‘ਤੁਸੀਂ ਜਾ ਕੇ ਚੇਲੇ ਬਣਾਓ’
‘ਤੁਸੀਂ ਜਾ ਕੇ ਚੇਲੇ ਬਣਾਓ’
“ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ . . . ਚੇਲੇ ਬਣਾਓ।”—ਮੱਤੀ 28:18, 19.
1, 2. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਜ਼ਿੰਮੇਵਾਰੀ ਸੌਂਪੀ ਸੀ? (ਅ) ਅਸੀਂ ਯਿਸੂ ਦੇ ਹੁਕਮ ਦੇ ਕਿਹੜੇ ਪਹਿਲੂਆਂ ਵੱਲ ਧਿਆਨ ਦੇਵਾਂਗੇ?
ਸਾਲ 33 ਦੀ ਬਸੰਤ ਸੀ। ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ। ਉਹ ਗਲੀਲ ਦੀ ਇਕ ਪਹਾੜੀ ਉੱਤੇ ਆਪਣੇ ਚੇਲਿਆਂ ਨੂੰ ਮਿਲਿਆ। ਸਵਰਗ ਨੂੰ ਚੜ੍ਹਨ ਤੋਂ ਪਹਿਲਾਂ ਉਹ ਉਨ੍ਹਾਂ ਨੂੰ ਇਕ ਜ਼ਰੂਰੀ ਗੱਲ ਦੱਸਣੀ ਚਾਹੁੰਦਾ ਸੀ। ਯਿਸੂ ਉਨ੍ਹਾਂ ਨੂੰ ਇਕ ਜ਼ਿੰਮੇਵਾਰੀ ਸੌਂਪਣੀ ਚਾਹੁੰਦਾ ਸੀ। ਇਹ ਜ਼ਿੰਮੇਵਾਰੀ ਕੀ ਸੀ? ਕੀ ਉਸ ਦੇ ਚੇਲਿਆਂ ਨੇ ਇਹ ਜ਼ਿੰਮੇਵਾਰੀ ਪੂਰੀ ਕੀਤੀ ਸੀ? ਸਾਨੂੰ ਇਹ ਜ਼ਿੰਮੇਵਾਰੀ ਕਿਵੇਂ ਨਿਭਾਉਣੀ ਚਾਹੀਦੀ ਹੈ?
2 ਯਿਸੂ ਨੇ ਉਨ੍ਹਾਂ ਨੂੰ ਜੋ ਕਿਹਾ ਉਹ ਮੱਤੀ 28:18-20 ਵਿਚ ਲਿਖਿਆ ਗਿਆ ਹੈ: “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” ਯਿਸੂ ਦੇ ਹੁਕਮ ਵਿਚ ‘ਸਾਰੇ ਇਖ਼ਤਿਆਰ,’ “ਸਾਰੀਆਂ ਕੌਮਾਂ,” “ਸਾਰੀਆਂ ਗੱਲਾਂ” ਅਤੇ “ਹਰ ਵੇਲੇ” ਦਾ ਜ਼ਿਕਰ ਕੀਤਾ ਗਿਆ ਸੀ। ਅਸੀਂ ਕਹਿ ਸਕਦੇ ਹਾਂ ਕਿ ਇਹ ਚਾਰ ਪਹਿਲੂ ਚਾਰ ਸਵਾਲਾਂ ਦੇ ਜਵਾਬ ਹਨ, ਯਾਨੀ ਕਿਉਂ, ਕਿੱਥੇ, ਕੀ ਅਤੇ ਕਦੋਂ। ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਚਾਰ ਪਹਿਲੂਆਂ ਵੱਲ ਧਿਆਨ ਦੇਈਏ। *
“ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ”
3. ਸਾਨੂੰ ਚੇਲੇ ਬਣਾਉਣ ਦਾ ਹੁਕਮ ਕਿਉਂ ਮੰਨਣਾ ਚਾਹੀਦਾ ਹੈ?
3 ਪਹਿਲਾ ਸਵਾਲ ਹੈ ਕਿ ਸਾਨੂੰ ਚੇਲੇ ਬਣਾਉਣ ਦਾ ਹੁਕਮ ਕਿਉਂ ਮੰਨਣਾ ਚਾਹੀਦਾ ਹੈ? ਯਿਸੂ ਨੇ ਕਿਹਾ ਸੀ: “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ . . . ਚੇਲੇ ਬਣਾਓ।” “ਇਸ ਲਈ” ਸ਼ਬਦਾਂ ਤੋਂ ਸਾਨੂੰ ਇਹ ਹੁਕਮ ਮੰਨਣ ਦਾ ਇਕ ਮੁਖ ਕਾਰਨ ਪਤਾ ਲੱਗਦਾ ਹੈ। ਹੁਕਮ ਦੇਣ ਵਾਲੇ ਕੋਲ ਯਾਨੀ ਯਿਸੂ ਕੋਲ “ਸਾਰਾ ਇਖ਼ਤਿਆਰ” ਹੈ। ਉਸ ਨੂੰ ਕਿਨ੍ਹਾਂ-ਕਿਨ੍ਹਾਂ ਉੱਤੇ ਇਖ਼ਤਿਆਰ ਦਿੱਤਾ ਗਿਆ ਹੈ?
4. (ੳ) ਯਿਸੂ ਨੂੰ ਕਿਨ੍ਹਾਂ-ਕਿਨ੍ਹਾਂ ਉੱਤੇ ਇਖ਼ਤਿਆਰ ਦਿੱਤਾ ਗਿਆ ਹੈ? (ਅ) ਯਿਸੂ ਦੇ ਇਖ਼ਤਿਆਰ ਬਾਰੇ ਜਾਣਨ ਤੋਂ ਬਾਅਦ ਅਸੀਂ ਚੇਲੇ ਬਣਾਉਣ ਦੇ ਹੁਕਮ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ?
4 ਯਿਸੂ ਕੋਲ ਆਪਣੀ ਕਲੀਸਿਯਾ ਉੱਤੇ ਇਖ਼ਤਿਆਰ ਹੈ ਅਤੇ 1914 ਤੋਂ ਉਸ ਨੂੰ ਪਰਮੇਸ਼ੁਰ ਦੇ ਰਾਜ ਉੱਤੇ ਵੀ ਇਖ਼ਤਿਆਰ ਦਿੱਤਾ ਗਿਆ ਹੈ। (ਕੁਲੁੱਸੀਆਂ 1:13; ਪਰਕਾਸ਼ ਦੀ ਪੋਥੀ 11:15) ਮਹਾਂਦੂਤ ਹੋਣ ਕਰਕੇ ਉਹ ਲੱਖਾਂ-ਕਰੋੜਾਂ ਦੂਤਾਂ ਦੀਆਂ ਫ਼ੌਜਾਂ ਉੱਤੇ ਵੀ ਇਖ਼ਤਿਆਰ ਰੱਖਦਾ ਹੈ। (1 ਥੱਸਲੁਨੀਕੀਆਂ 4:16; 1 ਪਤਰਸ 3:22; ਪਰਕਾਸ਼ ਦੀ ਪੋਥੀ 19:14-16) ਉਸ ਦੇ ਪਿਤਾ ਨੇ ਉਸ ਨੂੰ ਉਨ੍ਹਾਂ “ਸਭ ਰਾਜਿਆਂ, ਅਧਿਕਾਰੀਆਂ ਅਤੇ ਸ਼ਕਤੀਆਂ” ਨੂੰ ਨਾਸ ਕਰਨ ਦਾ ਇਖ਼ਤਿਆਰ ਦਿੱਤਾ ਹੈ ਜੋ ਪਰਮੇਸ਼ੁਰ ਦੇ ਖ਼ਿਲਾਫ਼ ਹਨ। (1 ਕੁਰਿੰਥੁਸ 15:24-26; ਅਫਸੀਆਂ 1:20-23, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਿਸੂ ਦਾ ਇਖ਼ਤਿਆਰ ਇਸ ਤੋਂ ਵੀ ਜ਼ਿਆਦਾ ਹੈ। ਯਹੋਵਾਹ ਨੇ ਉਸ ਨੂੰ ਮੁਰਦਿਆਂ ਨੂੰ ਜ਼ਿੰਦਾ ਕਰਨ ਦੀ ਸ਼ਕਤੀ ਦਿੱਤੀ ਹੋਈ ਹੈ ਕਿਉਂਕਿ ਉਹ “ਜੀਉਂਦਿਆਂ ਅਤੇ ਮੋਇਆਂ ਦਾ ਨਿਆਉਂ ਕਰਨ ਵਾਲਾ” ਹੈ। (ਰਸੂਲਾਂ ਦੇ ਕਰਤੱਬ 10:42; ਯੂਹੰਨਾ 5:26-28) ਜਿਸ ਵਿਅਕਤੀ ਨੂੰ ਇੰਨਾ ਇਖ਼ਤਿਆਰ ਦਿੱਤਾ ਗਿਆ ਹੈ, ਕੀ ਉਸ ਦੇ ਹੁਕਮ ਨੂੰ ਸਭ ਤੋਂ ਜ਼ਰੂਰੀ ਨਹੀਂ ਸਮਝਿਆ ਜਾਣਾ ਚਾਹੀਦਾ? ਜੀ ਹਾਂ! ਇਸ ਲਈ ਅਸੀਂ ਯਿਸੂ ਦਾ ਆਦਰ ਕਰਦੇ ਹੋਏ ਉਸ ਦੇ ‘ਚੇਲੇ ਬਣਾਉਣ’ ਦੇ ਹੁਕਮ ਨੂੰ ਆਪਣੇ ਦਿਲ ਨਾਲ ਮੰਨਦੇ ਹਾਂ।
5. (ੳ) ਪਤਰਸ ਨੇ ਯਿਸੂ ਦੀ ਗੱਲ ਮੰਨ ਕੇ ਕੀ ਕੀਤਾ ਸੀ? (ਅ) ਯਿਸੂ ਦਾ ਹੁਕਮ ਮੰਨਣ ਤੋਂ ਬਾਅਦ ਪਤਰਸ ਨੂੰ ਕਿਹੜੀ ਬਰਕਤ ਮਿਲੀ ਸੀ?
5 ਯਿਸੂ ਨੇ ਆਪਣੀ ਸੇਵਕਾਈ ਦੇ ਸ਼ੁਰੂ ਵਿਚ ਆਪਣੇ ਚੇਲਿਆਂ ਨੂੰ ਇਕ ਵਧੀਆ ਤਰੀਕੇ ਨਾਲ ਸਿਖਾਇਆ ਸੀ ਕਿ ਉਸ ਦੇ ਇਖ਼ਤਿਆਰ ਨੂੰ ਕਬੂਲ ਕਰਨ ਨਾਲ ਅਤੇ ਉਸ ਦੇ ਹੁਕਮ ਮੰਨਣ ਨਾਲ ਉਨ੍ਹਾਂ ਨੂੰ ਬਰਕਤਾਂ ਮਿਲਣਗੀਆਂ। ਇਹ ਵਧੀਆ ਤਰੀਕਾ ਕੀ ਸੀ? ਇਕ ਵਾਰ ਉਸ ਨੇ ਮਛਿਆਰੇ ਪਤਰਸ ਨੂੰ ਕਿਹਾ: “ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਸ਼ਿਕਾਰ ਲਈ ਆਪਣੇ ਜਾਲ ਪਾਓ।” ਪਤਰਸ ਨੂੰ ਪੂਰਾ ਯਕੀਨ ਸੀ ਕਿ ਉੱਥੇ ਮੱਛੀਆਂ ਨਹੀਂ ਸਨ, ਇਸ ਲਈ ਉਸ ਨੇ ਯਿਸੂ ਨੂੰ ਕਿਹਾ: “ਸੁਆਮੀ ਜੀ ਅਸਾਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ।” ਪਰ ਪਤਰਸ ਨੇ ਨਿਮਾਣਤਾ ਨਾਲ ਅੱਗੇ ਕਿਹਾ: ‘ਤੇਰੇ ਆਖਣ ਨਾਲ ਜਾਲ ਮੈਂ ਪਾਵਾਂਗਾ।’ ਯਿਸੂ ਦਾ ਹੁਕਮ ਮੰਨਣ ਤੋਂ ਬਾਅਦ ਪਤਰਸ ਨੇ “ਬਹੁਤ ਸਾਰੀਆਂ ਮੱਛੀਆਂ” ਫੜੀਆਂ। ਹੱਕਾ-ਬੱਕਾ ਪਤਰਸ “ਯਿਸੂ ਦੇ ਪੈਰੀਂ ਪਿਆ ਅਤੇ ਬੋਲਿਆ, ਪ੍ਰਭੁ ਜੀ ਮੇਰੇ ਕੋਲੋਂ ਚੱਲਿਆ ਜਾਹ ਕਿਉਂ ਜੋ ਮੈਂ ਪਾਪੀ ਬੰਦਾ ਹਾਂ।” ਪਰ ਜਵਾਬ ਵਿਚ ਯਿਸੂ ਨੇ ਉਸ ਨੂੰ ਕਿਹਾ: “ਨਾ ਡਰ, ਏਦੋਂ ਅੱਗੇ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਵੇਂਗਾ।” (ਲੂਕਾ 5:1-10; ਮੱਤੀ 4:18) ਇਸ ਬਿਰਤਾਂਤ ਤੋਂ ਅਸੀਂ ਕੀ ਸਿੱਖਦੇ ਹਾਂ?
6. (ੳ) ਬਹੁਤ ਸਾਰੀਆਂ ਮੱਛੀਆਂ ਫੜਨ ਦੇ ਬਿਰਤਾਂਤ ਤੋਂ ਅਸੀਂ ਯਿਸੂ ਦੀ ਆਗਿਆ ਦੀ ਪਾਲਣਾ ਕਰਨ ਬਾਰੇ ਕੀ ਸਿੱਖਦੇ ਹਾਂ? (ਅ) ਅਸੀਂ ਯਿਸੂ ਦੀ ਨਕਲ ਕਿਸ ਤਰ੍ਹਾਂ ਕਰ ਸਕਦੇ ਹਾਂ?
6 ਯਿਸੂ ਨੇ ਪਤਰਸ, ਅੰਦ੍ਰਿਯਾਸ ਅਤੇ ਹੋਰਨਾਂ ਰਸੂਲਾਂ ਨੂੰ ‘ਮਨੁੱਖਾਂ ਦੇ ਸ਼ਿਕਾਰੀ’ ਬਣਨ ਦਾ ਕੰਮ ਕਦੋਂ ਸੌਂਪਿਆ ਸੀ? ਬਹੁਤ ਸਾਰੀਆਂ ਮੱਛੀਆਂ ਫੜਨ ਤੋਂ ਪਹਿਲਾਂ ਨਹੀਂ, ਪਰ ਬਾਅਦ ਵਿਚ। (ਮਰਕੁਸ 1:16, 17) ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯਿਸੂ ਇਹ ਨਹੀਂ ਚਾਹੁੰਦਾ ਸੀ ਕਿ ਉਹ ਬਿਨਾਂ ਸੋਚੇ-ਸਮਝੇ ਉਸ ਦੀ ਗੱਲ ਮੰਨ ਲੈਣ। ਉਸ ਨੇ ਉਨ੍ਹਾਂ ਨੂੰ ਉਸ ਦੀ ਗੱਲ ਮੰਨਣ ਦਾ ਇਕ ਵਧੀਆ ਕਾਰਨ ਦਿੱਤਾ ਸੀ। ਜਿਸ ਤਰ੍ਹਾਂ ਯਿਸੂ ਦਾ ਹੁਕਮ ਮੰਨ ਕੇ ਜਾਲ ਪਾਣੀ ਵਿਚ ਸੁੱਟਣ ਦੇ ਉਨ੍ਹਾਂ ਨੇ ਵਧੀਆ ਨਤੀਜੇ ਦੇਖੇ ਸਨ, ਇਸੇ ਤਰ੍ਹਾਂ ਯਿਸੂ ਦਾ ਹੁਕਮ ਮੰਨ ਕੇ ‘ਮਨੁੱਖਾਂ ਦੇ ਸ਼ਿਕਾਰੀ’ ਬਣਨ ਨਾਲ ਉਹ ਬਰਕਤਾਂ ਪਾਉਣਗੇ। ਯਿਸੂ ਦੀ ਗੱਲ ਉੱਤੇ ਪੂਰਾ ਵਿਸ਼ਵਾਸ ਕਰ ਕੇ ਰਸੂਲਾਂ ਨੇ ਉਸ ਦੀ ਆਗਿਆ ਦੀ ਪਾਲਣਾ ਕੀਤੀ। ਬਿਰਤਾਂਤ ਵਿਚ ਅੱਗੇ ਦੱਸਿਆ ਗਿਆ: “ਓਹ ਆਪਣੀਆਂ ਬੇੜੀਆਂ ਕੰਢੇ ਲਿਆਏ ਅਤੇ ਸੱਭੋ ਕੁਝ ਛੱਡ ਕੇ ਉਹ ਦੇ ਮਗਰ ਹੋ ਤੁਰੇ।” (ਲੂਕਾ 5:11) ਅੱਜ ਅਸੀਂ ਦੂਸਰਿਆਂ ਨੂੰ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਣ ਦਾ ਉਤਸ਼ਾਹ ਦੇ ਕੇ ਯਿਸੂ ਦੀ ਨਕਲ ਕਰਦੇ ਹਾਂ। ਅਸੀਂ ਇਹ ਨਹੀਂ ਚਾਹੁੰਦੇ ਕਿ ਲੋਕ ਬਿਨਾਂ ਸੋਚੇ-ਵਿਚਾਰੇ ਸਾਡੀ ਗੱਲ ਮੰਨ ਲੈਣ, ਪਰ ਅਸੀਂ ਉਨ੍ਹਾਂ ਨੂੰ ਸਮਝਾਉਂਦੇ ਹਾਂ ਕਿ ਉਨ੍ਹਾਂ ਨੂੰ ਯਿਸੂ ਦੇ ਹੁਕਮ ਕਿਉਂ ਮੰਨਣੇ ਚਾਹੀਦੇ ਹਨ।
ਸਾਨੂੰ ਪ੍ਰਚਾਰ ਕਿਉਂ ਕਰਨਾ ਚਾਹੀਦਾ ਹੈ?
7, 8. (ੳ) ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਣ ਲਈ ਬਾਈਬਲ ਵਿਚ ਕਿਹੜੇ ਕਾਰਨ ਦਿੱਤੇ ਗਏ ਹਨ? (ਅ) ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਲਈ ਤੁਹਾਨੂੰ ਬਾਈਬਲ ਦੇ ਕਿਹੜੇ ਹਵਾਲੇ ਤੋਂ ਖ਼ਾਸ ਤੌਰ ਤੇ ਉਤਸ਼ਾਹ ਮਿਲਦਾ ਹੈ? (ਫੁਟਨੋਟ ਵੀ ਦੇਖੋ।)
7 ਅਸੀਂ ਯਿਸੂ ਦੇ ਇਖ਼ਤਿਆਰ ਨੂੰ ਕਬੂਲ ਕਰ ਕੇ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ। ਅਸੀਂ ਬਾਈਬਲ ਵਿੱਚੋਂ ਹੋਰ ਕਿਹੜੇ ਕਾਰਨ ਦੇ ਕੇ ਹੋਰਨਾਂ ਨੂੰ ਇਸ ਕੰਮ ਵਿਚ ਹਿੱਸਾ ਲੈਣ ਦਾ ਉਤਸ਼ਾਹ ਦੇ ਸਕਦੇ ਹਾਂ? ਆਓ ਆਪਾਂ ਵੱਖਰੇ-ਵੱਖਰੇ ਦੇਸ਼ਾਂ ਦੇ ਕੁਝ ਵਫ਼ਾਦਾਰ ਭੈਣ-ਭਰਾਵਾਂ ਦੇ ਵਿਚਾਰਾਂ ਉੱਤੇ ਗੌਰ ਕਰੀਏ ਅਤੇ ਉਨ੍ਹਾਂ ਦੀਆਂ ਟਿੱਪਣੀਆਂ ਤੋਂ ਬਾਅਦ ਦਿੱਤੇ ਹੋਏ ਬਾਈਬਲ ਦੇ ਹਵਾਲਿਆਂ ਨੂੰ ਵੀ ਨੋਟ ਕਰੀਏ।
8 ਰੌਏ ਨੇ 1951 ਵਿਚ ਬਪਤਿਸਮਾ ਲਿਆ ਸੀ। ਉਹ ਕਹਿੰਦਾ ਹੈ: “ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਮੈਂ ਵਾਅਦਾ ਕੀਤਾ ਸੀ ਕਿ ਮੈਂ ਹਮੇਸ਼ਾ ਉਸ ਦੀ ਸੇਵਾ ਕਰਾਂਗਾ। ਮੈਂ ਆਪਣੇ ਵਾਅਦੇ ਤੋਂ ਮੁੱਕਰਨਾ ਨਹੀਂ ਚਾਹੁੰਦਾ।” (ਜ਼ਬੂਰਾਂ ਦੀ ਪੋਥੀ 50:14; ਮੱਤੀ 5:37) ਹੈਦਰ ਨੇ 1962 ਵਿਚ ਬਪਤਿਸਮਾ ਲਿਆ ਸੀ ਤੇ ਉਹ ਕਹਿੰਦੀ ਹੈ: “ਜਦ ਮੈਂ ਸੋਚਦੀ ਹਾਂ ਕਿ ਯਹੋਵਾਹ ਨੇ ਮੇਰੇ ਲਈ ਕੀ-ਕੀ ਕੀਤਾ ਹੈ, ਤਾਂ ਮੈਂ ਉਸ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਇਸ ਲਈ ਮੈਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨੀ ਚਾਹੁੰਦੀ ਹਾਂ।” (ਜ਼ਬੂਰਾਂ ਦੀ ਪੋਥੀ 9:1, 9-11; ਕੁਲੁੱਸੀਆਂ 3:15) ਹਾਂਨੇਲੋਰੇ ਨੇ 1954 ਵਿਚ ਬਪਤਿਸਮਾ ਲਿਆ ਸੀ। ਉਹ ਕਹਿੰਦੀ ਹੈ: “ਜਦ ਵੀ ਅਸੀਂ ਪ੍ਰਚਾਰ ਕਰਨ ਜਾਂਦੇ ਹਾਂ, ਤਾਂ ਫ਼ਰਿਸ਼ਤੇ ਸਾਡੀ ਮਦਦ ਕਰਦੇ ਹਨ। ਇਹ ਕਿੱਡਾ ਵੱਡਾ ਸਨਮਾਨ ਹੈ!” (ਰਸੂਲਾਂ ਦੇ ਕਰਤੱਬ 10:30-33; ਪਰਕਾਸ਼ ਦੀ ਪੋਥੀ 14:6, 7) ਔਨਰ ਨੇ 1969 ਵਿਚ ਬਪਤਿਸਮਾ ਲਿਆ ਸੀ ਤੇ ਉਹ ਕਹਿੰਦੀ ਹੈ: “ਜਦ ਯਹੋਵਾਹ ਇਸ ਦੁਨੀਆਂ ਦਾ ਅੰਤ ਕਰੇਗਾ, ਤਾਂ ਮੈਂ ਨਹੀਂ ਚਾਹੁੰਦੀ ਕਿ ਮੇਰੇ ਆਂਢ-ਗੁਆਂਢ ਵਿੱਚੋਂ ਕੋਈ ਇਲਜ਼ਾਮ ਲਾ ਸਕੇ ਕਿ ਨਾ ਯਹੋਵਾਹ ਨੇ ਤੇ ਨਾ ਉਸ ਦੇ ਗਵਾਹਾਂ ਨੇ ਉਨ੍ਹਾਂ ਨੂੰ ਅੰਤ ਆਉਣ ਦੀ ਚੇਤਾਵਨੀ ਦਿੱਤੀ ਸੀ।” (ਹਿਜ਼ਕੀਏਲ 2:5; 3:17-19; ਰੋਮੀਆਂ 10:16, 18) ਕਲਾਉਡਿਓ ਨੇ 1974 ਵਿਚ ਬਪਤਿਸਮਾ ਲਿਆ ਸੀ ਤੇ ਉਹ ਕਹਿੰਦਾ ਹੈ: “ਜਦ ਅਸੀਂ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ‘ਪਰਮੇਸ਼ੁਰ ਦੇ ਅੱਗੇ ਮਸੀਹ’ ਨਾਲ ਹੁੰਦੇ ਹਾਂ। ਵਾਹ! ਜ਼ਰਾ ਸੋਚੋ, ਸੇਵਕਾਈ ਦੌਰਾਨ ਸਾਡੇ ਜਿਗਰੀ ਦੋਸਤ ਸਾਡੇ ਨਾਲ ਹੁੰਦੇ ਹਨ।”—2 ਕੁਰਿੰਥੀਆਂ 2:17. *
9. (ੳ) ਮੱਛੀਆਂ ਫੜਨ ਦੇ ਬਿਰਤਾਂਤ ਤੋਂ ਯਿਸੂ ਦੇ ਹੁਕਮ ਮੰਨਣ ਸੰਬੰਧੀ ਹੋਰ ਕੀ ਜ਼ਾਹਰ ਹੁੰਦਾ ਹੈ? (ਅ) ਪਰਮੇਸ਼ੁਰ ਅਤੇ ਯਿਸੂ ਦਾ ਹੁਕਮ ਮੰਨਣ ਦਾ ਮੁੱਖ ਕਾਰਨ ਕੀ ਹੈ?
9 ਮੱਛੀਆਂ ਫੜਨ ਦੇ ਬਿਰਤਾਂਤ ਤੋਂ ਇਕ ਹੋਰ ਗੱਲ ਵੀ ਜ਼ਾਹਰ ਹੁੰਦੀ ਹੈ। ਕੀ? ਇਹ ਕਿ ਯਿਸੂ ਦਾ ਹੁਕਮ ਮੰਨਣ ਲਈ ਉਸ ਪ੍ਰਤੀ ਸਾਡੇ ਦਿਲ ਵਿਚ ਪਿਆਰ ਹੋਣਾ ਚਾਹੀਦਾ ਹੈ। ਜਦ ਪਤਰਸ ਨੇ ਕਿਹਾ, “ਮੇਰੇ ਕੋਲੋਂ ਚੱਲਿਆ ਜਾਹ ਕਿਉਂ ਜੋ ਮੈਂ ਪਾਪੀ ਬੰਦਾ ਹਾਂ,” ਤਾਂ ਯਿਸੂ ਨਾ ਉਸ ਕੋਲੋਂ ਗਿਆ ਸੀ ਤੇ ਨਾ ਹੀ ਉਸ ਨੇ ਪਤਰਸ ਨੂੰ ਕਿਸੇ ਪਾਪ ਲਈ ਦੋਸ਼ੀ ਠਹਿਰਾਇਆ ਸੀ। (ਲੂਕਾ 5:8) ਯਿਸੂ ਨੇ ਪਤਰਸ ਨੂੰ ਕਿਸੇ ਗੱਲ ਲਈ ਝਿੜਕਿਆ ਨਹੀਂ ਸੀ, ਇਸ ਲਈ ਵੀ ਨਹੀਂ ਕਿ ਉਸ ਨੇ ਉਸ ਨੂੰ ਚਲੇ ਜਾਣ ਲਈ ਕਿਹਾ ਸੀ। ਇਸ ਦੀ ਬਜਾਇ, ਯਿਸੂ ਨੇ ਪਿਆਰ ਨਾਲ ਕਿਹਾ: “ਨਾ ਡਰ।” ਜੇ ਪਤਰਸ ਡਰ ਦੇ ਮਾਰੇ ਯਿਸੂ ਦੇ ਹੁਕਮ ਦੀ ਪਾਲਣਾ ਕਰਦਾ, ਤਾਂ ਇਹ ਗ਼ਲਤ ਹੋਣਾ ਸੀ। ਇਸ ਦੀ ਬਜਾਇ, ਯਿਸੂ ਨੇ ਪਤਰਸ ਨੂੰ ਕਿਹਾ ਕਿ ਉਹ ਤੇ ਉਸ ਦੇ ਸਾਥੀ ਮਨੁੱਖਾਂ ਦੇ ਸ਼ਿਕਾਰੀ ਬਣਨਗੇ। ਇਸੇ ਤਰ੍ਹਾਂ ਅੱਜ ਅਸੀਂ ਕਿਸੇ ਨੂੰ ਡਰਾ ਕੇ, ਦੋਸ਼ੀ ਮਹਿਸੂਸ ਕਰਾ ਕੇ ਜਾਂ ਸ਼ਰਮਿੰਦਾ ਕਰ ਕੇ ਯਿਸੂ ਦੇ ਹੁਕਮ ਮੰਨਣ ਲਈ ਮਜਬੂਰ ਨਹੀਂ ਕਰਦੇ ਹਾਂ। ਸਿਰਫ਼ ਜਦ ਕੋਈ ਦਿਲੋਂ ਪਰਮੇਸ਼ੁਰ ਅਤੇ ਯਿਸੂ ਨੂੰ ਪਿਆਰ ਕਰ ਕੇ ਆਗਿਆਕਾਰੀ ਕਰਦਾ ਹੈ, ਤਾਂ ਯਹੋਵਾਹ ਦਾ ਦਿਲ ਖ਼ੁਸ਼ ਹੁੰਦਾ ਹੈ।—ਮੱਤੀ 22:37.
“ਸਾਰੀਆਂ ਕੌਮਾਂ ਨੂੰ ਚੇਲੇ ਬਣਾਓ”
10. (ੳ) ਯਿਸੂ ਦੇ ਚੇਲਿਆਂ ਲਈ ਚੇਲੇ ਬਣਾਉਣ ਦੇ ਹੁਕਮ ਨੂੰ ਮੰਨਣਾ ਸੌਖਾ ਕਿਉਂ ਨਹੀਂ ਸੀ? (ਅ) ਯਿਸੂ ਦੇ ਚੇਲਿਆਂ ਨੇ ਇਸ ਹੁਕਮ ਦੀ ਪਾਲਣਾ ਕਰਦੇ ਹੋਏ ਕਿਸ ਹੱਦ ਤਕ ਪ੍ਰਚਾਰ ਕੀਤਾ ਸੀ?
10 ਯਿਸੂ ਦੇ ਹੁਕਮ ਦੇ ਸੰਬੰਧ ਵਿਚ ਦੂਸਰਾ ਸਵਾਲ ਹੈ ਕਿ 1 ਰਾਜਿਆਂ 8:41-43) ਯਿਸੂ ਨੇ ਖ਼ਾਸਕਰ ਪੈਦਾਇਸ਼ੀ ਯਹੂਦੀਆਂ ਨੂੰ ਹੀ ਪ੍ਰਚਾਰ ਕੀਤਾ ਸੀ, ਪਰ ਉਸ ਨੇ ਆਪਣੇ ਚੇਲਿਆਂ ਨੂੰ ਸਾਰੀਆਂ ਕੌਮਾਂ ਦੇ ਲੋਕਾਂ ਕੋਲ ਜਾਣ ਲਈ ਕਿਹਾ ਸੀ। ਪਹਿਲਾਂ ਉਸ ਦੇ ਚੇਲੇ ਸਿਰਫ਼ ਇਕ ਛੋਟੇ “ਤਲਾ” ਵਿਚ ਹੀ ਮਨੁੱਖਾਂ ਦਾ ਸ਼ਿਕਾਰ ਕਰਦੇ ਸਨ ਕਿਉਂਕਿ ਉਹ ਪੈਦਾਇਸ਼ੀ ਯਹੂਦੀਆਂ ਨੂੰ ਹੀ ਪ੍ਰਚਾਰ ਕਰਦੇ ਸਨ। ਪਰ ਹੁਣ ਉਨ੍ਹਾਂ ਨੇ ਮਨੁੱਖਜਾਤੀ ਦੇ “ਸਮੁੰਦਰ” ਵਿਚ ਜਾ ਕੇ ਸ਼ਿਕਾਰ ਕਰਨਾ ਸੀ। ਭਾਵੇਂ ਉਸ ਦੇ ਚੇਲਿਆਂ ਲਈ ਇਸ ਹੁਕਮ ਦੀ ਪਾਲਣਾ ਕਰਨੀ ਸੌਖੀ ਨਹੀਂ ਸੀ, ਪਰ ਉਨ੍ਹਾਂ ਨੇ ਤੁਰੰਤ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਯਿਸੂ ਦੀ ਮੌਤ ਤੋਂ ਤਕਰੀਬਨ 30 ਸਾਲ ਬਾਅਦ ਹੀ ਪੌਲੁਸ ਰਸੂਲ ਨੇ ਲਿਖਿਆ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਿਰਫ਼ ਯਹੂਦੀਆਂ ਨੂੰ ਹੀ ਨਹੀਂ, ਪਰ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ ਗਿਆ” ਸੀ।—ਕੁਲੁੱਸੀਆਂ 1:23.
ਚੇਲੇ ਬਣਾਉਣ ਦਾ ਕੰਮ ਕਿੱਥੇ ਕੀਤਾ ਜਾਣਾ ਚਾਹੀਦਾ ਹੈ? ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।” ਯਿਸੂ ਦੇ ਜ਼ਮਾਨੇ ਤੋਂ ਪਹਿਲਾਂ ਪਰਦੇਸੀ ਇਸਰਾਏਲ ਵਿਚ ਆ ਕੇ ਯਹੋਵਾਹ ਦੀ ਭਗਤੀ ਕਰ ਸਕਦੇ ਸਨ। (11. ਵੀਹਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ ਹੁਣ ਤਕ ਪ੍ਰਚਾਰ ਦੇ ਖੇਤਰ ਵਿਚ ਕਿੰਨਾ ਕੁ ਵਾਧਾ ਹੋਇਆ ਹੈ?
11 ਸਾਡੇ ਸਮੇਂ ਵਿਚ ਵੀ ਪ੍ਰਚਾਰ ਦਾ ਖੇਤਰ ਕੁਝ ਇਸੇ ਤਰ੍ਹਾਂ ਵਧਿਆ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿਚ ਸਿਰਫ਼ ਕੁਝ ਹੀ ਦੇਸ਼ਾਂ ਵਿਚ ਪ੍ਰਚਾਰ ਦਾ ਕੰਮ ਕੀਤਾ ਜਾਂਦਾ ਸੀ। ਪਰ ਯਿਸੂ ਦੇ ਚੇਲਿਆਂ ਨੇ ਪਹਿਲੀ ਸਦੀ ਦੇ ਮਸੀਹੀਆਂ ਦੀ ਨਕਲ ਕਰਦੇ ਹੋਏ ਦੂਰ-ਦੂਰ ਪ੍ਰਚਾਰ ਕਰਨਾ ਸ਼ੁਰੂ ਕੀਤਾ। (ਰੋਮੀਆਂ 15:20) ਉੱਨੀ ਸੌ ਤੀਹ ਦੇ ਦਹਾਕੇ ਦੇ ਮੁਢਲੇ ਸਾਲਾਂ ਵਿਚ ਉਹ ਕੁਝ ਇਕ ਸੌ ਦੇਸ਼ਾਂ ਵਿਚ ਪ੍ਰਚਾਰ ਕਰ ਰਹੇ ਸਨ। ਪਰ ਅੱਜ ਅਸੀਂ 235 ਦੇਸ਼ਾਂ ਵਿਚ ਮਨੁੱਖਾਂ ਦਾ ਸ਼ਿਕਾਰ ਕਰਦੇ ਹਾਂ।—ਮਰਕੁਸ 13:10.
‘ਵੱਖੋ ਵੱਖ ਬੋਲੀਆਂ’
12. ਜ਼ਕਰਯਾਹ 8:23 ਦੀ ਭਵਿੱਖਬਾਣੀ ਵਿਚ ਕਿਹੜੀ ਚੁਣੌਤੀ ਜ਼ਾਹਰ ਹੁੰਦੀ ਹੈ?
12 ਸਾਰੀਆਂ ਕੌਮਾਂ ਵਿਚ ਚੇਲੇ ਬਣਾਉਣੇ ਸਿਰਫ਼ ਇਸ ਲਈ ਹੀ ਔਖੇ ਨਹੀਂ ਕਿਉਂਕਿ ਖੇਤਰ ਬਹੁਤ ਵੱਡਾ ਹੈ, ਪਰ ਇਸ ਲਈ ਵੀ ਕਿਉਂਕਿ ਲੋਕ ਵੱਖ-ਵੱਖ ਬੋਲੀਆਂ ਬੋਲਦੇ ਹਨ। ਜ਼ਕਰਯਾਹ ਨਬੀ ਦੇ ਜ਼ਰੀਏ ਯਹੋਵਾਹ ਨੇ ਕਿਹਾ: ‘ਓਹਨਾਂ ਦਿਨਾਂ ਵਿੱਚ ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!’ (ਜ਼ਕਰਯਾਹ 8:23) ਇਸ ਭਵਿੱਖਬਾਣੀ ਦੀ ਵੱਡੀ ਪੂਰਤੀ ਵਿਚ “ਇੱਕ ਯਹੂਦੀ” ਮਸਹ ਕੀਤੇ ਹੋਇਆਂ ਦੇ ਬਾਕੀ ਬਚੇ ਮੈਂਬਰਾਂ ਨੂੰ ਦਰਸਾਉਂਦਾ ਹੈ ਅਤੇ “ਦਸ ਮਨੁੱਖ” “ਵੱਡੀ ਭੀੜ” ਨੂੰ ਦਰਸਾਉਂਦੇ ਹਨ। * (ਪਰਕਾਸ਼ ਦੀ ਪੋਥੀ 7:9, 10; ਗਲਾਤੀਆਂ 6:16) ਯਿਸੂ ਦੇ ਚੇਲਿਆਂ ਦੀ ਇਸ ਵੱਡੀ ਭੀੜ ਵਿਚ ਕਈ ਦੇਸ਼ਾਂ ਦੇ ਲੋਕ ਹਨ ਅਤੇ ਜ਼ਕਰਯਾਹ ਦੇ ਕਹਿਣ ਮੁਤਾਬਕ ਇਹ ਲੋਕ ਵੱਖੋ-ਵੱਖ ਬੋਲੀਆਂ ਬੋਲਦੇ ਹਨ। ਕੀ ਪਰਮੇਸ਼ੁਰ ਦੇ ਲੋਕਾਂ ਦੇ ਆਧੁਨਿਕ ਇਤਿਹਾਸ ਤੋਂ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਵੱਖੋ-ਵੱਖ ਬੋਲੀ ਦੇ ਲੋਕ ਯਿਸੂ ਦੇ ਚੇਲੇ ਬਣੇ ਹਨ? ਜੀ ਹਾਂ! ਆਓ ਆਪਾਂ ਇਸ ਤੇ ਗੌਰ ਕਰੀਏ।
13. (ੳ) ਅੱਜ ਪਰਮੇਸ਼ੁਰ ਦੇ ਵੱਖੋ-ਵੱਖਰੀਆਂ ਬੋਲੀਆਂ ਬੋਲਣ ਵਾਲੇ ਲੋਕਾਂ ਦੀ ਗਿਣਤੀ ਵਿਚ ਕਿੰਨਾ ਕੁ ਵਾਧਾ ਹੋਇਆ ਹੈ? (ਅ) ਮਾਤਬਰ ਅਤੇ ਬੁੱਧਵਾਨ ਨੌਕਰ ਨੇ ਵੱਖੋ-ਵੱਖ ਭਾਸ਼ਾਵਾਂ ਵਿਚ ਰੂਹਾਨੀ ਭੋਜਨ ਦੀ ਵਧਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੀ ਕੀਤਾ ਹੈ? (“ਅੰਨ੍ਹਿਆਂ ਲਈ ਸਾਹਿੱਤ” ਨਾਮਕ ਡੱਬੀ ਦੇਖੋ।)
13 ਸੰਨ 1950 ਵਿਚ ਯਹੋਵਾਹ ਦੇ ਹਰ 5 ਗਵਾਹਾਂ ਵਿੱਚੋਂ 3 ਦੀ ਮਾਂ-ਬੋਲੀ ਅੰਗ੍ਰੇਜ਼ੀ ਸੀ। ਸੰਨ 1980 ਵਿਚ 5 ਗਵਾਹਾਂ ਵਿੱਚੋਂ ਮੱਤੀ 24:45) ਮਿਸਾਲ ਲਈ, 1950 ਵਿਚ ਸਾਡਾ ਸਾਹਿੱਤ 90 ਭਾਸ਼ਾਵਾਂ ਵਿਚ ਛਾਪਿਆ ਜਾਂਦਾ ਸੀ, ਪਰ ਅੱਜ ਲਗਭਗ 400 ਭਾਸ਼ਾਵਾਂ ਵਿਚ ਛਾਪਿਆ ਜਾਂਦਾ ਹੈ। ਕੀ ਹੋਰ ਬੋਲੀਆਂ ਬੋਲਣ ਵਾਲੇ ਲੋਕਾਂ ਵੱਲ ਇਸ ਤਰ੍ਹਾਂ ਜ਼ਿਆਦਾ ਧਿਆਨ ਦੇਣ ਦਾ ਕੋਈ ਫ਼ਾਇਦਾ ਹੋਇਆ ਹੈ? ਜੀ ਹਾਂ! ਹਰ ਹਫ਼ਤੇ ‘ਸਭਨਾਂ ਭਾਖਿਆਂ’ ਯਾਨੀ ਬੋਲੀਆਂ ਵਿੱਚੋਂ ਔਸਤਨ 5,000 ਲੋਕ ਯਿਸੂ ਦੇ ਚੇਲੇ ਬਣਦੇ ਹਨ! (ਪਰਕਾਸ਼ ਦੀ ਪੋਥੀ 7:9) ਅਤੇ ਇਹ ਵਾਧਾ ਹੁੰਦਾ ਜਾ ਰਿਹਾ ਹੈ। ਕੁਝ ਮੁਲਕਾਂ ਵਿਚ “ਜਾਲ” ਕਾਫ਼ੀ ਸਾਰੀਆਂ ਮੱਛੀਆਂ ਫੜ ਰਹੇ ਹਨ!—ਲੂਕਾ 5:6; ਯੂਹੰਨਾ 21:6.
ਤਕਰੀਬਨ 2 ਦੀ ਮਾਂ-ਬੋਲੀ ਅੰਗ੍ਰੇਜ਼ੀ ਸੀ ਅਤੇ ਅੱਜ ਹਰ 5 ਗਵਾਹਾਂ ਵਿੱਚੋਂ ਸਿਰਫ਼ 1 ਦੀ ਮਾਂ-ਬੋਲੀ ਅੰਗ੍ਰੇਜ਼ੀ ਹੈ। ਮਾਤਬਰ ਅਤੇ ਬੁੱਧਵਾਨ ਨੌਕਰ ਨੇ ਅੰਗ੍ਰੇਜ਼ੀ ਨਾ ਬੋਲਣ ਵਾਲੇ ਜ਼ਿਆਦਾਤਰ ਭੈਣਾਂ-ਭਾਈਆਂ ਦੀ ਮਦਦ ਕਰਨ ਲਈ ਕੀ ਕੀਤਾ ਹੈ? ਉਸ ਨੇ ਜ਼ਿਆਦਾ ਤੋਂ ਜ਼ਿਆਦਾ ਦੂਸਰੀਆਂ ਭਾਸ਼ਾਵਾਂ ਵਿਚ ਰੂਹਾਨੀ ਭੋਜਨ ਮੁਹੱਈਆ ਕੀਤਾ ਹੈ। (ਕੀ ਤੁਸੀਂ ਹੋਰ ਭਾਸ਼ਾ ਵਿਚ ਪ੍ਰਚਾਰ ਕਰ ਸਕਦੇ ਹੋ?
14. ਅਸੀਂ ਉਨ੍ਹਾਂ ਲੋਕਾਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ ਜੋ ਸਾਡੀ ਭਾਸ਼ਾ ਨਹੀਂ ਬੋਲਦੇ? (“ਸੈਨਤ ਭਾਸ਼ਾ ਦੇ ਜ਼ਰੀਏ ਚੇਲੇ ਬਣਾਓ” ਨਾਮਕ ਡੱਬੀ ਵੀ ਦੇਖੋ।)
14 ਅੱਜ-ਕੱਲ੍ਹ ਕਈ ਲੋਕ ਆਪਣਾ ਦੇਸ਼ ਜਾਂ ਘਰ ਛੱਡ ਕੇ ਦੂਸਰੀ ਜਗ੍ਹਾ ਰਹਿਣ ਲੱਗ ਪਏ ਹਨ। ਇਸ ਕਰਕੇ ਪ੍ਰਚਾਰ ਕਰਦੇ ਹੋਏ ਸਾਨੂੰ ‘ਹਰੇਕ ਭਾਖਿਆ’ ਦੇ ਲੋਕ ਮਿਲ ਸਕਦੇ ਹਨ। (ਪਰਕਾਸ਼ ਦੀ ਪੋਥੀ 14:6) ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ ਜੋ ਸਾਡੀ ਭਾਸ਼ਾ ਨਹੀਂ ਬੋਲਦੇ ਹਨ? (1 ਤਿਮੋਥਿਉਸ 2:4) ਮੱਛੀਆਂ ਫੜਨ ਵਾਲੇ ਵਾਂਗ ਸਾਨੂੰ ਵੀ ਸਹੀ ਸਾਜ਼-ਸਾਮਾਨ ਵਰਤਣਾ ਚਾਹੀਦਾ ਹੈ। ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਕੁਝ ਪੜ੍ਹਨ ਨੂੰ ਦਿਓ। ਜੇ ਹੋ ਸਕੇ, ਤਾਂ ਕਿਸੇ ਹੋਰ ਭੈਣ-ਭਾਈ ਨੂੰ ਨਾਲ ਲੈ ਕੇ ਜਾਓ ਜੋ ਉਸ ਦੀ ਬੋਲੀ ਬੋਲਦਾ ਹੈ। (ਰਸੂਲਾਂ ਦੇ ਕਰਤੱਬ 22:2) ਅੱਜ-ਕੱਲ੍ਹ ਕਈ ਭੈਣ-ਭਰਾਵਾਂ ਨੇ ਪਰਦੇਸੀ ਲੋਕਾਂ ਨੂੰ ਯਿਸੂ ਦੇ ਚੇਲੇ ਬਣਨ ਵਿਚ ਮਦਦ ਦੇਣ ਲਈ ਹੋਰ ਭਾਸ਼ਾ ਬੋਲਣੀ ਸਿੱਖੀ ਹੈ। ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਇਸ ਤਰੀਕੇ ਨਾਲ ਲੋਕਾਂ ਦੀ ਮਦਦ ਕਰਨ ਤੋਂ ਬਹੁਤ ਖ਼ੁਸ਼ੀ ਮਿਲਦੀ ਹੈ।
15, 16. (ੳ) ਕਿਹੜੀਆਂ ਉਦਾਹਰਣਾਂ ਤੋਂ ਜ਼ਾਹਰ ਹੁੰਦਾ ਹੈ ਕਿ ਪਰਦੇਸੀ ਲੋਕਾਂ ਨਾਲ ਉਨ੍ਹਾਂ ਦੀ ਬੋਲੀ ਵਿਚ ਗੱਲ ਕਰਨ ਦੇ ਚੰਗੇ ਨਤੀਜੇ ਨਿਕਲਦੇ ਹਨ? (ਅ) ਹੋਰ ਬੋਲੀ ਵਿਚ ਪ੍ਰਚਾਰ ਕਰਨ ਦੇ ਸੰਬੰਧ ਵਿਚ ਅਸੀਂ ਕਿਨ੍ਹਾਂ ਸਵਾਲਾਂ ਤੇ ਵਿਚਾਰ ਕਰ ਸਕਦੇ ਹਾਂ?
15 ਨੀਦਰਲੈਂਡਜ਼ ਵਿਚ 34 ਭਾਸ਼ਾਵਾਂ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ। ਆਓ ਆਪਾਂ ਦੋ ਉਦਾਹਰਣਾਂ ਵੱਲ ਧਿਆਨ ਦੇਈਏ। ਇਕ ਪਤੀ-ਪਤਨੀ ਨੇ ਪੋਲਿਸ਼ ਭਾਸ਼ਾ ਬੋਲਣ ਵਾਲੇ ਪਰਦੇਸੀਆਂ ਨੂੰ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਇੰਨੇ ਸਾਰੇ ਲੋਕ ਮਿਲੇ ਜੋ ਬਾਈਬਲ ਦਾ ਸੰਦੇਸ਼ ਸੁਣਨਾ ਚਾਹੁੰਦੇ ਸਨ ਕਿ ਉਸ ਭਰਾ ਨੇ ਆਪਣੀ ਨੌਕਰੀ ਤੇ ਇਕ ਦਿਨ ਘੱਟ ਕੰਮ ਕਰਨਾ ਸ਼ੁਰੂ
ਕਰ ਦਿੱਤਾ ਤਾਂਕਿ ਉਸ ਕੋਲ ਲੋਕਾਂ ਨਾਲ ਬਾਈਬਲ ਦੀ ਸਟੱਡੀ ਕਰਨ ਲਈ ਹੋਰ ਸਮਾਂ ਹੋਵੇ। ਕੁਝ ਹੀ ਸਮੇਂ ਵਿਚ ਉਹ ਪਤੀ-ਪਤਨੀ ਹਰ ਹਫ਼ਤੇ 20 ਤੋਂ ਜ਼ਿਆਦਾ ਸਟੱਡੀਆਂ ਕਰਵਾ ਰਹੇ ਸਨ। ਉਹ ਕਹਿੰਦੇ ਹਨ: “ਆਪਣੀ ਸੇਵਕਾਈ ਤੋਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ।” ਚੇਲੇ ਬਣਾਉਣ ਵਾਲੇ ਖ਼ਾਸਕਰ ਉਦੋਂ ਖ਼ੁਸ਼ ਹੁੰਦੇ ਹਨ ਜਦ ਆਪਣੀ ਬੋਲੀ ਵਿਚ ਸੱਚਾਈ ਸੁਣਨ ਵਾਲੇ ਲੋਕ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਮਿਸਾਲ ਲਈ, ਵੀਅਤਨਾਮੀ ਭਾਸ਼ਾ ਵਿਚ ਚੱਲ ਰਹੀ ਇਕ ਮੀਟਿੰਗ ਦੌਰਾਨ ਇਕ ਬਿਰਧ ਆਦਮੀ ਨੇ ਖੜ੍ਹੇ ਹੋ ਕੇ ਕੁਝ ਕਹਿਣ ਦੀ ਆਗਿਆ ਮੰਗੀ। ਗਿੱਲੀਆਂ ਅੱਖਾਂ ਨਾਲ ਉਸ ਨੇ ਯਹੋਵਾਹ ਦੇ ਗਵਾਹਾਂ ਨੂੰ ਕਿਹਾ: “ਮੈਂ ਤੁਹਾਡਾ ਲੱਖ-ਲੱਖ ਸ਼ੁਕਰ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਮੁਸ਼ਕਲ ਬੋਲੀ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਆਪਣੇ ਬੁਢੇਪੇ ਵਿਚ ਬਾਈਬਲ ਵਿੱਚੋਂ ਇੰਨੀਆਂ ਸਾਰੀਆਂ ਸੋਹਣੀਆਂ ਗੱਲਾਂ ਸਿੱਖ ਕੇ ਬਹੁਤ ਖ਼ੁਸ਼ ਹਾਂ।”16 ਇਸ ਵਿਚ ਕੋਈ ਹੈਰਾਨੀ ਨਹੀਂ ਕਿ ਹੋਰ ਬੋਲੀ ਦੀਆਂ ਕਲੀਸਿਯਾਵਾਂ ਵਿਚ ਜਾਣ ਵਾਲੇ ਭੈਣ-ਭਰਾ ਬਹੁਤ ਹੀ ਖ਼ੁਸ਼ ਹੁੰਦੇ ਹਨ। ਬਰਤਾਨੀਆ ਦੇ ਰਹਿਣ ਵਾਲੇ ਇਕ ਪਤੀ-ਪਤਨੀ ਨੇ ਕਿਹਾ: “ਅਸੀਂ 40 ਸਾਲਾਂ ਤੋਂ ਰਾਜ ਦੀ ਸੇਵਕਾਈ ਵਿਚ ਲੱਗੇ ਹੋਏ ਹਾਂ। ਸਾਨੂੰ ਹੋਰ ਕਿਸੇ ਵੀ ਖੇਤਰ ਵਿਚ ਪ੍ਰਚਾਰ ਕਰ ਕੇ ਇੰਨੀ ਖ਼ੁਸ਼ੀ ਨਹੀਂ ਹੋਈ ਜਿੰਨੀ ਖ਼ੁਸ਼ੀ ਪਰਦੇਸੀਆਂ ਨੂੰ ਉਨ੍ਹਾਂ ਦੀ ਬੋਲੀ ਵਿਚ ਸੱਚਾਈ ਦੱਸ ਕੇ ਹੋਈ ਹੈ।” ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਤਬਦੀਲੀ ਕਰ ਕੇ ਇਸ ਮਜ਼ੇਦਾਰ ਸੇਵਕਾਈ ਵਿਚ ਹਿੱਸਾ ਲੈ ਸਕਦੇ ਹੋ? ਜੇ ਤੁਸੀਂ ਅਜੇ ਸਕੂਲੇ ਪੜ੍ਹ ਰਹੇ ਹੋ, ਤਾਂ ਕੀ ਤੁਸੀਂ ਪਰਦੇਸੀਆਂ ਨੂੰ ਸੱਚਾਈ ਸਿਖਾਉਣ ਲਈ ਕੋਈ ਹੋਰ ਭਾਸ਼ਾ ਸਿੱਖ ਸਕਦੇ ਹੋ? ਇਸ ਤਰ੍ਹਾਂ ਕਰਨ ਨਾਲ ਤੁਹਾਡੀ ਝੋਲੀ ਬਰਕਤਾਂ ਨਾਲ ਭਰ ਜਾਵੇਗੀ। (ਕਹਾਉਤਾਂ 10:22) ਕਿਉਂ ਨਾ ਤੁਸੀਂ ਸਕੂਲ ਵਿਚ ਹੋਰ ਬੋਲੀ ਸਿੱਖਣ ਬਾਰੇ ਆਪਣੇ ਮਾਂ-ਬਾਪ ਨਾਲ ਗੱਲ ਕਰੋ?
ਪ੍ਰਚਾਰ ਕਰਨ ਦੀ ਜਗ੍ਹਾ ਬਦਲੋ
17. ਅਸੀਂ ਆਪਣੀ ਕਲੀਸਿਯਾ ਦੇ ਖੇਤਰ ਵਿਚ ਜ਼ਿਆਦਾ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਿਸ ਤਰ੍ਹਾਂ ਕਰ ਸਕਦੇ ਹਾਂ?
17 ਇਕ ਗੱਲ ਜ਼ਰੂਰ ਹੈ ਕਿ ਅਸੀਂ ਸਾਰੇ ਜਣੇ ਆਪਣੇ ਹਾਲਾਤਾਂ ਕਰਕੇ ਹੋਰ ਬੋਲੀ ਦੇ ਖੇਤਰ ਵਿਚ ਜਾ ਕੇ ਆਪਣੇ “ਜਾਲ” ਨਹੀਂ ਪਾ ਸਕਦੇ ਹਾਂ। ਪਰ ਅਸੀਂ ਆਪਣੀ ਕਲੀਸਿਯਾ ਦੇ ਖੇਤਰ ਵਿਚ ਵੀ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਕਿਸ ਤਰ੍ਹਾਂ? ਆਪਣਾ ਸੰਦੇਸ਼ ਬਦਲ ਕੇ ਨਹੀਂ, ਪਰ ਸੰਦੇਸ਼ ਸੁਣਾਉਣ ਦੀ ਥਾਂ ਬਦਲ ਕੇ। ਕਈ ਇਲਾਕਿਆਂ ਵਿਚ ਜ਼ਿਆਦਾਤਰ ਲੋਕ ਸਖ਼ਤ ਸੁਰੱਖਿਆ ਵਾਲੀਆਂ ਬਿਲਡਿੰਗਾਂ ਵਿਚ ਰਹਿਣਾ ਪਸੰਦ ਕਰਦੇ ਹਨ ਜਿੱਥੇ ਅਸੀਂ ਉਨ੍ਹਾਂ ਨੂੰ ਮਿਲ ਨਹੀਂ ਸਕਦੇ। ਕਈ ਹੋਰ ਲੋਕ ਸਾਨੂੰ ਪ੍ਰਚਾਰ ਦੌਰਾਨ ਘਰ ਨਹੀਂ ਮਿਲਦੇ। ਇਸ ਲਈ ਸਾਨੂੰ ਆਪਣੇ “ਜਾਲ” ਵੱਖਰੇ ਸਮੇਂ ਤੇ ਅਤੇ ਵੱਖਰੀ ਥਾਂ ਤੇ ਪਾ ਕੇ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰੀਕੇ ਨਾਲ ਅਸੀਂ ਯਿਸੂ ਦੀ ਨਕਲ ਕਰ ਸਕਦੇ ਹਾਂ। ਉਸ ਨੇ ਲੋਕਾਂ ਨਾਲ ਅਨੇਕ ਥਾਵਾਂ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ।—ਮੱਤੀ 9:9; ਲੂਕਾ 19:1-10; ਯੂਹੰਨਾ 4:6-15.
18. ਅਨੇਕ ਥਾਵਾਂ ਤੇ ਪ੍ਰਚਾਰ ਕਰਨ ਦੇ ਕੀ ਫ਼ਾਇਦੇ ਹੋਏ ਹਨ? (“ਵਪਾਰੀਆਂ ਨੂੰ ਚੇਲੇ ਬਣਾਓ” ਨਾਮਕ ਡੱਬੀ ਵੀ ਦੇਖੋ।)
18 ਕੁਝ ਮੁਲਕਾਂ ਵਿਚ ਚੇਲੇ ਬਣਾਉਣ ਦੇ ਕੰਮ ਦਾ ਇਕ ਵਧੀਆ ਤਰੀਕਾ ਹੈ ਲੋਕਾਂ ਨੂੰ ਉਨ੍ਹਾਂ ਥਾਵਾਂ ਤੇ ਮਿਲਣਾ ਜਿੱਥੇ ਉਹ ਮਿਲ ਸਕਦੇ ਹਨ। ਲੋਕਾਂ ਨਾਲ ਗੱਲ ਕਰਨ ਲਈ ਤਜਰਬੇਕਾਰ ਭੈਣ-ਭਾਈ ਅਨੇਕ ਥਾਵਾਂ ਤੇ ਜਾਂਦੇ ਹਨ। ਉਹ ਘਰ-ਘਰ ਤਾਂ ਜਾਂਦੇ ਹੀ ਹਨ, ਪਰ ਉਹ ਹਵਾਈ ਅੱਡਿਆਂ, ਦਫ਼ਤਰਾਂ, ਦੁਕਾਨਾਂ, ਪਾਰਕਿੰਗ ਥਾਵਾਂ, ਬੱਸ ਅੱਡਿਆਂ, ਸੜਕਾਂ, ਪਾਰਕਾਂ, ਬੀਚਾਂ ਅਤੇ ਹੋਰਨਾਂ ਥਾਵਾਂ ਤੇ ਵੀ ਲੋਕਾਂ ਨੂੰ ਮਿਲਦੇ ਹਨ। ਹਵਾਈ ਟਾਪੂ ਵਿਚ ਕਾਫ਼ੀ ਸਾਰੇ ਨਵੇਂ ਭੈਣ-ਭਰਾਵਾਂ ਨੇ ਪਹਿਲੀ ਵਾਰ ਅਜਿਹੇ ਸਥਾਨਾਂ ਤੇ ਹੀ ਬਾਈਬਲ ਦਾ ਸੰਦੇਸ਼ ਸੁਣਿਆ ਸੀ। ਸੰਦੇਸ਼ ਸੁਣਾਉਣ ਦੀ ਜਗ੍ਹਾ ਬਦਲ ਕੇ ਅਸੀਂ ਯਿਸੂ ਦੇ ਹੁਕਮ ਦੀ ਪਾਲਣਾ ਪੂਰੀ ਤਰ੍ਹਾਂ ਕਰ ਸਕਦੇ ਹਾਂ।—1 ਕੁਰਿੰਥੀਆਂ 9:22, 23.
19. ਅਗਲੇ ਲੇਖ ਵਿਚ ਯਿਸੂ ਦੇ ਹੁਕਮ ਦੇ ਕਿਨ੍ਹਾਂ ਪਹਿਲੂਆਂ ਉੱਤੇ ਚਰਚਾ ਕੀਤੀ ਜਾਵੇਗੀ?
19 ਚੇਲੇ ਬਣਾਉਣ ਦੇ ਹੁਕਮ ਵਿਚ ਯਿਸੂ ਨੇ ਸਿਰਫ਼ ਇਹ ਨਹੀਂ ਸਮਝਾਇਆ ਸੀ ਕਿ ਇਹ ਕੰਮ ਕਿਉਂ ਤੇ ਕਿੱਥੇ ਕੀਤਾ ਜਾਣਾ ਚਾਹੀਦਾ ਹੈ, ਪਰ ਉਸ ਨੇ ਇਹ ਵੀ ਸਮਝਾਇਆ ਸੀ ਕਿ ਪ੍ਰਚਾਰ ਕਿਸ ਗੱਲ ਦਾ ਤੇ ਕਦ ਤਕ ਕੀਤਾ ਜਾਣਾ ਚਾਹੀਦਾ ਹੈ। ਸਾਡੇ ਅਗਲੇ ਲੇਖ ਵਿਚ ਅਸੀਂ ਯਿਸੂ ਦੇ ਹੁਕਮ ਦੇ ਇਨ੍ਹਾਂ ਦੋ ਪਹਿਲੂਆਂ ਵੱਲ ਧਿਆਨ ਦੇਵਾਂਗੇ।
[ਫੁਟਨੋਟ]
^ ਪੈਰਾ 2 ਇਸ ਲੇਖ ਵਿਚ ਅਸੀਂ ਪਹਿਲੇ ਦੋ ਪਹਿਲੂਆਂ ਵੱਲ ਧਿਆਨ ਦੇਵਾਂਗੇ। ਅਗਲੇ ਲੇਖ ਵਿਚ ਅਗਲੇ ਦੋ ਪਹਿਲੂਆਂ ਉੱਤੇ ਚਰਚਾ ਕੀਤੀ ਜਾਵੇਗੀ।
^ ਪੈਰਾ 8 ਇਨ੍ਹਾਂ ਹਵਾਲਿਆਂ ਵਿਚ ਪ੍ਰਚਾਰ ਕਰਨ ਦੇ ਹੋਰ ਕਾਰਨ ਦਿੱਤੇ ਗਏ ਹਨ: ਕਹਾਉਤਾਂ 10:5; ਆਮੋਸ 3:8; ਮੱਤੀ 24:42; ਮਰਕੁਸ 12:17; ਰੋਮੀਆਂ 1:14, 15.
^ ਪੈਰਾ 12 ਇਸ ਭਵਿੱਖਬਾਣੀ ਦੀ ਪੂਰਤੀ ਦੀ ਹੋਰ ਜਾਣਕਾਰੀ ਵਾਸਤੇ 15 ਮਈ 2001 ਦੇ ਪਹਿਰਾਬੁਰਜ ਦਾ 12ਵਾਂ ਸਫ਼ਾ ਅਤੇ ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ, ਦੂਜੀ ਕਿਤਾਬ ਦਾ 408ਵਾਂ ਸਫ਼ਾ ਦੇਖੋ। ਇਹ ਦੋਵੇਂ ਪ੍ਰਕਾਸ਼ਨ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਹਨ।
ਕੀ ਤੁਹਾਨੂੰ ਯਾਦ ਹੈ?
• ਅਸੀਂ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਕਿਉਂ ਕਰਦੇ ਹਾਂ?
• ਯਹੋਵਾਹ ਦੇ ਗਵਾਹਾਂ ਨੇ ਯਿਸੂ ਦੇ ਚੇਲੇ ਬਣਾਉਣ ਦੇ ਹੁਕਮ ਨੂੰ ਕਿਸ ਹੱਦ ਤਕ ਪੂਰਾ ਕੀਤਾ ਹੈ?
• ਅਸੀਂ ਮੱਛੀਆਂ ਫੜਨ ਦੀ ਜਗ੍ਹਾ ਕਿਵੇਂ ਬਦਲ ਸਕਦੇ ਹਾਂ ਤੇ ਇਹ ਸਾਨੂੰ ਕਿਉਂ ਬਦਲਣੀ ਚਾਹੀਦੀ ਹੈ?
[ਸਵਾਲ]
[ਸਫ਼ੇ 10 ਉੱਤੇ ਡੱਬੀ/ਤਸਵੀਰਾਂ]
ਅੰਨ੍ਹਿਆਂ ਲਈ ਸਾਹਿੱਤ
ਆਲਬ੍ਰਟ ਅਮਰੀਕਾ ਵਿਚ ਰਹਿੰਦਾ ਹੈ ਤੇ ਉਹ ਕਲੀਸਿਯਾ ਵਿਚ ਸੇਵਾ ਨਿਗਾਹਬਾਨ ਹੋਣ ਦੇ ਨਾਲ-ਨਾਲ ਇਕ ਪਾਇਨੀਅਰ ਵੀ ਹੈ। ਅੰਨ੍ਹਾ ਹੋਣ ਕਰਕੇ ਉਹ ਕਲੀਸਿਯਾ ਵਿਚ ਅਤੇ ਪ੍ਰਚਾਰ ਕਰਦੇ ਸਮੇਂ ਬ੍ਰੇਲ ਭਾਸ਼ਾ ਵਿਚ ਕਿਤਾਬਾਂ ਤੇ ਰਸਾਲੇ ਵਰਤਦਾ ਹੈ। ਇਹ ਸਾਹਿੱਤ ਅੰਨ੍ਹਿਆਂ ਦੇ ਪੜ੍ਹਨ ਲਈ ਉਭਰੇ ਅੱਖਰਾਂ ਵਿਚ ਛਾਪਿਆ ਗਿਆ ਹੁੰਦਾ ਹੈ। ਉਹ ਕਲੀਸਿਯਾ ਵਿਚ ਆਪਣੀ ਜ਼ਿੰਮੇਵਾਰੀ ਕਿਵੇਂ ਪੂਰੀ ਕਰ ਰਿਹਾ ਹੈ?
ਕਲੀਸਿਯਾ ਦਾ ਪ੍ਰਧਾਨ ਨਿਗਾਹਬਾਨ ਜੇਮਜ਼ ਕਹਿੰਦਾ ਹੈ: “ਆਲਬ੍ਰਟ ਜਿੰਨਾ ਵਧੀਆ ਸੇਵਾ ਨਿਗਾਹਬਾਨ ਸਾਡੀ ਕਲੀਸਿਯਾ ਵਿਚ ਪਹਿਲਾਂ ਕਦੇ ਨਹੀਂ ਸੀ।” ਅਮਰੀਕਾ ਵਿਚ ਆਲਬ੍ਰਟ ਵਾਂਗ ਤਕਰੀਬਨ 5,000 ਲੋਕ ਕਈ ਸਾਲਾਂ ਤੋਂ ਅੰਗ੍ਰੇਜ਼ੀ ਜਾਂ ਸਪੇਨੀ ਬ੍ਰੇਲ ਵਿਚ ਬਾਈਬਲ ਬਾਰੇ ਕਿਤਾਬਾਂ ਤੇ ਰਸਾਲੇ ਪੜ੍ਹ ਰਹੇ ਹਨ। ਦਰਅਸਲ 1912 ਤੋਂ ਹੀ ਮਾਤਬਰ ਨੌਕਰ ਨੇ ਬ੍ਰੇਲ ਭਾਸ਼ਾ ਵਿਚ ਇਕ ਸੌ ਤੋਂ ਜ਼ਿਆਦਾ ਪ੍ਰਕਾਸ਼ਨ ਮੁਹੱਈਆ ਕਰਵਾਏ ਹਨ। ਯਹੋਵਾਹ ਦੇ ਗਵਾਹ ਆਧੁਨਿਕ ਤਰੀਕੇ ਵਰਤ ਕੇ ਆਪਣੇ ਛਾਪੇਖ਼ਾਨਿਆਂ ਵਿਚ ਹਰ ਸਾਲ ਦਸ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਲੱਖਾਂ ਸਫ਼ੇ ਬ੍ਰੇਲ ਵਿਚ ਤਿਆਰ ਕਰ ਕੇ ਉਨ੍ਹਾਂ ਨੂੰ 70 ਤੋਂ ਜ਼ਿਆਦਾ ਮੁਲਕਾਂ ਤਕ ਪਹੁੰਚਾਉਂਦੇ ਹਨ। ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜੋ ਬ੍ਰੇਲ ਭਾਸ਼ਾ ਵਿਚ ਸਾਹਿੱਤ ਪੜ੍ਹਨਾ ਚਾਹੇਗਾ?
[ਸਫ਼ੇ 11 ਉੱਤੇ ਡੱਬੀ/ਤਸਵੀਰਾਂ]
ਸੈਨਤ ਭਾਸ਼ਾ ਦੇ ਜ਼ਰੀਏ ਚੇਲੇ ਬਣਾਓ
ਦੁਨੀਆਂ ਭਰ ਵਿਚ ਕਈ ਹਜ਼ਾਰ ਗਵਾਹਾਂ ਨੇ ਬੋਲ਼ੇ ਲੋਕਾਂ ਦੀ ਮਦਦ ਕਰਨ ਲਈ ਸੈਨਤ ਭਾਸ਼ਾ ਸਿੱਖੀ ਹੈ। ਕਈ ਜੋਸ਼ੀਲੇ ਨੌਜਵਾਨਾਂ ਨੇ ਵੀ ਇਹ ਭਾਸ਼ਾ ਸਿੱਖ ਕੇ ਬੋਲ਼ੇ ਲੋਕਾਂ ਨੂੰ ਯਿਸੂ ਦੇ ਚੇਲੇ ਬਣਨ ਵਿਚ ਮਦਦ ਦਿੱਤੀ ਹੈ। ਬ੍ਰਾਜ਼ੀਲ ਦੀ ਮਿਸਾਲ ਲਓ। ਉੱਥੇ ਹਾਲ ਹੀ ਦੇ ਇਕ ਸਾਲ ਵਿਚ 63 ਬੋਲ਼ੇ ਲੋਕਾਂ ਨੇ ਬਪਤਿਸਮਾ ਲਿਆ ਸੀ ਅਤੇ ਹੁਣ ਉੱਥੇ 35 ਬੋਲ਼ੇ ਭੈਣ-ਭਾਈ ਪਾਇਨੀਅਰੀ ਕਰ ਰਹੇ ਹਨ। ਸੰਸਾਰ ਭਰ ਵਿਚ ਸੈਨਤ ਭਾਸ਼ਾ ਵਿਚ 1,200 ਤੋਂ ਜ਼ਿਆਦਾ ਕਲੀਸਿਯਾਵਾਂ ਤੇ ਗਰੁੱਪ ਹਨ। ਰੂਸ ਵਿਚ ਸੈਨਤ ਭਾਸ਼ਾ ਦਾ ਇੱਕੋ ਸਰਕਟ ਹੈ ਜੋ ਕਿ ਸੰਸਾਰ ਵਿਚ ਸਭ ਤੋਂ ਵੱਡਾ ਸਰਕਟ ਹੈ ਕਿਉਂਕਿ ਉਸ ਵਿਚ ਪੂਰਾ ਰੂਸ ਸ਼ਾਮਲ ਹੈ!
[ਸਫ਼ੇ 12 ਉੱਤੇ ਡੱਬੀ]
ਵਪਾਰੀਆਂ ਨੂੰ ਚੇਲੇ ਬਣਾਓ
ਹਵਾਈ ਟਾਪੂ ਵਿਚ ਇਕ ਭੈਣ ਵਪਾਰੀਆਂ ਨੂੰ ਉਨ੍ਹਾਂ ਦੇ ਦਫ਼ਤਰਾਂ ਵਿਚ ਮਿਲ ਰਹੀ ਸੀ। ਉਸ ਨੂੰ ਇਕ ਟ੍ਰਾਂਸਪੋਰਟ ਕੰਪਨੀ ਦਾ ਇਕ ਪ੍ਰਬੰਧਕ ਮਿਲਿਆ। ਭਾਵੇਂ ਉਸ ਕੋਲ ਬਹੁਤਾ ਸਮਾਂ ਨਹੀਂ ਸੀ, ਫਿਰ ਵੀ ਉਹ ਆਪਣੇ ਦਫ਼ਤਰ ਵਿਚ ਹਰ ਹਫ਼ਤੇ ਅੱਧੇ ਘੰਟੇ ਲਈ ਬਾਈਬਲ ਦੀ ਸਟੱਡੀ ਕਰਨ ਲਈ ਰਾਜ਼ੀ ਹੋ ਗਿਆ। ਹਰ ਬੁੱਧਵਾਰ ਸਵੇਰੇ ਉਹ ਆਪਣੀ ਸੈਕਟਰੀ ਨੂੰ ਕਹਿ ਦਿੰਦਾ ਹੈ ਕਿ ਉਹ ਟੈਲੀਫ਼ੋਨ ਤੇ ਕਿਸੇ ਨਾਲ ਗੱਲ ਨਹੀਂ ਕਰੇਗਾ ਤੇ ਫਿਰ ਉਹ ਸਟੱਡੀ ਵੱਲ ਪੂਰਾ ਧਿਆਨ ਦਿੰਦਾ ਹੈ। ਹਵਾਈ ਟਾਪੂ ਵਿਚ ਇਕ ਹੋਰ ਭੈਣ ਮੋਚੀ ਦੀ ਦੁਕਾਨ ਦੀ ਮਾਲਕਣ ਨਾਲ ਹਫ਼ਤੇ ਵਿਚ ਇਕ ਵਾਰ ਬਾਈਬਲ ਸਟੱਡੀ ਕਰਦੀ ਹੈ। ਉਹ ਦੁਕਾਨ ਵਿਚ ਹੀ ਸਟੱਡੀ ਕਰਦੀਆਂ ਹਨ। ਜਦ ਕੋਈ ਗਾਹਕ ਦੁਕਾਨ ਵਿਚ ਆਉਂਦਾ ਹੈ, ਤਾਂ ਸਾਡੀ ਭੈਣ ਇਕ ਪਾਸੇ ਹੋ ਜਾਂਦੀ ਹੈ। ਜਦ ਗਾਹਕ ਚਲਿਆ ਜਾਂਦਾ ਹੈ, ਤਾਂ ਉਹ ਫਿਰ ਸਟੱਡੀ ਕਰਨ ਲੱਗ ਪੈਂਦੀਆਂ ਹਨ।
ਕੰਪਨੀ ਦੇ ਪ੍ਰਬੰਧਕ ਅਤੇ ਦੁਕਾਨ ਦੀ ਮਾਲਕਣ ਨੂੰ ਬਾਈਬਲ ਦਾ ਸੰਦੇਸ਼ ਸਿਰਫ਼ ਇਸ ਕਰਕੇ ਸੁਣਨ ਦਾ ਮੌਕਾ ਮਿਲਿਆ ਸੀ ਕਿਉਂਕਿ ਗਵਾਹਾਂ ਨੇ ਵੱਖੋ-ਵੱਖਰੀਆਂ ਥਾਵਾਂ ਤੇ ਆਪਣੇ “ਜਾਲ” ਸੁੱਟੇ ਸਨ। ਕੀ ਤੁਹਾਡੀ ਕਲੀਸਿਯਾ ਦੇ ਖੇਤਰ ਵਿਚ ਅਜਿਹੀਆਂ ਥਾਵਾਂ ਹਨ ਜਿੱਥੇ ਤੁਹਾਨੂੰ ਉਹ ਲੋਕ ਮਿਲ ਸਕਦੇ ਹਨ ਜਿਨ੍ਹਾਂ ਨੂੰ ਤੁਸੀਂ ਉਨ੍ਹਾਂ ਦੇ ਘਰ ਨਹੀਂ ਮਿਲ ਸਕਦੇ ਹੋ?
[ਸਫ਼ੇ 12 ਉੱਤੇ ਤਸਵੀਰ]
ਕੀ ਤੁਸੀਂ ਹੋਰ ਬੋਲੀ ਬੋਲਣ ਵਾਲਿਆਂ ਨੂੰ ਪ੍ਰਚਾਰ ਕਰ ਸਕਦੇ ਹੋ?