Skip to content

Skip to table of contents

ਅਸੀਂ ਮਕਸਦ ਭਰੀ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ?

ਅਸੀਂ ਮਕਸਦ ਭਰੀ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ?

ਅਸੀਂ ਮਕਸਦ ਭਰੀ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ?

ਜੈਸੀ 17 ਸਾਲਾਂ ਦਾ ਹੈ ਤੇ ਹਾਈ ਸਕੂਲ ਵਿਚ ਪੜ੍ਹਦਾ ਹੈ। ਜਦ ਉਸ ਨੂੰ ਪੁੱਛਿਆ ਗਿਆ ਕਿ ਜ਼ਿੰਦਗੀ ਦਾ ਮਤਲਬ ਕੀ ਹੈ, ਤਾਂ ਉਸ ਨੇ ਜਵਾਬ ਦਿੱਤਾ, “ਜ਼ਿੰਦਗੀ ਦਾ ਪੂਰਾ ਮਜ਼ਾ ਲਓ ਅਤੇ ਮਰਦੇ ਦਮ ਤਕ ਲੈਂਦੇ ਰਹੋ।” ਪਰ ਸੂਜ਼ੀ ਦਾ ਇਸ ਬਾਰੇ ਵੱਖਰਾ ਵਿਚਾਰ ਹੈ। ਉਸ ਨੇ ਕਿਹਾ: “ਮੈਂ ਮੰਨਦੀ ਹਾਂ ਕਿ ਤੁਹਾਡੀ ਜ਼ਿੰਦਗੀ ਉਹੀ ਹੋਵੇਗੀ ਜੋ ਤੁਸੀਂ ਉਸ ਨੂੰ ਬਣਾਉਂਦੇ ਹੋ।”

ਕੀ ਤੁਸੀਂ ਕਦੇ ਸੋਚਿਆ ਹੈ ਕਿ ਜ਼ਿੰਦਗੀ ਦਾ ਮਕਸਦ ਕੀ ਹੈ? ਕੀ ਸਾਰੀ ਮਨੁੱਖਜਾਤੀ ਲਈ ਇੱਕੋ ਮਕਸਦ ਹੈ? ਜਾਂ ਕੀ ਸੂਜ਼ੀ ਸਹੀ ਹੈ ਕਿ ਜ਼ਿੰਦਗੀ ਉਹੀ ਹੈ ਜੋ ਤੁਸੀਂ ਉਸ ਨੂੰ ਬਣਾਉਂਦੇ ਹੋ? ਚਾਹੇ ਤਕਨਾਲੋਜੀ ਵਿਚ ਜਿੰਨੀ ਮਰਜ਼ੀ ਤਰੱਕੀ ਹੋਵੇ, ਫਿਰ ਵੀ ਅੰਦਰੋਂ-ਅੰਦਰ ਅਸੀਂ ਜੀਵਨ ਦਾ ਮਕਸਦ ਜਾਣਨ ਲਈ ਤਰਸਦੇ ਰਹਿੰਦੇ ਹਾਂ। ਕਿਸੇ-ਨ-ਕਿਸੇ ਸਮੇਂ ਤੇ ਅਸੀਂ ਸਾਰਿਆਂ ਨੇ ਸ਼ਾਇਦ ਇਹ ਸਵਾਲ ਪੁੱਛਿਆ ਹੋਵੇਗਾ ਕਿ ‘ਮੇਰੀ ਜ਼ਿੰਦਗੀ ਦਾ ਕੀ ਮਕਸਦ ਹੈ?’

ਸਾਇੰਸਦਾਨਾਂ ਨੇ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਤਾਂ ਕੀਤੀ ਹੈ, ਪਰ ਉਹ ਕੋਈ ਜਵਾਬ ਨਹੀਂ ਦੇ ਸਕੇ। ਉਨ੍ਹਾਂ ਦੇ ਮੁਤਾਬਕ ਜੀਵਿਤ ਪ੍ਰਾਣੀਆਂ ਦਾ ਇੱਕੋ ਮਕਸਦ ਹੈ: ਜ਼ਿੰਦਾ ਰਹਿਣਾ ਅਤੇ ਬੱਚੇ ਪੈਦਾ ਕਰਨੇ। ਪਰ ਉਹ ਸਾਨੂੰ ਇਹ ਨਹੀਂ ਦੱਸ ਸਕਦੇ ਕਿ ਅਸੀਂ ਜ਼ਿੰਦਾ ਕਿਉਂ ਹਾਂ ਅਤੇ ਜ਼ਿੰਦਗੀ ਦਾ ਮਕਸਦ ਕੀ ਹੈ। ਇਸ ਲਈ ਮਨੋਵਿਗਿਆਨ ਅਤੇ ਜੰਤੂ-ਵਿਗਿਆਨ ਦੇ ਇਕ ਪ੍ਰੋਫ਼ੈਸਰ ਨੇ ਕਿਹਾ: “ਇਹ ਮਨੁੱਖ ਦੇ ਹੱਥ ਵਿਚ ਹੈ ਕਿ ਉਹ ਜ਼ਿੰਦਗੀ ਵਿਚ ਸੋਚ-ਸਮਝ ਕੇ ਸਹੀ ਫ਼ੈਸਲੇ ਕਰ ਕੇ ਆਪਣੀ ਜ਼ਿੰਦਗੀ ਨੂੰ ਅਰਥ ਦੇਵੇ।”

ਜ਼ਿੰਦਗੀ ਨੂੰ ਮਤਲਬ ਤੇ ਮਕਸਦ ਦੇਣ ਵਾਲਾ

ਤਾਂ ਫਿਰ, ਕੀ ਇਹੀ ਜ਼ਿੰਦਗੀ ਹੈ ਕਿ ਹਰੇਕ ਜਣਾ ਆਪਣੀ ਮਨ-ਮਰਜ਼ੀ ਕਰੇ? ਨਹੀਂ, ਅਸੀਂ ਬਿਨਾਂ ਮਤਲਬ ਭਟਕਦੇ ਰਹਿਣ ਲਈ ਨਹੀਂ ਬਣਾਏ ਗਏ। ਇਸ ਦੀ ਬਜਾਇ ਬਾਈਬਲ ਵਿਚ ਸਾਨੂੰ ਦੱਸਿਆ ਗਿਆ ਹੈ ਕਿ ਅਸੀਂ ਕਿਉਂ ਬਣਾਏ ਗਏ ਹਾਂ। ਸਾਡਾ ਧਰਤੀ ਉੱਤੇ ਹੋਣਾ ਇਤਫ਼ਾਕ ਦੀ ਗੱਲ ਨਹੀਂ ਹੈ। ਬਾਈਬਲ ਵਿਚ ਸਾਨੂੰ ਦੱਸਿਆ ਗਿਆ ਹੈ ਕਿ ਸਾਡੇ ਕਰਤਾਰ ਨੇ ਇਨਸਾਨਾਂ ਵਾਸਤੇ ਧਰਤੀ ਤਿਆਰ ਕਰਨ ਵਿਚ ਕਈ ਸਾਲ ਲਾਏ ਸਨ। ਉਸ ਨੇ ਸਭ ਕੁਝ “ਬਹੁਤ ਹੀ ਚੰਗਾ” ਬਣਾਇਆ ਸੀ। (ਉਤਪਤ 1:31; ਯਸਾਯਾਹ 45:18) ਉਸ ਨੇ ਇੱਦਾਂ ਕਿਉਂ ਕੀਤਾ? ਕਿਉਂਕਿ ਉਸ ਨੇ ਇਨਸਾਨਾਂ ਨੂੰ ਇਕ ਖ਼ਾਸ ਮਕਸਦ ਲਈ ਬਣਾਇਆ ਸੀ।

ਫਿਰ ਵੀ, ਰੱਬ ਨੇ ਹਰੇਕ ਦੀ ਕਿਸਮਤ ਨਹੀਂ ਲਿਖੀ। ਭਾਵੇਂ ਇਹ ਸੱਚ ਹੈ ਕਿ ਸਾਡੀ ਸ਼ਖ਼ਸੀਅਤ ਉੱਤੇ ਸਾਨੂੰ ਵਿਰਸੇ ਵਿਚ ਮਿਲੀਆਂ ਜੀਨਾਂ ਦਾ ਅਸਰ ਪੈਂਦਾ ਹੈ, ਪਰ ਆਮ ਤੌਰ ਤੇ ਅਸੀਂ ਖ਼ੁਦ ਚੁਣ ਸਕਦੇ ਹਾਂ ਕਿ ਅਸੀਂ ਕੀ ਕਰਾਂਗੇ। ਅਸੀਂ ਆਪ ਫ਼ੈਸਲਾ ਕਰਦੇ ਹਾਂ ਕਿ ਅਸੀਂ ਜ਼ਿੰਦਗੀ ਵਿਚ ਕੀ ਬਣਾਂਗੇ।

ਭਾਵੇਂ ਸਾਡੇ ਕੋਲ ਆਪਣੀ ਜ਼ਿੰਦਗੀ ਦਾ ਫ਼ੈਸਲਾ ਆਪ ਕਰਨ ਦੀ ਆਜ਼ਾਦੀ ਹੈ, ਪਰ ਇਹ ਸਾਡੀ ਭੁੱਲ ਹੋਵੇਗੀ ਜੇ ਅਸੀਂ ਫ਼ੈਸਲੇ ਕਰਨ ਵੇਲੇ ਆਪਣੇ ਕਰਤਾਰ ਬਾਰੇ ਬਿਲਕੁਲ ਨਾ ਸੋਚੀਏ। ਸੱਚ ਤਾਂ ਇਹ ਹੈ ਕਿ ਜ਼ਿੰਦਗੀ ਦਾ ਕੋਈ ਮਾਅਨੇ ਹੋਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਰੱਬ ਨੂੰ ਜਾਣੀਏ। ਪਰਮੇਸ਼ੁਰ ਨੂੰ ਜਾਣਨ ਨਾਲ ਹੀ ਅਸੀਂ ਜ਼ਿੰਦਗੀ ਦੇ ਮਕਸਦ ਬਾਰੇ ਜਾਣ ਸਕਦੇ ਹਾਂ। ਇਹ ਹਕੀਕਤ ਅਸੀਂ ਉਸ ਦੇ ਨਾਂ ਯਹੋਵਾਹ ਤੋਂ ਦੇਖ ਸਕਦੇ ਹਾਂ ਜਿਸ ਨਾਂ ਦਾ ਮਤਲਬ ਹੈ “ਉਹ ਕਰਨ ਅਤੇ ਕਰਾਉਣ ਵਾਲਾ ਬਣਦਾ ਹੈ।” (ਕੂਚ 6:3; ਜ਼ਬੂਰਾਂ ਦੀ ਪੋਥੀ 83:18) ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਸਮੇਂ ਸਿਰ ਆਪਣਾ ਹਰ ਵਾਅਦਾ ਨਿਭਾਉਂਦਾ ਹੈ ਅਤੇ ਆਪਣਾ ਹਰ ਕੰਮ ਪੂਰਾ ਕਰਦਾ ਹੈ। (ਕੂਚ 3:14, ਫੁਟਨੋਟ; ਯਸਾਯਾਹ 55:10, 11) ਜ਼ਰਾ ਸੋਚੋ: ਯਹੋਵਾਹ ਦਾ ਨਾਂ ਇਕ ਗਾਰੰਟੀ ਹੈ ਕਿ ਉਸ ਨੇ ਹਰ ਚੀਜ਼ ਕਿਸੇ ਮਕਸਦ ਲਈ ਬਣਾਈ ਸੀ ਅਤੇ ਉਹ ਆਪਣਾ ਮਕਸਦ ਜ਼ਰੂਰ ਪੂਰਾ ਕਰਦਾ ਹੈ।

ਜਦੋਂ ਇਕ ਵਿਅਕਤੀ ਇਹ ਮੰਨ ਲੈਂਦਾ ਹੈ ਕਿ ਪਰਮੇਸ਼ੁਰ ਹੈ, ਤਾਂ ਇਸ ਵਿਸ਼ਵਾਸ ਦਾ ਉਸ ਦੀ ਜ਼ਿੰਦਗੀ ਤੇ ਵੱਡਾ ਪ੍ਰਭਾਵ ਪੈਂਦਾ ਹੈ। ਉੱਨੀ ਸਾਲਾਂ ਦੀ ਲਿਨੈਟ ਕਹਿੰਦੀ ਹੈ: “ਜਦ ਮੈਂ ਦੇਖਦੀ ਹਾਂ ਕਿ ਯਹੋਵਾਹ ਦਾ ਸੋਹਣੀਆਂ ਚੀਜ਼ਾਂ ਬਣਾਉਣ ਦਾ ਮਕਸਦ ਹੈ, ਤਾਂ ਮੈਨੂੰ ਯਕੀਨ ਹੋ ਜਾਂਦਾ ਹੈ ਕਿ ਮੈਂ ਵੀ ਇਕ ਖ਼ਾਸ ਮਕਸਦ ਲਈ ਬਣਾਈ ਗਈ ਹਾਂ।” ਐਂਬਰ ਕਹਿੰਦੀ ਹੈ: “ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਰੱਬ ਹੈ ਜਾਂ ਨਹੀਂ, ਪਰ ਮੈਂ ਖ਼ੁਸ਼ ਹਾਂ ਕਿ ਮੈਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਹੈ। ਯਹੋਵਾਹ ਹੈ ਅਤੇ ਇਸ ਦਾ ਸਬੂਤ ਉਸ ਦੀ ਸ੍ਰਿਸ਼ਟੀ ਤੋਂ ਮਿਲਦਾ ਹੈ।” (ਰੋਮੀਆਂ 1:20) ਇਹ ਮੰਨਣਾ ਕਿ ਪਰਮੇਸ਼ੁਰ ਹੈ ਇਕ ਗੱਲ ਹੈ, ਪਰ ਉਸ ਦੇ ਨਾਲ ਇਕ ਗੂੜ੍ਹਾ ਰਿਸ਼ਤਾ ਕਾਇਮ ਕਰਨਾ ਹੋਰ ਗੱਲ ਹੈ।

ਪਰਮੇਸ਼ੁਰ ਨਾਲ ਦੋਸਤੀ

ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨ ਵਿਚ ਵੀ ਬਾਈਬਲ ਸਾਡੀ ਮਦਦ ਕਰ ਸਕਦੀ ਹੈ। ਬਾਈਬਲ ਦੇ ਸ਼ੁਰੂ ਤੋਂ ਸਾਨੂੰ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਯਹੋਵਾਹ ਪਰਮੇਸ਼ੁਰ ਇਕ ਪ੍ਰੇਮਪੂਰਣ ਪਿਤਾ ਹੈ। ਮਿਸਾਲ ਲਈ, ਆਦਮ ਅਤੇ ਹੱਵਾਹ ਨੂੰ ਬਣਾਉਣ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਆਪਣੇ ਹਾਲ ਤੇ ਨਹੀਂ ਛੱਡ ਦਿੱਤਾ, ਸਗੋਂ ਉਸ ਨੇ ਉਨ੍ਹਾਂ ਨੂੰ ਆਪਣੇ ਬਾਰੇ ਜਾਣਕਾਰੀ ਦਿੱਤੀ। ਉਹ ਉਨ੍ਹਾਂ ਨਾਲ ਗੱਲਾਂ-ਬਾਤਾਂ ਕਰਦਾ ਹੁੰਦਾ ਸੀ। ਉਸ ਨੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਸੇਧ ਦਿੱਤੀ, ਉਨ੍ਹਾਂ ਨੂੰ ਚੰਗਾ ਕੰਮ ਕਰਨ ਲਈ ਦਿੱਤਾ ਅਤੇ ਉਨ੍ਹਾਂ ਨੂੰ ਸਿੱਖਿਆ ਦੇਣ ਦਾ ਇੰਤਜ਼ਾਮ ਕੀਤਾ। (ਉਤਪਤ 1:26-30; 2:7-9) ਕੀ ਤੁਸੀਂ ਇਕ ਪਿਆਰੇ ਪਿਤਾ ਤੋਂ ਇਹੀ ਉਮੀਦ ਨਹੀਂ ਰੱਖੋਗੇ? ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਡੀਨੀਏਲ ਕਹਿੰਦੀ: “ਮੈਂ ਜਾਣਦੀ ਹਾਂ ਕਿ ਯਹੋਵਾਹ ਸਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ ਕਿਉਂਕਿ ਉਸ ਨੇ ਧਰਤੀ ਨੂੰ ਅਜਿਹਾ ਬਣਾਇਆ ਹੈ ਕਿ ਅਸੀਂ ਇਸ ਦੀ ਹਰ ਚੀਜ਼ ਦਾ ਮਜ਼ਾ ਲੈ ਸਕਦੇ ਹਾਂ।”

ਇਸ ਤੋਂ ਇਲਾਵਾ, ਇਕ ਚੰਗੇ ਪਿਤਾ ਵਾਂਗ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸਾਰੇ ਬੱਚਿਆਂ ਦਾ ਉਸ ਨਾਲ ਗੂੜ੍ਹਾ ਰਿਸ਼ਤਾ ਹੋਵੇ। ਇਸ ਲਈ ਰਸੂਲਾਂ ਦੇ ਕਰਤੱਬ 17:27 ਵਿਚ ਲਿਖਿਆ ਹੈ ਕਿ “ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।” ਸਾਡੀ ਜ਼ਿੰਦਗੀ ਉੱਤੇ ਇਸ ਜਾਣਕਾਰੀ ਦਾ ਕੀ ਅਸਰ ਪੈਂਦਾ ਹੈ? ਐਂਬਰ ਦੱਸਦੀ ਹੈ: “ਯਹੋਵਾਹ ਨੂੰ ਜਾਣਨ ਕਰਕੇ ਮੈਨੂੰ ਪਤਾ ਹੈ ਕਿ ਮੈਂ ਕਦੀ ਵੀ ਇਕੱਲੀ ਨਹੀਂ ਹੁੰਦੀ। ਮੇਰੀ ਜ਼ਿੰਦਗੀ ਵਿਚ ਭਾਵੇਂ ਜੋ ਮਰਜ਼ੀ ਹੋਵੇ, ਮੈਂ ਉਸ ਉੱਤੇ ਭਰੋਸਾ ਰੱਖ ਸਕਦੀ ਹਾਂ।” ਤੁਸੀਂ ਜਿੰਨਾ ਯਹੋਵਾਹ ਨੂੰ ਜਾਣੋਗੇ, ਉੱਨਾ ਹੀ ਤੁਹਾਨੂੰ ਪਤਾ ਲੱਗੇਗਾ ਕਿ ਉਹ ਰਹਿਮਦਿਲ ਤੇ ਇਨਸਾਫ਼ਪਸੰਦ ਪਰਮੇਸ਼ੁਰ ਹੈ ਜੋ ਸਾਡਾ ਭਲਾ ਚਾਹੁੰਦਾ ਹੈ। ਤੁਸੀਂ ਉਸ ਉੱਤੇ ਯਕੀਨ ਕਰ ਸਕਦੇ ਹੋ। ਜੈਫ ਕਹਿੰਦਾ ਹੈ: “ਯਹੋਵਾਹ ਨਾਲ ਦੋਸਤੀ ਕਰ ਕੇ ਮੈਨੂੰ ਪਤਾ ਲੱਗਾ ਕਿ ਉਹ ਹਮੇਸ਼ਾ ਮੇਰੀ ਮਦਦ ਕਰਨ ਲਈ ਤਿਆਰ ਹੁੰਦਾ ਹੈ।”

ਪਰ ਅਫ਼ਸੋਸ ਦੀ ਗੱਲ ਹੈ ਕਿ ਕਈ ਲੋਕਾਂ ਨੇ ਯਹੋਵਾਹ ਨੂੰ ਬਦਨਾਮ ਕੀਤਾ ਹੈ। ਲੋਕ ਆਪਣੇ ਦੁੱਖਾਂ ਲਈ ਅਤੇ ਧਰਮ ਦੇ ਨਾਂ ਵਿਚ ਕੀਤੇ ਗਏ ਭੈੜੇ ਕੰਮਾਂ ਲਈ ਉਸ ਨੂੰ ਉਲਾਹਮਾ ਦਿੰਦੇ ਹਨ। ਉਹ ਇਤਿਹਾਸ ਵਿਚ ਹੋਏ ਕਈ ਜ਼ੁਲਮਾਂ ਦਾ ਦੋਸ਼ ਵੀ ਉਸ ਉੱਤੇ ਲਾਉਂਦੇ ਹਨ। ਪਰ ਬਿਵਸਥਾ ਸਾਰ 32:4, 5 ਵਿਚ ਸਮਝਾਇਆ ਗਿਆ ਹੈ: “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। . . . ਓਹ [ਲੋਕ] ਵਿਗੜ ਗਏ ਹਨ, ਓਹ ਉਸ ਦੇ ਪੁੱਤ੍ਰ ਨਹੀਂ ਸਗੋਂ ਕਲੰਕੀ ਹਨ।” ਤਾਂ ਫਿਰ ਸਾਨੂੰ ਆਪ ਹਕੀਕਤ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਬਿਵਸਥਾ ਸਾਰ 30:19, 20.

ਪਰਮੇਸ਼ੁਰ ਦਾ ਮਕਸਦ ਪੂਰਾ ਹੋਵੇਗਾ

ਅਸੀਂ ਭਾਵੇਂ ਜੋ ਮਰਜ਼ੀ ਕਰੀਏ, ਅਖ਼ੀਰ ਵਿਚ ਪਰਮੇਸ਼ੁਰ ਧਰਤੀ ਅਤੇ ਇਨਸਾਨਾਂ ਲਈ ਆਪਣਾ ਮਕਸਦ ਪੂਰਾ ਕਰ ਕੇ ਹੀ ਰਹੇਗਾ। ਯਾਦ ਰੱਖੋ ਕਿ ਸਾਡਾ ਕਰਤਾਰ ਹੋਣ ਦੇ ਨਾਤੇ ਉਹ ਇਸ ਨੂੰ ਜ਼ਰੂਰ ਪੂਰਾ ਕਰ ਸਕਦਾ ਹੈ। ਤਾਂ ਫਿਰ ਉਸ ਦਾ ਮਕਸਦ ਹੈ ਕੀ? ਯਿਸੂ ਮਸੀਹ ਨੇ ਆਪਣੇ ਪਹਾੜੀ ਉਪਦੇਸ਼ ਵਿਚ ਇਸ ਬਾਰੇ ਗੱਲ ਕਰਦੇ ਹੋਏ ਕਿਹਾ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” ਬਾਅਦ ਵਿਚ ਉਸ ਨੇ ਆਪਣੇ ਰਸੂਲ ਯੂਹੰਨਾ ਨੂੰ ਪ੍ਰਗਟ ਕੀਤਾ ਕਿ ਪਰਮੇਸ਼ੁਰ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰਦੇ ਹਨ।’ (ਮੱਤੀ 5:5; ਪਰਕਾਸ਼ ਦੀ ਪੋਥੀ 11:18) ਧਰਤੀ ਨੂੰ ਰਚਣ ਵੇਲੇ ਯਿਸੂ ਪਰਮੇਸ਼ੁਰ ਦੇ ਨਾਲ ਸੀ, ਇਸ ਲਈ ਉਹ ਜਾਣਦਾ ਹੈ ਕਿ ਸ਼ੁਰੂ ਤੋਂ ਹੀ ਇਹ ਪਰਮੇਸ਼ੁਰ ਦਾ ਮਕਸਦ ਰਿਹਾ ਹੈ ਕਿ ਸਾਰੇ ਇਨਸਾਨ ਸੁਖ ਨਾਲ ਹਮੇਸ਼ਾ ਲਈ ਧਰਤੀ ਉੱਤੇ ਜੀਉਣ। (ਉਤਪਤ 1:26, 27; ਯੂਹੰਨਾ 1:1-3) ਪਰਮੇਸ਼ੁਰ ਆਪਣਾ ਮਕਸਦ ਬਦਲਦਾ ਨਹੀਂ। (ਮਲਾਕੀ 3:6) ਉਸ ਦਾ ਵਾਅਦਾ ਹੈ: “ਨਿਸੰਗ ਜਿਵੇਂ ਮੈਂ ਠਾਣਿਆ, ਤਿਵੇਂ ਹੋ ਜਾਵੇਗਾ, ਅਤੇ ਜਿਵੇਂ ਮੈਂ ਮਤਾ ਮਤਾਇਆ, ਤਿਵੇਂ ਉਹ ਕਾਇਮ ਰਹੇਗਾ।”—ਯਸਾਯਾਹ 14:24.

ਸਾਡੇ ਸਮੇਂ ਵਿਚ ਯਹੋਵਾਹ ਨੇ ਇਕ ਅਜਿਹਾ ਭਾਈਚਾਰਾ ਬਣਾਉਣਾ ਸ਼ੁਰੂ ਕੀਤਾ ਹੈ ਜਿਸ ਵਿਚ ਲੋਕ ਲਾਲਚੀ ਅਤੇ ਖ਼ੁਦਗਰਜ਼ ਹੋਣ ਦੀ ਬਜਾਇ ਪਰਮੇਸ਼ੁਰ ਨਾਲ ਅਤੇ ਇਕ-ਦੂਜੇ ਨਾਲ ਪਿਆਰ ਕਰਦੇ ਹਨ। (ਯੂਹੰਨਾ 13:35; ਅਫ਼ਸੀਆਂ 4:15, 16; ਫ਼ਿਲਿੱਪੀਆਂ 2:1-4) ਦੁਨੀਆਂ ਦਾ ਅੰਤ ਹੋਣ ਤੋਂ ਪਹਿਲਾਂ ਇਹ ਲੋਕ ਪੂਰੇ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। (ਮੱਤੀ 24:14; 28:19, 20) ਲਗਭਗ 230 ਦੇਸ਼ਾਂ ਵਿਚ 60 ਲੱਖ ਤੋਂ ਜ਼ਿਆਦਾ ਮਸੀਹੀ ਏਕਤਾ ਨਾਲ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਨ।

ਮਕਸਦ ਭਰੀ ਜ਼ਿੰਦਗੀ ਜੀਓ

ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਕੋਈ ਮਕਸਦ ਭਾਲ ਰਹੇ ਹੋ, ਤਾਂ ਜਾਣ ਲਓ ਕਿ ਯਹੋਵਾਹ ਪਰਮੇਸ਼ੁਰ ਤੁਹਾਨੂੰ ਹੁਣ ਉਸ ਦੀ “ਧਰਮੀ ਕੌਮ” ਯਾਨੀ ਉਸ ਦੇ ਲੋਕਾਂ ਨਾਲ ਸੰਗਤ ਰੱਖਣ ਦਾ ਸੱਦਾ ਦੇ ਰਿਹਾ ਹੈ। (ਯਸਾਯਾਹ 26:2) ਪਰ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ‘ਇਸ ਮਸੀਹੀ ਭਾਈਚਾਰੇ ਦੇ ਲੋਕ ਕਿਹੋ ਜਿਹੇ ਹਨ? ਕੀ ਮੈਂ ਇਨ੍ਹਾਂ ਨਾਲ ਸੰਗਤ ਕਰਨੀ ਚਾਹੁੰਦਾ ਹਾਂ?’ ਧਿਆਨ ਦਿਓ ਕਿ ਇਸ ਬਾਰੇ ਕੁਝ ਨੌਜਵਾਨ ਕੀ ਕਹਿੰਦੇ ਹਨ:

ਕੁਇੰਟਿਨ: “ਕਲੀਸਿਯਾ ਵਿਚ ਮੈਨੂੰ ਦੁਨੀਆਂ ਤੋਂ ਰੱਖਿਆ ਮਿਲਦੀ ਹੈ। ਯਹੋਵਾਹ ਦੀ ਇੱਛਾ ਮੁਤਾਬਕ ਜ਼ਿੰਦਗੀ ਜੀਣ ਨਾਲ ਮੇਰਾ ਭਰੋਸਾ ਹੋਰ ਪੱਕਾ ਹੁੰਦਾ ਹੈ ਕਿ ਉਹ ਹੈ ਅਤੇ ਮੈਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ।”

ਜੈਫ: “ਜਦ ਮੈਨੂੰ ਜ਼ਿੰਦਗੀ ਵਿਚ ਠੋਕਰਾਂ ਲੱਗਦੀਆਂ ਹਨ, ਤਾਂ ਕਲੀਸਿਯਾ ਵਿਚ ਜਾ ਕੇ ਮੈਨੂੰ ਹੌਸਲਾ ਮਿਲਦਾ ਹੈ। ਭੈਣ-ਭਰਾ ਮੈਨੂੰ ਸਹਾਰਾ ਦਿੰਦੇ ਹਨ ਅਤੇ ਮੇਰੀ ਮਦਦ ਕਰਦੇ ਹਨ। ਉਹੀ ਮੇਰਾ ਪਰਿਵਾਰ ਹਨ।”

ਲਿਨੈਟ: “ਜਦੋਂ ਕੋਈ ਬਾਈਬਲ ਦੀ ਸੱਚਾਈ ਸਵੀਕਾਰ ਕਰ ਕੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਮੇਰੇ ਲਈ ਇਸ ਤੋਂ ਵੱਡੀ ਖ਼ੁਸ਼ੀ ਹੋਰ ਕੋਈ ਨਹੀਂ ਹੈ। ਇਸ ਤਰ੍ਹਾਂ ਲੋਕਾਂ ਦੀ ਮਦਦ ਕਰਨ ਨਾਲ ਮੇਰੀ ਜ਼ਿੰਦਗੀ ਨੂੰ ਮਕਸਦ ਮਿਲਦਾ ਹੈ।”

ਕੋਡੀ: “ਯਹੋਵਾਹ ਤੋਂ ਬਿਨਾਂ ਮੇਰੀ ਜ਼ਿੰਦਗੀ ਬੇਮਤਲਬੀ ਹੋਵੇਗੀ। ਹੋਰਨਾਂ ਲੋਕਾਂ ਵਾਂਗ ਮੈਂ ਵੀ ਖ਼ੁਸ਼ੀ ਲੱਭਣ ਲਈ ਇੱਧਰ-ਉੱਧਰ ਭਟਕਦਾ ਫਿਰਦਾ। ਇਸ ਦੀ ਬਜਾਇ ਯਹੋਵਾਹ ਨੇ ਮੈਨੂੰ ਇਕ ਦੋਸਤ ਮੰਨਿਆ ਹੈ ਅਤੇ ਮੇਰੀ ਜ਼ਿੰਦਗੀ ਨੂੰ ਮਕਸਦ ਮਿਲਿਆ ਹੈ।”

ਤੁਸੀਂ ਵੀ ਆਪਣੇ ਕਰਤਾਰ ਯਹੋਵਾਹ ਪਰਮੇਸ਼ੁਰ ਦੇ ਨੇੜੇ ਹੋ ਕੇ ਜ਼ਿੰਦਗੀ ਦਾ ਅਸਲੀ ਅਰਥ ਜਾਣ ਸਕਦੇ ਹੋ। ਕਿਉਂ ਨਾ ਇਸ ਬਾਰੇ ਹੋਰ ਪਤਾ ਕਰੋ?

[ਸਫ਼ੇ 31 ਉੱਤੇ ਤਸਵੀਰਾਂ]

ਪਰਮੇਸ਼ੁਰ ਨਾਲ ਦੋਸਤੀ ਕਰ ਕੇ ਅਸੀਂ ਮਕਸਦ ਭਰੀ ਜ਼ਿੰਦਗੀ ਜੀ ਸਕਦੇ ਹਾਂ

[ਸਫ਼ੇ 29 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

NASA photo