Skip to content

Skip to table of contents

ਕੱਪਦੋਕਿਯਾ—ਜਿੱਥੇ ਲੋਕ ਹਵਾ ਤੇ ਪਾਣੀ ਦੁਆਰਾ ਤਰਾਸ਼ੇ ਘਰਾਂ ਵਿਚ ਵਸਦੇ ਸਨ

ਕੱਪਦੋਕਿਯਾ—ਜਿੱਥੇ ਲੋਕ ਹਵਾ ਤੇ ਪਾਣੀ ਦੁਆਰਾ ਤਰਾਸ਼ੇ ਘਰਾਂ ਵਿਚ ਵਸਦੇ ਸਨ

ਕੱਪਦੋਕਿਯਾ​—ਜਿੱਥੇ ਲੋਕ ਹਵਾ ਤੇ ਪਾਣੀ ਦੁਆਰਾ ਤਰਾਸ਼ੇ ਘਰਾਂ ਵਿਚ ਵਸਦੇ ਸਨ

ਪਤਰਸ ਰਸੂਲ ਨੇ ਕੱਪਦੋਕਿਯਾ ਦਾ ਜ਼ਿਕਰ ਕੀਤਾ ਸੀ। ਉਸ ਨੇ ਆਪਣੀ ਪਹਿਲੀ ਚਿੱਠੀ “ਕੱਪਦੋਕਿਯਾ” ਅਤੇ ਹੋਰ ਥਾਵਾਂ “ਵਿੱਚ ਖਿੰਡੇ ਹੋਏ” ਮਸੀਹੀਆਂ ਨੂੰ ਲਿਖੀ ਸੀ। (1 ਪਤਰਸ 1:1) ਕੱਪਦੋਕਿਯਾ ਕਿਸ ਤਰ੍ਹਾਂ ਦੀ ਥਾਂ ਸੀ? ਇੱਥੇ ਦੇ ਲੋਕਾਂ ਨੇ ਚਟਾਨਾਂ ਵਿਚ ਘਰ ਕਿਉਂ ਬਣਾਏ? ਉਨ੍ਹਾਂ ਨੇ ਮਸੀਹੀ ਧਰਮ ਬਾਰੇ ਕਿੱਦਾਂ ਸਿੱਖਿਆ?

ਬਰਤਾਨਵੀ ਮੁਸਾਫ਼ਰ ਡਬਲਯੂ. ਐੱਫ਼. ਏਂਜ਼ਵਰਥ 1840 ਦੇ ਦਹਾਕੇ ਵਿਚ ਕੱਪਦੋਕਿਯਾ ਗਿਆ ਸੀ। ਉਸ ਨੇ ਆਪਣੇ ਅਨੁਭਵ ਬਾਰੇ ਕਿਹਾ: “ਜਦੋਂ ਅਸੀਂ ਉਸ ਥਾਂ ਤੇ ਪਹੁੰਚੇ, ਤਾਂ ਅਸੀਂ ਆਪਣੇ ਚਾਰੇ-ਪਾਸੇ ਦੂਰ-ਦੂਰ ਤਕ ਫੈਲੀਆਂ ਕੋਨ ਵਰਗੀਆਂ ਚਟਾਨਾਂ ਅਤੇ ਥੰਮ੍ਹ ਦੇਖੇ।!” ਅੱਜ ਵੀ ਤੁਰਕੀ ਦੇ ਇਸ ਇਲਾਕੇ ਵਿਚ ਆਉਣ ਵਾਲੇ ਸੈਲਾਨੀ ਇਨ੍ਹਾਂ ਅਜੀਬੋ-ਗ਼ਰੀਬ ਚਟਾਨਾਂ ਨੂੰ ਦੇਖ ਕੇ ਬਹੁਤ ਹੈਰਾਨ ਹੁੰਦੇ ਹਨ। ਕੱਪਦੋਕਿਯਾ ਦੀਆਂ ਘਾਟੀਆਂ ਵਿਚ ਪੱਥਰਾਂ ਦੇ ਬਣੇ ਇੰਨੇ ਸਾਰੇ ਵਿਸ਼ਾਲ “ਬੁੱਤ” ਚੁੱਪ-ਚਾਪ ਖੜ੍ਹੇ ਪਹਿਰੇਦਾਰਾਂ ਵਾਂਗ ਦਿੱਸਦੇ ਹਨ। ਕੁਝ ਚਟਾਨਾਂ 100 ਫੁੱਟ ਨਾਲੋਂ ਉੱਚੀਆਂ ਹਨ ਅਤੇ ਵੇਖਣ ਨੂੰ ਵੱਡੀਆਂ-ਵੱਡੀਆਂ ਚਿਮਨੀਆਂ ਲੱਗਦੀਆਂ ਹਨ। ਹੋਰ ਚਟਾਨਾਂ ਵੱਡੇ-ਵੱਡੇ ਆਈਸ-ਕ੍ਰੀਮ ਕੋਨ, ਥੰਮ੍ਹ ਜਾਂ ਖੁੰਬਾਂ ਵਰਗੇ ਲੱਗਦੇ ਹਨ।

ਪੂਰੇ ਦਿਨ ਦੌਰਾਨ ਇਹ ਚਟਾਨਾਂ ਧੁੱਪ ਦੀ ਰੌਸ਼ਨੀ ਵਿਚ ਰੰਗ ਬਦਲਦੀਆਂ ਬਹੁਤ ਸੋਹਣੀਆਂ ਲੱਗਦੀਆਂ ਹਨ। ਪਹੁ ਫੁੱਟਣ ਵੇਲੇ ਇਹ ਹਲਕੇ ਗੁਲਾਬੀ ਰੰਗ ਦੀਆਂ ਦਿੱਸਦੀਆਂ ਹਨ। ਦੁਪਹਿਰ ਵੇਲੇ ਇਨ੍ਹਾਂ ਦਾ ਰੰਗ ਹਲਕਾ ਬਦਾਮੀ ਹੋ ਜਾਂਦਾ ਹੈ। ਫਿਰ ਡੁੱਬਦੇ ਸੂਰਜ ਦੀ ਲਾਲੀ ਵਿਚ ਇਹ ਪੀਲੇ-ਭੂਰੇ ਰੰਗ ਦੀਆਂ ਨਜ਼ਰ ਆਉਂਦੀਆਂ ਹਨ। ਇਹ “ਕੋਨ ਵਰਗੀਆਂ ਚਟਾਨਾਂ ਅਤੇ ਥੰਮ੍ਹ” ਕਿਵੇਂ ਬਣੇ ਸਨ? ਇਸ ਇਲਾਕੇ ਦੇ ਲੋਕਾਂ ਨੇ ਚਟਾਨਾਂ ਵਿਚ ਆਪਣੇ ਘਰ ਕਿਉਂ ਬਣਾਏ?

ਹਵਾ ਤੇ ਪਾਣੀ ਦੁਆਰਾ ਤਰਾਸ਼ੇ ਘਰ

ਕੱਪਦੋਕਿਯਾ ਏਸ਼ੀਆ ਤੇ ਯੂਰਪ ਨੂੰ ਜੋੜਨ ਵਾਲੇ ਅਨਾਤੋਲੀਆ ਪ੍ਰਾਇਦੀਪ ਦੇ ਕੇਂਦਰ ਵਿਚ ਸਥਿਤ ਹੈ। ਇਹ ਇਲਾਕਾ ਪਠਾਰ ਹੀ ਹੁੰਦਾ ਜੇ ਇੱਥੇ ਦੋ ਜੁਆਲਾਮੁਖੀ ਪਹਾੜ ਨਾ ਹੁੰਦੇ। ਹਜ਼ਾਰਾਂ ਸਾਲ ਪਹਿਲਾਂ ਜੁਆਲਾਮੁਖੀਆਂ ਦੇ ਫਟਣ ਕਰਕੇ ਇਹ ਪੂਰਾ ਇਲਾਕਾ ਲਾਵੇ ਅਤੇ ਰਾਖ ਨਾਲ ਭਰ ਗਿਆ ਸੀ। ਇਨ੍ਹਾਂ ਦੇ ਸਖ਼ਤ ਹੋਣ ਨਾਲ ਦੋ ਪ੍ਰਕਾਰ ਦੇ ਪੱਥਰ ਬਣੇ। ਲਾਵੇ ਦੇ ਜੰਮਣ ਨਾਲ ਸਖ਼ਤ ਬਸਾਲਟ (ਕਾਲਾ ਮਰਮਰ) ਪੱਥਰ ਬਣਿਆ ਅਤੇ ਰਾਖ ਤੋਂ ਚਿੱਟੇ ਰੰਗ ਦਾ ਮੁਸਾਮਦਾਰ ਪੱਥਰ (ਟੂਫ਼ਾ) ਬਣਿਆ।

ਸਦੀਆਂ ਦੌਰਾਨ ਨਦੀਆਂ, ਮੀਂਹਾਂ ਅਤੇ ਹਵਾਵਾਂ ਨੇ ਚਟਾਨਾਂ ਵਿੱਚੋਂ ਮੁਸਾਮਦਾਰ ਟੂਫ਼ਾ ਨੂੰ ਖੋਰ-ਖੋਰ ਕੇ ਘਾਟੀਆਂ ਬਣਾ ਦਿੱਤੀਆਂ। ਫਿਰ ਘਾਟੀਆਂ ਦੇ ਦੋਨਾਂ ਪਾਸਿਆਂ ਦੀਆਂ ਚਟਾਨਾਂ ਹੌਲੀ-ਹੌਲੀ ਇਕ-ਦੂਜੇ ਨਾਲੋਂ ਟੁੱਟਦੀਆਂ ਗਈਆਂ। ਇਸ ਤਰ੍ਹਾਂ ਪੱਥਰ ਦੇ ਬਹੁਤ ਸਾਰੇ ਥੰਮ੍ਹਾਂ ਅਤੇ ਕੋਨ ਵਰਗੀਆਂ ਚਟਾਨਾਂ ਦਾ ਜਨਮ ਹੋਇਆ। ਅਜਿਹੀਆਂ ਚਟਾਨਾਂ ਦੁਨੀਆਂ ਦੇ ਹੋਰ ਕਿਸੇ ਵੀ ਹਿੱਸੇ ਵਿਚ ਦੇਖਣ ਨੂੰ ਨਹੀਂ ਮਿਲਦੀਆਂ। ਕੁਝ ਚਟਾਨਾਂ ਇਸ ਹੱਦ ਤਕ ਖੁਰ ਗਈਆਂ ਕਿ ਉਹ ਦੇਖਣ ਨੂੰ ਮਧੂ-ਮੱਖੀਆਂ ਦਾ ਛੱਤਾ ਲੱਗਦੀਆਂ ਹਨ। ਲੋਕ ਚਟਾਨਾਂ ਦੇ ਮੁਸਾਮਦਾਰ ਪੱਥਰ ਨੂੰ ਤਰਾਸ਼ ਕੇ ਕਮਰੇ ਬਣਾਉਂਦੇ ਹਨ ਅਤੇ ਜਿੱਦਾਂ-ਜਿੱਦਾਂ ਪਰਿਵਾਰ ਵੱਡੇ ਹੁੰਦੇ ਗਏ, ਉਹ ਹੋਰ ਕਮਰੇ ਬਣਾਉਂਦੇ ਗਏ। ਚਟਾਨਾਂ ਵਿਚ ਬਣੇ ਇਹ ਘਰ ਗਰਮੀਆਂ ਵਿਚ ਠੰਢੇ ਅਤੇ ਸਿਆਲਾਂ ਵਿਚ ਗਰਮ ਰਹਿੰਦੇ ਹਨ।

ਚੁਰਾਹੇ ਤੇ ਸਥਿਤ

ਜੇ ਕੱਪਦੋਕਿਯਾ ਮੁੱਖ ਸੜਕਾਂ ਦੇ ਜੰਕਸ਼ਨ ਉੱਤੇ ਸਥਿਤ ਨਾ ਹੁੰਦਾ, ਤਾਂ ਸ਼ਾਇਦ ਇੱਥੇ ਦੇ ਲੋਕ ਬਾਕੀ ਦੁਨੀਆਂ ਤੋਂ ਦੂਰ ਸ਼ਾਂਤ ਜ਼ਿੰਦਗੀ ਗੁਜ਼ਾਰਦੇ। ਰੋਮੀ ਸਾਮਰਾਜ ਨੂੰ ਚੀਨ ਨਾਲ ਜੋੜਨ ਵਾਲੀ 6,500 ਕਿਲੋਮੀਟਰ ਲੰਬੀ ਸਿਲਕ ਰੋਡ ਨਾਂ ਦੀ ਪ੍ਰਸਿੱਧ ਸੜਕ ਕੱਪਦੋਕਿਯਾ ਇਲਾਕੇ ਵਿੱਚੋਂ ਲੰਘਦੀ ਸੀ। ਵਪਾਰੀਆਂ ਤੋਂ ਇਲਾਵਾ ਪਾਰਸੀ, ਯੂਨਾਨੀ ਅਤੇ ਰੋਮੀ ਫ਼ੌਜਾਂ ਵੀ ਇਸੇ ਸੜਕ ਤੋਂ ਗੁਜ਼ਰਦੀਆਂ ਸਨ। ਇਸ ਸਦਕਾ ਕੱਪਦੋਕਿਯਾ ਦੇ ਲੋਕਾਂ ਦਾ ਵੱਖੋ-ਵੱਖਰੇ ਧਾਰਮਿਕ ਵਿਚਾਰਾਂ ਨਾਲ ਵਾਸਤਾ ਪਿਆ।

ਦੂਸਰੀ ਸਦੀ ਸਾ.ਯੁ.ਪੂ. ਵਿਚ ਕੱਪਦੋਕਿਯਾ ਵਿਚ ਯਹੂਦੀ ਲੋਕ ਰਹਿ ਰਹੇ ਸਨ। ਸਾਲ 33 ਸਾ.ਯੁ. ਵਿਚ ਇਸ ਇਲਾਕੇ ਦੇ ਯਹੂਦੀ ਵੀ ਪੰਤੇਕੁਸਤ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਆਏ ਸਨ। ਇਸ ਲਈ ਪਤਰਸ ਰਸੂਲ ਪਵਿੱਤਰ ਆਤਮਾ ਹਾਸਲ ਕਰਨ ਮਗਰੋਂ ਕੱਪਦੋਕਿਯਾ ਦੇ ਯਹੂਦੀਆਂ ਨੂੰ ਪ੍ਰਚਾਰ ਕਰ ਸਕਿਆ ਸੀ। (ਰਸੂਲਾਂ ਦੇ ਕਰਤੱਬ 2:1-9) ਇਨ੍ਹਾਂ ਵਿੱਚੋਂ ਕੁਝ ਯਹੂਦੀ ਮਸੀਹੀ ਬਣ ਗਏ ਅਤੇ ਕੱਪਦੋਕਿਯਾ ਵਾਪਸ ਮੁੜਨ ਤੇ ਉਨ੍ਹਾਂ ਨੇ ਦੂਸਰਿਆਂ ਨੂੰ ਪ੍ਰਚਾਰ ਕੀਤਾ। ਇਸ ਤਰ੍ਹਾਂ ਕੱਪਦੋਕਿਯਾ ਵਿਚ ਕਈ ਲੋਕ ਮਸੀਹੀ ਬਣ ਗਏ। ਇਸੇ ਲਈ ਪਤਰਸ ਨੇ ਆਪਣੀ ਪਹਿਲੀ ਚਿੱਠੀ ਵਿਚ ਕੱਪਦੋਕਿਯਾ ਦੇ ਮਸੀਹੀਆਂ ਨੂੰ ਵੀ ਸੰਬੋਧਨ ਕੀਤਾ ਸੀ।

ਪਰ ਦੁੱਖ ਦੀ ਗੱਲ ਹੈ ਕਿ ਸਮੇਂ ਦੇ ਬੀਤਣ ਨਾਲ ਕੱਪਦੋਕਿਯਾ ਦੇ ਮਸੀਹੀਆਂ ਉੱਤੇ ਦੂਸਰੇ ਧਰਮਾਂ ਦੇ ਫ਼ਲਸਫ਼ਿਆਂ ਦਾ ਅਸਰ ਪੈਣ ਲੱਗ ਪਿਆ। ਇਹ ਅਸਰ ਇੰਨਾ ਜ਼ਬਰਦਸਤ ਸੀ ਕਿ ਚੌਥੀ ਸਦੀ ਵਿਚ ਤਿੰਨ ਮੁੱਖ ਕੱਪਦੋਕਿਯਾਈ ਪਾਦਰੀਆਂ ਨੇ ਤ੍ਰਿਏਕ ਦੀ ਗ਼ੈਰ-ਬਾਈਬਲੀ ਸਿੱਖਿਆ ਦੀ ਜ਼ੋਰਾਂ-ਸ਼ੋਰਾਂ ਨਾਲ ਵਕਾਲਤ ਕੀਤੀ। ਇਹ ਸਨ ਗ੍ਰੈਗਰੀ ਆਫ਼ ਨੇਜ਼ੀਅੰਜ਼ਸ, ਬੇਸਲ ਮਹਾਨ ਅਤੇ ਉਸ ਦਾ ਭਰਾ ਗ੍ਰੈਗਰੀ ਆਫ਼ ਨਿਸਾ।

ਬੇਸਲ ਮਹਾਨ ਨੇ ਲੋਕਾਂ ਨੂੰ ਸੰਨਿਆਸੀਆਂ ਵਾਂਗ ਜੀਉਣ ਦੀ ਵੀ ਹੱਲਾਸ਼ੇਰੀ ਦਿੱਤੀ ਸੀ। ਤਪੱਸਵੀਆਂ ਅਤੇ ਕੱਟੜ ਜ਼ਿੰਦਗੀ ਜੀਉਣ ਵਾਲੇ ਸੰਨਿਆਸੀਆਂ ਲਈ ਕੱਪਦੋਕਿਯਾ ਦੀਆਂ ਚਟਾਨਾਂ ਵਿਚ ਤਰਾਸ਼ੇ ਹੋਏ ਘਰ ਬਹੁਤ ਢੁਕਵੇਂ ਸਨ। ਜਿੱਦਾਂ-ਜਿੱਦਾਂ ਸੰਨਿਆਸੀਆਂ ਦੀ ਗਿਣਤੀ ਵਧਦੀ ਗਈ, ਕੁਝ ਵੱਡੀਆਂ-ਵੱਡੀਆਂ ਚਟਾਨਾਂ ਵਿਚ ਗਿਰਜੇ ਬਣਾਏ ਗਏ। ਤੇਰ੍ਹਵੀਂ ਸਦੀ ਵਿਚ ਇਸ ਇਲਾਕੇ ਵਿਚ ਲਗਭਗ ਤਿੰਨ ਸੌ ਗਿਰਜੇ ਸਨ। ਇਨ੍ਹਾਂ ਵਿੱਚੋਂ ਕਈ ਗਿਰਜੇ ਅੱਜ ਵੀ ਮੌਜੂਦ ਹਨ।

ਅੱਜ ਕੱਪਦੋਕਿਯਾ ਦੇ ਲੋਕ ਇਹ ਗਿਰਜੇ ਅਤੇ ਮੱਠ ਇਸਤੇਮਾਲ ਨਹੀਂ ਕਰਦੇ। ਤਾਂ ਵੀ ਸਦੀਆਂ ਦੌਰਾਨ ਲੋਕਾਂ ਦੇ ਜੀਉਣ ਦੇ ਤੌਰ-ਤਰੀਕਿਆਂ ਵਿਚ ਜ਼ਿਆਦਾ ਤਬਦੀਲੀ ਨਹੀਂ ਆਈ ਹੈ। ਅੱਜ ਵੀ ਬਹੁਤ ਸਾਰੇ ਲੋਕ ਚਟਾਨਾਂ ਵਿਚ ਹੀ ਰਹਿੰਦੇ ਹਨ ਅਤੇ ਚਟਾਨਾਂ ਨੂੰ ਸੋਹਣੇ ਘਰਾਂ ਵਿਚ ਤਬਦੀਲ ਕਰਨ ਦੀ ਉਨ੍ਹਾਂ ਦੀ ਕੁਸ਼ਲਤਾ ਸੱਚ-ਮੁੱਚ ਕਾਬਲ-ਏ-ਤਾਰੀਫ਼ ਹੈ।

[ਸਫ਼ੇ 24, 25 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਕੱਪਦੋਕਿਯਾ

ਚੀਨ (ਕੈਥੇ)