Skip to content

Skip to table of contents

ਦੁੱਖਾਂ-ਤਕਲੀਫ਼ਾਂ ਦੇ ਬਾਵਜੂਦ ਮੈਂ ਚੰਗੀ ਜ਼ਿੰਦਗੀ ਗੁਜ਼ਾਰੀ

ਦੁੱਖਾਂ-ਤਕਲੀਫ਼ਾਂ ਦੇ ਬਾਵਜੂਦ ਮੈਂ ਚੰਗੀ ਜ਼ਿੰਦਗੀ ਗੁਜ਼ਾਰੀ

ਜੀਵਨੀ

ਦੁੱਖਾਂ-ਤਕਲੀਫ਼ਾਂ ਦੇ ਬਾਵਜੂਦ ਮੈਂ ਚੰਗੀ ਜ਼ਿੰਦਗੀ ਗੁਜ਼ਾਰੀ

ਔਡਰੀ ਹਾਈਡ ਦੀ ਜ਼ਬਾਨੀ

ਜਦ ਮੈਂ ਸੋਚਦੀ ਹਾਂ ਕਿ ਮੈਂ 63 ਤੋਂ ਜ਼ਿਆਦਾ ਸਾਲਾਂ ਲਈ ਆਪਣਾ ਪੂਰਾ ਸਮਾਂ ਯਹੋਵਾਹ ਦੀ ਸੇਵਾ ਵਿਚ ਲਾਇਆ ਹੈ ਅਤੇ ਉਨ੍ਹਾਂ ਵਿੱਚੋਂ 59 ਸਾਲ ਬਰੁਕਲਿਨ ਬੈਥਲ ਵਿਚ ਬਿਤਾਏ ਹਨ, ਤਾਂ ਮੈਂ ਕਹਿ ਸਕਦੀ ਹਾਂ ਕਿ ਮੈਂ ਚੰਗੀ ਜ਼ਿੰਦਗੀ ਗੁਜ਼ਾਰੀ ਹੈ। ਇਹ ਸੱਚ ਹੈ ਕਿ ਆਪਣੇ ਪਹਿਲੇ ਪਤੀ ਨੂੰ ਕੈਂਸਰ ਨਾਲ ਹੌਲੀ-ਹੌਲੀ ਮਰਦੇ ਦੇਖਣਾ ਅਤੇ ਆਪਣੇ ਦੂਸਰੇ ਪਤੀ ਨੂੰ ਅਲਜ਼ਹਾਏਮੀਰ ਦੇ ਰੋਗ ਦਾ ਸ਼ਿਕਾਰ ਹੁੰਦੇ ਦੇਖਣਾ ਮੇਰੇ ਲਈ ਬਹੁਤ ਹੀ ਦੁਖਦਾਈ ਸੀ। ਪਰ ਆਓ ਮੈਂ ਤੁਹਾਨੂੰ ਦੱਸਾਂ ਕਿ ਇਨ੍ਹਾਂ ਦੁੱਖਾਂ ਦੇ ਬਾਵਜੂਦ ਮੈਂ ਖ਼ੁਸ਼ ਕਿਵੇਂ ਰਹਿ ਸਕੀ ਹਾਂ।

ਮੇਰਾ ਬਚਪਨ ਹੈਕਸਟਨ ਨਾਂ ਦੇ ਛੋਟੇ ਨਗਰ ਲਾਗੇ ਇਕ ਫਾਰਮ ਤੇ ਗੁਜ਼ਰਿਆ। ਇਹ ਨਗਰ ਕੋਲੋਰਾਡੋ ਦੇ ਉੱਤਰ-ਪੂਰਬੀ ਮੈਦਾਨ ਵਿਚ ਨੈਬਰਾਸਕਾ ਦੀ ਸਰਹੱਦ ਨੇੜੇ ਹੈ। ਮੇਰੇ ਪਿਤਾ ਜੀ ਦਾ ਨਾਂ ਔਰਲ ਮੌਕ ਅਤੇ ਮਾਤਾ ਜੀ ਦਾ ਨਾਂ ਨੀਨਾ ਸੀ। ਅਸੀਂ ਛੇ ਭੈਣ-ਭਰਾ ਸੀ। ਰਸਲ, ਵੇਨ, ਕਲਾਰਾ ਤੇ ਆਰਡਿਸ ਦਾ ਜਨਮ 1913 ਤੋਂ 1920 ਦਰਮਿਆਨ ਹੋਇਆ। ਫਿਰ ਮੇਰਾ ਜਨਮ 1921 ਵਿਚ ਹੋਇਆ ਅਤੇ ਕਰਟਸ 1925 ਵਿਚ ਪੈਦਾ ਹੋਇਆ।

ਸਾਲ 1913 ਵਿਚ ਮਾਤਾ ਜੀ ਬਾਈਬਲ ਸਟੂਡੈਂਟ ਬਣ ਗਏ। ਉਨ੍ਹੀਂ ਦਿਨੀਂ ਯਹੋਵਾਹ ਦੇ ਗਵਾਹਾਂ ਨੂੰ ਬਾਈਬਲ ਸਟੂਡੈਂਟਸ ਸੱਦਿਆ ਜਾਂਦਾ ਸੀ। ਇਕ-ਇਕ ਕਰਕੇ ਅਸੀਂ ਸਾਰੇ ਬਾਈਬਲ ਸਟੂਡੈਂਟਸ ਬਣ ਗਏ।

ਫਾਰਮ ਤੇ ਇਕ ਵਧੀਆ ਜ਼ਿੰਦਗੀ

ਪਿਤਾ ਜੀ ਨਵੀਆਂ-ਨਵੀਆਂ ਚੀਜ਼ਾਂ ਅਜ਼ਮਾਉਣੀਆਂ ਪਸੰਦ ਕਰਦੇ ਸਨ। ਸਾਡੇ ਫਾਰਮ ਵਿਚ ਬਿਜਲੀ ਸੀ ਭਾਵੇਂ ਕਿ ਉਨ੍ਹੀਂ ਦਿਨੀਂ ਆਮ ਕਰਕੇ ਲੋਕਾਂ ਦੇ ਘਰਾਂ ਵਿਚ ਬਿਜਲੀ ਨਹੀਂ ਹੁੰਦੀ ਸੀ। ਫਾਰਮ ਤੇ ਅਸੀਂ ਕੁਕੜੀਆਂ ਤੇ ਮੱਝਾਂ ਪਾਲਦੇ ਸਾਂ, ਇਸ ਲਈ ਸਾਡੇ ਘਰ ਅੰਡਿਆਂ, ਦੁੱਧ, ਮਲਾਈ ਤੇ ਮੱਖਣ ਦੀ ਕੋਈ ਘਾਟ ਨਹੀਂ ਸੀ। ਹਲ ਚਲਾਉਣ ਲਈ ਸਾਡੇ ਕੋਲ ਘੋੜੇ ਸਨ ਅਤੇ ਅਸੀਂ ਸਟ੍ਰਾਬੇਰੀ, ਆਲੂ, ਕਣਕ ਅਤੇ ਮੱਕੀ ਬੀਜਦੇ ਸੀ।

ਪਿਤਾ ਜੀ ਮੰਨਦੇ ਸਨ ਕਿ ਬੱਚਿਆਂ ਨੂੰ ਕੰਮ ਕਰਨਾ ਸਿੱਖਣਾ ਚਾਹੀਦਾ ਹੈ। ਇਸ ਲਈ ਮੈਂ ਉਦੋਂ ਹੀ ਖੇਤਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਮੈਂ ਅਜੇ ਸਕੂਲ ਜਾਣਾ ਸ਼ੁਰੂ ਵੀ ਨਹੀਂ ਕੀਤਾ ਸੀ। ਮੈਨੂੰ ਯਾਦ ਹੈ ਕਿ ਗਰਮੀਆਂ ਦੌਰਾਨ ਧੁੱਪ ਵਿਚ ਮੈਂ ਬਗ਼ੀਚੇ ਵਿਚ ਗੋਡੀ ਕਰਦੀ ਹੁੰਦੀ ਸੀ। ਮੈਨੂੰ ਲੱਗਦਾ ਸੀ ਕਿ ਮੇਰਾ ਕੰਮ ਕਦੀ ਖ਼ਤਮ ਹੀ ਨਹੀਂ ਹੋਣਾ ਸੀ। ਮੈਂ ਪਸੀਨਾ-ਪਸੀਨਾ ਹੋ ਜਾਂਦੀ ਸੀ ਤੇ ਮਧੂ-ਮੱਖੀਆਂ ਮੇਰੇ ਲੜਦੀਆਂ ਹੁੰਦੀਆਂ ਸੀ। ਕਈ ਵਾਰ ਮੈਨੂੰ ਆਪਣੇ ਉੱਤੇ ਬੜਾ ਤਰਸ ਆਉਂਦਾ ਸੀ ਕਿਉਂਕਿ ਦੂਸਰੇ ਬੱਚਿਆਂ ਨੂੰ ਇੰਨਾ ਕੰਮ ਨਹੀਂ ਕਰਨਾ ਪੈਂਦਾ ਸੀ। ਪਰ ਅੱਜ ਜਦੋਂ ਮੈਂ ਆਪਣੇ ਬਚਪਨ ਬਾਰੇ ਸੋਚਦੀ ਹਾਂ, ਤਾਂ ਮੈਂ ਆਪਣੇ ਮਾਪਿਆਂ ਦਾ ਸ਼ੁਕਰ ਕਰਦੀ ਹਾਂ ਕਿ ਉਨ੍ਹਾਂ ਨੇ ਸਾਨੂੰ ਮਿਹਨਤ ਕਰਨੀ ਸਿਖਾਈ।

ਸਾਨੂੰ ਛਿਆਂ ਨੂੰ ਕੰਮ ਦਿੱਤੇ ਗਏ ਸਨ। ਆਰਡਿਸ ਮੇਰੇ ਨਾਲੋਂ ਬਿਹਤਰ ਦੁੱਧ ਚੋ ਲੈਂਦੀ ਸੀ, ਸੋ ਮੈਂ ਘੋੜਿਆਂ ਦੇ ਤਬੇਲੇ ਵਿਚ ਉਨ੍ਹਾਂ ਦੀ ਲਿੱਦ ਸਾਫ਼ ਕਰਦੀ ਸੀ। ਫਿਰ ਵੀ ਅਸੀਂ ਕਾਫ਼ੀ ਮੌਜਾਂ ਵੀ ਕਰਦੇ ਸੀ ਅਤੇ ਦੂਸਰੇ ਬੱਚਿਆਂ ਨਾਲ ਖੇਡਦੇ-ਕੁੱਦਦੇ ਸੀ।

ਖੁੱਲ੍ਹੇ ਮੈਦਾਨ ਵਿਚ ਰਾਤਾਂ ਬਹੁਤ ਸੁੰਦਰ ਹੁੰਦੀਆਂ ਸਨ। ਹਜ਼ਾਰਾਂ ਤਾਰੇ ਦੇਖ ਕੇ ਮੈਂ ਆਪਣੇ ਕਰਤਾਰ ਯਹੋਵਾਹ ਪਰਮੇਸ਼ੁਰ ਬਾਰੇ ਸੋਚਿਆ ਕਰਦੀ ਸੀ। ਛੋਟੀ ਹੁੰਦਿਆਂ ਵੀ ਮੈਂ ਜ਼ਬੂਰ 147:4 ਦੇ ਸ਼ਬਦ ਯਾਦ ਕਰਦੀ ਸੀ, ਜਿੱਥੇ ਲਿਖਿਆ ਹੈ: “[ਯਹੋਵਾਹ] ਤਾਰਿਆਂ ਦੀ ਗਿਣਤੀ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਦੇ ਨਾਉਂ ਬੁਲਾਉਂਦਾ ਹੈ।” ਉਨ੍ਹਾਂ ਰਾਤਾਂ ਨੂੰ ਮੈਂ ਤੇ ਸਾਡਾ ਕੁੱਤਾ ਜੱਜ ਚੁੱਪ-ਚਾਪ ਇਕੱਠੇ ਬੈਠ ਕੇ ਰਾਤ ਦੇ ਨਜ਼ਾਰੇ ਦਾ ਮਜ਼ਾ ਲੈਂਦੇ ਸੀ। ਦੁਪਹਿਰ ਨੂੰ ਮੈਂ ਕਈ ਵਾਰ ਘਰ ਦੇ ਵਰਾਂਡੇ ਵਿਚ ਬੈਠ ਕੇ ਅਣਪੱਕੀ ਕਣਕ ਦੇ ਖੇਤ ਦੇਖਦੀ ਹੁੰਦੀ ਸੀ। ਹਵਾ ਵਿਚ ਲਹਿਲਹਾਉਂਦੀ ਕਣਕ ਧੁੱਪ ਵਿਚ ਚਾਂਦੀ ਵਰਗੀ ਲੱਗਦੀ ਸੀ।

ਮਾਤਾ ਜੀ ਦੀ ਚੰਗੀ ਮਿਸਾਲ

ਮਾਤਾ ਜੀ ਚੰਗੀ ਪਤਨੀ ਸਨ। ਪਿਤਾ ਜੀ ਘਰ ਦੇ ਮੁਖੀ ਸਨ ਤੇ ਮਾਤਾ ਜੀ ਨੇ ਸਾਨੂੰ ਉਨ੍ਹਾਂ ਦੀ ਇੱਜ਼ਤ ਕਰਨੀ ਸਿਖਾਈ। ਸਾਲ 1939 ਵਿਚ ਪਿਤਾ ਜੀ ਵੀ ਯਹੋਵਾਹ ਦੇ ਗਵਾਹ ਬਣ ਗਏ। ਭਾਵੇਂ ਪਿਤਾ ਜੀ ਸਾਡੇ ਤੋਂ ਕੰਮ ਕਰਾਉਂਦੇ ਸਨ ਅਤੇ ਸਾਡੇ ਨਾਲ ਬਹੁਤਾ ਲਾਡ ਨਹੀਂ ਕਰਦੇ ਸਨ, ਪਰ ਅਸੀਂ ਜਾਣਦੇ ਸੀ ਕਿ ਉਹ ਸਾਨੂੰ ਬਹੁਤ ਪਿਆਰ ਕਰਦੇ ਸਨ। ਸਿਆਲਾਂ ਵਿਚ ਕਈ ਵਾਰ ਉਹ ਬਰਫ਼ ਉੱਤੇ ਚੱਲਣ ਵਾਲੀ ਗੱਡੀ ਵਿਚ ਸਾਨੂੰ ਬਿਠਾ ਕੇ ਸੈਰ ਕਰਾਉਂਦੇ ਸਨ। ਧੁੱਪ ਵਿਚ ਲਿਸ਼ਕਾਂ ਮਾਰਦੀ ਬਰਫ਼ ਕਿੰਨੀ ਸੋਹਣੀ ਲੱਗਦੀ ਸੀ!

ਮਾਤਾ ਜੀ ਨੇ ਸਾਨੂੰ ਪਰਮੇਸ਼ੁਰ ਨਾਲ ਪਿਆਰ ਕਰਨਾ ਅਤੇ ਬਾਈਬਲ ਦੀ ਕਦਰ ਕਰਨੀ ਸਿਖਾਈ। ਅਸੀਂ ਸਿੱਖਿਆ ਕਿ ਪਰਮੇਸ਼ੁਰ ਦਾ ਨਾਮ ਯਹੋਵਾਹ ਹੈ ਅਤੇ ਉਹ ਸਾਡਾ ਜੀਵਨਦਾਤਾ ਹੈ। (ਜ਼ਬੂਰਾਂ ਦੀ ਪੋਥੀ 36:9; 83:18) ਅਸੀਂ ਇਹ ਵੀ ਸਿੱਖਿਆ ਕਿ ਉਸ ਨੇ ਸਾਡੀ ਖ਼ੁਸ਼ੀ ਖੋਹਣ ਲਈ ਨਹੀਂ, ਸਗੋਂ ਸਾਡੇ ਫ਼ਾਇਦੇ ਲਈ ਸਾਨੂੰ ਨਿਯਮ ਦਿੱਤੇ ਹਨ। (ਯਸਾਯਾਹ 48:17) ਮਾਤਾ ਜੀ ਨੇ ਸਾਨੂੰ ਹਮੇਸ਼ਾ ਯਾਦ ਕਰਾਇਆ ਕਿ ਪਰਮੇਸ਼ੁਰ ਨੇ ਸਾਨੂੰ ਇਕ ਖ਼ਾਸ ਕੰਮ ਸੌਂਪਿਆ ਹੈ। ਅਸੀਂ ਸਿੱਖਿਆ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”—ਮੱਤੀ 24:14.

ਬਚਪਨ ਵਿਚ ਸਕੂਲੋਂ ਘਰ ਆਉਣ ਤੇ ਜੇ ਮਾਤਾ ਜੀ ਘਰ ਨਹੀਂ ਹੁੰਦੇ ਸਨ, ਤਾਂ ਮੈਂ ਉਨ੍ਹਾਂ ਨੂੰ ਲੱਭਣ ਨਿਕਲ ਜਾਂਦੀ ਸੀ। ਇਕ ਵਾਰ ਮੈਨੂੰ ਉਹ ਤਬੇਲੇ ਵਿਚ ਮਿਲੇ। ਜਦੋਂ ਅਸੀਂ ਤਬੇਲੇ ਵਿਚ ਹੀ ਸੀ, ਤਾਂ ਅਚਾਨਕ ਬਹੁਤ ਮੀਂਹ ਪੈਣ ਲੱਗਾ। ਉਦੋਂ ਮੈਂ ਛੇ ਕੁ ਸਾਲਾਂ ਦੀ ਸੀ। ਅਸੀਂ ਤਬੇਲੇ ਵਿਚ ਬੈਠ ਕੇ ਗੱਲਾਂ ਕਰਨ ਲੱਗੀਆਂ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਪਰਮੇਸ਼ੁਰ ਇਕ ਹੋਰ ਹੜ੍ਹ ਲਿਆਉਣ ਵਾਲਾ ਸੀ। ਉਨ੍ਹਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਉਹ ਦੁਨੀਆਂ ਨੂੰ ਹੜ੍ਹ ਨਾਲ ਦੁਬਾਰਾ ਤਬਾਹ ਨਹੀਂ ਕਰੇਗਾ। ਮੈਨੂੰ ਇਹ ਵੀ ਯਾਦ ਹੈ ਕਿ ਚੱਕਰਵਾਤੀ ਤੂਫ਼ਾਨ ਆਉਣ ਤੇ ਸਾਨੂੰ ਅਕਸਰ ਆਪਣੇ ਬਚਾਅ ਲਈ ਘਰ ਦੇ ਲਾਗੇ ਤਹਿਖ਼ਾਨੇ ਵਿਚ ਲੁਕਣਾ ਪੈਂਦਾ ਸੀ।

ਮੇਰੇ ਜਨਮ ਤੋਂ ਪਹਿਲਾਂ ਹੀ ਮਾਤਾ ਜੀ ਪ੍ਰਚਾਰ ਕਰਨ ਜਾਂਦੇ ਹੁੰਦੇ ਸਨ। ਸਾਡੇ ਘਰ ਬਾਈਬਲ ਦੀ ਚਰਚਾ ਕਰਨ ਲਈ ਕਈ ਭੈਣ-ਭਰਾ ਇਕੱਠੇ ਹੁੰਦੇ ਸਨ। ਉਨ੍ਹਾਂ ਸਾਰਿਆਂ ਦੀ ਉਮੀਦ ਇਹੀ ਸੀ ਕਿ ਉਹ ਸਵਰਗ ਵਿਚ ਮਸੀਹ ਨਾਲ ਰਾਜ ਕਰਨਗੇ। ਮਾਤਾ ਜੀ ਨੂੰ ਘਰ-ਘਰ ਜਾ ਕੇ ਪ੍ਰਚਾਰ ਕਰਨਾ ਮੁਸ਼ਕਲ ਲੱਗਦਾ ਸੀ, ਫਿਰ ਵੀ ਪਰਮੇਸ਼ੁਰ ਲਈ ਉਨ੍ਹਾਂ ਦੇ ਪਿਆਰ ਕਰਕੇ ਉਹ ਇਸ ਡਰ ਉੱਤੇ ਕਾਬੂ ਪਾ ਸਕੇ। ਮਰਦੇ ਦਮ ਤਕ ਉਹ ਵਫ਼ਾਦਾਰ ਰਹੇ। ਉਨ੍ਹਾਂ ਦੀ ਉਮਰ 84 ਸਾਲਾਂ ਦੀ ਸੀ ਜਦ 24 ਨਵੰਬਰ 1969 ਵਿਚ ਉਹ ਗੁਜ਼ਰ ਗਏ। ਮੈਂ ਉਸ ਦਿਨ ਉਨ੍ਹਾਂ ਦੇ ਨਾਲ ਸੀ। ਮੈਂ ਉਨ੍ਹਾਂ ਦੇ ਕੰਨ ਵਿਚ ਕਿਹਾ: “ਮਾਤਾ ਜੀ, ਤੁਸੀਂ ਸਵਰਗ ਜਾ ਰਹੇ ਹੋ ਅਤੇ ਉਨ੍ਹਾਂ ਨਾਲ ਹੋਵੋਗੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ।” ਮੈਂ ਕਿੰਨੀ ਖ਼ੁਸ਼ ਸੀ ਕਿ ਉਸ ਮੌਕੇ ਤੇ ਮੈਂ ਉਨ੍ਹਾਂ ਨੂੰ ਇਹ ਗੱਲ ਕਹਿ ਸਕੀ। ਉਨ੍ਹਾਂ ਨੇ ਹੌਲੇ ਜਿਹੇ ਕਿਹਾ: “ਤੂੰ ਕਿੰਨੀ ਬੀਬੀ ਕੁੜੀ ਹੈਂ।”

ਅਸੀਂ ਪ੍ਰਚਾਰ ਕਰਨ ਲੱਗੇ

ਸਾਲ 1939 ਵਿਚ ਰਸਲ ਪਾਇਨੀਅਰ ਬਣ ਗਿਆ ਅਤੇ ਪੂਰਾ ਸਮਾਂ ਪ੍ਰਚਾਰ ਦਾ ਕੰਮ ਕਰਨ ਲੱਗ ਪਿਆ। ਉਸ ਨੇ 1944 ਤਕ ਓਕਲਾਹੋਮਾ ਤੇ ਨੈਬਰਾਸਕਾ ਵਿਚ ਪਾਇਨੀਅਰੀ ਕੀਤੀ ਅਤੇ ਫਿਰ ਉਸ ਨੂੰ ਨਿਊਯਾਰਕ ਵਿਚ ਬਰੁਕਲਿਨ ਬੈਥਲ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂ 20 ਸਤੰਬਰ 1941 ਨੂੰ ਪਾਇਨੀਅਰੀ ਸ਼ੁਰੂ ਕੀਤੀ ਅਤੇ ਕੋਲੋਰਾਡੋ, ਕੈਂਸਸ ਤੇ ਨੈਬਰਾਸਕਾ ਵਿਚ ਕਈਆਂ ਥਾਵਾਂ ਵਿਚ ਪ੍ਰਚਾਰ ਕੀਤਾ। ਉਹ ਸਾਲ ਬਹੁਤ ਹੀ ਖ਼ੁਸ਼ੀ ਭਰੇ ਸਾਲ ਸਨ ਕਿਉਂਕਿ ਮੈਂ ਦੂਸਰਿਆਂ ਨੂੰ ਯਹੋਵਾਹ ਬਾਰੇ ਸਿਖਾ ਰਹੀ ਸੀ ਅਤੇ ਨਾਲ ਹੀ ਮੈਂ ਯਹੋਵਾਹ ਉੱਤੇ ਇਤਬਾਰ ਕਰਨਾ ਸਿੱਖਿਆ।

ਜਦ ਰਸਲ ਨੇ ਪਾਇਨੀਅਰੀ ਸ਼ੁਰੂ ਕੀਤੀ ਸੀ, ਉਸ ਵੇਲੇ ਵੇਨ ਕਾਲਜ ਵਿਚ ਪੜ੍ਹ ਰਿਹਾ ਸੀ। ਬਾਅਦ ਵਿਚ ਉਸ ਨੂੰ ਵੀ ਬੈਥਲ ਵਿਚ ਬੁਲਾਇਆ ਗਿਆ। ਉਸ ਨੇ ਕਈ ਸਾਲਾਂ ਤਕ ਇਥਿਕਾ, ਨਿਊਯਾਰਕ ਨੇੜੇ ਕਿੰਗਡਮ ਫਾਰਮ ਤੇ ਸੇਵਾ ਕੀਤੀ। ਉੱਥੇ ਫਾਰਮ ਤੇ ਕੰਮ ਕਰਨ ਵਾਲਿਆਂ ਲਈ ਅਤੇ ਬਰੁਕਲਿਨ ਬੈਥਲ ਦੇ ਲਗਭਗ 200 ਭੈਣਾਂ-ਭਰਾਵਾਂ ਲਈ ਸਾਗ-ਸਬਜ਼ੀਆਂ ਉਗਾਈਆਂ ਜਾਂਦੀਆਂ ਸਨ। ਵੇਨ ਨੇ 1988 ਵਿਚ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨ ਤਕ ਆਪਣਾ ਹੁਨਰ ਤੇ ਤਜਰਬਾ ਯਹੋਵਾਹ ਦੀ ਸੇਵਾ ਵਿਚ ਇਸਤੇਮਾਲ ਕੀਤਾ।

ਮੇਰੀ ਭੈਣ ਆਰਡਿਸ ਨੇ ਜੇਮਜ਼ ਕੇਰਨ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਘਰ ਪੰਜ ਬੱਚੇ ਪੈਦਾ ਹੋਏ। ਆਰਡਿਸ ਦੀ ਮੌਤ 1997 ਵਿਚ ਹੋਈ। ਮੇਰੀ ਦੂਸਰੀ ਭੈਣ ਕਲਾਰਾ ਅੱਜ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੀ ਹੈ ਅਤੇ ਮੈਂ ਛੁੱਟੀਆਂ ਦੌਰਾਨ ਉਸ ਨੂੰ ਕੋਲੋਰਾਡੋ ਵਿਚ ਮਿਲਣ ਜਾਂਦੀ ਹਾਂ। ਸਾਡਾ ਛੋਟਾ ਭਰਾ ਕਰਟਸ 1940 ਦੇ ਦਹਾਕੇ ਵਿਚ ਬਰੁਕਲਿਨ ਬੈਥਲ ਆਇਆ ਸੀ। ਉਸ ਨੂੰ ਕਿੰਗਡਮ ਫਾਰਮ ਤੋਂ ਸਬਜ਼ੀਆਂ ਵਗੈਰਾ ਟਰੱਕ ਰਾਹੀਂ ਬੈਥਲ ਲੈ ਜਾਣ ਦਾ ਕੰਮ ਸੌਂਪਿਆ ਗਿਆ ਸੀ। ਉਸ ਨੇ ਕਦੀ ਸ਼ਾਦੀ ਨਹੀਂ ਕੀਤੀ ਅਤੇ ਉਹ 1971 ਵਿਚ ਮੌਤ ਦੀ ਨੀਂਦ ਸੌਂ ਗਿਆ।

ਬੈਥਲ ਸੇਵਾ ਮੇਰੀ ਦਿਲੀ ਖ਼ਾਹਸ਼ ਸੀ

ਮੇਰੇ ਵੱਡੇ ਭਰਾ ਪਹਿਲਾਂ ਹੀ ਬੈਥਲ ਵਿਚ ਸੇਵਾ ਕਰ ਰਹੇ ਸਨ ਅਤੇ ਮੈਂ ਵੀ ਉੱਥੇ ਜਾਣਾ ਚਾਹੁੰਦੀ ਸੀ। ਮੈਨੂੰ ਯਕੀਨ ਹੈ ਕਿ ਉਨ੍ਹਾਂ ਦੀ ਚੰਗੀ ਮਿਸਾਲ ਕਰਕੇ ਹੀ ਮੈਨੂੰ ਬੈਥਲ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ। ਮਾਤਾ ਜੀ ਪਰਮੇਸ਼ੁਰ ਦੇ ਸੰਗਠਨ ਦੇ ਇਤਿਹਾਸ ਬਾਰੇ ਅਕਸਰ ਗੱਲਾਂ-ਬਾਤਾਂ ਕਰਦੇ ਹੁੰਦੇ ਸਨ ਅਤੇ ਮੈਂ ਖ਼ੁਦ ਦੇਖ ਸਕਦੀ ਸੀ ਕਿ ਅੰਤ ਦੇ ਦਿਨਾਂ ਬਾਰੇ ਬਾਈਬਲ ਦੀਆਂ ਭਵਿੱਖਬਾਣੀਆਂ ਕਿਸ ਤਰ੍ਹਾਂ ਪੂਰੀਆਂ ਹੋ ਰਹੀਆਂ ਸਨ। ਇਸ ਲਈ ਬੈਥਲ ਵਿਚ ਸੇਵਾ ਕਰਨੀ ਮੇਰੀ ਦਿਲੀ ਖ਼ਾਹਸ਼ ਸੀ। ਮੈਂ ਪ੍ਰਾਰਥਨਾ ਵਿਚ ਯਹੋਵਾਹ ਨਾਲ ਵਾਅਦਾ ਕੀਤਾ ਕਿ ਜੇ ਉਹ ਮੈਨੂੰ ਬੈਥਲ ਵਿਚ ਜਾਣ ਦੇਵੇਗਾ, ਤਾਂ ਜਿੰਨੇ ਚਿਰ ਤਕ ਮੇਰੇ ਉੱਤੇ ਹੋਰ ਕੋਈ ਜ਼ਰੂਰੀ ਜ਼ਿੰਮੇਵਾਰੀ ਨਾ ਹੋਵੇ, ਮੈਂ ਬੈਥਲ ਛੱਡ ਕੇ ਕਦੀ ਨਹੀਂ ਜਾਵਾਂਗੀ।

ਮੈਂ 20 ਜੂਨ 1945 ਨੂੰ ਬੈਥਲ ਆਈ ਅਤੇ ਮੈਨੂੰ ਸਫ਼ਾਈ ਕਰਨ ਦਾ ਕੰਮ ਦਿੱਤਾ ਗਿਆ। ਮੈਨੂੰ 13 ਕਮਰੇ ਸਾਫ਼ ਕਰਨੇ ਪੈਂਦੇ ਸਨ ਤੇ ਮੈਂ ਹਰ ਰੋਜ਼ 26 ਬਿਸਤਰੇ ਸੁਆਰਦੀ ਸੀ। ਇਸ ਤੋਂ ਇਲਾਵਾ ਮੈਂ ਲਾਂਘੇ, ਪੌੜੀਆਂ ਅਤੇ ਖਿੜਕੀਆਂ ਵੀ ਸਾਫ਼ ਕਰਦੀ ਸੀ। ਕੰਮ ਬਹੁਤ ਜ਼ਿਆਦਾ ਸੀ। ਹਰ ਦਿਨ ਕੰਮ ਕਰਦੀ ਹੋਈ ਮੈਂ ਆਪਣੇ ਆਪ ਨੂੰ ਕਹਿੰਦੀ ਸੀ: ‘ਇਹ ਸੱਚ ਹੈ ਕਿ ਤੂੰ ਬਹੁਤ ਥੱਕੀ ਹੈਂ, ਪਰ ਯਾਦ ਰੱਖ ਕਿ ਤੂੰ ਬੈਥਲ ਵਿਚ ਹੈਂ, ਤੂੰ ਪਰਮੇਸ਼ੁਰ ਦੇ ਘਰ ਵਿਚ ਸੇਵਾ ਕਰ ਰਹੀ ਹੈਂ!’

ਨੇਥਨ ਨੌਰ ਨਾਲ ਵਿਆਹ

ਉੱਨੀ ਸੌ ਵੀਹ ਦੇ ਦਹਾਕੇ ਤੋਂ ਬੈਥਲ ਦਾ ਇਹ ਨਿਯਮ ਸੀ ਕਿ ਜਿਹੜੇ ਵੀ ਭੈਣ-ਭਰਾ ਵਿਆਹ ਕਰਾਉਣਾ ਚਾਹੁੰਦੇ ਸਨ, ਉਨ੍ਹਾਂ ਨੂੰ ਬੈਥਲ ਛੱਡਣਾ ਪੈਂਦਾ ਸੀ। ਪਰ 1950 ਦੇ ਦਹਾਕੇ ਵਿਚ ਕੁਝ ਕਾਫ਼ੀ ਸਮੇਂ ਤੋਂ ਬੈਥਲ ਵਿਚ ਸੇਵਾ ਕਰ ਰਹੇ ਭੈਣਾਂ-ਭਰਾਵਾਂ ਨੂੰ ਵਿਆਹ ਕਰ ਕੇ ਬੈਥਲ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਉਸ ਵੇਲੇ ਨੇਥਨ ਨੌਰ ਸੰਸਾਰ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰ ਰਹੇ ਸਨ। ਸੋ ਜਦ ਉਨ੍ਹਾਂ ਨੇ ਮੈਨੂੰ ਪਸੰਦ ਕੀਤਾ, ਤਾਂ ਮੈਂ ਸੋਚਿਆ ਕਿ ‘ਇਹ ਤਾਂ ਜ਼ਰੂਰ ਬੈਥਲ ਵਿਚ ਹੀ ਰਹਿਣਗੇ!’

ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਦੇਖ-ਰੇਖ ਕਰਨ ਦੀ ਭਾਰੀ ਜ਼ਿੰਮੇਵਾਰੀ ਨੇਥਨ ਦੇ ਮੋਢਿਆਂ ਉੱਤੇ ਸੀ। ਇਸ ਲਈ ਉਨ੍ਹਾਂ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਵਿਆਹ ਲਈ ਹਾਂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲਵਾਂ। ਉਨ੍ਹੀਂ ਦਿਨੀਂ ਉਹ ਵੱਖ-ਵੱਖ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸਾਂ ਨੂੰ ਜਾਂਦੇ ਹੁੰਦੇ ਸਨ। ਕਈ ਵਾਰ ਉਨ੍ਹਾਂ ਨੂੰ ਕਈ ਹਫ਼ਤਿਆਂ ਲਈ ਜਾਣਾ ਪੈਂਦਾ ਸੀ। ਇਸ ਲਈ ਉਨ੍ਹਾਂ ਨੇ ਮੈਨੂੰ ਸਮਝਾਇਆ ਕਿ ਇਨ੍ਹਾਂ ਸਮਿਆਂ ਤੇ ਸਾਨੂੰ ਇਕ-ਦੂਜੇ ਤੋਂ ਜੁਦਾ ਰਹਿਣਾ ਪੈਣਾ ਸੀ।

ਮੇਰਾ ਹਮੇਸ਼ਾ ਇਹ ਸੁਪਨਾ ਰਿਹਾ ਸੀ ਕਿ ਮੇਰੀ ਸ਼ਾਦੀ ਬਸੰਤ ਵਿਚ ਹੋਵੇ ਅਤੇ ਹਵਾਈ ਟਾਪੂ ਉੱਤੇ ਅਸੀਂ ਹਨੀਮੂਨ ਮਨਾਈਏ। ਪਰ ਸਾਡੀ ਸ਼ਾਦੀ ਸਿਆਲ ਵਿਚ 31 ਜਨਵਰੀ 1953 ਨੂੰ ਹੋਈ ਅਤੇ ਅਸੀਂ ਆਪਣਾ ਹਨੀਮੂਨ ਸ਼ਨੀਵਾਰ ਦੁਪਹਿਰ ਅਤੇ ਐਤਵਾਰ ਨਿਊ ਜਰਜ਼ੀ ਵਿਚ ਮਨਾਇਆ। ਸੋਮਵਾਰ ਨੂੰ ਅਸੀਂ ਬੈਥਲ ਵਿਚ ਵਾਪਸ ਆ ਕੇ ਆਪਣਾ ਕੰਮ ਕੀਤਾ। ਪਰ ਇਕ ਹਫ਼ਤੇ ਬਾਅਦ ਅਸੀਂ ਹਫ਼ਤੇ ਦੀ ਛੁੱਟੀ ਲੈ ਕੇ ਹਨੀਮੂਨ ਮਨਾਉਣ ਗਏ।

ਮਿਹਨਤੀ ਸਾਥੀ

ਨੇਥਨ 18 ਸਾਲਾਂ ਦੇ ਸਨ ਜਦ ਉਹ 1923 ਵਿਚ ਬੈਥਲ ਆਏ। ਉਨ੍ਹਾਂ ਨੇ ਜੋਸਫ਼ ਰਦਰਫ਼ਰਡ ਅਤੇ ਰੌਬਰਟ ਮਾਰਟਿਨ ਵਰਗੇ ਤਜਰਬੇਕਾਰ ਭਰਾਵਾਂ ਤੋਂ ਸਿਖਲਾਈ ਹਾਸਲ ਕੀਤੀ। ਉਦੋਂ ਭਰਾ ਰਦਰਫ਼ਰਡ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਦੇ ਸਨ ਤੇ ਭਰਾ ਮਾਰਟਿਨ ਛਾਪਾਖ਼ਾਨੇ ਦੇ ਮੈਨੇਜਰ ਸਨ। ਜਦ ਸਤੰਬਰ 1932 ਵਿਚ ਭਰਾ ਮਾਰਟਿਨ ਦੀ ਮੌਤ ਹੋਈ, ਤਾਂ ਨੇਥਨ ਛਾਪਾਖ਼ਾਨੇ ਦੇ ਮੈਨੇਜਰ ਬਣੇ। ਅਗਲੇ ਸਾਲ ਭਰਾ ਰਦਰਫ਼ਰਡ ਯੂਰਪ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸਾਂ ਦਾ ਦੌਰਾ ਕਰਨ ਲਈ ਨੇਥਨ ਨੂੰ ਆਪਣੇ ਨਾਲ ਲੈ ਗਏ। ਜਨਵਰੀ 1942 ਵਿਚ ਭਰਾ ਰਦਰਫ਼ਰਡ ਦੀ ਮੌਤ ਤੋਂ ਬਾਅਦ ਨੇਥਨ ਨੂੰ ਸੰਸਾਰ ਭਰ ਵਿਚ ਹੋ ਰਹੇ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ।

ਨੇਥਨ ਹਮੇਸ਼ਾ ਅਗਾਹਾਂ ਦੇਖਦੇ ਸਨ ਤੇ ਆਉਣ ਵਾਲੇ ਸਮੇਂ ਲਈ ਤਿਆਰੀਆਂ ਕਰਨ ਵਿਚ ਲੱਗੇ ਰਹਿੰਦੇ ਸਨ। ਕੁਝ ਭਰਾ ਇਸ ਨੂੰ ਠੀਕ ਨਹੀਂ ਸਮਝਦੇ ਸਨ ਕਿਉਂਕਿ ਉਨ੍ਹਾਂ ਦੇ ਖ਼ਿਆਲ ਵਿਚ ਦੁਨੀਆਂ ਦਾ ਅੰਤ ਬਹੁਤ ਨਜ਼ਦੀਕ ਸੀ। ਇਕ ਵਾਰੀ ਇਕ ਭਰਾ ਨੇ ਭਵਿੱਖ ਲਈ ਛਪਾਈ ਸੰਬੰਧੀ ਨੇਥਨ ਦਾ ਪਲੈਨ ਦੇਖ ਕੇ ਪੁੱਛਿਆ: “ਭਰਾ ਨੌਰ, ਇਹ ਕੀ ਹੈ? ਕੀ ਤੁਹਾਨੂੰ ਵਿਸ਼ਵਾਸ ਨਹੀਂ ਕਿ ਅੰਤ ਆਉਣ ਵਾਲਾ ਹੈ?” ਨੇਥਨ ਨੇ ਜਵਾਬ ਦਿੱਤਾ: “ਹਾਂ ਵਿਸ਼ਵਾਸ ਹੈ, ਪਰ ਜੇ ਅੰਤ ਉੱਨੀ ਜਲਦੀ ਨਾ ਆਵੇ ਜਿੰਨੀ ਜਲਦੀ ਅਸੀਂ ਸੋਚਦੇ ਹਾਂ, ਤਾਂ ਅਸੀਂ ਹੋਰ ਕੰਮ ਕਰਨ ਲਈ ਤਿਆਰ ਹੋਵਾਂਗੇ।”

ਨੇਥਨ ਨੂੰ ਪੱਕਾ ਯਕੀਨ ਸੀ ਕਿ ਮਿਸ਼ਨਰੀਆਂ ਲਈ ਇਕ ਸਕੂਲ ਸ਼ੁਰੂ ਕੀਤਾ ਜਾਣਾ ਚਾਹੀਦਾ ਸੀ। ਇਸ ਲਈ 1 ਫਰਵਰੀ 1943 ਨੂੰ ਕਿੰਗਡਮ ਫਾਰਮ ਤੇ ਇਕ ਮਿਸ਼ਨਰੀ ਸਕੂਲ ਸ਼ੁਰੂ ਹੋਇਆ। ਉਦੋਂ ਮੇਰਾ ਭਰਾ ਵੇਨ ਫਾਰਮ ਤੇ ਹੀ ਕੰਮ ਕਰਦਾ ਸੀ। ਭਾਵੇਂ ਇਸ ਸਕੂਲ ਵਿਚ ਵਿਦਿਆਰਥੀਆਂ ਨੂੰ ਲਗਭਗ ਪੰਜ ਮਹੀਨਿਆਂ ਲਈ ਬਾਈਬਲ ਦੀ ਪੜ੍ਹਾਈ ਵਿਚ ਸਖ਼ਤ ਮਿਹਨਤ ਕਰਨੀ ਪੈਂਦੀ ਸੀ, ਪਰ ਨੇਥਨ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਵਿਦਿਆਰਥੀਆਂ ਕੋਲ ਮਨੋਰੰਜਨ ਕਰਨ ਦਾ ਸਮਾਂ ਵੀ ਹੋਵੇ। ਮੁਢਲੇ ਸਾਲਾਂ ਵਿਚ ਉਹ ਵਿਦਿਆਰਥੀਆਂ ਨਾਲ ਆਪ ਖੇਡਦੇ ਸਨ, ਪਰ ਬਾਅਦ ਵਿਚ ਉਹ ਖੇਡਣੋਂ ਹਟ ਗਏ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਸੱਟਾਂ ਲੱਗਣ ਕਰਕੇ ਉਹ ਜ਼ਿਲ੍ਹਾ ਸੰਮੇਲਨਾਂ ਵਿਚ ਨਹੀਂ ਜਾ ਸਕਣਗੇ। ਪਰ ਫਿਰ ਵੀ ਉਹ ਅੰਪਾਇਰ ਬਣ ਜਾਂਦੇ ਸਨ। ਪਰਦੇਸਾਂ ਤੋਂ ਆਏ ਵਿਦਿਆਰਥੀ ਬਹੁਤ ਖ਼ੁਸ਼ ਹੁੰਦੇ ਸਨ ਜਦ ਨੇਥਨ ਉਨ੍ਹਾਂ ਦੇ ਪੱਖ ਵਿਚ ਖੇਡ ਦੇ ਨਿਯਮ ਤੋੜਦੇ-ਮਰੋੜਦੇ ਸਨ।

ਨੇਥਨ ਨਾਲ ਹੋਰ ਦੇਸ਼ਾਂ ਦਾ ਦੌਰਾ

ਅਖ਼ੀਰ ਵਿਚ ਮੈਂ ਵੀ ਨੇਥਨ ਨਾਲ ਹੋਰਨਾਂ ਦੇਸ਼ਾਂ ਵਿਚ ਜਾਣ ਲੱਗ ਪਈ। ਮੈਨੂੰ ਬ੍ਰਾਂਚ ਵਿਚ ਸੇਵਾ ਕਰਨ ਵਾਲਿਆਂ ਅਤੇ ਮਿਸ਼ਨਰੀਆਂ ਨਾਲ ਗੱਲਬਾਤ ਕਰ ਕੇ ਬਹੁਤ ਚੰਗਾ ਲੱਗਦਾ ਸੀ। ਮੈਂ ਆਪਣੀ ਅੱਖੀਂ ਉਨ੍ਹਾਂ ਦਾ ਪਿਆਰ ਤੇ ਲਗਨ ਦੇਖ ਸਕੀ ਅਤੇ ਮੈਂ ਸਿੱਖਿਆ ਕਿ ਮਿਸ਼ਨਰੀ ਹੋਰਨਾਂ ਦੇਸ਼ਾਂ ਵਿਚ ਜਾ ਕੇ ਕਿਹੋ ਜਿਹੇ ਹਾਲਾਤਾਂ ਵਿਚ ਰਹਿੰਦੇ ਸਨ ਅਤੇ ਹਰ ਰੋਜ਼ ਕੀ-ਕੀ ਕਰਦੇ ਸਨ। ਇਹ ਭੈਣ-ਭਰਾ ਅਜੇ ਵੀ ਮੈਨੂੰ ਚਿੱਠੀਆਂ ਲਿਖ ਕੇ ਦੱਸਦੇ ਹਨ ਕਿ ਉਨ੍ਹਾਂ ਨੂੰ ਸਾਡੀਆਂ ਮੁਲਾਕਾਤਾਂ ਤੋਂ ਕਿੰਨਾ ਹੌਸਲਾ ਮਿਲਿਆ।

ਮੈਨੂੰ ਦੂਸਰੇ ਦੇਸ਼ਾਂ ਵਿਚ ਹੋਏ ਕਈ ਤਜਰਬੇ ਯਾਦ ਹਨ। ਮਿਸਾਲ ਲਈ, ਜਦ ਅਸੀਂ ਪੋਲੈਂਡ ਗਏ, ਤਾਂ ਮੈਂ ਦੋ ਭੈਣਾਂ ਨੂੰ ਆਪਸ ਵਿਚ ਘੁਸਰ-ਮੁਸਰ ਕਰਦੇ ਦੇਖਿਆ। ਮੈਂ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਇੰਨੀ ਹੌਲੀ-ਹੌਲੀ ਗੱਲਾਂ ਕਿਉਂ ਕਰ ਰਹੀਆਂ ਹੋ?” ਉਨ੍ਹਾਂ ਨੇ ਮਾਫ਼ੀ ਮੰਗਦੇ ਹੋਏ ਕਿਹਾ ਕਿ ਜਦ ਪੋਲੈਂਡ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ, ਤਾਂ ਪੁਲਸ ਉਨ੍ਹਾਂ ਦੇ ਘਰਾਂ ਵਿਚ ਮਾਈਕ੍ਰੋਫ਼ੋਨ ਲੁਕਾ ਕੇ ਉਨ੍ਹਾਂ ਦੀਆਂ ਗੱਲਾਂ ਚੋਰੀ-ਚੋਰੀ ਸੁਣਦੇ ਸਨ, ਇਸ ਲਈ ਉਨ੍ਹਾਂ ਨੂੰ ਇਕ-ਦੂਜੇ ਦੇ ਕੰਨ ਵਿਚ ਗੱਲ ਕਰਨ ਦੀ ਆਦਤ ਪੈ ਗਈ ਹੈ।

ਮੈਨੂੰ ਭੈਣ ਆਡਾਹ ਵੀ ਯਾਦ ਹੈ। ਉਸ ਨੇ ਪੋਲੈਂਡ ਵਿਚ ਪਾਬੰਦੀ ਦੌਰਾਨ ਯਹੋਵਾਹ ਦੀ ਸੇਵਾ ਕੀਤੀ ਸੀ। ਉਸ ਦੇ ਵਾਲ ਕੁੰਡਲਦਾਰ ਸਨ ਅਤੇ ਲਟਾਂ ਨਾਲ ਉਸ ਦਾ ਮੱਥਾ ਲੁਕਿਆ ਰਹਿੰਦਾ ਸੀ। ਇਕ ਵਾਰ ਉਸ ਨੇ ਵਾਲ ਚੁੱਕ ਕੇ ਮੈਨੂੰ ਗਹਿਰੇ ਜ਼ਖ਼ਮ ਦਾ ਨਿਸ਼ਾਨ ਦਿਖਾਇਆ ਜਿੱਥੇ ਜ਼ਾਲਮਾਂ ਨੇ ਉਸ ਨੂੰ ਮਾਰਿਆ ਸੀ। ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਸਾਡੇ ਭੈਣਾਂ-ਭਰਾਵਾਂ ਨੂੰ ਕਿਹੋ ਜਿਹੇ ਜ਼ੁਲਮ ਸਹਿਣੇ ਪਏ ਸਨ।

ਬੈਥਲ ਤੋਂ ਬਾਅਦ ਹਵਾਈ ਮੇਰੀ ਸਭ ਤੋਂ ਮਨਪਸੰਦ ਜਗ੍ਹਾ ਹੈ। ਮੈਨੂੰ 1957 ਵਿਚ ਉੱਥੇ ਦੇ ਹੀਲੋ ਸ਼ਹਿਰ ਵਿਚ ਹੋਇਆ ਸੰਮੇਲਨ ਚੰਗੀ ਤਰ੍ਹਾਂ ਯਾਦ ਹੈ। ਇਹ ਕਾਫ਼ੀ ਵੱਡਾ ਸੰਮੇਲਨ ਸੀ ਅਤੇ ਹਾਜ਼ਰ ਲੋਕਾਂ ਦੀ ਗਿਣਤੀ ਉੱਥੇ ਦੇ ਗਵਾਹਾਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਸੀ। ਨਗਰ-ਪ੍ਰਧਾਨ ਨੇ ਨੇਥਨ ਦਾ ਨਿੱਘਾ ਸੁਆਗਤ ਕੀਤਾ। ਕਈ ਲੋਕ ਸਾਨੂੰ ਨਮਸਕਾਰ ਕਰਨ ਆਏ ਅਤੇ ਸਾਨੂੰ ਫੁੱਲਾਂ ਦੇ ਹਾਰ ਪਹਿਨਾਏ।

ਇਕ ਹੋਰ ਵਧੀਆ ਸੰਮੇਲਨ 1955 ਵਿਚ ਨਰਮਬਰਗ, ਜਰਮਨੀ ਵਿਚ ਉਸ ਸਟੇਡੀਅਮ ਵਿਚ ਹੋਇਆ ਸੀ ਜਿੱਥੇ ਹਿਟਲਰ ਦੇ ਫ਼ੌਜੀ ਪਹਿਲਾਂ ਪਰੇਡ ਕਰਿਆ ਕਰਦੇ ਸਨ। ਇਹ ਜਾਣੀ-ਮਾਣੀ ਗੱਲ ਹੈ ਕਿ ਹਿਟਲਰ ਨੇ ਵਾਅਦਾ ਕੀਤਾ ਸੀ ਕਿ ਉਹ ਜਰਮਨੀ ਵਿੱਚੋਂ ਯਹੋਵਾਹ ਦੇ ਲੋਕਾਂ ਨੂੰ ਖ਼ਤਮ ਕਰ ਦੇਵੇਗਾ, ਪਰ ਹੁਣ ਇਹੀ ਸਟੇਡੀਅਮ ਯਹੋਵਾਹ ਦੇ ਗਵਾਹਾਂ ਨਾਲ ਭਰਿਆ ਹੋਇਆ ਸੀ! ਇਹ ਦੇਖ ਕੇ ਮੈਂ ਆਪਣੇ ਹੰਝੂ ਰੋਕ ਨਾ ਸਕੀ। ਮੰਚ ਬਹੁਤ ਵੱਡਾ ਸੀ ਤੇ ਉਸ ਦੇ ਪਿੱਛੇ 144 ਵੱਡੇ-ਵੱਡੇ ਥੰਮ੍ਹ ਸਨ। ਮੈਂ ਮੰਚ ਤੇ ਸੀ ਅਤੇ 1,07,000 ਹਾਜ਼ਰ ਲੋਕਾਂ ਵੱਲ ਦੇਖ ਰਹੀ ਸੀ। ਸਟੇਡੀਅਮ ਦੀਆਂ ਪਿੱਛਲੀਆਂ ਸੀਟਾਂ ਤੇ ਬੈਠੇ ਲੋਕ ਤਾਂ ਮਸੀਂ ਨਜ਼ਰ ਆਉਂਦੇ ਸਨ।

ਇਨ੍ਹਾਂ ਜਰਮਨ ਭੈਣਾਂ-ਭਰਾਵਾਂ ਦੀ ਵਫ਼ਾਦਾਰੀ ਦੇਖ ਕੇ ਅਸੀਂ ਬਹੁਤ ਹੀ ਪ੍ਰਭਾਵਿਤ ਹੋਏ। ਨਾਜ਼ੀ ਰਾਜ ਅਧੀਨ ਯਹੋਵਾਹ ਨੇ ਸੱਚ-ਮੁੱਚ ਉਨ੍ਹਾਂ ਨੂੰ ਤਾਕਤ ਬਖ਼ਸ਼ੀ! ਉਨ੍ਹਾਂ ਦੀ ਵਫ਼ਾਦਾਰੀ ਦੇਖ ਕੇ ਸਾਡਾ ਆਪਣਾ ਇਰਾਦਾ ਹੋਰ ਵੀ ਪੱਕਾ ਹੋਇਆ ਕਿ ਅਸੀਂ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ ਭਾਵੇਂ ਜੋ ਮਰਜ਼ੀ ਹੋਵੇ। ਨੇਥਨ ਨੇ ਇਸ ਸੰਮੇਲਨ ਦਾ ਆਖ਼ਰੀ ਭਾਸ਼ਣ ਦਿੱਤਾ ਅਤੇ ਫਿਰ ਉਨ੍ਹਾਂ ਨੇ ਹੱਥ ਹਿਲਾ ਕੇ ਵਿਦਾਇਗੀ ਮੰਗੀ। ਭੈਣਾਂ-ਭਰਾਵਾਂ ਨੇ ਵੀ ਆਪਣੇ ਰੰਗੀਨ ਰੁਮਾਲ ਹਿਲਾ ਕੇ ਅਲਵਿਦਾ ਕਿਹਾ। ਸਟੇਡੀਅਮ ਫੁੱਲਾਂ ਨਾਲ ਭਰਿਆ ਮੈਦਾਨ ਲੱਗਦਾ ਸੀ।

ਦਸੰਬਰ 1974 ਵਿਚ ਅਸੀਂ ਪੁਰਤਗਾਲ ਗਏ। ਮੈਂ ਉਹ ਦੌਰਾ ਕਦੀ ਨਹੀਂ ਭੁੱਲਾਂਗੀ। ਪੁਰਤਗਾਲ ਵਿਚ ਸਾਡੇ ਪ੍ਰਚਾਰ ਦੇ ਕੰਮ ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਤੋਂ ਬਾਅਦ ਅਸੀਂ ਲਿਸਬਨ ਵਿਚ ਪਹਿਲੀ ਮੀਟਿੰਗ ਵਿਚ ਗਏ। ਸਾਡੇ ਪ੍ਰਚਾਰ ਦੇ ਕੰਮ ਉੱਤੇ 50 ਸਾਲਾਂ ਤਕ ਪਾਬੰਦੀ ਲੱਗੀ ਹੋਈ ਸੀ! ਭਾਵੇਂ ਉਸ ਸਮੇਂ ਸਿਰਫ਼ 14,000 ਪ੍ਰਕਾਸ਼ਕ ਸਨ, ਫਿਰ ਵੀ ਪਹਿਲੀਆਂ ਦੋ ਮੀਟਿੰਗਾਂ ਵਿਚ 46,000 ਲੋਕ ਆਏ। ਮੇਰਾ ਦਿਲ ਭਰ ਆਇਆ ਜਦ ਭਰਾਵਾਂ ਨੇ ਕਿਹਾ: “ਸਾਨੂੰ ਹੁਣ ਲੁਕਣ ਦੀ ਕੋਈ ਲੋੜ ਨਹੀਂ। ਅਸੀਂ ਆਜ਼ਾਦ ਹਾਂ।”

ਨੇਥਨ ਨਾਲ ਸਫ਼ਰ ਕਰਨ ਦੇ ਦਿਨਾਂ ਤੋਂ ਅੱਜ ਤਕ ਮੈਂ ਹਰ ਮੌਕੇ ਤੇ ਗਵਾਹੀ ਦੇਣ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਹਵਾਈ-ਜਹਾਜ਼ ਵਿਚ, ਰੈਸਤੋਰਾਂ ਵਿਚ ਅਤੇ ਸੜਕਾਂ ਤੇ ਲੋਕਾਂ ਨਾਲ ਗੱਲਬਾਤ ਕਰਨੀ ਪਸੰਦ ਕਰਦੀ ਹਾਂ। ਮੇਰੇ ਕੋਲ ਹਮੇਸ਼ਾ ਰਸਾਲੇ ਹੁੰਦੇ ਹਨ ਤਾਂਕਿ ਮੈਂ ਗਵਾਹੀ ਦੇਣ ਲਈ ਤਿਆਰ ਰਹਾਂ। ਇਕ ਵਾਰ ਅਸੀਂ ਹਵਾਈ-ਅੱਡੇ ਤੇ ਜਹਾਜ਼ ਦੀ ਉਡੀਕ ਕਰ ਰਹੇ ਸੀ ਜਦੋਂ ਇਕ ਔਰਤ ਨੇ ਮੈਨੂੰ ਪੁੱਛਿਆ ਕਿ ਮੈਂ ਕਿੱਥੇ ਕੰਮ ਕਰਦੀ ਸਾਂ। ਮੈਂ ਉਸ ਨੂੰ ਆਪਣੇ ਕੰਮ ਬਾਰੇ ਦੱਸਿਆ ਅਤੇ ਆਲੇ-ਦੁਆਲੇ ਬੈਠੇ ਲੋਕ ਵੀ ਸਾਡੀ ਗੱਲਬਾਤ ਸੁਣ ਰਹੇ ਸਨ। ਬੈਥਲ ਵਿਚ ਸੇਵਾ ਕਰਨ ਅਤੇ ਪ੍ਰਚਾਰ ਦੇ ਕੰਮ ਵਿਚ ਰੁੱਝੇ ਰਹਿਣ ਨਾਲ ਮੈਨੂੰ ਬਹੁਤ ਖ਼ੁਸ਼ੀ ਮਿਲੀ ਹੈ।

ਬੀਮਾਰੀ ਅਤੇ ਮਰਨ ਤੋਂ ਪਹਿਲਾਂ ਹੌਸਲਾ

ਸਾਲ 1976 ਵਿਚ ਨੇਥਨ ਨੂੰ ਕੈਂਸਰ ਹੋ ਗਿਆ। ਮੈਂ ਤੇ ਬੈਥਲ ਵਿਚ ਹੋਰ ਭੈਣਾਂ-ਭਰਾਵਾਂ ਨੇ ਉਨ੍ਹਾਂ ਦੀ ਦੇਖ-ਭਾਲ ਕੀਤੀ। ਉਨ੍ਹਾਂ ਦੀ ਮਾੜੀ ਸਿਹਤ ਦੇ ਬਾਵਜੂਦ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਆਪਣੇ ਕਮਰੇ ਵਿਚ ਬੁਲਾਉਂਦੇ ਸੀ ਜੋ ਬਰੁਕਲਿਨ ਵਿਚ ਸਿਖਲਾਈ ਲੈਣ ਲਈ ਹੋਰਨਾਂ ਦੇਸ਼ਾਂ ਦੇ ਬ੍ਰਾਂਚ ਆਫ਼ਿਸਾਂ ਤੋਂ ਆਉਂਦੇ ਸਨ। ਮਿਸਾਲ ਲਈ, ਡੌਨ ਤੇ ਆਰਲੀਨ ਸਟੀਲ, ਲੋਈਡ ਤੇ ਮੈਲਬਾ ਬੈਰੀ, ਡਗਲਸ ਤੇ ਮੈਰੀ ਗੈੱਸਟ, ਮਾਰਟਿਨ ਤੇ ਗਰਟਰੂਟ ਪੋਇਟਸਿੰਗਰ, ਪਰਾਈਸ ਹਿਊਜ਼ ਅਤੇ ਹੋਰ ਕਈ ਭੈਣ-ਭਰਾ ਆਏ। ਉਹ ਆਪਣੇ ਦੇਸ਼ਾਂ ਦੀਆਂ ਗੱਲਾਂ ਦੱਸਦੇ ਸਨ। ਮੈਨੂੰ ਖ਼ਾਸ ਕਰਕੇ ਉਨ੍ਹਾਂ ਤਜਰਬਿਆਂ ਤੋਂ ਬੜਾ ਹੌਸਲਾ ਮਿਲਦਾ ਸੀ ਜਿਨ੍ਹਾਂ ਵਿਚ ਪਾਬੰਦੀਆਂ ਦੇ ਬਾਵਜੂਦ ਸਾਡੇ ਭਰਾ ਵਫ਼ਾਦਾਰ ਰਹੇ।

ਜਦ ਨੇਥਨ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਮੌਤ ਨਜ਼ਦੀਕ ਸੀ, ਤਾਂ ਵਿਛੋੜਾ ਸਹਿਣ ਦਾ ਹੌਸਲਾ ਦੇਣ ਲਈ ਉਨ੍ਹਾਂ ਨੇ ਮੈਨੂੰ ਇਕ ਚਿੱਠੀ ਲਿਖੀ। ਉਨ੍ਹਾਂ ਨੇ ਕਿਹਾ: “ਸਾਡਾ ਵਿਆਹੁਤਾ ਜੀਵਨ ਖ਼ੁਸ਼ੀਆਂ ਨਾਲ ਭਰਿਆ ਰਿਹਾ। ਕਈ ਲੋਕਾਂ ਨੂੰ ਅਜਿਹੀ ਖ਼ੁਸ਼ੀ ਨਹੀਂ ਮਿਲਦੀ।” ਨੇਥਨ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਹਮੇਸ਼ਾ ਮੇਰਾ ਖ਼ਿਆਲ ਰੱਖਦੇ ਸਨ। ਮਿਸਾਲ ਲਈ, ਜਦ ਅਸੀਂ ਦੂਸਰੇ ਦੇਸ਼ਾਂ ਦੇ ਦੌਰਿਆਂ ਦੌਰਾਨ ਲੋਕਾਂ ਨੂੰ ਮਿਲਦੇ ਸੀ, ਤਾਂ ਉਹ ਮੈਨੂੰ ਕਹਿੰਦੇ ਸਨ: “ਔਡਰੀ, ਜੇ ਮੈਂ ਕਿਸੇ ਨਾਲ ਤੇਰੀ ਜਾਣ-ਪਛਾਣ ਨਾ ਕਰਾਵਾਂ, ਤਾਂ ਆਪੇ ਹੀ ਸਮਝ ਲਈਂ ਕਿ ਮੈਂ ਉਸ ਦਾ ਨਾਂ ਭੁੱਲ ਗਿਆ ਹਾਂ।” ਉਨ੍ਹਾਂ ਨੇ ਮੈਨੂੰ ਇਹ ਗੱਲ ਪਹਿਲਾਂ ਹੀ ਦੱਸ ਕੇ ਬਹੁਤ ਚੰਗਾ ਕੀਤਾ।

ਨੇਥਨ ਨੇ ਮੈਨੂੰ ਯਾਦ ਕਰਾਇਆ: “ਮੌਤ ਤੋਂ ਬਾਅਦ, ਸਾਡੀ ਆਸ ਪੱਕੀ ਹੈ ਅਤੇ ਫਿਰ ਸਾਨੂੰ ਕਦੀ ਦੁੱਖ ਨਹੀਂ ਝੱਲਣਾ ਪਵੇਗਾ।” ਉਨ੍ਹਾਂ ਨੇ ਅੱਗੇ ਮੈਨੂੰ ਹੌਸਲਾ ਦਿੱਤਾ: “ਹਮੇਸ਼ਾ ਅੱਗੇ ਦੇਖਦੀ ਰਹੀਂ ਜਿੱਥੇ ਤੇਰਾ ਇਨਾਮ ਹੈ। ਭਾਵੇਂ ਪੁਰਾਣੀਆਂ ਯਾਦਾਂ ਹਮੇਸ਼ਾ ਤੇਰੇ ਨਾਲ ਰਹਿਣਗੀਆਂ, ਪਰ ਗੁਜ਼ਰੇ ਸਮੇਂ ਬਾਰੇ ਹੀ ਨਾ ਸੋਚਦੀ ਰਹੀਂ। ਹੌਲੀ-ਹੌਲੀ ਤੇਰਾ ਗਮ ਵੀ ਹਲਕਾ ਹੋ ਜਾਵੇਗਾ। ਗੁੱਸੇ ਨਾ ਹੋਈਂ ਤੇ ਨਾ ਹੀ ਉਦਾਸ ਹੋ ਕੇ ਆਪਣੇ ਆਪ ਉੱਤੇ ਤਰਸ ਖਾਈਂ। ਇਸ ਗੱਲ ਤੋਂ ਖ਼ੁਸ਼ ਹੋ ਕਿ ਤੈਨੂੰ ਇੰਨੀਆਂ ਸਾਰੀਆਂ ਬਰਕਤਾਂ ਮਿਲੀਆਂ ਹਨ। ਸਮੇਂ ਦੇ ਬੀਤਣ ਨਾਲ, ਸਾਡੀ ਖ਼ੁਸ਼ੀਆਂ ਭਰੀ ਜ਼ਿੰਦਗੀ ਤੇਰੇ ਲਈ ਮਿੱਠੀਆਂ ਯਾਦਾਂ ਬਣ ਜਾਣਗੀਆਂ। ਮਿੱਠੀਆਂ ਯਾਦਾਂ ਪਰਮੇਸ਼ੁਰ ਵੱਲੋਂ ਤੋਹਫ਼ਾ ਹਨ।” ਉਨ੍ਹਾਂ ਨੇ ਅੱਗੇ ਕਿਹਾ: “ਹਮੇਸ਼ਾ ਆਪਣੇ ਕੰਮ ਵਿਚ ਲੱਗੀ ਰਹੀਂ ਅਤੇ ਦੂਸਰਿਆਂ ਲਈ ਹਮੇਸ਼ਾ ਕੁਝ-ਨਾ-ਕੁਝ ਕਰਦੀ ਰਹੀਂ। ਇਸ ਤੋਂ ਤੈਨੂੰ ਖ਼ੁਸ਼ੀ ਮਿਲੇਗੀ।” ਨੇਥਨ 8 ਜੂਨ 1977 ਨੂੰ ਗੁਜ਼ਰ ਗਏ।

ਗਲੈਨ ਹਾਈਡ ਨਾਲ ਵਿਆਹ

ਨੇਥਨ ਨੇ ਮੈਨੂੰ ਕਿਹਾ ਸੀ ਕਿ ਜਾਂ ਤਾਂ ਮੈਂ ਆਪਣੀਆਂ ਯਾਦਾਂ ਦੇ ਸਹਾਰੇ ਜੀ ਸਕਦੀ ਸੀ ਜਾਂ ਮੈਂ ਇਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦੀ ਸੀ। ਇਸ ਲਈ ਵੌਲਕਿਲ, ਨਿਊਯਾਰਕ ਵਿਚ ਵਾਚਟਾਵਰ ਫਾਰਮਸ ਤੇ ਮੇਰੀ ਬਦਲੀ ਹੋਣ ਤੋਂ ਬਾਅਦ ਮੈਂ 1978 ਵਿਚ ਗਲੈਨ ਹਾਈਡ ਨਾਲ ਵਿਆਹ ਕਰ ਲਿਆ। ਗਲੈਨ ਇਕ ਸੋਹਣਾ-ਸੁਨੱਖਾ ਤੇ ਕੋਮਲ ਸੁਭਾਅ ਦਾ ਇਨਸਾਨ ਸੀ। ਯਹੋਵਾਹ ਦਾ ਗਵਾਹ ਬਣਨ ਤੋਂ ਪਹਿਲਾਂ ਉਹ ਅਮਰੀਕਾ ਦੀ ਜਪਾਨ ਨਾਲ ਲੜਾਈ ਦੌਰਾਨ ਨੇਵੀ ਵਿਚ ਸੀ।

ਨੇਵੀ ਵਿਚ ਗਲੈਨ ਸਮੁੰਦਰੀ ਜਹਾਜ਼ ਦੇ ਇੰਜਣ ਕਮਰੇ ਵਿਚ ਕੰਮ ਕਰਦਾ ਸੀ। ਉੱਥੇ ਬਹੁਤ ਸ਼ੋਰ ਹੋਣ ਕਰਕੇ ਉਸ ਨੂੰ ਕੁਝ-ਕੁਝ ਉੱਚਾ ਸੁਣਦਾ ਸੀ। ਲੜਾਈ ਤੋਂ ਬਾਅਦ ਉਹ ਫਾਇਰਮੈਨ ਬਣ ਗਿਆ। ਲੜਾਈ ਵਿਚ ਇੰਨਾ ਕੁਝ ਭੁਗਤਣ ਕਰਕੇ ਕਈ ਸਾਲਾਂ ਤਕ ਉਸ ਨੂੰ ਡਰਾਉਣੇ ਸੁਪਨੇ ਆਉਂਦੇ ਰਹੇ। ਉਸ ਨੇ ਸੱਚਾਈ ਆਪਣੀ ਸੈਕਟਰੀ ਤੋਂ ਸਿੱਖੀ ਜੋ ਮੌਕਾ ਦੇਖ ਕੇ ਉਸ ਨਾਲ ਸੱਚਾਈ ਬਾਰੇ ਗੱਲਬਾਤ ਕਰਦੀ ਸੀ।

ਫਿਰ 1968 ਵਿਚ ਗਲੈਨ ਨੂੰ ਬਰੁਕਲਿਨ ਬੈਥਲ ਵਿਚ ਫਾਇਰਮੈਨ ਵਜੋਂ ਕੰਮ ਕਰਨ ਲਈ ਸੱਦਿਆ ਗਿਆ। ਇਸ ਤੋਂ ਬਾਅਦ 1975 ਵਿਚ ਜਦ ਵਾਚਟਾਵਰ ਫਾਰਮਸ ਨੇ ਆਪਣਾ ਫਾਇਰ ਇੰਜਣ ਖ਼ਰੀਦਿਆ, ਤਾਂ ਗਲੈਨ ਨੂੰ ਉੱਥੇ ਭੇਜਿਆ ਗਿਆ। ਫਿਰ ਗਲੈਨ ਨੂੰ ਅਲਜ਼ਹਾਏਮੀਰ ਦਾ ਰੋਗ ਹੋ ਗਿਆ। ਸਾਡੇ ਵਿਆਹ ਨੂੰ ਅਜੇ ਦਸ ਸਾਲ ਹੀ ਹੋਏ ਸਨ ਜਦ ਉਹ ਪੂਰੇ ਹੋ ਗਏ।

ਮੈਂ ਇਹ ਸਦਮਾ ਕਿਵੇਂ ਸਹਿ ਸਕੀ? ਮਰਨ ਤੋਂ ਪਹਿਲਾਂ ਨੇਥਨ ਨੇ ਜੋ ਗੱਲਾਂ ਮੈਨੂੰ ਕਹੀਆਂ ਸਨ ਉਨ੍ਹਾਂ ਤੋਂ ਮੈਨੂੰ ਇਕ ਵਾਰ ਫਿਰ ਬਹੁਤ ਹੌਸਲਾ ਮਿਲਿਆ। ਉਨ੍ਹਾਂ ਦੀਆਂ ਲਿਖੀਆਂ ਗੱਲਾਂ ਨੂੰ ਮੈਂ ਵਾਰ-ਵਾਰ ਪੜ੍ਹਦੀ ਸੀ। ਮੈਂ ਇਹ ਗੱਲਾਂ ਉਨ੍ਹਾਂ ਨਾਲ ਵੀ ਸਾਂਝੀਆਂ ਕਰਦੀ ਹਾਂ ਜਿਨ੍ਹਾਂ ਦੇ ਜੀਵਨ ਸਾਥੀ ਗੁਜ਼ਰ ਗਏ ਹਨ ਅਤੇ ਨੇਥਨ ਦੇ ਸ਼ਬਦਾਂ ਤੋਂ ਉਨ੍ਹਾਂ ਨੂੰ ਵੀ ਬਹੁਤ ਦਿਲਾਸਾ ਮਿਲਿਆ ਹੈ। ਜੀ ਹਾਂ, ਹਮੇਸ਼ਾ ਅੱਗੇ ਦੇਖਦੇ ਰਹਿਣਾ ਚੰਗੀ ਸਲਾਹ ਹੈ।

ਭੈਣਾਂ-ਭਰਾਵਾਂ ਦਾ ਸਹਾਰਾ

ਬੈਥਲ ਪਰਿਵਾਰ ਵਿਚ ਪਿਆਰੇ ਦੋਸਤਾਂ-ਮਿੱਤਰਾਂ ਨੇ ਵੀ ਮੇਰੀ ਜ਼ਿੰਦਗੀ ਵਿਚ ਖ਼ੁਸ਼ੀ ਲਿਆਂਦੀ। ਮੇਰੀ ਇਕ ਸਹੇਲੀ ਹੈ ਐਸਟਰ ਲੋਪੇਜ਼। ਉਹ 1944 ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਤੀਜੀ ਕਲਾਸ ਵਿਚ ਸੀ। ਫਰਵਰੀ 1950 ਵਿਚ ਉਹ ਸਪੇਨੀ ਭਾਸ਼ਾ ਵਿਚ ਪੁਸਤਕਾਂ-ਰਸਾਲਿਆਂ ਦਾ ਤਰਜਮਾ ਕਰਨ ਲਈ ਬਰੁਕਲਿਨ ਬੈਥਲ ਵਾਪਸ ਆਈ। ਕਈ ਵਾਰ ਜਦ ਨੇਥਨ ਕਿਤੇ ਗਏ ਹੁੰਦੇ ਸਨ, ਤਾਂ ਐਸਟਰ ਮੇਰੇ ਨਾਲ ਰਹਿੰਦੀ ਸੀ। ਉਹ ਵੀ ਹੁਣ ਵਾਚਟਾਵਰ ਫਾਰਮਸ ਤੇ ਹੈ। ਉਸ ਦੀ ਉਮਰ 90 ਸਾਲਾਂ ਤੋਂ ਜ਼ਿਆਦਾ ਹੈ ਅਤੇ ਉਸ ਦੀ ਸਿਹਤ ਖ਼ਰਾਬ ਹੀ ਰਹਿੰਦੀ ਹੈ ਜਿਸ ਕਰਕੇ ਨਰਸਾਂ ਉਸ ਦੀ ਦੇਖ-ਭਾਲ ਕਰਦੀਆਂ ਹਨ।

ਮੇਰੇ ਪਰਿਵਾਰ ਵਿੱਚੋਂ ਸਿਰਫ਼ ਰਸਲ ਤੇ ਕਲਾਰਾ ਜੀਉਂਦੇ ਹਨ। ਰਸਲ ਦੀ ਉਮਰ ਵੀ 90 ਸਾਲਾਂ ਤੋਂ ਜ਼ਿਆਦਾ ਹੈ ਅਤੇ ਉਹ ਅਜੇ ਵੀ ਬਰੁਕਲਿਨ ਬੈਥਲ ਵਿਚ ਸੇਵਾ ਕਰਦਾ ਹੈ। ਉਹ ਉਨ੍ਹਾਂ ਪਹਿਲੇ ਭੈਣਾਂ-ਭਰਾਵਾਂ ਵਿੱਚੋਂ ਸੀ ਜੋ ਵਿਆਹ ਕਰਨ ਤੋਂ ਬਾਅਦ ਬੈਥਲ ਵਿਚ ਹੀ ਰਹੇ। ਸਾਲ 1952 ਵਿਚ ਉਸ ਨੇ ਬੈਥਲ ਵਿਚ ਸੇਵਾ ਕਰ ਰਹੀ ਜੀਨ ਲਾਰਸਨ ਨਾਲ ਵਿਆਹ ਕੀਤਾ ਸੀ। ਜੀਨ ਦਾ ਭਰਾ ਮੈਕਸ 1939 ਵਿਚ ਬੈਥਲ ਆਇਆ ਸੀ ਅਤੇ 1942 ਵਿਚ ਨੇਥਨ ਤੋਂ ਬਾਅਦ ਉਹ ਛਾਪਾਖ਼ਾਨੇ ਦਾ ਓਵਰਸੀਅਰ ਬਣ ਗਿਆ ਸੀ। ਮੈਕਸ ਹਾਲੇ ਵੀ ਬੈਥਲ ਵਿਚ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਰਿਹਾ ਹੈ ਅਤੇ ਇਸ ਦੇ ਨਾਲ-ਨਾਲ ਆਪਣੀ ਪਤਨੀ ਹੈਲਨ ਦੀ ਵੀ ਦੇਖ-ਭਾਲ ਕਰ ਰਿਹਾ ਹੈ ਜੋ ਮੱਲਟਿਪਲ ਸਕਲਿਰੋਸਿਸ ਰੋਗ ਨਾਲ ਪੀੜਿਤ ਹੈ।

ਯਹੋਵਾਹ ਦੀ ਸੇਵਾ ਵਿਚ ਬਿਤਾਏ ਪਿਛਲੇ 63 ਸਾਲਾਂ ਬਾਰੇ ਸੋਚ ਕੇ ਮੈਂ ਕਹਿ ਸਕਦੀ ਹਾਂ ਕਿ ਮੈਂ ਚੰਗੀ ਜ਼ਿੰਦਗੀ ਗੁਜ਼ਾਰੀ ਹੈ। ਬੈਥਲ ਹੀ ਮੇਰਾ ਘਰ ਹੈ ਅਤੇ ਮੈਂ ਖ਼ੁਸ਼ੀ ਨਾਲ ਇੱਥੇ ਸੇਵਾ ਕਰ ਰਹੀ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਮਾਪਿਆਂ ਨੇ ਮੈਨੂੰ ਮਿਹਨਤ ਕਰਨੀ ਸਿਖਾਈ ਅਤੇ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਮੇਰੇ ਦਿਲ ਵਿਚ ਬਿਠਾਈ। ਪਰ ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਇਸ ਗੱਲ ਤੋਂ ਮਿਲਦੀ ਹੈ ਕਿ ਸਾਡਾ ਇਕ ਪਿਆਰਾ ਭਾਈਚਾਰਾ ਹੈ ਅਤੇ ਮੈਂ ਉਮੀਦ ਰੱਖਦੀ ਹਾਂ ਕਿ ਮੈਂ ਉਨ੍ਹਾਂ ਨਾਲ ਇਕ ਸੁੰਦਰ ਧਰਤੀ ਉੱਤੇ ਹਮੇਸ਼ਾ ਲਈ ਰਹਿ ਕੇ ਸੱਚੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰ ਸਕਾਂਗੀ।

[ਸਫ਼ੇ 24 ਉੱਤੇ ਤਸਵੀਰ]

ਜੂਨ 1912 ਵਿਚ ਮੇਰੇ ਮਾਪੇ ਆਪਣੇ ਵਿਆਹ ਦੇ ਦਿਨ ਤੇ

[ਸਫ਼ੇ 24 ਉੱਤੇ ਤਸਵੀਰ]

ਖੱਬਿਓਂ ਸੱਜੇ: 1927 ਵਿਚ ਰਸਲ, ਵੇਨ, ਕਲਾਰਾ, ਆਰਡਿਸ, ਮੈਂ ਅਤੇ ਕਰਟਸ

[ਸਫ਼ੇ 25 ਉੱਤੇ ਤਸਵੀਰ]

1944 ਵਿਚ ਪਾਇਨੀਅਰੀ ਕਰਦੇ ਸਮੇਂ ਮੈਂ ਫ਼ਰੈਂਸਿਸ ਤੇ ਬਾਰਬਰਾ ਮਕਨੌਟ ਦੇ ਵਿਚਕਾਰ ਖੜ੍ਹੀ ਹਾਂ

[ਸਫ਼ੇ 25 ਉੱਤੇ ਤਸਵੀਰ]

1951 ਵਿਚ ਬੈਥਲ ਵਿਚ। ਖੱਬਿਓਂ ਸੱਜੇ: ਮੈਂ, ਐਸਟਰ ਲੋਪੇਜ਼ ਅਤੇ ਮੇਰੀ ਭਰਜਾਈ ਜੀਨ

[ਸਫ਼ੇ 26 ਉੱਤੇ ਤਸਵੀਰ]

ਨੇਥਨ ਅਤੇ ਉਸ ਦੇ ਮਾਤਾ-ਪਿਤਾ ਨਾਲ

[ਸਫ਼ੇ 26 ਉੱਤੇ ਤਸਵੀਰ]

1955 ਵਿਚ ਨੇਥਨ ਨਾਲ

[ਸਫ਼ੇ 27 ਉੱਤੇ ਤਸਵੀਰ]

ਨੇਥਨ ਨਾਲ ਹਵਾਈ ਵਿਚ

[ਸਫ਼ੇ 29 ਉੱਤੇ ਤਸਵੀਰ]

ਮੈਂ ਤੇ ਮੇਰਾ ਦੂਜਾ ਪਤੀ ਗਲੈਨ