Skip to content

Skip to table of contents

ਕੀ ਪਰਮੇਸ਼ੁਰ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ?

ਕੀ ਪਰਮੇਸ਼ੁਰ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ?

ਕੀ ਪਰਮੇਸ਼ੁਰ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ?

ਮੈਰਿਅਨ ਦੀ ਬੇਟੀ ਦੇ ਸਿਰ ਤੇ ਸੱਟ ਲੱਗਣ ਕਰਕੇ ਉਸ ਦੇ ਦਿਮਾਗ਼ ਤੇ ਗਹਿਰਾ ਅਸਰ ਪਿਆ। * ਮੈਰਿਅਨ ਨੇ ਉਸ ਵੇਲੇ ਕੀ ਕੀਤਾ? ਉਸ ਨੇ ਉਹੀ ਕੀਤਾ ਜੋ ਸਾਡੇ ਵਿੱਚੋਂ ਕੋਈ ਵੀ ਕਰਦਾ। ਉਹ ਮਦਦ ਲਈ ਪਰਮੇਸ਼ੁਰ ਅੱਗੇ ਗੋਡੇ ਨਿਵਾ ਕੇ ਗਿੜਗਿੜਾਈ। ਮੈਰਿਅਨ ਦੱਸਦੀ ਹੈ: “ਮੈਂ ਜ਼ਿੰਦਗੀ ਵਿਚ ਪਹਿਲੀ ਵਾਰੀ ਆਪਣੇ ਆਪ ਨੂੰ ਇੰਨੀ ਬੇਬੱਸ ਤੇ ਇਕੱਲੀ ਮਹਿਸੂਸ ਕੀਤਾ।” ਬਾਅਦ ਵਿਚ ਉਸ ਦੀ ਧੀ ਦੀ ਸਿਹਤ ਹੋਰ ਵੀ ਵਿਗੜ ਗਈ ਜਿਸ ਕਾਰਨ ਪਰਮੇਸ਼ੁਰ ਤੋਂ ਉਸ ਦਾ ਭਰੋਸਾ ਉੱਠ ਗਿਆ। ਉਸ ਨੇ ਰੱਬ ਤੋਂ ਪੁੱਛਿਆ: “ਇਹ ਸਭ ਕੁਝ ਕਿਉਂ ਹੋ ਰਿਹਾ ਹੈ?” ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਜੇ ਪਰਮੇਸ਼ੁਰ ਲੋਕਾਂ ਦੀ ਭਲਾਈ ਚਾਹੁੰਦਾ ਹੈ, ਤਾਂ ਉਹ ਇਸ ਦੁੱਖ ਭਰੇ ਸਮੇਂ ਵਿਚ ਉਸ ਦੀ ਮਦਦ ਕਿਉਂ ਨਹੀਂ ਸੀ ਕਰ ਰਿਹਾ।

ਹੋਰਾਂ ਨਾਲ ਵੀ ਇਸੇ ਤਰ੍ਹਾਂ ਹੋਇਆ ਹੈ। ਦੁਨੀਆਂ ਭਰ ਵਿਚ ਹਜ਼ਾਰਾਂ ਹੀ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਜਦ ਦੁੱਖਾਂ ਦੀਆਂ ਘੜੀਆਂ ਵਿਚ ਉਨ੍ਹਾਂ ਨੂੰ ਰੱਬ ਦੀ ਖ਼ਾਸ ਲੋੜ ਸੀ, ਤਾਂ ਉਸ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਲੀਸਾ ਆਪਣੇ ਦੋਹਤੇ ਦੇ ਕਤਲ ਤੋਂ ਬਾਅਦ ਹੁਣ ਤਕ ਪੁੱਛਦੀ ਹੈ ਕਿ “ਰੱਬ ਨੇ ਇਹ ਕੀ ਕੀਤਾ? ਮੈਂ ਇਹ ਨਹੀਂ ਕਹਿੰਦੀ ਕਿ ਉਹ ਨੂੰ ਸਾਡੀ ਕੋਈ ਪਰਵਾਹ ਨਹੀਂ, ਪਰ ਹੁਣ ਉਸ ਤੇ ਮੈਨੂੰ ਪਹਿਲਾਂ ਵਾਂਗ ਯਕੀਨ ਨਹੀਂ ਰਿਹਾ।” ਕਿਸੇ ਦੁਰਘਟਨਾ ਵਿਚ ਆਪਣੇ ਛੋਟੇ ਮੁੰਡੇ ਦੀ ਮੌਤ ਤੋਂ ਬਾਅਦ ਇਕ ਮਾਂ ਨੇ ਕਿਹਾ: “ਰੱਬ ਨੇ ਤਾਂ ਮੈਨੂੰ ਕੋਈ ਦਿਲਾਸਾ ਨਹੀਂ ਦਿੱਤਾ। ਉਸ ਨੇ ਤਾਂ ਮੇਰਾ ਜ਼ਰਾ ਵੀ ਫ਼ਿਕਰ ਨਾ ਕੀਤਾ ਅਤੇ ਨਾ ਹੀ ਮੇਰੇ ਤੇ ਕੋਈ ਤਰਸ ਖਾਧਾ। ਇਸ ਲਈ ਮੈਂ ਉਸ ਨੂੰ ਕਦੇ ਵੀ ਮਾਫ਼ ਨਹੀਂ ਕਰਾਂਗੀ।”

ਕਈ ਹੋਰ ਲੋਕ ਵੱਖਰੇ-ਵੱਖਰੇ ਦੇਸ਼ਾਂ ਵਿਚ ਗ਼ਰੀਬੀ, ਭੁੱਖਮਰੀ ਅਤੇ ਲੜਾਈ-ਝਗੜਿਆਂ ਕਾਰਨ ਬੇਘਰ ਹੋਏ ਲੋਕਾਂ ਨੂੰ ਦੇਖ ਕੇ ਪਰਮੇਸ਼ੁਰ ਨਾਲ ਗੁੱਸੇ ਤੇ ਨਾਰਾਜ਼ ਹੋ ਜਾਂਦੇ ਹਨ। ਏਡਜ਼ ਦੇ ਕਾਰਨ ਯਤੀਮ ਹੋਏ ਬੱਚਿਆਂ ਅਤੇ ਹੋਰ ਖ਼ਤਰਨਾਕ ਬੀਮਾਰੀਆਂ ਤੋਂ ਪੀੜਿਤ ਲੱਖਾਂ ਲੋਕਾਂ ਨੂੰ ਦੇਖ ਕੇ ਉਨ੍ਹਾਂ ਦਾ ਦਿਲ ਤੜਫਦਾ ਹੈ। ਕਈ ਲੋਕ ਮੰਨਦੇ ਹਨ ਕਿ ਰੱਬ ਹੀ ਇਨ੍ਹਾਂ ਦੁੱਖਾਂ ਅਤੇ ਹੋਰਨਾਂ ਘਟਨਾਵਾਂ ਲਈ ਜ਼ਿੰਮੇਵਾਰ ਹੈ।

ਪਰ ਸੱਚਾਈ ਇਹ ਹੈ ਕਿ ਪਰਮੇਸ਼ੁਰ ਇਨ੍ਹਾਂ ਹਾਲਤਾਂ ਲਈ ਜ਼ਿੰਮੇਵਾਰ ਨਹੀਂ ਹੈ। ਅਸਲ ਵਿਚ, ਸਾਡੇ ਕੋਲ ਵਿਸ਼ਵਾਸ ਕਰਨ ਦੇ ਕਈ ਕਾਰਨ ਹਨ ਕਿ ਪਰਮੇਸ਼ੁਰ ਦੁਨੀਆਂ ਭਰ ਦੇ ਸਾਰੇ ਦੁੱਖ-ਦਰਦ ਨੂੰ ਖ਼ਤਮ ਕਰ ਦੇਵੇਗਾ। ਆਓ ਆਪਾਂ ਅਗਲਾ ਲੇਖ ਪੜ੍ਹ ਕੇ ਦੇਖੀਏ ਕਿ ਰੱਬ ਸੱਚ-ਮੁੱਚ ਸਾਡੀ ਪਰਵਾਹ ਕਰਦਾ ਹੈ।

[ਫੁਟਨੋਟ]

^ ਪੈਰਾ 2 ਨਾਂ ਬਦਲੇ ਗਏ ਹਨ