ਯਿਸੂ ਦੀਆਂ ਕਰਾਮਾਤਾਂ—ਹਕੀਕਤ ਜਾਂ ਕਲਪਨਾ?
ਯਿਸੂ ਦੀਆਂ ਕਰਾਮਾਤਾਂ—ਹਕੀਕਤ ਜਾਂ ਕਲਪਨਾ?
‘ਲੋਕ ਯਿਸੂ ਮਸੀਹ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਉਸ ਨੇ ਬਚਨ ਨਾਲ ਰੂਹਾਂ ਨੂੰ ਕੱਢ ਦਿੱਤਾ ਅਰ ਸਾਰੇ ਰੋਗੀਆਂ ਨੂੰ ਚੰਗਿਆਂ ਕੀਤਾ।’ (ਮੱਤੀ 8:16) “[ਯਿਸੂ] ਨੇ ਉੱਠ ਕੇ ਪੌਣ ਨੂੰ ਦਬਕਾ ਦਿੱਤਾ ਅਤੇ ਝੀਲ ਨੂੰ ਕਿਹਾ, ਚੁੱਪ ਕਰ ਥੰਮ੍ਹ ਜਾਹ! ਤਾਂ ਪੌਣ ਥੰਮ੍ਹ ਗਈ ਅਤੇ ਵੱਡਾ ਚੈਨ ਹੋ ਗਿਆ।” (ਮਰਕੁਸ 4:39) ਇਨ੍ਹਾਂ ਆਇਤਾਂ ਬਾਰੇ ਤੁਸੀਂ ਕੀ ਸੋਚਦੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਇਹ ਗੱਲਾਂ ਵਾਕਈ ਵਾਪਰੀਆਂ ਸਨ? ਜਾਂ ਕੀ ਤੁਸੀਂ ਸੋਚਦੇ ਹੋ ਕਿ ਇਹ ਕੇਵਲ ਮਨ-ਘੜਤ ਕਹਾਣੀਆਂ ਹੀ ਹਨ?
ਅੱਜ ਬਹੁਤ ਸਾਰੇ ਲੋਕ ਯਿਸੂ ਦੀਆਂ ਕਰਾਮਾਤਾਂ ਉੱਤੇ ਸ਼ੱਕ ਕਰਦੇ ਹਨ। ਇਸ ਆਧੁਨਿਕ ਜ਼ਮਾਨੇ ਵਿਚ ਵਿਗਿਆਨੀਆਂ ਨੇ ਨਵੀਆਂ-ਨਵੀਆਂ ਕਾਢਾਂ ਕੱਢੀਆਂ ਹਨ। ਇਨਸਾਨ ਚੰਨ ਤੇ ਪਹੁੰਚ ਗਿਆ ਹੈ ਅਤੇ ਜਨੈਟਿਕ ਇੰਜੀਨੀਅਰਿੰਗ ਹਕੀਕਤ ਬਣ ਚੁੱਕੀ ਹੈ। ਤਾਂ ਫਿਰ ਪੜ੍ਹਿਆ-ਲਿਖਿਆ ਇਨਸਾਨ ਚਮਤਕਾਰਾਂ ਅਤੇ ਰੱਬੀ ਕ੍ਰਿਸ਼ਮਿਆਂ ਉੱਤੇ ਕਿਵੇਂ ਵਿਸ਼ਵਾਸ ਕਰ ਲਵੇ?
ਕੁਝ ਲੋਕ ਮੰਨਦੇ ਹਨ ਕਿ ਕਰਾਮਾਤਾਂ ਦੇ ਬਿਰਤਾਂਤ ਸਿਰਫ਼ ਮਨ-ਘੜਤ ਕਹਾਣੀਆਂ ਹੀ ਹਨ ਜੋ ਸੱਚ ਹੋ ਹੀ ਨਹੀਂ ਸਕਦੀਆਂ। “ਅਸਲੀ” ਯਿਸੂ ਦੀ ਹਕੀਕਤ ਦੱਸਣ ਦਾ ਦਾਅਵਾ ਕਰਨ ਵਾਲੀ ਇਕ ਕਿਤਾਬ ਮੁਤਾਬਕ, ਮਸੀਹ ਦੇ ਚਮਤਕਾਰਾਂ ਦੀਆਂ ਕਹਾਣੀਆਂ ਸਿਰਫ਼ “ਇਸ਼ਤਿਹਾਰਬਾਜ਼ੀ” ਹੀ ਹਨ ਜੋ ਈਸਾਈ ਧਰਮ ਨੂੰ ਫੈਲਾਉਣ ਲਈ ਘੜੀਆਂ ਗਈਆਂ ਸਨ।
ਕੁਝ ਲੋਕ ਯਿਸੂ ਦੀਆਂ ਕਰਾਮਾਤਾਂ ਨੂੰ ਸਰਾਸਰ ਝੂਠ ਕਹਿੰਦੇ ਹਨ। ਕੁਝ ਤਾਂ ਯਿਸੂ ਨੂੰ ਵੀ ਫਰੇਬੀ ਆਖਦੇ ਹਨ। ਦੂਸਰੀ ਸਦੀ ਸਾ. ਯੁ. ਦੇ ਰਹਿਣ ਵਾਲੇ ਜਸਟਿਨ ਮਾਰਟਰ ਮੁਤਾਬਕ, ਯਿਸੂ ਦੇ ਵੈਰੀਆਂ ਨੇ “ਉਸ ਨੂੰ ਜਾਦੂਗਰ ਅਤੇ ਠੱਗ ਕਿਹਾ।” ਕਈ ਕਹਿੰਦੇ ਹਨ ਕਿ ਯਿਸੂ “ਕੋਈ ਯਹੂਦੀ ਨਬੀ-ਨੁਬੀ ਨਹੀਂ ਸੀ,
ਸਗੋਂ ਉਹ ਤਾਂ ਦੇਵੀ-ਦੇਵਤਿਆਂ ਦਾ ਭਗਤ ਸੀ ਜਿਸ ਨੇ ਮੰਦਰਾਂ ਵਿਚ ਕਾਲਾ ਇਲਮ ਸਿੱਖਿਆ ਸੀ।”ਅਣਹੋਣੀ ਗੱਲ?
ਲੋਕਾਂ ਲਈ ਕਰਾਮਾਤਾਂ ਉੱਤੇ ਵਿਸ਼ਵਾਸ ਕਰਨਾ ਇੰਨਾ ਔਖਾ ਕਿਉਂ ਹੈ? ਜ਼ਿਆਦਾਤਰ ਲੋਕਾਂ ਲਈ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੁੰਦਾ ਹੈ ਕਿ ਅਲੌਕਿਕ ਸ਼ਕਤੀਆਂ ਵਰਗੀ ਵੀ ਕੋਈ ਚੀਜ਼ ਹੁੰਦੀ ਹੈ। ਇਕ ਨਾਸਤਿਕ ਨੌਜਵਾਨ ਨੇ ਕਿਹਾ: “ਮੈਂ ਕਰਾਮਾਤਾਂ ਨੂੰ ਨਹੀਂ ਮੰਨਦਾ!” ਫਿਰ ਉਸ ਨੇ 18ਵੀਂ ਸਦੀ ਦੇ ਸਕਾਟਿਸ਼ ਫ਼ਿਲਾਸਫ਼ਰ ਡੇਵਿਡ ਹਿਊਮ ਦੇ ਸ਼ਬਦਾਂ ਦਾ ਹਵਾਲਾ ਦਿੱਤਾ: “ਕਰਾਮਾਤਾਂ ਅਤੇ ਕੁਦਰਤੀ ਨਿਯਮਾਂ ਦਾ ਆਪਸ ਵਿਚ ਕੋਈ ਮੇਲ ਨਹੀਂ।”
ਪਰ ਸਾਨੂੰ ਕਿਸੇ ਘਟਨਾ ਨੂੰ ਅਣਹੋਣਾ ਕਹਿਣ ਵਿਚ ਕਾਹਲੀ ਨਹੀਂ ਕਰਨੀ ਚਾਹੀਦੀ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਦੇ ਅਨੁਸਾਰ, ਚਮਤਕਾਰ “ਉਸ ਘਟਨਾ ਨੂੰ ਕਹਿੰਦੇ ਹਨ ਜਿਸ ਨੂੰ ਕੁਦਰਤ ਦੇ ਗਿਆਤ ਨਿਯਮਾਂ ਦੇ ਆਧਾਰ ਤੇ ਨਹੀਂ ਸਮਝਾਇਆ ਜਾ ਸਕਦਾ।” ਇਸ ਪਰਿਭਾਸ਼ਾ ਦੇ ਅਨੁਸਾਰ ਤਾਂ ਇਕ ਸਦੀ ਪਹਿਲਾਂ ਪੁਲਾੜ ਯਾਤਰਾ, ਵਾਇਰਲੈੱਸ ਸੰਚਾਰ ਅਤੇ ਸੈਟੇਲਾਈਟ ਵਰਗੀਆਂ ਚੀਜ਼ਾਂ ਜ਼ਿਆਦਾਤਰ ਲੋਕਾਂ ਲਈ “ਕਰਾਮਾਤਾਂ” ਹੀ ਹੁੰਦੀਆਂ। ਤਾਂ ਫਿਰ, ਕਰਾਮਾਤਾਂ ਨੂੰ ਸਿਰਫ਼ ਇਸ ਲਈ ਅਣਹੋਣਾ ਕਹਿਣਾ ਮੂਰਖਤਾ ਹੋਵੇਗੀ ਕਿ ਅਸੀਂ ਮੌਜੂਦਾ ਜਾਣਕਾਰੀ ਦੇ ਆਧਾਰ ਤੇ ਇਨ੍ਹਾਂ ਨੂੰ ਨਹੀਂ ਸਮਝਾ ਸਕਦੇ।
ਬਾਈਬਲ ਵਿਚ ਯਿਸੂ ਮਸੀਹ ਦੀਆਂ ਕਰਾਮਾਤਾਂ ਦੇ ਬਿਰਤਾਂਤ ਸਾਨੂੰ ਕੀ ਦੱਸਦੇ ਹਨ? ਕੀ ਯਿਸੂ ਨੇ ਸੱਚ-ਮੁੱਚ ਕਰਾਮਾਤਾਂ ਕੀਤੀਆਂ ਸਨ ਜਾਂ ਕੀ ਇਹ ਨਿਰੀਆਂ ਕਹਾਣੀਆਂ ਹੀ ਹਨ?