Skip to content

Skip to table of contents

‘ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨੀ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ’

‘ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨੀ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ’

‘ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨੀ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ’

“ਇਸ ਲਈ ਤੁਸੀਂ ਜਾ ਕੇ . . . ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।”—ਮੱਤੀ 28:19, 20.

1. ਇਥੋਪੀਆ ਤੋਂ ਆਏ ਆਦਮੀ ਅਤੇ ਫ਼ਿਲਿੱਪੁਸ ਦਰਮਿਆਨ ਕੀ ਗੱਲ ਹੋਈ ਸੀ?

ਇਥੋਪੀਆ ਤੋਂ ਇਕ ਆਦਮੀ ਲੰਬਾ ਸਫ਼ਰ ਕਰ ਕੇ ਯਰੂਸ਼ਲਮ ਵਿਚ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਆਇਆ ਸੀ। ਉਹ ਪਰਮੇਸ਼ੁਰ ਅਤੇ ਉਸ ਦੇ ਬਚਨ ਨੂੰ ਬਹੁਤ ਪਿਆਰ ਕਰਦਾ ਸੀ। ਆਪਣੇ ਰੱਥ ਵਿਚ ਬੈਠ ਕੇ ਘਰ ਜਾਂਦੇ ਸਮੇਂ ਉਹ ਯਸਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ ਜਦ ਯਿਸੂ ਦਾ ਚੇਲਾ ਫ਼ਿਲਿੱਪੁਸ ਉਸ ਨੂੰ ਆ ਮਿਲਿਆ। ਫ਼ਿਲਿੱਪੁਸ ਨੇ ਉਸ ਨੂੰ ਪੁੱਛਿਆ: “ਜੋ ਕੁਝ ਤੁਸੀਂ ਵਾਚਦੇ ਹੋ ਸਮਝਦੇ ਭੀ ਹੋ?” ਜਵਾਬ ਵਿਚ ਉਸ ਆਦਮੀ ਨੇ ਕਿਹਾ: “ਜਦ ਤਾਈਂ ਕੋਈ ਮੈਨੂੰ ਰਾਹ ਨਾ ਦੱਸੇ ਇਹ ਮੈਥੋਂ ਕਿਕੂੰ ਹੋ ਸੱਕੇ?” ਯਿਸੂ ਦਾ ਚੇਲਾ ਬਣਨ ਵਿਚ ਫ਼ਿਲਿੱਪੁਸ ਨੇ ਬਾਈਬਲ ਦੇ ਇਸ ਵਿਦਿਆਰਥੀ ਦੀ ਮਦਦ ਕੀਤੀ।—ਰਸੂਲਾਂ ਦੇ ਕਰਤੱਬ 8:26-39.

2. (ੳ) ਇਥੋਪੀਆ ਤੋਂ ਆਏ ਆਦਮੀ ਦੇ ਜਵਾਬ ਵੱਲ ਧਿਆਨ ਕਿਉਂ ਦਿੱਤਾ ਜਾਣਾ ਚਾਹੀਦਾ ਹੈ? (ਅ) ਯਿਸੂ ਦੇ ਹੁਕਮ ਦੇ ਸੰਬੰਧ ਵਿਚ ਅਸੀਂ ਕਿਹੜੇ ਸਵਾਲਾਂ ਵੱਲ ਧਿਆਨ ਦੇਵਾਂਗੇ?

2 ਧਿਆਨ ਦਿਓ ਕਿ ਉਸ ਆਦਮੀ ਨੇ ਜਵਾਬ ਵਿਚ ਕੀ ਕਿਹਾ ਸੀ: ‘ਜਦ ਤਾਈਂ ਕੋਈ ਮੈਨੂੰ ਰਾਹ ਨਾ ਦੱਸੇ ਇਹ ਮੈਥੋਂ ਕਿਕੂੰ ਹੋ ਸੱਕੇ?’ ਜੀ ਹਾਂ, ਉਸ ਨੂੰ ਅਜਿਹੇ ਕਿਸੇ ਇਨਸਾਨ ਦੀ ਲੋੜ ਸੀ ਜੋ ਉਸ ਨੂੰ ਪਰਮੇਸ਼ੁਰ ਦਾ ਬਚਨ ਸਮਝਾ ਸਕੇ। ਉਸ ਦੇ ਜਵਾਬ ਤੋਂ ਯਿਸੂ ਦੇ ਚੇਲੇ ਬਣਾਉਣ ਦੇ ਹੁਕਮ ਬਾਰੇ ਇਕ ਗੱਲ ਜ਼ਾਹਰ ਹੁੰਦੀ ਹੈ। ਕਿਹੜੀ ਗੱਲ? ਜਵਾਬ ਲਈ ਆਓ ਆਪਾਂ ਮੱਤੀ ਦੇ 28ਵੇਂ ਅਧਿਆਇ ਵਿਚ ਯਿਸੂ ਦੇ ਹੁਕਮ ਉੱਤੇ ਅੱਗੇ ਗੌਰ ਕਰੀਏ। ਪਿਛਲੇ ਲੇਖ ਵਿਚ ਅਸੀਂ ਦੋ ਸਵਾਲਾਂ ਵੱਲ ਧਿਆਨ ਦਿੱਤਾ ਸੀ ਕਿ ਸਾਨੂੰ ਪ੍ਰਚਾਰ ਕਿਉਂ ਅਤੇ ਕਿੱਥੇ ਕਰਨਾ ਚਾਹੀਦਾ ਹੈ। ਹੁਣ ਅਸੀਂ ਯਿਸੂ ਦੇ ਹੁਕਮ ਦੇ ਸੰਬੰਧ ਵਿਚ ਦੋ ਹੋਰ ਸਵਾਲਾਂ ਵੱਲ ਧਿਆਨ ਦੇਵਾਂਗੇ ਯਾਨੀ ਅਸੀਂ ਕਿਸ ਗੱਲ ਦਾ ਪ੍ਰਚਾਰ ਕਰਨਾ ਹੈ ਅਤੇ ਕਦ ਤਕ ਕਰਨਾ ਹੈ।

‘ਉਨ੍ਹਾਂ ਨੂੰ ਸਾਰੀਆਂ ਗੱਲਾਂ ਦੀ ਪਾਲਨਾ ਕਰਨੀ ਸਿਖਾਓ’

3. (ੳ) ਇਕ ਇਨਸਾਨ ਯਿਸੂ ਦਾ ਚੇਲਾ ਕਿਵੇਂ ਬਣਦਾ ਹੈ? (ਅ) ਚੇਲੇ ਬਣਾਉਣ ਦੇ ਕੰਮ ਵਿਚ ਕੀ ਸਿਖਾਉਣਾ ਸ਼ਾਮਲ ਹੈ?

3 ਯਿਸੂ ਦੇ ਚੇਲੇ ਬਣਨ ਵਿਚ ਲੋਕਾਂ ਦੀ ਮਦਦ ਕਰਨ ਲਈ ਸਾਨੂੰ ਉਨ੍ਹਾਂ ਨੂੰ ਕੀ ਸਿਖਾਉਣਾ ਚਾਹੀਦਾ ਹੈ? ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਨੂੰ ਉਹ ਗੱਲਾਂ ਸਿਖਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਯਿਸੂ ਨੇ ਹੁਕਮ ਦਿੱਤਾ ਸੀ। * ਪਰ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਜਿਸ ਇਨਸਾਨ ਨੇ ਯਿਸੂ ਦੇ ਹੁਕਮ ਸਿੱਖੇ ਹਨ ਉਹ ਸਿਰਫ਼ ਯਿਸੂ ਦਾ ਚੇਲਾ ਬਣੇ ਹੀ ਨਾ, ਪਰ ਬਣਿਆ ਵੀ ਰਹੇ? ਯਿਸੂ ਨੇ ਜੋ ਕਿਹਾ ਉਸ ਤੋਂ ਇਕ ਖ਼ਾਸ ਗੱਲ ਜ਼ਾਹਰ ਹੁੰਦੀ ਹੈ। ਨੋਟ ਕਰੋ ਕਿ ਯਿਸੂ ਨੇ ਸਿਰਫ਼ ਇਹ ਨਹੀਂ ਕਿਹਾ ਸੀ: ‘ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।’ ਸਗੋਂ ਉਸ ਨੇ ਕਿਹਾ: ‘ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।’ (ਯੂਹੰਨਾ 15:10) ਇਸ ਦਾ ਕੀ ਮਤਲਬ ਹੈ?

4. (ੳ) ਕਿਸੇ ਹੁਕਮ ਦੀ ਪਾਲਣਾ ਕਰਨ ਦਾ ਕੀ ਮਤਲਬ ਹੈ? (ਅ) ਮਿਸਾਲ ਦੇ ਕੇ ਸਮਝਾਓ ਕਿ ਅਸੀਂ ਕਿਸੇ ਨੂੰ ਯਿਸੂ ਦੇ ਹੁਕਮਾਂ ਦੀ ਪਾਲਣਾ ਕਰਨੀ ਕਿਵੇਂ ਸਿਖਾ ਸਕਦੇ ਹਾਂ।

4 ਕਿਸੇ ਹੁਕਮ ਦੀ ਪਾਲਣਾ ਕਰਨ ਦਾ ਮਤਲਬ ਹੈ ਉਸ ਹੁਕਮ ਅਨੁਸਾਰ ਚੱਲਣਾ। ਤਾਂ ਫਿਰ ਅਸੀਂ ਕਿਸੇ ਨੂੰ ਯਿਸੂ ਦੇ ਹੁਕਮਾਂ ਦੀ ਪਾਲਣਾ ਕਰਨੀ ਕਿਵੇਂ ਸਿਖਾ ਸਕਦੇ ਹਾਂ? ਜ਼ਰਾ ਸੋਚੋ, ਕਾਰ ਚਲਾਉਣ ਦੀ ਸਿਖਲਾਈ ਦੇਣ ਵਾਲਾ ਇੰਸਟ੍ਰਕਟਰ ਆਪਣੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮ ਕਿਵੇਂ ਸਿਖਾਲਦਾ ਹੈ। ਇੰਸਟ੍ਰਕਟਰ ਆਪਣੇ ਵਿਦਿਆਰਥੀਆਂ ਨੂੰ ਕਿਤਾਬਾਂ ਤੋਂ ਕਲਾਸ ਰੂਮ ਵਿਚ ਟ੍ਰੈਫਿਕ ਨਿਯਮ ਸਿਖਾ ਸਕਦਾ ਹੈ। ਪਰ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਸਿਖਾਉਣ ਵਾਸਤੇ ਜ਼ਰੂਰੀ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਸੜਕ ਉੱਤੇ ਕਾਰ ਚਲਾਉਂਦੇ ਸਮੇਂ ਇਨ੍ਹਾਂ ਨਿਯਮਾਂ ਉੱਤੇ ਚੱਲਣਾ ਸਿਖਾਵੇ। ਇਸੇ ਤਰ੍ਹਾਂ ਜਦ ਅਸੀਂ ਲੋਕਾਂ ਨਾਲ ਬਾਈਬਲ ਦੀ ਸਟੱਡੀ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਯਿਸੂ ਦੇ ਹੁਕਮ ਸਿਖਾਉਂਦੇ ਹਾਂ। ਪਰ ਇਹ ਵੀ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਅਤੇ ਸੇਵਕਾਈ ਦੌਰਾਨ ਯਿਸੂ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਸੇਧ ਦੇਈਏ। (ਯੂਹੰਨਾ 14:15; 1 ਯੂਹੰਨਾ 2:3) ਇਸ ਤਰ੍ਹਾਂ ਯਿਸੂ ਦੇ ਚੇਲੇ ਬਣਾਉਣ ਦੇ ਹੁਕਮ ਦੀ ਪਾਲਣਾ ਕਰਨ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਨੂੰ ਇਹ ਹੁਕਮ ਸਿਰਫ਼ ਸਿਖਾਈਏ ਹੀ ਨਾ, ਸਗੋਂ ਉਨ੍ਹਾਂ ਨੂੰ ਇਹ ਹੁਕਮ ਪੂਰੇ ਕਰਨੇ ਵੀ ਸਿਖਾਈਏ। ਇਸ ਤਰ੍ਹਾਂ ਅਸੀਂ ਯਹੋਵਾਹ ਤੇ ਯਿਸੂ ਦੀ ਰੀਸ ਕਰਦੇ ਹਾਂ ਕਿਉਂਕਿ ਉਹ ਸਾਡੀ ਅਗਵਾਈ ਕਰਦੇ ਹਨ।—ਯਸਾਯਾਹ 58:11; ਪਰਕਾਸ਼ ਦੀ ਪੋਥੀ 7:17.

5. ਬਾਈਬਲ ਦਾ ਕੋਈ ਵਿਦਿਆਰਥੀ ਸ਼ਾਇਦ ਚੇਲੇ ਬਣਾਉਣ ਦੇ ਯਿਸੂ ਦੇ ਹੁਕਮ ਦੀ ਪਾਲਣਾ ਕਰਨ ਤੋਂ ਕਿਉਂ ਝਿਜਕੇ?

5 ਹੋਰਨਾਂ ਨੂੰ ਯਿਸੂ ਦੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਉਣ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਚੇਲੇ ਬਣਾਉਣ ਦੇ ਹੁਕਮ ਦੀ ਪਾਲਣਾ ਕਰਨ ਵਿਚ ਵੀ ਉਨ੍ਹਾਂ ਦੀ ਮਦਦ ਕਰੀਏ। ਕੁਝ ਲੋਕ ਜਿਨ੍ਹਾਂ ਨਾਲ ਅਸੀਂ ਬਾਈਬਲ ਦੀ ਸਟੱਡੀ ਕਰਦੇ ਹਾਂ ਸ਼ਾਇਦ ਇਸ ਕੰਮ ਵਿਚ ਹਿੱਸਾ ਲੈਣ ਤੋਂ ਡਰਨ। ਭਾਵੇਂ ਉਹ ਪਹਿਲਾਂ ਕਿਸੇ ਚਰਚ ਦੇ ਮੈਂਬਰ ਸਨ, ਫਿਰ ਵੀ ਇਹ ਸੰਭਵ ਨਹੀਂ ਕਿ ਉਨ੍ਹਾਂ ਨੂੰ ਚੇਲੇ ਬਣਾਉਣ ਦੇ ਹੁਕਮ ਦੀ ਪਾਲਣਾ ਕਰਨੀ ਸਿਖਾਈ ਗਈ ਸੀ। ਕੁਝ ਪਾਦਰੀ ਸਾਫ਼-ਸਾਫ਼ ਕਹਿ ਦਿੰਦੇ ਹਨ ਕਿ ਉਨ੍ਹਾਂ ਨੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਨਹੀਂ ਸਿਖਾਇਆ। ਬਾਈਬਲ ਦੇ ਵਿਦਵਾਨ ਜੌਨ ਸਕੌਟ ਨੇ ਯਿਸੂ ਦੇ ਦੁਨੀਆਂ ਭਰ ਵਿਚ ਜਾ ਕੇ ਚੇਲੇ ਬਣਾਉਣ ਦੇ ਹੁਕਮ ਉੱਤੇ ਟਿੱਪਣੀ ਕਰਦੇ ਹੋਏ ਕਿਹਾ: “ਇਸ ਹੁਕਮ ਦੀ ਪਾਲਣਾ ਨਾ ਕਰਨੀ ਈਸਾਈਆਂ ਦੀ ਸਭ ਤੋਂ ਵੱਡੀ ਕਮਜ਼ੋਰੀ ਰਹੀ ਹੈ।” ਉਸ ਨੇ ਅੱਗੇ ਕਿਹਾ: ‘ਅਸੀਂ ਆਪਣਾ ਸੰਦੇਸ਼ ਦੂਰੋਂ ਹੀ ਸੁਣਾਉਣਾ ਚਾਹੁੰਦੇ ਹਾਂ। ਅਸੀਂ ਉਸ ਇਨਸਾਨ ਵਰਗੇ ਹਾਂ ਜੋ ਕਿਨਾਰੇ ਤੇ ਖੜ੍ਹਾ ਹੋ ਕੇ ਹੀ ਸਮੁੰਦਰ ਵਿਚ ਡੁੱਬ ਰਹੇ ਆਦਮੀ ਨੂੰ ਬਚਣ ਦਾ ਤਰੀਕਾ ਦੱਸਦਾ। ਅਸੀਂ ਪਾਣੀ ਵਿਚ ਜਾ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਹਾਂ। ਅਸੀਂ ਭਿੱਜਣ ਤੋਂ ਡਰਦੇ ਹਾਂ।’

6. (ੳ) ਬਾਈਬਲ ਦੇ ਵਿਦਿਆਰਥੀ ਦੀ ਮਦਦ ਕਰਦੇ ਸਮੇਂ ਅਸੀਂ ਫ਼ਿਲਿੱਪੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਅ) ਜਦ ਬਾਈਬਲ ਦਾ ਵਿਦਿਆਰਥੀ ਪ੍ਰਚਾਰ ਕਰਨਾ ਸ਼ੁਰੂ ਕਰਦਾ ਹੈ, ਤਾਂ ਅਸੀਂ ਉਸ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ?

6 ਜੇ ਅਸੀਂ ਕਿਸੇ ਅਜਿਹੇ ਇਨਸਾਨ ਨਾਲ ਬਾਈਬਲ ਦੀ ਸਟੱਡੀ ਕਰ ਰਹੇ ਹਾਂ ਜੋ ਪਹਿਲਾਂ ਅਜਿਹੇ ਚਰਚ ਵਿਚ ਜਾਂਦਾ ਸੀ ਜਿਸ ਦੇ ਮੈਂਬਰ ਪ੍ਰਚਾਰ ਦਾ ਕੰਮ ਕਰਨ ਤੋਂ ਡਰਦੇ ਹਨ, ਤਾਂ ਉਸ ਲਈ ਇਸ ਡਰ ਤੇ ਕਾਬੂ ਪਾ ਕੇ ਯਿਸੂ ਦੇ ਹੁਕਮ ਦੀ ਪਾਲਣਾ ਕਰਨੀ ਸ਼ਾਇਦ ਔਖੀ ਹੋਵੇ। ਉਸ ਨੂੰ ਮਦਦ ਦੀ ਲੋੜ ਹੋਵੇਗੀ। ਤਾਂ ਫਿਰ ਸਾਨੂੰ ਧੀਰਜ ਨਾਲ ਉਸ ਨੂੰ ਸਮਝਾਉਣਾ ਅਤੇ ਸਿਖਾਉਣਾ ਹੋਵੇਗਾ ਤਾਂਕਿ ਉਹ ਬਾਈਬਲ ਦੀ ਸਿੱਖਿਆ ਨੂੰ ਚੰਗੀ ਤਰ੍ਹਾਂ ਸਮਝ ਕੇ ਯਿਸੂ ਦੇ ਹੁਕਮ ਦੀ ਪਾਲਣਾ ਕਰਨ ਲਈ ਤਿਆਰ ਹੋਵੇ। ਸਾਨੂੰ ਫ਼ਿਲਿੱਪੁਸ ਵਰਗੇ ਬਣਨਾ ਪਵੇਗਾ ਜਿਸ ਨੇ ਇਥੋਪੀਆਈ ਆਦਮੀ ਨੂੰ ਇਸ ਤਰੀਕੇ ਨਾਲ ਸਮਝਾਇਆ ਸੀ ਕਿ ਉਹ ਬਪਤਿਸਮਾ ਲੈਣ ਲਈ ਤਿਆਰ ਹੋ ਗਿਆ ਸੀ। (ਯੂਹੰਨਾ 16:13; ਰਸੂਲਾਂ ਦੇ ਕਰਤੱਬ 8:35-38) ਇਸ ਤੋਂ ਇਲਾਵਾ, ਜੇ ਅਸੀਂ ਬਾਈਬਲ ਦੇ ਵਿਦਿਆਰਥੀਆਂ ਨੂੰ ਚੇਲੇ ਬਣਾਉਣ ਦੇ ਹੁਕਮ ਦੀ ਪਾਲਣਾ ਕਰਨੀ ਸਿਖਾਉਣੀ ਚਾਹੁੰਦੇ ਹਾਂ, ਤਾਂ ਫਿਰ ਜਦ ਉਹ ਪ੍ਰਚਾਰ ਕਰਨਾ ਸ਼ੁਰੂ ਕਰਦੇ ਹਨ, ਸਾਨੂੰ ਉਨ੍ਹਾਂ ਨਾਲ ਜਾਣਾ ਚਾਹੀਦਾ ਹੈ।—ਉਪਦੇਸ਼ਕ ਦੀ ਪੋਥੀ 4:9, 10; ਲੂਕਾ 6:40.

“ਸਾਰੀਆਂ ਗੱਲਾਂ”

7. ਹੋਰਨਾਂ ਨੂੰ ‘ਸਾਰੀਆਂ ਗੱਲਾਂ ਦੀ ਪਾਲਨਾ ਕਰਨੀ’ ਸਿਖਾਉਣ ਵਿਚ ਕਿਹੜੇ ਹੁਕਮ ਸਿਖਾਉਣੇ ਸ਼ਾਮਲ ਹਨ?

7 ਅਸੀਂ ਨਵੇਂ ਚੇਲਿਆਂ ਨੂੰ ਸਿਰਫ਼ ਚੇਲੇ ਬਣਾਉਣੇ ਹੀ ਨਹੀਂ ਸਿਖਾਉਂਦੇ। ਯਿਸੂ ਨੇ ਸਾਨੂੰ ਕਿਹਾ ਸੀ ਕਿ ਉਨ੍ਹਾਂ ਨੂੰ ‘ਸਾਰੀਆਂ ਗੱਲਾਂ ਦੀ ਪਾਲਨਾ ਕਰਨੀ’ ਸਿਖਾਓ। ਇਸ ਵਿਚ ਸਭ ਤੋਂ ਵੱਡੇ ਦੋ ਹੁਕਮ ਸਿਖਾਉਣੇ ਜ਼ਰੂਰ ਸ਼ਾਮਲ ਹਨ: ਪਰਮੇਸ਼ੁਰ ਅਤੇ ਗੁਆਂਢੀ ਨਾਲ ਪਿਆਰ ਕਰੋ। (ਮੱਤੀ 22:37-39) ਇਕ ਨਵੇਂ ਚੇਲੇ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨੀ ਕਿਵੇਂ ਸਿਖਾਈ ਜਾ ਸਕਦੀ ਹੈ?

8. ਮਿਸਾਲ ਦੇ ਕੇ ਸਮਝਾਓ ਕਿ ਇਕ ਨਵੇਂ ਚੇਲੇ ਨੂੰ ਪਿਆਰ ਕਰਨ ਦੇ ਹੁਕਮ ਦੀ ਪਾਲਣਾ ਕਰਨੀ ਕਿਵੇਂ ਸਿਖਾਈ ਜਾ ਸਕਦੀ ਹੈ।

8 ਕਾਰ ਚਲਾਉਣੀ ਸਿੱਖ ਰਹੇ ਵਿਦਿਆਰਥੀ ਦੀ ਮਿਸਾਲ ਬਾਰੇ ਫਿਰ ਤੋਂ ਸੋਚੋ। ਕਾਰ ਚਲਾਉਂਦੇ ਸਮੇਂ ਆਪਣੇ ਇੰਸਟ੍ਰਕਟਰ ਤੋਂ ਸਿੱਖਣ ਤੋਂ ਇਲਾਵਾ ਉਹ ਹੋਰਨਾਂ ਡ੍ਰਾਈਵਰਾਂ ਤੋਂ ਵੀ ਸਿੱਖਦਾ ਹੈ। ਮਿਸਾਲ ਲਈ, ਇੰਸਟ੍ਰਕਟਰ ਸ਼ਾਇਦ ਉਸ ਨੂੰ ਉਸ ਡ੍ਰਾਈਵਰ ਵੱਲ ਧਿਆਨ ਦੇਣ ਲਈ ਕਹੇ ਜੋ ਕਿਸੇ ਹੋਰ ਕਾਰ ਨੂੰ ਆਪਣੀ ਕਾਰ ਦੇ ਸਾਮ੍ਹਣੇ ਆਉਣ ਦੀ ਇਜਾਜ਼ਤ ਦਿੰਦਾ ਹੈ; ਜਾਂ ਕੋਈ ਡ੍ਰਾਈਵਰ ਆਪਣੀ ਕਾਰ ਦੀਆਂ ਬੱਤੀਆਂ ਦੀ ਰੌਸ਼ਨੀ ਘੱਟ ਕਰਦਾ ਹੈ ਤਾਂਕਿ ਸਾਮ੍ਹਣਿਓਂ ਆ ਰਹੇ ਡ੍ਰਾਈਵਰਾਂ ਦੀਆਂ ਅੱਖਾਂ ਵਿਚ ਰੌਸ਼ਨੀ ਨਾ ਪਵੇ; ਜਾਂ ਕੋਈ ਡ੍ਰਾਈਵਰ ਕਿਸੇ ਹੋਰ ਡ੍ਰਾਈਵਰ ਦੀ ਮਦਦ ਕਰਨ ਲਈ ਰੁਕਦਾ ਹੈ ਜਿਸ ਦੀ ਕਾਰ ਚੱਲ ਨਹੀਂ ਰਹੀ। ਕਾਰ ਚਲਾਉਂਦੇ ਸਮੇਂ ਵਿਦਿਆਰਥੀ ਅਜਿਹੀਆਂ ਵਧੀਆ ਉਦਾਹਰਣਾਂ ਦੀ ਨਕਲ ਕਰ ਸਕਦਾ ਹੈ। ਇਸੇ ਤਰ੍ਹਾਂ ਇਕ ਨਵਾਂ ਚੇਲਾ ਜੀਵਨ ਦੇ ਰਾਹ ਤੇ ਚੱਲਦੇ ਸਮੇਂ ਸਿਰਫ਼ ਆਪਣੇ ਅਧਿਆਪਕ ਤੋਂ ਹੀ ਨਹੀਂ ਸਿੱਖਦਾ, ਪਰ ਕਲੀਸਿਯਾ ਵਿਚ ਹੋਰਨਾਂ ਭੈਣ-ਭਰਾਵਾਂ ਦੀਆਂ ਵਧੀਆ ਮਿਸਾਲਾਂ ਤੋਂ ਵੀ ਸਿੱਖਦਾ ਹੈ।—ਮੱਤੀ 7:13, 14.

9. ਇਕ ਨਵਾਂ ਚੇਲਾ ਪਿਆਰ ਕਰਨ ਦੇ ਹੁਕਮ ਦੀ ਪਾਲਣਾ ਕਰਨੀ ਕਿਵੇਂ ਸਿੱਖਦਾ ਹੈ?

9 ਉਦਾਹਰਣ ਲਈ, ਬਾਈਬਲ ਦਾ ਵਿਦਿਆਰਥੀ ਸ਼ਾਇਦ ਇਕ ਇਕੱਲੀ ਮਾਂ ਜਾਂ ਇਕ ਇਕੱਲੇ ਬਾਪ ਨੂੰ ਆਪਣੇ ਬੱਚਿਆਂ ਨਾਲ ਕਿੰਗਡਮ ਹਾਲ ਵਿਚ ਆਉਂਦੇ ਦੇਖੇ। ਉਹ ਸ਼ਾਇਦ ਕਿਸੇ ਭੈਣ-ਭਾਈ ਨੂੰ ਦੇਖੇ ਜੋ ਡਿਪਰੈਸ਼ਨ ਦੇ ਹੇਠ ਦੱਬਿਆ ਹੋਣ ਦੇ ਬਾਵਜੂਦ ਕਲੀਸਿਯਾ ਦੀ ਹਰ ਮੀਟਿੰਗ ਵਿਚ ਆਉਂਦਾ ਹੈ। ਉਹ ਦੇਖਦਾ ਹੈ ਕਿ ਇਕ ਬਿਰਧ ਵਿਧਵਾ ਭੈਣ ਹੋਰ ਸਿਆਣੀ ਉਮਰ ਦੇ ਭੈਣ-ਭਰਾਵਾਂ ਨੂੰ ਆਪਣੀ ਕਾਰ ਵਿਚ ਮੀਟਿੰਗਾਂ ਵਿਚ ਲਿਆਉਂਦੀ ਹੈ। ਜਾਂ ਕਿਸੇ ਨੌਜਵਾਨ ਭੈਣ-ਭਾਈ ਨੂੰ ਕਿੰਗਡਮ ਹਾਲ ਦੀ ਸਫ਼ਾਈ ਕਰਦਾ ਦੇਖੇ। ਵਿਦਿਆਰਥੀ ਸ਼ਾਇਦ ਕਲੀਸਿਯਾ ਦੇ ਬਜ਼ੁਰਗ ਵੱਲ ਧਿਆਨ ਦੇਵੇ ਜੋ ਕਲੀਸਿਯਾ ਵਿਚ ਕਈ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰਦਾ ਹੈ। ਉਹ ਵਿਦਿਆਰਥੀ ਸ਼ਾਇਦ ਅਜਿਹੇ ਭੈਣ-ਭਾਈ ਨੂੰ ਮਿਲੇ ਜੋ ਕਿਸੇ ਰੋਗ ਦੇ ਕਾਰਨ ਘਰੋਂ ਬਾਹਰ ਨਹੀਂ ਜਾ ਸਕਦਾ, ਪਰ ਫਿਰ ਵੀ ਉਹ ਉਨ੍ਹਾਂ ਸਾਰਿਆਂ ਦੀ ਹੌਸਲਾ-ਅਫ਼ਜ਼ਾਈ ਕਰਦਾ ਹੈ ਜੋ ਉਸ ਨੂੰ ਮਿਲਣ ਆਉਂਦੇ ਹਨ। ਉਹ ਵਿਦਿਆਰਥੀ ਸ਼ਾਇਦ ਇਕ ਪਤੀ-ਪਤਨੀ ਵੱਲ ਦੇਖੇ ਜੋ ਆਪਣੇ ਬਿਰਧ ਮਾਂ-ਬਾਪ ਦੀ ਦੇਖ-ਭਾਲ ਕਰਨ ਲਈ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰ ਰਹੇ ਹਨ। ਇਨ੍ਹਾਂ ਸਾਰੇ ਦਿਆਲੂ ਅਤੇ ਵਫ਼ਾਦਾਰ ਭੈਣਾਂ-ਭਰਾਵਾਂ ਤੋਂ ਉਹ ਸਿੱਖਦਾ ਹੈ ਕਿ ਪਰਮੇਸ਼ੁਰ ਅਤੇ ਗੁਆਂਢੀ, ਖ਼ਾਸਕਰ ਆਪਣੇ ਭੈਣ-ਭਰਾਵਾਂ ਨਾਲ ਕਿਸ ਤਰ੍ਹਾਂ ਪਿਆਰ ਕੀਤਾ ਜਾ ਸਕਦਾ ਹੈ। (ਕਹਾਉਤਾਂ 24:32; ਯੂਹੰਨਾ 13:35; ਗਲਾਤੀਆਂ 6:10; 1 ਤਿਮੋਥਿਉਸ 5:4, 8; 1 ਪਤਰਸ 5:2, 3) ਇਸ ਤਰੀਕੇ ਨਾਲ ਕਲੀਸਿਯਾ ਦਾ ਹਰ ਮੈਂਬਰ ਅਧਿਆਪਕ ਹੋਣ ਦੇ ਨਾਲ-ਨਾਲ ਇਕ ਨਮੂਨਾ ਵੀ ਬਣ ਸਕਦਾ ਹੈ ਅਤੇ ਉਸ ਨੂੰ ਬਣਨਾ ਚਾਹੀਦਾ ਵੀ ਹੈ।—ਮੱਤੀ 5:16.

“ਜੁਗ ਦੇ ਅੰਤ ਤੀਕਰ”

10. (ੳ) ਅਸੀਂ ਕਦ ਤਕ ਚੇਲੇ ਬਣਾਉਣ ਦੇ ਕੰਮ ਵਿਚ ਲੱਗੇ ਰਹਾਂਗੇ? (ਅ) ਯਿਸੂ ਨੇ ਆਪਣਾ ਕੰਮ ਪੂਰਾ ਕਰਨ ਦੇ ਸੰਬੰਧ ਵਿਚ ਕਿਹੜੀ ਮਿਸਾਲ ਕਾਇਮ ਕੀਤੀ ਸੀ?

10 ਅਸੀਂ ਚੇਲੇ ਬਣਾਉਣ ਦਾ ਕੰਮ ਕਦ ਤਕ ਕਰਨਾ ਹੈ? ਜਦ ਤਕ ਇਸ ਜੁਗ ਦਾ ਅੰਤ ਨਹੀਂ ਹੋ ਜਾਂਦਾ। (ਮੱਤੀ 28:20) ਕੀ ਅਸੀਂ ਯਿਸੂ ਦੇ ਹੁਕਮ ਦਾ ਇਹ ਪਹਿਲੂ ਪੂਰਾ ਕਰ ਸਕਾਂਗੇ? ਸੰਸਾਰ ਭਰ ਵਿਚ ਅਸੀਂ ਸਾਰੇ ਭੈਣ-ਭਾਈਆਂ ਨੇ ਇਹ ਜ਼ਿੰਮੇਵਾਰੀ ਪੂਰੀ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ। ਕਈ ਸਾਲਾਂ ਤੋਂ ਅਸੀਂ ਲੋਕਾਂ ਨੂੰ ਸਦੀਪਕ ਜੀਵਨ ਪਾਉਣ ਦਾ ਮੌਕਾ ਦੇਣ ਲਈ ਆਪਣਾ ਤਨ-ਮਨ-ਧਨ ਤੇ ਸਮਾਂ ਲਾਉਂਦੇ ਆਏ ਹਾਂ। (ਰਸੂਲਾਂ ਦੇ ਕਰਤੱਬ 13:48) ਅੱਜ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਹਰ ਸਾਲ ਦੇ ਹਰ ਦਿਨ 30 ਲੱਖ ਤੋਂ ਜ਼ਿਆਦਾ ਘੰਟੇ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਲਗਾਉਂਦੇ ਹਨ। ਅਸੀਂ ਇਹ ਕਿਉਂ ਕਰਦੇ ਹਾਂ? ਅਸੀਂ ਯਿਸੂ ਦੀ ਰੀਸ ਕਰਦੇ ਹਾਂ ਜਿਸ ਨੇ ਕਿਹਾ: ‘ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।’ (ਯੂਹੰਨਾ 4:34) ਅਸੀਂ ਵੀ ਇਸ ਕੰਮ ਨੂੰ ਦਿਲੋਂ ਪੂਰਾ ਕਰਨਾ ਚਾਹੁੰਦੇ ਹਾਂ। (ਯੂਹੰਨਾ 20:21) ਅਸੀਂ ਇਹ ਕੰਮ ਸਿਰਫ਼ ਸ਼ੁਰੂ ਹੀ ਨਹੀਂ ਕਰਨਾ ਚਾਹੁੰਦੇ, ਪਰ ਇਸ ਨੂੰ ਅੰਤ ਤਕ ਕਰਦੇ ਰਹਿਣਾ ਚਾਹੁੰਦੇ ਹਾਂ।—ਮੱਤੀ 24:13; ਯੂਹੰਨਾ 17:4.

11. ਸਾਡੇ ਕੁਝ ਭੈਣ-ਭਰਾਵਾਂ ਨੂੰ ਕੀ ਹੋ ਗਿਆ ਹੈ ਅਤੇ ਸਾਨੂੰ ਆਪਣੇ ਆਪ ਨੂੰ ਕੀ ਪੁੱਛਣਾ ਚਾਹੀਦਾ ਹੈ?

11 ਪਰ ਆਪਣੇ ਕੁਝ ਭੈਣ-ਭਰਾਵਾਂ ਨੂੰ ਸੱਚਾਈ ਵਿਚ ਕਮਜ਼ੋਰ ਹੁੰਦੇ ਦੇਖ ਕੇ ਸਾਨੂੰ ਦੁੱਖ ਹੁੰਦਾ ਹੈ ਕਿਉਂਕਿ ਉਹ ਚੇਲੇ ਬਣਾਉਣ ਦੇ ਯਿਸੂ ਦੇ ਹੁਕਮ ਨੂੰ ਪੂਰਾ ਕਰਨ ਵਿਚ ਢਿੱਲੇ ਪੈ ਗਏ ਹਨ ਜਾਂ ਉਨ੍ਹਾਂ ਨੇ ਉਸ ਦੀ ਪਾਲਣਾ ਕਰਨੀ ਛੱਡ ਦਿੱਤੀ ਹੈ। ਕੀ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ ਕਿ ਉਹ ਫਿਰ ਤੋਂ ਮੀਟਿੰਗਾਂ ਵਿਚ ਆਉਣ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਣ ਲੱਗ ਪੈਣ? (ਰੋਮੀਆਂ 15:1; ਇਬਰਾਨੀਆਂ 12:12) ਯਿਸੂ ਨੇ ਆਪਣੇ ਕਮਜ਼ੋਰ ਹੋਏ ਰਸੂਲਾਂ ਦੀ ਜਿਸ ਤਰ੍ਹਾਂ ਸਹਾਇਤਾ ਕੀਤੀ ਸੀ, ਉਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ।

ਕਮਜ਼ੋਰ ਭੈਣ-ਭਾਈਆਂ ਦੀ ਮਦਦ ਕਰੋ

12. (ੳ) ਯਿਸੂ ਦੀ ਮੌਤ ਤੋਂ ਥੋੜ੍ਹਾ ਸਮਾਂ ਪਹਿਲਾਂ ਉਸ ਦੇ ਰਸੂਲਾਂ ਨੇ ਕੀ ਕੀਤਾ ਸੀ? (ਅ) ਯਿਸੂ ਨੇ ਰੂਹਾਨੀ ਤੌਰ ਤੇ ਕਮਜ਼ੋਰ ਹੋਏ ਆਪਣੇ ਸਾਥੀਆਂ ਦੀ ਮਦਦ ਕਰਨ ਲਈ ਕੀ ਕੀਤਾ ਸੀ?

12 ਯਿਸੂ ਦੀ ਸੇਵਕਾਈ ਦੇ ਅਖ਼ੀਰ ਵਿਚ ਜਦ ਉਸ ਦੀ ਮੌਤ ਹੋਣ ਵਾਲੀ ਸੀ, ਉਸ ਦੇ ਰਸੂਲ “ਉਹ ਨੂੰ ਛੱਡ ਕੇ ਭੱਜ ਗਏ।” ਯਿਸੂ ਨੇ ਪਹਿਲਾਂ ਹੀ ਉਨ੍ਹਾਂ ਨੂੰ ਦੱਸ ਦਿੱਤਾ ਸੀ ਕਿ ਉਹ ‘ਸੱਭੇ ਆਪੋ ਆਪਣੇ ਥਾਈਂ ਖਿੰਡ ਜਾਣਗੇ।’ (ਮਰਕੁਸ 14:50; ਯੂਹੰਨਾ 16:32) ਯਿਸੂ ਨੇ ਰੂਹਾਨੀ ਤੌਰ ਤੇ ਕਮਜ਼ੋਰ ਹੋਏ ਆਪਣੇ ਸਾਥੀਆਂ ਦੀ ਮਦਦ ਕਿਵੇਂ ਕੀਤੀ? ਜ਼ਿੰਦਾ ਕੀਤੇ ਜਾਣ ਤੋਂ ਥੋੜ੍ਹੀ ਹੀ ਦੇਰ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਡਰੋ ਨਾ, ਜਾਓ, ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ ਅਤੇ ਓਹ ਉੱਥੇ ਮੈਨੂੰ ਵੇਖਣਗੇ।” (ਮੱਤੀ 28:10) ਭਾਵੇਂ ਕਿ ਰਸੂਲਾਂ ਦਾ ਜੋਸ਼ ਠੰਢਾ ਪੈ ਗਿਆ ਸੀ, ਫਿਰ ਵੀ ਯਿਸੂ ਨੇ ਉਨ੍ਹਾਂ ਨੂੰ ‘ਮੇਰੇ ਭਾਈ’ ਸੱਦਿਆ। (ਮੱਤੀ 12:49) ਉਸ ਨੇ ਉਨ੍ਹਾਂ ਵਿਚ ਯਕੀਨ ਕਰਨਾ ਨਹੀਂ ਛੱਡਿਆ, ਸਗੋਂ ਉਨ੍ਹਾਂ ਉੱਤੇ ਤਰਸ ਖਾ ਕੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਸੀ। ਇਸ ਤਰੀਕੇ ਨਾਲ ਯਿਸੂ ਨੇ ਯਹੋਵਾਹ ਦੀ ਰੀਸ ਕੀਤੀ। (2 ਰਾਜਿਆਂ 13:23) ਅਸੀਂ ਯਹੋਵਾਹ ਅਤੇ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?

13. ਸਾਨੂੰ ਉਨ੍ਹਾਂ ਭੈਣ-ਭਰਾਵਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ ਜੋ ਸੱਚਾਈ ਵਿਚ ਢਿੱਲੇ ਪੈ ਗਏ ਹਨ?

13 ਸਾਨੂੰ ਉਨ੍ਹਾਂ ਭੈਣ-ਭਰਾਵਾਂ ਉੱਤੇ ਤਰਸ ਖਾਣਾ ਚਾਹੀਦਾ ਹੈ ਜੋ ਸੇਵਕਾਈ ਵਿਚ ਹਿੱਸਾ ਲੈਣ ਵਿਚ ਢਿੱਲੇ ਪੈ ਗਏ ਹਨ ਜਾਂ ਹੁਣ ਸੇਵਕਾਈ ਵਿਚ ਜਾਂਦੇ ਹੀ ਨਹੀਂ ਹਨ। ਸਾਨੂੰ ਅਜੇ ਵੀ ਯਾਦ ਹੈ ਕਿ ਉਹ ਪਿਆਰ ਨਾਲ ਦੂਸਰਿਆਂ ਦੀ ਮਦਦ ਕਿਵੇਂ ਕਰਦੇ ਹੁੰਦੇ ਸਨ। (ਇਬਰਾਨੀਆਂ 6:10) ਸਾਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ। (ਲੂਕਾ 15:4-7; 1 ਥੱਸਲੁਨੀਕੀਆਂ 2:17) ਪਰ ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਭੁੱਲੇ ਨਹੀਂ?

14. ਯਿਸੂ ਦੀ ਰੀਸ ਕਰ ਕੇ ਅਸੀਂ ਕਮਜ਼ੋਰ ਭੈਣ-ਭਾਈਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ?

14 ਯਿਸੂ ਨੇ ਆਪਣੇ ਨਿਰਾਸ਼ ਰਸੂਲਾਂ ਨੂੰ ਕਿਹਾ ਸੀ ਕਿ ਉਹ ਗਲੀਲ ਨੂੰ ਜਾਣ ਤੇ ਉਹ ਉਨ੍ਹਾਂ ਨੂੰ ਉੱਥੇ ਮਿਲੇਗਾ। ਕਿਹਾ ਜਾ ਸਕਦਾ ਹੈ ਕਿ ਯਿਸੂ ਉਨ੍ਹਾਂ ਨੂੰ ਇਕ ਖ਼ਾਸ ਮੀਟਿੰਗ ਵਿਚ ਬੁਲਾ ਰਿਹਾ ਸੀ। (ਮੱਤੀ 28:10) ਇਸੇ ਤਰ੍ਹਾਂ ਅਸੀਂ ਕਮਜ਼ੋਰ ਭੈਣ-ਭਾਈਆਂ ਨੂੰ ਮੀਟਿੰਗਾਂ ਵਿਚ ਆਉਣ ਦਾ ਉਤਸ਼ਾਹ ਦੇ ਸਕਦੇ ਹਾਂ। ਹੋ ਸਕਦਾ ਹੈ ਕਿ ਸਾਨੂੰ ਇਕ ਵਾਰ ਨਹੀਂ, ਪਰ ਵਾਰ-ਵਾਰ ਉਨ੍ਹਾਂ ਨੂੰ ਬੁਲਾਉਣਾ ਪਵੇ। ਸਾਨੂੰ ਪਤਾ ਹੈ ਕਿ ਰਸੂਲਾਂ ਨੇ ਯਿਸੂ ਦੀ ਗੱਲ ਮੰਨੀ ਕਿਉਂਕਿ “ਗਿਆਰਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ” ਜਿੱਥੇ ਯਿਸੂ ਨੇ ਉਨ੍ਹਾਂ ਨੂੰ ਆਉਣ ਲਈ ਕਿਹਾ ਸੀ। (ਮੱਤੀ 28:16) ਜਦ ਸਾਡੀ ਗੱਲ ਮੰਨ ਕੇ ਕਮਜ਼ੋਰ ਭੈਣ-ਭਾਈ ਮੀਟਿੰਗਾਂ ਵਿਚ ਆਉਣ ਲੱਗ ਪੈਂਦੇ ਹਨ, ਤਾਂ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ!—ਲੂਕਾ 15:6.

15. ਅਸੀਂ ਯਿਸੂ ਦੀ ਰੀਸ ਕਰ ਕੇ ਕਮਜ਼ੋਰ ਭੈਣ-ਭਾਈਆਂ ਦਾ ਮੀਟਿੰਗਾਂ ਵਿਚ ਸੁਆਗਤ ਕਿਵੇਂ ਕਰ ਸਕਦੇ ਹਾਂ?

15 ਪਰ ਜਦ ਕੋਈ ਕਮਜ਼ੋਰ ਭੈਣ-ਭਾਈ ਕਿੰਗਡਮ ਹਾਲ ਵਿਚ ਆਉਂਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਯਿਸੂ ਨੇ ਕੀ ਕੀਤਾ ਸੀ ਜਦ ਨਿਰਾਸ਼ ਰਸੂਲ ਠਹਿਰਾਈ ਹੋਈ ਥਾਂ ਤੇ ਪਹੁੰਚੇ? “ਯਿਸੂ ਨੇ ਕੋਲ ਆਣ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ।” (ਮੱਤੀ 28:18) ਉਹ ਦੂਰ ਖੜ੍ਹਾ ਹੋ ਕੇ ਉਨ੍ਹਾਂ ਨੂੰ ਘੂਰਦਾ ਨਹੀਂ ਰਿਹਾ, ਪਰ ਉਹ ਉਨ੍ਹਾਂ ਕੋਲ ਗਿਆ ਸੀ। ਜ਼ਰਾ ਸੋਚੋ, ਰਸੂਲਾਂ ਦਾ ਦਿਲ ਕਿੰਨਾ ਹੌਲਾ ਹੋਇਆ ਹੋਣਾ ਜਦ ਉਨ੍ਹਾਂ ਨੇ ਯਿਸੂ ਨੂੰ ਉਨ੍ਹਾਂ ਵੱਲ ਆਉਂਦੇ ਦੇਖਿਆ! ਸਾਨੂੰ ਵੀ ਉਨ੍ਹਾਂ ਕਮਜ਼ੋਰ ਭੈਣ-ਭਾਈਆਂ ਕੋਲ ਜਾ ਕੇ ਉਨ੍ਹਾਂ ਦਾ ਨਿੱਘਾ ਸੁਆਗਤ ਕਰਨਾ ਚਾਹੀਦਾ ਹੈ ਜੋ ਮੀਟਿੰਗਾਂ ਵਿਚ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।

16. (ੳ) ਯਿਸੂ ਦੇ ਆਪਣੇ ਰਸੂਲਾਂ ਨਾਲ ਪੇਸ਼ ਆਉਣ ਦੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਅ) ਕਮਜ਼ੋਰ ਭੈਣ-ਭਾਈਆਂ ਬਾਰੇ ਅਸੀਂ ਯਿਸੂ ਵਾਂਗ ਕਿਵੇਂ ਮਹਿਸੂਸ ਕਰ ਸਕਦੇ ਹਾਂ? (ਫੁਟਨੋਟ ਦੇਖੋ।)

16 ਯਿਸੂ ਨੇ ਉਨ੍ਹਾਂ ਦੇ ਕੋਲ ਜਾ ਕੇ ਗੱਲ ਕਰਨ ਤੋਂ ਇਲਾਵਾ ਹੋਰ ਕੀ ਕੀਤਾ ਸੀ? ਪਹਿਲਾਂ ਉਸ ਨੇ ਦੱਸਿਆ: “ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।” ਫਿਰ ਉਸ ਨੇ ਉਨ੍ਹਾਂ ਨੂੰ ਇਕ ਕੰਮ ਦਿੱਤਾ: ‘ਤੁਸੀਂ ਜਾ ਕੇ ਚੇਲੇ ਬਣਾਓ।’ ਬਾਅਦ ਵਿਚ ਉਸ ਨੇ ਉਨ੍ਹਾਂ ਨਾਲ ਇਕ ਵਾਅਦਾ ਕੀਤਾ: ‘ਮੈਂ ਹਰ ਵੇਲੇ ਤੁਹਾਡੇ ਨਾਲ ਹਾਂ।’ ਪਰ ਕੀ ਤੁਸੀਂ ਨੋਟ ਕੀਤਾ ਕਿ ਯਿਸੂ ਨੇ ਕੀ ਨਹੀਂ ਕੀਤਾ ਸੀ? ਉਸ ਨੇ ਉਨ੍ਹਾਂ ਦੀ ਕਮਜ਼ੋਰੀ ਜਾਂ ਬੇਪਰਤੀਤੀ ਕਾਰਨ ਉਨ੍ਹਾਂ ਨੂੰ ਝਿੜਕਿਆ ਨਹੀਂ ਸੀ। (ਮੱਤੀ 28:17) ਕੀ ਯਿਸੂ ਦੇ ਇਸ ਤਰ੍ਹਾਂ ਕਰਨ ਦੇ ਚੰਗੇ ਨਤੀਜੇ ਨਿਕਲੇ ਸਨ? ਜੀ ਹਾਂ। ਕੁਝ ਹੀ ਸਮੇਂ ਵਿਚ ਰਸੂਲ ਫਿਰ ਤੋਂ ‘ਉਪਦੇਸ਼ ਕਰਨ ਅਰ ਖੁਸ਼ ਖਬਰੀ ਸੁਣਾਉਣ’ ਲੱਗ ਪਏ ਸਨ। (ਰਸੂਲਾਂ ਦੇ ਕਰਤੱਬ 5:42) ਜੇ ਅਸੀਂ ਵੀ ਆਪਣੇ ਕਮਜ਼ੋਰ ਭੈਣ-ਭਰਾਵਾਂ ਦੀ ਮਦਦ ਕਰਨ ਵੇਲੇ ਯਿਸੂ ਦੀ ਰੀਸ ਕਰੀਏ, ਤਾਂ ਅਸੀਂ ਸ਼ਾਇਦ ਆਪਣੀ ਕਲੀਸਿਯਾ ਵਿਚ ਵੀ ਭੈਣ-ਭਾਈਆਂ ਨੂੰ ਵਾਪਸ ਆਉਂਦੇ ਦੇਖੀਏ। *ਰਸੂਲਾਂ ਦੇ ਕਰਤੱਬ 20:35.

‘ਮੈਂ ਹਰ ਵੇਲੇ ਤੁਹਾਡੇ ਨਾਲ ਹਾਂ’

17, 18. ਯਿਸੂ ਦੇ ਸ਼ਬਦਾਂ ਤੋਂ ਸਾਨੂੰ ਦਿਲਾਸਾ ਕਿਵੇਂ ਮਿਲਦਾ ਹੈ ਕਿ ‘ਉਹ ਹਰ ਵੇਲੇ ਸਾਡੇ ਨਾਲ ਹੈ’?

17 ਸਾਰੇ ਭੈਣ-ਭਾਈ ਜੋ ਯਿਸੂ ਦੇ ਚੇਲੇ ਬਣਾਉਣ ਦੇ ਹੁਕਮ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਯਿਸੂ ਦੇ ਹੁਕਮ ਦੇ ਇਨ੍ਹਾਂ ਆਖ਼ਰੀ ਸ਼ਬਦਾਂ ਤੋਂ ਹੌਸਲਾ ਮਿਲਦਾ ਹੈ: ‘ਮੈਂ ਹਰ ਵੇਲੇ ਤੁਹਾਡੇ ਨਾਲ ਹਾਂ।’ ਰਾਜ ਦਾ ਪ੍ਰਚਾਰ ਰੋਕਣ ਲਈ ਸਾਡੇ ਦੁਸ਼ਮਣ ਭਾਵੇਂ ਜੋ ਮਰਜ਼ੀ ਕਰਨ ਜਾਂ ਕਹਿਣ, ਸਾਨੂੰ ਡਰਨ ਦੀ ਲੋੜ ਨਹੀਂ ਹੈ। ਕਿਉਂ ਨਹੀਂ? ਕਿਉਂਕਿ ‘ਅਕਾਸ਼ ਅਤੇ ਧਰਤੀ ਉੱਤੇ ਸਾਰਾ ਇਖ਼ਤਿਆਰ’ ਰੱਖਣ ਵਾਲਾ ਸਾਡਾ ਆਗੂ ਯਿਸੂ ਸਾਡੇ ਨਾਲ ਹੈ!

18 ਸਾਨੂੰ ਯਿਸੂ ਦੇ ਵਾਅਦੇ ਤੋਂ ਵੀ ਬਹੁਤ ਦਿਲਾਸਾ ਮਿਲਦਾ ਹੈ ਕਿ ‘ਉਹ ਹਰ ਵੇਲੇ ਸਾਡੇ ਨਾਲ ਹੈ।’ ਚੇਲੇ ਬਣਾਉਣ ਦਾ ਹੁਕਮ ਪੂਰਾ ਕਰਦੇ ਹੋਏ ਸਾਨੂੰ ਖ਼ੁਸ਼ੀ ਤਾਂ ਮਿਲਦੀ ਹੀ ਹੈ, ਪਰ ਕਦੇ-ਕਦੇ ਸਾਡੀ ਜ਼ਿੰਦਗੀ ਵਿਚ ਸਾਨੂੰ ਗਮ ਵੀ ਮਿਲਦਾ ਹੈ। (2 ਇਤਹਾਸ 6:29) ਜਦ ਕਿਸੇ ਦੇ ਅਜ਼ੀਜ਼ ਦੀ ਮੌਤ ਹੁੰਦੀ ਹੈ, ਤਾਂ ਉਸ ਨੂੰ ਕਿੰਨਾ ਗਮ ਸਹਿਣਾ ਪੈਂਦਾ ਹੈ। (ਉਤਪਤ 23:2; ਯੂਹੰਨਾ 11:33-36) ਕਈ ਭੈਣ-ਭਾਈ ਬੁਢੇਪੇ ਦੇ ਕਾਰਨ ਕਮਜ਼ੋਰ ਤੇ ਬੀਮਾਰ ਹੋ ਗਏ ਹਨ। (ਉਪਦੇਸ਼ਕ ਦੀ ਪੋਥੀ 12:1-6) ਕਈ ਹੋਰ ਕਈ-ਕਈ ਦਿਨ ਡਿਪਰੈਸ਼ਨ ਹੇਠ ਦੱਬੇ ਰਹਿੰਦੇ ਹਨ। (1 ਥੱਸਲੁਨੀਕੀਆਂ 5:14) ਬਹੁਤ ਸਾਰੇ ਭੈਣ-ਭਰਾ ਆਪਣਾ ਗੁਜ਼ਾਰਾ ਮਸੀਂ-ਮਸੀਂ ਤੋਰਦੇ ਹਨ। ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਅਸੀਂ ਆਪਣੀ ਸੇਵਕਾਈ ਪੂਰੀ ਕਰਨ ਵਿਚ ਕਾਮਯਾਬ ਹੁੰਦੇ ਹਾਂ ਕਿਉਂਕਿ ਯਿਸੂ ‘ਹਰ ਵੇਲੇ ਸਾਡੇ ਨਾਲ ਹੈ’—ਮੁਸ਼ਕਲ ਸਮਿਆਂ ਵਿਚ ਵੀ।—ਮੱਤੀ 11:28-30.

19. (ੳ) ਯਿਸੂ ਦੇ ਚੇਲੇ ਬਣਾਉਣ ਦੇ ਹੁਕਮ ਵਿਚ ਕੀ-ਕੀ ਸ਼ਾਮਲ ਹੈ? (ਅ) ਅਸੀਂ ਕਿਸ ਦੀ ਮਦਦ ਨਾਲ ਇਸ ਹੁਕਮ ਦੀ ਪਾਲਣਾ ਕਰ ਸਕਦੇ ਹਾਂ?

19 ਇਸ ਅਤੇ ਪਿਛਲੇ ਲੇਖ ਵਿਚ ਅਸੀਂ ਦੇਖਿਆ ਹੈ ਕਿ ਚੇਲੇ ਬਣਾਉਣ ਦੇ ਯਿਸੂ ਦੇ ਹੁਕਮ ਦੇ ਚਾਰ ਪਹਿਲੂ ਹਨ। ਯਿਸੂ ਨੇ ਸਾਨੂੰ ਦੱਸਿਆ ਸੀ ਕਿ ਸਾਨੂੰ ਪ੍ਰਚਾਰ ਕਿਉਂ ਅਤੇ ਕਿੱਥੇ ਕਰਨਾ ਚਾਹੀਦਾ ਹੈ। ਉਸ ਨੇ ਇਹ ਵੀ ਦੱਸਿਆ ਸੀ ਕਿ ਸਾਨੂੰ ਕੀ ਅਤੇ ਕਦ ਤਕ ਸਿਖਾਉਂਦੇ ਰਹਿਣਾ ਚਾਹੀਦਾ ਹੈ। ਇਹ ਸੱਚ ਹੈ ਕਿ ਇਸ ਹੁਕਮ ਦੀ ਪਾਲਣਾ ਕਰਨੀ ਸੌਖੀ ਨਹੀਂ। ਪਰ ਯਿਸੂ ਦੇ ਸਾਥ ਨਾਲ ਅਤੇ ਉਸ ਦੇ ਇਖ਼ਤਿਆਰ ਹੇਠ ਅਸੀਂ ਜ਼ਰੂਰ ਕਾਮਯਾਬ ਹੋ ਸਕਦੇ ਹਾਂ! ਕੀ ਤੁਹਾਨੂੰ ਇਸ ਗੱਲ ਦਾ ਯਕੀਨ ਹੈ?

[ਫੁਟਨੋਟ]

^ ਪੈਰਾ 3 ਯਿਸੂ ਨੇ ਬਪਤਿਸਮਾ ਤੇ ਸਿੱਖਿਆ ਦੇਣ ਦਾ ਹੁਕਮ ਦਿੱਤਾ ਸੀ। ਇਕ ਪੁਸਤਕ ਦੇ ਅਨੁਸਾਰ ਇਸ ਹੁਕਮ ਵਿਚ ਦੋ ਕੰਮ ਨਹੀਂ, ਪਰ ਇੱਕੋ ਕੰਮ ਦੀ ਗੱਲ ਕੀਤੀ ਗਈ ਹੈ। ਸਿਖਾਉਣ ਦਾ ਕੰਮ ਲਗਾਤਾਰ ਹੁੰਦਾ ਰਹਿਣਾ ਚਾਹੀਦਾ ਹੈ। ਕੁਝ ਸਿੱਖਿਆ ਬਪਤਿਸਮੇ ਤੋਂ ਪਹਿਲਾਂ ਤੇ ਕੁਝ ਬਪਤਿਸਮੇ ਤੋਂ ਬਾਅਦ ਦਿੱਤੀ ਜਾਂਦੀ ਹੈ।

^ ਪੈਰਾ 16 ਕਮਜ਼ੋਰ ਭੈਣ-ਭਾਈਆਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ ਤੇ ਸਾਨੂੰ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ? ਇਸ ਬਾਰੇ ਹੋਰ ਜਾਣਕਾਰੀ ਲਈ 1 ਫਰਵਰੀ 2003 ਦੇ ਪਹਿਰਾਬੁਰਜ ਦੇ 15-18 ਸਫ਼ੇ ਦੇਖੋ।

ਤੁਸੀਂ ਕੀ ਜਵਾਬ ਦਿਓਗੇ?

• ਅਸੀਂ ਹੋਰਨਾਂ ਨੂੰ ਯਿਸੂ ਦੇ ਹੁਕਮ ਦੀ ਪਾਲਣਾ ਕਰਨੀ ਕਿਵੇਂ ਸਿਖਾ ਸਕਦੇ ਹਾਂ?

• ਇਕ ਨਵਾਂ ਚੇਲਾ ਕਲੀਸਿਯਾ ਵਿਚ ਹੋਰਨਾਂ ਤੋਂ ਕੀ ਸਿੱਖ ਸਕਦਾ ਹੈ?

• ਅਸੀਂ ਕਮਜ਼ੋਰ ਹੋਏ ਭੈਣ-ਭਾਈਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ?

• ਸਾਨੂੰ ਯਿਸੂ ਦੇ ਵਾਅਦੇ ਤੋਂ ਦਿਲਾਸਾ ਕਿਵੇਂ ਮਿਲਦਾ ਹੈ ਕਿ ‘ਉਹ ਹਰ ਵੇਲੇ ਸਾਡੇ ਨਾਲ ਹੈ’?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਸਾਨੂੰ ਅਧਿਆਪਕ ਅਤੇ ਨਮੂਨਾ ਬਣਨ ਦੀ ਲੋੜ ਹੈ

[ਸਫ਼ੇ 17 ਉੱਤੇ ਤਸਵੀਰਾਂ]

ਇਕ ਨਵਾਂ ਚੇਲਾ ਹੋਰਨਾਂ ਦੀਆਂ ਵਧੀਆ ਮਿਸਾਲਾਂ ਤੋਂ ਸਬਕ ਸਿੱਖਦਾ ਹੈ