਟ ਬਣਾਉਂਦੇ ਹਾਂ, ਤਾਂ ਕੀ ਅਸੀਂ ਕਲੀਸਿਯਾ ਵਿਚ ਫੁੱਟ ਪਾ ਕੇ ਆਤਮਾ ਦੀ ਸੇਧ ਦੇ ਖ਼ਿਲਾਫ਼ ਨਹੀਂ ਜਾ ਰਹੇ ਹੋਵਾਂਗੇ? ਇਸ ਤਰ੍ਹਾਂ ਕਰ ਕੇ ਅਸੀਂ ਪਵਿੱਤਰ ਆਤਮਾ ਨੂੰ ਉਦਾਸ ਕਰ ਰਹੇ ਹੋਵਾਂਗੇ ਜਿਵੇਂ ਕੁਰਿੰਥੁਸ ਦੀ ਕਲੀਸਿਯਾ ਵਿਚ ਫੁੱਟ ਪਾਉਣ ਵਾਲਿਆਂ ਨੇ ਕੀਤਾ ਸੀ। (1 ਕੁਰਿੰਥੀਆਂ 1:10; 3:1-4, 16, 17) ਜੇ ਅਸੀਂ ਕਲੀਸਿਯਾ ਵਿਚ ਆਤਮਾ ਦੁਆਰਾ ਨਿਯੁਕਤ ਕੀਤੇ ਭਰਾਵਾਂ ਦਾ ਜਾਣ-ਬੁੱਝ ਕੇ ਨਿਰਾਦਰ ਕਰਦੇ ਹਾਂ, ਤਾਂ ਉਦੋਂ ਵੀ ਅਸੀਂ ਆਤਮਾ ਨੂੰ ਉਦਾਸ ਕਰਦੇ ਹਾਂ।—ਰਸੂਲਾਂ ਦੇ ਕਰਤੱਬ 20:28; ਯਹੂਦਾਹ 8.

ਇਸ ਲਈ ਸਪੱਸ਼ਟ ਹੈ ਕਿ ਸਾਨੂੰ ਆਪਣੇ ਰਵੱਈਏ ਅਤੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਪਵਿੱਤਰ ਆਤਮਾ ਦੀ ਸੇਧ ਦੇ ਖ਼ਿਲਾਫ਼ ਨਾ ਹੋਣ। ਇਹ ਸੇਧ ਸਾਨੂੰ ਬਾਈਬਲ ਅਤੇ ਮਸੀਹੀ ਕਲੀਸਿਯਾ ਰਾਹੀਂ ਮਿਲਦੀ ਹੈ। ਆਓ ਆਪਾਂ “ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ” ਇਸ ਦੇ ਅਸਰ ਅਧੀਨ ਰਹੀਏ ਅਤੇ ਹਮੇਸ਼ਾ ਆਤਮਾ ਨਾਲ ਪ੍ਰੇਰਿਤ ਪਰਮੇਸ਼ੁਰ ਦੇ ਬਚਨ ਅਨੁਸਾਰ ਚੱਲੀਏ। (ਯਹੂਦਾਹ 20) ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਕਦੇ ਵੀ ਆਤਮਾ ਨੂੰ ਉਦਾਸ ਨਹੀਂ ਕਰਾਂਗੇ, ਸਗੋਂ ਯਹੋਵਾਹ ਦੇ ਪਵਿੱਤਰ ਨਾਂ ਦੀ ਮਹਿਮਾ ਕਰਨ ਲਈ ਇਸ ਦੀ ਸੇਧ ਵਿਚ ਚੱਲਾਂਗੇ।

ਯਿਸੂ ਮਸੀਹ ਨੇ ਕਿਹਾ ਸੀ ਕਿ “ਸੂਈ ਦੇ ਨੱਕੇ ਦੇ ਵਿੱਚ ਦੀ ਊਠ ਦਾ ਲੰਘਣਾ ਏਸ ਨਾਲੋਂ ਸੁਖਾਲਾ ਹੈ ਜੋ ਧਨੀ ਮਨੁੱਖ ਪਰਮੇਸ਼ੁਰ ਦੇ ਰਾਜ ਵਿੱਚ ਵੜੇ।” ਕੀ ਯਿਸੂ ਅਸਲੀ ਊਠ ਅਤੇ ਕੱਪੜੇ ਸੀਉਣ ਵਾਲੀ ਸੂਈ ਦੀ ਗੱਲ ਕਰ ਰਿਹਾ ਸੀ?

ਇਹ ਸ਼ਬਦ ਪੰਜਾਬੀ ਬਾਈਬਲ ਵਿਚ ਮੱਤੀ 19:24; ਮਰਕੁਸ 10:25 ਅਤੇ ਲੂਕਾ 18:25 ਵਿਚ ਪਾਏ ਜਾਂਦੇ ਹਨ। ਕੁਝ ਕਿਤਾਬਾਂ ਵਿਚ ਦੱਸਿਆ ਹੈ ਕਿ ਯਰੂਸ਼ਲਮ ਦੇ ਇਕ ਵੱਡੇ ਗੇਟ ਵਿਚ ਇਕ ਛੋਟਾ ਗੇਟ ਹੁੰਦਾ ਸੀ ਜਿਸ ਨੂੰ ‘ਸੂਈ ਦਾ ਨੱਕਾ’ ਕਿਹਾ ਜਾਂਦਾ ਸੀ। ਰਾਤ ਨੂੰ ਵੱਡਾ ਗੇਟ ਬੰਦ ਹੋਣ ਤੇ ਛੋਟਾ ਗੇਟ ਖੋਲ੍ਹਿਆ ਜਾਂਦਾ ਸੀ। ਮੰਨਿਆ ਜਾਂਦਾ ਹੈ ਕਿ ਊਠ ਇਸ ਵਿੱਚੋਂ ਦੀ ਲੰਘ ਸਕਦਾ ਸੀ। ਤਾਂ ਫਿਰ ਕੀ ਯਿਸੂ ਦੇ ਮਨ ਵਿਚ ਇਹ ਗੱਲ ਸੀ?

ਬਿਲਕੁਲ ਨਹੀਂ। ਯਿਸੂ ਕੱਪੜੇ ਸੀਉਣ ਵਾਲੀ ਸੂਈ ਦੀ ਗੱਲ ਕਰ ਰਿਹਾ ਸੀ। ਉਸ ਇਲਾਕੇ ਵਿਚ ਹੱਡੀਆਂ ਅਤੇ ਧਾਤ ਦੀਆਂ ਬਣੀਆਂ ਪੁਰਾਣੇ ਜ਼ਮਾਨੇ ਦੀਆਂ ਸੂਈਆਂ ਮਿਲੀਆਂ ਹਨ ਜੋ ਘਰਾਂ ਵਿਚ ਆਮ ਵਰਤੀਆਂ ਜਾਂਦੀਆਂ ਸਨ।

ਕਈ ਕੋਸ਼ਕਾਰ ਇਸ ਗੱਲ ਨਾਲ ਸਹਿਮਤ ਹਨ। ਮੱਤੀ 19:24 ਅਤੇ ਮਰਕੁਸ 10:25 ਵਿਚ “ਸੂਈ” ਲਈ ਵਰਤਿਆ ਯੂਨਾਨੀ ਸ਼ਬਦ (ਰਾਫ਼ੀਸ) ਉਸ ਕ੍ਰਿਆ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ “ਸੀਉਣਾ।” ਲੂਕਾ 18:25 ਵਿਚ ਪਾਇਆ ਜਾਂਦਾ ਯੂਨਾਨੀ ਸ਼ਬਦ (ਵੈਲੋਨੀ) ਓਪਰੇਸ਼ਨ ਤੋਂ ਬਾਅਦ ਟਾਂਕੇ ਲਾਉਣ ਵਾਲੀ ਸੂਈ ਨੂੰ ਸੰਕੇਤ ਕਰਦਾ ਹੈ। ਵਾਈਨਜ਼ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਓਲਡ ਐਂਡ ਨਿਊ ਟੈਸਟਾਮੈਂਟ ਵਰਡਜ਼ ਕਹਿੰਦੀ ਹੈ: ‘ਛੋਟੇ ਗੇਟ ਨੂੰ “ਸੂਈ ਦਾ ਨੱਕਾ” ਕਹਿਣ ਦਾ ਵਿਚਾਰ ਨਵਾਂ ਲੱਗਦਾ ਹੈ; ਇਸ ਗੱਲ ਦੀ ਪੁਸ਼ਟੀ ਕਰਨ ਲਈ ਕੋਈ ਵੀ ਪੁਰਾਣਾ ਸਬੂਤ ਨਹੀਂ ਹੈ। ਇਸ ਉਦਾਹਰਣ ਵਿਚ ਪ੍ਰਭੂ ਇਹ ਸਮਝਾਉਣਾ ਚਾਹੁੰਦਾ ਸੀ ਕਿ ਅਮੀਰਾਂ ਲਈ ਪਰਮੇਸ਼ੁਰ ਦੇ ਰਾਜ ਵਿਚ ਦਾਖ਼ਲ ਹੋਣਾ ਨਾਮੁਮਕਿਨ ਹੈ। ਸਾਧਾਰਣ ਸੂਈ ਦੀ ਉਦਾਹਰਣ ਦੇ ਕੇ ਉਸ ਨੇ ਇਹ ਗੱਲ ਵਧੀਆ ਤਰੀਕੇ ਨਾਲ ਸਮਝਾਈ।’—1981, ਖੰਡ 3, ਸਫ਼ਾ 106.

ਕੁਝ ਕਹਿੰਦੇ ਹਨ ਕਿ ਇਨ੍ਹਾਂ ਆਇਤਾਂ ਵਿਚ “ਊਠ” ਦੀ ਬਜਾਇ “ਰੱਸੀ” ਸ਼ਬਦ ਵਰਤਣਾ ਚਾਹੀਦਾ ਸੀ। ਰੱਸੀ (ਕੈਮੀਲੋਸ) ਅਤੇ ਊਠ (ਕੈਮੇਲੋਸ) ਲਈ ਵਰਤੇ ਯੂਨਾਨੀ ਸ਼ਬਦ ਰਲਦੇ-ਮਿਲਦੇ ਹਨ। ਪਰ “ਰੱਸੀ” ਲਈ ਵਰਤੇ ਸ਼ਬਦ ਦੀ ਬਜਾਇ “ਊਠ” ਲਈ ਵਰਤਿਆ ਯੂਨਾਨੀ ਸ਼ਬਦ ਮੱਤੀ ਦੀ ਇੰਜੀਲ ਦੀਆਂ ਸਭ ਤੋਂ ਪੁਰਾਣੀਆਂ ਯੂਨਾਨੀ ਹੱਥ-ਲਿਖਤਾਂ (ਸਿਨਾਟਿਕ, ਵੈਟੀਕਨ ਨੰ. 1209 ਅਤੇ ਐਲਕਜ਼ੈਨਡ੍ਰੀਨ) ਵਿਚ ਪਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਮੱਤੀ ਨੇ ਸ਼ੁਰੂ ਵਿਚ ਆਪਣੀ ਇੰਜੀਲ ਇਬਰਾਨੀ ਭਾਸ਼ਾ ਵਿਚ ਲਿਖੀ ਸੀ ਤੇ ਫਿਰ ਉਸ ਨੇ ਯੂਨਾਨੀ ਵਿਚ ਇਸ ਦਾ ਤਰਜਮਾ ਕੀਤਾ। ਉਹ ਜਾਣਦਾ ਸੀ ਕਿ ਯਿਸੂ ਨੇ ਕੀ ਕਿਹਾ ਸੀ ਅਤੇ ਇਸ ਦਾ ਕੀ ਮਤਲਬ ਸੀ ਤੇ ਇਸ ਲਈ ਉਸ ਨੇ ਸਹੀ ਸ਼ਬਦ ਵਰਤਿਆ।

ਇਸ ਪ੍ਰਕਾਰ ਯਿਸੂ ਟਾਂਕੇ ਲਾਉਣ ਵਾਲੀ ਸੂਈ ਅਤੇ ਅਸਲੀ ਊਠ ਦੀ ਗੱਲ ਕਰ ਰਿਹਾ ਸੀ। ਉਹ ਕਿਸੇ ਨਾਮੁਮਕਿਨ ਗੱਲ ਉੱਤੇ ਜ਼ੋਰ ਦੇਣ ਲਈ ਸੂਈ ਤੇ ਊਠ ਦੀ ਉਦਾਹਰਣ ਦੇ ਰਿਹਾ ਸੀ। ਪਰ ਕੀ ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਕੋਈ ਵੀ ਅਮੀਰ ਆਦਮੀ ਪਰਮੇਸ਼ੁਰ ਦੇ ਰਾਜ ਵਿਚ ਨਹੀਂ ਵੜ ਸਕਦਾ? ਨਹੀਂ, ਯਿਸੂ ਇਹ ਨਹੀਂ ਕਹਿ ਰਿਹਾ ਸੀ। ਉਸ ਦੇ ਕਹਿਣ ਦਾ ਮਤਲਬ ਸੀ ਕਿ ਜਿਵੇਂ ਸੂਈ ਦੇ ਨੱਕੇ ਵਿੱਚੋਂ ਦੀ ਊਠ ਨਹੀਂ ਲੰਘ ਸਕਦਾ, ਉਸੇ ਤਰ੍ਹਾਂ ਅਮੀਰ ਆਦਮੀ ਦਾ ਪਰਮੇਸ਼ੁਰ ਦੇ ਰਾਜ ਵਿਚ ਵੜਨਾ ਮੁਸ਼ਕਲ ਹੈ ਜੇ ਉਹ ਧਨ-ਦੌਲਤ ਪਿੱਛੇ ਲੱਗਾ ਰਹਿੰਦਾ ਤੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲੀ ਥਾਂ ਨਹੀਂ ਦਿੰਦਾ।—ਲੂਕਾ 13:24; 1 ਤਿਮੋਥਿਉਸ 6:17-19.

ਯਿਸੂ ਨੇ ਇਹ ਗੱਲ ਉਸ ਵੇਲੇ ਕਹੀ ਸੀ ਜਦੋਂ ਇਕ ਅਮੀਰ ਨੌਜਵਾਨ ਹਾਕਮ ਨੇ ਯਿਸੂ ਦਾ ਚੇਲਾ ਬਣਨ ਦੇ ਵੱਡੇ ਸਨਮਾਨ ਨੂੰ ਠੁਕਰਾ ਦਿੱਤਾ ਸੀ। (ਲੂਕਾ 18:18-24) ਅਧਿਆਤਮਿਕ ਗੱਲਾਂ ਨਾਲੋਂ ਧਨ-ਦੌਲਤ ਨੂੰ ਜ਼ਿਆਦਾ ਪਿਆਰ ਕਰਨ ਵਾਲਾ ਅਮੀਰ ਇਨਸਾਨ ਪਰਮੇਸ਼ੁਰ ਦੇ ਰਾਜ ਵਿਚ ਸਦਾ ਦੀ ਜ਼ਿੰਦਗੀ ਹਾਸਲ ਕਰਨ ਦੀ ਆਸ ਨਹੀਂ ਰੱਖ ਸਕਦਾ। ਪਰ ਕੁਝ ਅਮੀਰ ਲੋਕ ਯਿਸੂ ਦੇ ਚੇਲੇ ਬਣੇ ਸਨ। (ਮੱਤੀ 27:57; ਲੂਕਾ 19:2, 9) ਇਸ ਲਈ ਜਿਹੜਾ ਅਮੀਰ ਇਨਸਾਨ ਆਪਣੀਆਂ ਅਧਿਆਤਮਿਕ ਲੋੜਾਂ ਪ੍ਰਤੀ ਸਚੇਤ ਰਹਿੰਦਾ ਹੈ ਅਤੇ ਪਰਮੇਸ਼ੁਰ ਤੋਂ ਮਦਦ ਮੰਗਦਾ ਹੈ, ਉਹ ਪਰਮੇਸ਼ੁਰ ਵੱਲੋਂ ਮੁਕਤੀ ਪਾ ਸਕਦਾ ਹੈ।—ਮੱਤੀ 5:3; 19:16-26.

[ਫੁਟਨੋਟ]

^ ਪੈਰਾ 3 ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਬਰੋਸ਼ਰ ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਹਿੰਦੀ) ਦੇਖੋ।