Skip to content

Skip to table of contents

‘ਯਹੋਵਾਹ ਦਾ ਫ਼ਰਮਾਨ’ ਪੂਰਾ ਹੋ ਕੇ ਰਹੇਗਾ

‘ਯਹੋਵਾਹ ਦਾ ਫ਼ਰਮਾਨ’ ਪੂਰਾ ਹੋ ਕੇ ਰਹੇਗਾ

‘ਯਹੋਵਾਹ ਦਾ ਫ਼ਰਮਾਨ’ ਪੂਰਾ ਹੋ ਕੇ ਰਹੇਗਾ

‘ਮੈਂ ਫ਼ਰਮਾਨ ਦਾ ਹੋਕਾ ਦਿਆਂਗਾ, ਯਹੋਵਾਹ ਨੇ ਮੈਨੂੰ ਆਖਿਆ ਹੈ ਕਿ ਤੂੰ ਮੇਰਾ ਪੁੱਤ੍ਰ ਹੈਂ, . . . ਮੈਥੋਂ ਮੰਗ ਅਤੇ ਮੈਂ ਕੌਮਾਂ ਤੇਰੀ ਮੀਰਾਸ ਕਰ ਦਿਆਂਗਾ।’—ਜ਼ਬੂਰਾਂ ਦੀ ਪੋਥੀ 2:7, 8.

1. ਪਰਮੇਸ਼ੁਰ ਦੇ ਅਤੇ ਕੌਮਾਂ ਦੇ ਮਕਸਦ ਵਿਚ ਕੀ ਫ਼ਰਕ ਹੈ?

ਯਹੋਵਾਹ ਨੇ ਇਨਸਾਨਾਂ ਅਤੇ ਧਰਤੀ ਲਈ ਇਕ ਮਕਸਦ ਰੱਖਿਆ ਹੈ। ਕੌਮਾਂ ਵੀ ਇਕ ਮਕਸਦ ਰੱਖਦੀਆਂ ਹਨ। ਪਰ ਇਨ੍ਹਾਂ ਮਕਸਦਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ! ਇਨ੍ਹਾਂ ਮਕਸਦਾਂ ਦੇ ਇੱਕੋ ਜਿਹੇ ਹੋਣ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਪਰਮੇਸ਼ੁਰ ਕਹਿੰਦਾ ਹੈ: “ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ।” ਪਰਮੇਸ਼ੁਰ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ ਕਿਉਂਕਿ ਉਹ ਅੱਗੇ ਕਹਿੰਦਾ ਹੈ: “ਜਿਵੇਂ ਤਾਂ ਵਰਖਾ ਅਤੇ ਬਰਫ਼ ਅਕਾਸ਼ ਤੋਂ ਪੈਂਦੀ ਹੈ, ਅਤੇ ਉੱਥੇ ਨੂੰ ਮੁੜ ਨਹੀ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਐਉਂ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ, ਤਿਵੇਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”—ਯਸਾਯਾਹ 55:9-11.

2, 3. ਦੂਜੇ ਜ਼ਬੂਰ ਵਿਚ ਕਿਹੜੀ ਗੱਲ ਸਪੱਸ਼ਟ ਕੀਤੀ ਗਈ ਹੈ, ਪਰ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?

2 ਦੂਜੇ ਜ਼ਬੂਰ ਵਿਚ ਸਪੱਸ਼ਟ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਰਾਜ ਦੇ ਰਾਜੇ ਬਾਰੇ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ। ਇਸ ਜ਼ਬੂਰ ਦੇ ਲਿਖਾਰੀ ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਕ ਅਜਿਹਾ ਸਮਾਂ ਆਵੇਗਾ ਜਦੋਂ ਕੌਮਾਂ ਵਿਚ ਖਲਬਲੀ ਮਚੀ ਹੋਵੇਗੀ। ਇਨ੍ਹਾਂ ਕੌਮਾਂ ਦੇ ਹਾਕਮ ਯਹੋਵਾਹ ਅਤੇ ਉਸ ਦੇ ਮਸਹ ਕੀਤੇ ਹੋਏ ਰਾਜੇ ਵਿਰੁੱਧ ਉੱਠ ਖੜ੍ਹੇ ਹੋਣਗੇ। ਪਰ ਜ਼ਬੂਰਾਂ ਦੇ ਲਿਖਾਰੀ ਨੇ ਇਹ ਵੀ ਗਾਇਆ ਸੀ: “ਮੈਂ ਫ਼ਰਮਾਨ ਦਾ ਹੋਕਾ ਦਿਆਂਗਾ, ਯਹੋਵਾਹ ਨੇ ਮੈਨੂੰ ਆਖਿਆ ਹੈ ਕਿ ਤੂੰ ਮੇਰਾ ਪੁੱਤ੍ਰ ਹੈਂ, . . . ਮੈਥੋਂ ਮੰਗ ਅਤੇ ਮੈਂ ਕੌਮਾਂ ਤੇਰੀ ਮੀਰਾਸ, ਅਤੇ ਧਰਤੀ ਦੇ ਕੰਢੇ ਤੇਰੀ ਮਿਲਖ ਕਰ ਦਿਆਂਗਾ।”—ਜ਼ਬੂਰਾਂ ਦੀ ਪੋਥੀ 2:7, 8.

3 ‘ਯਹੋਵਾਹ ਦੇ ਫ਼ਰਮਾਨ’ ਦਾ ਕੌਮਾਂ ਲਈ ਕੀ ਮਤਲਬ ਹੈ? ਆਮ ਮਨੁੱਖਜਾਤੀ ਉੱਤੇ ਇਸ ਫ਼ਰਮਾਨ ਦਾ ਕੀ ਅਸਰ ਪਵੇਗਾ? ਇਸ ਫ਼ਰਮਾਨ ਦੀ ਪੂਰਤੀ ਦਾ ਦੂਜੇ ਜ਼ਬੂਰ ਨੂੰ ਪੜ੍ਹਨ ਵਾਲੇ ਸਾਰੇ ਧਰਮੀ ਪਾਠਕਾਂ ਲਈ ਕੀ ਮਤਲਬ ਹੈ?

ਕੌਮਾਂ ਡੰਡ ਪਾਉਂਦੀਆਂ ਹਨ

4. ਤੁਸੀਂ ਜ਼ਬੂਰਾਂ ਦੀ ਪੋਥੀ 2:1, 2 ਦੀਆਂ ਮੁੱਖ ਗੱਲਾਂ ਨੂੰ ਸੰਖੇਪ ਵਿਚ ਕਿਵੇਂ ਦੱਸੋਗੇ?

4 ਕੌਮਾਂ ਅਤੇ ਉਨ੍ਹਾਂ ਦੇ ਹਾਕਮਾਂ ਦੇ ਰਵੱਈਏ ਵੱਲ ਧਿਆਨ ਦਿਵਾਉਂਦੇ ਹੋਏ, ਜ਼ਬੂਰਾਂ ਦਾ ਲਿਖਾਰੀ ਇਨ੍ਹਾਂ ਸ਼ਬਦਾਂ ਵਿਚ ਗਾ ਕੇ ਭਜਨ ਲਿਖਣਾ ਸ਼ੁਰੂ ਕਰਦਾ ਹੈ: “ਕੌਮਾਂ ਕਾਹਨੂੰ ਡੰਡ ਪਾਉਂਦੀਆਂ ਹਨ, ਅਤੇ ਉੱਮਤਾਂ ਵਿਅਰਥ ਸੋਚਾਂ ਕਿਉਂ ਕਰਦੀਆਂ ਹਨ? ਯਹੋਵਾਹ ਅਰ ਉਹ ਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜੇ ਹੋਏ, ਅਤੇ ਹਾਕਮ ਆਪੋ ਵਿੱਚ ਮਤਾ ਪਕਾਉਂਦੇ ਹਨ।”—ਜ਼ਬੂਰਾਂ ਦੀ ਪੋਥੀ 2:1, 2. *

5, 6. ਕੌਮਾਂ ਕਿਹੜੀਆਂ ‘ਵਿਅਰਥ ਸੋਚਾਂ ਕਰਦੀਆਂ ਹਨ’?

5 ਅੱਜ ਕੌਮਾਂ ਕਿਹੜੀਆਂ ‘ਵਿਅਰਥ ਸੋਚਾਂ ਕਰਦੀਆਂ ਹਨ’? ਪਰਮੇਸ਼ੁਰ ਦੇ ਮਸਹ ਕੀਤੇ ਹੋਏ ਮਸੀਹਾ ਨੂੰ ਕਬੂਲ ਕਰਨ ਦੀ ਬਜਾਇ, ਕੌਮਾਂ ਇਸੇ ਸੋਚ ਵਿਚ ਪਈਆਂ ਹੋਈਆਂ ਹਨ ਕਿ ਉਹ ਆਪਣੀ ਪਦਵੀ ਨੂੰ ਕਿਵੇਂ ਬਚਾ ਕੇ ਰੱਖ ਸਕਦੀਆਂ ਹਨ। ਦੂਜੇ ਜ਼ਬੂਰ ਦੇ ਇਹ ਸ਼ਬਦ ਪਹਿਲੀ ਸਦੀ ਵਿਚ ਵੀ ਪੂਰੇ ਹੋਏ ਸਨ ਜਦੋਂ ਯਹੂਦੀ ਅਤੇ ਰੋਮੀ ਹਾਕਮਾਂ ਨੇ ਮਿਲ ਕੇ ਪਰਮੇਸ਼ੁਰ ਦੇ ਰਾਜ ਦੇ ਨਿਯੁਕਤ ਕੀਤੇ ਗਏ ਰਾਜੇ ਯਿਸੂ ਮਸੀਹ ਨੂੰ ਮਾਰਿਆ ਸੀ। ਪਰ ਇਨ੍ਹਾਂ ਸ਼ਬਦਾਂ ਦੀ ਵੱਡੀ ਪੂਰਤੀ 1914 ਵਿਚ ਹੋਣੀ ਸ਼ੁਰੂ ਹੋਈ ਜਦੋਂ ਯਿਸੂ ਨੂੰ ਸਵਰਗ ਵਿਚ ਰਾਜਾ ਬਣਾਇਆ ਗਿਆ ਸੀ। ਉਦੋਂ ਤੋਂ ਧਰਤੀ ਦੀ ਕਿਸੇ ਵੀ ਹਕੂਮਤ ਨੇ ਪਰਮੇਸ਼ੁਰ ਵੱਲੋਂ ਠਹਿਰਾਏ ਗਏ ਇਸ ਰਾਜੇ ਨੂੰ ਕਬੂਲ ਨਹੀਂ ਕੀਤਾ।

6 ਜ਼ਬੂਰਾਂ ਦੇ ਲਿਖਾਰੀ ਦੇ ਇਹ ਪੁੱਛਣ ਦਾ ਕੀ ਮਤਲਬ ਸੀ ਕਿ ‘ਉੱਮਤਾਂ ਵਿਅਰਥ ਸੋਚਾਂ ਕਿਉਂ ਕਰਦੀਆਂ ਸਨ?’ ਇਸ ਦਾ ਮਤਲਬ ਸੀ ਕਿ ਕੌਮਾਂ ਵਿਅਰਥ ਮਕਸਦ ਰੱਖਦੀਆਂ ਹਨ ਜੋ ਕਦੇ ਪੂਰਾ ਨਹੀਂ ਹੋਵੇਗਾ। ਧਰਤੀ ਉੱਤੇ ਸ਼ਾਂਤੀ ਲਿਆਉਣੀ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਫਿਰ ਵੀ ਉਹ ਪਰਮੇਸ਼ੁਰ ਦੀ ਹਕੂਮਤ ਖ਼ਿਲਾਫ਼ ਕੰਮ ਕਰਨੋਂ ਨਹੀਂ ਰੁਕਦੀਆਂ। ਦਰਅਸਲ, ਉਹ ਅੱਤ ਮਹਾਨ ਅਤੇ ਉਸ ਦੇ ਮਸਹ ਕੀਤੇ ਹੋਏ ਖ਼ਿਲਾਫ਼ ਉੱਠ ਖੜ੍ਹੀਆਂ ਹੋਈਆਂ ਹਨ ਅਤੇ ਉਨ੍ਹਾਂ ਵਿਰੁੱਧ ਮਤਾ ਪਕਾਉਂਦੀਆਂ ਹਨ। ਉਹ ਕਿੰਨੀ ਮੂਰਖਤਾ ਕਰ ਰਹੀਆਂ ਹਨ!

ਯਹੋਵਾਹ ਦਾ ਜੇਤੂ ਰਾਜਾ

7. ਯਿਸੂ ਦੇ ਪਹਿਲੀ ਸਦੀ ਦੇ ਚੇਲਿਆਂ ਨੇ ਪ੍ਰਾਰਥਨਾ ਵਿਚ ਜ਼ਬੂਰਾਂ ਦੀ ਪੋਥੀ 2:1, 2 ਦੇ ਸ਼ਬਦ ਕਿਵੇਂ ਲਾਗੂ ਕੀਤੇ ਸਨ?

7 ਯਿਸੂ ਦੇ ਚੇਲਿਆਂ ਨੇ ਜ਼ਬੂਰਾਂ ਦੀ ਪੋਥੀ 2:1, 2 ਦੇ ਸ਼ਬਦ ਯਿਸੂ ਤੇ ਲਾਗੂ ਕੀਤੇ ਸਨ। ਆਪਣੀ ਨਿਹਚਾ ਦੀ ਖ਼ਾਤਰ ਸਤਾਏ ਜਾਣ ਤੇ ਉਨ੍ਹਾਂ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਹੇ ਮਾਲਕ [ਯਹੋਵਾਹ] ਤੂੰਏਂ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸੱਭੋ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਰਚਿਆ। ਤੈਂ ਪਵਿੱਤ੍ਰ ਆਤਮਾ ਦੇ ਰਾਹੀਂ ਸਾਡੇ ਵਡੇਰੇ ਆਪਣੇ ਬੰਦੇ ਦਾਊਦ ਦੀ ਜ਼ਬਾਨੀ ਆਖਿਆ, ਕੌਮਾਂ ਕਾਹ ਨੂੰ ਡੰਡ ਪਾਈ ਹੈ, ਅਤੇ ਉੱਮਤਾਂ ਨੇ ਵਿਅਰਥ ਸੋਚਾਂ ਕਿਉਂ ਕੀਤੀਆਂ ਹਨ? ਧਰਤੀ ਦੇ ਰਾਜੇ ਉੱਠ ਖੜੇ ਹੋਏ, ਅਤੇ ਹਾਕਮ ਇਕੱਠੇ ਹੋਏ, ਪ੍ਰਭੁ ਅਰ ਉਹ ਦੇ ਮਸੀਹ ਦੇ ਵਿਰੁੱਧ। ਕਿਉਂ ਜੋ ਸੱਚੀ ਮੁੱਚੀ ਇਸੇ ਸ਼ਹਿਰ ਵਿੱਚ ਤੇਰੇ ਪਵਿੱਤ੍ਰ ਸੇਵਕ ਯਿਸੂ ਦੇ ਵਿਰੁੱਧ ਜਿਹ ਨੂੰ ਤੈਂ ਮਸਹ ਕੀਤਾ ਹੇਰੋਦੇਸ ਅਰ ਪੁੰਤਿਯੁਸ ਪਿਲਾਤੁਸ ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਸਣੇ ਇਕੱਠੇ ਹੋਏ।” (ਰਸੂਲਾਂ ਦੇ ਕਰਤੱਬ 4:23-27; ਲੂਕਾ 23:1-12) * ਜੀ ਹਾਂ, ਪਹਿਲੀ ਸਦੀ ਵਿਚ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਸੇਵਕ ਯਿਸੂ ਖ਼ਿਲਾਫ਼ ਸਾਜ਼ਸ਼ ਰਚੀ ਗਈ ਸੀ। ਪਰ ਸਦੀਆਂ ਬਾਅਦ ਇਸ ਜ਼ਬੂਰ ਦੀ ਇਕ ਹੋਰ ਪੂਰਤੀ ਵੀ ਹੋਣੀ ਸੀ।

8. ਜ਼ਬੂਰਾਂ ਦੀ ਪੋਥੀ 2:3 ਦੇ ਸ਼ਬਦ ਅੱਜ ਦੀਆਂ ਕੌਮਾਂ ਉੱਤੇ ਕਿਵੇਂ ਲਾਗੂ ਹੁੰਦੇ ਹਨ?

8 ਪੁਰਾਣੇ ਜ਼ਮਾਨੇ ਵਿਚ ਜਦੋਂ ਇਸਰਾਏਲ ਵਿਚ ਰਾਜਾ ਦਾਊਦ ਵਰਗੇ ਰਾਜੇ ਹਕੂਮਤ ਕਰਦੇ ਸਨ, ਤਾਂ ਗੁਆਂਢੀ ਕੌਮਾਂ ਅਤੇ ਉਨ੍ਹਾਂ ਦੇ ਹਾਕਮ ਪਰਮੇਸ਼ੁਰ ਅਤੇ ਉਸ ਦੇ ਠਹਿਰਾਏ ਹੋਏ ਰਾਜੇ ਦਾ ਵਿਰੋਧ ਕਰਦੇ ਸਨ। ਪਰ ਅੱਜ ਸਾਡੇ ਜ਼ਮਾਨੇ ਬਾਰੇ ਕੀ ਕਿਹਾ ਜਾ ਸਕਦਾ ਹੈ? ਅੱਜ ਦੀਆਂ ਕੌਮਾਂ ਯਹੋਵਾਹ ਅਤੇ ਮਸੀਹ ਦੀਆਂ ਮੰਗਾਂ ਅਨੁਸਾਰ ਨਹੀਂ ਚੱਲਣਾ ਚਾਹੁੰਦੀਆਂ। ਇਸ ਲਈ, ਇਨ੍ਹਾਂ ਮੰਗਾਂ ਨੂੰ ਠੁਕਰਾ ਕੇ ਮਾਨੋ ਉਹ ਕਹਿ ਰਹੀਆਂ ਹਨ: “ਆਓ, ਅਸੀਂ ਉਨ੍ਹਾਂ ਦਿਆਂ ਬੰਧਨਾਂ ਨੂੰ ਤੋੜ ਛੱਡੀਏ, ਅਤੇ ਉਨ੍ਹਾਂ ਦੀਆਂ ਰੱਸੀਆਂ ਆਪਣੇ ਉਦਾਲਿਓਂ ਲਾਹ ਸੁੱਟੀਏ।” (ਜ਼ਬੂਰਾਂ ਦੀ ਪੋਥੀ 2:3) ਜੀ ਹਾਂ, ਪਰਮੇਸ਼ੁਰ ਅਤੇ ਉਸ ਦੇ ਮਸੀਹ ਵੱਲੋਂ ਲਾਈ ਕਿਸੇ ਵੀ ਬੰਦਸ਼ ਦਾ ਇਹ ਹਾਕਮ ਅਤੇ ਕੌਮਾਂ ਵਿਰੋਧ ਕਰਨਗੇ। ਪਰ ਇਨ੍ਹਾਂ ਬੰਧਨਾਂ ਅਤੇ ਰੱਸੀਆਂ ਨੂੰ ਆਪਣੇ ਦੁਆਲਿਓਂ ਲਾਹੁਣ ਦੀ ਕੋਸ਼ਿਸ਼ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।

ਯਹੋਵਾਹ ਉਨ੍ਹਾਂ ਨੂੰ ਮਖੌਲਾਂ ਵਿਚ ਉਡਾਉਂਦਾ ਹੈ

9, 10. ਯਹੋਵਾਹ ਕੌਮਾਂ ਨੂੰ ਮਖੌਲਾਂ ਵਿਚ ਕਿਉਂ ਉਡਾਉਂਦਾ ਹੈ?

9 ਯਹੋਵਾਹ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਕੌਮਾਂ ਦੇ ਹਾਕਮ ਆਪਣੀ ਹਕੂਮਤ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੂਜਾ ਜ਼ਬੂਰ ਅੱਗੇ ਕਹਿੰਦਾ ਹੈ: “ਜਿਹੜਾ ਸੁਰਗ ਵਿੱਚ ਬੈਠਾ ਹੈ ਉਹ ਹੱਸੇਗਾ, ਪ੍ਰਭੁ ਓਹਨਾਂ ਨੂੰ ਮਖ਼ੌਲਾਂ ਵਿੱਚ ਉਡਾਵੇਗਾ।” (ਜ਼ਬੂਰਾਂ ਦੀ ਪੋਥੀ 2:4) ਯਹੋਵਾਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਅੱਗੇ ਵਧਦਾ ਜਾਂਦਾ ਹੈ ਅਤੇ ਹਾਕਮ ਉਸ ਨੂੰ ਰੋਕ ਨਹੀਂ ਸਕਦੇ। ਯਹੋਵਾਹ ਉਨ੍ਹਾਂ ਦੇ ਢੀਠਪੁਣੇ ਤੇ ਹੱਸਦਾ ਹੈ ਅਤੇ ਉਨ੍ਹਾਂ ਦਾ ਮਖੌਲ ਉਡਾਉਂਦਾ ਹੈ। ਭਾਵੇਂ ਉਹ ਆਪਣੀਆਂ ਵਿਓਂਤਾਂ ਤੇ ਸ਼ੇਖ਼ੀ ਮਾਰਦੇ ਹਨ, ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਤਾਂ ਉਹ ਇਕ ਹਾਸੇ ਦੀ ਚੀਜ਼ ਹੀ ਹਨ ਕਿਉਂਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਜਾਣਗੀਆਂ।

10 ਦਾਊਦ ਨੇ ਆਪਣੇ ਹੋਰਨਾਂ ਜ਼ਬੂਰਾਂ ਵਿਚ ਵੀ ਦੁਸ਼ਮਣ ਕੌਮਾਂ ਅਤੇ ਆਦਮੀਆਂ ਦਾ ਜ਼ਿਕਰ ਕਰਦਿਆਂ ਹੋਇਆ ਗਾਇਆ: “ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ, ਤੂੰ ਸਾਰੀਆਂ ਕੌਮਾਂ ਦੀ ਖਬਰ ਲੈਣ ਨੂੰ ਜਾਗ ਉੱਠ! ਕਿਸੇ ਖੋਟੇ ਬਦਕਾਰ ਉੱਤੇ ਦਯਾ ਨਾ ਕਰ! ਓਹ ਤਰਕਾਲਾਂ ਨੂੰ ਮੁੜ ਆਣ ਕੇ ਕੁੱਤੇ ਵਾਂਙੁ ਭੌਂਕਦੇ ਹਨ, ਅਤੇ ਨਗਰ ਵਿੱਚ ਘੁੰਮਦੇ ਫਿਰਦੇ ਹਨ। ਵੇਖ, ਓਹ ਆਪਣੇ ਮੂੰਹੋਂ ਡਕਾਰਦੇ ਹਨ, ਉਨ੍ਹਾਂ ਦੇ ਬੁੱਲ੍ਹਾਂ ਉੱਤੇ ਤਲਵਾਰਾਂ ਹਨ, ਕਿਉਂ ਜੋ ਓਹ ਆਖਦੇ ਹਨ, ਕੌਣ ਸੁਣਦਾ ਹੈ? ਪਰ ਹੇ ਯਹੋਵਾਹ, ਤੂੰ ਉਨ੍ਹਾਂ ਉੱਤੇ ਹੱਸੇਂਗਾ, ਤੂੰ ਸਾਰੀਆਂ ਕੌਮਾਂ ਨੂੰ ਠੱਠੇ ਵਿੱਚ ਉਡਾਵੇਂਗਾ!” (ਜ਼ਬੂਰਾਂ ਦੀ ਪੋਥੀ 59:5-8) ਯਹੋਵਾਹ ਕੌਮਾਂ ਉੱਤੇ ਹੱਸਦਾ ਹੈ ਕਿਉਂਕਿ ਉਹ ਆਪਣੀਆਂ ਵਿਓਂਤਾਂ ਤੇ ਸ਼ੇਖ਼ੀ ਤਾਂ ਮਾਰਦੀਆਂ ਹਨ, ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਆਪਣੀਆਂ ਵਿਓਂਤਾਂ ਨੂੰ ਕਿਵੇਂ ਸਿਰੇ ਚਾੜ੍ਹਨ।

11. ਜਦ ਕੌਮਾਂ ਯਹੋਵਾਹ ਦੇ ਮਕਸਦ ਦੇ ਖ਼ਿਲਾਫ਼ ਚੱਲਣ ਦੀ ਕੋਸ਼ਿਸ਼ ਕਰਦੀਆਂ ਹਨ, ਤਾਂ ਉਨ੍ਹਾਂ ਨਾਲ ਕੀ ਹੁੰਦਾ ਹੈ?

11 ਦੂਜੇ ਜ਼ਬੂਰ ਦੇ ਸ਼ਬਦ ਸਾਡੀ ਨਿਹਚਾ ਨੂੰ ਮਜ਼ਬੂਤ ਕਰਦੇ ਹਨ ਕਿ ਪਰਮੇਸ਼ੁਰ ਹਰ ਚੁਣੌਤੀ ਦਾ ਮੂੰਹ-ਤੋੜ ਜਵਾਬ ਦੇ ਸਕਦਾ ਹੈ। ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਹਮੇਸ਼ਾ ਆਪਣੀ ਮਰਜ਼ੀ ਪੂਰੀ ਕਰਦਾ ਹੈ ਤੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਦੇ ਤਿਆਗਦਾ ਨਹੀਂ। (ਜ਼ਬੂਰਾਂ ਦੀ ਪੋਥੀ 94:14) ਤਾਂ ਫਿਰ ਜਦ ਕੌਮਾਂ ਯਹੋਵਾਹ ਦੇ ਮਕਸਦ ਦੇ ਖ਼ਿਲਾਫ਼ ਚੱਲਣ ਦੀ ਕੋਸ਼ਿਸ਼ ਕਰਦੀਆਂ ਹਨ, ਤਾਂ ਉਨ੍ਹਾਂ ਨਾਲ ਕੀ ਹੁੰਦਾ ਹੈ? ਇਸ ਜ਼ਬੂਰ ਦੇ ਮੁਤਾਬਕ ਪਰਮੇਸ਼ੁਰ ਬੱਦਲ ਦੇ ਗਰਜਣ ਵਾਂਗ “ਓਹਨਾਂ ਨਾਲ ਆਪਣੇ ਕ੍ਰੋਧ ਵਿੱਚ ਬੋਲੇਗਾ।” ਇਸ ਤੋਂ ਇਲਾਵਾ, ਉਹ “ਆਪਣੇ ਕੋਪ ਨਾਲ ਓਹਨਾਂ ਨੂੰ ਔਖਿਆਂ ਕਰੇਗਾ” ਜਿਵੇਂ ਕਿ ਉਨ੍ਹਾਂ ਉੱਤੇ ਬਿਜਲੀ ਡਿਗੀ ਹੋਵੇ।—ਜ਼ਬੂਰਾਂ ਦੀ ਪੋਥੀ 2:5.

ਪਰਮੇਸ਼ੁਰ ਨੇ ਆਪਣੇ ਪਾਤਸ਼ਾਹ ਨੂੰ ਗੱਦੀ ਤੇ ਬਿਠਾਇਆ

12. ਜ਼ਬੂਰਾਂ ਦੀ ਪੋਥੀ 2:6 ਦੇ ਅਨੁਸਾਰ ਪਾਤਸ਼ਾਹ ਨੂੰ ਕਿੱਥੇ ਬਿਠਾਇਆ ਗਿਆ ਹੈ?

12 ਜ਼ਬੂਰਾਂ ਦੇ ਲਿਖਾਰੀ ਰਾਹੀਂ ਕਹੇ ਪਰਮੇਸ਼ੁਰ ਦੇ ਅਗਲੇ ਸ਼ਬਦ ਕੌਮਾਂ ਨੂੰ ਪਰੇਸ਼ਾਨ ਕਰਦੇ ਹਨ। ਪਰਮੇਸ਼ੁਰ ਐਲਾਨ ਕਰਦਾ ਹੈ: “ਮੈਂ ਆਪਣੇ ਪਵਿੱਤਰ ਪਰਬਤ ਸੀਯੋਨ ਉੱਤੇ ਆਪਣੇ ਪਾਤਸ਼ਾਹ ਨੂੰ ਬਹਾ ਦਿੱਤਾ ਹੈ।” (ਜ਼ਬੂਰਾਂ ਦੀ ਪੋਥੀ 2:6) ਸੀਯੋਨ ਪਰਬਤ ਯਰੂਸ਼ਲਮ ਵਿਚ ਇਕ ਪਹਾੜ ਸੀ ਜਿੱਥੇ ਦਾਊਦ ਨੂੰ ਸਾਰੇ ਇਸਰਾਏਲ ਉੱਤੇ ਰਾਜਾ ਬਣਾਇਆ ਗਿਆ ਸੀ। ਪਰ ਮਸੀਹਾਈ ਪਾਤਸ਼ਾਹ ਉਸ ਸ਼ਹਿਰ ਵਿਚ ਜਾਂ ਧਰਤੀ ਦੀ ਕਿਸੇ ਹੋਰ ਥਾਂ ਤੇ ਸਿੰਘਾਸਣ ਉੱਤੇ ਨਹੀਂ ਬੈਠੇਗਾ। ਦਰਅਸਲ, ਯਹੋਵਾਹ ਆਪਣੇ ਮਸੀਹਾਈ ਰਾਜੇ ਯਿਸੂ ਮਸੀਹ ਨੂੰ ਸਵਰਗੀ ਸੀਯੋਨ ਪਹਾੜ ਉੱਤੇ ਬਿਠਾ ਚੁੱਕਾ ਹੈ।—ਪਰਕਾਸ਼ ਦੀ ਪੋਥੀ 14:1.

13. ਯਹੋਵਾਹ ਨੇ ਆਪਣੇ ਪੁੱਤਰ ਨਾਲ ਕਿਹੜਾ ਨੇਮ ਬੰਨ੍ਹਿਆ?

13 ਇਸ ਜ਼ਬੂਰ ਵਿਚ ਅੱਗੇ ਮਸੀਹਾਈ ਰਾਜਾ ਆਪ ਗੱਲ ਕਰਦਾ ਹੈ। ਉਹ ਕਹਿੰਦਾ ਹੈ: “ਮੈਂ ਫ਼ਰਮਾਨ ਦਾ ਹੋਕਾ ਦਿਆਂਗਾ, ਯਹੋਵਾਹ ਨੇ ਮੈਨੂੰ ਆਖਿਆ ਹੈ ਕਿ ਤੂੰ ਮੇਰਾ ਪੁੱਤ੍ਰ ਹੈਂ, ਮੈਂ ਅੱਜ ਤੈਨੂੰ ਜਨਮ ਦੁਆਇਆ ਹੈ।” (ਜ਼ਬੂਰਾਂ ਦੀ ਪੋਥੀ 2:7) ਯਿਸੂ ਦੇ ਪਿਤਾ ਯਹੋਵਾਹ ਨੇ ਉਸ ਨਾਲ ਰਾਜ ਦਾ ਨੇਮ ਬੰਨ੍ਹਿਆ ਹੈ। ਇਸ ਨੇਮ ਬਾਰੇ ਜ਼ਿਕਰ ਕਰਦਿਆਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ।”—ਲੂਕਾ 22:28, 29.

14. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਪਾਤਸ਼ਾਹ ਬਣਨ ਦਾ ਜਾਇਜ਼ ਹੱਕਦਾਰ ਹੈ?

14 ਜਿਵੇਂ ਜ਼ਬੂਰਾਂ ਦੀ ਪੋਥੀ 2:7 ਵਿਚ ਪਹਿਲਾਂ ਹੀ ਦੱਸਿਆ ਗਿਆ ਸੀ, ਯਹੋਵਾਹ ਨੇ ਯਿਸੂ ਦੀ ਪਛਾਣ ਉਦੋਂ ਆਪਣੇ ਪੁੱਤਰ ਦੇ ਤੌਰ ਤੇ ਕਰਾਈ ਜਦੋਂ ਯਿਸੂ ਨੇ ਬਪਤਿਸਮਾ ਲਿਆ ਸੀ ਅਤੇ ਜਦੋਂ ਯਹੋਵਾਹ ਨੇ ਉਸ ਨੂੰ ਦੁਬਾਰਾ ਆਤਮਿਕ ਸਰੀਰ ਵਿਚ ਜੀਉਂਦਾ ਕੀਤਾ ਸੀ। (ਮਰਕੁਸ 1:9-11; ਰੋਮੀਆਂ 1:4; ਇਬਰਾਨੀਆਂ 1:5; 5:5) ਜੀ ਹਾਂ, ਸਵਰਗੀ ਰਾਜ ਦਾ ਰਾਜਾ ਪਰਮੇਸ਼ੁਰ ਦਾ ਆਪਣਾ ਇਕਲੌਤਾ ਪੁੱਤਰ ਹੈ। (ਯੂਹੰਨਾ 3:16) ਰਾਜਾ ਦਾਊਦ ਦੇ ਸ਼ਾਹੀ ਵੰਸ਼ ਵਿੱਚੋਂ ਹੋਣ ਕਰਕੇ ਯਿਸੂ ਪਾਤਸ਼ਾਹ ਬਣਨ ਦਾ ਜਾਇਜ਼ ਹੱਕਦਾਰ ਹੈ। (2 ਸਮੂਏਲ 7:4-17; ਮੱਤੀ 1:6, 16) ਇਸ ਜ਼ਬੂਰ ਦੇ ਅਨੁਸਾਰ ਪਰਮੇਸ਼ੁਰ ਆਪਣੇ ਪੁੱਤਰ ਨੂੰ ਕਹਿੰਦਾ ਹੈ: “ਮੈਥੋਂ ਮੰਗ ਅਤੇ ਮੈਂ ਕੌਮਾਂ ਤੇਰੀ ਮੀਰਾਸ, ਅਤੇ ਧਰਤੀ ਦੇ ਕੰਢੇ ਤੇਰੀ ਮਿਲਖ ਕਰ ਦਿਆਂਗਾ।”—ਜ਼ਬੂਰਾਂ ਦੀ ਪੋਥੀ 2:8.

15. ਯਿਸੂ ਵਿਰਾਸਤ ਦੇ ਤੌਰ ਤੇ ਪਰਮੇਸ਼ੁਰ ਤੋਂ ਕੌਮਾਂ ਕਿਉਂ ਮੰਗਦਾ ਹੈ?

15 ਪਰਮੇਸ਼ੁਰ ਦਾ ਪੁੱਤਰ ਯਹੋਵਾਹ ਤੋਂ ਬਾਅਦ ਦੂਜੇ ਸਥਾਨ ਤੇ ਪਾਤਸ਼ਾਹ ਹੈ। ਯਿਸੂ ਪਰਖੇ ਜਾਣ ਤੇ ਯਹੋਵਾਹ ਦਾ ਵਫ਼ਾਦਾਰ ਅਤੇ ਭਰੋਸੇਯੋਗ ਪੁੱਤਰ ਸਾਬਤ ਹੋਇਆ ਸੀ। ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਜੇਠਾ ਪੁੱਤਰ ਹੋਣ ਕਰਕੇ ਉਹ ਯਹੋਵਾਹ ਦਾ ਵਾਰਸ ਹੈ। ਉਹ “ਅਲੱਖ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ।” (ਕੁਲੁੱਸੀਆਂ 1:15) ਉਸ ਨੂੰ ਬਸ ਪਰਮੇਸ਼ੁਰ ਤੋਂ ਮੰਗਣ ਦੀ ਲੋੜ ਹੈ ਤੇ ਪਰਮੇਸ਼ੁਰ ‘ਕੌਮਾਂ ਉਸ ਨੂੰ ਮੀਰਾਸ, ਅਤੇ ਧਰਤੀ ਦੇ ਕੰਢੇ ਉਸ ਦੀ ਮਿਲਖ ਕਰ ਦੇਵੇਗਾ।’ ਯਿਸੂ ਇਨ੍ਹਾਂ ਚੀਜ਼ਾਂ ਲਈ ਪਰਮੇਸ਼ੁਰ ਨੂੰ ਬੇਨਤੀ ਕਰਦਾ ਹੈ ਕਿਉਂਕਿ ਉਹ “ਆਦਮ ਵੰਸੀਆਂ ਨਾਲ ਪਰਸੰਨ” ਹੈ ਅਤੇ ਧਰਤੀ ਨਾਲੇ ਮਨੁੱਖਜਾਤੀ ਸੰਬੰਧੀ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਦੀ ਗਹਿਰੀ ਇੱਛਾ ਰੱਖਦਾ ਹੈ।—ਕਹਾਉਤਾਂ 8:30, 31.

ਕੌਮਾਂ ਖ਼ਿਲਾਫ਼ ਯਹੋਵਾਹ ਦਾ ਫ਼ਰਮਾਨ

16, 17. ਜ਼ਬੂਰਾਂ ਦੀ ਪੋਥੀ 2:9 ਦੇ ਅਨੁਸਾਰ ਕੌਮਾਂ ਨਾਲ ਕੀ ਹੋਣ ਵਾਲਾ ਹੈ?

16 ਅੱਜ ਯਿਸੂ ਦੀ ਅਦਿੱਖ ਮੌਜੂਦਗੀ ਦੌਰਾਨ ਦੂਜੇ ਜ਼ਬੂਰ ਦੀ ਪੂਰਤੀ ਹੋ ਰਹੀ ਹੈ। ਤਾਂ ਫਿਰ ਛੇਤੀ ਹੀ ਕੌਮਾਂ ਦਾ ਕੀ ਹਸ਼ਰ ਹੋਣ ਵਾਲਾ ਹੈ? ਰਾਜਾ ਬਹੁਤ ਜਲਦੀ ਪਰਮੇਸ਼ੁਰ ਦੇ ਫ਼ਰਮਾਨ ਅਨੁਸਾਰ ਕਾਰਵਾਈ ਕਰੇਗਾ: “ਤੂੰ ਲੋਹੇ ਦੇ ਡੰਡੇ ਨਾਲ ਓਹਨਾਂ [ਕੌਮਾਂ] ਨੂੰ ਭੰਨ ਸੁੱਟੇਂਗਾ, ਘੁਮਿਆਰ ਦੇ ਭਾਂਡੇ ਵਾਂਙੁ ਤੂੰ ਓਹਨਾਂ ਨੂੰ ਚਕਨਾਚੂਰ ਕਰ ਦੇਵੇਂਗਾ।”—ਜ਼ਬੂਰਾਂ ਦੀ ਪੋਥੀ 2:9.

17 ਪੁਰਾਣੇ ਜ਼ਮਾਨੇ ਵਿਚ ਰਾਜਿਆਂ ਦੇ ਡੰਡੇ ਸ਼ਾਹੀ ਅਧਿਕਾਰ ਦੇ ਪ੍ਰਤੀਕ ਹੁੰਦੇ ਸਨ। ਕੁਝ ਡੰਡੇ ਲੋਹੇ ਦੇ ਬਣੇ ਹੁੰਦੇ ਸਨ ਜਿਵੇਂ ਕਿ ਇਸ ਜ਼ਬੂਰ ਵਿਚ ਦੱਸਿਆ ਹੈ। ਇੱਥੇ ਲੋਹੇ ਦਾ ਡੰਡਾ ਸੰਕੇਤ ਕਰਦਾ ਹੈ ਕਿ ਰਾਜਾ ਯਿਸੂ ਬੜੀ ਆਸਾਨੀ ਨਾਲ ਕੌਮਾਂ ਦਾ ਨਾਸ਼ ਕਰ ਦੇਵੇਗਾ। ਲੋਹੇ ਦੇ ਡੰਡੇ ਦਾ ਇੱਕੋ ਜ਼ਬਰਦਸਤ ਵਾਰ ਘੁਮਿਆਰ ਦੇ ਭਾਂਡੇ ਨੂੰ ਚਕਨਾਚੂਰ ਕਰ ਸਕਦਾ ਹੈ।

18, 19. ਪਰਮੇਸ਼ੁਰ ਦੀ ਮਿਹਰ ਪਾਉਣ ਲਈ ਦੁਨੀਆਂ ਦੇ ਹਾਕਮਾਂ ਨੂੰ ਕੀ ਕਰਨ ਦੀ ਲੋੜ ਹੈ?

18 ਕੀ ਕੌਮਾਂ ਦੇ ਹਾਕਮ ਇਸ ਤਬਾਹੀ ਤੋਂ ਬਚ ਨਹੀਂ ਸਕਦੇ? ਹਾਂ, ਬਚ ਸਕਦੇ ਹਨ ਕਿਉਂਕਿ ਜ਼ਬੂਰਾਂ ਦਾ ਲਿਖਾਰੀ ਉਨ੍ਹਾਂ ਨੂੰ ਇਨ੍ਹਾਂ ਸ਼ਬਦਾਂ ਨਾਲ ਬੇਨਤੀ ਕਰਦਾ ਹੈ: “ਹੁਣ ਹੇ ਰਾਜਿਓ, ਸਿਆਣੇ ਬਣੋ, ਅਤੇ ਹੇ ਧਰਤੀ ਦੇ ਨਿਆਈਓ, ਤੁਸੀਂ ਸਮਝ ਜਾਓ।” (ਜ਼ਬੂਰਾਂ ਦੀ ਪੋਥੀ 2:10) ਇਨ੍ਹਾਂ ਹਾਕਮਾਂ ਨੂੰ ਗੰਭੀਰਤਾ ਨਾਲ ਸੋਚਣ ਅਤੇ ਸਿਆਣੇ ਬਣਨ ਦੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਨੂੰ ਆਪਣੀਆਂ ਸਕੀਮਾਂ ਦੇ ਵਿਅਰਥਪੁਣੇ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਰਾਜ ਇਨਸਾਨਾਂ ਦੇ ਫ਼ਾਇਦੇ ਲਈ ਕੀ ਕੁਝ ਕਰਨ ਵਾਲਾ ਹੈ।

19 ਪਰਮੇਸ਼ੁਰ ਦੀ ਮਿਹਰ ਪਾਉਣ ਲਈ ਧਰਤੀ ਦੇ ਰਾਜਿਆਂ ਨੂੰ ਆਪਣਾ ਰਵੱਈਆ ਬਦਲਣ ਦੀ ਲੋੜ ਹੈ। ਉਨ੍ਹਾਂ ਨੂੰ ਇਹ ਨਸੀਹਤ ਦਿੱਤੀ ਗਈ ਹੈ: “ਭੈ ਨਾਲ ਯਹੋਵਾਹ ਦੀ ਸੇਵਾ ਕਰੋ ਅਤੇ ਕੰਬਦੇ ਕੰਬਦੇ ਖੁਸ਼ੀ ਮਨਾਓ।” (ਜ਼ਬੂਰਾਂ ਦੀ ਪੋਥੀ 2:11) ਕੀ ਇਸ ਤਰ੍ਹਾਂ ਕਰਨ ਦਾ ਕੋਈ ਫ਼ਾਇਦਾ ਹੋਵੇਗਾ? ਜੇ ਉਹ ਯਹੋਵਾਹ ਦੀ ਸੇਵਾ ਕਰਨ, ਤਾਂ ਉਹ ਪਰੇਸ਼ਾਨ ਹੋਣ ਦੀ ਬਜਾਇ ਖ਼ੁਸ਼ ਹੋ ਸਕਦੇ ਹਨ ਕਿ ਭਵਿੱਖ ਵਿਚ ਮਸੀਹਾਈ ਰਾਜਾ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਦੇਣ ਵਾਲਾ ਹੈ। ਉਨ੍ਹਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਘਮੰਡ ਅਤੇ ਹੰਕਾਰ ਨੂੰ ਛੱਡ ਦੇਣ। ਨਾਲੇ ਇਸ ਤੋਂ ਪਹਿਲਾਂ ਕਿ ਦੇਰ ਹੋ ਜਾਏ, ਉਨ੍ਹਾਂ ਨੂੰ ਇਹ ਸਿਆਣ ਲੈਣਾ ਚਾਹੀਦਾ ਹੈ ਕਿ ਯਹੋਵਾਹ ਦੀ ਹਕੂਮਤ ਇਨਸਾਨਾਂ ਦੀ ਹਕੂਮਤ ਨਾਲੋਂ ਕਿਤੇ ਉੱਤਮ ਹੈ ਜਿਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਅਤੇ ਦੁਨੀਆਂ ਦੀ ਕੋਈ ਵੀ ਤਾਕਤ ਪਰਮੇਸ਼ੁਰ ਅਤੇ ਮਸੀਹਾਈ ਰਾਜੇ ਦੀ ਤਾਕਤ ਦਾ ਸਾਮ੍ਹਣਾ ਨਹੀਂ ਕਰ ਸਕਦੀ।

“ਪੁੱਤ੍ਰ ਨੂੰ ਚੁੰਮੋ”

20, 21. ‘ਪੁੱਤ੍ਰ ਨੂੰ ਚੁੰਮਣ’ ਦਾ ਕੀ ਮਤਲਬ ਹੈ?

20 ਦੂਜੇ ਜ਼ਬੂਰ ਵਿਚ ਅੱਗੇ ਯਹੋਵਾਹ ਕੌਮਾਂ ਦੇ ਹਾਕਮਾਂ ਉੱਤੇ ਦਇਆ ਕਰਦੇ ਹੋਏ ਉਨ੍ਹਾਂ ਨੂੰ ਇਕ ਸੱਦਾ ਦਿੰਦਾ ਹੈ। ਵਿਰੋਧ ਵਿਚ ਖੜ੍ਹੇ ਹੋਣ ਦੀ ਬਜਾਇ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ: “ਪੁੱਤ੍ਰ ਨੂੰ ਚੁੰਮੋ ਮਤੇ ਉਹ [ਯਹੋਵਾਹ ਪਰਮੇਸ਼ੁਰ] ਕ੍ਰੋਧ ਵਿੱਚ ਆਵੇ, ਅਤੇ ਤੁਸੀਂ ਰਾਹ ਵਿੱਚ ਹੀ ਨਾਸ ਹੋ ਜਾਓ, ਕਿਉਂ ਜੋ ਉਸ ਦਾ ਕ੍ਰੋਧ ਝੱਟ ਭੜਕ ਉੱਠੇਗਾ।” (ਜ਼ਬੂਰਾਂ ਦੀ ਪੋਥੀ 2:12) ਜਦੋਂ ਸਾਰੇ ਜਹਾਨ ਦਾ ਮਾਲਕ ਯਹੋਵਾਹ ਫ਼ਰਮਾਨ ਜਾਰੀ ਕਰਦਾ ਹੈ, ਤਾਂ ਉਸ ਦੇ ਆਖੇ ਲੱਗਣਾ ਚਾਹੀਦਾ ਹੈ। ਜਦੋਂ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਗੱਦੀ ਉੱਤੇ ਬਿਠਾਇਆ, ਤਾਂ ਉਦੋਂ ਦੁਨੀਆਂ ਦੇ ਹਾਕਮਾਂ ਨੂੰ ‘ਵਿਅਰਥ ਸੋਚਾਂ ਕਰਨੀਆਂ’ ਬੰਦ ਕਰ ਦੇਣੀਆਂ ਚਾਹੀਦੀਆਂ ਸਨ। ਉਨ੍ਹਾਂ ਨੂੰ ਫ਼ੌਰਨ ਰਾਜੇ ਨੂੰ ਕਬੂਲ ਕਰ ਕੇ ਪੂਰੀ ਤਰ੍ਹਾਂ ਉਸ ਦੇ ਅਧੀਨ ਹੋ ਜਾਣਾ ਚਾਹੀਦਾ ਸੀ।

21 ਉਨ੍ਹਾਂ ਨੂੰ ਕਿਉਂ ‘ਪੁੱਤ੍ਰ ਨੂੰ ਚੁੰਮਣਾ’ ਚਾਹੀਦਾ ਹੈ? ਜਦੋਂ ਇਹ ਜ਼ਬੂਰ ਲਿਖਿਆ ਗਿਆ ਸੀ, ਉਸ ਵੇਲੇ ਚੁੰਮਣ ਨੂੰ ਦੋਸਤੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਇਸ ਤੋਂ ਇਲਾਵਾ, ਜਦੋਂ ਕਿਸੇ ਦੇ ਘਰ ਮਹਿਮਾਨ ਆਉਂਦੇ ਸਨ, ਤਾਂ ਮੇਜ਼ਬਾਨ ਮਹਿਮਾਨਾਂ ਦਾ ਚੁੰਮ ਕੇ ਸੁਆਗਤ ਕਰਦਾ ਸੀ। ਉਸ ਵੇਲੇ ਚੁੰਮਣ ਨੂੰ ਵਫ਼ਾਦਾਰੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਸੀ। (1 ਸਮੂਏਲ 10:1) ਦੂਜੇ ਜ਼ਬੂਰ ਦੀ ਇਸ ਆਇਤ ਵਿਚ ਪਰਮੇਸ਼ੁਰ ਕੌਮਾਂ ਨੂੰ ਹੁਕਮ ਦੇ ਰਿਹਾ ਹੈ ਕਿ ਉਹ ਉਸ ਦੇ ਪੁੱਤਰ ਨੂੰ ਮਸਹ ਕੀਤੇ ਹੋਏ ਰਾਜੇ ਦੇ ਤੌਰ ਤੇ ਚੁੰਮਣ ਜਾਂ ਉਸ ਦਾ ਸੁਆਗਤ ਕਰਨ।

22. ਕੌਮਾਂ ਦੇ ਹਾਕਮਾਂ ਨੂੰ ਕਿਹੜੀ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ?

22 ਜੋ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਦੇ ਅਧਿਕਾਰ ਨੂੰ ਕਬੂਲ ਨਹੀਂ ਕਰਦੇ, ਉਹ ਯਹੋਵਾਹ ਦਾ ਅਪਮਾਨ ਕਰਦੇ ਹਨ। ਉਹ ਸਾਰੀ ਦੁਨੀਆਂ ਉੱਤੇ ਯਹੋਵਾਹ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਨਹੀਂ ਪਛਾਣਦੇ ਅਤੇ ਨਾ ਹੀ ਮੰਨਦੇ ਹਨ ਕਿ ਯਹੋਵਾਹ ਕੋਲ ਇਨਸਾਨਾਂ ਲਈ ਸਭ ਤੋਂ ਵਧੀਆ ਰਾਜਾ ਚੁਣਨ ਦਾ ਅਧਿਕਾਰ ਅਤੇ ਕਾਬਲੀਅਤ ਹੈ। ਕੌਮਾਂ ਦੇ ਹਾਕਮ ਆਪਣੀਆਂ ਸਕੀਮਾਂ ਨੂੰ ਸਿਰੇ ਚਾੜ੍ਹਨ ਵਿਚ ਲੱਗੇ ਹੋਏ ਹਨ, ਪਰ ਇਕ ਅਜਿਹਾ ਦਿਨ ਆਵੇਗਾ ਜਦੋਂ ਉਨ੍ਹਾਂ ਉੱਤੇ ਅਚਾਨਕ ਪਰਮੇਸ਼ੁਰ ਦਾ ਕਹਿਰ ਟੁੱਟੇਗਾ। “ਉਸ ਦਾ ਕ੍ਰੋਧ ਝੱਟ ਭੜਕ ਉੱਠੇਗਾ” ਜਿਸ ਨੂੰ ਰੋਕਿਆ ਨਹੀਂ ਜਾ ਸਕਦਾ। ਕੌਮਾਂ ਦੇ ਹਾਕਮਾਂ ਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਪਹਿਲਾਂ ਹੀ ਚੇਤਾਵਨੀ ਦੇ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਜ਼ਿੰਦਗੀ ਬਚ ਸਕਦੀ ਹੈ।

23. ਸਾਰੇ ਲੋਕਾਂ ਕੋਲ ਅਜੇ ਵੀ ਕੀ ਕਰਨ ਦਾ ਸਮਾਂ ਹੈ?

23 ਅੱਖਾਂ ਖੋਲ੍ਹ ਦੇਣ ਵਾਲਾ ਇਹ ਜ਼ਬੂਰ ਇਸ ਤਰ੍ਹਾਂ ਸਮਾਪਤ ਹੁੰਦਾ ਹੈ: “ਧੰਨ ਹਨ ਓਹ ਜਿਹੜੇ ਉਸ [ਯਹੋਵਾਹ] ਵਿੱਚ ਪਨਾਹ ਲੈਂਦੇ ਹਨ।” (ਜ਼ਬੂਰਾਂ ਦੀ ਪੋਥੀ 2:12) ਹਰ ਇਨਸਾਨ ਕੋਲ ਅਜੇ ਵੀ ਯਹੋਵਾਹ ਦੀ ਪਨਾਹ ਵਿਚ ਆਉਣ ਦਾ ਸਮਾਂ ਹੈ। ਕੌਮਾਂ ਦੀਆਂ ਸਕੀਮਾਂ ਦਾ ਸਮਰਥਨ ਕਰਨ ਵਾਲਾ ਹਰ ਹਾਕਮ ਵੀ ਕੌਮਾਂ ਤੋਂ ਆਪਣਾ ਨਾਤਾ ਤੋੜ ਕੇ ਯਹੋਵਾਹ ਦੀ ਪਨਾਹ ਵਿਚ ਆ ਸਕਦਾ ਹੈ। ਯਹੋਵਾਹ ਉਨ੍ਹਾਂ ਨੂੰ ਮਸੀਹ ਦੇ ਰਾਜ ਅਧੀਨ ਸ਼ਰਨ ਦੇਵੇਗਾ। ਪਰ ਉਨ੍ਹਾਂ ਨੂੰ ਆਪਣੇ ਬਚਾਅ ਲਈ ਹੁਣੇ ਕਦਮ ਚੁੱਕਣੇ ਪੈਣਗੇ, ਇਸ ਤੋਂ ਪਹਿਲਾਂ ਕਿ ਮਸੀਹਾਈ ਰਾਜ ਵਿਰੋਧੀ ਕੌਮਾਂ ਦਾ ਨਾਸ਼ ਕਰ ਦੇਵੇ।

24. ਅਸੀਂ ਹੁਣ ਵੀ ਇਸ ਮੁਸ਼ਕਲਾਂ ਭਰੀ ਦੁਨੀਆਂ ਵਿਚ ਸੁਖੀ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ?

24 ਜੇ ਅਸੀਂ ਧਿਆਨ ਨਾਲ ਬਾਈਬਲ ਦਾ ਅਧਿਐਨ ਕਰੀਏ ਅਤੇ ਇਸ ਦੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੀਏ, ਤਾਂ ਅਸੀਂ ਹੁਣ ਵੀ ਇਸ ਮੁਸ਼ਕਲਾਂ ਭਰੀ ਦੁਨੀਆਂ ਵਿਚ ਸੁਖੀ ਜ਼ਿੰਦਗੀ ਜੀ ਸਕਦੇ ਹਾਂ। ਬਾਈਬਲ ਦੀ ਸਲਾਹ ਤੇ ਚੱਲਣ ਨਾਲ ਪਰਿਵਾਰਕ ਰਿਸ਼ਤੇ ਸੁਧਰਦੇ ਹਨ ਤੇ ਦੁਨੀਆਂ ਦੀਆਂ ਕਈ ਚਿੰਤਾਵਾਂ ਅਤੇ ਡਰਾਂ ਤੋਂ ਰਾਹਤ ਮਿਲਦੀ ਹੈ। ਬਾਈਬਲ ਦੇ ਅਸੂਲਾਂ ਤੇ ਚੱਲਣ ਨਾਲ ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਅਸੀਂ ਆਪਣੇ ਸਿਰਜਣਹਾਰ ਨੂੰ ਖ਼ੁਸ਼ ਕਰ ਰਹੇ ਹਾਂ। ਸਾਰੇ ਜਹਾਨ ਦੇ ਮਾਲਕ ਤੋਂ ਬਿਨਾਂ ਹੋਰ ਕੋਈ ਵੀ “ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ” ਨਹੀਂ ਕਰ ਸਕਦਾ। ਆਉਣ ਵਾਲਾ ਜੀਵਨ ਉਹ ਜ਼ਿੰਦਗੀ ਹੈ ਜੋ ਧਰਤੀ ਉੱਤੋਂ ਮਸੀਹ ਦੇ ਰਾਜ ਦਾ ਵਿਰੋਧ ਕਰਨ ਵਾਲੇ ਲੋਕਾਂ ਦਾ ਨਾਸ਼ ਹੋਣ ਤੋਂ ਬਾਅਦ ਮਿਲੇਗੀ।—1 ਤਿਮੋਥਿਉਸ 4:8.

25. ‘ਯਹੋਵਾਹ ਦਾ ਫ਼ਰਮਾਨ’ ਪੂਰਾ ਹੋ ਕੇ ਰਹੇਗਾ, ਇਸ ਲਈ ਅਸੀਂ ਆਪਣੇ ਸਮੇਂ ਵਿਚ ਕਿਹੜੀ ਘਟਨਾ ਵਾਪਰਨ ਦੀ ਉਮੀਦ ਰੱਖ ਸਕਦੇ ਹਾਂ?

25 ‘ਯਹੋਵਾਹ ਦਾ ਫ਼ਰਮਾਨ’ ਪੂਰਾ ਹੋ ਕੇ ਰਹੇਗਾ। ਸਾਡਾ ਸਿਰਜਣਹਾਰ ਹੋਣ ਦੇ ਨਾਤੇ, ਪਰਮੇਸ਼ੁਰ ਜਾਣਦਾ ਹੈ ਕਿ ਇਨਸਾਨਾਂ ਲਈ ਸਭ ਤੋਂ ਬਿਹਤਰ ਕੀ ਹੈ ਅਤੇ ਉਹ ਆਪਣੇ ਪਿਆਰੇ ਪੁੱਤਰ ਦੇ ਰਾਜ ਵਿਚ ਆਗਿਆਕਾਰ ਲੋਕਾਂ ਨੂੰ ਹਮੇਸ਼ਾ ਲਈ ਸ਼ਾਂਤੀ, ਸੰਤੁਸ਼ਟੀ ਅਤੇ ਸੁਰੱਖਿਆ ਦੇ ਕੇ ਆਪਣਾ ਮਕਸਦ ਪੂਰਾ ਕਰੇਗਾ। ਸਾਡੇ ਸਮੇਂ ਬਾਰੇ ਦਾਨੀਏਲ ਨਬੀ ਨੇ ਲਿਖਿਆ ਸੀ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ . . . ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀਏਲ 2:44) ਇਸ ਲਈ, ਇਹ ਹੁਣ ‘ਪੁੱਤ੍ਰ ਨੂੰ ਚੁੰਮਣ’ ਅਤੇ ਸਾਰੇ ਜਹਾਨ ਦੇ ਮਾਲਕ ਯਹੋਵਾਹ ਦੀ ਸੇਵਾ ਕਰਨ ਦਾ ਸਹੀ ਸਮਾਂ ਹੈ!

[ਫੁਟਨੋਟ]

^ ਪੈਰਾ 4 ਪੁਰਾਣੇ ਜ਼ਮਾਨੇ ਵਿਚ ਰਾਜਾ ਦਾਊਦ ਪਰਮੇਸ਼ੁਰ ਦਾ “ਮਸੀਹ” ਯਾਨੀ ਮਸਹ ਕੀਤਾ ਹੋਇਆ ਰਾਜਾ ਸੀ ਅਤੇ “ਧਰਤੀ ਦੇ ਰਾਜੇ” ਫਲਿਸਤੀਨ ਦੇ ਹਾਕਮ ਸਨ ਜਿਨ੍ਹਾਂ ਨੇ ਆਪਣੀਆਂ ਫ਼ੌਜਾਂ ਦਾਊਦ ਦੇ ਵਿਰੁੱਧ ਇਕੱਠੀਆਂ ਕੀਤੀਆਂ ਸਨ।

^ ਪੈਰਾ 7 ਮਸੀਹੀ ਯੂਨਾਨੀ ਸ਼ਾਸਤਰ ਦੇ ਹੋਰ ਹਵਾਲੇ ਵੀ ਦਿਖਾਉਂਦੇ ਹਨ ਕਿ ਯਿਸੂ ਹੀ ਦੂਜੇ ਜ਼ਬੂਰ ਵਿਚ ਜ਼ਿਕਰ ਕੀਤਾ ਪਰਮੇਸ਼ੁਰ ਦਾ ਮਸੀਹਾ ਹੈ। ਜ਼ਬੂਰਾਂ ਦੀ ਪੋਥੀ 2:7 ਦੀ ਤੁਲਨਾ ਰਸੂਲਾਂ ਦੇ ਕਰਤੱਬ 13:32, 33 ਅਤੇ ਇਬਰਾਨੀਆਂ 1:5; 5:5 ਨਾਲ ਕਰਨ ਤੇ ਵੀ ਇਹ ਗੱਲ ਸਪੱਸ਼ਟ ਹੁੰਦੀ ਹੈ। ਜ਼ਬੂਰਾਂ ਦੀ ਪੋਥੀ 2:9 ਅਤੇ ਪਰਕਾਸ਼ ਦੀ ਪੋਥੀ 2:27 ਵੀ ਦੇਖੋ।

ਤੁਸੀਂ ਕਿਵੇਂ ਜਵਾਬ ਦਿਓਗੇ?

• ਕੌਮਾਂ ਕਿਹੜੀਆਂ ‘ਵਿਅਰਥ ਸੋਚਾਂ ਕਰਦੀਆਂ ਹਨ’?

• ਯਹੋਵਾਹ ਕੌਮਾਂ ਨੂੰ ਮਖੌਲਾਂ ਵਿਚ ਕਿਉਂ ਉਡਾਉਂਦਾ ਹੈ?

• ਕੌਮਾਂ ਖ਼ਿਲਾਫ਼ ਪਰਮੇਸ਼ੁਰ ਦਾ ਕੀ ਫ਼ਰਮਾਨ ਹੈ?

• ‘ਪੁੱਤ੍ਰ ਨੂੰ ਚੁੰਮਣ’ ਦਾ ਕੀ ਮਤਲਬ ਹੈ?

[ਸਵਾਲ]

[ਸਫ਼ੇ 16 ਉੱਤੇ ਤਸਵੀਰ]

ਦਾਊਦ ਨੇ ਯਹੋਵਾਹ ਦੇ ਜੇਤੂ ਰਾਜੇ ਦੀ ਮਹਿਮਾ ਵਿਚ ਗੀਤ ਗਾਇਆ

[ਸਫ਼ੇ 17 ਉੱਤੇ ਤਸਵੀਰ]

ਇਸਰਾਏਲ ਦੇ ਹਾਕਮਾਂ ਅਤੇ ਲੋਕਾਂ ਨੇ ਯਿਸੂ ਖ਼ਿਲਾਫ਼ ਸਾਜ਼ਸ਼ ਰਚੀ ਸੀ

[ਸਫ਼ੇ 18 ਉੱਤੇ ਤਸਵੀਰ]

ਮਸੀਹ ਨੂੰ ਸਵਰਗੀ ਸੀਯੋਨ ਪਹਾੜ ਉੱਤੇ ਰਾਜੇ ਵਜੋਂ ਬਿਠਾਇਆ ਗਿਆ ਹੈ