Skip to content

Skip to table of contents

ਸਭ ਤੋਂ ਕੀਮਤੀ ਵਿਰਾਸਤ

ਸਭ ਤੋਂ ਕੀਮਤੀ ਵਿਰਾਸਤ

ਸਭ ਤੋਂ ਕੀਮਤੀ ਵਿਰਾਸਤ

ਆਪਣੀ ਜ਼ਿੰਦਗੀ ਦੀ ਢਲ਼ਦੀ ਸ਼ਾਮ ਦੌਰਾਨ ਯੂਹੰਨਾ ਰਸੂਲ ਨੇ ਲਿਖਿਆ: “ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।”—3 ਯੂਹੰਨਾ 4.

ਇਸ ਆਇਤ ਵਿਚ ਯੂਹੰਨਾ ਰਸੂਲ ਆਪਣੇ ਅਧਿਆਤਮਿਕ ਬੱਚਿਆਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਦੀ ਉਸ ਨੇ ਸੱਚਾਈ ਸਿੱਖਣ ਵਿਚ ਮਦਦ ਕੀਤੀ ਸੀ। ਪਰ ਉਸ ਦੇ ਇਨ੍ਹਾਂ ਸ਼ਬਦਾਂ ਦੀ ਬਹੁਤ ਸਾਰੇ ਮਾਤਾ-ਪਿਤਾ ਵੀ ਹਾਮੀ ਭਰਦੇ ਹਨ ਜੋ ਆਪਣੇ ਬੱਚਿਆਂ ਨੂੰ “ਸਚਿਆਈ ਉੱਤੇ ਚੱਲਦੇ” ਦੇਖ ਕੇ ਬਹੁਤ ਖ਼ੁਸ਼ ਹਨ। ਉਨ੍ਹਾਂ ਨੇ ਬੜੀ ਮਿਹਨਤ ਨਾਲ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ। (ਅਫ਼ਸੀਆਂ 6:4) ਬੱਚਿਆਂ ਨੂੰ ਸਦਾ ਦੀ ਜ਼ਿੰਦਗੀ ਦੇ ਰਾਹ ਉੱਤੇ ਚੱਲਣਾ ਸਿਖਾ ਕੇ ਮਾਪੇ ਉਨ੍ਹਾਂ ਨੂੰ ਵਿਰਸੇ ਵਿਚ ਸਭ ਤੋਂ ਕੀਮਤੀ ਤੋਹਫ਼ਾ ਦਿੰਦੇ ਹਨ। ਉਹ ਕਿੱਦਾਂ? ਕਿਉਂਕਿ ਭਗਤੀ ਦੀ ਜ਼ਿੰਦਗੀ ਯਾਨੀ ਯਹੋਵਾਹ ਦੀ ਮਰਜ਼ੀ ਅਨੁਸਾਰ ਜ਼ਿੰਦਗੀ ਜੀ ਕੇ ਮਸੀਹੀ “ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ” ਪੂਰਾ ਹੋਣ ਦੀ ਆਸ ਰੱਖ ਸਕਦੇ ਹਨ।—1 ਤਿਮੋਥਿਉਸ 4:8.

ਸਾਡਾ ਮਹਾਨ ਪਿਤਾ ਯਹੋਵਾਹ ਸ਼ਰਧਾਲੂ ਮਾਪਿਆਂ ਦੀ ਬਹੁਤ ਕਦਰ ਕਰਦਾ ਹੈ ਜੋ ਆਪਣੇ ਬੱਚਿਆਂ ਨੂੰ ਉਸ ਦੇ ਰਾਹਾਂ ਦੀ ਸਿੱਖਿਆ ਦੇਣ ਲਈ ਪੂਰੀ ਵਾਹ ਲਾਉਂਦੇ ਹਨ। ਜਦੋਂ ਬੱਚੇ ਇਸ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ, ਤਾਂ ਉਹ ਆਪਣੇ ਮਾਪਿਆਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਵਿਚ ਬਹੁਤ ਖ਼ੁਸ਼ੀ ਮਹਿਸੂਸ ਕਰਦੇ ਹਨ। ਵੱਡੇ ਹੋ ਕੇ ਵੀ ਬਚਪਨ ਦੀਆਂ ਇਹ ਮਿੱਠੀਆਂ ਯਾਦਾਂ ਹਮੇਸ਼ਾ ਉਨ੍ਹਾਂ ਨਾਲ ਰਹਿੰਦੀਆਂ ਹਨ। ਕਈ ਨੌਜਵਾਨ ਉਸ ਮੌਕੇ ਨੂੰ ਯਾਦ ਕਰ ਕੇ ਮੁਸਕਰਾ ਉੱਠਦੇ ਹਨ ਜਦੋਂ ਉਨ੍ਹਾਂ ਨੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਪਹਿਲੀ ਵਾਰ ਹਿੱਸਾ ਲਿਆ ਸੀ। * ਜਾਂ ਉਹ ਸ਼ਾਇਦ ਉਸ ਦਿਨ ਨੂੰ ਚੇਤੇ ਕਰਦੇ ਹਨ ਜਦੋਂ ਉਹ ਆਪਣੇ ਮਾਤਾ-ਪਿਤਾ ਨਾਲ ਘਰ-ਘਰ ਦੀ ਸੇਵਕਾਈ ਵਿਚ ਗਏ ਸਨ ਅਤੇ ਪਹਿਲੀ ਵਾਰ ਬਾਈਬਲ ਵਿੱਚੋਂ ਕੋਈ ਆਇਤ ਪੜ੍ਹ ਕੇ ਸੁਣਾਈ ਸੀ। ਇਸ ਤੋਂ ਇਲਾਵਾ, ਉਹ ਉਨ੍ਹਾਂ ਮਿੱਠੇ ਪਲਾਂ ਨੂੰ ਕਿੱਦਾਂ ਭੁਲਾ ਸਕਦੇ ਹਨ ਜਦੋਂ ਮੰਮੀ-ਡੈਡੀ ਉਨ੍ਹਾਂ ਨੂੰ ਆਪਣੀ ਗੋਦ ਵਿਚ ਲੈ ਕੇ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਮਹਾਨ ਸਿੱਖਿਅਕ ਦੀ ਸੁਣੋ (ਅੰਗ੍ਰੇਜ਼ੀ) ਕਿਤਾਬ ਵਿੱਚੋਂ ਉਨ੍ਹਾਂ ਨੂੰ ਪੜ੍ਹ ਕੇ ਸੁਣਾਉਂਦੇ ਸਨ? * ਗੇਬ੍ਰੀਅਲ ਦੱਸਦਾ ਹੈ ਕਿ ਉਸ ਨੂੰ ਸਭ ਤੋਂ ਚੰਗਾ ਕੀ ਲੱਗਦਾ ਸੀ: “ਜਦੋਂ ਮੈਂ ਚਾਰ ਸਾਲ ਦਾ ਸੀ, ਤਾਂ ਮੰਮੀ ਖਾਣਾ ਬਣਾਉਣ ਵੇਲੇ ਮੈਨੂੰ ‘ਕਿੰਗਡਮ ਸੌਂਗ’ ਗਾ ਕੇ ਸੁਣਾਉਂਦੀ ਹੁੰਦੀ ਸੀ। ਖ਼ਾਸਕਰ ਇਕ ਗੀਤ ਦੇ ਬੋਲਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਨੇ ਯਹੋਵਾਹ ਦੀ ਸੇਵਾ ਕਰਨ ਦੀ ਮਹੱਤਤਾ ਨੂੰ ਸਮਝਣ ਵਿਚ ਮੇਰੀ ਬਹੁਤ ਮਦਦ ਕੀਤੀ।” ਗੇਬ੍ਰੀਅਲ “ਜਵਾਨੀ ਵਿਚ ਯਹੋਵਾਹ ਦੀ ਸੇਵਾ ਕਰੋ” ਨਾਮਕ ਗੀਤ ਦੀ ਗੱਲ ਕਰ ਰਿਹਾ ਸੀ। ਸ਼ਾਇਦ ਤੁਸੀਂ ਵੀ ਇਸ ਗੀਤ ਤੋਂ ਵਾਕਫ਼ ਹੋਵੋਗੇ। ਇਹ ਅੰਗ੍ਰੇਜ਼ੀ ਵਿਚ ਯਹੋਵਾਹ ਦੀ ਉਸਤਤ ਗਾਓ ਨਾਂ ਦੀ ਗੀਤ-ਪੁਸਤਕ ਵਿਚ ਗੀਤ ਨੰ. 157 ਹੈ।

ਇਸ ਗੀਤ ਦੀ ਪਹਿਲੀ ਲਾਈਨ ਕਹਿੰਦੀ ਹੈ ਕਿ ਪੁਰਾਣੇ ਸਮਿਆਂ ਵਿਚ ਬੱਚਿਆਂ ਨੇ ਪਰਮੇਸ਼ੁਰ ਅਤੇ ਯਿਸੂ ਦੀ ਉਸਤਤ ਕੀਤੀ ਸੀ। ਕੁਝ ਬੱਚਿਆਂ ਨੇ ਤਾਂ ਯਿਸੂ ਦੀ ਸੰਗਤ ਦਾ ਵੀ ਆਨੰਦ ਮਾਣਿਆ ਸੀ ਅਤੇ ਯਿਸੂ ਵੀ ਉਨ੍ਹਾਂ ਦੇ ਭੋਲੇਪਣ ਨੂੰ ਦੇਖ ਕੇ ਬਹੁਤ ਖ਼ੁਸ਼ ਹੋਇਆ ਹੋਣਾ। ਯਿਸੂ ਨੇ ਸਿੱਖਿਆ ਗ੍ਰਹਿਣ ਕਰਨ ਦੀ ਮਹੱਤਤਾ ਸਮਝਾਉਣ ਲਈ ਆਪਣੇ ਚੇਲਿਆਂ ਨੂੰ ਬੱਚਿਆਂ ਦੀ ਮਿਸਾਲ ਦਿੱਤੀ ਸੀ। (ਮੱਤੀ 18:3, 4) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਭਗਤੀ ਵਿਚ ਬੱਚੇ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਸੇ ਗੀਤ ਦੀ ਅਗਲੀ ਲਾਈਨ ਕਹਿੰਦੀ ਕਿ ਨਿਆਣੇ ਵੀ ਪਰਮੇਸ਼ੁਰ ਦੀ ਮਹਿਮਾ ਕਰ ਸਕਦੇ ਹਨ।

ਕਈ ਬੱਚਿਆਂ ਨੇ ਘਰ ਵਿਚ, ਸਕੂਲ ਵਿਚ ਜਾਂ ਹੋਰ ਥਾਵਾਂ ਤੇ ਚੰਗਾ ਆਚਰਣ ਰੱਖ ਕੇ ਪਰਮੇਸ਼ੁਰ ਦੀ ਮਹਿਮਾ ਕੀਤੀ ਹੈ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਹ ਬੱਚੇ ਕਿੰਨੇ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਦੇ ਧਰਮੀ ਮਾਤਾ-ਪਿਤਾ ਸੱਚਾਈ ਨਾਲ ਪਿਆਰ ਕਰਦੇ ਹਨ। (ਬਿਵਸਥਾ ਸਾਰ 6:7) ਧਰਮੀ ਮਾਤਾ-ਪਿਤਾ ਯਹੋਵਾਹ ਦਾ ਪੱਖ ਲੈਂਦੇ ਹਨ ਜੋ ਬੜੇ ਪਿਆਰ ਨਾਲ ਆਪਣੇ ਸੇਵਕਾਂ ਨੂੰ ਸਹੀ ਰਾਹ ਦਿਖਾਉਂਦਾ ਹੈ। ਇਸ ਰਾਹ ਉੱਤੇ ਚੱਲ ਕੇ ਉਨ੍ਹਾਂ ਨੂੰ ਕਿੰਨੀਆਂ ਅਸੀਸਾਂ ਮਿਲਦੀਆਂ ਹਨ! ਉਹ ਅੱਗੋਂ ਆਪਣੇ ਨਿਆਣਿਆਂ ਨੂੰ ਸਤ ਦਾ ਰਾਹ ਸਿਖਾਉਂਦੇ ਹਨ ਅਤੇ ਇਹ ਦੇਖ ਕੇ ਬਾਗ-ਬਾਗ ਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਗੱਲ ਮੰਨਣ ਲਈ ਸਦਾ ਤਿਆਰ ਰਹਿੰਦੇ ਹਨ। (ਯਸਾਯਾਹ 48:17, 18) ਔਨਹੈਲੀਕਾ ਜੋ ਇਸ ਸਮੇਂ ਮੈਕਸੀਕੋ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਹੀ ਹੈ, ਕਹਿੰਦੀ ਹੈ: “ਮੇਰੇ ਮੰਮੀ-ਡੈਡੀ ਹਮੇਸ਼ਾ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਸਨ। ਇਸੇ ਕਰਕੇ ਮੇਰਾ ਬਚਪਨ ਬਹੁਤ ਹੀ ਵਧੀਆ ਬੀਤਿਆ। ਮੈਂ ਬਹੁਤ ਖ਼ੁਸ਼ ਸੀ।”

ਬਚਪਨ ਤੋਂ ਹੀ ਅਧਿਆਤਮਿਕ ਸਿੱਖਿਆ ਹਾਸਲ ਕਰਨ ਵਾਲੇ ਇਹ ਮਸੀਹੀ ਮੰਨਦੇ ਹਨ ਕਿ ਸਾਨੂੰ ਆਪਣੀ ਇਸ ਰੂਹਾਨੀ ਵਿਰਾਸਤ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਤੁਸੀਂ ਵੀ ਅਜਿਹੇ ਪਰਿਵਾਰ ਵਿਚ ਪਲ ਰਹੇ ਹੋ ਜਿੱਥੇ ਤੁਹਾਡੇ ਮਾਪੇ ਤੁਹਾਨੂੰ ਮਸੀਹੀ ਕਦਰਾਂ-ਕੀਮਤਾਂ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਇਸ ਤਰ੍ਹਾਂ ਹੈ, ਤਾਂ ਗੀਤ ਵਿਚ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਮਸੀਹੀ ਹੋਣ ਦੇ ਨਾਤੇ ਆਪਣੇ ਆਚਰਣ ਨੂੰ ਸਾਫ਼ ਰੱਖਣ ਦੀ ਪੂਰੀ ਵਾਹ ਲਾਓ। ਇਕ ਦਿਨ ਤੁਹਾਨੂੰ ਆਪਣੀ ਜ਼ਿੰਦਗੀ ਦੇ ਫ਼ੈਸਲੇ ਆਪ ਕਰਨੇ ਪੈਣਗੇ, ਇਸ ਲਈ ਜਿਵੇਂ ਗੀਤ ਵਿਚ ਅੱਗੇ ਕਿਹਾ ਗਿਆ ਹੈ, ਤੁਹਾਨੂੰ ਛੋਟੀ ਉਮਰ ਤੋਂ ਹੀ ਯਹੋਵਾਹ ਉੱਤੇ ਭਰੋਸਾ ਰੱਖਣਾ ਸਿੱਖਣਾ ਚਾਹੀਦਾ ਹੈ ਅਤੇ ਦੁਨਿਆਵੀ ਦੋਸਤਾਂ ਦੀ ਵਾਹ-ਵਾਹ ਖੱਟਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਜੇ ਤੁਸੀਂ ਆਪਣੇ ਦੁਨਿਆਵੀ ਦੋਸਤਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਹੋ ਸਕਦਾ ਹੈ ਕਿ ਤੁਹਾਡੇ ਮਾਪਿਆਂ ਦੀ ਸਿੱਖਿਆ ਉੱਤੇ ਪਾਣੀ ਫਿਰ ਜਾਵੇ ਅਤੇ ਤੁਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਲਵੋ। ਦੁਨਿਆਵੀ ਦੋਸਤਾਂ-ਮਿੱਤਰਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਵਿਚ ਤੁਸੀਂ ਸ਼ਾਇਦ ਮਸੀਹੀ ਸਿਧਾਂਤਾਂ ਦੀ ਬਲੀ ਚੜ੍ਹਾ ਦਿਓਗੇ। ਇਹ ਦੋਸਤ ਸ਼ਾਇਦ ਚੰਗੇ ਇਨਸਾਨ ਜਾਪਦੇ ਹੋਣ ਤੇ ਨੈਣ-ਨਕਸ਼ਾਂ ਤੋਂ ਵੀ ਸੋਹਣੇ-ਸੁਣੱਖੇ ਹੋਣ, ਪਰ ਉਨ੍ਹਾਂ ਨੂੰ ਮਸੀਹੀ ਮਿਆਰਾਂ ਦੀ ਕੋਈ ਪਰਵਾਹ ਨਹੀਂ ਹੁੰਦੀ। ਇਹੋ ਹਕੀਕਤ ਨੌਜਵਾਨ ਪੁੱਛਦੇ ਹਨ—ਮੈਨੂੰ ਸੱਚੇ ਦੋਸਤ ਕਿਵੇਂ ਮਿਲ ਸਕਦੇ ਹਨ? (ਅੰਗ੍ਰੇਜ਼ੀ) ਨਾਮਕ ਵਿਡਿਓ ਵਿਚ ਦਿਖਾਈ ਗਈ ਸੀ। ਜਿਹੜੇ ਮਸੀਹੀ ਨੌਜਵਾਨ ਇਸ ਵਿਡਿਓ ਵਿਚ ਦਿਖਾਈ ਗਈ ਟਾਰਾ ਨਾਂ ਦੀ ਕੁੜੀ ਵਾਂਗ ਉਨ੍ਹਾਂ ਦੋਸਤਾਂ ਨਾਲ ਸੰਗਤ ਕਰਦੇ ਹਨ ਜੋ ਯਹੋਵਾਹ ਦੀ ਭਗਤੀ ਨਹੀਂ ਕਰਦੇ, ਉਨ੍ਹਾਂ ਨੂੰ ਇਕ-ਨ-ਇਕ ਦਿਨ ਅਹਿਸਾਸ ਹੁੰਦਾ ਹੈ ਕਿ ਗੀਤ ਦੇ ਇਹ ਬੋਲ ਬਿਲਕੁਲ ਸੱਚ ਹਨ ਕਿ ਭੈੜੀ ਸੰਗਤ ਚੰਗੀਆਂ ਆਦਤਾਂ ਨੂੰ ਵਿਗਾੜ ਦਿੰਦੀ ਹੈ। ਚੰਗੀਆਂ ਆਦਤਾਂ ਪਾਉਣ ਲਈ ਕਈ ਸਾਲ ਲੱਗ ਜਾਂਦੇ ਹਨ, ਪਰ ਇਨ੍ਹਾਂ ਨੂੰ ਵਿਗੜਨ ਵਿਚ ਜ਼ਰਾ ਵੀ ਸਮਾਂ ਨਹੀਂ ਲੱਗਦਾ।

ਇਹ ਸੱਚ ਹੈ ਕਿ ਪਰਮੇਸ਼ੁਰ ਦੇ ਰਾਹ ਉੱਤੇ ਚੱਲਣਾ ਆਸਾਨ ਨਹੀਂ ਹੈ। ਪਰ ਗੀਤ ਅੱਗੇ ਇਹ ਸਲਾਹ ਦਿੰਦਾ ਹੈ ਕਿ ਤੁਹਾਨੂੰ ਆਪਣੀ ਜਵਾਨੀ ਦੇ ਦਿਨਾਂ ਵਿਚ ਪਰਮੇਸ਼ੁਰ ਨੂੰ ਚੇਤੇ ਰੱਖਣਾ ਚਾਹੀਦਾ ਹੈ ਅਤੇ ਆਤਮਾ ਤੇ ਸੱਚਾਈ ਨਾਲ ਉਸ ਦੀ ਸੇਵਾ ਕਰਨੀ ਚਾਹੀਦੀ ਹੈ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ਸਫ਼ਲ ਜ਼ਿੰਦਗੀ ਦੀ ਪੱਕੀ ਬੁਨਿਆਦ ਰੱਖ ਰਹੇ ਹੋਵੋਗੇ ਅਤੇ ਤੁਸੀਂ ਖ਼ੁਸ਼ੀਆਂ-ਭਰੀ ਜ਼ਿੰਦਗੀ ਦਾ ਆਨੰਦ ਮਾਣੋਗੇ। ਤੁਸੀਂ ਆਪ ਅਨੁਭਵ ਕਰੋਗੇ ਕਿ ਯਹੋਵਾਹ ਦੀ ਦੇਖ-ਰੇਖ ਵਿਚ ਰਹਿੰਦੇ ਹੋਏ ਕੋਈ ਵੀ ਚੀਜ਼ ਜਾਂ ਇਨਸਾਨ ਤੁਹਾਨੂੰ ਸਹੀ ਕੰਮ ਕਰਨ ਤੋਂ ਨਹੀਂ ਰੋਕ ਸਕਦਾ। ਤੁਸੀਂ ਵੱਡੇ ਹੋ ਕੇ ਯਹੋਵਾਹ ਦੇ ਸੂਝਵਾਨ ਸੇਵਕ ਬਣੋਗੇ। ਪਰ ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਤੁਸੀਂ ਆਪਣੇ ਮਸੀਹੀ ਮਾਪਿਆਂ ਤੋਂ ਮਿਲੀ ਸਿੱਖਿਆ ਉੱਤੇ ਚੱਲ ਕੇ ਯਹੋਵਾਹ ਦੇ ਜੀਅ ਨੂੰ ਆਨੰਦਿਤ ਕਰੋਗੇ। ਇਸ ਨਾਲੋਂ ਵੱਡੇ ਮਾਣ ਦੀ ਗੱਲ ਸਾਡੇ ਲਈ ਕੀ ਹੋ ਸਕਦੀ ਹੈ?—ਕਹਾਉਤਾਂ 27:11.

ਤਾਂ ਫਿਰ, ਹੇ ਨੌਜਵਾਨੋ, ਯਹੋਵਾਹ ਵੱਲੋਂ ਅਤੇ ਮਸੀਹੀ ਮਾਤਾ-ਪਿਤਾ ਤੋਂ ਮਿਲੀ ਵਡਮੁੱਲੀ ਸਿਖਲਾਈ ਨੂੰ ਕਦੇ ਨਾ ਭੁੱਲੋ। ਉਨ੍ਹਾਂ ਦੇ ਡੂੰਘੇ ਪਿਆਰ ਦੀ ਖ਼ਾਤਰ ਹਮੇਸ਼ਾ ਉਹੋ ਕੰਮ ਕਰੋ ਜਿਸ ਨਾਲ ਯਹੋਵਾਹ ਖ਼ੁਸ਼ ਹੁੰਦਾ ਹੈ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ਵੀ ਯਿਸੂ ਮਸੀਹ ਅਤੇ ਵਫ਼ਾਦਾਰ ਨੌਜਵਾਨ ਤਿਮੋਥਿਉਸ ਵਾਂਗ ਆਪਣੇ ਸਵਰਗੀ ਪਿਤਾ ਅਤੇ ਆਪਣੇ ਮਾਤਾ-ਪਿਤਾ ਨੂੰ ਖ਼ੁਸ਼ ਕਰੋਗੇ। ਇਸ ਤੋਂ ਇਲਾਵਾ, ਜੇ ਕਿਸੇ ਦਿਨ ਤੁਹਾਡੇ ਆਪਣੇ ਬੱਚੇ ਹੋਏ, ਤਾਂ ਤੁਸੀਂ ਵੀ ਸ਼ਾਇਦ ਔਨਹੈਲੀਕਾ ਵਾਂਗ ਕਰਨ ਦਾ ਇਰਾਦਾ ਰੱਖੋਗੇ। ਉਹ ਕਹਿੰਦੀ ਹੈ: “ਜੇ ਮੈਂ ਕਦੀ ਮਾਂ ਬਣੀ, ਤਾਂ ਮੈਂ ਆਪਣੇ ਬੱਚੇ ਦੇ ਦਿਲ ਵਿਚ ਬਚਪਨ ਤੋਂ ਹੀ ਯਹੋਵਾਹ ਦਾ ਪਿਆਰ ਬਿਠਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ, ਤਾਂਕਿ ਇਹ ਉਸ ਦੀ ਜ਼ਿੰਦਗੀ ਦਾ ਮਾਰਗ-ਦਰਸ਼ਕ ਬਣ ਸਕੇ।” ਜੀ ਹਾਂ, ਮਾਪੇ ਆਪਣੇ ਬੱਚਿਆਂ ਨੂੰ ਸਦਾ ਦੀ ਜ਼ਿੰਦਗੀ ਹਾਸਲ ਕਰਨ ਦਾ ਸਹੀ ਰਾਹ ਦਿਖਾ ਕੇ ਉਨ੍ਹਾਂ ਨੂੰ ਸਭ ਤੋਂ ਕੀਮਤੀ ਵਿਰਾਸਤ ਦਿੰਦੇ ਹਨ!

[ਫੁਟਨੋਟ]

^ ਪੈਰਾ 4 ਇਹ ਸਕੂਲ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਚਲਾਇਆ ਜਾਂਦਾ ਹੈ ਜਿਸ ਵਿਚ ਛੋਟੇ-ਵੱਡੇ ਸਭ ਹਿੱਸਾ ਲੈ ਸਕਦੇ ਹਨ।

^ ਪੈਰਾ 4 ਇਹ ਕਿਤਾਬਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ।