Skip to content

Skip to table of contents

ਨਰਕੀ ਕੈਦਖ਼ਾਨਿਆਂ ਤੋਂ ਸਵਿਟਜ਼ਰਲੈਂਡ ਦੇ ਐਲਪਸ ਪਰਬਤਾਂ ਦਾ ਸਵਰਗ

ਨਰਕੀ ਕੈਦਖ਼ਾਨਿਆਂ ਤੋਂ ਸਵਿਟਜ਼ਰਲੈਂਡ ਦੇ ਐਲਪਸ ਪਰਬਤਾਂ ਦਾ ਸਵਰਗ

ਜੀਵਨੀ

ਨਰਕੀ ਕੈਦਖ਼ਾਨਿਆਂ ਤੋਂ ਸਵਿਟਜ਼ਰਲੈਂਡ ਦੇ ਐਲਪਸ ਪਰਬਤਾਂ ਦਾ ਸਵਰਗ

ਲੋਟਾਰ ਵਾਲਟਰ ਦੀ ਜ਼ਬਾਨੀ

ਮੈਂ ਕਮਿਊਨਿਸਟਾਂ ਦੇ ਨਰਕੀ ਕੈਦਖ਼ਾਨੇ ਵਿੱਚੋਂ ਆਜ਼ਾਦ ਹੋਣ ਲਈ ਕਿੰਨਾ ਉਤਾਵਲਾ ਸੀ! ਤਿੰਨ ਸਾਲਾਂ ਦੀ ਸਜ਼ਾ ਕੱਟਣ ਤੋਂ ਬਾਅਦ ਮੈਂ ਬੜਾ ਪਰੇਸ਼ਾਨ ਸੀ ਤੇ ਆਪਣੇ ਪਰਿਵਾਰ ਨੂੰ ਮਿਲਣ ਲਈ ਤਰਸ ਰਿਹਾ ਸੀ।

ਪਰ ਜਦੋਂ ਮੈਂ ਆਪਣੇ ਪਰਿਵਾਰ ਨੂੰ ਮਿਲਿਆ, ਤਾਂ ਮੇਰੇ ਛੇ ਸਾਲਾਂ ਦੇ ਮੁੰਡੇ ਯੋਹਾਨਸ ਦੇ ਚਿਹਰੇ ਤੇ ਮੈਨੂੰ ਕੋਈ ਮੁਸਕਰਾਹਟ ਨਜ਼ਰ ਨਹੀਂ ਆਈ। ਉਸ ਨੇ ਮੈਨੂੰ ਤਿੰਨਾਂ ਸਾਲਾਂ ਤੋਂ ਨਹੀਂ ਦੇਖਿਆ ਸੀ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮੈਂ ਉਸ ਦੇ ਲਈ ਸਿਰਫ਼ ਇਕ ਅਜਨਬੀ ਹੀ ਸਾਂ!

ਮੈਂ 1928 ਵਿਚ ਕੈਮਨਿਟਜ਼, ਜਰਮਨੀ ਵਿਚ ਪੈਦਾ ਹੋਇਆ ਸੀ। ਮੇਰੇ ਪੁੱਤਰ ਦੇ ਬਚਪਨ ਤੋਂ ਉਲਟ, ਮੇਰਾ ਆਪਣਾ ਬਚਪਨ ਖੇਡਦੇ-ਕੁੱਦਦੇ ਤੇ ਮਾਂ-ਬਾਪ ਦੀਆਂ ਲੋਰੀਆਂ ਸੁਣਦੇ ਗੁਜ਼ਰਿਆ। ਸਾਡੇ ਘਰ ਦਾ ਮਾਹੌਲ ਬੜਾ ਚੰਗਾ ਸੀ। ਮੇਰੇ ਪਿਤਾ ਜੀ ਧਰਮ ਦੀਆਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ ਸਨ। ਕਈ ਵਾਰ ਉਹ ਸਾਨੂੰ ਪੁਰਾਣੀਆਂ ਗੱਲਾਂ ਸੁਣਾਉਂਦੇ ਸਮੇਂ ਦੱਸਦੇ ਹੁੰਦੇ ਸਨ ਕਿ ਪਹਿਲੇ ਮਹਾਂ ਯੁੱਧ ਦੌਰਾਨ 25 ਦਸੰਬਰ ਦੇ ਦਿਨ ਕੀ ਹੁੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਲੜਾਈ ਕਰਦੇ ਈਸਾਈ ਫ਼ੌਜੀ ਦੁਸ਼ਮਣ ਫ਼ੌਜੀਆਂ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਦਿੰਦੇ ਹੁੰਦੇ ਸਨ। ਅਗਲੇ ਦਿਨ ਉਹ ਇਕ-ਦੂਜੇ ਨੂੰ ਮਾਰਨ ਲਈ ਤਿਆਰ ਹੋ ਜਾਂਦੇ ਸਨ। ਪਿਤਾ ਜੀ ਦੇ ਅਨੁਸਾਰ ਈਸਾਈ ਧਰਮ ਵਿਚ ਪਖੰਡ ਤੋਂ ਸਿਵਾਇ ਹੋਰ ਕੁਝ ਨਹੀਂ ਸੀ!

ਨਿਰਾਸ਼ਾ ਦੀ ਥਾਂ ਆਸ਼ਾ

ਮੈਂ ਕਿੰਨਾ ਖ਼ੁਸ਼ ਹਾਂ ਕਿ ਮੇਰਾ ਆਪਣਾ ਤਜਰਬਾ ਕੁਝ ਹੋਰ ਰਿਹਾ। ਜਦੋਂ ਦੂਸਰਾ ਮਹਾਂ ਯੁੱਧ ਖ਼ਤਮ ਹੋਇਆ, ਤਾਂ ਮੈਂ ਸਿਰਫ਼ 17 ਸਾਲਾਂ ਦਾ ਹੀ ਸੀ ਜਿਸ ਕਰਕੇ ਮੈਂ ਫ਼ੌਜ ਵਿਚ ਭਰਤੀ ਹੋਣ ਤੋਂ ਬਚ ਗਿਆ। ਪਰ ਮੇਰੇ ਮਨ ਵਿਚ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠਦੇ ਰਹਿੰਦੇ ਸੀ, ਜਿਵੇਂ ਕਿ ‘ਲੜਾਈਆਂ ਕਿਉਂ ਹੁੰਦੀਆਂ ਤੇ ਲੋਕ ਕਿਉਂ ਮਾਰੇ ਜਾਂਦੇ ਹਨ? ਇਸ ਦੁਨੀਆਂ ਵਿਚ ਕਿਸ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ? ਕੀ ਮੈਂ ਕਦੇ ਸੁੱਖ-ਸ਼ਾਂਤੀ ਦੇਖਾਂਗਾ?’ ਅਸੀਂ ਪੂਰਬੀ ਜਰਮਨੀ ਵਿਚ ਰਹਿੰਦੇ ਸੀ ਜੋ ਕਿ ਸੋਵੀਅਤ ਰੂਸ ਦੇ ਕਬਜ਼ੇ ਵਿਚ ਸੀ। ਕਮਿਊਨਿਸਟ ਪਾਰਟੀ ਦਾ ਕਹਿਣਾ ਸੀ ਕਿ ਉਹ ਹਰੇਕ ਲਈ ਨਿਆਂ, ਸਮਾਨਤਾ, ਏਕਤਾ ਤੇ ਹਰ ਥਾਂ ਸੁੱਖ-ਚੈਨ ਲਿਆਵੇਗੀ। ਲੋਕਾਂ ਨੂੰ ਇਹ ਗੱਲਾਂ ਬਹੁਤ ਪਸੰਦ ਆਈਆਂ ਕਿਉਂਕਿ ਉਹ ਲੜਾਈ ਤੋਂ ਅੱਕ ਚੁੱਕੇ ਸਨ। ਪਰ ਜਲਦੀ ਹੀ ਉਨ੍ਹਾਂ ਦੀਆਂ ਉਮੰਗਾਂ ਉੱਤੇ ਫਿਰ ਤੋਂ ਪਾਣੀ ਫਿਰਨ ਵਾਲਾ ਸੀ। ਇਸ ਵਾਰ ਉਨ੍ਹਾਂ ਨੇ ਪਖੰਡੀ ਧਰਮਾਂ ਦੁਆਰਾ ਨਹੀਂ, ਸਗੋਂ ਸਰਕਾਰ ਦੀਆਂ ਨੀਤੀਆਂ ਦੁਆਰਾ ਨਿਰਾਸ਼ ਹੋਣਾ ਸੀ।

ਮੇਰੇ ਮਨ ਵਿਚ ਕਈ ਡੂੰਘੇ-ਡੂੰਘੇ ਸਵਾਲ ਸਨ। ਉਨ੍ਹੀਂ ਦਿਨੀਂ ਮੇਰੀ ਵੱਡੀ ਮਾਸੀ ਨੇ ਮੇਰੇ ਨਾਲ ਆਪਣੇ ਧਰਮ ਬਾਰੇ ਗੱਲਾਂ ਕੀਤੀਆਂ। ਉਹ ਯਹੋਵਾਹ ਦੀ ਇਕ ਗਵਾਹ ਸੀ। ਉਸ ਨੇ ਮੈਨੂੰ ਬਾਈਬਲ ਬਾਰੇ ਇਕ ਪੁਸਤਕ ਦਿੱਤੀ ਜੋ ਮੈਨੂੰ ਬਹੁਤ ਪਸੰਦ ਆਈ। ਮੈਂ ਹੈਰਾਨ ਹੋਇਆ ਕਿ ਇਸ ਪੁਸਤਕ ਵਿਚ ਡੂੰਘੀਆਂ ਗੱਲਾਂ ਕਿੰਨੀ ਚੰਗੀ ਤਰ੍ਹਾਂ ਸਮਝਾਈਆਂ ਗਈਆਂ ਸਨ। ਮੈਂ ਪਹਿਲੀ ਵਾਰ ਬਾਈਬਲ ਵਿਚ ਮੱਤੀ ਦੀ ਪੋਥੀ ਦਾ 24ਵਾਂ ਅਧਿਆਇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਪੜ੍ਹਿਆ। ਮੈਨੂੰ ਪਤਾ ਚੱਲਿਆ ਕਿ ਸੰਸਾਰ ਵਿਚ ਹੋ ਰਹੀਆਂ ਘਟਨਾਵਾਂ “ਜੁਗ ਦੇ ਅੰਤ” ਦੀਆਂ ਨਿਸ਼ਾਨੀਆਂ ਹਨ। ਮੈਨੂੰ ਇਹ ਵੀ ਪਤਾ ਚੱਲਿਆ ਕਿ ਇਸ ਸੰਸਾਰ ਵਿਚ ਸਾਨੂੰ ਇੰਨੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਿਉਂ ਕਰਨਾ ਪੈਂਦਾ ਹੈ।—ਮੱਤੀ 24:3; ਪਰਕਾਸ਼ ਦੀ ਪੋਥੀ 12:9.

ਇਸ ਤੋਂ ਜਲਦੀ ਹੀ ਬਾਅਦ ਮੈਂ ਯਹੋਵਾਹ ਦੇ ਗਵਾਹਾਂ ਤੋਂ ਹੋਰ ਪੁਸਤਕਾਂ ਮੰਗਵਾਈਆਂ ਤੇ ਉਨ੍ਹਾਂ ਨੂੰ ਬੜੀ ਦਿਲਚਸਪੀ ਨਾਲ ਪੜ੍ਹਿਆ। ਮੈਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਸੱਚਾਈ ਸੀ ਜਿਸ ਦੀ ਮੈਨੂੰ ਚਿਰਾਂ ਤੋਂ ਤਲਾਸ਼ ਸੀ। ਮੈਂ ਇਹ ਜਾਣ ਕੇ ਬਹੁਤ ਖ਼ੁਸ਼ ਹੋਇਆ ਕਿ 1914 ਵਿਚ ਯਿਸੂ ਮਸੀਹ ਸਵਰਗ ਵਿਚ ਰਾਜਾ ਬਣਿਆ ਤੇ ਉਹ ਇਸ ਧਰਤੀ ਤੋਂ ਹੁਣ ਜਲਦੀ ਹੀ ਬੁਰਿਆਈ ਖ਼ਤਮ ਕਰਨ ਵਾਲਾ ਹੈ ਜਿਸ ਤੋਂ ਬਾਅਦ ਆਗਿਆਕਾਰ ਇਨਸਾਨ ਸਦਾ ਲਈ ਸੁੱਖ ਦਾ ਸਾਹ ਲੈਣਗੇ। ਮੈਨੂੰ ਇਕ ਹੋਰ ਬਹੁਤ ਵੱਡੀ ਗੱਲ ਚੰਗੀ ਤਰ੍ਹਾਂ ਸਮਝ ਆਈ ਕਿ ਯਿਸੂ ਮਸੀਹ ਦੇ ਬਲੀਦਾਨ ਰਾਹੀਂ ਅਸੀਂ ਪਾਪ ਅਤੇ ਮੌਤ ਤੋਂ ਛੁਟਕਾਰਾ ਪਾ ਸਕਦੇ ਹਾਂ। ਇਹ ਜਾਣ ਕੇ ਮੈਂ ਯਹੋਵਾਹ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕੀਤੀ ਤੇ ਆਪਣੇ ਪਾਪਾਂ ਦੀ ਮਾਫ਼ੀ ਮੰਗੀ। ਮੈਨੂੰ ਯਾਕੂਬ 4:8 ਦੇ ਇਹ ਲਫ਼ਜ਼ ਬਹੁਤ ਪਸੰਦ ਆਏ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।”

ਜਦ ਮੈਂ ਆਪਣੇ ਨਵੇਂ-ਨਵੇਂ ਧਰਮ ਦੀਆਂ ਖ਼ੁਸ਼ੀਆਂ ਨਾਲ ਝੂਮ ਰਿਹਾ ਸੀ, ਮੇਰੇ ਮਾਂ-ਬਾਪ ਤੇ ਮੇਰੀ ਭੈਣ ਨੇ ਮੇਰੀ ਕਿਸੇ ਗੱਲ ਉੱਤੇ ਯਕੀਨ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਉਨ੍ਹਾਂ ਦੇ ਯਕੀਨ ਨਾ ਕਰਨ ਨਾਲ ਮੇਰਾ ਜੋਸ਼ ਠੰਢਾ ਨਹੀਂ ਹੋਇਆ ਅਤੇ ਮੈਂ ਕੈਮਨਿਟਜ਼ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਛੋਟੇ ਜਿਹੇ ਗਰੁੱਪ ਦੀਆਂ ਸਭਾਵਾਂ ਵਿਚ ਜਾਣ ਲਈ ਤਿਆਰ ਹੋ ਗਿਆ। ਮੇਰੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਜਦੋਂ ਮੇਰੇ ਘਰ ਵਾਲੇ ਪਹਿਲੀ ਸਭਾ ਵਿਚ ਹੀ ਮੇਰੇ ਨਾਲ ਜਾਣ ਲਈ ਤਿਆਰ ਹੋ ਗਏ! ਇਹ ਗੱਲ 1945/46 ਦੇ ਸਿਆਲ ਦੀ ਹੈ। ਬਾਅਦ ਵਿਚ, ਸਾਡੇ ਹਾਰਟਾਉ ਨਗਰ ਵਿਚ ਇਕ ਬਾਈਬਲ ਸਟੱਡੀ ਗਰੁੱਪ ਸ਼ੁਰੂ ਹੋ ਗਿਆ ਜਿੱਥੇ ਅਸੀਂ ਸਾਰੇ ਬਾਕਾਇਦਾ ਜਾਣ ਲੱਗ ਪਏ।

“ਮੈਂ ਛੋਕਰਾ ਜੋ ਹਾਂ”

ਮੈਂ ਬਾਈਬਲ ਵਿੱਚੋਂ ਗੱਲਾਂ ਸਿੱਖਦਾ ਰਿਹਾ ਤੇ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰਦਾ ਰਿਹਾ। ਫਿਰ ਮੈਂ ਯਹੋਵਾਹ ਨੂੰ ਜ਼ਿੰਦਗੀ ਸੌਂਪ ਕੇ 25 ਮਈ 1946 ਨੂੰ ਬਪਤਿਸਮਾ ਲੈ ਲਿਆ। ਮੇਰੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਮੇਰੇ ਮਾਂ-ਬਾਪ ਤੇ ਮੇਰੀ ਭੈਣ ਬਾਈਬਲ ਦਾ ਗਿਆਨ ਲੈ ਕੇ ਰੱਬ ਦੇ ਕੰਮਾਂ ਵਿਚ ਅੱਗੇ ਵਧਣ ਲੱਗ ਪਏ ਤੇ ਬਾਅਦ ਵਿਚ ਉਹ ਤਿੰਨੋਂ ਜਣੇ ਯਹੋਵਾਹ ਦੇ ਵਫ਼ਾਦਾਰ ਗਵਾਹ ਬਣ ਗਏ। ਮੇਰੀ ਭੈਣ ਹਾਲੇ ਵੀ ਕੈਮਨਿਟਜ਼ ਦੀ ਇਕ ਕਲੀਸਿਯਾ ਵਿਚ ਜੋਸ਼ ਨਾਲ ਸੇਵਾ ਕਰ ਰਹੀ ਹੈ। ਮੇਰੀ ਮਾਤਾ ਜੀ 1965 ਵਿਚ ਤੇ ਮੇਰੇ ਪਿਤਾ ਜੀ 1986 ਵਿਚ ਗੁਜ਼ਰ ਗਏ। ਦੋਨੋਂ ਅੰਤ ਤਕ ਆਪਣੀ ਨਿਹਚਾ ਵਿਚ ਪੱਕੇ ਰਹੇ।

ਮੈਂ ਬਪਤਿਸਮਾ ਲੈਣ ਤੋਂ ਛੇ ਮਹੀਨੇ ਬਾਅਦ ਸਪੈਸ਼ਲ ਪਾਇਨੀਅਰ ਦੇ ਤੌਰ ਤੇ ਸੇਵਾ ਸ਼ੁਰੂ ਕਰ ਦਿੱਤੀ। ਉਦੋਂ ਤੋਂ ਮੈਂ ਯਹੋਵਾਹ ਦੀ ਸੇਵਾ ਵਿਚ ਲੱਗਾ ਰਿਹਾ ਹਾਂ, ਭਾਵੇਂ ‘ਚੰਗਾ ਚਾਹੇ ਮੰਦਾ ਸਮਾਂ’ ਸੀ। (2 ਤਿਮੋਥਿਉਸ 4:2, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮੈਨੂੰ ਸੇਵਾ ਕਰਨ ਦੇ ਹੋਰ ਕਈ ਮੌਕੇ ਮਿਲੇ। ਪੂਰਬੀ ਜਰਮਨੀ ਦੇ ਇਕ ਦੂਰ-ਦੁਰੇਡੇ ਇਲਾਕੇ ਵਿਚ ਪ੍ਰਚਾਰਕਾਂ ਦੀ ਕਾਫ਼ੀ ਲੋੜ ਸੀ। ਮੈਂ ਤੇ ਇਕ ਹੋਰ ਭਰਾ ਨੇ ਉੱਥੇ ਜਾ ਕੇ ਸੇਵਾ ਕਰਨੀ ਚਾਹੀ। ਮੈਂ ਹਾਲੇ 18 ਸਾਲਾਂ ਦਾ ਹੀ ਸੀ ਤੇ ਮੈਨੂੰ ਨਾ ਹੀ ਐਡੀ ਵੱਡੀ ਜ਼ਿੰਮੇਵਾਰੀ ਦਾ ਕੋਈ ਤਜਰਬਾ ਸੀ ਤੇ ਨਾ ਹੀ ਮੈਂ ਆਪਣੇ ਆਪ ਨੂੰ ਇਸ ਸੇਵਾ ਦੇ ਕਾਬਲ ਸਮਝਦਾ ਸੀ। ਮੈਂ ਯਿਰਮਿਯਾਹ ਵਾਂਗ ਮਹਿਸੂਸ ਕਰਦਾ ਸੀ ਜਿਸ ਨੇ ਕਿਹਾ: “ਹਾਇ . . . ਯਹੋਵਾਹ ਵੇਖ, ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਛੋਕਰਾ ਜੋ ਹਾਂ।” (ਯਿਰਮਿਯਾਹ 1:6) ਭਾਵੇਂ ਮੈਂ ਡਰਦਾ ਸੀ, ਪਰ ਜ਼ਿੰਮੇਵਾਰ ਭਰਾਵਾਂ ਨੇ ਸਾਨੂੰ ਹੌਸਲਾ ਦਿੱਤਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ, ਪਰ ਕੋਸ਼ਿਸ਼ ਤਾਂ ਕਰ ਕੇ ਦੇਖੋ। ਫਿਰ ਅਸੀਂ ਬੇਲਟਜ਼ਿਗ ਨਾਂ ਦੇ ਉਸ ਛੋਟੇ ਸ਼ਹਿਰ ਵਿਚ ਪ੍ਰਚਾਰ ਕਰਨ ਗਏ ਜੋ ਬਰੈਂਡਨਬਰਗ ਰਾਜ ਵਿਚ ਹੈ।

ਇਸ ਇਲਾਕੇ ਵਿਚ ਲੋਕਾਂ ਨੂੰ ਪ੍ਰਚਾਰ ਕਰਨਾ ਬਹੁਤ ਔਖਾ ਸੀ, ਪਰ ਇਹ ਮੇਰੇ ਲਈ ਸਿਖਲਾਈ ਦਾ ਵਧੀਆ ਮੌਕਾ ਸਾਬਤ ਹੋਇਆ। ਕੁਝ ਸਮੇਂ ਬਾਅਦ ਬਿਜ਼ਨਿਸ ਕਰਨ ਵਾਲੀਆਂ ਕੁਝ ਜਾਣੀਆਂ-ਪਛਾਣੀਆਂ ਔਰਤਾਂ ਨੇ ਯਹੋਵਾਹ ਦੇ ਰਾਜ ਦੀ ਖ਼ੁਸ਼-ਖ਼ਬਰੀ ਸੁਣੀ ਤੇ ਉਹ ਸਾਡੀਆਂ ਧਰਮ-ਭੈਣਾਂ ਬਣ ਗਈਆਂ। ਪਰ ਉੱਥੇ ਦੇ ਲੋਕ ਬੜੇ ਪੇਂਡੂ ਖ਼ਿਆਲਾਂ ਵਾਲੇ ਸਨ। ਉਹ ਆਪਣੇ ਹੀ ਰੀਤ-ਰਿਵਾਜਾਂ ਅਤੇ ਭਰਮਾਂ ਤੇ ਡਟੇ ਹੋਏ ਸਨ ਅਤੇ ਉਨ੍ਹਾਂ ਨੂੰ ਇਨ੍ਹਾਂ ਭੈਣਾਂ ਦੁਆਰਾ ਚੁੱਕਿਆ ਕਦਮ ਚੰਗਾ ਨਹੀਂ ਲੱਗਾ। ਉੱਥੇ ਦੇ ਕੈਥੋਲਿਕ ਤੇ ਪ੍ਰੋਟੈਸਟੈਂਟ ਪਾਦਰੀਆਂ ਨੇ ਸਾਡਾ ਜੀਉਣਾ ਹਰਾਮ ਕਰ ਦਿੱਤਾ ਤੇ ਸਾਡੇ ਪ੍ਰਚਾਰ ਕਰਕੇ ਸਾਡੇ ਉੱਤੇ ਕਾਫ਼ੀ ਝੂਠੇ-ਮੂਠੇ ਇਲਜ਼ਾਮ ਲਗਾਏ। ਪਰ ਅਸੀਂ ਯਹੋਵਾਹ ਉੱਤੇ ਪੂਰੀ ਨਿਹਚਾ ਕਰਦੇ ਗਏ ਕਿ ਉਹੀ ਸਾਡੀ ਮਦਦ ਕਰੇਗਾ ਤੇ ਸਾਨੂੰ ਬਚਾਵੇਗਾ, ਇਸ ਲਈ ਅਸੀਂ ਕਈਆਂ ਲੋਕਾਂ ਦੀ ਸੱਚਾਈ ਅਪਣਾਉਣ ਵਿਚ ਮਦਦ ਕਰ ਸਕੇ।

ਵਿਰੋਧਤਾ ਦੇ ਕਾਲੇ ਬੱਦਲ ਛਾਏ

ਸੰਨ 1948 ਵਿਚ ਬਰਕਤਾਂ ਮਿਲਣ ਦੇ ਨਾਲ-ਨਾਲ ਮੈਨੂੰ ਦੁੱਖ ਵੀ ਸਹਿਣੇ ਪਏ ਜਿਨ੍ਹਾਂ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਪਹਿਲਾਂ, ਮੈਨੂੰ ਟੂਰਿੰਗਿਆ ਇਲਾਕੇ ਵਿਚ ਜਾ ਕੇ ਰੂਡੋਲਸ਼ਟਾਟ ਸ਼ਹਿਰ ਪਾਇਨੀਅਰੀ ਸੇਵਾ ਕਰਨ ਦਾ ਮੌਕਾ ਮਿਲਿਆ। ਉੱਥੇ ਮੈਂ ਕਈ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੋਇਆ ਤੇ ਉਨ੍ਹਾਂ ਨਾਲ ਸੇਵਾ ਕਰਨ ਲੱਗ ਪਿਆ। ਉਸੇ ਸਾਲ ਜੁਲਾਈ ਦੇ ਮਹੀਨੇ ਮੇਰੇ ਜੀਵਨ ਵਿਚ ਇਕ ਹੋਰ ਖ਼ੁਸ਼ੀ ਦੀ ਬਹਾਰ ਆਈ ਜਦੋਂ ਏਰੀਕਾ ਉਲਮਨਸ ਨਾਲ ਮੇਰਾ ਵਿਆਹ ਹੋਇਆ। ਅਸੀਂ ਦੋਵੇਂ ਇਕ-ਦੂਜੇ ਨਾਲ ਉਦੋਂ ਤੋਂ ਵਾਕਫ਼ ਸਾਂ ਜਦੋਂ ਮੈਂ ਕੈਮਨਿਟਜ਼ ਕਲੀਸਿਯਾ ਦੀਆਂ ਸਭਾਵਾਂ ਵਿਚ ਜਾਣਾ ਸ਼ੁਰੂ ਕੀਤਾ ਸੀ। ਏਰੀਕਾ ਵਫ਼ਾਦਾਰ ਤੇ ਬਹੁਤ ਮਿਹਨਤੀ ਸੇਵਕਾ ਹੈ। ਅਸੀਂ ਦੋਹਾਂ ਨੇ ਹਾਰਟਾਉ ਵਾਪਸ ਜਾ ਕੇ ਪਾਇਨੀਅਰੀ ਸੇਵਾ ਸ਼ੁਰੂ ਕੀਤੀ। ਫਿਰ ਥੋੜ੍ਹੇ ਸਮੇਂ ਬਾਅਦ ਏਰੀਕਾ ਦੀ ਸਿਹਤ ਖ਼ਰਾਬ ਹੋ ਗਈ ਤੇ ਹੋਰ ਮੁਸ਼ਕਲਾਂ ਕਰਕੇ ਵੀ ਉਹ ਪਾਇਨੀਅਰੀ ਨਹੀਂ ਕਰ ਸਕੀ।

ਯਹੋਵਾਹ ਦੇ ਲੋਕਾਂ ਲਈ ਉਹ ਸਮੇਂ ਬਹੁਤ ਮੁਸ਼ਕਲ ਸਨ। ਕੈਮਨਿਟਜ਼ ਸ਼ਹਿਰ ਦੇ ਮਜ਼ਦੂਰੀ ਵਿਭਾਗ ਨੇ ਮੈਨੂੰ ਪ੍ਰਚਾਰ ਦਾ ਕੰਮ ਛੱਡ ਕੇ ਪੂਰੇ ਸਮੇਂ ਦੀ ਨੌਕਰੀ ਤੇ ਲੱਗਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਮੇਰਾ ਰਾਸ਼ਨ ਕਾਰਡ ਨਾਮਨਜ਼ੂਰ ਕਰ ਦਿੱਤਾ। ਜ਼ਿੰਮੇਵਾਰ ਭਰਾਵਾਂ ਨੇ ਮੇਰਾ ਕੇਸ ਅਧਿਕਾਰੀਆਂ ਅੱਗੇ ਪੇਸ਼ ਕਰ ਕੇ ਸਾਡੇ ਪ੍ਰਚਾਰ ਦੇ ਕੰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਤੇ 23 ਜੂਨ 1950 ਨੂੰ ਮੈਨੂੰ ਜੁਰਮਾਨਾ ਭਰਨ ਜਾਂ ਕੈਦ ਵਿਚ 30 ਦਿਨਾਂ ਦੀ ਸਜ਼ਾ ਕੱਟਣ ਦਾ ਹੁਕਮ ਦਿੱਤਾ ਗਿਆ। ਅਸੀਂ ਅਪੀਲ ਕੀਤੀ, ਪਰ ਉੱਚ ਅਦਾਲਤ ਨੇ ਸਾਡੀ ਅਪੀਲ ਰੱਦ ਕਰ ਦਿੱਤੀ ਤੇ ਮੈਨੂੰ ਕੈਦ ਕਰ ਦਿੱਤਾ ਗਿਆ।

ਸਾਡੇ ਉੱਤੇ ਵਿਰੋਧ ਦਾ ਇਕ ਵੱਡਾ ਤੂਫ਼ਾਨ ਆਉਣ ਵਾਲਾ ਸੀ ਤੇ ਇਹ ਘਟਨਾ ਉਸ ਦੀ ਛੋਟੀ ਜਿਹੀ ਲਹਿਰ ਹੀ ਸੀ। ਹਾਲੇ ਇਕ ਮਹੀਨਾ ਵੀ ਨਹੀਂ ਲੰਘਿਆ ਸੀ ਜਦ ਸਤੰਬਰ 1950 ਵਿਚ ਕਮਿਊਨਿਸਟ ਹਕੂਮਤ ਨੇ ਮੀਡੀਆ ਰਾਹੀਂ ਸਾਡੇ ਬਾਰੇ ਝੂਠੀਆਂ-ਮੂਠੀਆਂ ਗੱਲਾਂ ਫੈਲਾਈਆਂ। ਫਿਰ ਉਨ੍ਹਾਂ ਨੇ ਸਾਡੇ ਹਰ ਕੰਮ-ਕਾਰ ਉੱਤੇ ਪਾਬੰਦੀ ਲਗਾ ਦਿੱਤੀ। ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕੀਤਾ ਸੀ? ਕਿਉਂਕਿ ਥੋੜ੍ਹੇ ਜਿਹੇ ਸਮੇਂ ਵਿਚ ਹੀ ਬਹੁਤ ਸਾਰੇ ਲੋਕ ਸਾਡੇ ਨਾਲ ਸੰਗਤ ਕਰਨ ਲੱਗ ਪਏ ਸਨ ਨਾਲੇ ਅਸੀਂ ਲੜਾਈ ਦੇ ਮਾਮਲੇ ਵਿਚ ਬਿਲਕੁਲ ਨਿਰਪੱਖ ਸਾਂ। ਇਸ ਲਈ ਲੋਕਾਂ ਨੂੰ ਇਹ ਕਹਿ ਕੇ ਡਰਾਇਆ ਗਿਆ ਕਿ ਅਸੀਂ ਬਹੁਤ ਖ਼ਤਰਨਾਕ ਜਾਸੂਸ ਹਾਂ ਅਤੇ ਧਰਮ ਦੇ ਸਹਾਰੇ ਕਹਿੰਦੇ ਕੁਝ ਤੇ ਕਰਦੇ ਕੁਝ ਹੋਰ ਹਾਂ। ਜਿਸ ਦਿਨ ਪਾਬੰਦੀ ਲੱਗੀ, ਉਸ ਦਿਨ ਮੈਂ ਅਜੇ ਕੈਦਖ਼ਾਨੇ ਵਿਚ ਹੀ ਸੀ। ਉਸੇ ਦਿਨ ਸਾਡੇ ਘਰ ਸਾਡੇ ਪੁੱਤਰ ਯੋਹਾਨਸ ਨੇ ਜਨਮ ਲਿਆ। ਪੁਲਸ ਨੇ ਆਪਣੇ ਇਲਜ਼ਾਮਾਂ ਦੇ ਸਬੂਤ ਲੱਭਣ ਲਈ ਸਾਡੇ ਘਰ ਦੇ ਅੰਦਰ ਜ਼ਬਰਦਸਤੀ ਵੜ ਕੇ ਛਾਪਾ ਮਾਰਿਆ। ਉਸ ਸਮੇਂ ਦਾਈ ਨੇ ਉਨ੍ਹਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਨਾ ਰੁਕੇ। ਉਨ੍ਹਾਂ ਨੂੰ ਕੋਈ ਸਬੂਤ ਨਹੀਂ ਲੱਭਿਆ। ਪਰ ਫਿਰ ਬਾਅਦ ਵਿਚ ਉਨ੍ਹਾਂ ਨੇ ਸਾਡੀ ਕਲੀਸਿਯਾ ਵਿਚ ਇਕ ਜਾਸੂਸ ਨੂੰ ਘੁਸਾ ਦਿੱਤਾ। ਉਸ ਨੇ ਅਕਤੂਬਰ 1953 ਵਿਚ ਸਾਰੇ ਦੇ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਗਿਰਫ਼ਤਾਰ ਕਰਵਾ ਦਿੱਤਾ ਜਿਨ੍ਹਾਂ ਵਿਚ ਮੈਂ ਵੀ ਸ਼ਾਮਲ ਸੀ।

ਨਰਕੀ ਕੈਦਖ਼ਾਨਿਆਂ ਵਿਚ

ਸਾਨੂੰ ਸਾਰਿਆਂ ਨੂੰ ਕੈਦ ਵਿਚ ਤਿੰਨ ਤੋਂ ਛੇ ਸਾਲਾਂ ਦੀ ਸਜ਼ਾ ਦਿੱਤੀ ਗਈ। ਫਿਰ ਸਾਨੂੰ ਸਵਿਕੋਉ ਨਾਂ ਦੇ ਸ਼ਹਿਰ ਵਿਚ ਉਸਟਰਸ਼ਟਾਇਨ ਮਹਿਲ ਦੇ ਨਰਕ ਜਿਹੇ ਕੈਦਖ਼ਾਨਿਆਂ ਵਿਚ ਸੁੱਟਿਆ ਗਿਆ ਜਿੱਥੇ ਸਾਨੂੰ ਆਪਣੇ ਧਰਮ ਦੇ ਹੋਰ ਭਰਾ ਮਿਲੇ। ਇੰਨੀਆਂ ਬੁਰੀਆਂ ਹਾਲਤਾਂ ਦੇ ਬਾਵਜੂਦ ਸਾਨੂੰ ਆਪਣੇ ਭਰਾਵਾਂ ਨਾਲ ਮਿਲ ਕੇ ਬਹੁਤ ਖ਼ੁਸ਼ੀ ਹੋਈ। ਭਾਵੇਂ ਅਸੀਂ ਕੈਦਖ਼ਾਨਿਆਂ ਵਿਚ ਬੰਦ ਸਾਂ, ਫਿਰ ਵੀ ਸਾਨੂੰ ਰੂਹਾਨੀ ਭੋਜਨ ਦੀ ਕੋਈ ਕਮੀ ਨਹੀਂ ਸੀ। ਸਰਕਾਰ ਨੂੰ ਭਾਵੇਂ ਪਹਿਰਾਬੁਰਜ ਰਸਾਲੇ ਨਾਲ ਬੜੀ ਨਫ਼ਰਤ ਸੀ ਤੇ ਉਸ ਨੇ ਇਸ ਉੱਤੇ ਪਾਬੰਦੀ ਵੀ ਲਗਾ ਰੱਖੀ ਸੀ, ਫਿਰ ਵੀ ਇਹ ਰਸਾਲਾ ਕੈਦ ਵਿਚ ਚੋਰੀ-ਛਿਪੇ ਸਾਡੇ ਕੋਲ ਪਹੁੰਚ ਜਾਂਦਾ ਸੀ। ਇਹ ਕਿੱਦਾਂ ਪਹੁੰਚਾਇਆ ਜਾਂਦਾ ਸੀ?

ਕੁਝ ਭਰਾਵਾਂ ਨੂੰ ਕੋਲਿਆਂ ਦੀਆਂ ਖਾਣਾਂ ਵਿਚ ਕੰਮ ਕਰਨ ਲਈ ਬਾਹਰ ਭੇਜਿਆ ਜਾਂਦਾ ਸੀ ਜਿੱਥੇ ਉਹ ਭੈਣਾਂ-ਭਰਾਵਾਂ ਨਾਲ ਮਿਲ ਸਕਦੇ ਸਨ। ਉਹ ਉਨ੍ਹਾਂ ਨੂੰ ਰਸਾਲੇ ਦੇ ਦਿੰਦੇ ਸਨ। ਫਿਰ ਵਾਪਸ ਆਉਂਦੇ ਸਮੇਂ ਸਾਡੇ ਕੈਦੀ ਭਰਾ ਬੜੀ ਚਤੁਰਾਈ ਨਾਲ ਰਸਾਲੇ ਕੈਦਖ਼ਾਨਿਆਂ ਵਿਚ ਲੈ ਆਉਂਦੇ ਸਨ। ਰੱਬ ਵਿਚ ਆਪਣੀ ਨਿਹਚਾ ਬਣਾਈ ਰੱਖਣ ਲਈ ਸਾਡੇ ਲਈ ਇਹ ਭੋਜਨ ਬਹੁਤ ਜ਼ਰੂਰੀ ਸੀ। ਇਹ ਮੈਂ ਹੀ ਜਾਣਦਾ ਹਾਂ ਕਿ ਯਹੋਵਾਹ ਨੇ ਸਾਡੀ ਕਿਸ ਤਰ੍ਹਾਂ ਮਦਦ ਕੀਤੀ ਤੇ ਕਿਸ ਤਰ੍ਹਾਂ ਉਸ ਨੇ ਸਾਨੂੰ ਸੰਭਾਲ ਕੇ ਰੱਖਿਆ!

ਸਾਨੂੰ 1954 ਦੇ ਅੰਤ ਵਿਚ ਟੋਰਗਾਉ ਨਗਰ ਵਿਚ ਇਕ ਹੋਰ ਭੈੜੇ ਤੋਂ ਭੈੜੇ ਕੈਦਖ਼ਾਨੇ ਵਿਚ ਲਿਜਾਇਆ ਗਿਆ। ਉੱਥੇ ਵੀ ਸਾਡੇ ਧਰਮ ਭਰਾ ਸਨ ਜੋ ਸਾਨੂੰ ਮਿਲ ਕੇ ਬਹੁਤ ਖ਼ੁਸ਼ ਹੋਏ। ਉਨ੍ਹਾਂ ਨੇ ਪਹਿਰਾਬੁਰਜ ਰਸਾਲਿਆਂ ਦੀਆਂ ਪੁਰਾਣੀਆਂ ਕਾਪੀਆਂ ਤੋਂ ਸਿੱਖੀਆਂ ਗੱਲਾਂ ਨੂੰ ਯਾਦ ਕਰ-ਕਰ ਕੇ ਆਪਣੀ ਨਿਹਚਾ ਕਾਇਮ ਰੱਖੀ ਹੋਈ ਸੀ। ਉਹ ਆਪਣੀ ਨਿਹਚਾ ਵਧਾਉਣ ਲਈ ਨਵੇਂ-ਤਾਜ਼ੇ ਭੋਜਨ ਲਈ ਕਿੰਨਾ ਤਰਸ ਰਹੇ ਸਨ! ਹੁਣ ਇਹ ਸਾਡੀ ਜ਼ਿੰਮੇਵਾਰੀ ਸੀ ਕਿ ਅਸੀਂ ਉਨ੍ਹਾਂ ਨਾਲ ਉਹ ਗੱਲਾਂ ਸਾਂਝੀਆਂ ਕਰੀਏ ਜੋ ਅਸੀਂ ਸਵਿਕੋਉ ਵਿਚ ਆਪਣੇ ਦਿਲਾਂ-ਦਿਮਾਗ਼ਾਂ ਵਿਚ ਬਿਠਾਈਆਂ ਸਨ। ਪਰ ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਸੀ ਜਦ ਕਿ ਸਾਨੂੰ ਰੋਜ਼ ਤੁਰਦੇ-ਫਿਰਦੇ ਸਮੇਂ ਇਕ-ਦੂਜੇ ਨਾਲ ਗੱਲਾਂ ਕਰਨ ਤੋਂ ਮਨ੍ਹਾ ਕੀਤਾ ਜਾ ਚੁੱਕਾ ਸੀ? ਸਾਨੂੰ ਭਰਾਵਾਂ ਨੇ ਕਾਫ਼ੀ ਚੰਗੇ ਢੰਗ ਸਿਖਾਏ ਹੋਏ ਸਨ ਤੇ ਯਹੋਵਾਹ ਨੇ ਸਾਡੀ ਰੱਖਿਆ ਕੀਤੀ। ਇਸ ਤੋਂ ਅਸੀਂ ਇਹ ਸਬਕ ਸਿੱਖਿਆ ਕਿ ਆਜ਼ਾਦੀ ਦੇ ਸਮਿਆਂ ਵਿਚ ਬਾਈਬਲ ਦਾ ਚੰਗੀ ਤਰ੍ਹਾਂ ਅਧਿਐਨ ਕਰਨਾ ਅਤੇ ਪੜ੍ਹੀਆਂ ਗੱਲਾਂ ਉੱਤੇ ਮਨਨ ਕਰਨਾ ਕਿੰਨਾ ਜ਼ਰੂਰੀ ਹੈ। ਸਾਨੂੰ ਇਨ੍ਹਾਂ ਮੌਕਿਆਂ ਨੂੰ ਹੱਥੋਂ ਨਹੀਂ ਗੁਆਉਣਾ ਚਾਹੀਦਾ।

ਖ਼ਾਸ ਫ਼ੈਸਲੇ ਕਰਨ ਦਾ ਸਮਾਂ

ਯਹੋਵਾਹ ਦੀ ਮਿਹਰਬਾਨੀ ਸੀ ਕਿ ਅਸੀਂ ਬੇਵਫ਼ਾ ਨਹੀਂ ਬਣੇ, ਸਗੋਂ ਆਪਣੀ ਨਿਹਚਾ ਤੇ ਪੱਕੇ ਰਹੇ। ਤੁਸੀਂ ਆਪ ਹੀ ਮੇਰੀ ਖ਼ੁਸ਼ੀ ਦਾ ਅੰਦਾਜ਼ਾ ਲਗਾਓ ਜਦੋਂ 1956 ਦੇ ਅੰਤ ਵਿਚ ਅਸੀਂ ਰਿਹਾ ਕੀਤੇ ਗਏ ਤੇ ਕੈਦਖ਼ਾਨੇ ਦੇ ਫਾਟਕ ਸਾਡੇ ਲਈ ਖੁੱਲ੍ਹ ਗਏ! ਤਦ ਤਕ ਸਾਡਾ ਪੁੱਤ ਛੇ ਸਾਲਾਂ ਦਾ ਹੋ ਚੁੱਕਾ ਸੀ ਤੇ ਅਸੀਂ ਮੀਆਂ-ਬੀਬੀ ਇਕ-ਦੂਸਰੇ ਨੂੰ ਦੇਖ ਕੇ ਬਹੁਤ ਖ਼ੁਸ਼ ਹੋਏ ਤੇ ਅਸੀਂ ਦੋਹਾਂ ਨੇ ਮਿਲ ਕੇ ਆਪਣੇ ਪੁੱਤਰ ਦੀ ਪਾਲਣਾ ਸ਼ੁਰੂ ਕੀਤੀ। ਪਹਿਲਾਂ-ਪਹਿਲਾਂ ਤਾਂ ਮੈਂ ਯੋਹਾਨਸ ਨੂੰ ਇਕ ਅਜਨਬੀ ਹੀ ਜਾਪਿਆ, ਪਰ ਜਲਦੀ ਹੀ ਸਾਡਾ ਪੇ-ਪੁੱਤ ਦਾ ਆਪਸੀ ਪਿਆਰ ਵਧ ਗਿਆ।

ਪੂਰਬੀ ਜਰਮਨੀ ਵਿਚ ਯਹੋਵਾਹ ਦੇ ਗਵਾਹ ਬਹੁਤ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਸਨ। ਸਾਡੇ ਪ੍ਰਚਾਰ ਦੇ ਕੰਮ ਦਾ ਵਿਰੋਧ ਕੀਤਾ ਜਾ ਰਿਹਾ ਸੀ। ਅਸੀਂ ਲੜਾਈ ਵਿਚ ਕਿਸੇ ਦਾ ਪੱਖ ਨਹੀਂ ਲੈਂਦੇ ਸਾਂ, ਇਸ ਕਾਰਨ ਵੀ ਸਾਨੂੰ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ। ਇਸ ਤਰ੍ਹਾਂ ਰੋਜ਼ਾਨਾ ਖ਼ਤਰਿਆਂ ਤੇ ਪਰੇਸ਼ਾਨੀਆਂ ਕਾਰਨ ਅਸੀਂ ਬਹੁਤ ਹੰਭ ਗਏ ਸਾਂ। ਮੈਂ ਤੇ ਏਰੀਕਾ ਨੇ ਆਪਣੇ ਹਾਲਾਤਾਂ ਬਾਰੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤੇ ਅਸੀਂ ਸੋਚਿਆ ਕਿ ਹਰ ਵੇਲੇ ਚਿੰਤਾ ਵਿਚ ਰਹਿਣ ਦੀ ਬਜਾਇ ਸਾਨੂੰ ਕਿਸੇ ਹੋਰ ਜਗ੍ਹਾ ਜਾ ਕੇ ਰਹਿਣਾ ਚਾਹੀਦਾ ਹੈ। ਅਸੀਂ ਆਜ਼ਾਦੀ ਨਾਲ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਸਾਂ ਤੇ ਉਸ ਦੀ ਸੇਵਾ ਵਿਚ ਅੱਗੇ ਵਧਣਾ ਚਾਹੁੰਦੇ ਸਾਂ।

ਸੰਨ 1957 ਦੀ ਬਸੰਤ ਵਿਚ ਸਾਨੂੰ ਸਟੁਟਗਾਰਟ, ਪੱਛਮੀ ਜਰਮਨੀ ਜਾ ਕੇ ਰਹਿਣ ਦਾ ਮੌਕਾ ਮਿਲਿਆ। ਉੱਥੇ ਪ੍ਰਚਾਰ ਦੇ ਕੰਮ ਤੇ ਕੋਈ ਪਾਬੰਦੀ ਨਹੀਂ ਸੀ ਤੇ ਅਸੀਂ ਖੁੱਲ੍ਹੇ-ਆਮ ਆਪਣੇ ਭੈਣਾਂ-ਭਰਾਵਾਂ ਨਾਲ ਮਿਲ-ਵਰਤ ਸਕਦੇ ਸਾਂ। ਉਨ੍ਹਾਂ ਨੇ ਸਾਨੂੰ ਪਿਆਰ ਨਾਲ ਆਪਣਾ ਸਾਥ ਦਿੱਤਾ। ਅਸੀਂ ਸੱਤ ਸਾਲ ਹੇਡੇਲਫ਼ਿੰਗਨ ਦੀ ਕਲੀਸਿਯਾ ਨਾਲ ਸੇਵਾ ਕੀਤੀ। ਇਸ ਸਮੇਂ ਦੌਰਾਨ ਸਾਡਾ ਲੜਕਾ ਸਕੂਲ ਜਾਣ ਲੱਗ ਪਿਆ ਨਾਲੇ ਸੱਚਾਈ ਵਿਚ ਤਰੱਕੀ ਕਰਨ ਲੱਗ ਪਿਆ। ਸੰਨ 1962 ਵਿਚ ਮੈਨੂੰ ਵੀਸਬਾਡਨ ਵਿਚ ਕਿੰਗਡਮ ਮਿਨਿਸਟਰੀ ਸਕੂਲ ਜਾਣ ਦਾ ਸਨਮਾਨ ਮਿਲਿਆ। ਇਸ ਸਕੂਲ ਵਿਚ ਮੈਨੂੰ ਪਤਾ ਚੱਲਿਆ ਕਿ ਜਰਮਨੀ ਅਤੇ ਸਵਿਟਜ਼ਰਲੈਂਡ ਦੋਹਾਂ ਦੇ ਕੁਝ ਹਿੱਸਿਆਂ ਵਿਚ ਜਰਮਨ ਬੋਲਣ ਵਾਲੇ ਉਨ੍ਹਾਂ ਭਰਾਵਾਂ ਦੀ ਕਾਫ਼ੀ ਲੋੜ ਸੀ ਜੋ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇ ਸਕਣ।

ਸਵਿਟਜ਼ਰਲੈਂਡ ਦੇ ਐਲਪਸ ਪਰਬਤਾਂ ਦਾ ਸਵਰਗ

ਸੰਨ 1963 ਵਿਚ ਅਸੀਂ ਸਵਿਟਜ਼ਰਲੈਂਡ ਜਾ ਕੇ ਰਹਿਣ ਲੱਗ ਪਏ। ਸਾਨੂੰ ਬਰੂਨੈਨ ਸ਼ਹਿਰ ਦੀ ਕਲੀਸਿਯਾ ਵਿਚ ਸੇਵਾ ਕਰਨ ਲਈ ਭੇਜਿਆ ਗਿਆ। ਇਹ ਸਵਿਟਜ਼ਰਲੈਂਡ ਦੇ ਐਲਪਸ ਪਰਬਤ ਵਿਚ ਲੂਸਰਨ ਝੀਲ ਦੇ ਕਿਨਾਰੇ ਤੇ ਸਥਿਤ ਹੈ। ਇਵੇਂ ਲੱਗਦਾ ਸੀ ਜਿਵੇਂ ਅਸੀਂ ਫਿਰਦੌਸ ਵਿਚ ਰਹਿੰਦੇ ਸਾਂ। ਇੱਥੇ ਦੇ ਲੋਕ ਸਾਡੀ ਜਰਮਨ ਬੋਲੀ ਤੋਂ ਕੁਝ ਵੱਖਰੀ ਕਿਸਮ ਦੀ ਜਰਮਨ ਭਾਸ਼ਾ ਬੋਲਦੇ ਸਨ ਤੇ ਸਾਨੂੰ ਉਨ੍ਹਾਂ ਦੀ ਸੋਚਣੀ ਤੇ ਉਨ੍ਹਾਂ ਦੇ ਤੌਰ-ਤਰੀਕੇ ਵੀ ਹੋਰ ਤਰ੍ਹਾਂ ਦੇ ਲੱਗੇ। ਫਿਰ ਵੀ ਸਾਨੂੰ ਉਨ੍ਹਾਂ ਲੋਕਾਂ ਵਿਚ ਰਹਿ ਕੇ ਕੰਮ ਕਰਨਾ ਤੇ ਪ੍ਰਚਾਰ ਕਰਨਾ ਬਹੁਤ ਹੀ ਚੰਗਾ ਲੱਗਾ। ਅਸੀਂ ਬਰੂਨੈਨ ਵਿਚ 14 ਸਾਲ ਰਹੇ ਜਿੱਥੇ ਸਾਡਾ ਲੜਕਾ ਵੱਡਾ ਹੋਇਆ।

ਸੰਨ 1977 ਵਿਚ ਜਦੋਂ ਮੈਂ ਤਕਰੀਬਨ 50 ਸਾਲ ਦਾ ਸੀ, ਤਾਂ ਸਾਨੂੰ ਟੂਨ ਸ਼ਹਿਰ, ਸਵਿਟਜ਼ਰਲੈਂਡ ਦੇ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਆਇਆ। ਐਡੇ ਵੱਡੇ ਸਨਮਾਨ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਤੇ ਅਸੀਂ ਇਹ ਬੜੀ ਖ਼ੁਸ਼ੀ ਨਾਲ ਸਵੀਕਾਰ ਕੀਤਾ। ਅਸੀਂ ਬੈਥਲ ਵਿਚ ਨੌਂ ਸਾਲਾਂ ਲਈ ਸੇਵਾ ਕੀਤੀ। ਸਾਡੇ ਖ਼ਿਆਲ ਵਿਚ ਇਹ ਸਮਾਂ ਸਾਡੀ ਜ਼ਿੰਦਗੀ ਦਾ ਖ਼ਾਸ ਸਮਾਂ ਸੀ ਤੇ ਇਸ ਸਮੇਂ ਦੌਰਾਨ ਯਹੋਵਾਹ ਨਾਲ ਸਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ। ਸਾਨੂੰ ਇਸ ਇਲਾਕੇ ਵਿਚ ਰਹਿੰਦੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਕੇ ਵੀ ਬਹੁਤ ਮਜ਼ਾ ਆਇਆ। ਯਹੋਵਾਹ ਦੇ ‘ਅਚਰਜ ਕੰਮ’ ਮਤਲਬ ਕਿ ਬਰਨ ਸ਼ਹਿਰ ਦੇ ਸ਼ਾਨਦਾਰ ਬਰਫ਼ੀਲੇ ਪਰਬਤ ਦਾ ਨਜ਼ਾਰਾ ਦੇਖ ਕੇ ਅਸੀਂ ਹਮੇਸ਼ਾ ਖ਼ੁਸ਼ ਹੁੰਦੇ ਸਾਂ।—ਜ਼ਬੂਰਾਂ ਦੀ ਪੋਥੀ 9:1.

ਇਕ ਹੋਰ ਥਾਂ ਜਾ ਕੇ ਰਹਿਣਾ

ਸੰਨ 1986 ਦੇ ਸ਼ੁਰੂ ਵਿਚ ਅਸੀਂ ਫਿਰ ਤੋਂ ਕਿਤੇ ਹੋਰ ਰਹਿਣ ਚਲੇ ਗਏ। ਸਾਨੂੰ ਸਵਿਟਜ਼ਰਲੈਂਡ ਦੇ ਪੱਛਮੀ ਇਲਾਕੇ ਵਿਚ ਬੂਖਜ਼ ਕਲੀਸਿਯਾ ਵਿਚ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰਨ ਲਈ ਭੇਜਿਆ ਗਿਆ। ਇਹ ਕਾਫ਼ੀ ਵੱਡਾ ਇਲਾਕਾ ਹੈ। ਸਾਨੂੰ ਫਿਰ ਤੋਂ ਆਪਣੀ ਜ਼ਿੰਦਗੀ ਵਿਚ ਕਈ ਤਬਦੀਲੀਆਂ ਕਰਨੀਆਂ ਪਈਆਂ। ਭਾਵੇਂ ਅਸੀਂ ਜਿੱਥੇ ਮਰਜ਼ੀ ਹੋਈਏ, ਅਸੀਂ ਯਹੋਵਾਹ ਦੀ ਸੇਵਾ ਪੂਰੇ ਦਿਲ ਨਾਲ ਕਰਦੇ ਰਹਿਣਾ ਚਾਹੁੰਦੇ ਹਾਂ, ਇਸ ਲਈ ਉਸ ਨੇ ਸਾਡੇ ਕੰਮ ਤੇ ਬਰਕਤਾਂ ਪਾਈਆਂ। ਹੁਣ ਕਦੇ-ਕਦੇ ਮੈਂ ਸਫ਼ਰੀ ਨਿਗਾਹਬਾਨ ਦੀ ਥਾਂ ਕਲੀਸਿਯਾਵਾਂ ਵਿਚ ਜਾ ਕੇ ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਵੀ ਕਰਦਾ ਹਾਂ। ਸਾਨੂੰ ਇੱਥੇ ਰਹਿੰਦਿਆਂ ਅਠਾਰਾਂ ਸਾਲ ਗੁਜ਼ਰ ਗਏ ਹਨ ਤੇ ਪ੍ਰਚਾਰ ਦੇ ਕੰਮ ਵਿਚ ਸਾਨੂੰ ਬਹੁਤ ਵਧੀਆ-ਵਧੀਆ ਤਜਰਬੇ ਹੋਏ ਹਨ। ਸਾਡਾ ਨਵਾਂ-ਨਵਾਂ ਕਿੰਗਡਮ ਹਾਲ ਬਹੁਤ ਹੀ ਸੋਹਣਾ ਹੈ। ਪੰਜ ਸਾਲ ਪਹਿਲਾਂ ਇਹ ਯਹੋਵਾਹ ਨੂੰ ਸਮਰਪਿਤ ਕੀਤਾ ਗਿਆ ਸੀ। ਬੂਖਜ਼ ਸ਼ਹਿਰ ਵਿਚ ਕਲੀਸਿਯਾ ਹੁਣ ਕਾਫ਼ੀ ਵੱਡੀ ਹੋ ਗਈ ਹੈ।

ਯਹੋਵਾਹ ਹਮੇਸ਼ਾ ਸਾਡਾ ਰਾਖਾ ਰਿਹਾ ਹੈ। ਸਾਡੀ ਜ਼ਿਆਦਾਤਰ ਜ਼ਿੰਦਗੀ ਪੂਰੇ-ਸਮੇਂ ਦੀ ਸੇਵਕਾਈ ਵਿਚ ਹੀ ਗੁਜ਼ਰੀ ਹੈ ਅਤੇ ਸਾਨੂੰ ਕਿਸੇ ਚੀਜ਼ ਦੀ ਕਦੇ ਕਮੀ ਨਹੀਂ ਹੋਈ। ਅਸੀਂ ਬਹੁਤ ਖ਼ੁਸ਼ ਹਾਂ ਕਿ ਸਾਡਾ ਪੁੱਤਰ, ਸਾਡੀ ਨੂੰਹ, ਸਾਡਾ ਪੋਤਾ ਤੇ ਪੋਤੀਆਂ ਅੱਗੇ ਉਨ੍ਹਾਂ ਦੀ ਔਲਾਦ ਵੀ ਯਹੋਵਾਹ ਦੇ ਰਾਹਾਂ ਤੇ ਵਫ਼ਾਦਾਰੀ ਨਾਲ ਚੱਲ ਰਹੇ ਹਨ।

ਬੀਤੇ ਸਮੇਂ ਤੇ ਝਾਤ ਮਾਰ ਕੇ ਅਸੀਂ ਦੇਖਦੇ ਹਾਂ ਕਿ ਭਾਵੇਂ ਸਮਾਂ ਚੰਗਾ ਸੀ ਜਾਂ ਮੰਦਾ, ਅਸੀਂ ਯਹੋਵਾਹ ਦੀ ਸੇਵਾ ਵਿਚ ਦ੍ਰਿੜ੍ਹ ਰਹੇ। ਮੈਂ ਨਰਕੀ ਕੈਦਖ਼ਾਨਿਆਂ ਤੋਂ ਸਵਿਟਜ਼ਰਲੈਂਡ ਦੇ ਸ਼ਾਨਦਾਰ ਐਲਪਸ ਪਰਬਤਾਂ ਦਾ ਸੁੰਦਰ ਨਜ਼ਾਰਾ ਕਿਉਂ ਦੇਖ ਸਕਿਆ? ਕਿਉਂਕਿ ਮੈਂ ਲਗਨ ਨਾਲ ਮਸੀਹੀ ਸੇਵਾ ਕੀਤੀ। ਇਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰਨ ਵਿਚ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੋਈ ਵੀ ਪਛਤਾਵਾ ਨਹੀਂ ਹੈ!

ਸਫ਼ੇ 28 ਉੱਤੇ ਡੱਬੀ]

ਦੋ ਵਾਰ ਜ਼ੁਲਮ ਦੇ ਸ਼ਿਕਾਰ ਬਣਨ ਦੇ ਬਾਵਜੂਦ ਗਵਾਹ ਮਜ਼ਬੂਤ ਰਹੇ

ਪੂਰਬੀ ਜਰਮਨੀ ਵਿਚ ਵੀ ਜ਼ਾਲਮਾਂ ਨੇ ਯਹੋਵਾਹ ਦੇ ਗਵਾਹਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਉਹ ਪ੍ਰਚਾਰ ਕਰਦੇ ਰਹੇ ਤੇ ਉਨ੍ਹਾਂ ਨੇ ਲੜਾਈ ਵਿਚ ਕਿਸੇ ਦਾ ਵੀ ਪੱਖ ਨਹੀਂ ਲਿਆ, ਇਸ ਲਈ 5,000 ਤੋਂ ਜ਼ਿਆਦਾ ਗਵਾਹਾਂ ਨੂੰ ਮਜ਼ਦੂਰੀ ਕੈਂਪਾਂ ਤੇ ਨਜ਼ਰਬੰਦੀ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ।—ਯਸਾਯਾਹ 2:4.

ਇਨ੍ਹਾਂ ਵਿੱਚੋਂ ਕਈ ਗਵਾਹਾਂ ਨੇ ਇੱਕੋ ਇਲਜ਼ਾਮ ਦੀ ਦੋ ਵਾਰ ਸਜ਼ਾ ਭੁਗਤੀ। ਇਹ ਕਿਸ ਤਰ੍ਹਾਂ? ਪਹਿਲਾਂ ਤਕਰੀਬਨ 325 ਗਵਾਹ ਨਾਜ਼ੀ ਨਜ਼ਰਬੰਦੀ ਕੈਂਪਾਂ ਤੇ ਜੇਲ੍ਹਾਂ ਵਿਚ ਬੰਦ ਕੀਤੇ ਜਾ ਚੁੱਕੇ ਸਨ। ਫਿਰ 1950 ਦੇ ਦਹਾਕੇ ਵਿਚ ਪੂਰਬੀ ਜਰਮਨੀ ਦੀ ਸਰਕਾਰੀ ਪੁਲਸ ਯਾਨੀ ਸ਼ਟਾਜ਼ੀ ਉਨ੍ਹਾਂ ਦੇ ਮਗਰ ਲੱਗੀ ਰਹੀ ਤੇ ਉਨ੍ਹਾਂ ਨੂੰ ਫਿਰ ਤੋਂ ਜੇਲ੍ਹਾਂ ਵਿਚ ਬੰਦ ਕੀਤਾ। ਕੁਝ ਜੇਲ੍ਹਾਂ ਨੇ ਦੋ-ਦੋ ਪਾਰਟੀਆਂ ਦਾ ਕੰਮ ਸਾਰਿਆ, ਪਹਿਲਾਂ ਨਾਜ਼ੀ ਅਫ਼ਸਰਾਂ ਦਾ ਤੇ ਫਿਰ ਸ਼ਟਾਜ਼ੀ ਅਫ਼ਸਰਾਂ ਦਾ।

ਇਸ ਜ਼ੁਲਮ ਦੇ ਪਹਿਲੇ ਦਸਾਂ ਸਾਲਾਂ ਵਿਚ, ਮਤਲਬ ਕਿ 1950 ਤੋਂ 1961 ਤਕ, 60 ਗਵਾਹ ਜੇਲ੍ਹਾਂ ਵਿਚ ਦਮ ਤੋੜ ਗਏ ਸਨ। ਇਨ੍ਹਾਂ ਭੈਣਾਂ-ਭਰਾਵਾਂ ਦਾ ਬੁਰਾ ਹਾਲ ਕੀਤਾ ਗਿਆ, ਇਨ੍ਹਾਂ ਨੂੰ ਭੁੱਖੇ ਰੱਖਿਆ ਗਿਆ, ਇਨ੍ਹਾਂ ਵਿੱਚੋਂ ਕਈ ਬੀਮਾਰੀ ਦੇ ਕਾਰਨ ਤੇ ਕਈ ਬੁਢਾਪੇ ਦੇ ਕਾਰਨ ਮਰ ਗਏ। ਬਾਰਾਂ ਗਵਾਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਏ ਸੀ, ਪਰ ਬਾਅਦ ਵਿਚ ਇਹ ਸਜ਼ਾ ਘਟਾ ਕੇ 15 ਸਾਲ ਕਰ ਦਿੱਤੀ ਗਈ ਸੀ।

ਅੱਜ ਬਰਲਿਨ ਵਿਚ ਸ਼ਟਾਜ਼ੀ ਪੁਲਸ ਦੇ ਸਾਬਕਾ ਹੈੱਡ-ਕੁਆਰਟਰ ਵਿਚ ਹਰ ਵੇਲੇ ਇਕ ਪ੍ਰਦਰਸ਼ਨੀ ਲੱਗੀ ਰਹਿੰਦੀ ਹੈ। ਇਸ ਵਿਚ ਦਿਖਾਇਆ ਗਿਆ ਹੈ ਕਿ ਯਹੋਵਾਹ ਦੇ ਗਵਾਹਾਂ ਨੇ ਪੂਰਬੀ ਜਰਮਨੀ ਵਿਚ 40 ਸਾਲਾਂ ਤਕ ਸਰਕਾਰ ਦੇ ਜ਼ੁਲਮ ਕਿਵੇਂ ਸਹੇ ਸਨ। ਉੱਥੇ ਤਸਵੀਰਾਂ ਅਤੇ ਕਈਆਂ ਦੇ ਨਿੱਜੀ ਬਿਆਨ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਗਵਾਹ ਕਿੰਨੇ ਬਹਾਦਰ ਸਨ ਅਤੇ ਉਨ੍ਹਾਂ ਨੇ ਜ਼ੁਲਮ ਦੇ ਅਧੀਨ ਰੱਬ ਉੱਤੇ ਆਪਣੀ ਨਿਹਚਾ ਰੱਖ ਕੇ ਇੰਨੇ ਕਸ਼ਟ ਕਿਵੇਂ ਝੱਲੇ।

[ਸਫ਼ੇ 24, 25 ਉੱਤੇ ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਪੂਰਬੀ ਜਰਮਨੀ

ਰੂਡੋਲਸ਼ਟਾਟ

ਬੇਲਟਜ਼ਿਗ

ਟੋਰਗਾਉ

ਕੈਮਨਿਟਜ਼

ਸਵਿਕੋਉ

[ਸਫ਼ੇ 25 ਉੱਤੇ ਤਸਵੀਰ]

ਸਵਿਕੋਉ ਵਿਚ ਉਸਟਰਸ਼ਟਾਇਨ ਮਹਿਲ

[ਕ੍ਰੈਡਿਟ ਲਾਈਨ]

Fotosammlung des Stadtarchiv Zwickau, Deutschland

[ਸਫ਼ੇ 26 ਉੱਤੇ ਤਸਵੀਰ]

ਮੈਂ ਤੇ ਮੇਰੀ ਪਤਨੀ ਏਰੀਕਾ