Skip to content

Skip to table of contents

‘ਉਹ ਜਹਾਜ਼ ਤੇ ਚੜ੍ਹ ਕੇ ਕੁਪਰੁਸ ਨੂੰ ਗਏ’

‘ਉਹ ਜਹਾਜ਼ ਤੇ ਚੜ੍ਹ ਕੇ ਕੁਪਰੁਸ ਨੂੰ ਗਏ’

‘ਉਹ ਜਹਾਜ਼ ਤੇ ਚੜ੍ਹ ਕੇ ਕੁਪਰੁਸ ਨੂੰ ਗਏ’

ਇਨ੍ਹਾਂ ਸ਼ਬਦਾਂ ਨਾਲ ਰਸੂਲਾਂ ਦੇ ਕਰਤੱਬ ਵਿਚ ਪੌਲੁਸ, ਬਰਨਬਾਸ ਅਤੇ ਯੂਹੰਨਾ ਮਰਕੁਸ ਨਾਂ ਦੇ ਮਿਸ਼ਨਰੀਆਂ ਦੇ ਕੁਪਰੁਸ (ਸਾਈਪ੍ਰਸ) ਵਿਚ ਪ੍ਰਚਾਰ ਦੇ ਤਜਰਬਿਆਂ ਦਾ ਬਿਰਤਾਂਤ ਸ਼ੁਰੂ ਹੁੰਦਾ ਹੈ। ਉਨ੍ਹਾਂ ਨੇ ਲਗਭਗ 47 ਸਾ.ਯੁ. ਵਿਚ ਸਾਈਪ੍ਰਸ ਵਿਚ ਪ੍ਰਚਾਰ ਕੀਤਾ ਸੀ। (ਰਸੂਲਾਂ ਦੇ ਕਰਤੱਬ 13:4) ਇਹ ਟਾਪੂ ਭੂਮੱਧ ਸਾਗਰ ਦੇ ਪੂਰਬੀ ਹਿੱਸੇ ਵਿਚ ਸਥਿਤ ਹੈ। ਅੱਜ ਦੀ ਤਰ੍ਹਾਂ ਪੁਰਾਣੇ ਜ਼ਮਾਨੇ ਵਿਚ ਵੀ ਸਾਈਪ੍ਰਸ ਬਹੁਤ ਮਹੱਤਤਾ ਰੱਖਦਾ ਸੀ।

ਰੋਮੀ ਲੋਕਾਂ ਦੀ ਨਜ਼ਰ ਬਹੁਤ ਸਮੇਂ ਤੋਂ ਇਸ ਟਾਪੂ ਉੱਤੇ ਲੱਗੀ ਹੋਈ ਸੀ ਅਤੇ ਉਨ੍ਹਾਂ ਨੇ 58 ਸਾ.ਯੁ.ਪੂ. ਵਿਚ ਇਸ ਟਾਪੂ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਉਸ ਸਮੇਂ ਤੋਂ ਪਹਿਲਾਂ ਵੀ ਸਾਈਪ੍ਰਸ ਦਾ ਇਤਿਹਾਸ ਕਾਫ਼ੀ ਦਿਲਚਸਪ ਰਿਹਾ ਸੀ। ਫ਼ਨੀਸ਼ਨ, ਯੂਨਾਨੀ, ਅੱਸ਼ੂਰੀ, ਫ਼ਾਰਸੀ ਅਤੇ ਮਿਸਰੀ ਲੋਕਾਂ ਨੇ ਇਸ ਟਾਪੂ ਉੱਤੇ ਰਾਜ ਕੀਤਾ ਸੀ। ਫਿਰ ਮੱਧਕਾਲ (500 ਸਾ.ਯੁ. ਤੋਂ 1500 ਸਾ.ਯੁ.) ਦੌਰਾਨ ਧਰਮ-ਯੁੱਧ ਲੜਨ ਵਾਲੀਆਂ ਕੌਮਾਂ, ਫ਼ਰਾਂਕੀ ਕਬੀਲਿਆਂ ਅਤੇ ਵੈਨਿਸੀ ਲੋਕਾਂ ਨੇ ਇਸ ਉੱਤੇ ਕਬਜ਼ਾ ਕੀਤਾ। ਇਨ੍ਹਾਂ ਤੋਂ ਬਾਅਦ ਉਸਮਾਨੀ ਲੋਕਾਂ ਨੇ ਵੀ ਇਸ ਉੱਤੇ ਕਬਜ਼ਾ ਕੀਤਾ। ਫਿਰ 1914 ਵਿਚ ਅੰਗ੍ਰੇਜ਼ਾਂ ਨੇ ਇਸ ਨੂੰ ਆਪਣੇ ਕਬਜ਼ੇ ਵਿਚ ਕਰ ਕੇ 1960 ਤਕ ਇਸ ਉੱਤੇ ਰਾਜ ਕੀਤਾ ਜਿਸ ਸਾਲ ਇਸ ਦੇਸ਼ ਨੂੰ ਆਜ਼ਾਦੀ ਮਿਲੀ।

ਅੱਜ-ਕੱਲ੍ਹ ਸਾਈਪ੍ਰਸ ਨੂੰ ਟੂਰਿਜ਼ਮ ਤੋਂ ਸਭ ਤੋਂ ਜ਼ਿਆਦਾ ਆਮਦਨ ਮਿਲਦੀ ਹੈ, ਪਰ ਪੌਲੁਸ ਦੇ ਜ਼ਮਾਨੇ ਵਿਚ ਇਹ ਟਾਪੂ ਕੁਦਰਤੀ ਚੀਜ਼ਾਂ ਦਾ ਭੰਡਾਰ ਸੀ। ਰੋਮੀ ਲੋਕਾਂ ਨੇ ਇਨ੍ਹਾਂ ਚੀਜ਼ਾਂ ਦਾ ਵਪਾਰ ਕਰ ਕੇ ਰੋਮ ਨੂੰ ਹੋਰ ਵੀ ਅਮੀਰ ਬਣਾਇਆ। ਇਸ ਟਾਪੂ ਦੇ ਇਤਿਹਾਸ ਦੇ ਮੁਢਲੇ ਸਾਲਾਂ ਦੌਰਾਨ ਹੀ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਇੱਥੇ ਤਾਂਬਾ ਬਹੁਤ ਸੀ। ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਰੋਮੀ ਰਾਜ ਦੇ ਅੰਤ ਤਕ ਖਾਣਾਂ ਵਿੱਚੋਂ 2,50,000 ਟਨ ਤਾਂਬਾ ਕੱਢਿਆ ਜਾ ਚੁੱਕਾ ਸੀ ਅਤੇ ਤਾਂਬਾ ਤਾਉਣ ਲਈ ਕਰੋੜਾਂ ਦਰਖ਼ਤ ਭੱਠੀ ਵਿਚ ਭਸਮ ਕੀਤੇ ਗਏ ਸਨ। ਇਸ ਲਈ ਪੌਲੁਸ ਦੇ ਇੱਥੇ ਪਹੁੰਚਣ ਤਕ ਇਹ ਟਾਪੂ ਕਾਫ਼ੀ ਹੱਦ ਤਕ ਜੰਗਲਾਂ ਤੋਂ ਸੱਖਣਾ ਹੋ ਚੁੱਕਾ ਸੀ।

ਸਾਈਪ੍ਰਸ ਵਿਚ ਰੋਮੀ ਲੋਕਾਂ ਦਾ ਰਾਜ

ਇਕ ਵਿਸ਼ਵ-ਕੋਸ਼ ਮੁਤਾਬਕ ਜੂਲੀਅਸ ਸੀਜ਼ਰ ਨੇ ਅਤੇ ਫਿਰ ਮਾਰਕ ਐਂਟੋਨੀ ਨੇ ਮਿਸਰ ਨੂੰ ਸਾਈਪ੍ਰਸ ਦਾ ਟਾਪੂ ਦੇ ਦਿੱਤਾ ਸੀ। ਪਰ ਅਗਸਟਸ ਦੇ ਰਾਜ ਵਿਚ ਇਹ ਟਾਪੂ ਫਿਰ ਤੋਂ ਰੋਮ ਦੇ ਅਧੀਨ ਆ ਗਿਆ। ਰਸੂਲਾਂ ਦੇ ਕਰਤੱਬ ਦੇ ਲਿਖਾਰੀ ਲੂਕਾ ਨੇ ਸਹੀ ਕਿਹਾ ਸੀ ਕਿ ਰੋਮ ਦਾ ਇਕ ਡਿਪਟੀ ਯਾਨੀ ਗਵਰਨਰ ਇਸ ਟਾਪੂ ਉੱਤੇ ਹਕੂਮਤ ਕਰ ਰਿਹਾ ਸੀ। ਜਦ ਪੌਲੁਸ ਨੇ ਉੱਥੇ ਪ੍ਰਚਾਰ ਕੀਤਾ, ਤਾਂ ਸਰਗੀਉਸ ਪੌਲੁਸ ਸਾਈਪ੍ਰਸ ਦਾ ਗਵਰਨਰ ਸੀ।—ਰਸੂਲਾਂ ਦੇ ਕਰਤੱਬ 13:7.

ਰੋਮੀ ਅੰਤਰਰਾਸ਼ਟਰੀ ਸ਼ਾਂਤੀ (ਪੈਕਸ ਰੋਮਾਨਾ) ਕਰਕੇ ਸਾਈਪ੍ਰਸ ਵਿਚ ਖਾਣ ਪੁੱਟਣ ਅਤੇ ਹੋਰ ਕੰਮ-ਧੰਦਾ ਕਾਫ਼ੀ ਵਧ ਗਿਆ ਸੀ ਜਿਸ ਕਰਕੇ ਵਪਾਰ ਵਿਚ ਬਹੁਤ ਤੇਜ਼ੀ ਆਈ। ਇਸ ਤੋਂ ਇਲਾਵਾ, ਸਾਈਪ੍ਰਸ ਵਿਚ ਤਾਇਨਾਤ ਰੋਮੀ ਫ਼ੌਜਾਂ ਅਤੇ ਸਾਈਪ੍ਰਸ ਦੀ ਅਫਰੋਡਾਇਟੀ ਦੇਵੀ ਦੀ ਪੂਜਾ ਕਰਨ ਲਈ ਆਏ ਤੀਰਥ-ਯਾਤਰੀਆਂ ਕਰਕੇ ਵੀ ਸਾਈਪ੍ਰਸ ਦੀ ਆਮਦਨ ਵਿਚ ਕਾਫ਼ੀ ਵਾਧਾ ਹੋਇਆ। ਇਸ ਵੱਡੀ ਆਮਦਨ ਨਾਲ ਨਵੀਆਂ ਸੜਕਾਂ, ਬੰਦਰਗਾਹਾਂ ਅਤੇ ਆਲੀਸ਼ਾਨ ਇਮਾਰਤਾਂ ਬਣਾਈਆਂ ਗਈਆਂ। ਕੌਮੀ ਭਾਸ਼ਾ ਯੂਨਾਨੀ ਸੀ ਅਤੇ ਰੋਮ ਦੇ ਸਮਰਾਟ ਤੋਂ ਇਲਾਵਾ ਅਫਰੋਡਾਇਟੀ, ਅਪਾਲੋ ਅਤੇ ਜ਼ੂਸ ਨਾਂ ਦੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। ਦੇਸ਼ ਦੀ ਸਮਾਜਕ ਤੇ ਸਭਿਆਚਾਰਕ ਖ਼ੁਸ਼ਹਾਲੀ ਕਰਕੇ ਲੋਕ ਜ਼ਿੰਦਗੀ ਦਾ ਮਜ਼ਾ ਲੁੱਟ ਰਹੇ ਸਨ।

ਸਾਈਪ੍ਰਸ ਦੇ ਅਜਿਹੇ ਮਾਹੌਲ ਵਿਚ ਪੌਲੁਸ ਨੇ ਇੱਥੇ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਮਸੀਹ ਬਾਰੇ ਸਿਖਾਇਆ। ਪਰ ਪੌਲੁਸ ਦੇ ਆਉਣ ਤੋਂ ਪਹਿਲਾਂ ਹੀ ਇੱਥੇ ਦੇ ਲੋਕ ਮਸੀਹੀ ਧਰਮ ਤੋਂ ਵਾਕਫ਼ ਸਨ। ਰਸੂਲਾਂ ਦੇ ਕਰਤੱਬ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਸਤੀਫ਼ਾਨ ਨਾਂ ਦੇ ਪਹਿਲੇ ਮਸੀਹੀ ਦੀ ਸ਼ਹੀਦੀ ਤੋਂ ਬਾਅਦ ਕੁਝ ਮਸੀਹੀ ਸਾਈਪ੍ਰਸ ਨੂੰ ਭੱਜ ਗਏ ਸਨ। (ਰਸੂਲਾਂ ਦੇ ਕਰਤੱਬ 11:19) ਪੌਲੁਸ ਦਾ ਸਾਥੀ ਬਰਨਬਾਸ ਸਾਈਪ੍ਰਸ ਤੋਂ ਸੀ ਤੇ ਇਸ ਟਾਪੂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸ ਲਈ ਪ੍ਰਚਾਰ ਕਰਨ ਲਈ ਥਾਂ-ਥਾਂ ਸਫ਼ਰ ਕਰਦੇ ਸਮੇਂ ਉਹ ਪੌਲੁਸ ਲਈ ਇਕ ਚੰਗਾ ਗਾਈਡ ਸਾਬਤ ਹੋਇਆ ਹੋਣਾ।—ਰਸੂਲਾਂ ਦੇ ਕਰਤੱਬ 4:36; 13:2.

ਪੌਲੁਸ ਦੇ ਸਫ਼ਰ ਤੇ ਇਕ ਨਜ਼ਰ

ਅਸੀਂ ਪੱਕੇ ਤੌਰ ਤੇ ਕਹਿ ਨਹੀਂ ਸਕਦੇ ਕਿ ਸਾਈਪ੍ਰਸ ਵਿਚ ਥਾਂ-ਥਾਂ ਜਾਣ ਲਈ ਪੌਲੁਸ ਨੇ ਕਿਹੜਾ ਰਾਹ ਫੜਿਆ ਸੀ। ਪਰ ਵਿਗਿਆਨੀਆਂ ਨੇ ਖੰਡਰਾਂ ਤੋਂ ਪਤਾ ਲਗਾਇਆ ਹੈ ਕਿ ਰੋਮ ਦੇ ਰਾਜ ਵਿਚ ਕਿਹੜੀਆਂ ਸੜਕਾਂ ਸ਼ਹਿਰਾਂ ਨੂੰ ਜੋੜਦੀਆਂ ਸਨ। ਇਸ ਟਾਪੂ ਦੀ ਬਣਤਰ ਕਰਕੇ ਅੱਜ ਵੀ ਮੁੱਖ ਸੜਕਾਂ ਉੱਥੇ ਹੀ ਹਨ ਜਿੱਥੇ ਪੁਰਾਣੀਆਂ ਸੜਕਾਂ ਹੁੰਦੀਆਂ ਸਨ।

ਪੌਲੁਸ, ਬਰਨਬਾਸ ਅਤੇ ਯੂਹੰਨਾ ਮਰਕੁਸ ਜਹਾਜ਼ ਰਾਹੀਂ ਸਿਲੂਕਿਯਾ ਤੋਂ ਸਲਮੀਸ ਪਹੁੰਚੇ। ਉਹ ਸਲਮੀਸ ਨੂੰ ਕਿਉਂ ਗਏ ਜਦ ਰਾਜਧਾਨੀ ਅਤੇ ਮੁੱਖ ਬੰਦਰਗਾਹ ਪਾਫ਼ੁਸ ਸੀ? ਇਕ ਕਾਰਨ ਇਹ ਸੀ ਕਿ ਸਲਮੀਸ ਪੂਰਬੀ ਕਿਨਾਰੇ ਤੇ ਸੀ ਅਤੇ ਸਿਲੂਕਿਯਾ ਤੋਂ ਸਿਰਫ਼ 200 ਕਿਲੋਮੀਟਰ ਦੂਰ ਸੀ। ਭਾਵੇਂ ਕਿ ਰੋਮੀ ਰਾਜ ਅਧੀਨ ਸਲਮੀਸ ਦੀ ਥਾਂ ਪਾਫ਼ੁਸ ਨੂੰ ਰਾਜਧਾਨੀ ਬਣਾਇਆ ਗਿਆ ਸੀ, ਫਿਰ ਵੀ ਸਲਮੀਸ ਹੀ ਸਾਈਪ੍ਰਸ ਦਾ ਸਭਿਆਚਾਰਕ, ਵਿਦਿਅਕ ਅਤੇ ਵਪਾਰਕ ਕੇਂਦਰ ਰਿਹਾ। ਸਲਮੀਸ ਵਿਚ ਕਾਫ਼ੀ ਯਹੂਦੀ ਲੋਕ ਰਹਿੰਦੇ ਸਨ ਅਤੇ ਇਨ੍ਹਾਂ ਮਿਸ਼ਨਰੀਆਂ ਨੇ “ਯਹੂਦੀਆਂ ਦੀਆਂ ਸਮਾਜਾਂ ਵਿੱਚ ਪਰਮੇਸ਼ੁਰ ਦਾ ਬਚਨ ਸੁਣਾਇਆ।”—ਰਸੂਲਾਂ ਦੇ ਕਰਤੱਬ 13:5.

ਅੱਜ ਸਲਮੀਸ ਦੇ ਖੰਡਰਾਤ ਹੀ ਰਹਿ ਗਏ ਹਨ। ਫਿਰ ਵੀ, ਪੁਰਾਣੀਆਂ ਲੱਭਤਾਂ ਤੋਂ ਸਬੂਤ ਮਿਲਿਆ ਹੈ ਕਿ ਸਲਮੀਸ ਪਹਿਲਾਂ ਬੜਾ ਹੀ ਸ਼ਾਨਦਾਰ ਤੇ ਅਮੀਰ ਸ਼ਹਿਰ ਹੁੰਦਾ ਸੀ। ਇੱਥੇ ਕੈਸਰ ਅਗਸਟਸ ਦੇ ਸਮੇਂ ਦੇ ਇਕ ਬਾਜ਼ਾਰ ਦੇ ਖੰਡਰਾਤ ਮਿਲੇ ਹਨ ਜੋ ਸਿਆਸੀ ਤੇ ਮਜ਼ਹਬੀ ਕੰਮਾਂ ਦਾ ਕੇਂਦਰ ਹੁੰਦਾ ਸੀ। ਭੂਮੱਧ ਸਾਗਰ ਦੇ ਇਲਾਕੇ ਵਿਚ ਸ਼ਾਇਦ ਇਹ ਸਭ ਤੋਂ ਵੱਡਾ ਬਾਜ਼ਾਰ ਸੀ। ਖੰਡਰਾਂ ਤੋਂ ਵਿਗਿਆਨੀਆਂ ਨੂੰ ਰੰਗੀਨ ਮੋਜ਼ੇਕ ਪੱਥਰਾਂ ਨਾਲ ਸਜਾਏ ਫ਼ਰਸ਼, ਜਿਮਨੇਜ਼ੀਅਮ, ਸ਼ਾਨਦਾਰ ਇਸ਼ਨਾਨ-ਘਰ, ਇਕ ਸਟੇਡੀਅਮ ਤੇ ਐਂਫੀਥੀਏਟਰ, ਸ਼ਾਨਦਾਰ ਕਬਰਾਂ ਅਤੇ 15,000 ਸੀਟਾਂ ਵਾਲਾ ਇਕ ਵੱਡਾ ਅਖਾੜਾ ਲੱਭਿਆ ਹੈ। ਬਾਜ਼ਾਰ ਦੇ ਲਾਗੇ ਜ਼ੂਸ ਦੇਵਤੇ ਦੇ ਸ਼ਾਨਦਾਰ ਮੰਦਰ ਦੇ ਖੰਡਰਾਤ ਵੀ ਮਿਲੇ ਹਨ।

ਪਰ ਜ਼ੂਸ ਇਸ ਸ਼ਹਿਰ ਨੂੰ ਭੁਚਾਲਾਂ ਤੋਂ ਨਹੀਂ ਬਚਾ ਸਕਿਆ। ਪੰਦਰਾਂ ਸਾ.ਯੁ.ਪੂ. ਵਿਚ ਇਕ ਵੱਡੇ ਭੁਚਾਲ ਨੇ ਸਲਮੀਸ ਨੂੰ ਪੱਧਰਾ ਹੀ ਕਰ ਦਿੱਤਾ, ਪਰ ਅਗਸਟਸ ਨੇ ਇਹ ਸ਼ਹਿਰ ਦੁਬਾਰਾ ਬਣਾਇਆ। ਫਿਰ ਸੰਨ 77 ਸਾ.ਯੁ. ਵਿਚ ਇਕ ਹੋਰ ਭੁਚਾਲ ਨੇ ਇਸ ਸ਼ਹਿਰ ਨੂੰ ਦੁਬਾਰਾ ਢਾਹ ਦਿੱਤਾ ਅਤੇ ਇਹ ਸ਼ਹਿਰ ਫਿਰ ਤੋਂ ਬਣਾਇਆ ਗਿਆ। ਫਿਰ ਚੌਥੀ ਸਦੀ ਵਿਚ ਕਈ ਭੁਚਾਲਾਂ ਨੇ ਸਲਮੀਸ ਨੂੰ ਤਬਾਹ ਕਰ ਦਿੱਤਾ ਜਿਸ ਮਗਰੋਂ ਉਸ ਦੀ ਪਹਿਲੀ ਸ਼ਾਨ ਫਿਰ ਕਦੀ ਨਹੀਂ ਮੁੜੀ। ਮੱਧਕਾਲ ਤਕ ਇਸ ਦੀ ਬੰਦਰਗਾਹ ਗਾਰੇ ਨਾਲ ਭਰ ਜਾਣ ਕਰਕੇ ਬੰਦ ਕਰ ਦਿੱਤੀ ਗਈ ਸੀ।

ਬਾਈਬਲ ਵਿਚ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਸਲਮੀਸ ਦੇ ਲੋਕਾਂ ਨੇ ਪੌਲੁਸ ਦੇ ਸੰਦੇਸ਼ ਨੂੰ ਸਵੀਕਾਰ ਕੀਤਾ ਸੀ ਕਿ ਨਹੀਂ। ਪਰ ਪੌਲੁਸ ਨੇ ਹੋਰ ਇਲਾਕਿਆਂ ਵਿਚ ਵੀ ਪ੍ਰਚਾਰ ਕਰਨਾ ਸੀ। ਸਲਮੀਸ ਤੋਂ ਰਵਾਨਾ ਹੋ ਕੇ ਮਿਸ਼ਨਰੀ ਤਿੰਨ ਰਸਤਿਆਂ ਵਿੱਚੋਂ ਕੋਈ ਇਕ ਰਸਤਾ ਚੁਣ ਸਕਦੇ ਸਨ। ਇਕ ਰਸਤਾ ਉੱਤਰੀ ਕਿਨਾਰੇ ਵੱਲ ਜਾਂਦਾ ਸੀ ਜੋ ਕਿਰੀਨਯਾ ਪਹਾੜਾਂ ਵਿੱਚੋਂ ਲੰਘਦਾ ਸੀ। ਦੂਜਾ ਰਸਤਾ ਪੱਛਮ ਵੱਲ ਜਾਂਦਾ ਸੀ ਜੋ ਮਸੌਰਿਯਾ ਦਾ ਮੈਦਾਨ ਪਾਰ ਕਰ ਕੇ ਟਾਪੂ ਦੇ ਵਿੱਚੋਂ ਦੀ ਲੰਘਦਾ ਸੀ। ਤੀਜਾ ਰਸਤਾ ਦੱਖਣੀ ਕਿਨਾਰੇ ਦੇ ਨਾਲ-ਨਾਲ ਜਾਂਦਾ ਸੀ।

ਇਹ ਮੰਨਿਆ ਜਾਂਦਾ ਹੈ ਕਿ ਪੌਲੁਸ ਨੇ ਤੀਜਾ ਰਸਤਾ ਚੁਣਿਆ। ਇਸ ਪਾਸੇ ਲਾਲ ਮਿੱਟੀ ਵਾਲੀ ਬਹੁਤ ਸਾਰੀ ਚੰਗੀ ਜ਼ਮੀਨ ਸੀ ਜਿੱਥੇ ਖੇਤੀ-ਬਾੜੀ ਕੀਤੀ ਜਾਂਦੀ ਸੀ। ਇਸ ਸੜਕ ਉੱਤੇ ਦੱਖਣ-ਪੱਛਮ ਵੱਲ ਲਗਭਗ 50 ਕਿਲੋਮੀਟਰ ਬਾਅਦ ਲਾਰਨਾਕਾ ਸ਼ਹਿਰ ਆਉਂਦਾ ਸੀ, ਫਿਰ ਉਧਰੋਂ ਸੜਕ ਉੱਤਰ ਵੱਲ ਮੁੜ ਜਾਂਦੀ ਸੀ।

‘ਓਹ ਉਸ ਸਾਰੇ ਟਾਪੂ ਵਿੱਚ ਫਿਰੇ’

ਲਾਰਨਾਕਾ ਤੋਂ ਥੋੜ੍ਹੀ ਦੂਰੀ ਤੇ ਲੀਡਰਾ ਨਾਂ ਦਾ ਸ਼ਹਿਰ ਸੀ। ਅੱਜ ਇਸ ਜਗ੍ਹਾ ਤੇ ਸਾਈਪ੍ਰਸ ਦੀ ਰਾਜਧਾਨੀ ਨਿਕੋਸੀਆ ਸਥਿਤ ਹੈ। ਪੁਰਾਣੇ ਸ਼ਹਿਰ ਦਾ ਕਿਤੇ ਕੋਈ ਖੁਰਾ-ਖੋਜ ਨਹੀਂ ਹੈ। ਪਰ ਨਿਕੋਸੀਆ ਦੇ ਕੇਂਦਰੀ ਇਲਾਕੇ ਦੇ ਆਲੇ-ਦੁਆਲੇ ਕੰਧਾਂ ਹਨ ਜੋ 16ਵੀਂ ਸਦੀ ਵਿਚ ਵੈਨਿਸੀ ਲੋਕਾਂ ਨੇ ਬਣਾਈਆਂ ਸਨ। ਇਸ ਇਲਾਕੇ ਵਿਚ ਲੀਡਰਾ ਨਾਂ ਦੀ ਇਕ ਛੋਟੀ ਜਿਹੀ ਗਲੀ ਹੈ। ਅਸੀਂ ਇਹ ਨਹੀਂ ਜਾਣਦੇ ਕਿ ਪੌਲੁਸ ਲੀਡਰਾ ਤਕ ਗਿਆ ਸੀ ਜਾਂ ਨਹੀਂ। ਬਾਈਬਲ ਸਾਨੂੰ ਇਹੀ ਦੱਸਦੀ ਹੈ ਕਿ ਉਹ ‘ਸਾਰੇ ਟਾਪੂ ਵਿੱਚ ਫਿਰੇ।’ (ਰਸੂਲਾਂ ਦੇ ਕਰਤੱਬ 13:6) ਬਾਈਬਲ ਦੇ ਦੇਸ਼ਾਂ ਬਾਰੇ ਇਕ ਪੁਸਤਕ ਵਿਚ ਦੱਸਿਆ ਗਿਆ ਹੈ ਕਿ ਸਾਰੇ ਟਾਪੂ ਵਿਚ ਫਿਰਨ ਦਾ ਮਤਲਬ “ਸ਼ਾਇਦ ਇਹ ਹੈ ਕਿ ਉਹ ਸਾਈਪ੍ਰਸ ਦੇ ਉਨ੍ਹਾਂ ਸਾਰੇ ਇਲਾਕਿਆਂ ਵਿਚ ਗਏ ਸਨ ਜਿੱਥੇ ਯਹੂਦੀ ਰਹਿੰਦੇ ਸਨ।”

ਪੌਲੁਸ ਸਾਈਪ੍ਰਸ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਣਾ ਚਾਹੁੰਦਾ ਸੀ। ਇਸ ਲਈ ਉਹ ਸ਼ਾਇਦ ਲੀਡਰਾ ਦੇ ਦੱਖਣ ਵਿਚ ਐਮੇਥਸ ਤੇ ਕੂਰਿਯਨ ਨਾਂ ਦੇ ਵੱਡੇ-ਵੱਡੇ ਸ਼ਹਿਰਾਂ ਨੂੰ ਗਿਆ ਹੋਣਾ ਜਿੱਥੇ ਕਈ ਦੇਸ਼ਾਂ ਦੇ ਲੋਕ ਵਸੇ ਹੋਏ ਸਨ।

ਕੂਰਿਯਨ ਸ਼ਹਿਰ ਸਮੁੰਦਰ ਦੇ ਕਿਨਾਰੇ ਨੇੜੇ ਸਿੱਧੀਆਂ ਢਲਾਣਾਂ ਵਾਲੇ ਉੱਚੇ ਪਹਾੜ ਤੇ ਸਥਿਤ ਸੀ। ਜਿਸ ਭੁਚਾਲ ਨੇ 77 ਸਾ.ਯੁ. ਵਿਚ ਸਲਮੀਸ ਨੂੰ ਤਬਾਹ ਕੀਤਾ ਸੀ, ਉਸੇ ਭੁਚਾਲ ਨੇ ਇਸ ਸ਼ਾਨਦਾਰ ਯੂਨਾਨੀ-ਰੋਮੀ ਸ਼ਹਿਰ ਨੂੰ ਵੀ ਤਬਾਹ ਕੀਤਾ ਸੀ। ਉੱਥੇ 100 ਸਾ.ਯੁ. ਵਿਚ ਬਣਾਏ ਗਏ ਅਪਾਲੋ ਦੇ ਮੰਦਰ ਅਤੇ ਇਕ 6,000 ਸੀਟਾਂ ਵਾਲੇ ਸਟੇਡੀਅਮ ਦੇ ਖੰਡਰਾਤ ਮਿਲੇ ਹਨ। ਕੂਰਿਯਨ ਦੇ ਲੋਕਾਂ ਦੀ ਅਮੀਰੀ ਉਨ੍ਹਾਂ ਦੀਆਂ ਸ਼ਾਨਦਾਰ ਹਵੇਲੀਆਂ ਤੋਂ ਝਲਕਦੀ ਹੈ ਜਿਨ੍ਹਾਂ ਦੇ ਫ਼ਰਸ਼ ਮੋਜ਼ੇਕ ਨਾਲ ਸਜਾਏ ਗਏ ਸਨ।

ਪਾਫ਼ੁਸ ਲਈ ਰਵਾਨਾ

ਸੁੰਦਰ ਨਜ਼ਾਰਿਆਂ ਨਾਲ ਭਰਿਆ ਇਹ ਰਾਹ ਕੂਰਿਯਨ ਤੋਂ ਪੱਛਮ ਵੱਲ ਜਾਂਦੇ ਹੋਏ ਪਹਾੜੀਆਂ ਉੱਤੇ ਬਣੇ ਅੰਗੂਰੀ ਬਾਗ਼ਾਂ ਵਿੱਚੋਂ ਦੀ ਲੰਘਦਾ ਹੈ। ਫਿਰ ਸੜਕ ਅਚਾਨਕ ਪਹਾੜਾਂ ਤੋਂ ਥੱਲੇ ਸਮੁੰਦਰ ਦੇ ਕਿਨਾਰੇ ਵੱਲ ਆ ਜਾਂਦੀ ਹੈ। ਯੂਨਾਨੀ ਮਿਥਿਹਾਸ ਅਨੁਸਾਰ ਇਹ ਉਹੀ ਜਗ੍ਹਾ ਹੈ ਜਿੱਥੇ ਸਮੁੰਦਰ ਨੇ ਅਫਰੋਡਾਇਟੀ ਦੇਵੀ ਨੂੰ ਜਨਮ ਦਿੱਤਾ ਸੀ।

ਸਾਈਪ੍ਰਸ ਵਿਚ ਯੂਨਾਨੀ ਦੇਵੀ-ਦੇਵਤਿਆਂ ਵਿੱਚੋਂ ਅਫਰੋਡਾਇਟੀ ਸਭ ਤੋਂ ਲੋਕਪ੍ਰਿਯ ਸੀ ਅਤੇ ਦੂਜੀ ਸਦੀ ਤਕ ਇਸ ਦੀ ਪੂਜਾ ਹੁੰਦੀ ਰਹੀ। ਪਾਫ਼ੁਸ ਇਸ ਦੇਵੀ ਦੀ ਪੂਜਾ ਦਾ ਕੇਂਦਰ ਸੀ। ਹਰ ਸਾਲ ਬਸੰਤ ਵਿਚ ਉਸ ਦਾ ਤਿਉਹਾਰ ਮਨਾਇਆ ਜਾਂਦਾ ਸੀ। ਇਸ ਤਿਉਹਾਰ ਵਿਚ ਲੋਕ ਏਸ਼ੀਆ ਮਾਈਨਰ, ਮਿਸਰ, ਯੂਨਾਨ ਅਤੇ ਫ਼ਾਰਸ ਤੋਂ ਆਉਂਦੇ ਸਨ। ਜਦੋਂ ਸਾਈਪ੍ਰਸ ਟਾਲਮੀ ਰਾਜਿਆਂ ਦੇ ਅਧੀਨ ਸੀ, ਤਾਂ ਸਾਈਪ੍ਰਸ ਦੇ ਵਾਸੀ ਫ਼ਿਰਊਨ ਦੀ ਪੂਜਾ ਵੀ ਕਰਨ ਲੱਗ ਪਏ।

ਪਾਫ਼ੁਸ ਸਾਈਪ੍ਰਸ ਦੀ ਰੋਮੀ ਰਾਜਧਾਨੀ ਸੀ ਅਤੇ ਗਵਰਨਰ ਇੱਥੋਂ ਰਾਜ ਕਰਦਾ ਸੀ। ਇੱਥੇ ਤਾਂਬੇ ਦੇ ਸਿੱਕੇ ਬਣਾਏ ਜਾਂਦੇ ਸਨ। ਇਹ ਸ਼ਹਿਰ ਵੀ 15 ਸਾ.ਯੁ.ਪੂ. ਵਿਚ ਆਏ ਭੁਚਾਲ ਵਿਚ ਢਹਿ-ਢੇਰੀ ਹੋ ਗਿਆ ਸੀ ਅਤੇ ਅਗਸਟਸ ਨੇ ਸਲਮੀਸ ਦੀ ਤਰ੍ਹਾਂ ਇਸ ਨੂੰ ਵੀ ਦੁਬਾਰਾ ਬਣਵਾਇਆ ਸੀ। ਖੁਦਾਈ ਕਰਨ ਤੇ ਪਤਾ ਲੱਗਾ ਹੈ ਕਿ ਪਹਿਲੀ ਸਦੀ ਵਿਚ ਪਾਫ਼ੁਸ ਸ਼ਹਿਰ ਦੇ ਵਾਸੀ ਬੜੇ ਠਾਠ ਨਾਲ ਰਹਿੰਦੇ ਸਨ। ਇੱਥੇ ਖੁੱਲ੍ਹੀਆਂ ਸੜਕਾਂ, ਸ਼ਾਨਦਾਰ ਹਵੇਲੀਆਂ, ਸੰਗੀਤ ਸਕੂਲ, ਜਿਮਨੇਜ਼ੀਅਮ ਅਤੇ ਇਕ ਐਂਫੀਥੀਏਟਰ ਸੀ।

ਇਸ ਸ਼ਹਿਰ ਵਿਚ ਪੌਲੁਸ, ਬਰਨਬਾਸ ਅਤੇ ਯੂਹੰਨਾ ਮਰਕੁਸ ਆਏ ਸਨ ਅਤੇ ਇੱਥੇ ਇਲਮਾਸ ਜਾਦੂਗਰ ਦੀ ਸਖ਼ਤ ਵਿਰੋਧਤਾ ਦੇ ਬਾਵਜੂਦ “ਬੁੱਧਵਾਨ ਮਨੁੱਖ” ਸਰਗੀਉਸ ਪੌਲੁਸ ਨੇ “ਪਰਮੇਸ਼ੁਰ ਦਾ ਬਚਨ ਸੁਣਨਾ ਚਾਹਿਆ।” ਇਹ ਗਵਰਨਰ ‘ਪ੍ਰਭੁ ਦੀ ਸਿੱਖਿਆ ਤੋਂ ਹੈਰਾਨ ਹੋਇਆ।’—ਰਸੂਲਾਂ ਦੇ ਕਰਤੱਬ 13:6-12.

ਸਾਈਪ੍ਰਸ ਵਿਚ ਪ੍ਰਚਾਰ ਦਾ ਕੰਮ ਪੂਰਾ ਕਰਨ ਤੋਂ ਬਾਅਦ ਇਹ ਮਿਸ਼ਨਰੀ ਭਰਾ ਏਸ਼ੀਆ ਮਾਈਨਰ ਵਿਚ ਪ੍ਰਚਾਰ ਕਰਨ ਗਏ। ਪੌਲੁਸ ਦਾ ਇਹ ਪਹਿਲਾ ਮਿਸ਼ਨਰੀ ਦੌਰਾ ਸੱਚੇ ਮਸੀਹੀ ਧਰਮ ਨੂੰ ਫੈਲਾਉਣ ਵਿਚ ਮਹੱਤਵਪੂਰਣ ਸਾਬਤ ਹੋਇਆ। ਪੌਲੁਸ ਦੀ ਯਾਤਰਾ ਬਾਰੇ ਇਕ ਕਿਤਾਬ ਨੇ ਕਿਹਾ ਕਿ ਇਹ ਦੌਰਾ ‘ਪੌਲੁਸ ਦੇ ਮਿਸ਼ਨਰੀ ਕੰਮ ਦੀ ਅਤੇ ਮਸੀਹੀਅਤ ਦੇ ਪ੍ਰਚਾਰ ਦੀ ਅਸਲੀ ਸ਼ੁਰੂਆਤ ਸੀ।’ ਇਸ ਨੇ ਅੱਗੇ ਕਿਹਾ: “ਸਾਈਪ੍ਰਸ ਤੋਂ ਸਮੁੰਦਰੀ ਜਹਾਜ਼ ਸੀਰੀਆ, ਏਸ਼ੀਆ ਮਾਈਨਰ ਅਤੇ ਯੂਨਾਨ ਜਾਂਦੇ ਸਨ, ਜਿਸ ਕਰਕੇ ਇੱਥੋਂ ਮਿਸ਼ਨਰੀ ਦੌਰਾ ਸ਼ੁਰੂ ਕਰਨਾ ਆਸਾਨ ਸੀ।” ਪਰ ਇਹ ਸਿਰਫ਼ ਇਕ ਸ਼ੁਰੂਆਤ ਸੀ। ਵੀਹ ਸਦੀਆਂ ਬਾਅਦ ਅੱਜ ਵੀ ਇੱਥੇ ਮਸੀਹੀ ਆਪਣਾ ਮਿਸ਼ਨਰੀ ਕੰਮ ਕਰ ਰਹੇ ਹਨ। ਸੱਚ-ਮੁੱਚ ਅੱਜ ਯਹੋਵਾਹ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਧਰਤੀ ਦੇ ਬੰਨੇ ਤੀਕੁਰ” ਕੀਤਾ ਜਾ ਰਿਹਾ ਹੈ।—ਰਸੂਲਾਂ ਦੇ ਕਰਤੱਬ 1:8.

[ਸਫ਼ੇ 20 ਉੱਤੇ ਨਕਸ਼ੇ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਸਾਈਪ੍ਰਸ

ਨਿਕੋਸੀਆ (ਲੀਡਰਾ)

ਪਾਫ਼ੁਸ

ਕੂਰਿਯਨ

ਐਮੇਥਸ

ਲਾਰਨਾਕਾ

ਸਲਮੀਸ

ਕਿਰੀਨਯਾ ਪਹਾੜ

ਮਸੌਰਿਯਾ ਦਾ ਮੈਦਾਨ

ਟਰੂਡਸ ਪਹਾੜ

[ਸਫ਼ੇ 21 ਉੱਤੇ ਤਸਵੀਰ]

ਪਵਿੱਤਰ ਆਤਮਾ ਦੀ ਮਦਦ ਨਾਲ ਪੌਲੁਸ ਨੇ ਪਾਫ਼ੁਸ ਵਿਚ ਇਲਮਾਸ ਜਾਦੂਗਰ ਨੂੰ ਅੰਨ੍ਹਾ ਕੀਤਾ