Skip to content

Skip to table of contents

ਬਜ਼ੁਰਗ ਭੈਣਾਂ-ਭਰਾਵਾਂ ਦੀ ਸੇਵਾ ਕਰਨੀ—ਇਕ ਮਸੀਹੀ ਜ਼ਿੰਮੇਵਾਰੀ

ਬਜ਼ੁਰਗ ਭੈਣਾਂ-ਭਰਾਵਾਂ ਦੀ ਸੇਵਾ ਕਰਨੀ—ਇਕ ਮਸੀਹੀ ਜ਼ਿੰਮੇਵਾਰੀ

ਬਜ਼ੁਰਗ ਭੈਣਾਂ-ਭਰਾਵਾਂ ਦੀ ਸੇਵਾ ਕਰਨੀ—ਇਕ ਮਸੀਹੀ ਜ਼ਿੰਮੇਵਾਰੀ

“ਬੁਢੇਪੇ ਤੀਕ ਮੈਂ ਉਹੀ ਹਾਂ, ਅਤੇ ਧੌਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ।”—ਯਸਾਯਾਹ 46:4.

1, 2. ਜਿਸ ਤਰੀਕੇ ਨਾਲ ਸਾਡਾ ਸਵਰਗੀ ਪਿਤਾ ਸਾਡੀ ਦੇਖ-ਭਾਲ ਕਰਦਾ ਹੈ, ਉਹ ਇਨਸਾਨੀ ਮਾਪਿਆਂ ਤੋਂ ਕਿਵੇਂ ਵੱਖਰੀ ਹੈ?

ਮਾਪੇ ਆਪਣੇ ਬੱਚਿਆਂ ਦੀ ਜਨਮ ਤੋਂ ਲੈ ਕੇ ਜਵਾਨੀ ਤਕ ਪਰਵਰਿਸ਼ ਕਰਦੇ ਹਨ। ਭਾਵੇਂ ਕਿ ਉਨ੍ਹਾਂ ਦੇ ਬੱਚਿਆਂ ਦੇ ਵਿਆਹ ਵੀ ਹੋ ਜਾਂਦੇ ਹਨ ਤੇ ਉਨ੍ਹਾਂ ਦੇ ਆਪਣੇ ਬੱਚੇ ਹੋ ਜਾਂਦੇ ਹਨ, ਫਿਰ ਵੀ ਮਾਤਾ-ਪਿਤਾ ਉਨ੍ਹਾਂ ਦੀ ਮਦਦ ਕਰਦੇ ਰਹਿੰਦੇ ਹਨ।

2 ਭਾਵੇਂ ਕਿ ਇਨਸਾਨ ਆਪਣੇ ਬੱਚਿਆਂ ਦਾ ਸੀਮਿਤ ਹੱਦ ਤਕ ਹੀ ਭਲਾ ਕਰ ਸਕਦਾ ਹੈ, ਪਰ ਸਾਡਾ ਸਵਰਗੀ ਪਿਤਾ ਹਮੇਸ਼ਾ ਆਪਣੇ ਵਫ਼ਾਦਾਰ ਸੇਵਕਾਂ ਦਾ ਧਿਆਨ ਰੱਖਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਦਾ ਹੈ। ਪੁਰਾਣੇ ਜ਼ਮਾਨੇ ਵਿਚ ਆਪਣੀ ਚੁਣੀ ਹੋਈ ਕੌਮ ਨੂੰ ਯਹੋਵਾਹ ਨੇ ਕਿਹਾ: “ਬੁਢੇਪੇ ਤੀਕ ਮੈਂ ਉਹੀ ਹਾਂ, ਅਤੇ ਧੌਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ।” (ਯਸਾਯਾਹ 46:4) ਬਜ਼ੁਰਗ ਮਸੀਹੀ ਭੈਣ-ਭਰਾਵਾਂ ਲਈ ਇਹ ਕਿੰਨੇ ਹੌਸਲਾ ਦੇਣ ਵਾਲੇ ਸ਼ਬਦ ਹਨ! ਯਹੋਵਾਹ ਉਨ੍ਹਾਂ ਨੂੰ ਕਦੀ ਨਹੀਂ ਛੱਡਦਾ ਜੋ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਇਸ ਦੀ ਬਜਾਇ, ਉਹ ਸਾਰੀ ਉਮਰ ਉਨ੍ਹਾਂ ਦੀ ਦੇਖ-ਭਾਲ ਕਰਨ, ਮਦਦ ਕਰਨ ਅਤੇ ਬੁਢਾਪੇ ਵਿਚ ਵੀ ਉਨ੍ਹਾਂ ਨੂੰ ਸਹੀ ਰਾਹ ਦਿਖਾਉਣ ਦਾ ਵਾਅਦਾ ਕਰਦਾ ਹੈ।—ਜ਼ਬੂਰਾਂ ਦੀ ਪੋਥੀ 48:14.

3. ਇਸ ਲੇਖ ਵਿਚ ਕਿਸ ਗੱਲ ਉੱਤੇ ਚਰਚਾ ਕੀਤੀ ਜਾਵੇਗੀ?

3 ਅਸੀਂ ਯਹੋਵਾਹ ਵਾਂਗ ਬਜ਼ੁਰਗ ਮਸੀਹੀਆਂ ਦੀ ਕਿਵੇਂ ਦੇਖ-ਭਾਲ ਕਰ ਸਕਦੇ ਹਾਂ? (ਅਫ਼ਸੀਆਂ 5:1, 2) ਆਓ ਆਪਾਂ ਕੁਝ ਤਰੀਕਿਆਂ ਉੱਤੇ ਗੌਰ ਕਰੀਏ ਜਿਨ੍ਹਾਂ ਦੁਆਰਾ ਬੱਚੇ, ਕਲੀਸਿਯਾ ਦੇ ਨਿਗਾਹਬਾਨ ਅਤੇ ਦੂਸਰੇ ਮਸੀਹੀ ਨਿੱਜੀ ਤੌਰ ਤੇ ਸਾਡੇ ਮਸੀਹੀ ਭਾਈਚਾਰੇ ਦੇ ਇਨ੍ਹਾਂ ਬਜ਼ੁਰਗ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਨ।

ਬੱਚੇ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ

4. ਬੱਚਿਆਂ ਦੀ ਮਾਪਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?

4 “ਤੂੰ ਆਪਣੇ ਮਾਂ ਪਿਉ ਦਾ ਆਦਰ ਕਰ।” (ਅਫ਼ਸੀਆਂ 6:2; ਕੂਚ 20:12) ਇਬਰਾਨੀ ਸ਼ਾਸਤਰ ਵਿੱਚੋਂ ਇਹ ਸਰਲ ਪਰ ਬਹੁਤ ਮਹੱਤਵਪੂਰਣ ਹਵਾਲਾ ਦੇ ਕੇ ਪੌਲੁਸ ਰਸੂਲ ਨੇ ਬੱਚਿਆਂ ਨੂੰ ਯਾਦ ਕਰਾਇਆ ਕਿ ਮਾਪਿਆਂ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਕੀ ਹੈ। ਪਰ ਇਹ ਸ਼ਬਦ ਬਜ਼ੁਰਗ ਮਸੀਹੀਆਂ ਦੀ ਸੇਵਾ ਕਰਨ ਉੱਤੇ ਕਿਵੇਂ ਲਾਗੂ ਹੁੰਦੇ ਹਨ? ਇਸ ਸਵਾਲ ਦਾ ਜਵਾਬ ਸਾਨੂੰ ਇਕ ਬਹੁਤ ਹੀ ਪੁਰਾਣੀ ਵਧੀਆ ਮਿਸਾਲ ਤੋਂ ਮਿਲਦਾ ਹੈ।

5. (ੳ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯੂਸੁਫ਼ ਆਪਣੇ ਪਿਤਾ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਭੁੱਲਿਆ ਸੀ? (ਅ) ਆਪਣੇ ਮਾਪਿਆਂ ਦਾ ਆਦਰ ਕਰਨ ਦਾ ਕੀ ਮਤਲਬ ਹੈ ਅਤੇ ਯੂਸੁਫ਼ ਨੇ ਇਸ ਸੰਬੰਧ ਵਿਚ ਕਿਵੇਂ ਵਧੀਆ ਮਿਸਾਲ ਕਾਇਮ ਕੀਤੀ?

5 ਤਕਰੀਬਨ 20 ਸਾਲ ਤਕ ਯੂਸੁਫ਼ ਆਪਣੇ ਬਿਰਧ ਪਿਤਾ ਯਾਕੂਬ ਨੂੰ ਨਹੀਂ ਮਿਲਿਆ ਸੀ। ਪਰ ਇੰਨੇ ਸਾਲ ਦੂਰ ਰਹਿਣ ਤੇ ਵੀ ਯੂਸੁਫ਼ ਦਾ ਆਪਣੇ ਪਿਤਾ ਲਈ ਪਿਆਰ ਘਟਿਆ ਨਹੀਂ। ਅਸਲ ਵਿਚ ਜਦੋਂ ਯੂਸੁਫ਼ ਨੇ ਆਪਣੇ ਭਰਾਵਾਂ ਸਾਮ੍ਹਣੇ ਆਪਣੇ ਆਪ ਨੂੰ ਜ਼ਾਹਰ ਕੀਤਾ ਸੀ, ਉਸ ਵੇਲੇ ਉਸ ਨੇ ਪੁੱਛਿਆ: “ਕੀ ਮੇਰਾ ਪਿਤਾ ਅਜੇ ਜੀਉਂਦਾ ਹੈ?” (ਉਤਪਤ 43:7, 27; 45:3) ਉਸ ਸਮੇਂ ਕਨਾਨ ਦੇਸ਼ ਵਿਚ ਕਾਲ ਪਿਆ ਹੋਇਆ ਸੀ। ਇਸ ਲਈ ਉਸ ਨੇ ਆਪਣੇ ਪਿਤਾ ਨੂੰ ਸੁਨੇਹਾ ਘੱਲਿਆ: “ਮੇਰੇ ਕੋਲ ਉੱਤਰ ਆਓ ਢਿੱਲ ਨਾ ਕਰੋ। ਤੁਸੀਂ ਗੋਸ਼ਨ ਦੀ ਧਰਤੀ ਵਿੱਚ ਬਸੇਰਾ ਕਰੋਗੇ ਅਰ ਮੇਰੇ ਨੇੜੇ ਰਹੋਗੇ . . . ਅਰ ਉੱਥੇ ਮੈਂ ਤੁਹਾਡੀ ਪਾਲਣਾ ਕਰਾਂਗਾ।” (ਉਤਪਤ 45:9-11; 47:12) ਜਦੋਂ ਬਿਰਧ ਮਾਪੇ ਆਪਣੀ ਦੇਖ-ਭਾਲ ਕਰਨ ਦੇ ਕਾਬਲ ਨਹੀਂ ਹੁੰਦੇ, ਤਾਂ ਉਨ੍ਹਾਂ ਦੀ ਰਾਖੀ ਕਰ ਕੇ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰ ਕੇ ਬੱਚੇ ਉਨ੍ਹਾਂ ਦਾ ਆਦਰ ਕਰਦੇ ਹਨ। (1 ਸਮੂਏਲ 22:1-4; ਯੂਹੰਨਾ 19:25-27) ਯੂਸੁਫ਼ ਨੇ ਖ਼ੁਸ਼ੀ-ਖ਼ੁਸ਼ੀ ਇਸ ਜ਼ਿੰਮੇਵਾਰੀ ਨੂੰ ਕਬੂਲ ਕੀਤਾ।

6. ਯੂਸੁਫ਼ ਨੇ ਆਪਣੇ ਪਿਤਾ ਲਈ ਆਪਣਾ ਸੱਚਾ ਪਿਆਰ ਕਿਵੇਂ ਜ਼ਾਹਰ ਕੀਤਾ ਅਤੇ ਅਸੀਂ ਉਸ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਾਂ?

6 ਯਹੋਵਾਹ ਦੀ ਬਰਕਤ ਨਾਲ ਯੂਸੁਫ਼ ਮਿਸਰ ਦਾ ਬਹੁਤ ਹੀ ਅਮੀਰ ਅਤੇ ਸ਼ਕਤੀਸ਼ਾਲੀ ਆਦਮੀ ਬਣ ਗਿਆ ਸੀ। (ਉਤਪਤ 41:40) ਪਰ ਉਹ ਆਪਣੇ ਆਪ ਨੂੰ ਇੰਨਾ ਵੱਡਾ ਨਹੀਂ ਸਮਝਦਾ ਸੀ ਜਾਂ ਇੰਨਾ ਵੀ ਰੁੱਝਿਆ ਹੋਇਆ ਨਹੀਂ ਸੀ ਕਿ ਉਸ ਕੋਲ ਆਪਣੇ 130 ਸਾਲਾਂ ਦੇ ਪਿਤਾ ਦਾ ਆਦਰ ਕਰਨ ਲਈ ਸਮਾਂ ਹੀ ਨਹੀਂ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਯਾਕੂਬ (ਜਾਂ ਇਸਰਾਏਲ) ਮਿਸਰ ਪਹੁੰਚ ਰਿਹਾ ਸੀ, ਤਾਂ “ਯੂਸੁਫ ਨੇ ਆਪਣਾ ਰਥ ਜੋੜਿਆ ਅਰ ਆਪਣੇ ਪਿਤਾ ਇਸਰਾਏਲ ਦੇ ਮਿਲਨ ਲਈ ਗੋਸ਼ਨ ਨੂੰ ਗਿਆ ਅਰ ਉਸ ਅੱਗੇ ਹਾਜ਼ਰ ਹੋਇਆ ਅਰ ਉਸ ਦੇ ਗਲ ਲੱਗਾ ਅਰ ਚਿਰ ਤੀਕ ਉਸ ਦੇ ਗਲ ਲੱਗ ਕੇ ਰੋਇਆ।” (ਉਤਪਤ 46:28, 29) ਇਹ ਸੁਆਗਤ ਸਿਰਫ਼ ਦਿਖਾਵਾ ਹੀ ਨਹੀਂ ਸੀ। ਯੂਸੁਫ਼ ਆਪਣੇ ਬਿਰਧ ਪਿਤਾ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਉਸ ਨੂੰ ਆਪਣਾ ਪਿਆਰ ਜ਼ਾਹਰ ਕਰਨ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਹੋਈ। ਜੇ ਸਾਡੇ ਮਾਪੇ ਵੀ ਬਿਰਧ ਹਨ, ਤਾਂ ਕੀ ਸਾਨੂੰ ਵੀ ਉਨ੍ਹਾਂ ਲਈ ਆਪਣੇ ਪਿਆਰ ਨੂੰ ਖੁੱਲ੍ਹੇ ਦਿਲ ਨਾਲ ਜ਼ਾਹਰ ਨਹੀਂ ਕਰਨਾ ਚਾਹੀਦਾ?

7. ਯਾਕੂਬ ਨੇ ਕਿਉਂ ਕਿਹਾ ਸੀ ਕਿ ਉਸ ਨੂੰ ਕਨਾਨ ਵਿਚ ਦਫ਼ਨਾਇਆ ਜਾਵੇ?

7 ਯਾਕੂਬ ਆਪਣੀ ਮੌਤ ਤਕ ਯਹੋਵਾਹ ਦਾ ਭਗਤ ਰਿਹਾ। (ਇਬਰਾਨੀਆਂ 11:21) ਪਰਮੇਸ਼ੁਰ ਦੇ ਵਾਅਦਿਆਂ ਉੱਤੇ ਵਿਸ਼ਵਾਸ ਹੋਣ ਕਰਕੇ ਯਾਕੂਬ ਨੇ ਕਿਹਾ ਕਿ ਉਸ ਨੂੰ ਕਨਾਨ ਵਿਚ ਦਫ਼ਨਾਇਆ ਜਾਵੇ। ਯੂਸੁਫ਼ ਨੇ ਆਪਣੇ ਪਿਤਾ ਦੀ ਇੱਛਾ ਪੂਰੀ ਕਰ ਕੇ ਉਸ ਦਾ ਆਦਰ ਕੀਤਾ, ਭਾਵੇਂ ਕਿ ਇਸ ਲਈ ਉਸ ਨੂੰ ਕਾਫ਼ੀ ਖ਼ਰਚਾ ਕਰਨਾ ਪਿਆ ਤੇ ਨੱਠ-ਭੱਜ ਕਰਨੀ ਪਈ।—ਉਤਪਤ 47:29-31; 50:7-14.

8. (ੳ) ਆਪਣੇ ਬਿਰਧ ਮਾਪਿਆਂ ਦੀ ਸੇਵਾ ਕਰਨ ਪਿੱਛੇ ਮੁੱਖ ਕਾਰਨ ਕੀ ਹੈ? (ਅ) ਆਪਣੇ ਬਿਰਧ ਮਾਪਿਆਂ ਦੀ ਸੇਵਾ ਕਰਨ ਲਈ ਇਕ ਪੂਰੇ ਸਮੇਂ ਦੇ ਸੇਵਕ ਨੇ ਕੀ ਕੀਤਾ? (ਸਫ਼ਾ 17 ਉੱਤੇ ਡੱਬੀ ਦੇਖੋ।)

8 ਯੂਸੁਫ਼ ਨੇ ਆਪਣੇ ਪਿਤਾ ਦੀ ਸੇਵਾ ਕਿਉਂ ਕੀਤੀ ਸੀ? ਇਕ ਕਾਰਨ ਤਾਂ ਇਹ ਹੈ ਕਿ ਉਹ ਆਪਣੇ ਪਿਤਾ ਨਾਲ ਪਿਆਰ ਕਰਦਾ ਸੀ ਤੇ ਉਹ ਆਪਣੇ ਆਪ ਨੂੰ ਆਪਣੇ ਪਿਤਾ ਦਾ ਕਰਜ਼ਾਈ ਸਮਝਦਾ ਸੀ ਕਿਉਂਕਿ ਯਾਕੂਬ ਨੇ ਉਸ ਨੂੰ ਜਨਮ ਦਿੱਤਾ ਸੀ ਅਤੇ ਉਸ ਦੀ ਪਰਵਰਿਸ਼ ਕੀਤੀ ਸੀ। ਪਰ ਆਪਣੇ ਪਿਤਾ ਦੀ ਸੇਵਾ ਕਰ ਕੇ ਯੂਸੁਫ਼ ਯਹੋਵਾਹ ਨੂੰ ਵੀ ਖ਼ੁਸ਼ ਕਰਨਾ ਚਾਹੁੰਦਾ ਸੀ। ਸਾਨੂੰ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਪੌਲੁਸ ਨੇ ਲਿਖਿਆ ਸੀ: “ਜੇ ਕਿਸੇ ਵਿਧਵਾ ਦੇ ਬਾਲਕ ਅਥਵਾ ਪੋਤਰੇ ਦੋਹਤਰੇ ਹੋਣ ਤਾਂ ਓਹ ਪਹਿਲਾਂ ਆਪਣੇ ਘਰਾਣੇ ਨਾਲ ਧਰਮ ਕਮਾਉਣ ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ ਕਿਉਂ ਜੋ ਪਰਮੇਸ਼ੁਰ ਦੇ ਹਜ਼ੂਰ ਇਹੋ ਪਰਵਾਨ ਹੈ।” (1 ਤਿਮੋਥਿਉਸ 5:4) ਅਸਲ ਵਿਚ ਯਹੋਵਾਹ ਲਈ ਪਿਆਰ ਅਤੇ ਉਸ ਦਾ ਡਰ ਸਾਨੂੰ ਆਪਣੇ ਬਿਰਧ ਮਾਪਿਆਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨਗੇ, ਭਾਵੇਂ ਕਿ ਇਸ ਲਈ ਸਾਨੂੰ ਜਿੰਨੀਆਂ ਮਰਜ਼ੀ ਮੁਸ਼ਕਲਾਂ ਸਹਿਣੀਆਂ ਪੈਣ। *

ਨਿਗਾਹਬਾਨ ਕਿਵੇਂ ਬਜ਼ੁਰਗ ਭੈਣ-ਭਰਾਵਾਂ ਦੀ ਦੇਖ-ਭਾਲ ਕਰ ਸਕਦੇ ਹਨ?

9. ਯਹੋਵਾਹ ਨੇ ਨੌਜਵਾਨ ਅਤੇ ਬਜ਼ੁਰਗ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਕਿਨ੍ਹਾਂ ਨੂੰ ਦਿੱਤੀ ਹੈ?

9 ਆਪਣੀ ਜ਼ਿੰਦਗੀ ਦੇ ਅੰਤਲੇ ਦਿਨਾਂ ਵਿਚ ਯਾਕੂਬ ਨੇ ਯਹੋਵਾਹ ਬਾਰੇ ਕਿਹਾ: ‘ਉਸ ਨੇ ਜੀਵਨ ਭਰ ਅੱਜ ਦੇ ਦਿਨ ਤੀਕ ਮੇਰੀ ਪਾਲਣਾ ਕੀਤੀ।’ (ਉਤਪਤ 48:15) ਅੱਜ ਯਹੋਵਾਹ ਆਪਣੇ ਸੇਵਕਾਂ ਦੀ ਦੇਖ-ਭਾਲ ਕਰਨ ਲਈ ਮਸੀਹੀ ਨਿਗਾਹਬਾਨਾਂ ਨੂੰ ਵਰਤਦਾ ਹੈ। ਇਹ ਨਿਗਾਹਬਾਨ “ਸਰਦਾਰ ਅਯਾਲੀ” ਯਿਸੂ ਮਸੀਹ ਦੇ ਨਿਰਦੇਸ਼ਨ ਅਧੀਨ ਆਪਣੀ ਇਹ ਜ਼ਿੰਮੇਵਾਰੀ ਨਿਭਾਉਂਦੇ ਹਨ। (1 ਪਤਰਸ 5:2-4) ਨਿਗਾਹਬਾਨ ਯਹੋਵਾਹ ਵਾਂਗ ਬਜ਼ੁਰਗ ਮਸੀਹੀਆਂ ਦੀ ਕਿਵੇਂ ਦੇਖ-ਭਾਲ ਕਰ ਸਕਦੇ ਹਨ?

10. ਅੱਜ ਬਜ਼ੁਰਗ ਮਸੀਹੀਆਂ ਦੀ ਮਦਦ ਕਰਨ ਲਈ ਕੀ ਕੀਤਾ ਜਾਂਦਾ ਹੈ? (ਸਫ਼ਾ 19 ਉੱਤੇ ਡੱਬੀ ਦੇਖੋ।)

10 ਮਸੀਹੀ ਕਲੀਸਿਯਾ ਦੇ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ, ਰਸੂਲਾਂ ਨੇ ਲੋੜਵੰਦ ਮਸੀਹੀ ਵਿਧਵਾਵਾਂ ਨੂੰ ਭੋਜਨ ਵੰਡਣ ਦੇ ਕੰਮ ਨੂੰ ਸੰਭਾਲਣ ਲਈ ‘ਆਤਮਾ ਅਤੇ ਬੁੱਧ ਨਾਲ ਭਰਪੂਰ ਸੱਤ ਨੇਕ ਨਾਮ ਆਦਮੀ’ ਨਿਯੁਕਤ ਕੀਤੇ। (ਰਸੂਲਾਂ ਦੇ ਕਰਤੱਬ 6:1-6) ਬਾਅਦ ਵਿਚ ਪੌਲੁਸ ਨੇ ਨਿਗਾਹਬਾਨ ਤਿਮੋਥਿਉਸ ਨੂੰ ਹਿਦਾਇਤ ਦਿੱਤੀ ਕਿ ਉਹ ਮਿਸਾਲੀ ਬਿਰਧ ਵਿਧਵਾਵਾਂ ਦੀ ਸੂਚੀ ਬਣਾਵੇ ਜਿਨ੍ਹਾਂ ਨੂੰ ਮਦਦ ਦੀ ਲੋੜ ਸੀ। (1 ਤਿਮੋਥਿਉਸ 5:3, 9, 10) ਇਸੇ ਤਰ੍ਹਾਂ ਅੱਜ ਕਲੀਸਿਯਾ ਦੇ ਨਿਗਾਹਬਾਨ ਲੋੜ ਪੈਣ ਤੇ ਖ਼ੁਸ਼ੀ-ਖ਼ੁਸ਼ੀ ਬਜ਼ੁਰਗ ਮਸੀਹੀਆਂ ਦੀ ਮਦਦ ਕਰਦੇ ਹਨ। ਪਰ ਵਫ਼ਾਦਾਰ ਬਜ਼ੁਰਗ ਮਸੀਹੀਆਂ ਦੀ ਦੇਖ-ਭਾਲ ਕਰਨ ਵਿਚ ਹੋਰ ਕਈ ਗੱਲਾਂ ਸ਼ਾਮਲ ਹਨ।

11. ਬਹੁਤ ਥੋੜ੍ਹਾ ਦਾਨ ਪਾਉਣ ਵਾਲੀ ਗ਼ਰੀਬ ਵਿਧਵਾ ਬਾਰੇ ਯਿਸੂ ਨੇ ਕੀ ਕਿਹਾ ਸੀ?

11 ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਇਕ ਵਾਰ ਯਿਸੂ ਹੈਕਲ ਵਿਚ ਬੈਠਾ ‘ਲੋਕਾਂ ਨੂੰ ਵੇਖ ਰਿਹਾ ਸੀ ਜੋ ਖ਼ਜ਼ਾਨੇ ਵਿੱਚ ਪੈਸੇ ਟਕੇ ਪਾਉਂਦੇ ਸਨ।’ ਫਿਰ ਕਿਸੇ ਨੇ ਉਸ ਦਾ ਧਿਆਨ ਖਿੱਚਿਆ। ਬਾਈਬਲ ਦੱਸਦੀ ਹੈ: “ਇੱਕ ਕੰਗਾਲ ਵਿਧਵਾ ਨੇ ਆਣ ਕੇ ਦੋ ਦਮੜੀਆਂ ਅਰਥਾਤ ਧੇਲਾ ਪਾ ਦਿੱਤਾ।” ਯਿਸੂ ਨੇ ਆਪਣੇ ਚੇਲਿਆਂ ਨੂੰ ਸੱਦ ਕੇ ਕਿਹਾ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਿਹੜੇ ਖ਼ਜ਼ਾਨੇ ਵਿੱਚ ਪਾਉਂਦੇ ਹਨ ਉਨ੍ਹਾਂ ਸਭਨਾਂ ਨਾਲੋਂ ਇਸ ਕੰਗਾਲ ਵਿਧਵਾ ਨੇ ਬਹੁਤਾ ਪਾਇਆ। ਕਿਉਂ ਜੋ ਸਭਨਾਂ ਨੇ ਆਪਣੇ ਵਾਫ਼ਰ ਮਾਲ ਤੋਂ ਕੁਝ ਪਾਇਆ ਪਰ ਇਸ ਨੇ ਆਪਣੀ ਥੁੜ ਵਿੱਚੋਂ ਜੋ ਕੁਝ ਇਹ ਦਾ ਸੀ ਅਰਥਾਤ ਆਪਣੀ ਸਾਰੀ ਪੂੰਜੀ ਪਾ ਦਿੱਤੀ।” (ਮਰਕੁਸ 12:41-44) ਇਸ ਵਿਧਵਾ ਦੇ ਦਾਨ ਦੀ ਕੀਮਤ ਬਹੁਤ ਹੀ ਘੱਟ ਸੀ, ਪਰ ਯਿਸੂ ਜਾਣਦਾ ਸੀ ਕਿ ਉਸ ਦਾ ਸਵਰਗੀ ਪਿਤਾ ਉਨ੍ਹਾਂ ਲੋਕਾਂ ਦੀ ਕਿੰਨੀ ਕਦਰ ਕਰਦਾ ਹੈ ਜੋ ਦਿਲੋਂ ਉਸ ਦੀ ਭਗਤੀ ਕਰਦੇ ਹਨ। ਭਾਵੇਂ ਉਹ ਗ਼ਰੀਬ ਵਿਧਵਾ ਬਿਰਧ ਸੀ, ਪਰ ਉਸ ਨੇ ਜੋ ਕੀਤਾ ਯਿਸੂ ਨੇ ਉਸ ਨੂੰ ਅਣਗੌਲਿਆਂ ਨਹੀਂ ਕੀਤਾ।

12. ਨਿਗਾਹਬਾਨ ਬਜ਼ੁਰਗ ਮਸੀਹੀਆਂ ਦੀ ਸੇਵਾ ਦੀ ਕਦਰ ਕਿਵੇਂ ਕਰ ਸਕਦੇ ਹਨ?

12 ਯਿਸੂ ਵਾਂਗ ਮਸੀਹੀ ਨਿਗਾਹਬਾਨ ਵੀ ਸੱਚੀ ਉਪਾਸਨਾ ਨੂੰ ਫੈਲਾਉਣ ਦੇ ਬਜ਼ੁਰਗ ਮਸੀਹੀਆਂ ਦੇ ਜਤਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦੇ। ਸੇਵਕਾਈ ਅਤੇ ਸਭਾਵਾਂ ਵਿਚ ਹਿੱਸਾ ਲੈਣ ਕਰਕੇ, ਕਲੀਸਿਯਾ ਉੱਤੇ ਚੰਗਾ ਪ੍ਰਭਾਵ ਪਾਉਣ ਕਰਕੇ ਅਤੇ ਉਨ੍ਹਾਂ ਦੇ ਧੀਰਜ ਕਰਕੇ ਨਿਗਾਹਬਾਨ ਬਜ਼ੁਰਗ ਮਸੀਹੀਆਂ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਦੀ ਸ਼ਲਾਘਾ ਕਰਨ ਨਾਲ ਉਨ੍ਹਾਂ ਨੂੰ ਆਪਣੀ ਪਵਿੱਤਰ ਸੇਵਾ ਉੱਤੇ “ਮਾਣ ਕਰਨ ਦਾ ਮੌਕਾ ਮਿਲੇਗਾ” ਅਤੇ ਉਹ ਦੂਸਰੇ ਮਸੀਹੀਆਂ ਨਾਲ ਜਾਂ ਜਵਾਨੀ ਦੇ ਦਿਨਾਂ ਵਿਚ ਉਹ ਜਿੰਨਾ ਕਰਦੇ ਸਨ ਉਸ ਨਾਲ ਆਪਣੀ ਤੁਲਨਾ ਕਰ ਕੇ ਨਿਰਾਸ਼ ਨਹੀਂ ਹੋਣਗੇ।—ਗਲਾਤੀਆਂ 6:4, ਪਵਿੱਤਰ ਬਾਈਬਲ ਨਵਾਂ ਅਨੁਵਾਦ।

13. ਕਲੀਸਿਯਾ ਦੇ ਨਿਗਾਹਬਾਨ ਬਜ਼ੁਰਗ ਮਸੀਹੀਆਂ ਦੇ ਤਜਰਬੇ ਅਤੇ ਯੋਗਤਾਵਾਂ ਤੋਂ ਕਿਵੇਂ ਲਾਭ ਲੈ ਸਕਦੇ ਹਨ?

13 ਕਲੀਸਿਯਾ ਦੇ ਨਿਗਾਹਬਾਨ ਬਜ਼ੁਰਗ ਮਸੀਹੀਆਂ ਦੇ ਤਜਰਬੇ ਅਤੇ ਯੋਗਤਾਵਾਂ ਨੂੰ ਕਲੀਸਿਯਾ ਦੇ ਫ਼ਾਇਦੇ ਲਈ ਵਰਤ ਕੇ ਉਨ੍ਹਾਂ ਦੇ ਬਹੁਮੁੱਲੇ ਯੋਗਦਾਨ ਦੀ ਕਦਰ ਕਰਦੇ ਹਨ। ਮਿਸਾਲੀ ਬਜ਼ੁਰਗ ਮਸੀਹੀਆਂ ਨੂੰ ਪ੍ਰਦਰਸ਼ਨਾਂ ਜਾਂ ਇੰਟਰਵਿਊਆਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਕ ਨਿਗਾਹਬਾਨ ਦੱਸਦਾ ਹੈ: “ਜਦੋਂ ਮੈਂ ਕਿਸੇ ਬਜ਼ੁਰਗ ਭੈਣ ਜਾਂ ਭਰਾ ਦੀ ਇੰਟਰਵਿਊ ਲੈਂਦਾ ਹਾਂ ਜਿਸ ਨੇ ਆਪਣੇ ਬੱਚਿਆਂ ਨੂੰ ਸੱਚਾਈ ਸਿਖਾਈ ਹੈ, ਤਾਂ ਸਾਰੇ ਜਣੇ ਸਿੱਧੇ ਬਹਿ ਕੇ ਬੜੇ ਧਿਆਨ ਨਾਲ ਸੁਣਦੇ ਹਨ।” ਇਕ ਕਲੀਸਿਯਾ ਦੇ ਨਿਗਾਹਬਾਨ ਦੱਸਦੇ ਹਨ ਕਿ ਇਕ 71 ਸਾਲਾਂ ਦੀ ਪਾਇਨੀਅਰ ਭੈਣ ਨੇ ਕਈ ਪ੍ਰਕਾਸ਼ਕਾਂ ਦੀ ਖੇਤਰ ਸੇਵਕਾਈ ਵਿਚ ਬਾਕਾਇਦਾ ਹਿੱਸਾ ਲੈਣ ਵਿਚ ਮਦਦ ਕੀਤੀ ਹੈ। ਉਹ ਉਨ੍ਹਾਂ ਨੂੰ ਬਾਈਬਲ ਤੇ ਦੈਨਿਕ ਪਾਠ ਪੜ੍ਹਨ ਅਤੇ ਇਸ ਉੱਤੇ ਮਨਨ ਕਰਨ ਦੀ ਪ੍ਰੇਰਣਾ ਵੀ ਦਿੰਦੀ ਹੈ।

14. ਨਿਗਾਹਬਾਨਾਂ ਦੇ ਇਕ ਸਮੂਹ ਨੇ ਆਪਣੇ ਸਾਥੀ ਬਜ਼ੁਰਗ ਨਿਗਾਹਬਾਨ ਪ੍ਰਤੀ ਕਦਰ ਦਾ ਕਿਵੇਂ ਸਬੂਤ ਦਿੱਤਾ?

14 ਕਲੀਸਿਯਾ ਦੇ ਨਿਗਾਹਬਾਨ ਆਪਣੇ ਸਾਥੀ ਬਜ਼ੁਰਗ ਨਿਗਾਹਬਾਨਾਂ ਦੇ ਯੋਗਦਾਨ ਦੀ ਵੀ ਕਦਰ ਕਰਦੇ ਹਨ। ਸੱਤਰ ਕੁ ਸਾਲਾਂ ਦੇ ਜ਼ੋਜ਼ੇ ਨੇ ਕਈ ਦਹਾਕਿਆਂ ਤੋਂ ਨਿਗਾਹਬਾਨ ਦੇ ਤੌਰ ਤੇ ਸੇਵਾ ਕੀਤੀ ਹੈ। ਹਾਲ ਹੀ ਵਿਚ ਉਸ ਨੂੰ ਇਕ ਵੱਡਾ ਓਪਰੇਸ਼ਨ ਕਰਾਉਣਾ ਪਿਆ। ਉਸ ਨੂੰ ਠੀਕ ਹੋਣ ਵਿਚ ਕਾਫ਼ੀ ਸਮਾਂ ਲੱਗਣਾ ਸੀ, ਇਸ ਲਈ ਉਸ ਨੇ ਕਲੀਸਿਯਾ ਦੇ ਪ੍ਰਧਾਨ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਛੱਡਣ ਦਾ ਫ਼ੈਸਲਾ ਕੀਤਾ। “ਦੂਸਰੇ ਨਿਗਾਹਬਾਨਾਂ ਦੀ ਪ੍ਰਤਿਕ੍ਰਿਆ ਤੋਂ ਮੈਨੂੰ ਬਹੁਤ ਹੈਰਾਨੀ ਹੋਈ,” ਜ਼ੋਜ਼ੇ ਦੱਸਦਾ ਹੈ। “ਮੇਰਾ ਫ਼ੈਸਲਾ ਕਬੂਲਣ ਦੀ ਬਜਾਇ ਉਨ੍ਹਾਂ ਨੇ ਪੁੱਛਿਆ ਕਿ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਉਹ ਮੇਰੀ ਕਿਸ ਤਰ੍ਹਾਂ ਮਦਦ ਕਰ ਸਕਦੇ ਸਨ।” ਇਕ ਹੋਰ ਨਿਗਾਹਬਾਨ ਦੀ ਮਦਦ ਨਾਲ ਜ਼ੋਜ਼ੇ ਨੇ ਖ਼ੁਸ਼ੀ-ਖ਼ੁਸ਼ੀ ਪ੍ਰਧਾਨ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਨੀ ਜਾਰੀ ਰੱਖੀ। ਇਸ ਨਾਲ ਕਲੀਸਿਯਾ ਨੂੰ ਬਹੁਤ ਫ਼ਾਇਦਾ ਹੋਇਆ। ਉਸ ਦਾ ਇਕ ਸਾਥੀ ਨਿਗਾਹਬਾਨ ਕਹਿੰਦਾ ਹੈ: “ਸਾਰੇ ਭੈਣ-ਭਰਾ ਇਕ ਨਿਗਾਹਬਾਨ ਦੇ ਤੌਰ ਤੇ ਜ਼ੋਜ਼ੇ ਦੀ ਬਹੁਤ ਕਦਰ ਕਰਦੇ ਹਨ। ਉਸ ਦੇ ਤਜਰਬੇ ਅਤੇ ਨਿਹਚਾ ਕਰਕੇ ਉਹ ਉਸ ਨਾਲ ਪਿਆਰ ਕਰਦੇ ਹਨ ਅਤੇ ਉਸ ਦਾ ਆਦਰ ਕਰਦੇ ਹਨ। ਉਹ ਸਾਡੀ ਕਲੀਸਿਯਾ ਲਈ ਇਕ ਬਰਕਤ ਹੈ।”

ਇਕ-ਦੂਜੇ ਦੀ ਦੇਖ-ਭਾਲ ਕਰਨੀ

15. ਸਾਰੇ ਮਸੀਹੀਆਂ ਨੂੰ ਬਜ਼ੁਰਗ ਭੈਣ-ਭਰਾਵਾਂ ਦੀ ਚਿੰਤਾ ਕਿਉਂ ਕਰਨੀ ਚਾਹੀਦੀ ਹੈ?

15 ਬਿਰਧ ਮਾਪਿਆਂ ਦੇ ਬੱਚਿਆਂ ਅਤੇ ਕਲੀਸਿਯਾ ਦੇ ਨਿਗਾਹਬਾਨਾਂ ਦੀ ਹੀ ਇਹ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਬਜ਼ੁਰਗ ਮਸੀਹੀਆਂ ਦੀ ਦੇਖ-ਭਾਲ ਕਰਨ। ਮਸੀਹੀ ਕਲੀਸਿਯਾ ਦੀ ਤੁਲਨਾ ਮਨੁੱਖੀ ਸਰੀਰ ਨਾਲ ਕਰਦੇ ਹੋਏ ਪੌਲੁਸ ਨੇ ਲਿਖਿਆ: “ਜਿਹੜੇ ਅੰਗ ਨੂੰ ਕੁਝ ਘਾਟਾ ਸੀ ਉਹ ਨੂੰ ਪਰਮੇਸ਼ੁਰ ਨੇ ਹੋਰ ਵੀ ਵਧੀਕ ਆਦਰ ਦੇ ਕੇ ਸਰੀਰ ਨੂੰ ਜੋੜਿਆ। ਭਈ ਸਰੀਰ ਵਿੱਚ ਫੋਟਕ ਨਾ ਪਵੇ ਸਗੋਂ ਅੰਗ ਇੱਕ ਦੂਜੇ ਦੇ ਲਈ ਇੱਕ ਸਮਾਨ ਚਿੰਤਾ ਕਰਨ।” (1 ਕੁਰਿੰਥੀਆਂ 12:24, 25) ਇਕ ਹੋਰ ਬਾਈਬਲ ਕਹਿੰਦੀ ਹੈ: “ਸਭ ਅੰਗ ਇਕ ਦੂਜੇ ਦਾ ਬਰਾਬਰ ਧਿਆਨ ਰੱਖਣ।” (ਨਵਾਂ ਅਨੁਵਾਦ) ਕਲੀਸਿਯਾ ਦੇ ਸਹੀ ਢੰਗ ਨਾਲ ਚੱਲਣ ਲਈ ਹਰ ਮੈਂਬਰ ਨੂੰ ਆਪਣੇ ਸਾਥੀ ਵਿਸ਼ਵਾਸੀਆਂ, ਜਿਨ੍ਹਾਂ ਵਿਚ ਬਜ਼ੁਰਗ ਭੈਣ-ਭਰਾ ਵੀ ਸ਼ਾਮਲ ਹਨ, ਦਾ ਧਿਆਨ ਰੱਖਣ ਦੀ ਲੋੜ ਹੈ।—ਗਲਾਤੀਆਂ 6:2.

16. ਮਸੀਹੀ ਸਭਾਵਾਂ ਵਿਚ ਅਸੀਂ ਬਜ਼ੁਰਗ ਭੈਣ-ਭਰਾਵਾਂ ਵਿਚ ਆਪਣੀ ਦਿਲਚਸਪੀ ਕਿਵੇਂ ਦਿਖਾ ਸਕਦੇ ਹਾਂ?

16 ਸਾਰਿਆਂ ਨੂੰ ਮਸੀਹੀ ਸਭਾਵਾਂ ਵਿਚ ਬਜ਼ੁਰਗ ਭੈਣ-ਭਰਾਵਾਂ ਵਿਚ ਆਪਣੀ ਦਿਲਚਸਪੀ ਦਿਖਾਉਣ ਦਾ ਮੌਕਾ ਮਿਲਦਾ ਹੈ। (ਫ਼ਿਲਿੱਪੀਆਂ 2:4; ਇਬਰਾਨੀਆਂ 10:24, 25) ਕੀ ਅਸੀਂ ਉਨ੍ਹਾਂ ਨਾਲ ਗੱਲ ਕਰਦੇ ਹਾਂ? ਉਨ੍ਹਾਂ ਦਾ ਹਾਲ-ਚਾਲ ਪੁੱਛਣਾ ਚੰਗੀ ਗੱਲ ਹੈ, ਪਰ ਕੀ ਅਸੀਂ ਕੋਈ ਵਧੀਆ ਤਜਰਬਾ ਜਾਂ ਬਾਈਬਲ ਦਾ ਕੋਈ ਵਿਚਾਰ ਸਾਂਝਾ ਕਰ ਕੇ ਕੋਈ “ਆਤਮਿਕ ਵਰਦਾਨ” ਦੇਣ ਦੀ ਕੋਸ਼ਿਸ਼ ਕਰਦੇ ਹਾਂ? ਕੁਝ ਬਜ਼ੁਰਗ ਭੈਣ-ਭਰਾ ਜ਼ਿਆਦਾ ਤੁਰ-ਫਿਰ ਨਹੀਂ ਸਕਦੇ, ਇਸ ਲਈ ਉਨ੍ਹਾਂ ਦੇ ਆਉਣ ਦੀ ਉਡੀਕ ਕਰਨ ਦੀ ਬਜਾਇ ਸਾਨੂੰ ਆਪ ਉਨ੍ਹਾਂ ਕੋਲ ਜਾਣਾ ਚਾਹੀਦਾ ਹੈ। ਜੇ ਉਨ੍ਹਾਂ ਨੂੰ ਉੱਚਾ ਸੁਣਦਾ ਹੈ, ਤਾਂ ਸਾਨੂੰ ਹੌਲੀ-ਹੌਲੀ ਤੇ ਸਾਫ਼-ਸਾਫ਼ ਬੋਲਣਾ ਚਾਹੀਦਾ ਹੈ। ਸਾਨੂੰ ਬਜ਼ੁਰਗ ਮਸੀਹੀਆਂ ਦੀ ਗੱਲ ਵੀ ਧਿਆਨ ਨਾਲ ਸੁਣਨੀ ਚਾਹੀਦੀ ਹੈ ਤਾਂਕਿ ‘ਦੋਵੇਂ ਧਿਰਾਂ ਉਤਸ਼ਾਹ ਪ੍ਰਾਪਤ ਕਰਨ।’—ਰੋਮੀਆਂ 1:11, 12, ਨਵਾਂ ਅਨੁਵਾਦ।

17. ਘਰ ਵਿਚ “ਕੈਦ” ਬਜ਼ੁਰਗ ਮਸੀਹੀਆਂ ਪ੍ਰਤੀ ਅਸੀਂ ਆਪਣੀ ਚਿੰਤਾ ਕਿਵੇਂ ਦਿਖਾ ਸਕਦੇ ਹਾਂ?

17 ਉਦੋਂ ਕੀ ਕੀਤਾ ਜਾਵੇ ਜੇ ਕੁਝ ਬਜ਼ੁਰਗ ਮਸੀਹੀ ਸਭਾਵਾਂ ਵਿਚ ਨਹੀਂ ਆ ਸਕਦੇ? ਯਾਕੂਬ 1:27 ਕਹਿੰਦਾ ਹੈ ਕਿ “ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ” ਸਾਡੀ ਜ਼ਿੰਮੇਵਾਰੀ ਹੈ। “ਸੁੱਧ ਲੈਣੀ” ਅਨੁਵਾਦ ਕੀਤੀ ਗਈ ਯੂਨਾਨੀ ਕਿਰਿਆ ਦਾ ਇਕ ਮਤਲਬ ਹੈ “ਮਿਲਣ ਜਾਣਾ।” (ਰਸੂਲਾਂ ਦੇ ਕਰਤੱਬ 15:36) ਜੇ ਤੁਸੀਂ ਬਜ਼ੁਰਗ ਮਸੀਹੀਆਂ ਨੂੰ ਮਿਲਣ ਜਾਓਗੇ, ਤਾਂ ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਹੋਵੇਗੀ! ਲਗਭਗ 65 ਸਾ.ਯੁ. ਦੇ ਨੇੜੇ-ਤੇੜੇ ਰੋਮ ਵਿਚ ਕੈਦ ਹੋਣ ਕਰਕੇ ‘ਬੁੱਢੇ’ ਪੌਲੁਸ ਨੇ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕੀਤਾ। ਉਹ ਆਪਣੇ ਸਾਥੀ ਵਿਸ਼ਵਾਸੀ ਤਿਮੋਥਿਉਸ ਨੂੰ ਮਿਲਣ ਲਈ ਤਰਸ ਰਿਹਾ ਸੀ, ਇਸ ਲਈ ਉਸ ਨੇ ਲਿਖਿਆ: “ਤੂੰ ਮੇਰੇ ਕੋਲ ਛੇਤੀ ਆਉਣ ਦਾ ਜਤਨ ਕਰ।” (ਫਿਲੇਮੋਨ 9; 2 ਤਿਮੋਥਿਉਸ 1:3, 4; 4:9) ਕੁਝ ਬਜ਼ੁਰਗ ਮਸੀਹੀ ਬੀਮਾਰ ਹੋਣ ਕਰਕੇ ਇਕ ਤਰ੍ਹਾਂ ਨਾਲ ਆਪਣੇ ਘਰਾਂ ਵਿਚ ਕੈਦ ਹੁੰਦੇ ਹਨ। ਉਹ ਸ਼ਾਇਦ ਸਾਨੂੰ ਕਹਿ ਰਹੇ ਹੋਣ, ‘ਛੇਤੀ ਤੋਂ ਛੇਤੀ ਮੈਨੂੰ ਆ ਕੇ ਮਿਲੋ।’ ਕੀ ਅਸੀਂ ਉਨ੍ਹਾਂ ਦੀਆਂ ਅਜਿਹੀਆਂ ਬੇਨਤੀਆਂ ਵੱਲ ਧਿਆਨ ਦਿੰਦੇ ਹਾਂ?

18. ਕਿਸੇ ਬਜ਼ੁਰਗ ਮਸੀਹੀ ਨੂੰ ਮਿਲਣ ਜਾਣ ਤੇ ਉਸ ਨੂੰ ਕੀ ਫ਼ਾਇਦੇ ਹੋ ਸਕਦੇ ਹਨ?

18 ਕਿਸੇ ਬਜ਼ੁਰਗ ਮਸੀਹੀ ਭਰਾ ਜਾਂ ਭੈਣ ਨੂੰ ਮਿਲਣ ਜਾਣ ਤੇ ਉਸ ਨੂੰ ਬਹੁਤ ਫ਼ਾਇਦਾ ਹੋਵੇਗਾ। ਜਦੋਂ ਉਨੇਸਿਫ਼ੁਰੁਸ ਨਾਂ ਦਾ ਇਕ ਮਸੀਹੀ ਰੋਮ ਵਿਚ ਸੀ, ਤਾਂ ਉਸ ਨੇ ਪੌਲੁਸ ਦੀ ਭਾਲ ਕਰ ਕੇ ਉਸ ਨੂੰ ਲੱਭਿਆ ਅਤੇ ਇਸ ਤੋਂ ਬਾਅਦ ਉਸ ਨੂੰ ‘ਬਹੁਤ ਵਾਰੀ ਤਾਜ਼ਾ ਦਮ ਕੀਤਾ।’ (2 ਤਿਮੋਥਿਉਸ 1:16, 17) ਇਕ ਬਜ਼ੁਰਗ ਭੈਣ ਕਹਿੰਦੀ ਹੈ: “ਮੈਨੂੰ ਨੌਜਵਾਨਾਂ ਨਾਲ ਗੱਲਬਾਤ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਮੈਨੂੰ ਇਹ ਚੰਗਾ ਲੱਗਦਾ ਹੈ ਕਿ ਉਹ ਮੈਨੂੰ ਆਪਣੇ ਪਰਿਵਾਰ ਦਾ ਮੈਂਬਰ ਹੀ ਸਮਝਦੇ ਹਨ। ਇਸ ਨਾਲ ਮੇਰੇ ਹੌਸਲੇ ਬੁਲੰਦ ਰਹਿੰਦੇ ਹਨ।” ਇਕ ਹੋਰ ਬਜ਼ੁਰਗ ਮਸੀਹੀ ਭੈਣ ਦੱਸਦੀ ਹੈ: “ਜਦੋਂ ਕੋਈ ਮੈਨੂੰ ਕਾਰਡ ਘੱਲਦਾ ਹੈ, ਫ਼ੋਨ ਤੇ ਦੋ ਘੜੀਆਂ ਗੱਲ ਕਰਦਾ ਹੈ ਜਾਂ ਫਿਰ ਮੈਨੂੰ ਮਿਲਣ ਆਉਂਦਾ ਹੈ, ਤਾਂ ਮੇਰਾ ਜੀਅ ਖ਼ੁਸ਼ ਹੋ ਜਾਂਦਾ ਹੈ।”

ਯਹੋਵਾਹ ਦੇਖ-ਭਾਲ ਕਰਨ ਵਾਲਿਆਂ ਨੂੰ ਇਨਾਮ ਦਿੰਦਾ ਹੈ

19. ਬਜ਼ੁਰਗ ਮਸੀਹੀਆਂ ਦੀ ਸੇਵਾ ਕਰਨ ਨਾਲ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

19 ਬਜ਼ੁਰਗ ਮਸੀਹੀਆਂ ਦੀ ਦੇਖ-ਭਾਲ ਕਰਨ ਵਾਲਿਆਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਉਨ੍ਹਾਂ ਨਾਲ ਗੱਲਬਾਤ ਕਰਨੀ ਤੇ ਉਨ੍ਹਾਂ ਦੇ ਗਿਆਨ ਅਤੇ ਤਜਰਬੇ ਤੋਂ ਸਿੱਖਣਾ ਵੀ ਆਪਣੇ ਆਪ ਵਿਚ ਇਕ ਬਰਕਤ ਹੈ। ਦੇਖ-ਭਾਲ ਕਰਨ ਵਾਲਿਆਂ ਨੂੰ ਉਹ ਖ਼ੁਸ਼ੀ ਮਿਲਦੀ ਹੈ ਜੋ ਦੇਣ ਨਾਲ ਮਿਲਦੀ ਹੈ। ਇਸ ਤੋਂ ਇਲਾਵਾ, ਬਾਈਬਲ ਵਿਚ ਦਿੱਤੀ ਇਹ ਜ਼ਿੰਮੇਵਾਰੀ ਪੂਰੀ ਕਰ ਕੇ ਉਨ੍ਹਾਂ ਨੂੰ ਸੰਤੁਸ਼ਟੀ ਅਤੇ ਅੰਦਰੂਨੀ ਸ਼ਾਂਤੀ ਮਿਲਦੀ ਹੈ। (ਰਸੂਲਾਂ ਦੇ ਕਰਤੱਬ 20:35) ਇਸ ਦੇ ਨਾਲ-ਨਾਲ ਜੋ ਬਜ਼ੁਰਗ ਮਸੀਹੀਆਂ ਦੀ ਸੇਵਾ ਕਰਦੇ ਹਨ, ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿ ਉਨ੍ਹਾਂ ਨੂੰ ਆਪਣੀ ਬਿਰਧ ਉਮਰ ਵਿਚ ਇਕੱਲੇ ਛੱਡ ਦਿੱਤਾ ਜਾਵੇਗਾ। ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿੰਦਾ ਹੈ: “ਸਖੀ ਜਨ ਮੋਟਾ ਹੋ ਜਾਵੇਗਾ, ਤੇ ਜੋ ਸਿੰਜਦਾ ਹੈ ਉਹ ਆਪ ਵੀ ਸਿੰਜਿਆ ਜਾਵੇਗਾ।”—ਕਹਾਉਤਾਂ 11:25.

20, 21. ਯਹੋਵਾਹ ਉਨ੍ਹਾਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ ਜੋ ਬਜ਼ੁਰਗ ਮਸੀਹੀਆਂ ਦੀ ਸੇਵਾ ਕਰਦੇ ਹਨ ਅਤੇ ਸਾਨੂੰ ਕੀ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

20 ਯਹੋਵਾਹ ਪਰਮੇਸ਼ੁਰੀ ਭੈ ਰੱਖਣ ਵਾਲੇ ਬੱਚਿਆਂ, ਨਿਗਾਹਬਾਨਾਂ ਅਤੇ ਦੂਸਰੇ ਮਸੀਹੀਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਬਜ਼ੁਰਗ ਸਾਥੀ ਵਿਸ਼ਵਾਸੀਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਇਸ ਕਹਾਵਤ ਵਿਚ ਇਹੋ ਗੱਲ ਕਹੀ ਗਈ ਹੈ: “ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।” (ਕਹਾਉਤਾਂ 19:17) ਜੇ ਅਸੀਂ ਪਿਆਰ ਨਾਲ ਲੋੜਵੰਦਾਂ ਅਤੇ ਗ਼ਰੀਬਾਂ ਦੀ ਮਦਦ ਕਰਦੇ ਹਾਂ, ਤਾਂ ਯਹੋਵਾਹ ਇਸ ਨੂੰ ਆਪਣੇ ਉੱਤੇ ਕਰਜ਼ ਸਮਝਦਾ ਹੈ ਜੋ ਸਾਨੂੰ ਬਰਕਤਾਂ ਦੇ ਕੇ ਮੋੜੇਗਾ। ਆਪਣੇ ਬਜ਼ੁਰਗ ਮਸੀਹੀ ਭੈਣ-ਭਰਾਵਾਂ, ਜਿਨ੍ਹਾਂ ਵਿੱਚੋਂ ਕਈ ‘ਸੰਸਾਰ ਦੀ ਵੱਲੋਂ ਗਰੀਬ ਹਨ ਪਰ ਨਿਹਚਾ ਵਿੱਚ ਧਨੀ ਹਨ,’ ਦੀ ਪਿਆਰ ਨਾਲ ਦੇਖ-ਭਾਲ ਕਰਨ ਦਾ ਕਰਜ਼ ਵੀ ਯਹੋਵਾਹ ਸਾਨੂੰ ਵਾਪਸ ਮੋੜੇਗਾ।—ਯਾਕੂਬ 2:5.

21 ਪਰਮੇਸ਼ੁਰ ਕਿੰਨੀ ਖੁੱਲ੍ਹ-ਦਿਲੀ ਨਾਲ ਕਰਜ਼ ਮੋੜਦਾ ਹੈ! ਉਹ ਸਾਨੂੰ ਅਨੰਤ ਜੀਵਨ ਵੀ ਦੇਵੇਗਾ। ਯਹੋਵਾਹ ਦੇ ਜ਼ਿਆਦਾਤਰ ਸੇਵਕ ਸੋਹਣੀ ਧਰਤੀ ਉੱਤੇ ਸਦਾ ਲਈ ਰਹਿਣਗੇ। ਉਸ ਵੇਲੇ ਵਿਰਸੇ ਵਿਚ ਮਿਲੇ ਪਾਪ ਦੇ ਅਸਰ ਖ਼ਤਮ ਕਰ ਦਿੱਤੇ ਜਾਣਗੇ ਅਤੇ ਵਫ਼ਾਦਾਰ ਬਜ਼ੁਰਗ ਭੈਣ-ਭਰਾ ਫਿਰ ਤੋਂ ਜਵਾਨ ਹੋ ਜਾਣਗੇ। (ਪਰਕਾਸ਼ ਦੀ ਪੋਥੀ 21:3-5) ਉਸ ਸਮੇਂ ਦੀ ਉਡੀਕ ਕਰਦਿਆਂ ਆਓ ਆਪਾਂ ਬਜ਼ੁਰਗ ਮਸੀਹੀਆਂ ਦੀ ਸੇਵਾ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੀਏ।

[ਫੁਟਨੋਟ]

^ ਪੈਰਾ 8 ਬਿਰਧ ਮਾਪਿਆਂ ਦੀ ਸੇਵਾ ਕਰਨ ਸੰਬੰਧੀ ਕੁਝ ਵਧੀਆਂ ਸੁਝਾਵਾਂ ਵਾਸਤੇ ਪਰਿਵਾਰਕ ਖ਼ੁਸ਼ੀ ਦਾ ਰਾਜ਼ ਅਧਿਆਇ 15, ਸਫ਼ੇ 173 ਤੋਂ 182 ਦੇਖੋ।

ਤੁਸੀਂ ਕੀ ਜਵਾਬ ਦਿਓਗੇ?

• ਬੱਚੇ ਆਪਣੇ ਬਿਰਧ ਮਾਪਿਆਂ ਦਾ ਕਿਵੇਂ ਆਦਰ ਕਰ ਸਕਦੇ ਹਨ?

• ਨਿਗਾਹਬਾਨ ਬਜ਼ੁਰਗ ਮਸੀਹੀਆਂ ਦੀ ਕਿਵੇਂ ਕਦਰ ਕਰਦੇ ਹਨ?

• ਕਲੀਸਿਯਾ ਦੇ ਸਾਰੇ ਭੈਣ-ਭਰਾ ਬਜ਼ੁਰਗ ਮਸੀਹੀਆਂ ਵਿਚ ਕਿਵੇਂ ਸੱਚੀ ਦਿਲਚਸਪੀ ਲੈ ਸਕਦੇ ਹਨ?

• ਬਜ਼ੁਰਗ ਮਸੀਹੀਆਂ ਦੀ ਸੇਵਾ ਕਰਨ ਨਾਲ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

[ਸਵਾਲ]

[ਸਫ਼ੇ 17 ਉੱਤੇ ਡੱਬੀ]

ਜਦੋਂ ਉਸ ਦੇ ਮਾਤਾ-ਪਿਤਾ ਨੂੰ ਮਦਦ ਦੀ ਲੋੜ ਪਈ

ਫਿਲਿਪ 1999 ਵਿਚ ਲਾਈਬੇਰੀਆ ਵਿਚ ਕਿਸੇ ਉਸਾਰੀ ਪ੍ਰਾਜੈਕਟ ਉੱਤੇ ਵਲੰਟੀਅਰ ਦੇ ਤੌਰ ਤੇ ਸੇਵਾ ਕਰ ਰਿਹਾ ਸੀ। ਉੱਥੇ ਉਸ ਨੂੰ ਖ਼ਬਰ ਮਿਲੀ ਕਿ ਉਸ ਦੇ ਪਿਤਾ ਜੀ ਬਹੁਤ ਹੀ ਬੀਮਾਰ ਸਨ। ਉਸ ਨੂੰ ਪਤਾ ਸੀ ਕਿ ਉਸ ਦੇ ਮਾਤਾ ਜੀ ਇਕੱਲੇ ਪਿਤਾ ਜੀ ਦੀ ਦੇਖ-ਭਾਲ ਨਹੀਂ ਕਰ ਸਕਦੇ, ਇਸ ਲਈ ਉਸ ਨੇ ਆਪਣੇ ਪਿਤਾ ਜੀ ਦਾ ਇਲਾਜ ਕਰਾਉਣ ਵਾਸਤੇ ਘਰ ਮੁੜਨ ਦਾ ਫ਼ੈਸਲਾ ਕੀਤਾ।

ਫਿਲਿਪ ਦੱਸਦਾ ਹੈ: “ਸਾਰਾ ਕੁਝ ਛੱਡ ਕੇ ਘਰ ਮੁੜਨਾ ਸੌਖਾ ਨਹੀਂ ਸੀ, ਪਰ ਮੈਨੂੰ ਪਤਾ ਸੀ ਕਿ ਪਹਿਲਾਂ ਮੈਨੂੰ ਆਪਣੇ ਮਾਤਾ-ਪਿਤਾ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਸੀ।” ਉਹ ਤਿੰਨ ਸਾਲ ਉਨ੍ਹਾਂ ਨਾਲ ਰਿਹਾ। ਆਪਣੇ ਪਿਤਾ ਦੀਆਂ ਖ਼ਾਸ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੇ ਘਰ ਬਦਲ ਲਿਆ ਤੇ ਸਥਾਨਕ ਮਸੀਹੀਆਂ ਦੀ ਮਦਦ ਨਾਲ ਘਰ ਵਿਚ ਕੁਝ ਤਬਦੀਲੀਆਂ ਕੀਤੀਆਂ।

ਫਿਲਿਪ ਦੇ ਮਾਤਾ ਜੀ ਹੁਣ ਉਸ ਦੇ ਪਿਤਾ ਜੀ ਦੀ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਰੱਖ ਸਕਦੇ ਹਨ। ਇਸ ਲਈ, ਹਾਲ ਹੀ ਵਿਚ ਫਿਲਿਪ ਨੇ ਮੈਸੇਡੋਨੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫਿਸ ਵਿਚ ਵਲੰਟੀਅਰ ਦੇ ਤੌਰ ਤੇ ਸੇਵਾ ਕਰਨ ਦਾ ਸੱਦਾ ਸਵੀਕਾਰ ਕੀਤਾ।

[ਸਫ਼ੇ 19 ਉੱਤੇ ਡੱਬੀ]

ਉਨ੍ਹਾਂ ਨੇ ਉਸ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ

ਆਸਟ੍ਰੇਲੀਆ ਵਿਚ ਰਹਿਣ ਵਾਲੀ 85 ਸਾਲਾਂ ਦੀ ਏਡਾ ਦਾ ਜਦੋਂ ਮਾੜੀ ਸਿਹਤ ਕਰਕੇ ਘਰੋਂ ਬਾਹਰ ਆਉਣਾ-ਜਾਣਾ ਮੁਸ਼ਕਲ ਹੋ ਗਿਆ, ਤਾਂ ਕਲੀਸਿਯਾ ਦੇ ਨਿਗਾਹਬਾਨਾਂ ਨੇ ਉਸ ਦੀ ਦੇਖ-ਭਾਲ ਕਰਨ ਦਾ ਪ੍ਰਬੰਧ ਕੀਤਾ। ਉਨ੍ਹਾਂ ਨੇ ਸਾਥੀ ਵਿਸ਼ਵਾਸੀਆਂ ਦਾ ਇਕ ਗਰੁੱਪ ਬਣਾਇਆ ਜੋ ਉਸ ਦੀ ਮਦਦ ਕਰ ਸਕਦਾ ਸੀ। ਇਹ ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਉਸ ਦੇ ਘਰ ਦੀ ਸਫ਼ਾਈ, ਕੱਪੜੇ ਧੋਣ, ਰੋਟੀ ਪਕਾਉਣ ਅਤੇ ਹੋਰ ਦੂਸਰੇ ਕੰਮ ਕਰਨ ਲੱਗ ਪਏ।

ਤਕਰੀਬਨ ਦਸਾਂ ਸਾਲਾਂ ਤੋਂ ਏਡਾ ਦੀ ਮਦਦ ਕੀਤੀ ਜਾ ਰਹੀ ਹੈ। ਹੁਣ ਤਕ 30 ਤੋਂ ਜ਼ਿਆਦਾ ਯਹੋਵਾਹ ਦੇ ਗਵਾਹਾਂ ਨੇ ਏਡਾ ਦੀ ਸੇਵਾ ਕੀਤੀ ਹੈ। ਉਹ ਉਸ ਨੂੰ ਮਿਲਣ ਆਉਂਦੇ ਹਨ, ਬਾਈਬਲ ਸਾਹਿੱਤ ਪੜ੍ਹਦੇ ਹਨ, ਕਲੀਸਿਯਾ ਦੇ ਭੈਣ-ਭਰਾਵਾਂ ਦੀ ਅਧਿਆਤਮਿਕ ਤਰੱਕੀ ਬਾਰੇ ਦੱਸਦੇ ਹਨ ਅਤੇ ਉਸ ਨਾਲ ਬਾਕਾਇਦਾ ਪ੍ਰਾਰਥਨਾ ਕਰਦੇ ਹਨ।

ਉਸ ਦੀ ਕਲੀਸਿਯਾ ਦੇ ਇਕ ਬਜ਼ੁਰਗ ਨੇ ਕਿਹਾ: “ਜਿਹੜੇ ਵੀ ਏਡਾ ਦੀ ਸੇਵਾ ਕਰਦੇ ਹਨ, ਉਹ ਇਸ ਨੂੰ ਮਾਣ ਦੀ ਗੱਲ ਸਮਝਦੇ ਹਨ। ਬਹੁਤ ਸਾਰੇ ਭੈਣ-ਭਰਾਵਾਂ ਨੂੰ ਉਸ ਦੀ ਲੰਬੀ ਸੇਵਾ ਤੋਂ ਬਹੁਤ ਪ੍ਰੇਰਣਾ ਮਿਲੀ ਹੈ ਅਤੇ ਉਹ ਉਸ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰਨ ਬਾਰੇ ਸੋਚ ਵੀ ਨਹੀਂ ਸਕਦੇ।”

[ਸਫ਼ੇ 16 ਉੱਤੇ ਤਸਵੀਰ]

ਕੀ ਅਸੀਂ ਆਪਣੇ ਬਿਰਧ ਮਾਪਿਆਂ ਲਈ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਾਂ?

[ਸਫ਼ੇ 18 ਉੱਤੇ ਤਸਵੀਰ]

ਕਲੀਸਿਯਾ ਵਿਚ ਸਾਰੇ ਭੈਣ-ਭਰਾ ਬਜ਼ੁਰਗ ਮਸੀਹੀਆਂ ਲਈ ਆਪਣੇ ਪਿਆਰ ਦਾ ਸਬੂਤ ਦੇ ਸਕਦੇ ਹਨ