Skip to content

Skip to table of contents

ਬੱਚਿਆਂ ਨੂੰ ਸਿਖਲਾਈ ਦੇਣ ਵਿਚ ਕੀ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ?

ਬੱਚਿਆਂ ਨੂੰ ਸਿਖਲਾਈ ਦੇਣ ਵਿਚ ਕੀ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ?

ਬੱਚਿਆਂ ਨੂੰ ਸਿਖਲਾਈ ਦੇਣ ਵਿਚ ਕੀ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ?

ਓਰਕਿਡ ਦਾ ਫੁੱਲ ਜਿੰਨਾ ਸੋਹਣਾ ਹੈ, ਇਸ ਦੀ ਦੇਖ-ਭਾਲ ਕਰਨੀ ਉੱਨੀ ਹੀ ਮੁਸ਼ਕਲ ਹੈ। ਇਸ ਨੂੰ ਚੰਗੀ ਤਰ੍ਹਾਂ ਉਗਾਉਣ ਲਈ ਤੁਹਾਨੂੰ ਸਹੀ ਤਾਪਮਾਨ, ਰੌਸ਼ਨੀ ਤੇ ਗਮਲੇ ਦੇ ਆਕਾਰ ਨੂੰ ਧਿਆਨ ਵਿਚ ਰੱਖਣਾ ਪਵੇਗਾ। ਓਰਕਿਡ ਦਾ ਪੌਦਾ ਬਹੁਤ ਨਾਜ਼ੁਕ ਹੁੰਦਾ ਹੈ ਜਿਸ ਕਰਕੇ ਇਹ ਖ਼ਰਾਬ ਮਿੱਟੀ ਤੇ ਖਾਦ ਨੂੰ ਸਹਿਣ ਨਹੀਂ ਕਰ ਪਾਉਂਦਾ ਤੇ ਇਹ ਆਸਾਨੀ ਨਾਲ ਕਿਸੇ ਰੋਗ ਅਤੇ ਕੀੜਿਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ, ਇਸ ਪੌਦੇ ਨੂੰ ਪਹਿਲੀ ਵਾਰ ਉਗਾਉਣ ਵਿਚ ਅਸਫ਼ਲ ਹੋਣਾ ਆਮ ਗੱਲ ਹੈ।

ਬੱਚਿਆਂ ਦੀ ਪਰਵਰਿਸ਼ ਕਰਨੀ ਇਸ ਤੋਂ ਕਿਤੇ ਜ਼ਿਆਦਾ ਮੁਸ਼ਕਲ ਹੈ ਅਤੇ ਉਨ੍ਹਾਂ ਦਾ ਬਹੁਤ ਹੀ ਧਿਆਨ ਰੱਖਣ ਦੀ ਲੋੜ ਹੈ। ਇਸ ਲਈ ਮਾਪੇ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦੇ ਹਨ। ਕਈ ਚਾਹੁੰਦੇ ਹਨ ਕਿ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਕੋਈ ਉਨ੍ਹਾਂ ਦੀ ਮਦਦ ਕਰੇ, ਠੀਕ ਜਿਵੇਂ ਓਰਕਿਡ ਪੌਦਾ ਉਗਾਉਣ ਵਾਲੇ ਵਿਅਕਤੀ ਨੂੰ ਇਸ ਦੇ ਕਿਸੇ ਮਾਹਰ ਤੋਂ ਸਲਾਹ ਲੈਣ ਦੀ ਲੋੜ ਹੈ। ਸਪੱਸ਼ਟ ਤੌਰ ਤੇ, ਹਰ ਮਾਂ ਜਾਂ ਬਾਪ ਚਾਹੁੰਦਾ ਹੈ ਕਿ ਉਸ ਨੂੰ ਵਧੀਆ ਸਲਾਹ ਮਿਲੇ। ਪਰ ਇਹ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ?

ਹਾਲਾਂਕਿ ਬਾਈਬਲ ਬੱਚਿਆਂ ਦੀ ਪਰਵਰਿਸ਼ ਬਾਰੇ ਲਿਖੀ ਹੋਈ ਕਿਤਾਬ ਨਹੀਂ ਹੈ, ਫਿਰ ਵੀ ਸਾਡੇ ਸਿਰਜਣਹਾਰ ਨੇ ਇਸ ਸੰਬੰਧੀ ਬਹੁਤ ਸਾਰੀ ਚੰਗੀ ਸਲਾਹ ਲਿਖਣ ਲਈ ਬਾਈਬਲ ਦੇ ਲਿਖਾਰੀਆਂ ਨੂੰ ਪ੍ਰੇਰਿਤ ਕੀਤਾ। ਦੁਨੀਆਂ ਦੇ ਲੋਕ ਆਪਣੇ ਵਿਚ ਚੰਗੇ ਗੁਣ ਪੈਦਾ ਕਰਨ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ, ਪਰ ਬਾਈਬਲ ਜ਼ੋਰ ਦਿੰਦੀ ਹੈ ਕਿ ਸਾਨੂੰ ਆਪਣੇ ਵਿਚ ਚੰਗੇ ਗੁਣ ਪੈਦਾ ਕਰਨੇ ਚਾਹੀਦੇ ਹਨ। (ਅਫ਼ਸੀਆਂ 4:22-24) ਇਸ ਸੰਬੰਧੀ ਬਾਈਬਲ ਦੀ ਸਲਾਹ ਢੁਕਵੀਂ ਸਿੱਖਿਆ ਦੇ ਇਕ ਖ਼ਾਸ ਪਹਿਲੂ ਬਾਰੇ ਦੱਸਦੀ ਹੈ। ਇਸ ਸਲਾਹ ਤੇ ਚੱਲਣ ਵਾਲੇ ਹਜ਼ਾਰਾਂ ਹੀ ਲੋਕਾਂ ਨੂੰ ਇਸ ਤੋਂ ਫ਼ਾਇਦਾ ਹੋਇਆ ਹੈ, ਭਾਵੇਂ ਉਹ ਕਿਸੇ ਵੀ ਜ਼ਮਾਨੇ ਵਿਚ ਰਹਿੰਦੇ ਸਨ ਜਾਂ ਸਭਿਆਚਾਰ ਨਾਲ ਸੰਬੰਧ ਰੱਖਦੇ ਸਨ। ਇਸ ਲਈ, ਬੱਚਿਆਂ ਨੂੰ ਸਿਖਲਾਈ ਦੇਣ ਵਿਚ ਬਾਈਬਲ ਦੀ ਅੱਗੇ ਦਿੱਤੀ ਸਲਾਹ ਤੁਹਾਡੀ ਮਦਦ ਕਰ ਸਕਦੀ ਹੈ।

ਸਭ ਤੋਂ ਵਧੀਆ ਸਿੱਖਿਆ ਮਾਪਿਆਂ ਦੀ ਮਿਸਾਲ ਤੋਂ ਮਿਲਦੀ ਹੈ

“ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈਂ ਕੀ ਆਪਣੇ ਆਪ ਨੂੰ ਨਹੀਂ ਸਿਖਾਲਦਾ? ਤੂੰ ਜਿਹੜਾ ਉਪਦੇਸ਼ ਕਰਦਾ ਹੈਂ ਭਈ ਚੋਰੀ ਨਾ ਕਰਨੀ ਕੀ ਆਪ ਹੀ ਚੋਰੀ ਕਰਦਾ ਹੈਂ? ਤੂੰ ਜਿਹੜਾ ਆਖਦਾ ਹੈਂ ਭਈ ਜ਼ਨਾਹ ਨਾ ਕਰਨਾ ਕੀ ਆਪ ਹੀ ਜ਼ਨਾਹ ਕਰਦਾ ਹੈਂ?”—ਰੋਮੀਆਂ 2:21, 22.

ਸਿਓਲ ਸਿੱਖਿਆ ਬੋਰਡ ਦੇ ਪ੍ਰਧਾਨ ਨੇ ਕਿਹਾ: “ਆਪਣੀ ਕਹਿਣੀ ਤੇ ਕਰਨੀ ਵਿਚ ਚੰਗੀ ਮਿਸਾਲ ਕਾਇਮ ਕਰ ਕੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਸਕਦੀ ਹੈ।” ਜੇ ਮਾਪੇ ਬੱਚੇ ਨੂੰ ਦੂਜਿਆਂ ਨਾਲ ਸਲੀਕੇ ਨਾਲ ਗੱਲ ਕਰਨ ਅਤੇ ਚੰਗੇ ਬਣਨ ਦੀ ਸਲਾਹ ਦਿੰਦੇ ਹਨ, ਪਰ ਉਹ ਆਪ ਇਸ ਤਰ੍ਹਾਂ ਨਹੀਂ ਕਰਦੇ, ਤਾਂ ਬੱਚੇ ਨੂੰ ਫਟਾਫਟ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਮਾਪੇ ਪਖੰਡੀ ਹਨ। ਮਾਪਿਆਂ ਦੀ ਗੱਲ ਦਾ ਬੱਚੇ ਤੇ ਕੋਈ ਅਸਰ ਨਹੀਂ ਹੋਵੇਗਾ। ਮਿਸਾਲ ਲਈ, ਜੇ ਮਾਪੇ ਬੱਚੇ ਨੂੰ ਈਮਾਨਦਾਰੀ ਤੇ ਚੱਲਣਾ ਸਿਖਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਪਹਿਲਾਂ ਆਪ ਈਮਾਨਦਾਰ ਬਣਨਾ ਚਾਹੀਦਾ ਹੈ। ਕੁਝ ਮਾਪਿਆਂ ਬਾਰੇ ਆਮ ਦੇਖਣ ਵਿਚ ਆਉਂਦਾ ਹੈ ਕਿ ਜਦੋਂ ਉਹ ਫ਼ੋਨ ਤੇ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੁੰਦੇ, ਤਾਂ ਉਹ ਬੱਚੇ ਨੂੰ ਝੂਠ ਬੋਲਣ ਲਈ ਕਹਿੰਦੇ ਹਨ ਕਿ “ਡੈਡੀ (ਜਾਂ ਮੰਮੀ) ਘਰ ਨਹੀਂ ਹਨ।” ਇਸ ਤੋਂ ਬੱਚਾ ਪਰੇਸ਼ਾਨੀ ਤੇ ਉਲਝਣ ਵਿਚ ਪੈ ਜਾਂਦਾ ਹੈ। ਇਸ ਤਰ੍ਹਾਂ ਉਹ ਵੀ ਕੋਈ ਮੁਸ਼ਕਲ ਆਉਣ ਤੇ ਬੇਝਿਜਕ ਹੋ ਕੇ ਝੂਠ ਬੋਲਣ ਲੱਗ ਸਕਦਾ ਹੈ। ਇਸ ਲਈ, ਜੇ ਮਾਪੇ ਸੱਚੀ-ਮੁੱਚੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਈਮਾਨਦਾਰ ਇਨਸਾਨ ਬਣੇ, ਤਾਂ ਉਨ੍ਹਾਂ ਨੂੰ ਆਪ ਈਮਾਨਦਾਰ ਬਣਨਾ ਚਾਹੀਦਾ ਹੈ।

ਕੀ ਤੁਸੀਂ ਆਪਣੇ ਬੱਚੇ ਨੂੰ ਅਦਬ ਨਾਲ ਬੋਲਣਾ ਸਿਖਾਉਣਾ ਚਾਹੁੰਦੇ ਹੋ? ਤਾਂ ਫਿਰ ਤੁਹਾਨੂੰ ਆਪ ਚੰਗੀ ਮਿਸਾਲ ਕਾਇਮ ਕਰਨੀ ਪੈਣੀ ਹੈ। ਇਸ ਤਰ੍ਹਾਂ ਤੁਹਾਡਾ ਬੱਚਾ ਤੁਹਾਡੀ ਨਕਲ ਕਰੇਗਾ। ਚਾਰ ਬੱਚਿਆਂ ਦਾ ਪਿਤਾ ਸੌਂਗ ਸਿਕ ਕਹਿੰਦਾ ਹੈ: “ਮੈਂ ਤੇ ਮੇਰੀ ਪਤਨੀ ਨੇ ਪੱਕਾ ਇਰਾਦਾ ਕੀਤਾ ਸੀ ਕਿ ਅਸੀਂ ਗੰਦੇ ਬੋਲ ਨਹੀਂ ਬੋਲਾਂਗੇ। ਅਸੀਂ ਇਕ-ਦੂਜੇ ਦਾ ਆਦਰ ਕਰਦੇ ਸਾਂ ਅਤੇ ਜਦੋਂ ਵੀ ਕਿਸੇ ਪਰੇਸ਼ਾਨੀ ਜਾਂ ਗੁੱਸੇ ਵਿਚ ਹੁੰਦੇ ਸਾਂ, ਤਾਂ ਅਸੀਂ ਚੀਕ-ਚਿਹਾੜਾ ਨਹੀਂ ਪਾਉਂਦੇ ਸਾਂ। ਇਸ ਤਰ੍ਹਾਂ ਬੱਚਿਆਂ ਤੇ ਸਾਡੀਆਂ ਗੱਲਾਂ ਨਾਲੋਂ ਜ਼ਿਆਦਾ ਸਾਡੀ ਚੰਗੀ ਮਿਸਾਲ ਦਾ ਅਸਰ ਪਿਆ। ਅਸੀਂ ਖ਼ੁਸ਼ ਹਾਂ ਕਿ ਸਾਡੇ ਬੱਚੇ ਦੂਜਿਆਂ ਨਾਲ ਆਦਰ ਤੇ ਨਿਮਰਤਾ ਨਾਲ ਗੱਲ ਕਰਦੇ ਹਨ।” ਬਾਈਬਲ ਵਿਚ ਗਲਾਤੀਆਂ 6:7 ਵਿਚ ਲਿਖਿਆ ਹੈ: “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।” ਜਿਹੜੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਨੈਤਿਕਤਾ ਦੇ ਉੱਚੇ ਮਿਆਰਾਂ ਤੇ ਚੱਲਣ, ਉਨ੍ਹਾਂ ਨੂੰ ਪਹਿਲਾਂ ਆਪ ਉਨ੍ਹਾਂ ਮਿਆਰਾਂ ਤੇ ਚੱਲਣਾ ਚਾਹੀਦਾ ਹੈ।

ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਰਹੋ

“ਤੁਸੀਂ [ਪਰਮੇਸ਼ੁਰ ਦੇ ਹੁਕਮ] ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।”—ਬਿਵਸਥਾ ਸਾਰ 6:7.

ਅੱਜ ਓਵਰਟਾਈਮ ਕਰਨ ਦਾ ਝੁਕਾਅ ਜ਼ੋਰ ਫੜਦਾ ਜਾ ਰਿਹਾ ਹੈ। ਜੇ ਪਤੀ-ਪਤਨੀ ਦੋਵੇਂ ਨੌਕਰੀ-ਪੇਸ਼ਾ ਹਨ, ਤਾਂ ਇਸ ਦਾ ਬੱਚਿਆਂ ਤੇ ਗਹਿਰਾ ਅਸਰ ਪੈਂਦਾ ਹੈ ਕਿਉਂਕਿ ਮਾਪੇ ਆਪਣੇ ਬੱਚਿਆਂ ਨਾਲ ਸਮਾਂ ਨਹੀਂ ਬਿਤਾ ਪਾਉਂਦੇ। ਜਦੋਂ ਮਾਪੇ ਘਰ ਹੁੰਦੇ ਹਨ, ਤਾਂ ਉਨ੍ਹਾਂ ਦੇ ਘਰ ਦੇ ਕੰਮ ਹੀ ਨਹੀਂ ਮੁੱਕਦੇ ਜਿਸ ਕਰਕੇ ਉਹ ਬਹੁਤ ਥੱਕ ਜਾਂਦੇ ਹਨ। ਇਨ੍ਹਾਂ ਹਾਲਾਤਾਂ ਵਿਚ ਤੁਸੀਂ ਆਪਣੇ ਬੱਚਿਆਂ ਨਾਲ ਕਿਵੇਂ ਗੱਲਬਾਤ ਕਰ ਸਕਦੇ ਹੋ? ਜੇ ਤੁਸੀਂ ਅਤੇ ਤੁਹਾਡੇ ਬੱਚੇ ਮਿਲ ਕੇ ਘਰ ਦਾ ਕੰਮ ਕਰੋ, ਤਾਂ ਤੁਹਾਨੂੰ ਗੱਲਬਾਤ ਕਰਨ ਦੇ ਮੌਕੇ ਮਿਲ ਸਕਦੇ ਹਨ। ਇਕ ਪਿਤਾ ਨੇ ਆਪਣਾ ਟੈਲੀਵਿਯਨ ਵੇਚ ਦਿੱਤਾ ਤਾਂਕਿ ਬੱਚਿਆਂ ਨਾਲ ਗੱਲਬਾਤ ਕਰਨ ਵਿਚ ਜ਼ਿਆਦਾ ਸਮਾਂ ਬਿਤਾਇਆ ਜਾ ਸਕੇ। ਉਸ ਨੇ ਕਿਹਾ: “ਪਹਿਲਾਂ-ਪਹਿਲਾਂ ਬੱਚੇ ਬੋਰ ਹੁੰਦੇ ਸਨ, ਪਰ ਜਦੋਂ ਮੈਂ ਉਨ੍ਹਾਂ ਨਾਲ ਪਹੇਲੀਆਂ ਬੁੱਝਣ ਦੀਆਂ ਖੇਡਾਂ ਖੇਡਦਾ ਤੇ ਦਿਲਚਸਪ ਕਿਤਾਬਾਂ ਦੀ ਚਰਚਾ ਕਰਦਾ ਸਾਂ, ਤਾਂ ਹੌਲੀ-ਹੌਲੀ ਟੈਲੀਵਿਯਨ ਵਿਚ ਉਨ੍ਹਾਂ ਦੀ ਦਿਲਚਸਪੀ ਘਟ ਗਈ।”

ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਸ਼ੁਰੂ ਤੋਂ ਹੀ ਆਪਣੇ ਮਾਪਿਆਂ ਨਾਲ ਗੱਲ ਕਰਨ ਦੇ ਆਦੀ ਹੋਣ। ਨਹੀਂ ਤਾਂ ਅੱਲ੍ਹੜ ਉਮਰ ਦੇ ਬੱਚੇ ਆਪਣੇ ਮਾਪਿਆਂ ਨੂੰ ਦੋਸਤ ਨਹੀਂ ਸਮਝਣਗੇ ਅਤੇ ਮੁਸ਼ਕਲਾਂ ਆਉਣ ਤੇ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਨਗੇ। ਤੁਸੀਂ ਉਨ੍ਹਾਂ ਦੀ ਆਪਣੇ ਦਿਲ ਦੀ ਗੱਲ ਦੱਸਣ ਵਿਚ ਕਿਵੇਂ ਮਦਦ ਕਰ ਸਕਦੇ ਹੋ? ਕਹਾਉਤਾਂ 20:5 ਵਿਚ ਕਿਹਾ ਗਿਆ ਹੈ: “ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ, ਪਰ ਸਮਝ ਵਾਲਾ ਉਹ ਨੂੰ ਬਾਹਰ ਕੱਢ ਲਿਆਵੇਗਾ।” ਮਾਪੇ ਉਨ੍ਹਾਂ ਨੂੰ ਆਪਣੇ ਵਿਚਾਰ ਦੱਸਣ ਲਈ ਸਵਾਲ ਪੁੱਛ ਸਕਦੇ ਹਨ, ਜਿਵੇਂ “ਤੇਰਾ ਇਸ ਬਾਰੇ ਕੀ ਖ਼ਿਆਲ ਹੈ?” ਇਸ ਤਰ੍ਹਾਂ ਮਾਪੇ ਉਨ੍ਹਾਂ ਨੂੰ ਆਪਣੇ ਵਿਚਾਰ ਤੇ ਜਜ਼ਬਾਤ ਜ਼ਾਹਰ ਕਰਨ ਦੀ ਹੱਲਾਸ਼ੇਰੀ ਦੇ ਸਕਦੇ ਹਨ।

ਜੇ ਤੁਹਾਡਾ ਬੱਚਾ ਕੋਈ ਗੰਭੀਰ ਗ਼ਲਤੀ ਕਰੇ, ਤਾਂ ਤੁਸੀਂ ਕੀ ਕਰੋਗੇ? ਇਹੀ ਸਮਾਂ ਹੈ ਜਦੋਂ ਬੱਚੇ ਨੂੰ ਤੁਹਾਡੀ ਸਭ ਤੋਂ ਜ਼ਿਆਦਾ ਲੋੜ ਹੈ। ਆਪਣੇ ਬੱਚੇ ਦੀ ਗੱਲ ਸੁਣਦੇ ਸਮੇਂ ਆਪਣੇ ਤੇ ਕਾਬੂ ਰੱਖੋ। ਇਕ ਪਿਤਾ ਦੱਸਦਾ ਹੈ ਕਿ ਉਹ ਇਸ ਹਾਲਤ ਵਿਚ ਕੀ ਕਰਦਾ ਹੈ: “ਜਦੋਂ ਬੱਚੇ ਗ਼ਲਤੀਆਂ ਕਰਦੇ ਹਨ, ਤਾਂ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਭੜਕਾ ਨਾ। ਮੈਂ ਬੈਠ ਕੇ ਉਨ੍ਹਾਂ ਦੀ ਗੱਲ ਸੁਣਦਾ ਹਾਂ। ਮੈਂ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਗੁੱਸੇ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਂਦਾ ਹੈ, ਤਾਂ ਮੈਂ ਕੁਝ ਬੋਲਣ ਤੋਂ ਪਹਿਲਾਂ ਥੋੜ੍ਹਾ ਰੁਕ ਕੇ ਆਪਣੇ ਆਪ ਨੂੰ ਸ਼ਾਂਤ ਕਰਦਾ ਹਾਂ।” ਜੇ ਤੁਸੀਂ ਸ਼ਾਂਤ ਰਹਿ ਕੇ ਉਨ੍ਹਾਂ ਦੀ ਗੱਲ ਸੁਣੋ, ਤਾਂ ਉਹ ਵੀ ਤੁਹਾਡੀ ਤਾੜਨਾ ਨੂੰ ਸਵੀਕਾਰ ਕਰਨ ਲਈ ਤਿਆਰ ਹੋਣਗੇ।

ਪਿਆਰ ਨਾਲ ਸੁਧਾਰੋ

“ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।”—ਅਫ਼ਸੀਆਂ 6:4.

ਬੱਚਿਆਂ ਤੇ ਚੰਗਾ ਅਸਰ ਪਾਉਣ ਲਈ ਉਨ੍ਹਾਂ ਨੂੰ ਪਿਆਰ ਨਾਲ ਸੁਧਾਰੋ। ਮਾਪੇ ਆਪਣਿਆਂ ਬਾਲਕਾਂ ਦਾ ਕ੍ਰੋਧ ਕਿਵੇਂ ਭੜਕਾ ਸਕਦੇ ਹਨ? ਜੇ ਗ਼ਲਤੀ ਦੀ ਗੰਭੀਰਤਾ ਅਨੁਸਾਰ ਬੱਚੇ ਨੂੰ ਨਹੀਂ ਸੁਧਾਰਿਆ ਜਾਂਦਾ ਜਾਂ ਉਸ ਨੂੰ ਬਹੁਤ ਹੀ ਕਠੋਰ ਤਰੀਕੇ ਨਾਲ ਸੁਧਾਰਿਆ ਜਾਂਦਾ ਹੈ, ਤਾਂ ਬੱਚੇ ਤੁਹਾਡੀ ਤਾੜਨਾ ਨੂੰ ਸਵੀਕਾਰ ਨਹੀਂ ਕਰਨਗੇ। ਬੱਚੇ ਨੂੰ ਹਮੇਸ਼ਾ ਪਿਆਰ ਨਾਲ ਸੁਧਾਰਿਆ ਜਾਣਾ ਚਾਹੀਦਾ ਹੈ। (ਕਹਾਉਤਾਂ 13:24) ਜੇ ਤੁਸੀਂ ਬੱਚਿਆਂ ਨੂੰ ਮਾੜੇ-ਚੰਗੇ ਕੰਮਾਂ ਦੇ ਨਫ਼ੇ-ਨੁਕਸਾਨ ਬਾਰੇ ਸਮਝਾਓਗੇ, ਤਾਂ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਉਨ੍ਹਾਂ ਨੂੰ ਇਸ ਲਈ ਤਾੜਨਾ ਦਿੰਦੇ ਹੋ ਕਿਉਂਕਿ ਤੁਸੀਂ ਉਨ੍ਹਾਂ ਨਾਲ ਪਿਆਰ ਕਰਦੇ ਹੋ।—ਕਹਾਉਤਾਂ 22:15; 29:19.

ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਗ਼ਲਤ ਕੰਮਾਂ ਦੇ ਕਿਹੜੇ ਬੁਰੇ ਨਤੀਜੇ ਨਿਕਲ ਸਕਦੇ ਹਨ। ਮਿਸਾਲ ਲਈ, ਜੇ ਬੱਚਾ ਕਿਸੇ ਦੂਜੇ ਦੇ ਖ਼ਿਲਾਫ਼ ਗ਼ਲਤੀ ਕਰਦਾ ਹੈ, ਤਾਂ ਤੁਸੀਂ ਉਸ ਨੂੰ ਮਾਫ਼ੀ ਮੰਗਣ ਲਈ ਮਜਬੂਰ ਕਰ ਸਕਦੇ ਹੋ। ਜਦੋਂ ਉਹ ਪਰਿਵਾਰ ਦੇ ਅਸੂਲਾਂ ਨੂੰ ਤੋੜਦਾ ਹੈ, ਤਾਂ ਤੁਸੀਂ ਉਸ ਨੂੰ ਕੁਝ ਚੀਜ਼ਾਂ ਤੋਂ ਵਾਂਝਿਆ ਕਰ ਸਕਦੇ ਹੋ ਤਾਂਕਿ ਉਹ ਅਸੂਲਾਂ ਨੂੰ ਬਰਕਰਾਰ ਰੱਖਣ ਦੀ ਅਹਿਮੀਅਤ ਸਮਝ ਸਕੇ।

ਬੱਚਿਆਂ ਨੂੰ ਸਹੀ ਸਮੇਂ ਤੇ ਸੁਧਾਰੋ। ਉਪਦੇਸ਼ਕ ਦੀ ਪੋਥੀ 8:11 ਵਿਚ ਲਿਖਿਆ ਹੈ: “ਤਾਬੜਤੋੜ ਬਦੀ ਦੀ ਸਜ਼ਾ ਦਾ ਹੁਕਮ [ਫੁਰਤੀ ਨਾਲ] ਪੂਰਾ ਨਾ ਹੋਣ ਦੇ ਕਾਰਨ ਆਦਮ ਵੰਸੀਆਂ ਦੇ ਮਨ ਪੁੱਜ ਕੇ ਬੁਰਿਆਈ ਦੀ ਵੱਲ ਲੱਗੇ ਰਹਿੰਦੇ ਹਨ।” ਇਸੇ ਤਰ੍ਹਾਂ, ਕਈ ਬੱਚੇ ਗ਼ਲਤੀ ਕਰਨ ਤੋਂ ਬਾਅਦ ਸਜ਼ਾ ਤੋਂ ਬਚਣ ਲਈ ਕੁਝ ਸਕੀਮਾਂ ਘੜਦੇ ਹਨ। ਇਸ ਲਈ, ਜਦੋਂ ਤੁਸੀਂ ਉਸ ਨੂੰ ਇਹ ਕਹਿ ਦਿੱਤਾ ਹੈ ਕਿ ਕੋਈ ਗ਼ਲਤੀ ਕਰਨ ਤੋਂ ਬਾਅਦ ਉਸ ਨੂੰ ਕੀ ਸਜ਼ਾ ਮਿਲੇਗੀ, ਤਾਂ ਉਸੇ ਤਰ੍ਹਾਂ ਕਰੋ।

ਚੰਗਾ ਮਨੋਰੰਜਨ ਕਰਨਾ ਵੀ ਜ਼ਰੂਰੀ ਹੈ

“ਇੱਕ ਹੱਸਣ ਦਾ ਵੇਲਾ ਹੈ, . . . ਅਤੇ ਇੱਕ ਨੱਚਣ ਦਾ ਵੇਲਾ ਹੈ।”—ਉਪਦੇਸ਼ਕ ਦੀ ਪੋਥੀ 3:4.

ਖੇਡਣਾ-ਕੁੱਦਣਾ ਅਤੇ ਚੰਗਾ ਮਨੋਰੰਜਨ ਬੱਚੇ ਦੇ ਸਰੀਰਕ ਤੇ ਮਾਨਸਿਕ ਵਾਧੇ ਲਈ ਜ਼ਰੂਰੀ ਹੈ। ਜਦੋਂ ਮਾਪੇ ਆਪਣੇ ਬੱਚਿਆਂ ਨਾਲ ਮਿਲ ਕੇ ਮਨੋਰੰਜਨ ਕਰਦੇ ਹਨ, ਤਾਂ ਪਰਿਵਾਰ ਵਿਚ ਪਿਆਰ ਵਧਦਾ ਹੈ ਤੇ ਬੱਚੇ ਸੁਰੱਖਿਅਤ ਮਹਿਸੂਸ ਕਰਦੇ ਹਨ। ਪਰਿਵਾਰ ਦੇ ਮੈਂਬਰ ਕਿਸ ਤਰ੍ਹਾਂ ਦੇ ਮਨੋਰੰਜਨ ਦਾ ਆਨੰਦ ਮਾਣ ਸਕਦੇ ਹਨ? ਇਸ ਬਾਰੇ ਸੋਚਣ ਲਈ ਜੇ ਤੁਸੀਂ ਸਮਾਂ ਕੱਢੋ, ਤਾਂ ਤੁਹਾਨੂੰ ਕਈ ਖੇਡਾਂ ਯਾਦ ਆਉਣਗੀਆਂ। ਤੁਸੀਂ ਸਾਈਕਲਿੰਗ ਕਰ ਸਕਦੇ ਹੋ, ਟੈਨਿਸ, ਬੈਡਮਿੰਟਨ ਅਤੇ ਵਾਲੀਬਾਲ ਵਰਗੀਆਂ ਖੇਡਾਂ ਖੇਡ ਸਕਦੇ ਹੋ। ਮਿਲ ਕੇ ਕੋਈ ਸਾਜ਼ ਵਜਾਉਣ ਨਾਲ ਵੀ ਸਾਰਾ ਪਰਿਵਾਰ ਆਨੰਦ ਮਾਣ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ ਆਪਣੇ ਨੇੜੇ-ਤੇੜੇ ਦੀਆਂ ਸੁੰਦਰ ਥਾਵਾਂ ਦੇਖਣ ਜਾ ਸਕਦੇ ਹੋ।

ਇਸ ਤਰ੍ਹਾਂ ਮਾਪੇ ਮਨੋਰੰਜਨ ਪ੍ਰਤੀ ਸਹੀ ਨਜ਼ਰੀਆ ਅਪਣਾਉਣ ਵਿਚ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ। ਤਿੰਨ ਮੁੰਡਿਆਂ ਦੇ ਮਸੀਹੀ ਪਿਤਾ ਨੇ ਕਿਹਾ: “ਸਮਾਂ ਮਿਲਣ ਤੇ ਮੈਂ ਆਪਣੇ ਬੱਚਿਆਂ ਨਾਲ ਮਨੋਰੰਜਨ ਕਰਦਾ ਹਾਂ। ਮਿਸਾਲ ਲਈ, ਜਦੋਂ ਉਹ ਕੰਪਿਊਟਰ ਗੇਮਾਂ ਖੇਡਦੇ ਹਨ, ਤਾਂ ਮੈਂ ਉਨ੍ਹਾਂ ਤੋਂ ਇਨ੍ਹਾਂ ਬਾਰੇ ਪੁੱਛਦਾ ਹਾਂ। ਜਦੋਂ ਉਹ ਖ਼ੁਸ਼ੀ ਨਾਲ ਇਨ੍ਹਾਂ ਗੇਮਾਂ ਬਾਰੇ ਦੱਸਦੇ ਹਨ, ਤਾਂ ਮੈਨੂੰ ਹਾਨੀਕਾਰਕ ਮਨੋਰੰਜਨ ਦੇ ਖ਼ਤਰੇ ਬਾਰੇ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਹੈ। ਮੈਂ ਦੇਖਿਆ ਹੈ ਕਿ ਉਹ ਹਾਨੀਕਾਰਕ ਗੇਮਾਂ ਖੇਡਣੀਆਂ ਛੱਡ ਦਿੰਦੇ ਹਨ।” ਜੀ ਹਾਂ, ਜਿਹੜੇ ਬੱਚੇ ਪਰਿਵਾਰ ਨਾਲ ਮਿਲ ਕੇ ਮਨੋਰੰਜਨ ਦਾ ਆਨੰਦ ਮਾਣਦੇ ਹਨ, ਉਹ ਅਜਿਹੇ ਟੈਲੀਵਿਯਨ ਪ੍ਰੋਗ੍ਰਾਮਾਂ, ਵਿਡਿਓ, ਫ਼ਿਲਮਾਂ ਅਤੇ ਇੰਟਰਨੈੱਟ ਗੇਮਾਂ ਵਿਚ ਘੱਟ ਦਿਲਚਸਪੀ ਲੈਂਦੇ ਹਨ ਜਿਨ੍ਹਾਂ ਵਿਚ ਹਿੰਸਾ, ਅਨੈਤਿਕਤਾ ਅਤੇ ਨਸ਼ਿਆਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ।

ਚੰਗੇ ਮਿੱਤਰ ਬਣਾਉਣ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ

“ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”—ਕਹਾਉਤਾਂ 13:20.

ਪਰਮੇਸ਼ੁਰੀ ਸਿੱਖਿਆ ਦੇ ਕੇ ਸਫ਼ਲਤਾ ਨਾਲ ਆਪਣੇ ਚਾਰ ਬੱਚਿਆਂ ਦੀ ਪਰਵਰਿਸ਼ ਕਰਨ ਵਾਲੇ ਇਕ ਪਿਤਾ ਨੇ ਕਿਹਾ: “ਦੋਸਤ-ਮਿੱਤਰਾਂ ਦੀ ਚੋਣ ਕਰਨ ਵੇਲੇ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ। ਤੁਹਾਡੇ ਬੱਚੇ ਦਾ ਇਕ ਖ਼ਰਾਬ ਦੋਸਤ ਤੁਹਾਡੀ ਸਾਰੀ ਕੀਤੀ-ਕਰਾਈ ਖੂਹ ਵਿਚ ਪਾ ਸਕਦਾ ਹੈ।” ਚੰਗੇ ਮਿੱਤਰ ਬਣਾਉਣ ਵਿਚ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਉਸ ਨੇ ਉਨ੍ਹਾਂ ਤੋਂ ਅਜਿਹੇ ਸਵਾਲ ਪੁੱਛੇ: ਤੇਰਾ ਸਭ ਤੋਂ ਗੂੜ੍ਹਾ ਮਿੱਤਰ ਕੌਣ ਹੈ? ਤੈਨੂੰ ਉਹ ਕਿਉਂ ਪਸੰਦ ਹੈ? ਤੂੰ ਉਸ ਦੀ ਕਿਹੜੀ ਗੱਲ ਦੀ ਰੀਸ ਕਰਨੀ ਚਾਹੁੰਦਾ ਹੈਂ? ਇਕ ਹੋਰ ਪਿਤਾ ਆਪਣੇ ਬੱਚਿਆਂ ਦੇ ਦੋਸਤਾਂ-ਮਿੱਤਰਾਂ ਨੂੰ ਘਰ ਬੁਲਾਉਂਦਾ ਹੈ। ਇਸ ਤਰ੍ਹਾਂ ਉਹ ਦੋਸਤਾਂ-ਮਿੱਤਰਾਂ ਦੀ ਪਰਖ ਕਰ ਕੇ ਆਪਣੇ ਬੱਚਿਆਂ ਨੂੰ ਢੁਕਵੀਂ ਸਲਾਹ ਦੇ ਸਕਦਾ ਹੈ।

ਬੱਚਿਆਂ ਨੂੰ ਇਹ ਵੀ ਸਿਖਾਉਣਾ ਜ਼ਰੂਰੀ ਹੈ ਕਿ ਉਹ ਆਪਣੇ ਹਾਣੀਆਂ ਦੇ ਨਾਲ-ਨਾਲ ਵੱਡੇ ਲੋਕਾਂ ਨਾਲ ਵੀ ਦੋਸਤੀ ਕਰਨ। ਤਿੰਨ ਮੁੰਡਿਆਂ ਦਾ ਪਿਤਾ ਬਮ-ਸਨ ਕਹਿੰਦਾ ਹੈ: “ਮੈਂ ਆਪਣੇ ਬੱਚਿਆਂ ਦੀ ਇਹ ਸਮਝਣ ਵਿਚ ਮਦਦ ਕਰਦਾ ਹਾਂ ਕਿ ਇਹ ਜ਼ਰੂਰੀ ਨਹੀਂ ਕਿ ਸਾਡੇ ਦੋਸਤ-ਮਿੱਤਰ ਸਿਰਫ਼ ਸਾਡੀ ਉਮਰ ਦੇ ਹੋਣ। ਬਾਈਬਲ ਵਿਚ ਅਸੀਂ ਦੇਖ ਸਕਦੇ ਹਾਂ ਕਿ ਦਾਊਦ ਤੇ ਯੋਨਾਥਨ ਦੀ ਉਮਰ ਵਿਚ ਕਿੰਨਾ ਫ਼ਰਕ ਸੀ। ਦਰਅਸਲ, ਮੈਂ ਹਰ ਉਮਰ ਦੇ ਭੈਣ-ਭਰਾਵਾਂ ਨੂੰ ਘਰ ਬੁਲਾਉਂਦਾ ਹਾਂ ਤਾਂਕਿ ਉਹ ਮੇਰੇ ਬੱਚਿਆਂ ਨਾਲ ਸੰਗਤ ਕਰ ਸਕਣ। ਇਸ ਤਰ੍ਹਾਂ ਬੱਚੇ ਬਹੁਤ ਸਾਰੇ ਭੈਣ-ਭਰਾਵਾਂ ਦੀ ਸੰਗਤ ਦਾ ਆਨੰਦ ਮਾਣਦੇ ਹਨ ਜੋ ਉਨ੍ਹਾਂ ਦੀ ਉਮਰ ਦੇ ਨਹੀਂ ਹਨ।” ਮਿਸਾਲੀ ਭੈਣ-ਭਰਾਵਾਂ ਨੂੰ ਮਿਲ ਕੇ ਬੱਚਿਆਂ ਨੂੰ ਕਈ ਗੱਲਾਂ ਸਿੱਖਣ ਦੇ ਮੌਕੇ ਮਿਲਦੇ ਹਨ।

ਤੁਸੀਂ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਕਾਮਯਾਬ ਹੋ ਸਕਦੇ ਹੋ

ਅਮਰੀਕਾ ਵਿਚ ਕੀਤੇ ਇਕ ਅਧਿਐਨ ਅਨੁਸਾਰ ਬਹੁਤ ਸਾਰੇ ਮਾਪਿਆਂ ਨੇ ਆਪਣੇ ਬੱਚਿਆਂ ਵਿਚ ਸੰਜਮ, ਆਤਮ-ਅਨੁਸ਼ਾਸਨ ਅਤੇ ਈਮਾਨਦਾਰੀ ਦੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਜ਼ਿਆਦਾ ਸਫ਼ਲ ਨਹੀਂ ਹੋਏ। ਇਸ ਤਰ੍ਹਾਂ ਕਰਨਾ ਐਨਾ ਮੁਸ਼ਕਲ ਕਿਉਂ ਹੈ? ਇਸ ਅਧਿਐਨ ਦਾ ਜਵਾਬ ਦੇਣ ਵਾਲੀ ਇਕ ਮਾਂ ਨੇ ਕਿਹਾ: ‘ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦਾ ਇੱਕੋ ਤਰੀਕਾ ਹੈ ਕਿ ਉਨ੍ਹਾਂ ਨੂੰ ਕਮਰੇ ਵਿਚ ਬੰਦ ਕਰ ਕੇ ਰੱਖਿਆ ਜਾਵੇ ਤੇ ਉਨ੍ਹਾਂ ਨੂੰ ਕਦੇ ਵੀ ਦੁਨੀਆਂ ਦੀ ਹਵਾ ਨਾ ਲੱਗਣ ਦਿੱਤੀ ਜਾਵੇ।’ ਉਸ ਦੇ ਕਹਿਣ ਦਾ ਮਤਲਬ ਸੀ ਕਿ ਬੱਚੇ ਅੱਜ ਜਿਸ ਮਾਹੌਲ ਵਿਚ ਪਲ਼ ਰਹੇ ਹਨ, ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ਰਾਬ ਹੋ ਚੁੱਕਾ ਹੈ। ਇਸ ਮਾਹੌਲ ਵਿਚ ਸਫ਼ਲਤਾ ਨਾਲ ਬੱਚਿਆਂ ਦੀ ਪਰਵਰਿਸ਼ ਕਰਨੀ ਕੀ ਸੱਚ-ਮੁੱਚ ਮੁਮਕਿਨ ਹੈ?

ਜੇ ਤੁਸੀਂ ਓਰਕਿਡ ਦਾ ਪੌਦਾ ਉਗਾਉਣਾ ਚਾਹੋ, ਪਰ ਤੁਹਾਨੂੰ ਇਸ ਦੇ ਸੁੱਕਣ ਦਾ ਵੀ ਡਰ ਹੋਵੇ, ਤਾਂ ਤੁਸੀਂ ਸ਼ਾਇਦ ਇਹ ਕੰਮ ਸ਼ੁਰੂ ਹੀ ਨਾ ਕਰੋ। ਪਰ ਜੇ ਓਰਕਿਡ ਉਗਾਉਣ ਵਿਚ ਕੋਈ ਮਾਹਰ ਤੁਹਾਨੂੰ ਕੁਝ ਚੰਗੇ ਸੁਝਾਅ ਦੇ ਕੇ ਯਕੀਨ ਨਾਲ ਕਹਿੰਦਾ: “ਜੇ ਤੁਸੀਂ ਇਹ ਸੁਝਾਅ ਮੰਨੋ, ਤਾਂ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ,” ਤਾਂ ਇਸ ਨਾਲ ਤੁਹਾਨੂੰ ਕਿੰਨੀ ਰਾਹਤ ਮਿਲਦੀ! ਯਹੋਵਾਹ ਮਨੁੱਖੀ ਸੁਭਾਅ ਦਾ ਸਭ ਤੋਂ ਵੱਡਾ ਮਾਹਰ ਹੈ। ਉਹ ਬੱਚਿਆਂ ਦੀ ਪਰਵਰਿਸ਼ ਕਰਨ ਦਾ ਸਭ ਤੋਂ ਵਧੀਆ ਤਰੀਕਾ ਦੱਸਦਾ ਹੈ। ਉਹ ਕਹਿੰਦਾ ਹੈ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” (ਕਹਾਉਤਾਂ 22:6) ਜਦੋਂ ਤੁਸੀਂ ਬਾਈਬਲ ਦੀ ਸਲਾਹ ਅਨੁਸਾਰ ਬੱਚਿਆਂ ਨੂੰ ਸਿਖਲਾਈ ਦਿਓਗੇ, ਤਾਂ ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ, ਦੂਜਿਆਂ ਦਾ ਲਿਹਾਜ਼ ਕਰਨ ਵਾਲੇ ਅਤੇ ਭਲੇ-ਬੁਰੇ ਦੀ ਸਮਝ ਰੱਖਣ ਵਾਲੇ ਇਨਸਾਨ ਬਣਦੇ ਦੇਖ ਕੇ ਬਹੁਤ ਖ਼ੁਸ਼ ਹੋਵੋਗੇ। ਫਿਰ ਸਾਰੇ ਲੋਕ ਉਨ੍ਹਾਂ ਨੂੰ ਪਿਆਰ ਕਰਨਗੇ ਅਤੇ ਸਾਡਾ ਸਵਰਗੀ ਪਿਤਾ ਯਹੋਵਾਹ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਿਆਰ ਕਰੇਗਾ।