Skip to content

Skip to table of contents

ਨੂਹ ਨੂੰ ਲਿਖੀ ਇਕ ਚਿੱਠੀ

ਨੂਹ ਨੂੰ ਲਿਖੀ ਇਕ ਚਿੱਠੀ

ਨੂਹ ਨੂੰ ਲਿਖੀ ਇਕ ਚਿੱਠੀ

ਮੀਨਾਮਰੀਯਾ ਨਾਂ ਦੀ 15 ਸਾਲਾਂ ਦੀ ਲੜਕੀ ਨੇ ਇਕ ਲੇਖ ਮੁਕਾਬਲੇ ਵਿਚ ਹਿੱਸਾ ਲੈਣ ਲਈ ਇਕ ਚਿੱਠੀ ਲਿਖੀ। ਉਸ ਨੇ ਆਪਣੀ ਚਿੱਠੀ ਇਸ ਤਰ੍ਹਾਂ ਸ਼ੁਰੂ ਕੀਤੀ: “ਪਿਆਰੇ ਨੂਹ, ਮੈਂ ਬਾਈਬਲ ਵਿਚ ਤੁਹਾਡੇ ਬਾਰੇ ਕਈ ਵਾਰੀ ਪੜ੍ਹਿਆ ਹੈ ਕਿ ਕਿਵੇਂ ਇਕ ਕਿਸ਼ਤੀ ਬਣਾ ਕੇ ਤੁਸੀਂ ਅਤੇ ਤੁਹਾਡਾ ਪਰਿਵਾਰ ਜਲ-ਪਰਲੋ ਵਿੱਚੋਂ ਬਚ ਗਏ ਸਨ।”

ਇਹ ਮੁਕਾਬਲਾ ਫਿਨਲੈਂਡ ਦੇ ਡਾਕ ਸੇਵਾ ਵਿਭਾਗ, ਮਾਂ ਬੋਲੀ ਫਿਨੀ ਦੇ ਅਧਿਆਪਕਾਂ ਦੇ ਸੰਘ ਅਤੇ ਫਿਨੀ ਸਾਹਿੱਤ ਸੋਸਾਇਟੀ ਦੁਆਰਾ ਰੱਖਿਆ ਗਿਆ ਸੀ। ਇਸ ਵਿਚ 14 ਤੋਂ 21 ਸਾਲਾਂ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਸਨ। ਇਨ੍ਹਾਂ ਵਿਦਿਆਰਥੀਆਂ ਨੂੰ ਇਕ ਪੁਸਤਕ ਦੇ ਆਧਾਰ ਤੇ ਚਿੱਠੀ ਲਿਖਣ ਲਈ ਕਿਹਾ ਗਿਆ ਸੀ। ਵਿਦਿਆਰਥੀ ਜਾਂ ਤਾਂ ਪੁਸਤਕ ਦੇ ਲੇਖਕ ਨੂੰ ਜਾਂ ਪੁਸਤਕ ਦੇ ਕਿਸੇ ਪਾਤਰ ਨੂੰ ਚਿੱਠੀ ਲਿਖ ਸਕਦੇ ਸਨ। ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਦੀਆਂ ਚਿੱਠੀਆਂ ਵਿੱਚੋਂ ਮੁਕਾਬਲੇ ਲਈ 1,400 ਚਿੱਠੀਆਂ ਚੁਣ ਕੇ ਜੱਜਾਂ ਨੂੰ ਭੇਜੀਆਂ। ਇਨ੍ਹਾਂ ਵਿੱਚੋਂ ਪਹਿਲੇ ਇਨਾਮ ਲਈ ਇਕ ਚਿੱਠੀ ਅਤੇ ਦੂਜੇ ਤੇ ਤੀਜੇ ਇਨਾਮ ਲਈ ਦਸ-ਦਸ ਚਿੱਠੀਆਂ ਚੁਣੀਆਂ ਗਈਆਂ ਸਨ। ਮੀਨਾਮਰੀਯਾ ਬਹੁਤ ਖ਼ੁਸ਼ ਹੋਈ ਜਦ ਉਸ ਦੀ ਚਿੱਠੀ ਤੀਜੇ ਇਨਾਮ ਲਈ ਚੁਣੀ ਗਈ।

ਅੱਲ੍ਹੜ ਉਮਰ ਦੀ ਮੀਨਾਮਰੀਯਾ ਨੇ ਆਪਣੀ ਚਿੱਠੀ ਨੂਹ ਨਾਂ ਦੇ ਆਦਮੀ ਨੂੰ ਕਿਉਂ ਲਿਖੀ ਸੀ ਜੋ ਲਗਭਗ 5,000 ਸਾਲ ਪਹਿਲਾਂ ਧਰਤੀ ਉੱਤੇ ਜੀਉਂਦਾ ਸੀ? ਉਸ ਨੇ ਦੱਸਿਆ: “ਇਸ ਮੁਕਾਬਲੇ ਬਾਰੇ ਸੁਣ ਕੇ ਬਾਈਬਲ ਪਹਿਲੀ ਪੁਸਤਕ ਸੀ ਜੋ ਮੇਰੇ ਮਨ ਵਿਚ ਆਈ। ਮੈਂ ਬਾਈਬਲ ਨੂੰ ਇੰਨੀ ਵਾਰੀ ਪੜ੍ਹਿਆ ਹੈ ਕਿ ਇਸ ਵਿਚ ਦੱਸੇ ਗਏ ਲੋਕਾਂ ਤੋਂ ਮੈਂ ਚੰਗੀ ਤਰ੍ਹਾਂ ਵਾਕਫ਼ ਹਾਂ। ਉਹ ਮੇਰੇ ਮਨ ਵਿਚ ਅੱਜ ਵੀ ਜੀਉਂਦੇ-ਜਾਗਦੇ ਹਨ। ਮੈਂ ਨੂਹ ਬਾਰੇ ਲਿਖਣਾ ਇਸ ਲਈ ਚੁਣਿਆ ਕਿਉਂਕਿ ਉਸ ਦੀ ਜ਼ਿੰਦਗੀ ਬਹੁਤ ਦਿਲਚਸਪ ਸੀ ਤੇ ਮੇਰੀ ਜ਼ਿੰਦਗੀ ਤੋਂ ਬਹੁਤ ਵੱਖਰੀ ਸੀ।”

ਨੂਹ ਨੂੰ ਲਿਖੀ ਚਿੱਠੀ ਦੇ ਅੰਤ ਵਿਚ ਮੀਨਾਮਰੀਯਾ ਨੇ ਲਿਖਿਆ: “ਤੁਸੀਂ ਅੱਜ ਵੀ ਨਿਹਚਾ ਅਤੇ ਰੱਬ ਦਾ ਕਹਿਣਾ ਮੰਨਣ ਦੇ ਮਾਮਲੇ ਵਿਚ ਸਾਡੇ ਲਈ ਇਕ ਚੰਗੀ ਮਿਸਾਲ ਹੋ। ਤੁਹਾਡੀ ਮਿਸਾਲ ਬਾਈਬਲ ਪੜ੍ਹਨ ਵਾਲਿਆਂ ਨੂੰ ਆਪਣੀ ਨਿਹਚਾ ਅਨੁਸਾਰ ਕੰਮ ਕਰਨ ਦਾ ਉਤਸ਼ਾਹ ਦਿੰਦੀ ਹੈ।”

ਬਾਈਬਲ ਪੜ੍ਹਨ ਦੀ ਸ਼ੌਕੀਨ ਇਸ ਨੌਜਵਾਨ ਲੜਕੀ ਦੀ ਚਿੱਠੀ ਦਿਖਾਉਂਦੀ ਹੈ ਕਿ ਬਾਈਬਲ ‘ਜੀਉਂਦੀ ਅਤੇ ਗੁਣਕਾਰ’ ਹੈ ਅਤੇ ਅੱਜ ਵੀ ਛੋਟੇ-ਵੱਡੇ ਸਾਰਿਆਂ ਉੱਤੇ ਚੰਗਾ ਅਸਰ ਪਾਉਂਦੀ ਹੈ।—ਇਬਰਾਨੀਆਂ 4:12.