Skip to content

Skip to table of contents

“ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ”

“ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ”

“ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ”

ਪਰਮੇਸ਼ੁਰ ਦੇ ਬਚਨ ਬਾਈਬਲ ਦੀ ਸੇਧ ‘ਸੋਨੇ ਨਾਲੋਂ ਸਗੋਂ ਬਹੁਤ ਕੁੰਦਨ ਸੋਨੇ ਨਾਲੋਂ ਮਨ ਭਾਉਂਦੀ ਹੈ।’ (ਜ਼ਬੂਰਾਂ ਦੀ ਪੋਥੀ 19:7-10) ਕਿਉਂ? ਕਿਉਂਕਿ “ਬੁੱਧਵਾਨ [ਯਹੋਵਾਹ] ਦੀ ਤਾਲੀਮ ਜੀਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰਹਿਣ ਲਈ ਹੈ।” (ਕਹਾਉਤਾਂ 13:14) ਪਰਮੇਸ਼ੁਰ ਦੇ ਬਚਨ ਦੀ ਸਲਾਹ ਉੱਤੇ ਚੱਲਣ ਨਾਲ ਅਸੀਂ ਨਾ ਸਿਰਫ਼ ਆਪਣੀਆਂ ਜ਼ਿੰਦਗੀਆਂ ਨੂੰ ਸੁਧਾਰ ਸਕਦੇ ਹਾਂ, ਸਗੋਂ ਉਨ੍ਹਾਂ ਫੰਦਿਆਂ ਤੋਂ ਵੀ ਬਚ ਸਕਦੇ ਹਾਂ ਜੋ ਸਾਡੀ ਜਾਨ ਲਈ ਖ਼ਤਰਾ ਹਨ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਦੇ ਬਚਨ ਦਾ ਗਿਆਨ ਲਈਏ ਅਤੇ ਇਸ ਉੱਤੇ ਅਮਲ ਕਰੀਏ।

ਕਹਾਉਤਾਂ 13:15-25 ਵਿਚ ਪੁਰਾਣੇ ਇਸਰਾਏਲ ਦੇ ਰਾਜੇ ਸੁਲੇਮਾਨ ਨੇ ਕਈ ਸਲਾਹਾਂ ਦਿੱਤੀਆਂ ਜੋ ਗਿਆਨ ਅਨੁਸਾਰ ਚੱਲਣ ਵਿਚ ਸਾਡੀ ਮਦਦ ਕਰਨਗੀਆਂ ਤਾਂਕਿ ਅਸੀਂ ਵਧੀਆ ਅਤੇ ਲੰਬੀ ਜ਼ਿੰਦਗੀ ਜੀ ਸਕੀਏ। * ਛੋਟੀਆਂ-ਛੋਟੀਆਂ ਕਹਾਵਤਾਂ ਇਸਤੇਮਾਲ ਕਰਦੇ ਹੋਏ ਉਸ ਨੇ ਦਿਖਾਇਆ ਕਿ ਪਰਮੇਸ਼ੁਰ ਦਾ ਬਚਨ ਲੋਕਾਂ ਦੀਆਂ ਨਜ਼ਰਾਂ ਵਿਚ ਸਨਮਾਨ ਦਾ ਪਾਤਰ ਬਣਨ, ਆਪਣੀ ਸੇਵਕਾਈ ਪ੍ਰਤੀ ਵਫ਼ਾਦਾਰ ਰਹਿਣ, ਤਾੜਨਾ ਪ੍ਰਤੀ ਸਹੀ ਨਜ਼ਰੀਆ ਰੱਖਣ ਅਤੇ ਦੋਸਤਾਂ ਦੀ ਚੋਣ ਸਮਝਦਾਰੀ ਨਾਲ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ। ਉਹ ਇਹ ਵੀ ਦੱਸਦਾ ਹੈ ਕਿ ਆਪਣੇ ਬੱਚਿਆਂ ਲਈ ਪਿੱਛੇ ਕੁਝ ਜਾਇਦਾਦ ਵਗੈਰਾ ਛੱਡ ਕੇ ਜਾਣਾ ਅਤੇ ਉਨ੍ਹਾਂ ਨੂੰ ਪਿਆਰ ਨਾਲ ਝਿੜਕਣਾ ਵੀ ਸਮਝਦਾਰੀ ਹੈ।

ਬੁੱਧੀਮਾਨੀ ਨਾਲ ਚੱਲਣ ਵਾਲੇ ਦਾ ਸਨਮਾਨ ਹੁੰਦਾ ਹੈ

ਸੁਲੇਮਾਨ ਨੇ ਕਿਹਾ: “ਸੁੱਧ ਬੁੱਧ ਦੇ ਕਾਰਨ ਮੰਨਤਾ ਹੁੰਦੀ ਹੈ, ਪਰ ਛਲੀਆਂ ਦਾ ਰਾਹ ਬਿਖੜਾ ਹੁੰਦਾ ਹੈ।” (ਕਹਾਉਤਾਂ 13:15) ਇਕ ਕਿਤਾਬ ਅਨੁਸਾਰ “ਸੁੱਧ ਬੁੱਧ” ਲਈ ਇਬਰਾਨੀ ਭਾਸ਼ਾ ਦੇ ਸ਼ਬਦਾਂ ਦਾ ਮਤਲਬ ਹੈ ‘ਗੱਲ ਜਾਂ ਹਾਲਾਤ ਨੂੰ ਸਮਝਣ ਅਤੇ ਸਹੀ ਰਾਇ ਦੇਣ ਦੀ ਯੋਗਤਾ ਹੋਣੀ।’ ਜਿਸ ਵਿਅਕਤੀ ਵਿਚ ਇਹ ਯੋਗਤਾਵਾਂ ਹੁੰਦੀਆਂ ਹਨ, ਲੋਕ ਉਸ ਦੀ ਮਾਨਤਾ ਯਾਨੀ ਸਨਮਾਨ ਕਰਦੇ ਹਨ।

ਧਿਆਨ ਦਿਓ ਕਿ ਪੌਲੁਸ ਆਪਣੇ ਮਸੀਹੀ ਦੋਸਤ ਫਿਲੇਮੋਨ ਨਾਲ ਕਿਵੇਂ ਸਮਝਦਾਰੀ ਨਾਲ ਪੇਸ਼ ਆਇਆ ਸੀ ਜਦੋਂ ਉਸ ਨੇ ਫਿਲੇਮੋਨ ਦੇ ਮਸੀਹੀ ਬਣ ਚੁੱਕੇ ਭਗੌੜੇ ਗ਼ੁਲਾਮ ਉਨੇਸਿਮੁਸ ਨੂੰ ਵਾਪਸ ਉਸ ਕੋਲ ਘੱਲਿਆ ਸੀ। ਪੌਲੁਸ ਨੇ ਫਿਲੇਮੋਨ ਨੂੰ ਬੇਨਤੀ ਕੀਤੀ ਕਿ ਉਹ ਉਨੇਸਿਮੁਸ ਨਾਲ ਪਿਆਰ ਨਾਲ ਪੇਸ਼ ਆਵੇ, ਜਿਵੇਂ ਉਹ ਖ਼ੁਦ ਪੌਲੁਸ ਨਾਲ ਪੇਸ਼ ਆਉਂਦਾ। ਅਸਲ ਵਿਚ ਪੌਲੁਸ ਨੇ ਫਿਲੇਮੋਨ ਨੂੰ ਕਿਹਾ ਸੀ ਕਿ ਜੇ ਉਨੇਸਿਮੁਸ ਨੇ ਉਸ ਦਾ ਕਰਜ਼ਾ ਦੇਣਾ ਹੈ, ਤਾਂ ਪੌਲੁਸ ਆਪ ਉਹ ਕਰਜ਼ਾ ਉਸ ਨੂੰ ਦੇ ਦੇਵੇਗਾ। ਪੌਲੁਸ ਚਾਹੁੰਦਾ, ਤਾਂ ਆਪਣਾ ਅਧਿਕਾਰ ਵਰਤਦੇ ਹੋਏ ਫਿਲੇਮੋਨ ਨੂੰ ਉਨੇਸਿਮੁਸ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਦਾ ਹੁਕਮ ਦੇ ਸਕਦਾ ਸੀ। ਪਰ ਉਸ ਨੇ ਹੁਕਮ ਦੇਣ ਦੀ ਬਜਾਇ ਇਸ ਮਾਮਲੇ ਨੂੰ ਸਮਝਦਾਰੀ ਅਤੇ ਪਿਆਰ ਨਾਲ ਨਿਬੇੜਿਆ। ਇਸ ਤਰ੍ਹਾਂ ਕਰਕੇ ਪੌਲੁਸ ਨੂੰ ਯਕੀਨ ਸੀ ਕਿ ਫਿਲੇਮੋਨ ਉਸ ਦੀ ਗੱਲ ਮੰਨੇਗਾ। ਕੀ ਸਾਨੂੰ ਵੀ ਆਪਣੇ ਸਾਥੀ ਮਸੀਹੀਆਂ ਨਾਲ ਇਸੇ ਤਰ੍ਹਾਂ ਪੇਸ਼ ਨਹੀਂ ਆਉਣਾ ਚਾਹੀਦਾ?—ਫਿਲੇਮੋਨ 8-21.

ਪਰ ਛਲੀਏ ਜਾਂ ਧੋਖੇਬਾਜ਼ ਦਾ ਰਾਹ ਬਿਖੜਿਆ ਜਾਂ ਕਠੋਰ ਹੁੰਦਾ ਹੈ। ਕਿਸ ਅਰਥ ਵਿਚ? ਇਕ ਵਿਦਵਾਨ ਦਾ ਕਹਿਣਾ ਹੈ ਕਿ ਇੱਥੇ ਕਠੋਰ ਸ਼ਬਦ ਦਾ ਮਤਲਬ ਹੈ ‘ਮਜ਼ਬੂਤ ਜਾਂ ਪੱਕਾ ਅਤੇ ਇਹ ਦੁਸ਼ਟ ਲੋਕਾਂ ਦੇ ਕਠੋਰ ਰਵੱਈਏ ਨੂੰ ਦਰਸਾਉਂਦਾ ਹੈ। ਜੋ ਇਨਸਾਨ ਆਪਣੇ ਗ਼ਲਤ ਕੰਮਾਂ ਵਿਚ ਲੱਗਾ ਰਹਿੰਦਾ ਹੈ, ਉਹ ਦੂਸਰਿਆਂ ਦੀ ਚੰਗੀ ਸਲਾਹ ਨੂੰ ਅਣਗੌਲਿਆਂ ਕਰਦਾ ਹੈ ਜਿਸ ਕਰਕੇ ਉਹ ਤਬਾਹੀ ਦੇ ਰਾਹ ਉੱਤੇ ਚੱਲਦਾ ਹੈ।’

ਸੁਲੇਮਾਨ ਅੱਗੇ ਕਹਿੰਦਾ ਹੈ: “ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ, ਪਰ ਮੂਰਖ ਆਪਣੀ ਮੂਰਖਤਾਈ ਨੂੰ ਫੈਲਾਉਂਦਾ ਫਿਰਦਾ ਹੈ।” (ਕਹਾਉਤਾਂ 13:16) ਇੱਥੇ ਦੱਸਿਆ ਗਿਆ ਹੈ ਕਿ ਸਿਆਣਾ ਆਦਮੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚਦਾ ਹੈ ਅਤੇ ਬੁੱਧੀ ਤੋਂ ਕੰਮ ਲੈਂਦਾ ਹੈ। ਜਦੋਂ ਲੋਕ ਬਿਨਾਂ ਵਜ੍ਹਾ ਉਸ ਦੀ ਨੁਕਤਾਚੀਨੀ ਕਰਦੇ ਹਨ ਜਾਂ ਬੇਇੱਜ਼ਤੀ ਵੀ ਕਰਦੇ ਹਨ, ਤਾਂ ਸਮਝਦਾਰ ਆਦਮੀ ਆਪਣੀ ਜ਼ਬਾਨ ਨੂੰ ਕਾਬੂ ਵਿਚ ਰੱਖਦਾ ਹੈ। ਉਹ ਪਰਮੇਸ਼ੁਰ ਨੂੰ ਮਦਦ ਲਈ ਪ੍ਰਾਰਥਨਾ ਕਰਦਾ ਹੈ ਕਿ ਉਹ ਪਵਿੱਤਰ ਆਤਮਾ ਦੇ ਫਲ ਦਿਖਾ ਸਕੇ ਤਾਂਕਿ ਉਹ ਗੁੱਸੇ ਵਿਚ ਨਾ ਆ ਜਾਵੇ। (ਗਲਾਤੀਆਂ 5:22, 23) ਸਮਝਦਾਰ ਇਨਸਾਨ ਆਪਣੇ ਆਪ ਨੂੰ ਦੂਸਰੇ ਲੋਕਾਂ ਜਾਂ ਹਾਲਾਤਾਂ ਦੇ ਰਹਿਮ ਤੇ ਨਹੀਂ ਛੱਡਦਾ। ਇਸ ਦੀ ਬਜਾਇ ਉਹ ਆਪਣੇ ਆਪ ਤੇ ਕਾਬੂ ਰੱਖਦਾ ਹੈ ਅਤੇ ਜਲਦੀ ਗੁੱਸੇ ਵਿਚ ਆਉਣ ਵਾਲਿਆਂ ਵਾਂਗ ਲੜਾਈ-ਝਗੜਿਆਂ ਵਿਚ ਨਹੀਂ ਪੈਂਦਾ।

ਸਮਝਦਾਰ ਇਨਸਾਨ ਫ਼ੈਸਲੇ ਕਰਨ ਵੇਲੇ ਵੀ ਬੁੱਧ ਤੋਂ ਕੰਮ ਲੈਂਦਾ ਹੈ। ਉਹ ਜਾਣਦਾ ਹੈ ਕਿ ਅਟਕਲਬਾਜ਼ੀਆਂ ਲਾ ਕੇ, ਜਜ਼ਬਾਤਾਂ ਵਿਚ ਵਹਿ ਕੇ ਜਾਂ ਫਿਰ ਦੂਸਰਿਆਂ ਦੀ ਰੀਸ ਕਰ ਕੇ ਸਹੀ ਫ਼ੈਸਲੇ ਨਹੀਂ ਕੀਤੇ ਜਾ ਸਕਦੇ। ਇਸ ਲਈ ਉਹ ਫ਼ੈਸਲਾ ਕਰਨ ਤੋਂ ਪਹਿਲਾਂ ਹਾਲਾਤ ਉੱਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਦਾ ਹੈ ਅਤੇ ਸਾਰੀਆਂ ਗੱਲਾਂ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਲਈ ਕੀ ਕਰਨਾ ਠੀਕ ਰਹੇਗਾ। ਉਹ ਇਸ ਸੰਬੰਧੀ ਬਾਈਬਲ ਦੇ ਕਿਸੇ ਨਿਯਮ ਜਾਂ ਅਸੂਲ ਦੀ ਜਾਂਚ ਕਰਦਾ ਹੈ ਅਤੇ ਇਸ ਤੋਂ ਬਾਅਦ ਹੀ ਉਹ ਫ਼ੈਸਲਾ ਕਰਦਾ ਹੈ। ਇਹੋ-ਜਿਹੇ ਲੋਕਾਂ ਦਾ ਰਾਹ ਹਮੇਸ਼ਾ ਸਿੱਧਾ ਰਹਿੰਦਾ ਹੈ।—ਕਹਾਉਤਾਂ 3:5, 6.

“ਮਾਤਬਰ ਏਲਚੀ ਚੰਗਾ ਕਰਦਾ ਹੈ”

ਯਹੋਵਾਹ ਦੇ ਗਵਾਹ ਹੋਣ ਕਰਕੇ ਸਾਨੂੰ ਪਰਮੇਸ਼ੁਰ ਦੇ ਸੰਦੇਸ਼ ਦਾ ਐਲਾਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਗਲੀ ਕਹਾਵਤ ਆਪਣੇ ਕੰਮ ਨੂੰ ਵਫ਼ਾਦਾਰੀ ਨਾਲ ਕਰਦੇ ਰਹਿਣ ਵਿਚ ਸਾਡੀ ਮਦਦ ਕਰਦੀ ਹੈ। ਇਹ ਕਹਾਵਤ ਕਹਿੰਦੀ ਹੈ: “ਦੁਸ਼ਟ ਹਰਕਾਰਾ ਬਿਪਤਾ ਵਿੱਚ ਡੇਗ ਦਿੰਦਾ ਹੈ, ਪਰ ਮਾਤਬਰ ਏਲਚੀ ਚੰਗਾ ਕਰਦਾ ਹੈ।”ਕਹਾਉਤਾਂ 13:17.

ਇੱਥੇ ਏਲਚੀ ਦੇ ਗੁਣਾਂ ਉੱਤੇ ਜ਼ੋਰ ਦਿੱਤਾ ਗਿਆ ਹੈ। ਉਦੋਂ ਕੀ ਹੋਵੇਗਾ ਜੇ ਏਲਚੀ ਸੰਦੇਸ਼ ਨੂੰ ਤੋੜਦਾ-ਮਰੋੜਦਾ ਹੈ ਜਾਂ ਬਦਲਦਾ ਹੈ? ਕੀ ਉਸ ਨੂੰ ਸਖ਼ਤ ਸਜ਼ਾ ਨਹੀਂ ਮਿਲੇਗੀ? ਅਲੀਸ਼ਾ ਨਬੀ ਦੇ ਸੇਵਾਦਾਰ ਗੇਹਾਜ਼ੀ ਬਾਰੇ ਸੋਚੋ ਜਿਸ ਨੇ ਲਾਲਚ ਵਿਚ ਆ ਕੇ ਅਰਾਮ ਦੇ ਸੈਨਾਪਤੀ ਨਅਮਾਨ ਨੂੰ ਝੂਠਾ ਸੰਦੇਸ਼ ਦਿੱਤਾ ਸੀ। ਜਿਸ ਕੋੜ੍ਹ ਤੋਂ ਨਅਮਾਨ ਚੰਗਾ ਹੋਇਆ ਸੀ, ਉਹ ਕੋੜ੍ਹ ਗੇਹਾਜ਼ੀ ਨੂੰ ਹੋ ਗਿਆ। (2 ਰਾਜਿਆਂ 5:20-27) ਉਦੋਂ ਕੀ ਹੋਵੇਗਾ ਜੇ ਏਲਚੀ ਵਿਸ਼ਵਾਸਘਾਤੀ ਹੋ ਜਾਂਦਾ ਹੈ ਜਾਂ ਫਿਰ ਸੰਦੇਸ਼ ਦਾ ਐਲਾਨ ਕਰਨਾ ਹੀ ਛੱਡ ਦਿੰਦਾ ਹੈ? ਬਾਈਬਲ ਵਿਚ ਲਿਖਿਆ ਹੈ: “ਜੇ ਕਰ ਤੂੰ ਦੁਸ਼ਟ ਨੂੰ ਨਾ ਬੋਲੇਂ ਅਤੇ ਉਹ ਨੂੰ ਉਹ ਦੇ ਰਾਹ ਤੋਂ ਖ਼ਬਰਦਾਰ ਨਾ ਕਰੇਂ ਤਾਂ ਉਹ ਦੁਸ਼ਟ ਤਾਂ ਆਪਣੇ ਔਗਣ ਵਿੱਚ ਮਰੇਗਾ, ਪਰ ਮੈਂ [ਯਹੋਵਾਹ] ਤੇਰੇ ਹੱਥੋਂ ਉਸ ਦੇ ਖ਼ੂਨ ਦੀ ਪੁੱਛ ਕਰਾਂਗਾ।”—ਹਿਜ਼ਕੀਏਲ 33:8.

ਦੂਸਰੇ ਪਾਸੇ ਵਫ਼ਾਦਾਰ ਏਲਚੀ ਆਪਣੇ ਆਪ ਨੂੰ ਅਤੇ ਸੰਦੇਸ਼ ਸੁਣਨ ਵਾਲਿਆਂ ਨੂੰ ਚੰਗਾ ਕਰਦਾ ਹੈ। ਪੌਲੁਸ ਨੇ ਤਿਮੋਥਿਉਸ ਨੂੰ ਸਲਾਹ ਦਿੱਤੀ ਸੀ: “ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ। ਇਨ੍ਹਾਂ ਗੱਲਾਂ ਉੱਤੇ ਪੱਕਿਆਂ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।” (1 ਤਿਮੋਥਿਉਸ 4:16) ਜ਼ਰਾ ਸੋਚੋ ਕਿ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਨਾਲ ਲੋਕਾਂ ਨੂੰ ਕਿੰਨਾ ਫ਼ਾਇਦਾ ਹੁੰਦਾ ਹੈ! ਇਹ ਨੇਕਦਿਲ ਲੋਕਾਂ ਨੂੰ ਜਗਾਉਂਦਾ ਹੈ ਅਤੇ ਉਨ੍ਹਾਂ ਨੂੰ ਆਜ਼ਾਦ ਕਰ ਦੇਣ ਵਾਲੀ ਸੱਚਾਈ ਵੱਲ ਲੈ ਜਾਂਦਾ ਹੈ। (ਯੂਹੰਨਾ 8:32) ਜੇ ਲੋਕ ਸੰਦੇਸ਼ ਨਹੀਂ ਵੀ ਸੁਣਦੇ, ਤਾਂ ਵੀ ਵਫ਼ਾਦਾਰ ਏਲਚੀ ‘ਆਪਣੀ ਜਾਨ ਛੁਡਾ ਲਵੇਗਾ।’ (ਹਿਜ਼ਕੀਏਲ 33:9) ਆਓ ਆਪਾਂ ਕਦੇ ਵੀ ਪ੍ਰਚਾਰ ਕਰਨ ਦੇ ਆਪਣੇ ਕੰਮ ਪ੍ਰਤੀ ਲਾਪਰਵਾਹੀ ਨਾ ਵਰਤੀਏ। (1 ਕੁਰਿੰਥੀਆਂ 9:16) ਅਤੇ ਆਓ ਆਪਾਂ ਧਿਆਨ ਨਾਲ ‘ਬਚਨ ਦਾ ਪਰਚਾਰ ਕਰੀਏ’ ਅਤੇ ਇਸ ਨੂੰ ਲੋਕਾਂ ਦੇ ਕੰਨਾਂ ਲਈ ਚੰਗਾ ਲੱਗਣ ਵਾਸਤੇ ਇਸ ਵਿਚ ਕੋਈ ਫੇਰ-ਬਦਲ ਨਾ ਕਰੀਏ।—2 ਤਿਮੋਥਿਉਸ 4:2.

‘ਤਾੜ ਵੱਲ ਚਿੱਤ ਲਾਉਣ ਵਾਲੇ ਦਾ ਆਦਰ ਹੋਵੇਗਾ’

ਕੀ ਸਮਝਦਾਰ ਇਨਸਾਨ ਨੂੰ ਚੰਗੀ ਸਲਾਹ ਮਿਲਣ ਤੇ ਬੁਰਾ ਮਨਾਉਣਾ ਚਾਹੀਦਾ ਹੈ? ਕਹਾਉਤਾਂ 13:18 ਦੱਸਦਾ ਹੈ: “ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਕੰਗਾਲ ਤੇ ਸ਼ਰਮਿੰਦਾ ਹੋਵੇਗਾ, ਪਰ ਜੋ ਤਾੜ ਵੱਲ ਚਿੱਤ ਲਾਉਂਦਾ ਹੈ ਉਹ ਦਾ ਆਦਰ ਹੋਵੇਗਾ।” ਭਾਵੇਂ ਅਸੀਂ ਸਲਾਹ ਲਈ ਨਹੀਂ ਵੀ ਪੁੱਛਦੇ, ਫਿਰ ਵੀ ਜੇ ਸਾਨੂੰ ਕੋਈ ਸਲਾਹ ਜਾਂ ਤਾੜਨਾ ਦਿੰਦਾ ਹੈ, ਤਾਂ ਸਾਨੂੰ ਉਸ ਦੀ ਗੱਲ ਸੁਣਨੀ ਚਾਹੀਦੀ ਹੈ। ਚੰਗੀ ਸਲਾਹ ਉਸ ਵੇਲੇ ਸ਼ਾਇਦ ਸਾਡੇ ਕੰਮ ਆਵੇ ਜਦੋਂ ਸਾਨੂੰ ਲੱਗਦਾ ਹੈ ਕਿ ਸਾਨੂੰ ਇਸ ਦੀ ਲੋੜ ਨਹੀਂ। ਸਲਾਹ ਉੱਤੇ ਚੱਲਣ ਨਾਲ ਅਸੀਂ ਤਕਲੀਫ਼ਾਂ ਅਤੇ ਮੁਸ਼ਕਲਾਂ ਤੋਂ ਬਚ ਸਕਦੇ ਹਾਂ। ਸਲਾਹ ਨਾ ਮੰਨਣ ਕਰਕੇ ਬੇਇੱਜ਼ਤੀ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ।

ਸਾਡੀ ਤਾਰੀਫ਼ ਹੋਣ ਤੇ ਸਾਨੂੰ ਖ਼ੁਸ਼ੀ ਹੁੰਦੀ ਹੈ। ਪਰ ਸਾਨੂੰ ਇਹ ਵੀ ਆਸ ਰੱਖਣੀ ਚਾਹੀਦੀ ਹੈ ਕਿ ਲੋਕ ਸਾਨੂੰ ਤਾੜਨਾ ਵੀ ਦੇਣਗੇ ਜਿਸ ਨੂੰ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਤਿਮੋਥਿਉਸ ਨੂੰ ਲਿਖੀਆਂ ਪੌਲੁਸ ਦੀਆਂ ਦੋ ਚਿੱਠੀਆਂ ਵੱਲ ਧਿਆਨ ਦਿਓ। ਉਸ ਦੀ ਵਫ਼ਾਦਾਰੀ ਦੀ ਤਾਰੀਫ਼ ਕਰਨ ਦੇ ਨਾਲ ਪੌਲੁਸ ਨੇ ਉਸ ਨੂੰ ਕਈ ਸਲਾਹਾਂ ਵੀ ਦਿੱਤੀਆਂ। ਪੌਲੁਸ ਨੌਜਵਾਨ ਤਿਮੋਥਿਉਸ ਨੂੰ ਨਿਹਚਾ ਵਿਚ ਪੱਕੇ ਰਹਿਣ, ਚੰਗਾ ਅੰਤਹਕਰਣ ਰੱਖਣ, ਕਲੀਸਿਯਾ ਵਿਚ ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆਉਣ, ਪਰਮੇਸ਼ੁਰ ਪ੍ਰਤੀ ਸ਼ਰਧਾ ਰੱਖਣ, ਸਾਦੀ ਜ਼ਿੰਦਗੀ ਜੀਣ, ਦੂਸਰਿਆਂ ਨੂੰ ਸਿਖਾਉਣ, ਧਰਮ-ਤਿਆਗ ਦਾ ਵਿਰੋਧ ਕਰਨ ਅਤੇ ਆਪਣੀ ਸੇਵਕਾਈ ਨੂੰ ਪੂਰਾ ਕਰਨ ਦੀਆਂ ਸਲਾਹਾਂ ਦਿੰਦਾ ਹੈ। ਕਲੀਸਿਯਾ ਦੇ ਨੌਜਵਾਨਾਂ ਨੂੰ ਤਜਰਬੇਕਾਰ ਭੈਣਾਂ-ਭਰਾਵਾਂ ਤੋਂ ਤਾੜਨਾ ਦੀ ਆਸ ਰੱਖਣੀ ਚਾਹੀਦੀ ਹੈ ਅਤੇ ਇਸ ਨੂੰ ਖ਼ੁਸ਼ੀ ਨਾਲ ਮੰਨਣਾ ਵੀ ਚਾਹੀਦਾ ਹੈ।

‘ਬੁੱਧਵਾਨਾਂ ਦੇ ਸੰਗੀ ਬਣੋ’

ਰਾਜਾ ਸੁਲੇਮਾਨ ਨੇ ਕਿਹਾ: “ਜਦ ਇੱਛਿਆ ਪੂਰੀ ਹੁੰਦੀ ਹੈ ਤਾਂ ਜੀ ਨੂੰ ਮਿੱਠਾ ਲੱਗਦਾ ਹੈ, ਪਰ ਬੁਰਿਆਈ ਨੂੰ ਛੱਡਣਾ ਮੂਰਖਾਂ ਨੂੰ ਬੁਰਾ ਲੱਗਦਾ ਹੈ।” (ਕਹਾਉਤਾਂ 13:19) ਇਸ ਕਹਾਵਤ ਦੇ ਮਤਲਬ ਬਾਰੇ ਇਕ ਕਿਤਾਬ ਕਹਿੰਦੀ ਹੈ: ‘ਜਦੋਂ ਕਿਸੇ ਨੂੰ ਆਪਣਾ ਕੋਈ ਟੀਚਾ ਪ੍ਰਾਪਤ ਹੋ ਜਾਂਦਾ ਹੈ ਜਾਂ ਇੱਛਾ ਪੂਰੀ ਹੋ ਜਾਂਦੀ ਹੈ, ਤਾਂ ਉਸ ਦਾ ਮਨ ਸੰਤੁਸ਼ਟ ਹੋ ਜਾਂਦਾ ਹੈ। ਆਪਣੇ ਟੀਚੇ ਨੂੰ ਪੂਰਾ ਕਰਨਾ ਇਕ ਬਹੁਤ ਹੀ ਵਧੀਆ ਤਜਰਬਾ ਹੈ, ਇਸ ਲਈ ਬੁਰਾਈ ਨੂੰ ਛੱਡਣਾ ਮੂਰਖਾਂ ਨੂੰ ਚੰਗਾ ਨਹੀਂ ਲੱਗਦਾ। ਉਹ ਆਪਣੀਆਂ ਇੱਛਾਵਾਂ ਸਿਰਫ਼ ਬੁਰਾਈ ਕਰ ਕੇ ਹੀ ਪੂਰੀਆਂ ਕਰਦੇ ਹਨ। ਜੇ ਉਹ ਬੁਰਾਈ ਨੂੰ ਛੱਡ ਦੇਣ, ਤਾਂ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੋਣਗੀਆਂ।’ ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਅੰਦਰ ਸਹੀ ਇੱਛਾਵਾਂ ਪੈਦਾ ਕਰੀਏ!

ਸਾਡੇ ਸਾਥੀਆਂ ਦਾ ਸਾਡੀ ਸੋਚ ਅਤੇ ਸਾਡੀ ਪਸੰਦ-ਨਾਪਸੰਦ ਉੱਤੇ ਬਹੁਤ ਅਸਰ ਪੈਂਦਾ ਹੈ। ਸੁਲੇਮਾਨ ਨੇ ਹਮੇਸ਼ਾ ਕੰਮ ਆਉਣ ਵਾਲੀ ਇਹ ਸੱਚਾਈ ਦੱਸੀ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਜੀ ਹਾਂ, ਅਸੀਂ ਜਿਨ੍ਹਾਂ ਨਾਲ ਵੀ ਸੰਗਤ ਕਰਦੇ ਹਾਂ, ਇੱਥੋਂ ਤਕ ਕਿ ਮਨੋਰੰਜਨ, ਇੰਟਰਨੈੱਟ ਅਤੇ ਕਿਤਾਬਾਂ-ਰਸਾਲਿਆਂ ਰਾਹੀਂ ਵੀ, ਉਨ੍ਹਾਂ ਦਾ ਸਾਡੀ ਸ਼ਖ਼ਸੀਅਤ ਉੱਤੇ ਡੂੰਘਾ ਅਸਰ ਪੈਂਦਾ ਹੈ। ਇਸ ਕਰਕੇ ਕਿੰਨਾ ਜ਼ਰੂਰੀ ਹੈ ਕਿ ਅਸੀਂ ਸਮਝਦਾਰੀ ਨਾਲ ਆਪਣੇ ਸਾਥੀ ਚੁਣੀਏ!

‘ਮੀਰਾਸ ਛੱਡੋ’

ਇਸਰਾਏਲ ਦਾ ਰਾਜਾ ਸੁਲੇਮਾਨ ਐਲਾਨ ਕਰਦਾ ਹੈ: “ਬਿਪਤਾ ਪਾਪੀਆਂ ਦੇ ਪਿੱਛੇ ਪੈਂਦੀ ਹੈ, ਪਰ ਧਰਮੀਆਂ ਨੂੰ ਚੰਗਾ ਫਲ ਮਿਲੇਗਾ।” (ਕਹਾਉਤਾਂ 13:21) ਧਰਮੀ ਬਣ ਕੇ ਜੀਣ ਦੇ ਫ਼ਾਇਦੇ ਹੁੰਦੇ ਹਨ ਕਿਉਂਕਿ ਯਹੋਵਾਹ ਧਰਮੀਆਂ ਦੀ ਦੇਖ-ਭਾਲ ਕਰਦਾ ਹੈ। (ਜ਼ਬੂਰਾਂ ਦੀ ਪੋਥੀ 37:25) ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਕੀ ਅਸੀਂ ਬੁਰੇ ਸਮੇਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਕੁਝ ਕਰ ਸਕਦੇ ਹਾਂ?

ਫਿਰ ਸੁਲੇਮਾਨ ਨੇ ਲਿਖਿਆ “ਭਲਾ ਪੁਰਸ਼ ਆਪਣੇ ਪੋਤਰਿਆਂ ਲਈ ਵੀ ਮੀਰਾਸ ਛੱਡ ਜਾਂਦਾ ਹੈ।” (ਕਹਾਉਤਾਂ 13:22ੳ) ਜਦੋਂ ਮਾਪੇ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਂਦੇ ਹਨ ਅਤੇ ਉਸ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ, ਤਾਂ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਹੀ ਕੀਮਤੀ ਮੀਰਾਸ ਜਾਂ ਜਾਇਦਾਦ ਦਿੰਦੇ ਹਨ। ਪਰ ਕੀ ਮਾਪਿਆਂ ਲਈ ਇਹ ਸਮਝਦਾਰੀ ਨਹੀਂ ਕਿ ਉਹ ਆਪਣੇ ਪਰਿਵਾਰ ਲਈ ਪੈਸੇ ਵਗੈਰਾ ਦਾ ਪ੍ਰਬੰਧ ਕਰਨ ਤਾਂਕਿ ਮਾਪਿਆਂ ਵਿੱਚੋਂ ਕਿਸੇ ਇਕ ਦੀ ਅਚਾਨਕ ਮੌਤ ਹੋਣ ਤੇ ਪਰਿਵਾਰ ਨੂੰ ਮੁਸ਼ਕਲਾਂ ਨਾ ਝੱਲਣੀਆਂ ਪੈਣ? ਬਹੁਤ ਸਾਰੇ ਪਰਿਵਾਰਾਂ ਦੇ ਮੁਖੀ ਆਪਣਾ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਬੀਮਾ ਕਰਾਉਂਦੇ ਹਨ, ਵਸੀਅਤ ਬਣਾਉਂਦੇ ਹਨ ਜਾਂ ਫਿਰ ਕੁਝ ਪੈਸਾ ਜਮ੍ਹਾ ਰੱਖਦੇ ਹਨ।

ਦੁਸ਼ਟਾਂ ਦੀ ਜਾਇਦਾਦ ਬਾਰੇ ਕੀ ਕਿਹਾ ਜਾ ਸਕਦਾ ਹੈ? ਸੁਲੇਮਾਨ ਅੱਗੇ ਕਹਿੰਦਾ ਹੈ: “ਪਾਪੀ ਦਾ ਮਾਲ ਧਨ ਧਰਮੀ ਲਈ ਜੋੜੀਦਾ ਹੈ।” (ਕਹਾਉਤਾਂ 13:22ਅ) ਹੁਣ ਫ਼ਾਇਦਾ ਹੋਣ ਦੇ ਨਾਲ-ਨਾਲ, ਇਹ ਗੱਲ ਉਦੋਂ ਵੀ ਸੱਚ ਹੋਵੇਗੀ ਜਦੋਂ ਯਹੋਵਾਹ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ ਜਿਨ੍ਹਾਂ ਵਿੱਚ ਧਰਮ ਵੱਸੇਗਾ’ ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗਾ। (2 ਪਤਰਸ 3:13) ਉਸ ਵੇਲੇ ਦੁਸ਼ਟਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਅਤੇ “ਅਧੀਨ ਧਰਤੀ ਦੇ ਵਾਰਸ ਹੋਣਗੇ।”—ਜ਼ਬੂਰਾਂ ਦੀ ਪੋਥੀ 37:11.

ਸਮਝਦਾਰ ਇਨਸਾਨ ਉਦੋਂ ਵੀ ਅਕਲ ਤੋਂ ਕੰਮ ਲੈਂਦਾ ਹੈ ਜਦੋਂ ਉਸ ਕੋਲ ਜ਼ਿਆਦਾ ਧਨ-ਦੌਲਤ ਨਹੀਂ ਹੁੰਦੀ। ਕਹਾਉਤਾਂ 13:23 ਕਹਿੰਦਾ ਹੈ: “ਨਿਰਧਨ ਦੀ ਪੈਲੀ ਵਿੱਚ ਢੇਰ ਸਾਰਾ ਅਹਾਰ ਪੈਦਾ ਹੁੰਦਾ ਹੈ, ਪਰ ਅਜੇਹਾ ਵੀ ਹੈ ਜੋ ਕੁਨਿਆਂ ਦੇ ਕਾਰਨ ਉੱਜੜ ਜਾਂਦਾ ਹੈ।” ਸਖ਼ਤ ਮਿਹਨਤ ਅਤੇ ਪਰਮੇਸ਼ੁਰ ਦੀ ਬਰਕਤ ਨਾਲ ਥੋੜ੍ਹਾ ਵੀ ਬਹੁਤ ਬਣ ਜਾਂਦਾ ਹੈ। ਪਰ “ਕੁਨਿਆਂ” ਕਰਨ ਵਾਲੇ ਦੌਲਤਮੰਦ ਕੰਗਾਲ ਹੋ ਸਕਦੇ ਹਨ।

‘ਵੇਲੇ ਸਿਰ ਤਾੜਨਾ’

ਨਾਮੁਕੰਮਲ ਇਨਸਾਨਾਂ ਨੂੰ ਤਾੜਨਾ ਦੀ ਲੋੜ ਪੈਂਦੀ ਹੈ ਅਤੇ ਉਨ੍ਹਾਂ ਨੂੰ ਬਚਪਨ ਤੋਂ ਹੀ ਇਸ ਦੀ ਲੋੜ ਹੁੰਦੀ ਹੈ। ਰਾਜਾ ਸੁਲੇਮਾਨ ਨੇ ਕਿਹਾ: “ਜਿਹੜਾ ਪੁੱਤ੍ਰ ਉੱਤੇ ਛੂਛਕ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ।”ਕਹਾਉਤਾਂ 13:24.

ਛੂਛਕ ਜਾਂ ਡੰਡਾ ਅਧਿਕਾਰ ਦੀ ਨਿਸ਼ਾਨੀ ਹੈ। ਕਹਾਉਤਾਂ 13:24 ਵਿਚ ਡੰਡਾ ਮਾਪਿਆਂ ਦੇ ਅਧਿਕਾਰ ਨੂੰ ਦਰਸਾਉਂਦਾ ਹੈ। ਇੱਥੇ ਤਾੜਨਾ ਦੇਣ ਲਈ ਛੂਛਕ ਚਲਾਉਣ ਦਾ ਇਹ ਮਤਲਬ ਨਹੀਂ ਕਿ ਬੱਚੇ ਨੂੰ ਡੰਡੇ ਨਾਲ ਕੁੱਟਣਾ। ਇਸ ਦੀ ਬਜਾਇ ਇਸ ਦਾ ਮਤਲਬ ਹੈ ਉਸ ਨੂੰ ਸੁਧਾਰਨਾ। ਕਿਸੇ ਬੱਚੇ ਨੂੰ ਪਿਆਰ ਨਾਲ ਝਿੜਕਣ ਤੇ ਹੀ ਉਹ ਗ਼ਲਤ ਕੰਮ ਕਰਨਾ ਛੱਡ ਦੇਵੇਗਾ। ਕਈ ਬੱਚਿਆਂ ਨਾਲ ਥੋੜ੍ਹੀ ਸਖ਼ਤੀ ਵਰਤਣੀ ਪੈਂਦੀ ਹੈ। ਕਹਾਉਤਾਂ 17:10 ਕਹਿੰਦਾ ਹੈ: “ਸਮਝ ਵਾਲੇ ਤੇ ਇੱਕ ਤਾੜ, ਮੂਰਖ ਤੇ ਸੌ ਕੋਰੜਿਆਂ ਨਾਲੋਂ ਬਹੁਤਾ ਅਸਰ ਕਰਦੀ ਹੈ।”

ਮਾਪਿਆਂ ਨੂੰ ਸਮਝਦਾਰੀ ਵਰਤਦੇ ਹੋਏ ਪਿਆਰ ਨਾਲ ਆਪਣੇ ਬੱਚਿਆਂ ਨੂੰ ਤਾੜਨਾ ਚਾਹੀਦਾ ਹੈ ਤਾਂਕਿ ਬੱਚਿਆਂ ਨੂੰ ਇਸ ਤੋਂ ਫ਼ਾਇਦਾ ਹੋਵੇ। ਪਿਆਰ ਕਰਨ ਵਾਲੇ ਮਾਪੇ ਆਪਣੇ ਬੱਚੇ ਦੀਆਂ ਮਾੜੀਆਂ ਆਦਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦੇ। ਇਸ ਦੀ ਬਜਾਇ, ਉਹ ਇਨ੍ਹਾਂ ਦਾ ਧਿਆਨ ਰੱਖਦੇ ਹਨ ਅਤੇ ਇਨ੍ਹਾਂ ਦੇ ਪੱਕ ਜਾਣ ਤੋਂ ਪਹਿਲਾਂ ਹੀ ਬੱਚੇ ਤੋਂ ਇਹ ਆਦਤਾਂ ਛੁਡਾਉਂਦੇ ਹਨ। ਪਿਆਰ ਕਰਨ ਵਾਲੇ ਮਾਪੇ ਪੌਲੁਸ ਦੀ ਇਸ ਸਲਾਹ ਨੂੰ ਵੀ ਯਾਦ ਰੱਖਦੇ ਹਨ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।”—ਅਫ਼ਸੀਆਂ 6:4.

ਉਦੋਂ ਕੀ ਹੁੰਦਾ ਹੈ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਪੂਰੀ ਖੁੱਲ੍ਹ ਦਿੰਦੇ ਹਨ ਅਤੇ ਉਨ੍ਹਾਂ ਨੂੰ ਸੁਧਾਰਦੇ ਨਹੀਂ? ਕੀ ਉਨ੍ਹਾਂ ਦੇ ਬੱਚੇ ਬਾਅਦ ਵਿਚ ਇਸ ਖੁੱਲ੍ਹ ਲਈ ਉਨ੍ਹਾਂ ਦਾ ਧੰਨਵਾਦ ਕਰਨਗੇ? ਬਿਲਕੁਲ ਨਹੀਂ! (ਕਹਾਉਤਾਂ 29:21) ਬਾਈਬਲ ਕਹਿੰਦੀ ਹੈ: “ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।” (ਕਹਾਉਤਾਂ 29:15) ਬੱਚਿਆਂ ਨੂੰ ਤਾੜਨਾ ਨਾ ਦੇਣ ਦਾ ਮਤਲਬ ਹੈ ਕਿ ਮਾਪੇ ਆਪਣੇ ਬੱਚਿਆਂ ਪ੍ਰਤੀ ਲਾਪਰਵਾਹ ਹਨ ਅਤੇ ਉਨ੍ਹਾਂ ਨੂੰ ਪਿਆਰ ਨਹੀਂ ਕਰਦੇ। ਪਿਆਰ ਨਾਲ ਪਰ ਦ੍ਰਿੜ੍ਹਤਾ ਨਾਲ ਤਾੜਨਾ ਦੇਣ ਨਾਲ ਪਤਾ ਲੱਗਦਾ ਹੈ ਕਿ ਮਾਪੇ ਬੱਚਿਆਂ ਦਾ ਭਲਾ ਚਾਹੁੰਦੇ ਹਨ।

ਬੁੱਧੀ ਨਾਲ ਚੱਲਣ ਵਾਲੇ ਸਮਝਦਾਰ ਅਤੇ ਧਰਮੀ ਇਨਸਾਨ ਨੂੰ ਬਰਕਤਾਂ ਮਿਲਣਗੀਆਂ। ਸੁਲੇਮਾਨ ਭਰੋਸਾ ਦਿੰਦਾ ਹੈ: “ਧਰਮੀ ਤਾਂ ਰੱਜ ਕੇ ਖਾਂਦਾ ਹੈ, ਪਰ ਦੁਸ਼ਟਾਂ ਦਾ ਢਿੱਡ ਨਹੀਂ ਭਰਦਾ।” (ਕਹਾਉਤਾਂ 13:25) ਯਹੋਵਾਹ ਸਾਨੂੰ ਦੱਸਦਾ ਹੈ ਕਿ ਪਰਿਵਾਰਕ ਮਾਮਲਿਆਂ ਨੂੰ ਨਜਿੱਠਦੇ ਵੇਲੇ, ਦੂਸਰਿਆਂ ਨਾਲ ਪੇਸ਼ ਆਉਣ ਵੇਲੇ, ਸੇਵਕਾਈ ਵਿਚ ਅਤੇ ਤਾੜਨਾ ਮਿਲਣ ਤੇ ਸਾਡੇ ਲਈ ਕੀ ਕਰਨਾ ਫ਼ਾਇਦੇਮੰਦ ਰਹੇਗਾ। ਉਸ ਦੇ ਬਚਨ ਵਿਚ ਦਿੱਤੀਆਂ ਸਲਾਹਾਂ ਉੱਤੇ ਚੱਲਣ ਨਾਲ ਅਸੀਂ ਆਪਣੀ ਜ਼ਿੰਦਗੀ ਦਾ ਪੂਰਾ-ਪੂਰਾ ਮਜ਼ਾ ਲੈ ਸਕਾਂਗੇ।

[ਫੁਟਨੋਟ]

[ਸਫ਼ੇ 28 ਉੱਤੇ ਤਸਵੀਰ]

ਬਿਨਾਂ ਵਜ੍ਹਾ ਨੁਕਤਾਚੀਨੀ ਹੋਣ ਤੇ ਸਮਝਦਾਰ ਆਦਮੀ ਆਪਣੀ ਜ਼ਬਾਨ ਨੂੰ ਕਾਬੂ ਵਿਚ ਰੱਖਦਾ ਹੈ

[ਸਫ਼ੇ 29 ਉੱਤੇ ਤਸਵੀਰ]

ਪਰਮੇਸ਼ੁਰ ਦੇ ਰਾਜ ਦੇ ਵਫ਼ਾਦਾਰ ਪ੍ਰਚਾਰਕ ਬਹੁਤ ਚੰਗੇ ਕੰਮ ਕਰਦੇ ਹਨ

[ਸਫ਼ੇ 30 ਉੱਤੇ ਤਸਵੀਰ]

ਤਾਰੀਫ਼ ਹੋਣ ਤੇ ਸਾਨੂੰ ਖ਼ੁਸ਼ੀ ਹੁੰਦੀ ਹੈ, ਪਰ ਸਾਨੂੰ ਤਾੜਨਾ ਨੂੰ ਵੀ ਸੁਣਨਾ ਚਾਹੀਦਾ ਹੈ

[ਸਫ਼ੇ 31 ਉੱਤੇ ਤਸਵੀਰ]

ਪਿਆਰ ਕਰਨ ਵਾਲੇ ਮਾਪੇ ਆਪਣੇ ਬੱਚੇ ਦੀਆਂ ਮਾੜੀਆਂ ਆਦਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦੇ