Skip to content

Skip to table of contents

ਆਪਣੇ ਸਿਰਜਣਹਾਰ ਦੀ ਵਡਿਆਈ ਕਰਨ ਲਈ ਅਧਿਆਤਮਿਕ ਟੀਚੇ ਰੱਖੋ

ਆਪਣੇ ਸਿਰਜਣਹਾਰ ਦੀ ਵਡਿਆਈ ਕਰਨ ਲਈ ਅਧਿਆਤਮਿਕ ਟੀਚੇ ਰੱਖੋ

ਆਪਣੇ ਸਿਰਜਣਹਾਰ ਦੀ ਵਡਿਆਈ ਕਰਨ ਲਈ ਅਧਿਆਤਮਿਕ ਟੀਚੇ ਰੱਖੋ

“ਜੇ ਮਲਾਹ ਨੂੰ ਪਤਾ ਹੀ ਨਹੀਂ ਕਿ ਉਹ ਆਪਣੀ ਬੇੜੀ ਕਿਹੜੇ ਪੱਤਣਾਂ ਤੇ ਲਾਵੇਗਾ, ਤਾਂ ਹਵਾ ਭਾਵੇਂ ਜਿੱਧਰ ਨੂੰ ਮਰਜ਼ੀ ਵਗੇ, ਇਸ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।” ਕਿਹਾ ਜਾਂਦਾ ਹੈ ਕਿ ਇਹ ਗੱਲ ਪਹਿਲੀ ਸਦੀ ਦੇ ਇਕ ਰੋਮੀ ਫ਼ਿਲਾਸਫ਼ਰ ਨੇ ਕਹੀ ਸੀ। ਉਸ ਦੇ ਕਹਿਣ ਦਾ ਭਾਵ ਸੀ ਕਿ ਜੇ ਜੀਵਨ ਵਿਚ ਕੋਈ ਮੰਜ਼ਲ ਨਾ ਹੋਵੇ, ਤਾਂ ਜੀਵਨ ਨੂੰ ਸਹੀ ਦਿਸ਼ਾ ਨਹੀਂ ਦਿੱਤੀ ਜਾ ਸਕਦੀ।

ਬਾਈਬਲ ਵਿਚ ਕਈ ਵਿਅਕਤੀਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਟੀਚੇ ਰੱਖੇ। ਤਕਰੀਬਨ 50 ਸਾਲ ਦਿਨ-ਰਾਤ ਮਿਹਨਤ ਕਰ ਕੇ ਨੂਹ ਨੇ “ਆਪਣੇ ਘਰ ਦੇ ਬਚਾਉ ਲਈ ਕਿਸ਼ਤੀ ਬਣਾਈ।” ਨਬੀ ਮੂਸਾ ਨੇ ‘ਫਲ ਵੱਲ ਆਪਣਾ ਧਿਆਨ’ ਲਾਈ ਰੱਖਿਆ। (ਇਬਰਾਨੀਆਂ 11:7, 26) ਮੂਸਾ ਤੋਂ ਬਾਅਦ ਇਸਰਾਏਲੀਆਂ ਦੇ ਆਗੂ ਯਹੋਸ਼ੁਆ ਅੱਗੇ ਯਹੋਵਾਹ ਨੇ ਇਕ ਟੀਚਾ ਰੱਖਿਆ ਸੀ। ਉਹ ਟੀਚਾ ਸੀ ਕਨਾਨ ਦੇਸ਼ ਨੂੰ ਜਿੱਤਣਾ।—ਬਿਵਸਥਾ ਸਾਰ 3:21, 22, 28; ਯਹੋਸ਼ੁਆ 12:7-24.

ਯਿਸੂ ਨੇ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ।” (ਮੱਤੀ 24:14) ਪੌਲੁਸ ਰਸੂਲ ਦੀ ਜ਼ਿੰਦਗੀ ਉੱਤੇ ਇਨ੍ਹਾਂ ਸ਼ਬਦਾਂ ਦਾ ਬਹੁਤ ਅਸਰ ਪਿਆ ਹੋਣਾ ਜਿਸ ਕਰਕੇ ਉਸ ਨੇ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ ਦਾ ਟੀਚਾ ਰੱਖਿਆ। ਇਸ ਤੋਂ ਇਲਾਵਾ, ਪ੍ਰਭੂ ਯਿਸੂ ਨੇ ਉਸ ਨੂੰ ਸੰਦੇਸ਼ ਦਿੱਤੇ, ਦਰਸ਼ਣ ਦਿਖਾਏ ਅਤੇ ‘ਪਰਾਈਆਂ ਕੌਮਾਂ ਅੱਗੇ ਯਿਸੂ ਦਾ ਨਾਮ ਪੁਚਾਣ’ ਦਾ ਕੰਮ ਸੌਂਪਿਆ। ਇਸ ਕਰਕੇ ਉਸ ਨੂੰ ਜੋਸ਼ ਨਾਲ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਮਿਲੀ ਅਤੇ ਉਸ ਨੇ ਏਸ਼ੀਆ ਮਾਈਨਰ ਅਤੇ ਯੂਰਪ ਵਿਚ ਕਈ ਮਸੀਹੀ ਕਲੀਸਿਯਾਵਾਂ ਸਥਾਪਿਤ ਕਰਨ ਵਿਚ ਬਹੁਤ ਕੰਮ ਕੀਤਾ।—ਰਸੂਲਾਂ ਦੇ ਕਰਤੱਬ 9:15; ਕੁਲੁੱਸੀਆਂ 1:23.

ਜੀ ਹਾਂ, ਯਹੋਵਾਹ ਦੇ ਸੇਵਕਾਂ ਨੇ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਵਧੀਆ ਟੀਚੇ ਰੱਖੇ ਅਤੇ ਉਨ੍ਹਾਂ ਨੂੰ ਹਾਸਲ ਕਰ ਕੇ ਯਹੋਵਾਹ ਦੀ ਮਹਿਮਾ ਕੀਤੀ। ਅੱਜ ਅਸੀਂ ਯਹੋਵਾਹ ਦੀ ਸੇਵਾ ਵਿਚ ਟੀਚੇ ਕਿਵੇਂ ਰੱਖ ਸਕਦੇ ਹਾਂ? ਅਸੀਂ ਕਿਹੜੇ ਟੀਚੇ ਰੱਖ ਸਕਦੇ ਹਾਂ ਅਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਕੀ ਕਰ ਸਕਦੇ ਹਾਂ?

ਸਹੀ ਇਰਾਦਾ ਹੋਣਾ ਬਹੁਤ ਜ਼ਰੂਰੀ

ਜ਼ਿੰਦਗੀ ਵਿਚ ਕੋਈ ਵੀ ਟੀਚਾ ਰੱਖਿਆ ਜਾ ਸਕਦਾ ਹੈ। ਦੁਨਿਆਵੀ ਲੋਕ ਵੀ ਟੀਚੇ ਰੱਖਦੇ ਹਨ। ਪਰ ਭਗਤੀ ਸੰਬੰਧੀ ਟੀਚੇ ਦੁਨਿਆਵੀ ਟੀਚਿਆਂ ਤੋਂ ਵੱਖਰੇ ਹਨ। ਦੁਨੀਆਂ ਵਿਚ ਬਹੁਤ ਸਾਰੇ ਲੋਕ ਹਰ ਕੀਮਤ ਤੇ ਅਮੀਰ ਬਣਨ, ਉੱਚੀ ਪਦਵੀ ਹਾਸਲ ਕਰਨ ਅਤੇ ਤਾਕਤਵਰ ਬਣਨ ਦੇ ਟੀਚੇ ਹੀ ਰੱਖਦੇ ਹਨ। ਅਜਿਹੇ ਟੀਚੇ ਰੱਖਣੇ ਜ਼ਿੰਦਗੀ ਦੀ ਬਹੁਤ ਵੱਡੀ ਭੁੱਲ ਹੋਵੇਗੀ। ਯਹੋਵਾਹ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਸਾਨੂੰ ਉਸ ਦੀ ਭਗਤੀ ਅਤੇ ਉਸ ਦੇ ਰਾਜ ਸੰਬੰਧੀ ਟੀਚੇ ਰੱਖਣੇ ਚਾਹੀਦੇ ਹਨ। (ਮੱਤੀ 6:33) ਅਸੀਂ ਅਜਿਹੇ ਟੀਚੇ ਯਹੋਵਾਹ ਅਤੇ ਲੋਕਾਂ ਲਈ ਪਿਆਰ ਕਾਰਨ ਰੱਖਦੇ ਹਾਂ ਅਤੇ ਅਸੀਂ ਪਰਮੇਸ਼ੁਰ ਲਈ ਆਪਣੀ ਸ਼ਰਧਾ ਜ਼ਾਹਰ ਕਰਨੀ ਚਾਹੁੰਦੇ ਹਾਂ।—ਮੱਤੀ 22:37-39; 1 ਤਿਮੋਥਿਉਸ 4:7.

ਅਧਿਆਤਮਿਕ ਟੀਚਿਆਂ ਪਿੱਛੇ ਸਾਡਾ ਇਰਾਦਾ ਨੇਕ ਹੋਣਾ ਚਾਹੀਦਾ ਹੈ, ਚਾਹੇ ਅਸੀਂ ਹੋਰ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਜਾਂ ਫਿਰ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਦਾ ਟੀਚਾ ਰੱਖੀਏ। ਪਰ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਨੇਕ ਇਰਾਦਿਆਂ ਦੇ ਬਾਵਜੂਦ ਅਸੀਂ ਉਨ੍ਹਾਂ ਨੂੰ ਹਾਸਲ ਨਹੀਂ ਕਰ ਪਾਉਂਦੇ। ਤਾਂ ਫਿਰ ਇਨ੍ਹਾਂ ਨੂੰ ਹਾਸਲ ਕਰਨ ਵਿਚ ਸਫ਼ਲ ਹੋਣ ਲਈ ਕਿਹੜੀਆਂ ਗੱਲਾਂ ਜ਼ਰੂਰੀ ਹਨ?

ਦਿਲੀ ਇੱਛਾ ਹੋਣੀ ਲਾਜ਼ਮੀ

ਧਿਆਨ ਦਿਓ ਕਿ ਯਹੋਵਾਹ ਨੇ ਦੁਨੀਆਂ ਦੀ ਸਿਰਜਣਾ ਕਿਵੇਂ ਪੂਰੀ ਕੀਤੀ। ‘ਸੰਝ ਤੇ ਸਵੇਰ ਹੋਈ’ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਦੁਨੀਆਂ ਦੀ ਸਿਰਜਣਾ ਨੂੰ ਵੱਖੋ-ਵੱਖਰੇ ਪੜਾਵਾਂ ਵਿਚ ਵੰਡਿਆ ਸੀ। (ਉਤਪਤ 1:5, 8, 13, 19, 23, 31) ਹਰ ਪੜਾਅ ਦੇ ਸ਼ੁਰੂ ਵਿਚ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਉਸ ਸਮੇਂ ਦੌਰਾਨ ਕੀ ਸਿਰਜੇਗਾ। ਇਸ ਤਰ੍ਹਾਂ ਯਹੋਵਾਹ ਨੇ ਚੀਜ਼ਾਂ ਦੀ ਸ੍ਰਿਸ਼ਟੀ ਕਰਨ ਦਾ ਆਪਣਾ ਟੀਚਾ ਹਾਸਲ ਕੀਤਾ। (ਪਰਕਾਸ਼ ਦੀ ਪੋਥੀ 4:11) ਅੱਯੂਬ ਨੇ ਕਿਹਾ ਸੀ: “ਜੋ [ਯਹੋਵਾਹ] ਦਾ ਜੀ ਚਾਹੇ ਸੋ ਉਹ ਕਰਦਾ ਹੈ।” (ਅੱਯੂਬ 23:13) ਯਹੋਵਾਹ ਨੂੰ ਆਪਣੀਆਂ ਬਣਾਈਆਂ ਚੀਜ਼ਾਂ ਦੇਖ ਕੇ ਇੰਨੀ ਖ਼ੁਸ਼ੀ ਹੋਈ ਕਿ ਉਸ ਨੇ ਉਨ੍ਹਾਂ ਨੂੰ “ਬਹੁਤ ਹੀ ਚੰਗਾ” ਕਿਹਾ।—ਉਤਪਤ 1:31.

ਕੋਈ ਵੀ ਕੰਮ ਪੂਰਾ ਕਰਨ ਲਈ ਦਿਲੀ ਇੱਛਾ ਹੋਣੀ ਬਹੁਤ ਜ਼ਰੂਰੀ ਹੈ। ਕਿਹੜੀ ਚੀਜ਼ ਅਜਿਹੀ ਇੱਛਾ ਪੈਦਾ ਕਰਨ ਵਿਚ ਮਦਦ ਕਰ ਸਕਦੀ ਹੈ? ਜਦੋਂ ਧਰਤੀ ਅਜੇ ਆਕਾਰਹੀਣ ਅਤੇ ਵੀਰਾਨ ਸੀ, ਉਦੋਂ ਹੀ ਯਹੋਵਾਹ ਦੇਖ ਸਕਦਾ ਸੀ ਕਿ ਧਰਤੀ ਅਖ਼ੀਰ ਵਿਚ ਦੇਖਣ ਨੂੰ ਕਿੱਦਾਂ ਦੀ ਲੱਗੇਗੀ—ਬ੍ਰਹਿਮੰਡ ਵਿਚ ਚਮਕਦਾ ਖੂਬਸੂਰਤ ਨਗੀਨਾ ਜਿਸ ਨਾਲ ਉਸ ਦੀ ਵਡਿਆਈ ਅਤੇ ਮਹਿਮਾ ਹੋਣੀ ਸੀ। ਇਸੇ ਤਰ੍ਹਾਂ, ਜੇ ਅਸੀਂ ਆਪਣੇ ਟੀਚੇ ਦੇ ਨਤੀਜਿਆਂ ਅਤੇ ਫ਼ਾਇਦਿਆਂ ਉੱਤੇ ਸੋਚ-ਵਿਚਾਰ ਕਰਾਂਗੇ, ਤਾਂ ਅਸੀਂ ਵੀ ਆਪਣੇ ਅੰਦਰ ਇਸ ਨੂੰ ਪ੍ਰਾਪਤ ਕਰਨ ਦੀ ਇੱਛਾ ਪੈਦਾ ਕਰ ਸਕਦੇ ਹਾਂ। ਉੱਨੀਆਂ ਸਾਲਾਂ ਦੇ ਟੋਨੀ ਨੇ ਇਸੇ ਤਰ੍ਹਾਂ ਕੀਤਾ। ਉਹ ਪੱਛਮੀ ਯੂਰਪ ਦੇ ਕਿਸੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਗਿਆ। ਉਸ ਨੂੰ ਇਹ ਆਫ਼ਿਸ ਇੰਨਾ ਸੋਹਣਾ ਲੱਗਾ ਕਿ ਉਹ ਉਸ ਨੂੰ ਭੁਲਾ ਨਹੀਂ ਸਕਿਆ। ਉਸੇ ਸਮੇਂ ਤੋਂ ਟੋਨੀ ਸੋਚਣ ਲੱਗ ਪਿਆ, ‘ਕਾਸ਼ ਮੈਂ ਵੀ ਇੱਥੇ ਰਹਿ ਕੇ ਸੇਵਾ ਕਰ ਸਕਦਾ!’ ਟੋਨੀ ਨੇ ਇਸ ਬਾਰੇ ਸੋਚਣਾ ਨਹੀਂ ਛੱਡਿਆ ਅਤੇ ਉਸ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਜ਼ਰਾ ਉਸ ਦੀ ਖ਼ੁਸ਼ੀ ਦਾ ਅੰਦਾਜ਼ਾ ਲਗਾਓ ਜਦੋਂ ਕਈ ਸਾਲਾਂ ਬਾਅਦ ਉਸ ਨੂੰ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ!

ਜੇ ਅਸੀਂ ਉਨ੍ਹਾਂ ਲੋਕਾਂ ਨਾਲ ਸੰਗਤ ਕਰਾਂਗੇ ਜਿਨ੍ਹਾਂ ਨੇ ਉਹ ਟੀਚਾ ਪ੍ਰਾਪਤ ਕੀਤਾ ਹੈ ਜੋ ਅਸੀਂ ਵੀ ਹਾਸਲ ਕਰਨਾ ਚਾਹੁੰਦੇ ਹਾਂ, ਤਾਂ ਸਾਡੇ ਅੰਦਰ ਵੀ ਇਸ ਨੂੰ ਪ੍ਰਾਪਤ ਕਰਨ ਦੀ ਇੱਛਾ ਵਧੇਗੀ। ਤੀਹਾਂ ਸਾਲਾਂ ਦੇ ਜੇਸਨ ਨੂੰ ਕਿਸ਼ੋਰ ਉਮਰ ਵਿਚ ਪ੍ਰਚਾਰ ਵਿਚ ਹਿੱਸਾ ਲੈਣਾ ਬਿਲਕੁਲ ਪਸੰਦ ਨਹੀਂ ਸੀ। ਪਰ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਸ ਨੇ ਖ਼ੁਸ਼ੀ-ਖ਼ੁਸ਼ੀ ਪਾਇਨੀਅਰ ਸੇਵਾ ਸ਼ੁਰੂ ਕੀਤੀ ਅਤੇ ਉਹ ਪੂਰੇ ਸਮੇਂ ਦਾ ਪ੍ਰਚਾਰਕ ਬਣ ਗਿਆ। ਕਿਹੜੀ ਚੀਜ਼ ਨੇ ਉਸ ਅੰਦਰ ਪਾਇਨੀਅਰੀ ਕਰਨ ਦੀ ਇੱਛਾ ਪੈਦਾ ਕੀਤੀ? ਉਹ ਦੱਸਦਾ ਹੈ: “ਪਾਇਨੀਅਰਾਂ ਨਾਲ ਗੱਲ ਕਰਨ ਅਤੇ ਉਨ੍ਹਾਂ ਨਾਲ ਸੇਵਕਾਈ ਵਿਚ ਕੰਮ ਕਰਨ ਨਾਲ ਮੇਰੇ ਅੰਦਰ ਪਾਇਨੀਅਰੀ ਕਰਨ ਦਾ ਜੋਸ਼ ਪੈਦਾ ਹੋ ਗਿਆ।”

ਆਪਣੇ ਟੀਚੇ ਲਿਖਣੇ ਚੰਗੀ ਗੱਲ ਹੋਵੇਗੀ

ਸਾਡੇ ਮਨ ਵਿਚ ਆਇਆ ਕੋਈ ਅਸਪੱਸ਼ਟ ਵਿਚਾਰ ਸਪੱਸ਼ਟ ਹੋ ਸਕਦਾ ਹੈ ਜਦੋਂ ਅਸੀਂ ਸ਼ਬਦਾਂ ਵਿਚ ਉਸ ਦਾ ਬਿਆਨ ਕਰਦੇ ਹਾਂ। ਸੁਲੇਮਾਨ ਨੇ ਕਿਹਾ ਸੀ ਕਿ ਜਿਵੇਂ ਪਰਾਇਣ ਨਾਲ ਬਲਦ ਨੂੰ ਸਿੱਧੇ ਰਾਹ ਰੱਖਿਆ ਜਾਂਦਾ ਹੈ, ਉਵੇਂ ਸਹੀ ਸ਼ਬਦ ਸਾਡੀ ਜ਼ਿੰਦਗੀ ਨੂੰ ਸਹੀ ਦਿਸ਼ਾ ਦੇ ਸਕਦੇ ਹਨ। (ਉਪਦੇਸ਼ਕ ਦੀ ਪੋਥੀ 12:11) ਜੇ ਇਨ੍ਹਾਂ ਸ਼ਬਦਾਂ ਨੂੰ ਲਿਖ ਲਿਆ ਜਾਵੇ, ਤਾਂ ਇਹ ਸਾਡੇ ਦਿਲਾਂ-ਦਿਮਾਗ਼ਾਂ ਉੱਤੇ ਡੂੰਘਾ ਅਸਰ ਪਾਉਂਦੇ ਹਨ। ਜੇ ਇਸ ਤਰ੍ਹਾਂ ਨਾ ਹੁੰਦਾ, ਤਾਂ ਫਿਰ ਯਹੋਵਾਹ ਇਸਰਾਏਲ ਦੇ ਰਾਜਿਆਂ ਨੂੰ ਆਪਣੇ ਹੱਥੀਂ ਬਿਵਸਥਾ ਦੀ ਪੋਥੀ ਦੀ ਨਕਲ ਕਰਨ ਲਈ ਕਿਉਂ ਕਹਿੰਦਾ? (ਬਿਵਸਥਾ ਸਾਰ 17:18) ਅਸੀਂ ਵੀ ਆਪਣੇ ਟੀਚੇ, ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਤਰੀਕੇ ਅਤੇ ਰਾਹ ਵਿਚ ਆਉਂਦੀਆਂ ਰੁਕਾਵਟਾਂ ਤੇ ਉਨ੍ਹਾਂ ਨੂੰ ਪਾਰ ਕਰਨ ਦੇ ਤਰੀਕੇ ਲਿਖ ਸਕਦੇ ਹਾਂ। ਇਹ ਵੀ ਜਾਣਨਾ ਚੰਗਾ ਰਹੇਗਾ ਕਿ ਸਾਨੂੰ ਕਿਸ ਚੀਜ਼ ਬਾਰੇ ਜ਼ਿਆਦਾ ਜਾਣਨ ਜਾਂ ਮਹਾਰਤ ਹਾਸਲ ਕਰਨ ਦੀ ਲੋੜ ਹੈ। ਉਨ੍ਹਾਂ ਲੋਕਾਂ ਬਾਰੇ ਵੀ ਸੋਚੋ ਜੋ ਸਾਡੀ ਮਦਦ ਕਰ ਸਕਦੇ ਹਨ।

ਅਧਿਆਤਮਿਕ ਟੀਚਿਆਂ ਨੇ ਜੈਫਰੀ ਨੂੰ ਮੁਸ਼ਕਲ ਘੜੀ ਵਿਚ ਸੰਭਾਲੀ ਰੱਖਿਆ। ਉਹ ਇਕ ਏਸ਼ੀਆਈ ਦੇਸ਼ ਵਿਚ ਕਾਫ਼ੀ ਲੰਬੇ ਸਮੇਂ ਤੋਂ ਇਕ ਦੂਰ-ਦੁਰਾਡੇ ਇਲਾਕੇ ਵਿਚ ਵਿਸ਼ੇਸ਼ ਪਾਇਨੀਅਰੀ ਕਰ ਰਿਹਾ ਹੈ। ਇਸ ਦੌਰਾਨ ਅਚਾਨਕ ਇਕ ਦਿਨ ਉਸ ਦੀ ਪਤਨੀ ਦੀ ਮੌਤ ਹੋ ਗਈ। ਸੋਗ ਮਨਾਉਣ ਤੋਂ ਕੁਝ ਸਮੇਂ ਬਾਅਦ, ਆਪਣਾ ਗਮ ਭੁਲਾਉਣ ਲਈ ਉਹ ਆਪਣੀ ਪਾਇਨੀਅਰੀ ਸੇਵਾ ਵਿਚ ਖੁੱਭ ਜਾਣਾ ਚਾਹੁੰਦਾ ਸੀ। ਉਸ ਨੇ ਮਹੀਨੇ ਦੇ ਅੰਤ ਤਕ ਤਿੰਨ ਨਵੀਆਂ ਸਟੱਡੀਆਂ ਸ਼ੁਰੂ ਕਰਨ ਦਾ ਟੀਚਾ ਲਿਖ ਲਿਆ ਅਤੇ ਪ੍ਰਾਰਥਨਾ ਕਰਨ ਤੋਂ ਬਾਅਦ ਉਸ ਨੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਹਰ ਰੋਜ਼ ਆਪਣੀ ਦਿਨ ਭਰ ਦੀ ਸੇਵਕਾਈ ਉੱਤੇ ਵਿਚਾਰ ਕੀਤਾ ਅਤੇ ਹਰ ਦਸਾਂ ਦਿਨਾਂ ਬਾਅਦ ਉਸ ਨੇ ਦੇਖਿਆ ਕਿ ਉਹ ਆਪਣੇ ਟੀਚੇ ਵੱਲ ਕਿੰਨਾ ਕੁ ਵਧਿਆ। ਕੀ ਉਹ ਆਪਣੇ ਟੀਚੇ ਨੂੰ ਹਾਸਲ ਕਰ ਸਕਿਆ? ਜੀ ਹਾਂ, ਉਸ ਨੇ ਮਹੀਨੇ ਦੇ ਅਖ਼ੀਰ ਵਿਚ ਚਾਰ ਨਵੀਆਂ ਬਾਈਬਲ ਸਟੱਡੀਆਂ ਰਿਪੋਰਟ ਕੀਤੀਆਂ!

ਮੰਜ਼ਲ ਤਕ ਪਹੁੰਚਣ ਲਈ ਛੋਟੇ-ਛੋਟੇ ਟੀਚੇ ਰੱਖੋ

ਪਹਿਲਾਂ-ਪਹਿਲ ਕੁਝ ਟੀਚੇ ਪ੍ਰਾਪਤ ਕਰਨੇ ਸ਼ਾਇਦ ਮੁਸ਼ਕਲ ਲੱਗਣ। ਟੋਨੀ ਲਈ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨੀ ਇਕ ਸੁਪਨਾ ਸੀ। ਉਸ ਲਈ ਇਸ ਕਰਕੇ ਇਹ ਸੁਪਨਾ ਸੀ ਕਿਉਂਕਿ ਉਸ ਦੇ ਤੌਰ-ਤਰੀਕੇ ਠੀਕ ਨਹੀਂ ਸਨ ਅਤੇ ਉਸ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਵੀ ਨਹੀਂ ਕੀਤੀ ਸੀ। ਪਰ ਟੋਨੀ ਨੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰ ਕੇ ਯਹੋਵਾਹ ਦੇ ਮਿਆਰਾਂ ਉੱਤੇ ਚੱਲਣ ਦਾ ਫ਼ੈਸਲਾ ਕੀਤਾ। ਉਸ ਨੇ ਬਪਤਿਸਮਾ ਲੈਣ ਦਾ ਟੀਚਾ ਰੱਖਿਆ। ਇਸ ਟੀਚੇ ਨੂੰ ਹਾਸਲ ਕਰਨ ਤੋਂ ਬਾਅਦ ਉਸ ਨੇ ਸਹਿਯੋਗੀ ਅਤੇ ਨਿਯਮਿਤ ਪਾਇਨੀਅਰੀ ਕਰਨ ਦਾ ਟੀਚਾ ਰੱਖਿਆ। ਉਸ ਨੇ ਉਹ ਤਾਰੀਖ਼ਾਂ ਲਿਖ ਲਈਆਂ ਜਿਨ੍ਹਾਂ ਤੇ ਉਸ ਨੇ ਪਾਇਨੀਅਰੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। ਕੁਝ ਸਮਾਂ ਪਾਇਨੀਅਰੀ ਕਰਨ ਤੋਂ ਬਾਅਦ ਉਸ ਨੂੰ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਦਾ ਆਪਣਾ ਸੁਪਨਾ ਸਾਕਾਰ ਹੁੰਦਾ ਨਜ਼ਰ ਆਇਆ।

ਇਸੇ ਤਰ੍ਹਾਂ, ਅਸੀਂ ਵੀ ਆਪਣੀ ਮੰਜ਼ਲ ਤਕ ਪਹੁੰਚਣ ਲਈ ਛੋਟੇ-ਛੋਟੇ ਟੀਚੇ ਰੱਖ ਸਕਦੇ ਹਾਂ। ਇਨ੍ਹਾਂ ਛੋਟੇ ਟੀਚਿਆਂ ਨੂੰ ਪ੍ਰਾਪਤ ਕਰਦੇ ਰਹਿਣ ਨਾਲ ਸਾਡਾ ਧਿਆਨ ਮੰਜ਼ਲ ਤੇ ਲੱਗਾ ਰਹੇਗਾ। ਇਸ ਵਾਸਤੇ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹਿਣਾ ਵੀ ਚੰਗੀ ਗੱਲ ਹੈ। ਪੌਲੁਸ ਰਸੂਲ ਨੇ ਪ੍ਰੇਰਿਆ: “ਨਿੱਤ ਪ੍ਰਾਰਥਨਾ ਕਰੋ।”—1 ਥੱਸਲੁਨੀਕੀਆਂ 5:17.

ਦ੍ਰਿੜ੍ਹ ਇਰਾਦਾ ਅਤੇ ਲਗਨ ਜ਼ਰੂਰੀ

ਦਿਲੀ ਇੱਛਾ ਹੋਣ ਅਤੇ ਚੰਗੀ ਤਰ੍ਹਾਂ ਯੋਜਨਾ ਬਣਾਉਣ ਤੋਂ ਬਾਅਦ ਵੀ ਕਈ ਟੀਚੇ ਪ੍ਰਾਪਤ ਨਹੀਂ ਹੁੰਦੇ। ਯੂਹੰਨਾ ਮਰਕੁਸ ਨਾਂ ਦਾ ਚੇਲਾ ਕਿੰਨਾ ਨਿਰਾਸ਼ ਹੋਇਆ ਹੋਣਾ ਜਦੋਂ ਪੌਲੁਸ ਰਸੂਲ ਆਪਣੇ ਦੂਸਰੇ ਮਿਸ਼ਨਰੀ ਦੌਰੇ ਤੇ ਉਸ ਨੂੰ ਆਪਣੇ ਨਾਲ ਨਹੀਂ ਲੈ ਕੇ ਗਿਆ! (ਰਸੂਲਾਂ ਦੇ ਕਰਤੱਬ 15:37-40) ਭਾਵੇਂ ਮਰਕੁਸ ਨੂੰ ਬਹੁਤ ਨਿਰਾਸ਼ਾ ਹੋਈ, ਪਰ ਉਸ ਨੇ ਆਪਣੇ ਟੀਚੇ ਵਿਚ ਫੇਰ-ਬਦਲ ਕੀਤਾ ਤੇ ਯਹੋਵਾਹ ਦੀ ਸੇਵਾ ਕਰਦਾ ਰਿਹਾ। ਇਸ ਲਈ ਬਾਅਦ ਵਿਚ ਪੌਲੁਸ ਨੇ ਮਰਕੁਸ ਦੀ ਤਾਰੀਫ਼ ਕੀਤੀ ਅਤੇ ਮਰਕੁਸ ਨੂੰ ਪਤਰਸ ਨਾਲ ਬਾਬੁਲ ਵਿਚ ਸੇਵਕਾਈ ਕਰਨ ਦਾ ਮੌਕਾ ਵੀ ਮਿਲਿਆ। (2 ਤਿਮੋਥਿਉਸ 4:11; 1 ਪਤਰਸ 5:13) ਉਸ ਨੂੰ ਸਭ ਤੋਂ ਵੱਡਾ ਸਨਮਾਨ ਜੋ ਸ਼ਾਇਦ ਮਿਲਿਆ, ਉਹ ਸੀ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਲਿਖਣਾ।

ਆਪਣੇ ਅਧਿਆਤਮਿਕ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਸਾਨੂੰ ਹਾਰ ਦਾ ਸਾਮ੍ਹਣਾ ਵੀ ਕਰਨਾ ਪੈ ਸਕਦਾ ਹੈ। ਹੌਸਲਾ ਹਾਰਨ ਦੀ ਬਜਾਇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਟੀਚਾ ਹਾਸਲ ਕਿਉਂ ਨਹੀਂ ਕਰ ਪਾਏ। ਕੀ ਸਾਨੂੰ ਆਪਣਾ ਟੀਚਾ ਬਦਲਣ ਦੀ ਲੋੜ ਹੈ? ਜੇ ਨਹੀਂ, ਤਾਂ ਇਸ ਨੂੰ ਪ੍ਰਾਪਤ ਕਰਨ ਲਈ ਅਸੀਂ ਕਿਹੜੀਆਂ ਤਬਦੀਲੀਆਂ ਕਰ ਸਕਦੇ ਹਾਂ। ਜਦੋਂ ਰੁਕਾਵਟਾਂ ਆਉਂਦੀਆਂ ਹਨ, ਤਾਂ ਸਾਨੂੰ ਦ੍ਰਿੜ੍ਹ ਇਰਾਦੇ ਅਤੇ ਲਗਨ ਨਾਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇਹ, ਤਾਂ ਤੇਰੇ ਮਨੋਰਥ ਪੂਰੇ ਹੋਣਗੇ।”—ਕਹਾਉਤਾਂ 16:3.

ਫਿਰ ਵੀ ਕਈ ਵਾਰ ਹਾਲਾਤ ਟੀਚਿਆਂ ਨੂੰ ਹਾਸਲ ਕਰਨਾ ਮੁਸ਼ਕਲ ਬਣਾ ਦਿੰਦੇ ਹਨ। ਉਦਾਹਰਣ ਲਈ, ਮਾੜੀ ਸਿਹਤ ਜਾਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਕਰਕੇ ਅਸੀਂ ਕੁਝ ਟੀਚੇ ਹਾਸਲ ਨਹੀਂ ਕਰ ਸਕਦੇ। ਪਰ ਆਓ ਆਪਾਂ ਕਦੀ ਨਾ ਭੁੱਲੀਏ ਕਿ ਸਾਨੂੰ ਅਖ਼ੀਰ ਵਿਚ ਇਨਾਮ ਵਿਚ ਅਨੰਤ ਜ਼ਿੰਦਗੀ ਮਿਲੇਗੀ—ਭਾਵੇਂ ਇਹ ਸਵਰਗ ਵਿਚ ਮਿਲੇ ਜਾਂ ਫਿਰ ਸੁੰਦਰ ਧਰਤੀ ਉੱਤੇ। (ਜ਼ਬੂਰਾਂ ਦੀ ਪੋਥੀ 37:11; ਫ਼ਿਲਿੱਪੀਆਂ 3:13, 14) ਅਸੀਂ ਇਹ ਜ਼ਿੰਦਗੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਯੂਹੰਨਾ ਰਸੂਲ ਨੇ ਲਿਖਿਆ: “ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:17) ਭਾਵੇਂ ਅਸੀਂ ਆਪਣੇ ਹਾਲਾਤਾਂ ਕਰਕੇ ਕੋਈ ਖ਼ਾਸ ਟੀਚਾ ਹਾਸਲ ਨਹੀਂ ਕਰ ਸਕਦੇ, ਫਿਰ ਵੀ ਅਸੀਂ ਇੰਨਾ ਜ਼ਰੂਰ ਕਰ ਸਕਦੇ ਹਾਂ ਕਿ ਅਸੀਂ ‘ਪਰਮੇਸ਼ੁਰ ਕੋਲੋਂ ਡਰੀਏ ਅਤੇ ਉਹ ਦੀਆਂ ਆਗਿਆਂ ਨੂੰ ਮੰਨੀਏ।’ (ਉਪਦੇਸ਼ਕ ਦੀ ਪੋਥੀ 12:13) ਅਧਿਆਤਮਿਕ ਟੀਚੇ ਸਾਡੀ ਮਦਦ ਕਰਨਗੇ ਕਿ ਅਸੀਂ ਯਹੋਵਾਹ ਦੀ ਇੱਛਾ ਪੂਰੀ ਕਰਨ ਵਿਚ ਲੱਗੇ ਰਹੀਏ। ਇਸ ਲਈ ਆਓ ਆਪਾਂ ਇਨ੍ਹਾਂ ਰਾਹੀਂ ਆਪਣੇ ਸਿਰਜਣਹਾਰ ਦੀ ਵਡਿਆਈ ਕਰੀਏ।

[ਸਫ਼ੇ 22 ਉੱਤੇ ਡੱਬੀ]

ਇਨ੍ਹਾਂ ਕੁਝ ਅਧਿਆਤਮਿਕ ਟੀਚਿਆਂ ਬਾਰੇ ਸੋਚੋ

○ ਰੋਜ਼ ਬਾਈਬਲ ਪੜ੍ਹਨੀ

ਪਹਿਰਾਬੁਰਜ ਅਤੇ ਜਾਗਰੂਕ ਬਣੋ! ਦਾ ਹਰ ਅੰਕ ਪੜ੍ਹਨਾ

○ ਆਪਣੀਆਂ ਪ੍ਰਾਰਥਨਾਵਾਂ ਵਿਚ ਸੁਧਾਰ ਕਰਨਾ

○ ਆਤਮਾ ਦੇ ਫਲ ਪੈਦਾ ਕਰਨੇ

○ ਹੋਰ ਜ਼ਿਆਦਾ ਸੇਵਾ ਕਰਨ ਲਈ ਮਿਹਨਤ ਕਰਨੀ

○ ਪ੍ਰਚਾਰ ਕਰਨ ਅਤੇ ਸਿਖਾਉਣ ਵਿਚ ਬਿਹਤਰ ਬਣਨਾ

○ ਫ਼ੋਨ ਰਾਹੀਂ (ਜੇ ਤੁਹਾਡੇ ਇਲਾਕੇ ਵਿਚ ਇਜਾਜ਼ਤ ਹੈ), ਗ਼ੈਰ-ਰਸਮੀ ਤੌਰ ਤੇ ਅਤੇ ਕਾਰੋਬਾਰੀ ਇਲਾਕਿਆਂ ਵਿਚ ਗਵਾਹੀ ਦੇਣੀ ਸਿੱਖਣੀ