Skip to content

Skip to table of contents

ਹੋਰਨਾਂ ਲਈ ਕੁਝ ਕਰੀਏ ਜਾਂ ਨਾ ਕਰੀਏ?

ਹੋਰਨਾਂ ਲਈ ਕੁਝ ਕਰੀਏ ਜਾਂ ਨਾ ਕਰੀਏ?

ਹੋਰਨਾਂ ਲਈ ਕੁਝ ਕਰੀਏ ਜਾਂ ਨਾ ਕਰੀਏ?

“ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਦੂਸਰੇ ਬੁਰਾ-ਭਲਾ ਨਾ ਕਰਨ ਤਾਂ ਚਾਹੀਦਾ ਹੈ ਕਿ ਤੁਸੀਂ ਉਨ੍ਹਾਂ ਨਾਲ ਬੁਰਾ-ਭਲਾ ਨਾ ਕਰੋ।” ਕਿਹਾ ਜਾਂਦਾ ਹੈ ਕਿ ਇਹ ਲਫ਼ਜ਼ ਕਨਫਿਊਸ਼ਸ ਨਾਮਕ ਇਕ ਚੀਨੀ ਫ਼ਿਲਾਸਫ਼ਰ ਨੇ ਆਖੇ ਸਨ। ਅੱਜ ਕੁਝ 2,500 ਸਾਲ ਬਾਅਦ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਜੇ ਉਹ ਕਿਸੇ ਦਾ ਬੁਰਾ-ਭਲਾ ਨਾ ਕਰਨ, ਤਾਂ ਉਨ੍ਹਾਂ ਨੇ ਆਪਣਾ ਫ਼ਰਜ਼ ਨਿਭਾ ਲਿਆ ਹੈ।

ਬਿਨਾਂ ਸ਼ੱਕ ਕਨਫਿਊਸ਼ਸ ਦਾ ਇਹ ਸਿਧਾਂਤ ਬਹੁਤ ਚੰਗਾ ਹੈ। ਪਰ ਬਾਈਬਲ ਵਿਚ ਇਨਸਾਨਾਂ ਦੇ ਇਕ-ਦੂਜੇ ਨਾਲ ਵਰਤਾਅ ਬਾਰੇ ਕੁਝ ਹੋਰ ਵੀ ਪ੍ਰਗਟ ਹੈ। ਕਿਸੇ ਦੇ ਵਿਰੁੱਧ ਕਦਮ ਚੁੱਕ ਕੇ ਪਾਪ ਕਰਨ ਤੋਂ ਇਲਾਵਾ ਬਾਈਬਲ ਇਕ ਹੋਰ ਕਿਸਮ ਦੇ ਪਾਪ ਬਾਰੇ ਵੀ ਗੱਲ ਕਰਦੀ ਹੈ। ਉਹ ਹੈ ਕਿਸੇ ਦੇ ਲਈ ਕੁਝ ਨਾ ਕਰਨ ਦਾ ਪਾਪ। ਯਿਸੂ ਦੇ ਚੇਲੇ ਯਾਕੂਬ ਨੇ ਲਿਖਿਆ: “ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਏਹ ਉਹ ਦੇ ਲਈ ਪਾਪ ਹੈ।” (ਯਾਕੂਬ 4:17) ਯਿਸੂ ਨੇ ਸਿਰਫ਼ ਇਹ ਨਹੀਂ ਕਿਹਾ ਸੀ ਕਿ ਹੋਰਾਂ ਦਾ ਨੁਕਸਾਨ ਨਾ ਕਰੋ, ਸਗੋਂ ਉਸ ਨੇ ਇਹ ਵੀ ਕਿਹਾ ਸੀ: “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।”—ਮੱਤੀ 7:12.

ਪਰਮੇਸ਼ੁਰ ਦਾ ਮੁਢਲਾ ਮਕਸਦ ਸੀ ਕਿ ਸਾਰੇ ਲੋਕ ਇਕ-ਦੂਜੇ ਨਾਲ ਉਸ ਤਰ੍ਹਾਂ ਪੇਸ਼ ਆਉਣ ਜਿਸ ਤਰ੍ਹਾਂ ਉਹ ਖ਼ੁਦ ਚਾਹੁੰਦੇ ਸੀ ਕਿ ਦੂਸਰੇ ਉਨ੍ਹਾਂ ਨਾਲ ਪੇਸ਼ ਆਉਣ। ਉਸ ਨੇ ਦੂਸਰਿਆਂ ਬਾਰੇ ਸੋਚਣ ਦੀ ਸਭ ਤੋਂ ਵਧੀਆ ਮਿਸਾਲ ਉਸ ਵੇਲੇ ਕਾਇਮ ਕੀਤੀ ਸੀ ਜਦੋਂ ਉਸ ਨੇ ਇਨਸਾਨਾਂ ਨੂੰ ਬੜੇ ਪਿਆਰ ਨਾਲ ਬਣਾਇਆ: “ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।” (ਉਤਪਤ 1:27) ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਇਨਸਾਨਾਂ ਵਿਚ ਭਲੇ-ਬੁਰੇ ਦੀ ਸਮਝ ਯਾਨੀ ਜ਼ਮੀਰ ਪਾਈ ਸੀ। ਜਦੋਂ ਅਸੀਂ ਜ਼ਮੀਰ ਨੂੰ ਸਹੀ ਤਰ੍ਹਾਂ ਸਿਖਾਉਂਦੇ ਹਾਂ, ਤਾਂ ਇਹ ਸਾਨੂੰ ਹੋਰਾਂ ਨਾਲ ਠੀਕ ਉਸ ਤਰ੍ਹਾਂ ਪੇਸ਼ ਆਉਣ ਵਿਚ ਮਦਦ ਦਿੰਦੀ ਹੈ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਪੇਸ਼ ਆਉਣ।

ਅੱਜ ਬਹੁਤ ਸਾਰੇ ਲੋਕ ਹੋਰਾਂ ਦੇ ਸੁਆਰਥ ਤੇ ਹੰਕਾਰ ਕਰਕੇ ਦੁੱਖ ਸਹਿੰਦੇ ਹਨ। ਉਨ੍ਹਾਂ ਨੂੰ ਕਿਸੇ ਪਾਸਿਓਂ ਕੋਈ ਸਹਾਰਾ ਨਹੀਂ ਮਿਲਦਾ। ਤਾਂ ਫਿਰ, ਇਹ ਸਾਫ਼ ਹੈ ਕਿ ਸਿਰਫ਼ ਇੰਨਾ ਹੀ ਕਾਫ਼ੀ ਨਹੀਂ ਕਿ ਅਸੀਂ ਹੋਰਾਂ ਨੂੰ ਦੁੱਖ ਨਾ ਪਹੁੰਚਾਈਏ। ਸਾਡੇ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਹੋਰਾਂ ਦਾ ਭਲਾ ਕਰੀਏ। ਇਸ ਕਰਕੇ ਯਹੋਵਾਹ ਦੇ ਗਵਾਹ ਦੂਜਿਆਂ ਦੀ ਮਦਦ ਕਰਨ ਦੀ ਦਿਲੋਂ ਇੱਛਾ ਰੱਖਦੇ ਹਨ। ਉਹ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਵਧੀਆ ਉਮੀਦ ਦੇਣ ਲਈ ਕਦਮ ਚੁੱਕਦੇ ਹਨ। ਜਦ ਉਹ ਆਪਣੇ ਗੁਆਂਢੀਆਂ ਨੂੰ ਬਾਈਬਲ ਤੋਂ ਖ਼ੁਸ਼ ਖ਼ਬਰੀ ਸੁਣਾਉਣ ਜਾਂਦੇ ਹਨ, ਤਾਂ ਉਹ ਆਪਣੇ ਪਿਆਰ ਦਾ ਸਬੂਤ ਦੇ ਰਹੇ ਹੁੰਦੇ ਹਨ। ਜੀ ਹਾਂ, ਉਹ ਹੋਰਾਂ ਲਈ ਉਹੀ ਕਰਦੇ ਹਨ ਜੋ ਉਹ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਨਾਲ ਕਰਨ।