Skip to content

Skip to table of contents

ਐਨਾਬੈਪਟਿਸਟ ਕੌਣ ਸਨ?

ਐਨਾਬੈਪਟਿਸਟ ਕੌਣ ਸਨ?

ਐਨਾਬੈਪਟਿਸਟ ਕੌਣ ਸਨ?

ਮੂਨਸਟਰ ਸ਼ਹਿਰ ਜਰਮਨੀ ਦੇ ਵੈਸਟਫ਼ਾਲੀਆ ਪ੍ਰਾਂਤ ਵਿਚ ਹੈ। ਇਸ ਸ਼ਹਿਰ ਦੇ ਕੇਂਦਰ ਵਿਚ ਆਉਣ ਵਾਲੇ ਤਕਰੀਬਨ ਹਰ ਸੈਲਾਨੀ ਦੀ ਨਜ਼ਰ ਉਨ੍ਹਾਂ ਤਿੰਨ ਲੋਹੇ ਦੇ ਪਿੰਜਰਿਆਂ ਵੱਲ ਖਿੱਚੀ ਜਾਂਦੀ ਹੈ ਜੋ ਇਕ ਗਿਰਜੇ ਦੇ ਮੀਨਾਰ ਤੋਂ ਲਟਕ ਰਹੇ ਹਨ। ਇਹ ਪਿੰਜਰੇ ਲਗਭਗ 500 ਸਾਲ ਤੋਂ ਉੱਥੇ ਲਟਕ ਰਹੇ ਹਨ ਅਤੇ ਇਨ੍ਹਾਂ ਨੂੰ ਸਿਰਫ਼ ਇਕ-ਅੱਧ ਵਾਰ ਥੋੜ੍ਹੇ ਸਮੇਂ ਲਈ ਹੀ ਲਾਹਿਆ ਗਿਆ ਸੀ। ਸਦੀਆਂ ਪਹਿਲਾਂ ਇਨ੍ਹਾਂ ਪਿੰਜਰਿਆਂ ਵਿਚ ਤਿੰਨ ਬੰਦਿਆਂ ਦੀਆਂ ਲੋਥਾਂ ਰੱਖੀਆਂ ਗਈਆਂ ਸਨ। ਇਹ ਬੰਦੇ ਐਨਾਬੈਪਟਿਸਟ ਸਨ ਜਿਨ੍ਹਾਂ ਨੂੰ ਤੜਫ਼ਾ-ਤੜਫ਼ਾ ਕੇ ਮਾਰਿਆ ਗਿਆ ਸੀ। ਗਿਰਜੇ ਤੋਂ ਲਟਕਦੇ ਤਿੰਨ ਪਿੰਜਰੇ ਉਨ੍ਹਾਂ ਦੀ ਬਾਦਸ਼ਾਹਤ ਦੀ ਨਿਸ਼ਾਨੀ ਹਨ।

ਐਨਾਬੈਪਟਿਸਟ ਕੌਣ ਸਨ? ਉਨ੍ਹਾਂ ਦੇ ਧਰਮ ਦੀ ਸ਼ੁਰੂਆਤ ਕਿਵੇਂ ਹੋਈ ਸੀ? ਉਹ ਕੀ ਮੰਨਦੇ ਸਨ? ਉਨ੍ਹਾਂ ਤਿੰਨ ਬੰਦਿਆਂ ਨੂੰ ਮੌਤ ਦੀ ਸਜ਼ਾ ਕਿਉਂ ਦਿੱਤੀ ਗਈ ਸੀ? ਨਾਲੇ ਉਨ੍ਹਾਂ ਤਿੰਨ ਪਿੰਜਰਿਆਂ ਦਾ ਬਾਦਸ਼ਾਹਤ ਨਾਲ ਕੀ ਨਾਤਾ ਹੈ?

ਚਰਚ ਨੂੰ ਸੁਧਾਰੀਏ ਤਾਂ ਕਿੱਦਾਂ?

ਪੰਦਰਵੀਂ ਸਦੀ ਦੇ ਅਖ਼ੀਰਲੇ ਸਾਲਾਂ ਦੌਰਾਨ ਅਤੇ 16ਵੀਂ ਸਦੀ ਦੇ ਸ਼ੁਰੂ ਵਿਚ ਰੋਮਨ ਕੈਥੋਲਿਕ ਚਰਚ ਅਤੇ ਇਸ ਦੇ ਪਾਦਰੀਆਂ ਦੇ ਭ੍ਰਿਸ਼ਟਾਚਾਰ ਅਤੇ ਬਦਚਲਣੀ ਵਿਰੁੱਧ ਲੋਕਾਂ ਦੀ ਆਵਾਜ਼ ਬੁਲੰਦ ਹੁੰਦੀ ਜਾ ਰਹੀ ਸੀ। ਇਸ ਲਈ ਕਈਆਂ ਨੂੰ ਲੱਗਾ ਕਿ ਚਰਚ ਵਿਚ ਸੁਧਾਰ ਲਿਆਉਣ ਦਾ ਸਮਾਂ ਆ ਗਿਆ ਸੀ। ਸਾਲ 1517 ਵਿਚ ਮਾਰਟਿਨ ਲੂਥਰ ਨੇ ਕੈਥੋਲਿਕ ਚਰਚ ਨੂੰ ਸੁਧਾਰਨ ਦੀ ਖੁੱਲ੍ਹੇ-ਆਮ ਮੰਗ ਕੀਤੀ। ਹੌਲੀ-ਹੌਲੀ ਦੂਸਰੇ ਲੋਕ ਵੀ ਇਸ ਵਿਵਾਦ ਵਿਚ ਸ਼ਾਮਲ ਹੋਣ ਲੱਗ ਪਏ ਤੇ ਛੇਤੀ ਹੀ ਪ੍ਰੋਟੈਸਟੈਂਟ ਅੰਦੋਲਨ ਨੇ ਜ਼ੋਰ ਫੜ ਲਿਆ।

ਪਰ ਧਰਮ-ਸੁਧਾਰਕ ਆਪਸ ਵਿਚ ਹੀ ਸਹਿਮਤ ਨਾ ਹੋ ਸਕੇ ਕਿ ਸੁਧਾਰ ਕਿਵੇਂ ਲਿਆਉਣਾ ਸੀ ਜਾਂ ਕਿਹੜੀਆਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਸੀ। ਕਈ ਲੋਕਾਂ ਨੇ ਮਹਿਸੂਸ ਕੀਤਾ ਕਿ ਭਗਤੀ ਦੇ ਮਾਮਲੇ ਵਿਚ ਉਨ੍ਹਾਂ ਨੂੰ ਬਾਈਬਲ ਅਸੂਲਾਂ ਤੇ ਪੱਕੇ ਰਹਿਣ ਦੀ ਲੋੜ ਸੀ। ਪਰ ਉਹ ਬਾਈਬਲ ਦੀਆਂ ਸਿੱਖਿਆਵਾਂ ਦੇ ਮਾਮਲੇ ਵਿਚ ਵੀ ਇਕ ਨਾ ਹੋ ਸਕੇ। ਕੁਝ ਲੋਕ ਹੋਰ ਜ਼ਿਆਦਾ ਸੁਧਾਰ ਦੇਖਣਾ ਚਾਹੁੰਦੇ ਸਨ ਜਿਸ ਕਰਕੇ ਐਨਾਬੈਪਟਿਸਟ ਲਹਿਰ ਦੀ ਸ਼ੁਰੂਆਤ ਹੋਈ।

“ਦੇਖਿਆ ਜਾਵੇ ਤਾਂ ਉਦੋਂ ਇਕ ਨਹੀਂ, ਸਗੋਂ ਕਈ ਬੈਪਟਿਸਟ ਲਹਿਰਾਂ ਚੱਲ ਰਹੀਆਂ ਸਨ,” ਹਾਂਸ-ਯੁਰਗਨ ਗੋਅਰਟਸ ਨੇ ਆਪਣੀ ਇਕ ਕਿਤਾਬ ਵਿਚ ਲਿਖਿਆ। ਮਿਸਾਲ ਲਈ, ਸਾਲ 1521 ਵਿਚ ਚਾਰ ਬੰਦਿਆਂ (ਜੋ ਸਵਿਕੋਉ ਸ਼ਹਿਰ ਦੇ ਨਬੀ ਕਹਿਲਾਉਂਦੇ ਸਨ) ਨੇ ਵਿਟਨਬਰਗ ਵਿਚ ਐਨਾਬੈਪਟਿਸਟ ਸਿੱਖਿਆਵਾਂ ਦਾ ਪ੍ਰਚਾਰ ਕਰ ਕੇ ਕਾਫ਼ੀ ਹਲਚਲ ਮਚਾ ਦਿੱਤੀ। ਫਿਰ ਸਾਲ 1525 ਵਿਚ ਜਿਊਰਿਕ, ਸਵਿਟਜ਼ਰਲੈਂਡ ਵਿਚ ਇਕ ਵੱਖਰਾ ਐਨਾਬੈਪਟਿਸਟ ਗਰੁੱਪ ਸਥਾਪਿਤ ਹੋਇਆ। ਇਸੇ ਤਰ੍ਹਾਂ, ਮੋਰਾਵੀਆ (ਹੁਣ ਚੈੱਕ ਗਣਰਾਜ) ਅਤੇ ਨੀਦਰਲੈਂਡਜ਼ ਵਿਚ ਵੀ ਐਨਾਬੈਪਟਿਸਟ ਸਮੂਹ ਸਰਗਰਮ ਸਨ।

ਬਪਤਿਸਮਾ—ਬੱਚਿਆਂ ਨੂੰ ਜਾਂ ਸਿਰਫ਼ ਵੱਡਿਆਂ ਨੂੰ ਦਿੱਤਾ ਜਾਵੇ?

ਐਨਾਬੈਪਟਿਸਟ ਸਮੂਹ ਆਮ ਕਰਕੇ ਛੋਟੇ ਹੀ ਸਨ ਅਤੇ ਇਨ੍ਹਾਂ ਦੇ ਮੈਂਬਰ ਸ਼ਾਂਤੀ-ਪਸੰਦ ਲੋਕ ਸਨ। ਉਹ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਲੁਕੋਣ ਦੀ ਬਜਾਇ ਇਨ੍ਹਾਂ ਦਾ ਖੁੱਲ੍ਹੇ-ਆਮ ਪ੍ਰਚਾਰ ਕਰਦੇ ਸਨ। ਸਾਲ 1527 ਵਿਚ ਐਨਾਬੈਪਟਿਸਟ ਪੰਥ ਦੀਆਂ ਮੁੱਖ ਸਿੱਖਿਆਵਾਂ ਨੂੰ ਸ਼ਲਾਈਟਹਾਈਮ ਕਨਫ਼ੈਸ਼ਨ ਨਾਂ ਦੇ ਬਿਆਨ-ਪੱਤਰ ਵਿਚ ਸੂਚੀਬੱਧ ਕੀਤਾ ਗਿਆ। ਇਸ ਅਨੁਸਾਰ, ਐਨਾਬੈਪਟਿਸਟ ਮੰਨਦੇ ਸਨ ਕਿ ਉਨ੍ਹਾਂ ਨੂੰ ਹਥਿਆਰ ਨਹੀਂ ਚੁੱਕਣੇ ਚਾਹੀਦੇ, ਸੰਸਾਰ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਅਤੇ ਗ਼ਲਤ ਕੰਮ ਕਰਨ ਵਾਲਿਆਂ ਨੂੰ ਆਪਣੇ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਪਰ ਬਪਤਿਸਮੇ ਸੰਬੰਧੀ ਉਨ੍ਹਾਂ ਦੀ ਸਿੱਖਿਆ ਨੇ ਉਨ੍ਹਾਂ ਨੂੰ ਬਾਕੀ ਸਾਰੇ ਧਰਮਾਂ ਤੋਂ ਵੱਖ ਕੀਤਾ। ਐਨਾਬੈਪਟਿਸਟ ਮੰਨਦੇ ਸਨ ਕਿ ਸਿਰਫ਼ ਵੱਡਿਆਂ ਨੂੰ ਬਪਤਿਸਮਾ ਦਿੱਤਾ ਜਾਣਾ ਚਾਹੀਦਾ ਹੈ, ਨਾ ਕਿ ਬੱਚਿਆਂ ਨੂੰ। *

ਵੱਡਿਆਂ ਨੂੰ ਬਪਤਿਸਮਾ ਦੇਣ ਦੀ ਸਿੱਖਿਆ ਸਿਰਫ਼ ਧਾਰਮਿਕ ਮਸਲਾ ਹੀ ਨਹੀਂ ਸੀ। ਇਸ ਸਿੱਖਿਆ ਨਾਲ ਚਰਚ ਦਾ ਲੋਕਾਂ ਉੱਤੇ ਦਬਦਬਾ ਵੀ ਘੱਟ ਜਾਣਾ ਸੀ। ਮਿਸਾਲ ਲਈ, ਜੇ ਕਿਸੇ ਨੇ ਵੱਡੇ ਹੋ ਕੇ ਆਪਣੀ ਮਰਜ਼ੀ ਨਾਲ ਵਿਸ਼ਵਾਸ ਦੇ ਆਧਾਰ ਤੇ ਬਪਤਿਸਮਾ ਲੈਣਾ ਸੀ, ਤਾਂ ਹੋ ਸਕਦਾ ਸੀ ਕਿ ਉਹ ਅਖ਼ੀਰ ਵਿਚ ਬਪਤਿਸਮਾ ਨਾ ਹੀ ਲੈਣ ਦਾ ਫ਼ੈਸਲਾ ਕਰੇ। ਬਪਤਿਸਮਾ ਨਾ ਲੈਣ ਕਰਕੇ ਉਸ ਉੱਤੇ ਚਰਚ ਦਾ ਵੱਸ ਨਹੀਂ ਚੱਲਣਾ ਸੀ। ਇਸ ਲਈ ਕੁਝ ਚਰਚਾਂ ਨੂੰ ਡਰ ਸੀ ਕਿ ਇਸ ਸਿੱਖਿਆ ਨੂੰ ਲਾਗੂ ਕਰਨ ਨਾਲ ਉਨ੍ਹਾਂ ਦਾ ਲੋਕਾਂ ਤੇ ਦਬਦਬਾ ਨਹੀਂ ਰਹਿਣਾ ਸੀ।

ਇਸੇ ਕਾਰਨ ਕਰਕੇ ਕੈਥੋਲਿਕ ਅਤੇ ਲੂਥਰਨ ਦੋਨਾਂ ਧਰਮਾਂ ਨੇ ਮਿਲ ਕੇ ਐਨਾਬੈਪਟਿਸਟਾਂ ਦੀ ਬਪਤਿਸਮਾ ਸੰਬੰਧੀ ਸਿੱਖਿਆ ਦਾ ਵਿਰੋਧ ਕੀਤਾ। ਸਾਲ 1529 ਤੋਂ ਬਾਅਦ, ਕੁਝ ਇਲਾਕਿਆਂ ਵਿਚ ਉਨ੍ਹਾਂ ਸਾਰਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਜੋ ਵੱਡਿਆਂ ਨੂੰ ਬਪਤਿਸਮਾ ਦਿੰਦੇ ਸਨ ਜਾਂ ਆਪ ਬਪਤਿਸਮਾ ਲੈਂਦੇ ਸਨ। ਪੱਤਰਕਾਰ ਟੌਮਸ ਜ਼ਾਈਫ਼ਰਟ ਦੱਸਦਾ ਹੈ ਕਿ ਐਨਾਬੈਪਟਿਸਟਾਂ ਨੂੰ “ਜਰਮਨ ਕੌਮ ਦੇ ਪਵਿੱਤਰ ਰੋਮੀ ਸਾਮਰਾਜ ਵਿਚ ਭਿਆਨਕ ਤਸੀਹਿਆਂ ਦਾ ਸਾਮ੍ਹਣਾ ਕਰਨਾ ਪਿਆ।” ਪਰ ਮੂਨਸਟਰ ਸ਼ਹਿਰ ਵਿਚ ਇਸ ਅਤਿਆਚਾਰ ਨੇ ਆਪਣਾ ਸਭ ਤੋਂ ਭਿਆਨਕ ਰੂਪ ਧਾਰਨ ਕੀਤਾ।

ਮੱਧਕਾਲੀਨ ਮੂਨਸਟਰ ਦਾ ਅੰਦੋਲਨ

ਮੱਧਕਾਲ (ਲਗਭਗ ਸਾਲ 500 ਤੋਂ 1500 ਸਾ.ਯੁ.) ਦੌਰਾਨ ਮੂਨਸਟਰ ਸ਼ਹਿਰ ਵਿਚ ਤਕਰੀਬਨ 10,000 ਲੋਕ ਰਹਿੰਦੇ ਸਨ। ਇਹ ਸ਼ਹਿਰ ਇਕ ਮਜ਼ਬੂਤ ਕਿਲਾ ਸੀ ਜਿਸ ਦੀਆਂ ਦੀਵਾਰਾਂ ਦੀ ਮੁਟਾਈ ਲਗਭਗ 90 ਮੀਟਰ ਅਤੇ ਘੇਰਾ ਲਗਭਗ 5 ਕਿਲੋਮੀਟਰ ਸੀ। ਇਹ ਕਿਲਾਬੰਦ ਸ਼ਹਿਰ ਬਾਹਰੋਂ ਜਿੰਨਾ ਸਥਿਰ ਨਜ਼ਰ ਆਉਂਦਾ ਸੀ, ਇਸ ਦੇ ਅੰਦਰੂਨੀ ਹਾਲਾਤ ਉੱਨੇ ਹੀ ਅਸਥਿਰ ਸਨ। ਮੂਨਸਟਰ ਦੇ ਸਿਟੀ ਮਿਊਜ਼ੀਅਮ ਵੱਲੋਂ ਛਾਪੀ ਗਈ ਦ ਕਿੰਗਡਮ ਆਫ਼ ਦ ਐਨਾਬੈਪਟਿਸਟ ਨਾਮਕ ਕਿਤਾਬ ਦੱਸਦੀ ਹੈ ਕਿ ਉਦੋਂ ‘ਸਿਆਸੀ ਮਾਮਲਿਆਂ ਨੂੰ ਲੈ ਕੇ ਸ਼ਹਿਰ ਦੇ ਹਾਕਮਾਂ ਅਤੇ ਵਪਾਰੀਆਂ ਦੀ ਆਪਸ ਵਿਚ ਲੜਾਈ ਚੱਲ ਰਹੀ ਸੀ।’ ਸ਼ਹਿਰ ਦੇ ਲੋਕ ਵੀ ਪਾਦਰੀਆਂ ਦੀਆਂ ਵਧੀਕੀਆਂ ਕਰਕੇ ਪਰੇਸ਼ਾਨ ਸਨ। ਇਸ ਲਈ, ਮੂਨਸਟਰ ਸ਼ਹਿਰ ਵੀ ਧਰਮ-ਸੁਧਾਰ ਅੰਦੋਲਨ ਵਿਚ ਕੁੱਦ ਪਿਆ। ਸਾਲ 1533 ਵਿਚ ਉਸ ਸ਼ਹਿਰ ਵਿਚ ਕੈਥੋਲਿਕ ਲੋਕ ਘੱਟ ਤੇ ਲੂਥਰਨ ਲੋਕ ਜ਼ਿਆਦਾ ਸਨ।

ਮੂਨਸਟਰ ਵਿਚ ਇਕ ਉੱਘਾ ਕ੍ਰਾਂਤੀਕਾਰੀ ਬਰਨਹਾਰਟ ਰੌਟਮਾਨ ਸੀ ਜੋ ਸੁਭਾਅ ਤੋਂ ਬੜਾ ਦਲੇਰ ਤੇ ਜਲਦਬਾਜ਼ ਸੀ। ਫ਼ਰੀਡ੍ਰਿਖ਼ ਓਈਨਿੰਗਰ ਨਾਂ ਦਾ ਇਕ ਲਿਖਾਰੀ ਦੱਸਦਾ ਹੈ ਕਿ ਰੌਟਮਾਨ ਨੇ “ਐਨਾਬੈਪਟਿਸਟਾਂ ਵਰਗੇ ਵਿਚਾਰਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ; ਉਸ ਨੇ ਅਤੇ ਉਸ ਦੇ ਸਾਥੀਆਂ ਨੇ ਬੱਚਿਆਂ ਨੂੰ ਬਪਤਿਸਮਾ ਦੇਣ ਤੋਂ ਇਨਕਾਰ ਕਰ ਦਿੱਤਾ।” ਮੂਨਸਟਰ ਵਿਚ ਬਹੁਤ ਸਾਰੇ ਲੋਕਾਂ ਨੇ ਉਸ ਦਾ ਸਾਥ ਦਿੱਤਾ, ਹਾਲਾਂਕਿ ਕੁਝ ਲੋਕ ਉਸ ਦੇ ਅਤਿਅੰਤ ਇਨਕਲਾਬੀ ਵਿਚਾਰਾਂ ਨਾਲ ਸਹਿਮਤ ਨਾ ਹੋ ਸਕੇ। “ਪੁਰਾਣੇ ਧਾਰਮਿਕ ਮਾਹੌਲ ਨੂੰ ਪਸੰਦ ਕਰਨ ਵਾਲੇ ਲੋਕਾਂ ਨੇ ਸ਼ਹਿਰ ਛੱਡਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਦਿਲ ਵਿਚ ਖ਼ੌਫ਼ ਸੀ ਕਿ ਅੱਗੇ ਜੋ ਕੁਝ ਹੋਣ ਵਾਲਾ ਸੀ ਉਹ ਬਹੁਤ ਹੀ ਬੁਰਾ ਹੋਣਾ ਸੀ। ਪਰ ਦੂਸਰੇ ਪਾਸੇ, ਹੋਰਨਾਂ ਥਾਵਾਂ ਤੋਂ ਐਨਾਬੈਪਟਿਸਟ ਇਸ ਆਸ ਨਾਲ ਮੂਨਸਟਰ ਵਿਚ ਆਉਣ ਲੱਗ ਪਏ ਕਿ ਇੱਥੇ ਉਨ੍ਹਾਂ ਦੇ ਸੁਪਨੇ ਸਾਕਾਰ ਹੋ ਜਾਣਗੇ।” ਇਸ ਤਰ੍ਹਾਂ ਮੂਨਸਟਰ ਵਿਚ ਐਨਾਬੈਪਟਿਸਟਾਂ ਦੀ ਗਿਣਤੀ ਵਧਦੀ ਚਲੀ ਗਈ ਜਿਸ ਦੇ ਭਿਆਨਕ ਸਿੱਟੇ ਨਿਕਲੇ।

ਨਵੇਂ ਯਰੂਸ਼ਲਮ ਦੀ ਘੇਰਾਬੰਦੀ

ਮੂਨਸਟਰ ਸ਼ਹਿਰ ਵਿਚ ਹੋਣ ਵਾਲੀਆਂ ਘਟਨਾਵਾਂ ਵਿਚ ਦੋ ਡੱਚ ਪਰਵਾਸੀਆਂ ਦਾ ਵੱਡਾ ਹੱਥ ਸੀ। ਇਕ ਸੀ ਹਾਰਲਮ ਸ਼ਹਿਰ ਦਾ ਜੰਮਪਲ ਯੌਨ ਮਾਟੀਸ ਜੋ ਪੇਸ਼ੇ ਤੋਂ ਇਕ ਬੇਕਰ ਸੀ। ਦੂਸਰਾ ਯੌਨ ਬੋਈਕਲਸਨ ਸੀ ਜੋ ਜੌਨ ਆਫ਼ ਲਾਈਡਨ’ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ। ਮਾਟੀਸ ਨੇ ਆਪਣੇ ਆਪ ਨੂੰ ਨਬੀ ਕਰਾਰ ਦਿੱਤਾ ਅਤੇ ਕਿਹਾ ਕਿ ਅਪ੍ਰੈਲ 1534 ਵਿਚ ਮਸੀਹ ਦੁਬਾਰਾ ਆਵੇਗਾ। ਉਸ ਨੇ ਕਿਹਾ ਕਿ ਮੂਨਸਟਰ ਸ਼ਹਿਰ ਹੀ ਬਾਈਬਲ ਵਿਚ ਦੱਸਿਆ ਗਿਆ ਨਵਾਂ ਯਰੂਸ਼ਲਮ ਸੀ। ਸਾਰਾ ਸ਼ਹਿਰ ਦੁਨੀਆਂ ਦੇ ਅੰਤ ਦੀ ਆਸ ਵਿਚ ਬੈਠਾ ਸੀ। ਰੌਟਮਾਨ ਨੇ ਫ਼ੈਸਲਾ ਕੀਤਾ ਕਿ ਕੋਈ ਵੀ ਜ਼ਮੀਨ-ਜਾਇਦਾਦ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਸ਼ਹਿਰ ਦੀ ਅਮਾਨਤ ਹੋਵੇਗੀ। ਸ਼ਹਿਰ ਦੇ ਵਾਸੀਆਂ ਅੱਗੇ ਦੋ ਉਪਾਅ ਸਨ: ਜਾਂ ਤਾਂ ਉਹ ਬਪਤਿਸਮਾ ਲੈ ਲੈਣ ਜਾਂ ਫਿਰ ਸ਼ਹਿਰ ਛੱਡ ਕੇ ਚਲੇ ਜਾਣ। ਬਪਤਿਸਮਾ ਲੈਣ ਵਾਲਿਆਂ ਦੀ ਭੀੜ ਲੱਗ ਗਈ। ਉਨ੍ਹਾਂ ਵਿੱਚੋਂ ਕਈਆਂ ਨੇ ਸਿਰਫ਼ ਇਸ ਲਈ ਬਪਤਿਸਮਾ ਲਿਆ ਕਿ ਉਨ੍ਹਾਂ ਨੂੰ ਆਪਣਾ ਘਰ ਤੇ ਮਾਲ-ਧਨ ਨਾ ਛੱਡਣਾ ਪਵੇ।

ਮੂਨਸਟਰ ਪਹਿਲਾ ਸ਼ਹਿਰ ਸੀ ਜਿਸ ਵਿਚ ਧਾਰਮਿਕ ਤੇ ਰਾਜਨੀਤਿਕ ਤੌਰ ਤੇ ਐਨਾਬੈਪਟਿਸਟਾਂ ਦਾ ਰਾਜ ਸੀ। ਬਾਕੀ ਸਮਾਜਾਂ ਦੇ ਲੋਕ ਇਹ ਦੇਖ ਕੇ ਹੱਕੇ-ਬੱਕੇ ਰਹਿ ਗਏ। ਇਸ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ “ਜਰਮਨ ਕੌਮ ਦਾ ਪਵਿੱਤਰ ਰੋਮੀ ਸਾਮਰਾਜ ਮੂਨਸਟਰ ਸ਼ਹਿਰ ਦਾ ਵੈਰੀ ਬਣ ਗਿਆ ਸੀ।” ਇਕ ਸਥਾਨਕ ਹਾਕਮ ਨੇ ਫ਼ੌਜ ਇਕੱਠੀ ਕਰ ਕੇ ਮੂਨਸਟਰ ਉੱਤੇ ਧਾਵਾ ਬੋਲ ਦਿੱਤਾ। ਉਸ ਫ਼ੌਜ ਵਿਚ ਲੂਥਰਨ ਤੇ ਕੈਥੋਲਿਕ ਦੋਨੋਂ ਸਨ। ਭਾਵੇਂ ਧਰਮ-ਸੁਧਾਰ ਅੰਦੋਲਨ ਵਿਚ ਇਹ ਦੋਨੋਂ ਧੜੇ ਇਕ-ਦੂਜੇ ਦੇ ਵੈਰੀ ਰਹੇ ਸਨ ਅਤੇ ਬਾਅਦ ਵਿਚ ਉਹ ਤੀਹ-ਸਾਲਾ ਯੁੱਧ ਦੌਰਾਨ ਫਿਰ ਤੋਂ ਇਕ-ਦੂਸਰੇ ਦਾ ਗਲਾ ਵੱਢਣ ਲਈ ਤਿਆਰ ਹੋ ਗਏ ਸਨ, ਪਰ ਐਨਾਬੈਪਟਿਸਟਾਂ ਦਾ ਵਿਰੋਧ ਕਰਨ ਵੇਲੇ ਉਹ ਇਕ ਹੋ ਗਏ ਸਨ।

ਐਨਾਬੈਪਟਿਸਟ ਬਾਦਸ਼ਾਹਤ ਦਾ ਅੰਤ

ਵਿਰੋਧੀ ਫ਼ੌਜਾਂ ਨਾਲ ਘਿਰੇ ਹੋਣ ਦੇ ਬਾਵਜੂਦ ਕਿਲਾਬੰਦ ਮੂਨਸਟਰ ਸ਼ਹਿਰ ਵਿਚ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਸਨ। ਅਪ੍ਰੈਲ 1534 ਵਿਚ ਜਦੋਂ ਸਾਰੇ ਲੋਕ ਮਸੀਹ ਦੇ ਆਉਣ ਦੀ ਆਸ ਵਿਚ ਸਨ, ਤਾਂ ਮਾਟੀਸ ਸਫ਼ੈਦ ਘੋੜੇ ਉੱਤੇ ਸਵਾਰ ਹੋ ਕੇ ਸ਼ਹਿਰ ਦੇ ਬਾਹਰ ਗਿਆ। ਉਸ ਨੂੰ ਆਸ ਸੀ ਕਿ ਮਸੀਹ ਉਸ ਦੀ ਰਾਖੀ ਕਰੇਗਾ। ਮਾਟੀਸ ਦੇ ਸਮਰਥਕ ਕਿਲੇ ਉੱਤੇ ਚੜ੍ਹ ਕੇ ਉਸ ਨੂੰ ਦੇਖ ਰਹੇ ਸਨ। ਉਨ੍ਹਾਂ ਨੂੰ ਕਿੰਨਾ ਵੱਡਾ ਸਦਮਾ ਪਹੁੰਚਿਆ ਹੋਣਾ ਜਦੋਂ ਉਨ੍ਹਾਂ ਨੇ ਵੈਰੀ ਫ਼ੌਜਾਂ ਨੂੰ ਮਾਟੀਸ ਦੇ ਟੋਟੇ-ਟੋਟੇ ਕਰਦੇ ਅਤੇ ਉਸ ਦਾ ਸਿਰ ਧੜ ਤੋਂ ਵੱਖ ਕਰ ਕੇ ਇਕ ਵੱਡੇ ਸਾਰੇ ਡੰਡੇ ਉੱਤੇ ਲਟਕਾਉਂਦੇ ਦੇਖਿਆ!

ਇਸ ਤੋਂ ਬਾਅਦ ਮਾਟੀਸ ਦੀ ਪਦਵੀ ਜੌਨ ਆਫ਼ ਲੇਡਨ ਨੇ ਸੰਭਾਲੀ। ਉਸ ਨੂੰ ਮੂਨਸਟਰ ਦੇ ਐਨਾਬੈਪਟਿਸਟਾਂ ਦਾ ਯੌਨ ਬਾਦਸ਼ਾਹ ਕਿਹਾ ਜਾਂਦਾ ਸੀ। ਜੌਨ ਨੇ ਸ਼ਹਿਰ ਵਿਚ ਮਰਦਾਂ ਤੇ ਤੀਵੀਆਂ ਦੀ ਗਿਣਤੀ ਵਿਚ ਵੱਡੇ ਫ਼ਰਕ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਕਿਤੇ ਜ਼ਿਆਦਾ ਸੀ। ਉਸ ਨੇ ਆਦਮੀਆਂ ਨੂੰ ਜਿੰਨੀਆਂ ਮਰਜ਼ੀ ਔਰਤਾਂ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਦੇ ਦਿੱਤੀ। ਹੈਰਾਨੀ ਦੀ ਗੱਲ ਹੈ ਕਿ ਜਿੱਥੇ ਐਨਾਬੈਪਟਿਸਟ ਰਾਜ ਵਿਚ ਇਕ ਪਾਸੇ ਇਕ ਤੋਂ ਜ਼ਿਆਦਾ ਵਿਆਹ ਕਰਾਉਣ ਦੀ ਇਜਾਜ਼ਤ ਸੀ, ਉੱਥੇ ਦੂਜੇ ਪਾਸੇ ਜ਼ਨਾਹਕਾਰਾਂ ਅਤੇ ਹਰਾਮਕਾਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਖ਼ੁਦ ਯੌਨ ਬਾਦਸ਼ਾਹ ਨੇ ਹੀ 16 ਔਰਤਾਂ ਨਾਲ ਵਿਆਹ ਰਚਾਇਆ ਸੀ। ਜਦੋਂ ਉਸ ਦੀ ਇਕ ਪਤਨੀ ਏਲੀਜ਼ਾਬੈਟ ਵੌਂਟਸ਼ੇਰਾ ਨੇ ਸ਼ਹਿਰ ਛੱਡਣ ਦੀ ਇਜਾਜ਼ਤ ਮੰਗੀ, ਤਾਂ ਸ਼ਰੇਆਮ ਉਸ ਦਾ ਸਿਰ ਵੱਢ ਕੇ ਉਸ ਨੂੰ ਸਜ਼ਾ-ਏ-ਮੌਤ ਦਿੱਤੀ ਗਈ।

ਚੌਦਾਂ ਮਹੀਨਿਆਂ ਦੀ ਘੇਰਾਬੰਦੀ ਮਗਰੋਂ ਫ਼ੌਜਾਂ ਨੇ ਜੂਨ 1535 ਵਿਚ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਵੈਰੀ ਫ਼ੌਜਾਂ ਨੇ ਮੂਨਸਟਰ ਸ਼ਹਿਰ ਵਿਚ ਇੰਨੀ ਜ਼ਿਆਦਾ ਤਬਾਹੀ ਮਚਾਈ ਜੋ ਦੂਜੇ ਯੁੱਧ ਤਕ ਇਸ ਸ਼ਹਿਰ ਵਿਚ ਦੁਬਾਰਾ ਕਦੇ ਨਹੀਂ ਮਚੀ। ਰੌਟਮਾਨ ਤਾਂ ਜਾਨ ਬਚਾ ਕੇ ਉੱਥੋਂ ਨਿਕਲ ਗਿਆ, ਪਰ ਯੌਨ ਬਾਦਸ਼ਾਹ ਸਹਿਤ ਹੋਰ ਦੋ ਐਨਾਬੈਪਟਿਸਟ ਪ੍ਰਧਾਨ ਫੜੇ ਗਏ। ਇਨ੍ਹਾਂ ਤਿੰਨਾਂ ਨੂੰ ਬੁਰੀ ਤਰ੍ਹਾਂ ਨਾਲ ਤਸੀਹੇ ਦਿੱਤੇ ਗਏ ਅਤੇ ਅਖ਼ੀਰ ਵਿਚ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਗਿਆ। ਫਿਰ ਉਨ੍ਹਾਂ ਦੀਆਂ ਲੋਥਾਂ ਨੂੰ ਪਿੰਜਰਿਆਂ ਵਿਚ ਰੱਖ ਕੇ ਸੇਂਟ ਲਾਮਬਰਟ ਗਿਰਜੇ ਦੇ ਮੀਨਾਰ ਤੇ ਲਟਕਾ ਦਿੱਤਾ ਗਿਆ। ਜ਼ਾਈਫ਼ਰਟ ਦਾ ਕਹਿਣਾ ਹੈ ਕਿ “ਇਹ ਪਿੰਜਰੇ ਸੰਭਾਵੀ ਫ਼ਸਾਦੀਆਂ ਲਈ ਇਕ ਚੇਤਾਵਨੀ ਵਜੋਂ” ਲਟਕਾਏ ਗਏ ਸਨ। ਰਾਜਨੀਤੀ ਵਿਚ ਧਰਮ ਦੀ ਦਖ਼ਲਅੰਦਾਜ਼ੀ ਦੇ ਕਿੰਨੇ ਹੀ ਭਿਆਨਕ ਨਤੀਜੇ ਨਿਕਲੇ!

ਹੋਰ ਥਾਵਾਂ ਦੇ ਐਨਾਬੈਪਟਿਸਟ ਸਮੂਹਾਂ ਦਾ ਕੀ ਬਣਿਆ? ਸਾਰੇ ਯੂਰਪ ਵਿਚ ਉਨ੍ਹਾਂ ਨੂੰ ਕਈ ਸਾਲਾਂ ਤਕ ਅਤਿਆਚਾਰ ਦਾ ਸਾਮ੍ਹਣਾ ਕਰਨਾ ਪਿਆ। ਜ਼ਿਆਦਾਤਰ ਐਨਾਬੈਪਟਿਸਟ ਆਪਣੇ ਅਸੂਲਾਂ ਉੱਤੇ ਪੱਕੇ ਰਹੇ ਅਤੇ ਉਨ੍ਹਾਂ ਨੇ ਹਥਿਆਰ ਨਹੀਂ ਚੁੱਕੇ। ਪਰ ਉਨ੍ਹਾਂ ਵਿਚ ਇਕ-ਅੱਧ ਅਜਿਹੇ ਵਿਅਕਤੀ ਵੀ ਸਨ ਜੋ ਆਪਣੇ ਵਿਸ਼ਵਾਸਾਂ ਲਈ ਮਰਨ-ਮਾਰਨ ਲਈ ਤਿਆਰ ਸਨ। ਬਾਅਦ ਵਿਚ ਇਕ ਸਾਬਕਾ ਪਾਦਰੀ ਮੈਨੋ ਸਿਮੋਨਸ, ਐਨਾਬੈਪਟਿਸਟਾਂ ਦਾ ਆਗੂ ਬਣ ਗਿਆ ਅਤੇ ਇਸ ਤਰ੍ਹਾਂ ਐਨਾਬੈਪਟਿਸਟ ਮੈਨੋਨਾਈਟਸ ਜਾਂ ਹੋਰ ਨਾਵਾਂ ਤੋਂ ਜਾਣੇ ਜਾਣ ਲੱਗੇ।

ਤਿੰਨ ਪਿੰਜਰੇ

ਐਨਾਬੈਪਟਿਸਟ ਬੁਨਿਆਦੀ ਤੌਰ ਤੇ ਭਗਤੀ ਭਾਵ ਰੱਖਣ ਵਾਲੇ ਲੋਕ ਸਨ ਜੋ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਮੂਨਸਟਰ ਵਿਚ ਕੱਟੜਪੰਥੀਆਂ ਦੀਆਂ ਗੱਲਾਂ ਵਿਚ ਆ ਕੇ ਉਹ ਆਪਣੇ ਲਕਸ਼ ਤੋਂ ਭਟਕ ਗਏ ਅਤੇ ਰਾਜਨੀਤੀ ਵਿਚ ਉਲਝ ਗਏ। ਇਸ ਤਰ੍ਹਾਂ ਉਨ੍ਹਾਂ ਦਾ ਧਰਮ-ਸੁਧਾਰ ਅੰਦੋਲਨ ਸਿਆਸਤ ਦੀ ਲੜਾਈ ਬਣ ਗਿਆ। ਇਹੋ ਐਨਾਬੈਪਟਿਸਟ ਲਹਿਰ ਅਤੇ ਮੱਧਕਾਲੀਨ ਮੂਨਸਟਰ ਸ਼ਹਿਰ ਦੀ ਤਬਾਹੀ ਦਾ ਕਾਰਨ ਬਣਿਆ।

ਅੱਜ ਸੈਲਾਨੀ ਜਦੋਂ ਮੂਨਸਟਰ ਸ਼ਹਿਰ ਦੀ ਸੈਰ ਕਰਦੇ ਹਨ, ਤਾਂ ਉਨ੍ਹਾਂ ਨੂੰ ਲਗਭਗ 500 ਸਾਲ ਪਹਿਲਾਂ ਹੋਈਆਂ ਇਨ੍ਹਾਂ ਖ਼ੌਫ਼ਨਾਕ ਘਟਨਾਵਾਂ ਦੀ ਯਾਦ ਦਿਲਾਈ ਜਾਂਦੀ ਹੈ। ਉਹ ਕਿਵੇਂ? ਜਦੋਂ ਉਹ ਗਿਰਜੇ ਦੇ ਮੀਨਾਰ ਤੋਂ ਲਟਕ ਰਹੇ ਉਨ੍ਹਾਂ ਤਿੰਨ ਪਿੰਜਰਿਆਂ ਨੂੰ ਦੇਖਦੇ ਹਨ।

[ਫੁਟਨੋਟ]

^ ਪੈਰਾ 9 ਇਸ ਲੇਖ ਵਿਚ ਇਸ ਵਿਸ਼ੇ ਤੇ ਚਰਚਾ ਨਹੀਂ ਕੀਤੀ ਗਈ ਹੈ ਕਿ ਬੱਚਿਆਂ ਨੂੰ ਬਪਤਿਸਮਾ ਦੇਣਾ ਸਹੀ ਹੈ ਜਾਂ ਗ਼ਲਤ। ਇਸ ਵਿਸ਼ੇ ਉੱਤੇ ਹੋਰ ਜਾਣਕਾਰੀ ਲਈ 15 ਮਾਰਚ 1986 ਦੇ ਅੰਗ੍ਰੇਜ਼ੀ ਦੇ ਪਹਿਰਾਬੁਰਜ ਵਿਚ “ਕੀ ਨਿਆਣਿਆਂ ਨੂੰ ਬਪਤਿਸਮਾ ਦੇਣਾ ਸਹੀ ਹੈ?” ਲੇਖ ਦੇਖੋ।

[ਸਫ਼ੇ 13 ਉੱਤੇ ਤਸਵੀਰ]

ਯੌਨ ਬਾਦਸ਼ਾਹ ਨੂੰ ਤੜਫ਼ਾ-ਤੜਫ਼ਾ ਕੇ ਮਾਰਿਆ ਗਿਆ ਅਤੇ ਉਸ ਦੀ ਲੋਥ ਨੂੰ ਸੇਂਟ ਲਾਮਬਰਟ ਗਿਰਜੇ ਦੇ ਮੀਨਾਰ ਤੇ ਟੰਗਿਆ ਗਿਆ