Skip to content

Skip to table of contents

ਅੱਜ ਬੱਚਿਆਂ ਨੂੰ ਸਿਖਲਾਈ ਦੇਣ ਦੀ ਚੁਣੌਤੀ

ਅੱਜ ਬੱਚਿਆਂ ਨੂੰ ਸਿਖਲਾਈ ਦੇਣ ਦੀ ਚੁਣੌਤੀ

ਅੱਜ ਬੱਚਿਆਂ ਨੂੰ ਸਿਖਲਾਈ ਦੇਣ ਦੀ ਚੁਣੌਤੀ

ਰਾਤ ਨੂੰ ਇਕ ਰੈਸਤੋਰਾਂ ਦਾ ਮਾਲਕ ਆਪਣੇ ਰੈਸਤੋਰਾਂ ਨੂੰ ਬੰਦ ਕਰ ਕੇ ਘਰ ਜਾਣ ਹੀ ਵਾਲਾ ਸੀ। ਇੰਨੇ ਵਿਚ ਦੋ ਔਰਤਾਂ ਇਕ ਬੱਚੇ ਨੂੰ ਲੈ ਕੇ ਰੈਸਤੋਰਾਂ ਵਿਚ ਆਈਆਂ ਤੇ ਖਾਣੇ ਦਾ ਆਰਡਰ ਦਿੱਤਾ। ਰੈਸਤੋਰਾਂ ਦਾ ਮਾਲਕ ਬਹੁਤ ਥੱਕਿਆ ਹੋਣ ਕਰਕੇ ਉਨ੍ਹਾਂ ਨੂੰ ਨਾਂਹ ਕਹਿਣਾ ਚਾਹੁੰਦਾ ਸੀ। ਪਰ ਫਿਰ ਉਹ ਉਨ੍ਹਾਂ ਨੂੰ ਖਾਣਾ ਦੇ ਦਿੰਦਾ ਹੈ। ਦੋਵੇਂ ਔਰਤਾਂ ਜਦੋਂ ਖਾਣਾ ਖਾਣ ਦੇ ਨਾਲ-ਨਾਲ ਗੱਲਾਂ ਕਰਨ ਵਿਚ ਮਸਰੂਫ਼ ਹੋ ਜਾਂਦੀਆਂ ਹਨ, ਤਾਂ ਬੱਚਾ ਰੈਸਤੋਰਾਂ ਵਿਚ ਇੱਧਰ-ਉੱਧਰ ਦੌੜਨ-ਭੱਜਣ ਲੱਗਦਾ ਹੈ ਤੇ ਫ਼ਰਸ਼ ਉੱਤੇ ਬਿਸਕੁਟ ਖਿਲਾਰ ਕੇ ਉਨ੍ਹਾਂ ਨੂੰ ਪੈਰਾਂ ਥੱਲੇ ਮਿੱਧਦਾ ਹੈ। ਬੱਚੇ ਦੀ ਮਾਂ ਉਸ ਨੂੰ ਰੋਕਣ ਦੀ ਬਜਾਇ ਮੁਸਕਰਾਉਂਦੀ ਹੈ। ਜਦੋਂ ਔਰਤਾਂ ਚਲੇ ਜਾਂਦੀਆਂ ਹਨ, ਤਾਂ ਰੈਸਤੋਰਾਂ ਦੇ ਹਾਰੇ-ਥੱਕੇ ਮਾਲਕ ਨੂੰ ਗੰਦਾ ਫ਼ਰਸ਼ ਸਾਫ਼ ਕਰਨਾ ਪੈਂਦਾ ਹੈ।

ਸੱਚ-ਮੁੱਚ ਵਾਪਰੀ ਇਸ ਘਟਨਾ ਤੋਂ ਤੁਸੀਂ ਜਾਣ ਗਏ ਹੋਵੋਗੇ ਕਿ ਬਹੁਤ ਸਾਰੇ ਪਰਿਵਾਰਾਂ ਵਿਚ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦਿੱਤੀ ਜਾਂਦੀ। ਇਸ ਦੇ ਵੱਖੋ-ਵੱਖਰੇ ਕਾਰਨ ਹਨ। ਕੁਝ ਮਾਪੇ ਆਪਣੇ ਬੱਚਿਆਂ ਨੂੰ ਆਪਣੀ ਮਰਜ਼ੀ ਕਰਨ ਦਿੰਦੇ ਹਨ। ਉਹ ਸੋਚਦੇ ਹਨ ਕਿ ਬੱਚਿਆਂ ਨੂੰ ਰੋਕਣਾ-ਟੋਕਣਾ ਨਹੀਂ ਚਾਹੀਦਾ। ਜਾਂ ਫਿਰ ਮਾਪੇ ਆਪਣੇ ਕੰਮਾਂ-ਕਾਰਾਂ ਵਿਚ ਇੰਨੇ ਮਸਰੂਫ਼ ਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਧਿਆਨ ਨਾਲ ਦੇਖ-ਭਾਲ ਕਰਨ ਤੇ ਉਨ੍ਹਾਂ ਨੂੰ ਲੋੜੀਂਦੀ ਸਿੱਖਿਆ ਦੇਣ ਦਾ ਸਮਾਂ ਨਹੀਂ ਮਿਲਦਾ। ਕੁਝ ਮਾਪੇ ਆਪਣੇ ਬੱਚੇ ਦੀ ਪੜ੍ਹਾਈ ਨੂੰ ਹੀ ਜ਼ਿਆਦਾ ਅਹਿਮੀਅਤ ਦਿੰਦੇ ਹਨ। ਇਸ ਲਈ, ਜੇ ਉਨ੍ਹਾਂ ਦਾ ਬੱਚਾ ਸਕੂਲ ਵਿਚ ਚੰਗੇ ਨੰਬਰਾਂ ਨਾਲ ਪਾਸ ਹੁੰਦਾ ਹੈ ਤੇ ਉਸ ਨੂੰ ਕਿਸੇ ਮੰਨੇ-ਪ੍ਰਮੰਨੇ ਕਾਲਜ ਵਿਚ ਦਾਖ਼ਲਾ ਮਿਲ ਜਾਂਦਾ ਹੈ, ਤਾਂ ਮਾਪੇ ਉਸ ਨੂੰ ਹੱਦੋਂ ਵੱਧ ਆਜ਼ਾਦੀ ਦਿੰਦੇ ਹਨ।

ਪਰ ਕੁਝ ਕਹਿੰਦੇ ਹਨ ਕਿ ਮਾਪਿਆਂ ਅਤੇ ਸਮਾਜ ਨੂੰ ਆਪਣੇ ਅਸੂਲ ਬਦਲਣ ਦੀ ਲੋੜ ਹੈ। ਉਹ ਦਲੀਲ ਦਿੰਦੇ ਹਨ ਕਿ ਬੱਚੇ ਤਰ੍ਹਾਂ-ਤਰ੍ਹਾਂ ਦੇ ਅਪਰਾਧਾਂ ਵਿਚ ਪੈ ਰਹੇ ਹਨ ਤੇ ਦਿਨੋ-ਦਿਨ ਸਕੂਲਾਂ ਵਿਚ ਹਿੰਸਾ ਵਧਦੀ ਜਾ ਰਹੀ ਹੈ। ਦੱਖਣੀ ਕੋਰੀਆ ਦੇ ਸ਼ਹਿਰ ਸਿਓਲ ਵਿਚ ਇਕ ਮਿਡਲ ਸਕੂਲ ਦੇ ਪ੍ਰਿੰਸੀਪਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬੱਚਿਆਂ ਦੀ ਸ਼ਖ਼ਸੀਅਤ ਨਿਖਾਰਨ ਵੱਲ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਸ ਨੇ ਕਿਹਾ: “ਸ਼ਖ਼ਸੀਅਤ ਨਿਖਾਰਨ ਤੋਂ ਬਾਅਦ ਹੀ ਤੁਸੀਂ ਉਸ ਨੂੰ ਗਿਆਨ ਦੇ ਸਕਦੇ ਹੋ।”

ਕਈ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਕਾਲਜ ਜਾਵੇ ਅਤੇ ਆਪਣੀ ਜ਼ਿੰਦਗੀ ਵਿਚ ਕਾਮਯਾਬੀ ਹਾਸਲ ਕਰੇ। ਇਸ ਲਈ ਉਹ ਕਿਸੇ ਦੀ ਸਲਾਹ ਤੇ ਚੱਲਣ ਤੋਂ ਕੰਨੀ ਕਤਰਾਉਂਦੇ ਹਨ। ਤੁਸੀਂ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਦਾ ਇਨਸਾਨ ਬਣਾਉਣਾ ਚਾਹੁੰਦੇ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਭਲੇ-ਬੁਰੇ ਦੀ ਸਮਝ ਰੱਖਣ ਵਾਲਾ ਤੇ ਜ਼ਿੰਮੇਵਾਰ ਵਿਅਕਤੀ ਬਣੇ? ਕੀ ਤੁਸੀਂ ਚਾਹੁੰਦੇ ਹੋ ਕਿ ਉਹ ਦੂਜਿਆਂ ਦਾ ਲਿਹਾਜ਼ ਕਰੇ, ਹਾਲਾਤਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ਼ੇ ਤੇ ਸਹੀ ਨਜ਼ਰੀਆ ਰੱਖੇ? ਜੇ ਹਾਂ, ਤਾਂ ਕਿਰਪਾ ਕਰ ਕੇ ਅਗਲਾ ਲੇਖ ਪੜ੍ਹੋ।