Skip to content

Skip to table of contents

ਜੀਉਂਦੇ ਪਰਮੇਸ਼ੁਰ ਦੀ ਅਗਵਾਈ ਵਿਚ ਚੱਲੋ

ਜੀਉਂਦੇ ਪਰਮੇਸ਼ੁਰ ਦੀ ਅਗਵਾਈ ਵਿਚ ਚੱਲੋ

ਜੀਉਂਦੇ ਪਰਮੇਸ਼ੁਰ ਦੀ ਅਗਵਾਈ ਵਿਚ ਚੱਲੋ

“ਜੀਉਂਦੇ ਪਰਮੇਸ਼ੁਰ ਦੀ ਵੱਲ ਮੁੜੋ ਜਿਹ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸੱਭੋ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ।”—ਰਸੂਲਾਂ ਦੇ ਕਰਤੱਬ 14:15.

1, 2. ਯਹੋਵਾਹ ਨੂੰ ‘ਜੀਉਂਦਾ ਪਰਮੇਸ਼ੁਰ’ ਸਵੀਕਾਰ ਕਰਨਾ ਸਹੀ ਕਿਉਂ ਹੈ?

ਲੁਸਤ੍ਰਾ ਵਿਚ ਪੌਲੁਸ ਅਤੇ ਬਰਨਬਾਸ ਨੇ ਇਕ ਆਦਮੀ ਨੂੰ ਚੰਗਾ ਕੀਤਾ। ਇਸ ਤੋਂ ਬਾਅਦ ਪੌਲੁਸ ਨੇ ਉੱਥੇ ਖੜ੍ਹੀ ਭੀੜ ਨੂੰ ਕਿਹਾ: “ਅਸੀਂ ਭੀ ਤੁਹਾਡੇ ਵਾਂਙੁ ਦੁਖ ਸੁਖ ਭੋਗਣ ਵਾਲੇ ਮਨੁੱਖ ਹਾਂ ਅਤੇ ਤੁਹਾਨੂੰ ਇਹ ਖੁਸ਼ ਖਬਰੀ ਦਾ ਉਪਦੇਸ਼ ਦਿੰਦੇ ਹਾਂ ਭਈ ਇਨ੍ਹਾਂ ਵਿਰਥੀਆਂ ਗੱਲਾਂ ਤੋਂ ਲਾਂਭੇ ਹੋ ਕੇ ਜੀਉਂਦੇ ਪਰਮੇਸ਼ੁਰ ਦੀ ਵੱਲ ਮੁੜੋ ਜਿਹ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸੱਭੋ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ।”—ਰਸੂਲਾਂ ਦੇ ਕਰਤੱਬ 14:15.

2 ਜੀ ਹਾਂ, ਯਹੋਵਾਹ ਕੋਈ ਬੇਜਾਨ ਮੂਰਤੀ ਨਹੀਂ ਹੈ, ਸਗੋਂ ‘ਜੀਉਂਦਾ ਪਰਮੇਸ਼ੁਰ’ ਹੈ। (ਯਿਰਮਿਯਾਹ 10:10; 1 ਥੱਸਲੁਨੀਕੀਆਂ 1:9, 10) ਇਸ ਦੇ ਨਾਲ ਹੀ ਯਹੋਵਾਹ ਜੀਵਨਦਾਤਾ ਵੀ ਹੈ। “ਉਹ ਆਪੇ ਸਭਨਾਂ ਨੂੰ ਜੀਉਣ, ਸਵਾਸ ਅਤੇ ਸੱਭੋ ਕੁਝ ਦਿੰਦਾ ਹੈ।” (ਰਸੂਲਾਂ ਦੇ ਕਰਤੱਬ 17:25) ਉਹ ਚਾਹੁੰਦਾ ਹੈ ਕਿ ਅਸੀਂ ਹੁਣ ਦੀ ਜ਼ਿੰਦਗੀ ਤੇ ਆਉਣ ਵਾਲੀ ਜ਼ਿੰਦਗੀ ਦਾ ਵੀ ਆਨੰਦ ਮਾਣੀਏ। ਪੌਲੁਸ ਨੇ ਅੱਗੇ ਕਿਹਾ ਕਿ ਪਰਮੇਸ਼ੁਰ ਨੇ “ਆਪ ਨੂੰ ਬਿਨਾ ਸਾਖੀ ਨਾ ਰੱਖਿਆ ਇਸ ਲਈ ਜੋ ਉਹ ਨੇ ਭਲਾ ਕੀਤਾ ਅਰ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾ ਨੂੰ ਅਹਾਰ ਅਤੇ ਅਨੰਦ ਨਾਲ ਭਰਪੂਰ ਕੀਤਾ।”—ਰਸੂਲਾਂ ਦੇ ਕਰਤੱਬ 14:17.

3. ਅਸੀਂ ਪਰਮੇਸ਼ੁਰ ਦੀ ਅਗਵਾਈ ਉੱਤੇ ਕਿਉਂ ਭਰੋਸਾ ਕਰ ਸਕਦੇ ਹਾਂ?

3 ਪਰਮੇਸ਼ੁਰ ਸਾਡੀ ਜ਼ਿੰਦਗੀ ਵਿਚ ਦਿਲਚਸਪੀ ਲੈਂਦਾ ਹੈ ਜਿਸ ਕਰਕੇ ਅਸੀਂ ਉਸ ਦੀ ਅਗਵਾਈ ਉੱਤੇ ਭਰੋਸਾ ਕਰ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 147:8; ਮੱਤੀ 5:45) ਪਰ ਜੇ ਕੁਝ ਲੋਕਾਂ ਨੂੰ ਬਾਈਬਲ ਦਾ ਕੋਈ ਹੁਕਮ ਸਮਝ ਨਾ ਆਵੇ ਜਾਂ ਫਿਰ ਜੇ ਉਹ ਇਸ ਨੂੰ ਪਾਬੰਦੀਸ਼ੁਦਾ ਸਮਝਣ, ਤਾਂ ਉਹ ਸ਼ਾਇਦ ਪਰਮੇਸ਼ੁਰ ਦੀ ਅਗਵਾਈ ਉੱਤੇ ਭਰੋਸਾ ਨਾ ਕਰਨ। ਫਿਰ ਵੀ, ਯਹੋਵਾਹ ਦੀ ਅਗਵਾਈ ਉੱਤੇ ਭਰੋਸਾ ਰੱਖਣਾ ਅਕਲਮੰਦੀ ਦੀ ਗੱਲ ਹੈ। ਉਦਾਹਰਣ ਲਈ: ਜੇ ਕਿਸੇ ਇਸਰਾਏਲੀ ਨੂੰ ਮੁਰਦਾ ਸਰੀਰ ਨੂੰ ਨਾ ਛੋਹਣ ਦਾ ਹੁਕਮ ਨਾ ਵੀ ਸਮਝ ਆਉਂਦਾ, ਤਾਂ ਵੀ ਇਸ ਹੁਕਮ ਨੂੰ ਮੰਨ ਕੇ ਉਸ ਨੂੰ ਫ਼ਾਇਦਾ ਹੁੰਦਾ। ਇਕ ਫ਼ਾਇਦਾ ਇਹ ਕਿ ਉਹ ਜੀਉਂਦੇ ਪਰਮੇਸ਼ੁਰ ਦੇ ਹੋਰ ਨੇੜੇ ਜਾਂਦਾ, ਦੂਸਰਾ ਇਸ ਨਾਲ ਬੀਮਾਰੀਆਂ ਤੋਂ ਉਸ ਦਾ ਬਚਾਅ ਹੁੰਦਾ।—ਲੇਵੀਆਂ 5:2; 11:24.

4, 5. (ੳ) ਮਸੀਹੀ ਕਲੀਸਿਯਾ ਦੀ ਸਥਾਪਨਾ ਤੋਂ ਪਹਿਲਾਂ ਯਹੋਵਾਹ ਨੇ ਲਹੂ ਬਾਰੇ ਕੀ ਨਿਰਦੇਸ਼ਨ ਦਿੱਤਾ ਸੀ? (ਅ) ਅਸੀਂ ਕਿਵੇਂ ਜਾਣਦੇ ਹਾਂ ਕਿ ਲਹੂ ਦੇ ਸੰਬੰਧ ਵਿਚ ਪਰਮੇਸ਼ੁਰ ਦਾ ਹੁਕਮ ਮਸੀਹੀਆਂ ਉੱਤੇ ਵੀ ਲਾਗੂ ਹੁੰਦਾ ਹੈ?

4 ਇਸੇ ਤਰ੍ਹਾਂ, ਲਹੂ ਬਾਰੇ ਪਰਮੇਸ਼ੁਰ ਦੇ ਨਿਰਦੇਸ਼ਨ ਨੂੰ ਮੰਨਣ ਨਾਲ ਵੀ ਸਾਨੂੰ ਫ਼ਾਇਦਾ ਹੁੰਦਾ ਹੈ। ਪਰਮੇਸ਼ੁਰ ਨੇ ਨੂਹ ਨੂੰ ਕਿਹਾ ਸੀ ਕਿ ਇਨਸਾਨ ਲਹੂ ਨਾ ਖਾਣ। ਫਿਰ ਬਿਵਸਥਾ ਵਿਚ ਪਰਮੇਸ਼ੁਰ ਨੇ ਕਿਹਾ ਕਿ ਪਾਪਾਂ ਦੀ ਮਾਫ਼ੀ ਵਾਸਤੇ ਲਹੂ ਸਿਰਫ਼ ਜਗਵੇਦੀ ਉੱਤੇ ਵਰਤਿਆ ਜਾਵੇ। ਇਨ੍ਹਾਂ ਹੁਕਮਾਂ ਰਾਹੀਂ ਯਹੋਵਾਹ ਨੇ ਦਿਖਾਇਆ ਕਿ ਉਹ ਆਪਣਾ ਮਹਾਨ ਮਕਸਦ ਪੂਰਾ ਕਰਨ ਲਈ ਕਿਵੇਂ ਲਹੂ ਦੀ ਵਰਤੋਂ ਕਰੇਗਾ। ਉਹ ਮਕਸਦ ਸੀ ਯਿਸੂ ਦੀ ਕੁਰਬਾਨੀ ਰਾਹੀਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣੀਆਂ। (ਇਬਰਾਨੀਆਂ 9:14) ਜੀ ਹਾਂ, ਇਹ ਨਿਰਦੇਸ਼ਨ ਦੇ ਕੇ ਪਰਮੇਸ਼ੁਰ ਨੇ ਦਿਖਾਇਆ ਕਿ ਉਹ ਸਾਡੀ ਜ਼ਿੰਦਗੀ ਅਤੇ ਭਲੇ ਦੀ ਚਿੰਤਾ ਕਰਦਾ ਹੈ। ਉਤਪਤ 9:4 ਦੀ ਚਰਚਾ ਕਰਦੇ ਹੋਏ 19ਵੀਂ ਸਦੀ ਦੇ ਬਾਈਬਲ ਵਿਦਵਾਨ ਐਡਮ ਕਲਾਰਕ ਨੇ ਲਿਖਿਆ: ‘ਪੂਰਬੀ ਦੇਸ਼ਾਂ ਵਿਚ ਰਹਿੰਦੇ ਮਸੀਹੀ ਨੂਹ ਨੂੰ ਦਿੱਤੇ ਇਸ ਹੁਕਮ ਨੂੰ ਅਜੇ ਵੀ ਕੱਟੜਤਾ ਨਾਲ ਮੰਨਦੇ ਹਨ। ਬਿਵਸਥਾ ਅਨੁਸਾਰ ਲਹੂ ਬਿਲਕੁਲ ਨਹੀਂ ਖਾਧਾ ਜਾਣਾ ਸੀ ਕਿਉਂਕਿ ਇਸ ਨੇ ਅਜਿਹੇ ਲਹੂ ਵੱਲ ਇਸ਼ਾਰਾ ਕੀਤਾ ਜੋ ਦੁਨੀਆਂ ਦੇ ਪਾਪ ਲਈ ਵਹਾਇਆ ਜਾਣਾ ਸੀ; ਅਤੇ ਇੰਜੀਲ ਵਿਚ ਹੁਕਮ ਦਿੱਤਾ ਗਿਆ ਹੈ ਕਿ ਲਹੂ ਨਹੀਂ ਖਾਧਾ ਜਾਣਾ ਚਾਹੀਦਾ ਕਿਉਂਕਿ ਇਹ ਹਮੇਸ਼ਾ ਉਸ ਲਹੂ ਨੂੰ ਦਰਸਾਉਂਦਾ ਹੈ ਜੋ ਪਾਪਾਂ ਦੀ ਮਾਫ਼ੀ ਲਈ ਵਹਾਇਆ ਗਿਆ ਹੈ।’

5 ਇਹ ਵਿਦਵਾਨ ਸ਼ਾਇਦ ਯਿਸੂ ਸੰਬੰਧੀ ਖ਼ੁਸ਼ ਖ਼ਬਰੀ ਦੀ ਗੱਲ ਕਰ ਰਿਹਾ ਸੀ। ਇਸ ਖ਼ੁਸ਼ ਖ਼ਬਰੀ ਅਨੁਸਾਰ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸਾਡੇ ਵਾਸਤੇ ਆਪਣਾ ਲਹੂ ਵਹਾਉਣ ਅਤੇ ਆਪਣੀ ਜਾਨ ਦੇਣ ਲਈ ਘੱਲਿਆ ਤਾਂਕਿ ਸਾਨੂੰ ਅਨੰਤ ਜੀਵਨ ਮਿਲੇ। (ਮੱਤੀ 20:28; ਯੂਹੰਨਾ 3:16; ਰੋਮੀਆਂ 5:8, 9) ਇਸ ਵਿਦਵਾਨ ਨੇ ਲਹੂ ਤੋਂ ਦੂਰ ਰਹਿਣ ਦੇ ਹੁਕਮ ਦਾ ਵੀ ਜ਼ਿਕਰ ਕੀਤਾ ਜੋ ਮਸੀਹ ਦੇ ਚੇਲਿਆਂ ਨੂੰ ਦਿੱਤਾ ਗਿਆ ਸੀ।

6. ਮਸੀਹੀਆਂ ਨੂੰ ਲਹੂ ਬਾਰੇ ਕੀ ਨਿਰਦੇਸ਼ਨ ਦਿੱਤਾ ਗਿਆ ਸੀ ਅਤੇ ਕਿਉਂ?

6 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਸੈਂਕੜੇ ਨਿਯਮ ਦਿੱਤੇ ਸਨ। ਪਰ ਯਿਸੂ ਦੇ ਮਰਨ ਤੋਂ ਬਾਅਦ ਉਸ ਦੇ ਚੇਲਿਆਂ ਨੂੰ ਸਾਰੇ ਨਿਯਮਾਂ ਉੱਤੇ ਚੱਲਣ ਦੀ ਲੋੜ ਨਹੀਂ ਸੀ। (ਰੋਮੀਆਂ 7:4, 6; ਕੁਲੁੱਸੀਆਂ 2:13, 14, 17; ਇਬਰਾਨੀਆਂ 8:6, 13) ਪਰ ਸਮਾਂ ਬੀਤਣ ਤੇ ਇਕ ਖ਼ਾਸ ਨਿਯਮ ਬਾਰੇ ਸਵਾਲ ਖੜ੍ਹਾ ਹੋਇਆ। ਉਹ ਨਿਯਮ ਸੀ ਆਦਮੀਆਂ ਦੀ ਸੁੰਨਤ ਕਰਨੀ। ਕੀ ਮਸੀਹ ਦੇ ਲਹੂ ਤੋਂ ਲਾਭ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਗ਼ੈਰ-ਯਹੂਦੀਆਂ ਨੂੰ ਸੁੰਨਤ ਕਰਾਉਣ ਦੀ ਲੋੜ ਸੀ, ਇਹ ਦਿਖਾਉਂਦੇ ਹੋਏ ਕਿ ਉਹ ਬਿਵਸਥਾ ਦੇ ਅਧੀਨ ਸਨ? ਸਾਲ 49 ਸਾ.ਯੁ. ਵਿਚ ਮਸੀਹੀ ਪ੍ਰਬੰਧਕ ਸਭਾ ਨੇ ਇਸ ਮਸਲੇ ਨੂੰ ਹੱਲ ਕੀਤਾ। (ਰਸੂਲਾਂ ਦੇ ਕਰਤੱਬ, ਅਧਿਆਇ 15) ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਰਸੂਲਾਂ ਅਤੇ ਬਜ਼ੁਰਗਾਂ ਨੇ ਸਿੱਟਾ ਕੱਢਿਆ ਕਿ ਬਿਵਸਥਾ ਖ਼ਤਮ ਹੋਣ ਕਰਕੇ ਸੁੰਨਤ ਦਾ ਨਿਯਮ ਮੰਨਣ ਦੀ ਲੋੜ ਨਹੀਂ ਰਹੀ। ਪਰ ਪਰਮੇਸ਼ੁਰ ਦੀਆਂ ਕੁਝ ਮੰਗਾਂ ਅਜੇ ਵੀ ਮਸੀਹੀਆਂ ਉੱਤੇ ਲਾਗੂ ਹੁੰਦੀਆਂ ਸਨ। ਪ੍ਰਬੰਧਕ ਸਭਾ ਨੇ ਕਲੀਸਿਯਾਵਾਂ ਨੂੰ ਚਿੱਠੀ ਲਿਖ ਕੇ ਦੱਸਿਆ: “ਪਵਿੱਤ੍ਰ ਆਤਮਾ ਨੇ ਅਤੇ ਅਸਾਂ ਚੰਗਾ ਜਾਣਿਆ ਜੋ ਇਨ੍ਹਾਂ ਜਰੂਰੀ ਗੱਲਾਂ ਤੋਂ ਬਿਨਾ ਤੁਹਾਡੇ ਉੱਤੇ ਹੋਰ ਕੁਝ ਭਾਰ ਨਾ ਪਾਈਏ ਕਿ ਤੁਸੀਂ ਮੂਰਤਾਂ ਦਿਆਂ ਚੜ੍ਹਾਵਿਆਂ ਅਤੇ ਲਹੂ ਅਤੇ ਗਲ ਘੁੱਟਿਆਂ ਹੋਇਆਂ ਦੇ ਮਾਸ ਅਤੇ ਹਰਾਮਕਾਰੀ ਤੋਂ ਬਚੇ ਰਹੋ। ਜੇ ਤੁਸੀਂ ਇਨ੍ਹਾਂ ਗੱਲਾਂ ਤੋਂ ਆਪ ਨੂੰ ਬਚਾ ਰੱਖੋ ਤਾਂ ਤੁਹਾਡਾ ਭਲਾ ਹੋਵੇਗਾ।”—ਰਸੂਲਾਂ ਦੇ ਕਰਤੱਬ 15:28, 29.

7. ਮਸੀਹੀਆਂ ਲਈ ‘ਲਹੂ ਤੋਂ ਬਚੇ ਰਹਿਣਾ’ ਕਿੰਨਾ ਕੁ ਜ਼ਰੂਰੀ ਹੈ?

7 ਪ੍ਰਬੰਧਕ ਸਭਾ ਦਾ ਵਿਚਾਰ ਸੀ ਕਿ ਜਿਵੇਂ ਵਿਭਚਾਰ ਅਤੇ ਮੂਰਤੀ-ਪੂਜਾ ਤੋਂ ਦੂਰ ਰਹਿਣਾ ਮਸੀਹੀਆਂ ਦੀ ਨੈਤਿਕ ਜ਼ਿੰਮੇਵਾਰੀ ਸੀ, ਉਸੇ ਤਰ੍ਹਾਂ ‘ਲਹੂ ਤੋਂ ਬਚੇ ਰਹਿਣਾ’ ਵੀ ਉਨ੍ਹਾਂ ਦਾ ਫ਼ਰਜ਼ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਲਹੂ ਤੋਂ ਪਰਹੇਜ਼ ਕਰਨਾ ਬਹੁਤ ਹੀ ਗੰਭੀਰ ਗੱਲ ਹੈ। ਜਾਣ-ਬੁੱਝ ਕੇ ਮੂਰਤੀ-ਪੂਜਾ ਜਾਂ ਵਿਭਚਾਰ ਕਰਨ ਵਾਲੇ ਮਸੀਹੀ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ” ਨਹੀਂ ਬਣ ਸਕਦੇ; ‘ਉਨ੍ਹਾਂ ਦਾ ਹਿੱਸਾ ਦੂਈ ਮੌਤ ਹੈ।’ (1 ਕੁਰਿੰਥੀਆਂ 6:9, 10; ਪਰਕਾਸ਼ ਦੀ ਪੋਥੀ 21:8; 22:15) ਜ਼ਰਾ ਧਿਆਨ ਦਿਓ: ਲਹੂ ਦੀ ਪਵਿੱਤਰਤਾ ਬਾਰੇ ਪਰਮੇਸ਼ੁਰ ਦੇ ਨਿਰਦੇਸ਼ਨ ਨੂੰ ਨਾ ਮੰਨਣ ਤੇ ਅਸੀਂ ਹਮੇਸ਼ਾ ਲਈ ਨਾਸ਼ ਹੋ ਸਕਦੇ ਹਾਂ। ਯਿਸੂ ਦੀ ਕੁਰਬਾਨੀ ਦਾ ਆਦਰ ਕਰਨ ਨਾਲ ਸਾਨੂੰ ਅਨੰਤ ਜ਼ਿੰਦਗੀ ਮਿਲ ਸਕਦੀ ਹੈ।

8. ਸਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਮੁਢਲੇ ਮਸੀਹੀਆਂ ਨੇ ਲਹੂ ਬਾਰੇ ਪਰਮੇਸ਼ੁਰ ਦੇ ਨਿਰਦੇਸ਼ਨ ਨੂੰ ਗੰਭੀਰਤਾ ਨਾਲ ਲਿਆ ਸੀ?

8 ਮੁਢਲੇ ਮਸੀਹੀਆਂ ਨੇ ਲਹੂ ਬਾਰੇ ਪਰਮੇਸ਼ੁਰ ਦੇ ਨਿਰਦੇਸ਼ਨ ਦਾ ਕੀ ਮਤਲਬ ਸਮਝਿਆ ਸੀ ਤੇ ਉਨ੍ਹਾਂ ਨੇ ਕੀ ਕੀਤਾ ਸੀ? ਜ਼ਰਾ ਕਲਾਰਕ ਦੀ ਟਿੱਪਣੀ ਨੂੰ ਯਾਦ ਕਰੋ: ‘ਇੰਜੀਲ ਵਿਚ ਹੁਕਮ ਦਿੱਤਾ ਗਿਆ ਹੈ ਕਿ ਲਹੂ ਨਹੀਂ ਖਾਧਾ ਜਾਣਾ ਚਾਹੀਦਾ ਕਿਉਂਕਿ ਇਹ ਹਮੇਸ਼ਾ ਉਸ ਲਹੂ ਨੂੰ ਦਰਸਾਉਂਦਾ ਹੈ ਜੋ ਪਾਪਾਂ ਦੀ ਮਾਫ਼ੀ ਲਈ ਵਹਾਇਆ ਗਿਆ ਹੈ।’ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮੁਢਲੇ ਮਸੀਹੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਸੀ। ਟਰਟੂਲੀਅਨ ਨੇ ਲਿਖਿਆ: ‘ਉਨ੍ਹਾਂ ਲਾਲਚੀ ਖ਼ੂਨ ਦੇ ਪਿਆਸੇ ਲੋਕਾਂ ਬਾਰੇ ਸੋਚੋ ਜਿਹੜੇ ਆਪਣੇ ਮਿਰਗੀ ਦੇ ਰੋਗ ਨੂੰ ਚੰਗਾ ਕਰਨ ਲਈ ਅਖਾੜੇ ਵਿਚ ਘੋਰ ਅਪਰਾਧੀਆਂ ਦਾ ਵਹਿੰਦਾ ਤਾਜ਼ਾ ਲਹੂ ਪੀਂਦੇ ਹਨ।’ ਗ਼ੈਰ-ਯਹੂਦੀ ਖ਼ੂਨ ਪੀਂਦੇ ਸਨ, ਪਰ ਟਰਟੂਲੀਅਨ ਨੇ ਦੱਸਿਆ ਕਿ ਮਸੀਹੀ “ਆਪਣੇ ਖਾਣੇ ਵਿਚ ਜਾਨਵਰਾਂ ਦਾ ਵੀ ਖ਼ੂਨ ਨਹੀਂ ਖਾਂਦੇ। . . . ਮਸੀਹੀਆਂ ਦਾ ਇਮਤਿਹਾਨ ਲੈਣ ਵੇਲੇ ਤੁਸੀਂ ਉਨ੍ਹਾਂ ਨੂੰ ਲਹੂ ਨਾਲ ਬਣੇ ਸੋਸੇ ਖਾਣ ਲਈ ਦਿੰਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਉਨ੍ਹਾਂ ਦੇ ਧਰਮ ਦੇ ਵਿਰੁੱਧ ਹੈ।” ਜੀ ਹਾਂ, ਮੌਤ ਦੀਆਂ ਧਮਕੀਆਂ ਦੇ ਬਾਵਜੂਦ ਮਸੀਹੀਆਂ ਨੇ ਖ਼ੂਨ ਨਹੀਂ ਖਾਧਾ। ਪਰਮੇਸ਼ੁਰ ਦਾ ਨਿਰਦੇਸ਼ਨ ਉਨ੍ਹਾਂ ਲਈ ਜ਼ਿਆਦਾ ਮਹੱਤਤਾ ਰੱਖਦਾ ਸੀ।

9. ਲਹੂ ਤੋਂ ਬਚੇ ਰਹਿਣ ਵਿਚ ਲਹੂ ਨੂੰ ਨਾ ਖਾਣ ਤੋਂ ਇਲਾਵਾ ਹੋਰ ਕੀ ਸ਼ਾਮਲ ਸੀ?

9 ਕੁਝ ਲੋਕ ਸ਼ਾਇਦ ਸੋਚਣ ਕਿ ਪ੍ਰਬੰਧਕ ਸਭਾ ਨੇ ਮਸੀਹੀਆਂ ਨੂੰ ਸੁਧਾ ਖ਼ੂਨ ਜਾਂ ਖ਼ੂਨ ਰਲਿਆ ਭੋਜਨ ਜਾਂ ਉਸ ਜਾਨਵਰ ਦਾ ਮੀਟ ਖਾਣ ਤੋਂ ਮਨ੍ਹਾ ਕੀਤਾ ਸੀ ਜਿਸ ਦਾ ਲਹੂ ਨਹੀਂ ਵਹਾਇਆ ਗਿਆ ਸੀ। ਇਹ ਠੀਕ ਹੈ ਕਿ ਨੂਹ ਨੂੰ ਦਿੱਤੇ ਪਰਮੇਸ਼ੁਰ ਦੇ ਹੁਕਮ ਦਾ ਪਹਿਲਾਂ ਇਹੀ ਅਰਥ ਸੀ। ਰਸੂਲਾਂ ਨੇ ਵੀ ਸਾਰੇ ਮਸੀਹੀਆਂ ਨੂੰ ਇਹੀ ਹੁਕਮ ਦਿੱਤਾ ਸੀ ਕਿ ਉਹ ‘ਗਲ ਘੁੱਟੇ ਹੋਏ ਦੇ ਮਾਸ ਤੋਂ ਆਪ ਨੂੰ ਬਚਾ ਰੱਖਣ’ ਕਿਉਂਕਿ ਇਸ ਮਾਸ ਵਿਚ ਖ਼ੂਨ ਸੀ। (ਉਤਪਤ 9:3, 4; ਰਸੂਲਾਂ ਦੇ ਕਰਤੱਬ 21:25) ਪਰ ਮਸੀਹੀ ਜਾਣਦੇ ਸਨ ਕਿ ਇਸ ਵਿਚ ਹੋਰ ਕਈ ਗੱਲਾਂ ਸ਼ਾਮਲ ਸਨ। ਕਈ ਵਾਰ ਲਹੂ ਇਲਾਜ ਲਈ ਵਰਤਿਆ ਜਾਂਦਾ ਸੀ। ਟਰਟੂਲੀਅਨ ਨੇ ਦੱਸਿਆ ਸੀ ਕਿ ਕੁਝ ਗ਼ੈਰ-ਯਹੂਦੀ ਆਪਣੀ ਮਿਰਗੀ ਠੀਕ ਕਰਨ ਲਈ ਤਾਜ਼ਾ ਖ਼ੂਨ ਪੀਂਦੇ ਸਨ। ਬੀਮਾਰੀਆਂ ਦਾ ਇਲਾਜ ਕਰਨ ਜਾਂ ਸਿਹਤਮੰਦ ਬਣਨ ਲਈ ਲਹੂ ਨੂੰ ਹੋਰ ਤਰੀਕਿਆਂ ਨਾਲ ਵੀ ਸ਼ਾਇਦ ਵਰਤਿਆ ਜਾਂਦਾ ਸੀ। ਇਸ ਲਈ ਮਸੀਹੀਆਂ ਲਈ ਲਹੂ ਤੋਂ ਬਚੇ ਰਹਿਣ ਵਿਚ ਇਹ ਵੀ ਸ਼ਾਮਲ ਸੀ ਕਿ ਉਹ ਇਸ ਨੂੰ “ਇਲਾਜ” ਲਈ ਵੀ ਨਾ ਵਰਤਣ। ਉਨ੍ਹਾਂ ਨੇ ਕਦੀ ਖ਼ੂਨ ਇਸਤੇਮਾਲ ਨਹੀਂ ਕੀਤਾ, ਭਾਵੇਂ ਉਨ੍ਹਾਂ ਦੀਆਂ ਜਾਨਾਂ ਖ਼ਤਰੇ ਵਿਚ ਸਨ।

ਇਲਾਜ ਵਿਚ ਲਹੂ ਦੀ ਵਰਤੋਂ

10. ਅੱਜ ਲਹੂ ਕਿਨ੍ਹਾਂ ਤਰੀਕਿਆਂ ਨਾਲ ਇਲਾਜ ਲਈ ਵਰਤਿਆ ਜਾ ਰਿਹਾ ਹੈ ਅਤੇ ਇਸ ਨਾਲ ਕਿਹੜੇ ਸਵਾਲ ਪੈਦਾ ਹੁੰਦੇ ਹਨ?

10 ਅੱਜ ਲਹੂ ਆਮ ਹੀ ਇਲਾਜ ਵਿਚ ਵਰਤਿਆ ਜਾਂਦਾ ਹੈ। ਜਦੋਂ ਇਲਾਜ ਵਿਚ ਲਹੂ ਦੀ ਵਰਤੋਂ ਹੋਣੀ ਸ਼ੁਰੂ ਹੋਈ ਸੀ, ਉਸ ਵੇਲੇ ਸੁਧਾ ਲਹੂ ਮਰੀਜ਼ ਨੂੰ ਦਿੱਤਾ ਜਾਂਦਾ ਸੀ। ਖ਼ੂਨ ਦਾਨ ਕਰਨ ਵਾਲੇ ਦਾ ਖ਼ੂਨ ਕੱਢ ਕੇ ਸਟੋਰ ਕੀਤਾ ਜਾਂਦਾ ਸੀ ਤੇ ਉਹ ਖ਼ੂਨ ਫਿਰ ਮਰੀਜ਼ ਨੂੰ ਚੜ੍ਹਾਇਆ ਜਾਂਦਾ ਸੀ, ਸ਼ਾਇਦ ਲੜਾਈ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ। ਸਮੇਂ ਦੇ ਬੀਤਣ ਨਾਲ ਖੋਜਕਾਰਾਂ ਨੇ ਲਹੂ ਦੇ ਮੁੱਖ ਕਣਾਂ (ਪਲਾਜ਼ਮਾ, ਲਾਲ ਸੈੱਲ, ਚਿੱਟੇ ਸੈੱਲ ਅਤੇ ਪਲੇਟਲੈਟ) ਨੂੰ ਅੱਡੋ-ਅੱਡ ਕਰਨਾ ਸਿੱਖ ਲਿਆ। ਇਨ੍ਹਾਂ ਕਣਾਂ ਨੂੰ ਵਰਤ ਕੇ ਡਾਕਟਰ ਇਕ ਹੀ ਆਦਮੀ ਦਾ ਲਹੂ ਕਈ ਮਰੀਜ਼ਾਂ ਲਈ ਵਰਤ ਸਕਦਾ ਸੀ, ਸ਼ਾਇਦ ਇਕ ਮਰੀਜ਼ ਨੂੰ ਪਲਾਜ਼ਮਾ ਅਤੇ ਦੂਜੇ ਨੂੰ ਲਾਲ ਸੈੱਲ ਦੇ ਸਕਦਾ ਸੀ। ਹੋਰ ਖੋਜਾਂ ਤੋਂ ਪਤਾ ਲੱਗਾ ਕਿ ਲਹੂ ਦੇ ਹਰ ਕਣ, ਜਿਵੇਂ ਕਿ ਪਲਾਜ਼ਮਾ ਨੂੰ ਅੱਗੋਂ ਹੋਰ ਕਈ ਅੰਸ਼ਾਂ ਵਿਚ ਵੰਡਿਆ ਜਾ ਸਕਦਾ ਸੀ ਜੋ ਹੋਰ ਜ਼ਿਆਦਾ ਮਰੀਜ਼ਾਂ ਨੂੰ ਦਿੱਤੇ ਜਾ ਸਕਦੇ ਸਨ। ਇਸ ਉੱਤੇ ਖੋਜਾਂ ਚੱਲ ਰਹੀਆਂ ਹਨ ਅਤੇ ਅੰਸ਼ਾਂ ਨੂੰ ਨਵੇਂ-ਨਵੇਂ ਤਰੀਕਿਆਂ ਨਾਲ ਵਰਤਿਆ ਜਾ ਰਿਹਾ ਹੈ। ਅਜਿਹੇ ਇਲਾਜ ਦੇ ਮਾਮਲੇ ਵਿਚ ਮਸੀਹੀ ਕੀ ਕਰੇਗਾ? ਉਸ ਨੇ ਕਦੀ ਖ਼ੂਨ ਨਾ ਲੈਣ ਦਾ ਪੱਕਾ ਇਰਾਦਾ ਕੀਤਾ ਹੈ, ਪਰ ਸ਼ਾਇਦ ਉਸ ਦਾ ਡਾਕਟਰ ਉਸ ਨੂੰ ਲਹੂ ਦਾ ਇਕ ਮੁੱਖ ਕਣ, ਸ਼ਾਇਦ ਲਾਲ ਸੈੱਲ ਲੈਣ ਦੀ ਸਲਾਹ ਦੇਵੇ। ਜਾਂ ਫਿਰ ਕਿਸੇ ਮੁੱਖ ਕਣ ਦੇ ਵਿੱਚੋਂ ਕੱਢੇ ਗਏ ਹੋਰ ਅੰਸ਼ ਲੈਣ ਲਈ ਕਹੇ। ਇਹ ਯਾਦ ਰੱਖਦੇ ਹੋਏ ਕਿ ਲਹੂ ਪਵਿੱਤਰ ਹੈ ਅਤੇ ਸਿਰਫ਼ ਮਸੀਹ ਦੇ ਲਹੂ ਨਾਲ ਹੀ ਜ਼ਿੰਦਗੀ ਬਚ ਸਕਦੀ ਹੈ, ਪਰਮੇਸ਼ੁਰ ਦਾ ਸੇਵਕ ਅਜਿਹੀ ਹਾਲਤ ਵਿਚ ਸਹੀ ਫ਼ੈਸਲਾ ਕਿਵੇਂ ਕਰ ਸਕਦਾ ਹੈ?

11. ਡਾਕਟਰੀ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਯਹੋਵਾਹ ਦੇ ਗਵਾਹ ਖ਼ੂਨ ਦੇ ਮੁੱਖ ਕਣਾਂ ਨਾਲ ਇਲਾਜ ਕਰਾਉਣ ਬਾਰੇ ਕੀ ਸਹੀ ਫ਼ੈਸਲਾ ਕਰਦੇ ਹਨ?

11 ਕਈ ਸਾਲ ਪਹਿਲਾਂ ਯਹੋਵਾਹ ਦੇ ਗਵਾਹਾਂ ਨੇ ਇਸ ਮਾਮਲੇ ਬਾਰੇ ਆਪਣਾ ਫ਼ੈਸਲਾ ਸਪੱਸ਼ਟ ਕਰ ਦਿੱਤਾ ਸੀ। ਉਦਾਹਰਣ ਲਈ, ਉਨ੍ਹਾਂ ਨੇ ਦ ਜਰਨਲ ਆਫ਼ ਦੀ ਅਮੈਰਿਕਨ ਮੈਡੀਕਲ ਐਸੋਸੀਏਸ਼ਨ (27 ਨਵੰਬਰ 1981) ਨੂੰ ਇਕ ਲੇਖ ਦਿੱਤਾ ਸੀ। (ਇਹ ਲੇਖ ਲਹੂ ਤੁਹਾਡੀ ਜਾਨ ਕਿਵੇਂ ਬਚਾ ਸਕਦਾ ਹੈ? [ਹਿੰਦੀ] ਨਾਮਕ ਬਰੋਸ਼ਰ ਦੇ ਸਫ਼ੇ 27-9 ਉੱਤੇ ਮੁੜ ਛਾਪਿਆ ਗਿਆ ਸੀ।) * ਇਸ ਲੇਖ ਵਿਚ ਉਤਪਤ, ਲੇਵੀਆਂ ਅਤੇ ਰਸੂਲਾਂ ਦੇ ਕਰਤੱਬ ਵਿੱਚੋਂ ਹਵਾਲੇ ਦਿੱਤੇ ਗਏ ਸਨ। ਇਸ ਵਿਚ ਲਿਖਿਆ ਸੀ: “ਚਾਹੇ ਇਹ ਆਇਤਾਂ ਕਿਸੇ ਡਾਕਟਰੀ ਇਲਾਜ ਸੰਬੰਧੀ ਨਹੀਂ ਹਨ, ਪਰ ਗਵਾਹ ਮੰਨਦੇ ਹਨ ਕਿ ਇਹ ਆਇਤਾਂ ਉਨ੍ਹਾਂ ਨੂੰ ਸੁਧਾ ਖ਼ੂਨ, ਲਹੂ ਦੇ ਲਾਲ ਸੈੱਲ, ਪਲਾਜ਼ਮਾ, ਚਿੱਟੇ ਸੈੱਲ ਜਾਂ ਪਲੇਟਲੈਟ ਲੈਣ ਤੋਂ ਵਰਜਦੀਆਂ ਹਨ।” 2001 ਦੀ ਟੈਕਸਟਬੁੱਕ ਐਮਰਜੈਂਸੀ ਕੇਅਰ ਵਿਚ “ਖ਼ੂਨ ਦੀ ਬਣਾਵਟ” ਸਿਰਲੇਖ ਥੱਲੇ ਕਿਹਾ ਗਿਆ ਹੈ: “ਖ਼ੂਨ ਕਈ ਕਣਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ: ਪਲਾਜ਼ਮਾ, ਲਾਲ ਅਤੇ ਚਿੱਟੇ ਸੈੱਲ ਅਤੇ ਪਲੇਟਲੈਟ।” ਇਨ੍ਹਾਂ ਡਾਕਟਰੀ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਯਹੋਵਾਹ ਦੇ ਗਵਾਹ ਸੁਧਾ ਖ਼ੂਨ ਲੈਣ ਜਾਂ ਇਨ੍ਹਾਂ ਚਾਰ ਮੁੱਖ ਕਣਾਂ ਵਿੱਚੋਂ ਕਿਸੇ ਇਕ ਨੂੰ ਲੈਣ ਤੋਂ ਸਾਫ਼ ਇਨਕਾਰ ਕਰਦੇ ਹਨ।

12. (ੳ) ਲਹੂ ਦੇ ਮੁੱਖ ਕਣਾਂ ਦੇ ਅੰਸ਼ਾਂ ਤੋਂ ਬਣਾਈਆਂ ਗਈਆਂ ਦਵਾਈਆਂ ਬਾਰੇ ਫ਼ੈਸਲਾ ਕਰਨ ਸੰਬੰਧੀ ਕਿਹੜੀ ਜਾਣਕਾਰੀ ਦਿੱਤੀ ਗਈ ਸੀ? (ਅ) ਇਸ ਬਾਰੇ ਹੋਰ ਜਾਣਕਾਰੀ ਕਿੱਥੇ ਦਿੱਤੀ ਗਈ ਹੈ?

12 ਇਸ ਡਾਕਟਰੀ ਲੇਖ ਵਿਚ ਅੱਗੇ ਕਿਹਾ ਗਿਆ ਹੈ: “ਲਹੂ ਬਾਰੇ ਗਵਾਹਾਂ ਦੀ ਧਾਰਮਿਕ ਸਮਝ ਉਨ੍ਹਾਂ ਨੂੰ ਹੀਮੋਫੀਲੀਅਕ ਦਵਾਈਆਂ ਜਾਂ ਉਹ ਦਵਾਈਆਂ ਲੈਣ ਤੋਂ ਪੂਰੀ ਤਰ੍ਹਾਂ ਮਨ੍ਹਾ ਨਹੀਂ ਕਰਦੀ ਜਿਨ੍ਹਾਂ ਵਿਚ ਐਲਬਿਊਮਿਨ, ਇਮਿਊਨ ਗਲੋਬੂਲਿਨ ਵਗੈਰਾ ਹੁੰਦਾ ਹੈ। ਹਰ ਗਵਾਹ ਨੂੰ ਆਪ ਇਹ ਫ਼ੈਸਲਾ ਕਰਨਾ ਪਵੇਗਾ ਕਿ ਉਹ ਇਹ ਦਵਾਈਆਂ ਲਵੇਗਾ ਜਾਂ ਨਹੀਂ।” ਸਾਲ 1981 ਤੋਂ, ਲਹੂ ਦੇ ਚਾਰ ਮੁੱਖ ਕਣਾਂ ਤੋਂ ਹੋਰ ਬਹੁਤ ਸਾਰੇ ਅੰਸ਼ ਵੱਖਰੇ ਕੀਤੇ ਗਏ ਹਨ। ਪਹਿਰਾਬੁਰਜ, 15 ਜੂਨ 2000 ਵਿਚ ਇਸ ਬਾਰੇ “ਪਾਠਕਾਂ ਵੱਲੋਂ ਸਵਾਲ” ਲੇਖ ਵਿਚ ਕਾਫ਼ੀ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ ਸੀ। ਪਹਿਰਾਬੁਰਜ ਦੇ ਲੱਖਾਂ ਨਵੇਂ ਪਾਠਕਾਂ ਦੇ ਫ਼ਾਇਦੇ ਲਈ ਇਹ ਜਾਣਕਾਰੀ ਇਸ ਰਸਾਲੇ ਵਿਚ ਸਫ਼ੇ 29-31 ਉੱਤੇ ਛਾਪੀ ਗਈ ਹੈ। ਇਸ ਵਿਚ ਕਾਫ਼ੀ ਵਿਸਤਾਰ ਵਿਚ ਜਾਣਕਾਰੀ ਅਤੇ ਦਲੀਲਾਂ ਦਿੱਤੀਆਂ ਗਈਆਂ ਹਨ। ਪਰ ਇਹ ਜਾਣਕਾਰੀ 1981 ਵਿਚ ਦਿੱਤੀ ਜਾਣਕਾਰੀ ਨਾਲ ਮਿਲਦੀ-ਜੁਲਦੀ ਹੈ।

ਤੁਹਾਡੇ ਅੰਤਹਕਰਣ ਦੀ ਭੂਮਿਕਾ

13, 14. (ੳ) ਅੰਤਹਕਰਣ ਕੀ ਹੈ ਅਤੇ ਲਹੂ ਦੇ ਮਾਮਲੇ ਵਿਚ ਇਸ ਦੀ ਕੀ ਭੂਮਿਕਾ ਹੈ? (ਅ) ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਮਾਸ ਖਾਣ ਬਾਰੇ ਕੀ ਹਿਦਾਇਤ ਦਿੱਤੀ ਸੀ ਅਤੇ ਇਸ ਸੰਬੰਧੀ ਕਿਹੜੇ ਸਵਾਲ ਪੈਦਾ ਹੋਏ ਹੋਣੇ?

13 ਇਸ ਜਾਣਕਾਰੀ ਅਨੁਸਾਰ ਸਾਨੂੰ ਫ਼ੈਸਲੇ ਕਰਨ ਵੇਲੇ ਆਪਣੇ ਅੰਤਹਕਰਣ ਦੀ ਗੱਲ ਸੁਣਨੀ ਪਵੇਗੀ। ਕਿਉਂ? ਮਸੀਹੀ ਇਸ ਗੱਲ ਨਾਲ ਸਹਿਮਤ ਹਨ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਅਗਵਾਈ ਦੀ ਲੋੜ ਹੈ, ਪਰ ਕੁਝ ਗੱਲਾਂ ਵਿਚ ਫ਼ੈਸਲੇ ਆਪਣੇ ਅੰਤਹਕਰਣ ਦੇ ਆਧਾਰ ਤੇ ਕਰਨੇ ਪੈਂਦੇ ਹਨ। ਅੰਤਹਕਰਣ ਨੈਤਿਕ ਮਾਮਲਿਆਂ ਵਿਚ ਸਹੀ ਤੇ ਗ਼ਲਤ ਦੀ ਪਰਖ ਕਰਨ ਅਤੇ ਸੋਚ-ਸਮਝ ਕੇ ਫ਼ੈਸਲਾ ਕਰਨ ਦੀ ਯੋਗਤਾ ਹੈ। (ਰੋਮੀਆਂ 2:14, 15) ਪਰ ਤੁਸੀਂ ਜਾਣਦੇ ਹੋ ਕਿ ਹਰ ਵਿਅਕਤੀ ਦਾ ਅੰਤਹਕਰਣ ਦੂਸਰਿਆਂ ਨਾਲੋਂ ਵੱਖਰਾ ਹੁੰਦਾ ਹੈ। * ਬਾਈਬਲ ਦੱਸਦੀ ਹੈ ਕਿ ਕੁਝ ਲੋਕਾਂ ਦਾ ‘ਅੰਤਹਕਰਨ ਕਮਜ਼ੋਰ’ ਹੈ। (1 ਕੁਰਿੰਥੀਆਂ 8:12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਦਾ ਮਤਲਬ ਹੈ ਕਿ ਦੂਸਰਿਆਂ ਦਾ ਅੰਤਹਕਰਣ ਮਜ਼ਬੂਤ ਹੈ। ਕਿਸੇ ਮਸੀਹੀ ਨੇ ਪਰਮੇਸ਼ੁਰ ਦੀ ਇੱਛਾ ਬਾਰੇ ਜ਼ਿਆਦਾ ਸਿੱਖਿਆ ਹੈ ਤੇ ਕਿਸੇ ਨੇ ਘੱਟ ਅਤੇ ਹਰ ਮਸੀਹੀ ਵਿਚ ਪਰਮੇਸ਼ੁਰ ਦੀ ਸੋਚਣੀ ਅਨੁਸਾਰ ਫ਼ੈਸਲੇ ਕਰਨ ਦੀ ਯੋਗਤਾ ਘੱਟ ਜਾਂ ਵੱਧ ਹੁੰਦੀ ਹੈ। ਮਿਸਾਲ ਲਈ, ਮੀਟ ਖਾਣ ਸੰਬੰਧੀ ਯਹੂਦੀਆਂ ਦੇ ਫ਼ੈਸਲਿਆਂ ਉੱਤੇ ਗੌਰ ਕਰੋ।

14 ਬਾਈਬਲ ਸਾਫ਼-ਸਾਫ਼ ਕਹਿੰਦੀ ਹੈ ਕਿ ਪਰਮੇਸ਼ੁਰ ਦਾ ਆਗਿਆਕਾਰ ਸੇਵਕ ਲਹੂ ਰਲਿਆ ਮਾਸ ਨਹੀਂ ਖਾਵੇਗਾ। ਲਹੂ ਨਾ ਖਾਣ ਦਾ ਹੁਕਮ ਮੰਨਣਾ ਇੰਨਾ ਜ਼ਰੂਰੀ ਸੀ ਕਿ ਜਦੋਂ ਭੁੱਖ ਨਾਲ ਮਰ ਰਹੇ ਇਸਰਾਏਲੀ ਫ਼ੌਜੀਆਂ ਨੇ ਲਹੂ ਰਲਿਆ ਮਾਸ ਖਾਧਾ ਸੀ, ਤਾਂ ਉਹ ਗੰਭੀਰ ਪਾਪ ਦੇ ਦੋਸ਼ੀ ਠਹਿਰਾਏ ਗਏ ਸਨ। (ਬਿਵਸਥਾ ਸਾਰ 12:15, 16; 1 ਸਮੂਏਲ 14:31-35) ਫਿਰ ਵੀ ਕਈ ਸਵਾਲ ਖੜ੍ਹੇ ਹੋਏ ਹੋਣੇ। ਜਦੋਂ ਕੋਈ ਇਸਰਾਏਲੀ ਭੇਡ ਨੂੰ ਝਟਕਾਉਂਦਾ ਸੀ, ਤਾਂ ਉਸ ਨੇ ਕਿੰਨੀ ਕੁ ਛੇਤੀ ਉਸ ਦਾ ਲਹੂ ਵਹਾ ਦੇਣਾ ਸੀ? ਕੀ ਲਹੂ ਵਹਾਉਣ ਲਈ ਉਸ ਨੂੰ ਭੇਡ ਦਾ ਗਲਾ ਵੱਢਣਾ ਚਾਹੀਦਾ ਸੀ? ਕੀ ਭੇਡ ਨੂੰ ਪੁੱਠਾ ਟੰਗਣ ਦੀ ਲੋੜ ਸੀ? ਉਸ ਨੂੰ ਕਿੰਨੇ ਸਮੇਂ ਲਈ ਟੰਗਣਾ ਚਾਹੀਦਾ ਸੀ? ਵੱਡੇ ਜਾਨਵਰ ਬਾਰੇ ਕੀ? ਲਹੂ ਵਹਾਉਣ ਤੋਂ ਬਾਅਦ ਵੀ ਸ਼ਾਇਦ ਕੁਝ ਲਹੂ ਮਾਸ ਵਿਚ ਰਹਿ ਜਾਂਦਾ। ਕੀ ਉਹ ਇਸ ਤਰ੍ਹਾਂ ਦਾ ਮਾਸ ਖਾ ਸਕਦਾ ਸੀ? ਕੌਣ ਇਸ ਬਾਰੇ ਫ਼ੈਸਲਾ ਕਰਦਾ?

15. ਮੀਟ ਖਾਣ ਦੇ ਮਾਮਲੇ ਵਿਚ ਕੁਝ ਯਹੂਦੀਆਂ ਦਾ ਕੀ ਵਿਚਾਰ ਸੀ, ਪਰ ਪਰਮੇਸ਼ੁਰ ਨੇ ਕੀ ਕਿਹਾ ਸੀ?

15 ਫ਼ਰਜ਼ ਕਰੋ ਕਿ ਇਕ ਕੱਟੜ ਯਹੂਦੀ ਸਾਮ੍ਹਣੇ ਇਹ ਮਸਲਾ ਖੜ੍ਹਾ ਹੁੰਦਾ ਹੈ। ਉਹ ਸ਼ਾਇਦ ਸੋਚਦਾ ਕਿ ਬਾਜ਼ਾਰ ਵਿਚ ਵਿਕਣ ਵਾਲਾ ਮਾਸ ਨਾ ਖਾਣਾ ਹੀ ਚੰਗਾ। ਹੋ ਸਕਦਾ ਹੈ ਕਿ ਕੋਈ ਹੋਰ ਯਹੂਦੀ ਉਹ ਮੀਟ ਨਾ ਖਾਂਦਾ ਜੋ ਸ਼ਾਇਦ ਕਿਸੇ ਮੂਰਤ ਸਾਮ੍ਹਣੇ ਚੜ੍ਹਾਇਆ ਗਿਆ ਹੋਵੇ। ਕਈ ਯਹੂਦੀ ਲਹੂ ਕੱਢਣ ਦੇ ਤਰੀਕਿਆਂ ਦੀ ਕੱਟੜਤਾ ਨਾਲ ਪਾਲਣਾ ਕਰਨ ਤੋਂ ਬਾਅਦ ਹੀ ਮੀਟ ਖਾਂਦੇ ਹੋਣੇ। * (ਮੱਤੀ 23:23, 24) ਤੁਸੀਂ ਇਨ੍ਹਾਂ ਵੱਖੋ-ਵੱਖਰੇ ਵਿਚਾਰਾਂ ਬਾਰੇ ਕੀ ਸੋਚਦੇ ਹੋ? ਪਰਮੇਸ਼ੁਰ ਨੇ ਮੀਟ ਸਾਫ਼ ਕਰਨ ਦੇ ਮਾਮਲੇ ਵਿਚ ਨਿਯਮ ਨਹੀਂ ਦਿੱਤੇ ਸਨ। ਤਾਂ ਫਿਰ ਕੀ ਯਹੂਦੀਆਂ ਨੂੰ ਇਸ ਮਾਮਲੇ ਵਿਚ ਹਰ ਛੋਟੀ-ਛੋਟੀ ਗੱਲ ਲਈ ਰੱਬੀਆਂ ਨੂੰ ਪੁੱਛਣਾ ਚਾਹੀਦਾ ਸੀ? ਭਾਵੇਂ ਬਾਅਦ ਵਿਚ ਯਹੂਦੀ ਇੱਦਾਂ ਕਰਨ ਲੱਗ ਪਏ ਸਨ, ਪਰ ਇਹ ਕਿੰਨੀ ਚੰਗੀ ਗੱਲ ਹੈ ਕਿ ਯਹੋਵਾਹ ਨੇ ਸੱਚੇ ਭਗਤਾਂ ਨੂੰ ਇਸ ਮਾਮਲੇ ਵਿਚ ਆਪ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ। ਪਰਮੇਸ਼ੁਰ ਨੇ ਝਟਕਾਏ ਗਏ ਜਾਨਵਰ ਨੂੰ ਸਾਫ਼ ਕਰਨ ਅਤੇ ਉਸ ਦਾ ਲਹੂ ਵਹਾਉਣ ਦਾ ਬੁਨਿਆਦੀ ਨਿਯਮ ਦਿੱਤਾ, ਇਸ ਤੋਂ ਜ਼ਿਆਦਾ ਨਹੀਂ।—ਯੂਹੰਨਾ 8:32.

16. ਲਹੂ ਦੇ ਮੁੱਖ ਕਣਾਂ ਦੇ ਅੰਸ਼ਾਂ ਨਾਲ ਬਣੀਆਂ ਦਵਾਈਆਂ ਵਰਤਣ ਵਿਚ ਹਰ ਮਸੀਹੀ ਦੇ ਵੱਖੋ-ਵੱਖਰੇ ਵਿਚਾਰ ਕਿਉਂ ਹੋ ਸਕਦੇ ਹਨ?

16 ਜਿਵੇਂ ਕਿ 11ਵੇਂ ਤੇ 12ਵੇਂ ਪੈਰੇ ਵਿਚ ਦੱਸਿਆ ਗਿਆ ਹੈ, ਯਹੋਵਾਹ ਦੇ ਗਵਾਹ ਸੁਧਾ ਖ਼ੂਨ ਜਾਂ ਇਸ ਦੇ ਮੁੱਖ ਕਣ—ਪਲਾਜ਼ਮਾ, ਲਾਲ ਸੈੱਲ, ਚਿੱਟੇ ਸੈੱਲ ਅਤੇ ਪਲੇਟਲੈਟ ਨਹੀਂ ਲੈਂਦੇ। ਪਰ ਇਨ੍ਹਾਂ ਚਾਰ ਮੁੱਖ ਕਣਾਂ ਦੇ ਅੰਸ਼ਾਂ ਬਾਰੇ ਕੀ, ਜਿਵੇਂ ਕਿਸੇ ਬੀਮਾਰੀ ਨਾਲ ਲੜਨ ਜਾਂ ਸੱਪ ਦੇ ਜ਼ਹਿਰ ਨੂੰ ਮਾਰਨ ਲਈ ਸੀਰਮ (ਜੰਮੇ ਲਹੂ ਦਾ ਪਾਣੀ) ਮਿਲੀਆਂ ਐਂਟੀਬਾਡੀਜ਼? (ਸਫ਼ਾ 30, ਪੈਰਾ 4 ਦੇਖੋ।) ਕੁਝ ਕਹਿੰਦੇ ਹਨ ਕਿ ਇਹ ਛੋਟੇ-ਛੋਟੇ ਅੰਸ਼ ਅਸਲ ਵਿਚ ਲਹੂ ਨਹੀਂ ਰਹਿ ਜਾਂਦੇ, ਇਸ ਲਈ ਇਹ ‘ਲਹੂ ਤੋਂ ਬਚੇ ਰਹਿਣ’ ਦੇ ਹੁਕਮ ਅਧੀਨ ਨਹੀਂ ਆਉਂਦੇ। (ਰਸੂਲਾਂ ਦੇ ਕਰਤੱਬ 15:29; 21:25; ਸਫ਼ਾ 31, ਪੈਰਾ 1) ਇਸ ਬਾਰੇ ਫ਼ੈਸਲਾ ਕਰਨਾ ਹਰ ਇਕ ਦੀ ਆਪਣੀ ਜ਼ਿੰਮੇਵਾਰੀ ਹੈ। ਕਈਆਂ ਦਾ ਅੰਤਹਕਰਣ ਉਨ੍ਹਾਂ ਨੂੰ ਹਰ ਉਹ ਚੀਜ਼ ਲੈਣ ਤੋਂ ਮਨ੍ਹਾ ਕਰਦਾ ਹੈ ਜੋ ਲਹੂ (ਜਾਨਵਰ ਦਾ ਹੋਵੇ ਜਾਂ ਇਨਸਾਨ ਦਾ) ਤੋਂ ਬਣੀ ਹੈ। * ਪਰ ਕਈ ਸ਼ਾਇਦ ਬੀਮਾਰੀ ਨਾਲ ਲੜਨ ਜਾਂ ਸੱਪ ਦੇ ਜ਼ਹਿਰ ਨੂੰ ਮਾਰਨ ਲਈ ਪਲਾਜ਼ਮਾ ਪ੍ਰੋਟੀਨ ਦਾ ਟੀਕਾ ਲਗਵਾ ਲੈਣ, ਪਰ ਉਹ ਦੂਸਰੇ ਅੰਸ਼ਾਂ ਤੋਂ ਬਣੀਆਂ ਦਵਾਈਆਂ ਨਾ ਲੈਣ। ਕਈ ਅੰਸ਼ਾਂ ਤੋਂ ਬਣੀਆਂ ਦਵਾਈਆਂ ਦਾ ਕੰਮ ਉਹੀ ਹੁੰਦਾ ਹੈ ਜੋ ਲਹੂ ਦੇ ਮੁੱਖ ਕਣ ਦਾ ਹੁੰਦਾ ਹੈ ਅਤੇ ਇਹ ਲਹੂ ਵਾਂਗ ਹੀ ਸਰੀਰ ਨੂੰ ਜੀਉਂਦਾ ਰੱਖਦੀਆਂ ਹਨ ਜਿਸ ਕਰਕੇ ਜ਼ਿਆਦਾਤਰ ਮਸੀਹੀ ਇਨ੍ਹਾਂ ਨੂੰ ਲੈਣ ਤੋਂ ਗੁਰੇਜ਼ ਕਰਨਗੇ।

17. (ੳ) ਸਾਨੂੰ ਕੀ ਕਰਨ ਦੀ ਲੋੜ ਹੈ ਤਾਂਕਿ ਲਹੂ ਦੇ ਅੰਸ਼ਾਂ ਤੋਂ ਬਣੀਆਂ ਦਵਾਈਆਂ ਸੰਬੰਧੀ ਸਹੀ ਫ਼ੈਸਲੇ ਕਰਨ ਵਿਚ ਸਾਡਾ ਅੰਤਹਕਰਣ ਸਾਡੀ ਮਦਦ ਕਰੇ? (ਅ) ਇਹ ਫ਼ੈਸਲੇ ਇੰਨੇ ਗੰਭੀਰ ਕਿਉਂ ਹਨ?

17 ਬਾਈਬਲ ਅੰਤਹਕਰਣ ਬਾਰੇ ਜੋ ਕਹਿੰਦੀ ਹੈ ਉਹ ਅਜਿਹੇ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰਦੀ ਹੈ। ਸਭ ਤੋਂ ਪਹਿਲਾਂ, ਸਾਨੂੰ ਜਾਣਨ ਦੀ ਲੋੜ ਹੈ ਕਿ ਬਾਈਬਲ ਕੀ ਕਹਿੰਦੀ ਹੈ ਅਤੇ ਇਸ ਅਨੁਸਾਰ ਸਾਨੂੰ ਆਪਣਾ ਅੰਤਹਕਰਣ ਢਾਲਣ ਦੀ ਲੋੜ ਹੈ। ਇਸ ਤੋਂ ਸਾਨੂੰ ਪਰਮੇਸ਼ੁਰ ਦੇ ਨਿਰਦੇਸ਼ਨ ਅਨੁਸਾਰ ਫ਼ੈਸਲਾ ਕਰਨ ਵਿਚ ਮਦਦ ਮਿਲੇਗੀ ਅਤੇ ਫ਼ੈਸਲੇ ਕਰਨ ਲਈ ਦੂਸਰਿਆਂ ਨੂੰ ਪੁੱਛਣ ਦੀ ਲੋੜ ਨਹੀਂ ਹੋਵੇਗੀ। (ਜ਼ਬੂਰਾਂ ਦੀ ਪੋਥੀ 25:4, 5) ਲਹੂ ਦੇ ਅੰਸ਼ਾਂ ਤੋਂ ਬਣੀਆਂ ਦਵਾਈਆਂ ਦੇ ਸੰਬੰਧ ਵਿਚ ਕੁਝ ਲੋਕ ਸੋਚਦੇ ਹਨ, ‘ਇਹ ਫ਼ੈਸਲਾ ਅਸੀਂ ਆਪਣੇ ਅੰਤਹਕਰਣ ਤੇ ਛੱਡ ਸਕਦੇ ਹਾਂ। ਇਸ ਲਈ ਸਾਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ।’ ਪਰ ਇਹ ਗ਼ਲਤਫ਼ਹਿਮੀ ਹੈ। ਜੇ ਸਾਨੂੰ ਕੋਈ ਫ਼ੈਸਲਾ ਆਪਣੇ ਅੰਤਹਕਰਣ ਦੇ ਆਧਾਰ ਤੇ ਕਰਨਾ ਪੈਂਦਾ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਹ ਛੋਟੀ ਜਿਹੀ ਗੱਲ ਹੈ। ਇਹ ਬਹੁਤ ਗੰਭੀਰ ਫ਼ੈਸਲਾ ਵੀ ਹੋ ਸਕਦਾ ਹੈ। ਇਕ ਕਾਰਨ ਤਾਂ ਇਹ ਹੈ ਕਿ ਸਾਡੇ ਫ਼ੈਸਲੇ ਦਾ ਉਨ੍ਹਾਂ ਲੋਕਾਂ ਉੱਤੇ ਅਸਰ ਪੈ ਸਕਦਾ ਹੈ ਜਿਨ੍ਹਾਂ ਦਾ ਅੰਤਹਕਰਣ ਸਾਡੇ ਤੋਂ ਵੱਖਰਾ ਹੈ। ਅਸੀਂ ਇਹ ਗੱਲ ਮੀਟ ਬਾਰੇ ਪੌਲੁਸ ਦੀ ਸਲਾਹ ਤੋਂ ਦੇਖ ਸਕਦੇ ਹਾਂ ਜੋ ਸ਼ਾਇਦ ਮੂਰਤਾਂ ਨੂੰ ਚੜ੍ਹਾਉਣ ਤੋਂ ਬਾਅਦ ਬਾਜ਼ਾਰ ਵਿਚ ਵੇਚਿਆ ਜਾਂਦਾ ਸੀ। ਮਸੀਹੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ‘ਕਮਜ਼ੋਰ ਅੰਤਹਕਰਨ ਨੂੰ ਸੱਟ ਨਾ ਮਾਰਨ।’ ਜੇ ਉਹ ਦੂਸਰਿਆਂ ਲਈ ਠੋਕਰ ਦਾ ਕਾਰਨ ਬਣਦਾ ਹੈ, ਤਾਂ ਉਹ ‘ਆਪਣੇ ਭਰਾ ਨੂੰ ਨਾਸ਼ ਕਰੇਗਾ ਜਿਸ ਲਈ ਮਸੀਹ ਨੇ ਆਪਣੀ ਜਾਨ ਦਿੱਤੀ’ ਅਤੇ ਇਸ ਤਰ੍ਹਾਂ ਉਹ ਮਸੀਹ ਦੇ ਖ਼ਿਲਾਫ਼ ਪਾਪ ਕਰੇਗਾ। ਇਸ ਲਈ, ਭਾਵੇਂ ਲਹੂ ਦੇ ਅੰਸ਼ਾਂ ਤੋਂ ਬਣੀਆਂ ਦਵਾਈਆਂ ਲੈਣ ਬਾਰੇ ਫ਼ੈਸਲਾ ਸਾਨੂੰ ਆਪ ਕਰਨਾ ਪਵੇਗਾ, ਪਰ ਇਹ ਫ਼ੈਸਲੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਤੋਂ ਬਾਅਦ ਕੀਤੇ ਜਾਣੇ ਚਾਹੀਦੇ ਹਨ।—1 ਕੁਰਿੰਥੀਆਂ 8:8, 11-13, ਨਵਾਂ ਅਨੁਵਾਦ; 10:25-31.

18. ਲਹੂ ਬਾਰੇ ਫ਼ੈਸਲੇ ਕਰਨ ਵੇਲੇ ਮਸੀਹੀ ਆਪਣੇ ਅੰਤਹਕਰਣ ਨੂੰ ਜੀਉਂਦਾ ਕਿਵੇਂ ਰੱਖ ਸਕਦੇ ਹਨ?

18 ਲਹੂ ਸੰਬੰਧੀ ਫ਼ੈਸਲਾ ਕਰਨ ਵੇਲੇ ਇਕ ਹੋਰ ਗੱਲ ਉੱਤੇ ਗੰਭੀਰਤਾ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਇਹ ਹੈ ਤੁਹਾਡੇ ਉੱਤੇ ਇਸ ਫ਼ੈਸਲੇ ਦਾ ਅਸਰ। ਜੇ ਲਹੂ ਦੇ ਅੰਸ਼ਾਂ ਤੋਂ ਬਣੀ ਕੋਈ ਦਵਾਈ ਲੈਣ ਨਾਲ ਤੁਹਾਡਾ ਅੰਤਹਕਰਣ ਦੁਖੀ ਹੁੰਦਾ ਹੈ, ਤਾਂ ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਣੇ ਅੰਤਹਕਰਣ ਦੀ ਆਵਾਜ਼ ਨੂੰ ਇਸ ਕਰਕੇ ਵੀ ਦਬਾਉਣਾ ਨਹੀਂ ਚਾਹੀਦਾ ਕਿਉਂਕਿ ਕੋਈ ਤੁਹਾਨੂੰ ਕਹਿੰਦਾ ਹੈ, “ਇਹ ਦਵਾਈ ਲੈਣ ਵਿਚ ਕੋਈ ਬੁਰਾਈ ਨਹੀਂ, ਬਹੁਤ ਜਣਿਆਂ ਨੇ ਲਈ ਹੈ।” ਯਾਦ ਰੱਖੋ, ਲੱਖਾਂ ਲੋਕ ਆਪਣੇ ਅੰਤਹਕਰਣ ਦੀ ਆਵਾਜ਼ ਨਹੀਂ ਸੁਣਦੇ ਜਿਸ ਕਰਕੇ ਉਨ੍ਹਾਂ ਦਾ ਅੰਤਹਕਰਣ ਮਰ ਜਾਂਦਾ ਹੈ। ਇਸੇ ਕਰਕੇ ਉਹ ਝੂਠ ਬੋਲਦੇ ਹਨ ਜਾਂ ਫਿਰ ਹੋਰ ਗ਼ਲਤ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਅੰਤਹਕਰਣ ਉਨ੍ਹਾਂ ਨੂੰ ਬਿਲਕੁਲ ਤੰਗ ਨਹੀਂ ਕਰਦਾ। ਮਸੀਹੀ ਇਸ ਤਰ੍ਹਾਂ ਨਹੀਂ ਬਣਨਾ ਚਾਹੁੰਦੇ।—2 ਸਮੂਏਲ 24:10; 1 ਤਿਮੋਥਿਉਸ 4:1, 2.

19. ਲਹੂ ਸੰਬੰਧੀ ਇਲਾਜ ਬਾਰੇ ਫ਼ੈਸਲਾ ਕਰਦੇ ਸਮੇਂ ਸਾਨੂੰ ਕਿਸ ਗੱਲ ਦਾ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ?

19 ਸਫ਼ੇ 29-31 ਦੇ ਲੇਖ ਦੇ ਅਖ਼ੀਰ ਵਿਚ ਕਿਹਾ ਗਿਆ ਹੈ: “ਲਹੂ ਦੇ ਅੰਸ਼ ਲੈਣ ਬਾਰੇ ਲੋਕਾਂ ਦੇ ਵਿਚਾਰ ਅਤੇ ਅੰਤਹਕਰਣ ਵੱਖੋ-ਵੱਖਰੇ ਹਨ। ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਇਹ ਮਾਮੂਲੀ ਗੱਲ ਹੈ? ਨਹੀਂ। ਇਹ ਬਹੁਤ ਗੰਭੀਰ ਮਸਲਾ ਹੈ।” ਸਾਡੇ ਫ਼ੈਸਲੇ ਖ਼ਾਸ ਕਰਕੇ ਇਸ ਲਈ ਮਹੱਤਵਪੂਰਣ ਹਨ ਕਿਉਂਕਿ ਇਨ੍ਹਾਂ ਦਾ “ਜੀਉਂਦੇ ਪਰਮੇਸ਼ੁਰ” ਨਾਲ ਤੁਹਾਡੇ ਰਿਸ਼ਤੇ ਉੱਤੇ ਅਸਰ ਪਵੇਗਾ। ਸਿਰਫ਼ ਇਸੇ ਰਿਸ਼ਤੇ ਕਰਕੇ ਸਾਨੂੰ ਅਨੰਤ ਜ਼ਿੰਦਗੀ ਮਿਲ ਸਕਦੀ ਹੈ ਜੋ ਕਿ ਯਿਸੂ ਦੇ ਲਹੂ ਕਰਕੇ ਮਿਲਣੀ ਸੰਭਵ ਹੋਈ ਹੈ। ਪਰਮੇਸ਼ੁਰ ਨੇ ਜ਼ਿੰਦਗੀਆਂ ਬਚਾਉਣ ਲਈ ਲਹੂ ਨੂੰ ਚੁਣਿਆ ਹੈ, ਇਸ ਲਈ ਇਸ ਦਾ ਆਦਰ ਕਰੋ। ਪੌਲੁਸ ਨੇ ਬਿਲਕੁਲ ਸਹੀ ਕਿਹਾ ਸੀ: ‘ਤੁਸੀਂ ਆਸਾ ਹੀਣ ਅਤੇ ਜਗਤ ਵਿੱਚ ਪਰਮੇਸ਼ੁਰ ਤੋਂ ਰਹਿਤ ਸਾਓ। ਪਰ ਹੁਣ ਮਸੀਹ ਯਿਸੂ ਵਿੱਚ ਤੁਸੀਂ ਜੋ ਅੱਗੇ ਦੂਰ ਸਾਓ ਮਸੀਹ ਦੇ ਲਹੂ ਦੇ ਕਾਰਨ ਨੇੜੇ ਕੀਤੇ ਗਏ ਹੋ।’—ਅਫ਼ਸੀਆਂ 2:12, 13.

[ਫੁਟਨੋਟ]

^ ਪੈਰਾ 11 ਇਹ ਬਰੋਸ਼ਰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

^ ਪੈਰਾ 13 ਇਕ ਵਾਰ ਪੌਲੁਸ ਅਤੇ ਹੋਰ ਚਾਰ ਮਸੀਹੀ ਰੀਤ ਮੁਤਾਬਕ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਹੈਕਲ ਵਿਚ ਗਏ ਸਨ। ਉਸ ਵੇਲੇ ਬਿਵਸਥਾ ਉੱਤੇ ਚੱਲਣ ਦੀ ਲੋੜ ਨਹੀਂ ਸੀ, ਫਿਰ ਵੀ ਪੌਲੁਸ ਨੇ ਯਰੂਸ਼ਲਮ ਵਿਚ ਬਜ਼ੁਰਗਾਂ ਦੀ ਸਲਾਹ ਮੰਨੀ। (ਰਸੂਲਾਂ ਦੇ ਕਰਤੱਬ 21:23-25) ਪਰ ਕੁਝ ਮਸੀਹੀਆਂ ਦੀ ਨਜ਼ਰ ਵਿਚ ਸ਼ਾਇਦ ਇਸ ਤਰ੍ਹਾਂ ਕਰਨਾ ਗ਼ਲਤ ਸੀ। ਉਸ ਵੇਲੇ ਹਰ ਵਿਅਕਤੀ ਦਾ ਅੰਤਹਕਰਣ ਵੱਖਰਾ ਸੀ ਅਤੇ ਅੱਜ ਵੀ ਵੱਖਰਾ ਹੈ।

^ ਪੈਰਾ 15 ਐਨਸਾਈਕਲੋਪੀਡੀਆ ਜੁਡੇਈਕਾ ਵਿਚ ਮੀਟ ਨੂੰ “ਸਾਫ਼” ਕਰਨ ਸੰਬੰਧੀ “ਹਰ ਛੋਟੀ-ਛੋਟੀ ਗੱਲ ਲਈ ਗੁੰਝਲਦਾਰ” ਨਿਯਮ ਦੱਸੇ ਗਏ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਮੀਟ ਨੂੰ ਪਾਣੀ ਵਿਚ ਕਿੰਨਾ ਚਿਰ ਰੱਖਣਾ ਸੀ, ਇਸ ਨੂੰ ਫੱਟੇ ਉੱਤੇ ਕਿਵੇਂ ਸਾਫ਼ ਕਰਨਾ ਸੀ, ਇਸ ਨੂੰ ਲੂਣ ਲਾ ਕੇ ਕਿੱਦਾਂ ਸਾਫ਼ ਕਰਨਾ ਸੀ ਅਤੇ ਇਸ ਨੂੰ ਠੰਢੇ ਪਾਣੀ ਵਿਚ ਕਿੰਨੀ ਵਾਰ ਧੋਣਾ ਸੀ।

^ ਪੈਰਾ 16 ਲਹੂ ਦੇ ਅੰਸ਼ਾਂ ਵਰਗੇ ਪਦਾਰਥ ਅੱਜ ਲੈਬਾਰਟਰੀ ਵਿਚ ਬਣਾਏ ਜਾ ਸਕਦੇ ਹਨ। ਇਨ੍ਹਾਂ ਨੂੰ ਬਣਾਉਣ ਲਈ ਲਹੂ ਨਹੀਂ ਵਰਤਿਆ ਜਾਂਦਾ। ਪਰ ਕੁਝ ਦਵਾਈਆਂ ਵਿਚ ਲਹੂ ਦਾ ਕੋਈ ਅੰਸ਼ ਜਿਵੇਂ ਕਿ ਐਲਬਿਊਮਿਨ ਥੋੜ੍ਹੀ ਮਾਤਰਾ ਵਿਚ ਮਿਲਿਆ ਹੋ ਸਕਦਾ ਹੈ।—ਪਹਿਰਾਬੁਰਜ (ਅੰਗ੍ਰੇਜ਼ੀ), 1 ਅਕਤੂਬਰ 1994 ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ।

ਕੀ ਤੁਹਾਨੂੰ ਯਾਦ ਹੈ?

• ਪਰਮੇਸ਼ੁਰ ਨੇ ਨੂਹ, ਇਸਰਾਏਲੀਆਂ ਅਤੇ ਮਸੀਹੀਆਂ ਨੂੰ ਲਹੂ ਬਾਰੇ ਕੀ ਨਿਰਦੇਸ਼ਨ ਦਿੱਤਾ ਸੀ?

• ਲਹੂ ਦੇ ਮਾਮਲੇ ਵਿਚ ਯਹੋਵਾਹ ਦੇ ਗਵਾਹ ਕਿਸ ਤਰ੍ਹਾਂ ਦੀਆਂ ਦਵਾਈਆਂ ਲੈਣ ਤੋਂ ਸਾਫ਼ ਇਨਕਾਰ ਕਰਦੇ ਹਨ?

• ਲਹੂ ਦੇ ਮੁੱਖ ਕਣਾਂ ਦੇ ਅੰਸ਼ਾਂ ਤੋਂ ਬਣੀਆਂ ਦਵਾਈਆਂ ਲੈਣ ਦਾ ਫ਼ੈਸਲਾ ਅੰਤਹਕਰਣ ਦੇ ਆਧਾਰ ਤੇ ਕਿਉਂ ਕੀਤਾ ਜਾਣਾ ਚਾਹੀਦਾ ਹੈ, ਪਰ ਇਸ ਦਾ ਕੀ ਮਤਲਬ ਨਹੀਂ ਹੈ?

• ਇਸ ਮਾਮਲੇ ਵਿਚ ਫ਼ੈਸਲਾ ਕਰਦੇ ਸਮੇਂ ਸਾਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਕਿਉਂ ਹਮੇਸ਼ਾ ਧਿਆਨ ਵਿਚ ਰੱਖਣਾ ਚਾਹੀਦਾ ਹੈ?

[ਸਵਾਲ]

[ਸਫ਼ੇ 22 ਉੱਤੇ ਚਾਰਟ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਲਹੂ ਬਾਰੇ ਫ਼ੈਸਲਾ

ਸੁਧਾ ਖ਼ੂਨ

ਨਹੀਂ ਲੈਣੇ

ਲਾਲ ਸੈੱਲ

ਚਿੱਟੇ ਸੈੱਲ

ਪਲੇਟਲੈਟ

ਪਲਾਜ਼ਮਾ

ਮਸੀਹੀਆਂ ਦਾ ਆਪਣਾ ਫ਼ੈਸਲਾ

ਸੈੱਲਾਂ ਦੇ ਅੰਸ਼ ਲਾਲ

ਦੇ ਅੰਸ਼ ਚਿੱਟੇ ਸੈੱਲਾਂ

ਦੇ ਅੰਸ਼ ਪਲੇਟਲੈਟਾਂ

ਦੇ ਅੰਸ਼ ਪਲਾਜ਼ਮਾ

[ਸਫ਼ੇ 20 ਉੱਤੇ ਤਸਵੀਰ]

ਪ੍ਰਬੰਧਕ ਸਭਾ ਨੇ ਸਿੱਟਾ ਕੱਢਿਆ ਕਿ ਮਸੀਹੀ ‘ਲਹੂ ਤੋਂ ਬਚੇ ਰਹਿਣ’

[ਸਫ਼ੇ 23 ਉੱਤੇ ਤਸਵੀਰ]

ਲਹੂ ਦੇ ਅੰਸ਼ਾਂ ਤੋਂ ਬਣੀਆਂ ਦਵਾਈਆਂ ਲੈਣ ਬਾਰੇ ਫ਼ੈਸਲਾ ਕਰਦੇ ਸਮੇਂ ਆਪਣੇ ਅੰਤਹਕਰਣ ਦੀ ਆਵਾਜ਼ ਸੁਣੋ