Skip to content

Skip to table of contents

ਅਸੀਂ ਯਹੋਵਾਹ ਦੇ ਸਹਾਰੇ ਜ਼ਿੰਦਾ ਰਹੇ

ਅਸੀਂ ਯਹੋਵਾਹ ਦੇ ਸਹਾਰੇ ਜ਼ਿੰਦਾ ਰਹੇ

ਜੀਵਨੀ

ਅਸੀਂ ਯਹੋਵਾਹ ਦੇ ਸਹਾਰੇ ਜ਼ਿੰਦਾ ਰਹੇ

ਐਰਜ਼ੇਬੈਟ ਹਾਫ਼ਨਰ ਦੀ ਜ਼ਬਾਨੀ

ਟੀਬੌਰ ਹਾਫ਼ਨਰ ਨੂੰ ਜਦ ਪਤਾ ਲੱਗਾ ਕਿ ਮੈਨੂੰ ਚੈਕੋਸਲਵਾਕੀਆ ਵਿੱਚੋਂ ਦੇਸ਼-ਨਿਕਾਲਾ ਦਿੱਤਾ ਜਾ ਰਿਹਾ ਸੀ, ਤਾਂ ਉਸ ਨੇ ਮੈਨੂੰ ਕਿਹਾ: “ਉਹ ਤੈਨੂੰ ਦੇਸ਼ ਵਿੱਚੋਂ ਨਹੀਂ ਕੱਢ ਸਕਦੇ। ਮੈਂ ਇਸ ਤਰ੍ਹਾਂ ਨਹੀਂ ਹੋਣ ਦਿਆਂਗਾ।” ਉਸ ਨੇ ਅੱਗੇ ਕਿਹਾ: “ਜੇ ਤੂੰ ਰਾਜ਼ੀ ਹੋਵੇਂ, ਤਾਂ ਅਸੀਂ ਸ਼ਾਦੀ ਕਰ ਲੈਂਦੇ ਹਾਂ ਤੇ ਤੂੰ ਹਮੇਸ਼ਾ ਵਾਸਤੇ ਮੇਰੇ ਨਾਲ ਰਹੇਗੀ।”

ਟੀਬੌਰ ਉਹ ਮਸੀਹੀ ਭਰਾ ਸੀ ਜਿਸ ਨੇ ਸਾਡੇ ਪਰਿਵਾਰ ਨੂੰ ਪਹਿਲੀ ਵਾਰ ਯਹੋਵਾਹ ਬਾਰੇ ਗਵਾਹੀ ਦਿੱਤੀ ਸੀ। ਮੇਰੇ ਮਨ ਵਿਚ ਵਿਆਹ ਕਰਾਉਣ ਦਾ ਕਦੇ ਖ਼ਿਆਲ ਵੀ ਨਹੀਂ ਆਇਆ ਸੀ, ਪਰ ਟੀਬੌਰ ਦੀ ਇਸ ਪੇਸ਼ਕਸ਼ ਤੋਂ ਕੁਝ ਹੀ ਹਫ਼ਤੇ ਬਾਅਦ 29 ਜਨਵਰੀ 1938 ਨੂੰ ਸਾਡਾ ਵਿਆਹ ਹੋ ਗਿਆ। ਮੇਰੇ ਲਈ ਇਹ ਕਦਮ ਚੁੱਕਣਾ ਆਸਾਨ ਨਹੀਂ ਸੀ। ਮੈਂ ਅਜੇ 18 ਦੀ ਮਸੀਂ ਹੋਈ ਸੀ ਤੇ ਪਾਇਨੀਅਰੀ ਕਰ ਰਹੀ ਸੀ। ਮੈਂ ਚਾਹੁੰਦੀ ਸੀ ਕਿ ਮੈਂ ਆਪਣੀ ਜਵਾਨੀ ਦੇ ਦਿਨ ਯਹੋਵਾਹ ਦੀ ਸੇਵਾ ਵਿਚ ਲਗਾਵਾਂ। ਮੈਂ ਬਹੁਤ ਰੋਈ ਅਤੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਜਦ ਮੈਂ ਥੋੜ੍ਹੀ ਸ਼ਾਂਤ ਹੋਈ, ਤਾਂ ਮੈਨੂੰ ਅਹਿਸਾਸ ਹੋਇਆ ਕਿ ਟੀਬੌਰ ਸਿਰਫ਼ ਮੇਰੀ ਮਦਦ ਕਰਨ ਲਈ ਹੀ ਮੇਰੇ ਨਾਲ ਵਿਆਹ ਨਹੀਂ ਕਰ ਰਿਹਾ ਸੀ, ਸਗੋਂ ਉਹ ਮੇਰੇ ਨਾਲ ਸੱਚ-ਮੁੱਚ ਪਿਆਰ ਕਰਦਾ ਸੀ।

ਪਰ ਮੈਨੂੰ ਦੇਸ਼ ਵਿੱਚੋਂ ਕਿਉਂ ਕੱਢਿਆ ਜਾ ਰਿਹਾ ਸੀ? ਆਖ਼ਰ ਮੈਂ ਅਜਿਹੇ ਦੇਸ਼ ਵਿਚ ਰਹਿ ਰਹੀ ਸੀ ਜਿਸ ਦੇ ਲੋਕਾਂ ਨੂੰ ਆਪਣੀ ਲੋਕਰਾਜੀ ਸਰਕਾਰ ਉੱਤੇ ਮਾਣ ਸੀ ਅਤੇ ਲੋਕਾਂ ਨੂੰ ਆਪਣੇ-ਆਪਣੇ ਧਰਮ ਮੁਤਾਬਕ ਭਗਤੀ ਕਰਨ ਦੀ ਆਜ਼ਾਦੀ ਸੀ। ਇਹ ਸਮਝਾਉਣ ਲਈ ਚਲੋ ਮੈਂ ਤੁਹਾਨੂੰ ਸ਼ੁਰੂ ਤੋਂ ਸਾਰੀ ਗੱਲ ਦੱਸਾਂ।

ਮੇਰੇ ਮਾਂ-ਬਾਪ ਯੂਨਾਨੀ-ਕੈਥੋਲਿਕ ਸਨ ਤੇ ਮੇਰਾ ਜਨਮ 26 ਦਸੰਬਰ 1919 ਨੂੰ ਹੰਗਰੀ ਦੇ ਇਕ ਛੋਟੇ ਜਿਹੇ ਪਿੰਡ ਵਿਚ ਹੋਇਆ ਸੀ ਜੋ ਬੁਡਾਪੈਸਟ ਤੋਂ ਕੁਝ 160 ਕਿਲੋਮੀਟਰ ਪੂਰਬ ਵੱਲ ਹੈ। ਅਫ਼ਸੋਸ ਦੀ ਗੱਲ ਸੀ ਕਿ ਮੇਰੇ ਜਨਮ ਤੋਂ ਪਹਿਲਾਂ ਹੀ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ। ਫਿਰ ਮਾਤਾ ਜੀ ਨੇ ਦੂਸਰੀ ਸ਼ਾਦੀ ਕਰ ਲਈ। ਮੇਰੇ ਮਤਰੇਏ ਪਿਤਾ ਦੇ ਪਹਿਲਾਂ ਹੀ ਚਾਰ ਬੱਚੇ ਸਨ। ਅਸੀਂ ਚੈਕੋਸਲਵਾਕੀਆ ਦੇ ਸੋਹਣੇ ਲੁਚੈਂਯੈਟਜ਼ ਸ਼ਹਿਰ ਵਿਚ ਜਾ ਕੇ ਉਨ੍ਹਾਂ ਨਾਲ ਰਹਿਣ ਲੱਗ ਪਈਆਂ। ਮਤਰੇਏ ਪਿਤਾ ਤੇ ਭੈਣ-ਭਰਾਵਾਂ ਨਾਲ ਰਹਿਣਾ ਮੇਰੇ ਲਈ ਬਹੁਤ ਔਖਾ ਸੀ। ਮੈਂ ਸਭ ਤੋਂ ਛੋਟੀ ਸੀ ਤੇ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਕਿਸੇ ਨੂੰ ਮੇਰੀ ਜ਼ਰੂਰਤ ਨਹੀਂ ਸੀ। ਉਨ੍ਹੀਂ ਦਿਨੀਂ ਘਰ ਦਾ ਗੁਜ਼ਾਰਾ ਤੋਰਨਾ ਮੁਸ਼ਕਲ ਸੀ। ਇਸ ਲਈ ਨਾ ਮੈਨੂੰ ਬਹੁਤਾ ਕੁਝ ਮਿਲਿਆ ਤੇ ਨਾ ਹੀ ਮੈਨੂੰ ਮਾਂ-ਬਾਪ ਦਾ ਬਹੁਤਾ ਪਿਆਰ ਮਿਲਿਆ।

ਕੀ ਮੇਰੇ ਸਵਾਲ ਦੇ ਜਵਾਬ ਦੇਣ ਵਾਲਾ ਕੋਈ ਹੈ?

ਜਦ ਮੈਂ 16 ਸਾਲਾਂ ਦੀ ਹੋਈ, ਤਾਂ ਮੇਰੇ ਮਨ ਵਿਚ ਬਹੁਤ ਸਾਰੇ ਸਵਾਲ ਉੱਠੇ। ਮੈਨੂੰ ਪਹਿਲੇ ਵਿਸ਼ਵ ਯੁੱਧ ਦਾ ਇਤਿਹਾਸ ਪੜ੍ਹਨ ਦਾ ਬੜਾ ਸ਼ੌਕ ਸੀ, ਪਰ ਮੈਨੂੰ ਇਹ ਪੜ੍ਹ ਕੇ ਬਹੁਤ ਹੈਰਾਨੀ ਹੁੰਦੀ ਸੀ ਕਿ ਈਸਾਈ ਕਹਾਉਣ ਵਾਲੀਆਂ ਕੌਮਾਂ ਨੇ ਕਿੰਨਾ ਖ਼ੂਨ-ਖ਼ਰਾਬਾ ਕੀਤਾ ਸੀ। ਚਰਚ ਵਿਚ ਸਾਨੂੰ ਆਪਣੇ ਗੁਆਂਢੀ ਨਾਲ ਪਿਆਰ ਕਰਨ ਬਾਰੇ ਸਿਖਾਇਆ ਜਾਂਦਾ ਸੀ, ਪਰ ਮੈਂ ਆਪਣੇ ਚਾਰੇ ਪਾਸੇ ਕੌਮਾਂ ਨੂੰ ਆਪਣੀਆਂ-ਆਪਣੀਆਂ ਫ਼ੌਜਾਂ ਤਿਆਰ ਕਰਦੇ ਦੇਖ ਰਹੀ ਸੀ।

ਆਪਣੇ ਸਵਾਲਾਂ ਦਾ ਜਵਾਬ ਪਾਉਣ ਲਈ ਮੈਂ ਇਕ ਰੋਮਨ ਕੈਥੋਲਿਕ ਪਾਦਰੀ ਕੋਲ ਗਈ ਤੇ ਉਸ ਨੂੰ ਪੁੱਛਿਆ: “ਈਸਾਈ ਹੋਣ ਦੇ ਨਾਤੇ ਸਾਨੂੰ ਕਿਹੜਾ ਹੁਕਮ ਮੰਨਣਾ ਚਾਹੀਦਾ ਹੈ—ਜੰਗ ਵਿਚ ਜਾ ਕੇ ਆਪਣੇ ਗੁਆਂਢੀ ਨੂੰ ਮਾਰ ਮੁਕਾਉਣਾ ਜਾਂ ਉਸ ਨੂੰ ਪਿਆਰ ਕਰਨਾ?” ਉਸ ਨੇ ਖਿੱਝ ਕੇ ਮੈਨੂੰ ਕਿਹਾ ਕਿ ਉਹ ਸਿਰਫ਼ ਉਹੀ ਸਿਖਾਉਂਦਾ ਹੈ ਜੋ ਉਸ ਨੂੰ ਦੱਸਿਆ ਜਾਂਦਾ ਹੈ। ਇਸ ਤੋਂ ਬਾਅਦ ਮੈਂ ਇਕ ਪ੍ਰੋਟੈਸਟੈਂਟ ਪਾਦਰੀ ਅਤੇ ਫਿਰ ਇਕ ਯਹੂਦੀ ਰਾਬੀ ਕੋਲੋਂ ਵੀ ਇਹ ਸਵਾਲ ਪੁੱਛਿਆ, ਪਰ ਉਨ੍ਹਾਂ ਤੋਂ ਵੀ ਮੈਨੂੰ ਕੋਈ ਜਵਾਬ ਨਾ ਮਿਲਿਆ। ਉਹ ਸਾਰੇ ਮੇਰੇ ਸਵਾਲ ਸੁਣ ਕੇ ਹੈਰਾਨ-ਪਰੇਸ਼ਾਨ ਰਹਿ ਜਾਂਦੇ ਸਨ। ਆਖ਼ਰਕਾਰ ਮੈਂ ਇਕ ਲੂਥਰਨ ਪਾਦਰੀ ਕੋਲ ਗਈ। ਉਹ ਵੀ ਮੇਰੇ ਸਵਾਲਾਂ ਤੋਂ ਬਹੁਤ ਖਿੱਝਿਆ, ਪਰ ਮੇਰੇ ਜਾਣ ਤੋਂ ਪਹਿਲਾਂ ਉਸ ਨੇ ਮੈਨੂੰ ਕਿਹਾ: “ਜੇ ਤੂੰ ਸੱਚ-ਮੁੱਚ ਜਾਣਨਾ ਚਾਹੁੰਦੀ ਹੈਂ, ਤਾਂ ਜਾ ਕੇ ਯਹੋਵਾਹ ਦੇ ਗਵਾਹਾਂ ਨੂੰ ਪੁੱਛ।”

ਮੈਂ ਗਵਾਹਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਮੈਨੂੰ ਨਹੀਂ ਮਿਲੇ। ਕੁਝ ਦਿਨ ਬਾਅਦ ਜਦ ਮੈਂ ਕੰਮ ਤੋਂ ਘਰ ਵਾਪਸ ਆਈ ਤੇ ਮੈਂ ਦੇਖਿਆ ਕਿ ਸਾਡਾ ਦਰਵਾਜ਼ਾ ਖੁੱਲ੍ਹਾ ਸੀ ਤੇ ਇਕ ਸੋਹਣਾ-ਸੁਨੱਖਾ ਨੌਜਵਾਨ ਮਾਤਾ ਜੀ ਨੂੰ ਬਾਈਬਲ ਪੜ੍ਹ ਕੇ ਸੁਣਾ ਰਿਹਾ ਸੀ। ਮੇਰੇ ਮਨ ਵਿਚ ਇਕਦਮ ਖ਼ਿਆਲ ਆਇਆ, ‘ਇਹ ਜ਼ਰੂਰ ਯਹੋਵਾਹ ਦਾ ਗਵਾਹ ਹੋਣਾ!’ ਅਸੀਂ ਉਸ ਨੂੰ ਅੰਦਰ ਆਉਣ ਲਈ ਕਿਹਾ ਤੇ ਮੈਂ ਉਸ ਨੂੰ ਆਪਣੇ ਉਹੀ ਸਵਾਲ ਪੁੱਛੇ। ਆਪੇ ਜਵਾਬ ਦੇਣ ਦੀ ਬਜਾਇ ਉਸ ਨੇ ਬਾਈਬਲ ਖੋਲ੍ਹ ਕੇ ਮੈਨੂੰ ਦਿਖਾਇਆ ਕਿ ਸੱਚੇ ਮਸੀਹੀ ਕਿਸ ਤਰ੍ਹਾਂ ਪਛਾਣੇ ਜਾ ਸਕਦੇ ਸਨ। ਉਸ ਨੇ ਮੈਨੂੰ ਇਹ ਵੀ ਦਿਖਾਇਆ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਸਾਂ।—ਯੂਹੰਨਾ 13:34, 35; 2 ਤਿਮੋਥਿਉਸ 3:1-5.

ਮੈਂ ਅਜੇ 17 ਸਾਲਾਂ ਦੀ ਵੀ ਨਹੀਂ ਸੀ ਜਦ ਮੈਂ ਬਪਤਿਸਮਾ ਲੈ ਲਿਆ। ਇੰਨੀਆਂ ਸੋਹਣੀਆਂ ਗੱਲਾਂ ਸਿੱਖਣ ਤੋਂ ਬਾਅਦ ਮੈਂ ਚਾਹੁੰਦੀ ਸੀ ਕਿ ਸਾਰੇ ਇਨ੍ਹਾਂ ਬਾਰੇ ਜਾਣਨ। ਇਸ ਲਈ ਮੈਂ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਉੱਨੀ ਸੌ ਤੀਹ ਦੇ ਦਹਾਕੇ ਦੌਰਾਨ ਚੈਕੋਸਲਵਾਕੀਆ ਵਿਚ ਪ੍ਰਚਾਰ ਕਰਨਾ ਕਾਫ਼ੀ ਔਖਾ ਸੀ ਕਿਉਂਕਿ ਭਾਵੇਂ ਸਾਡੇ ਕੰਮ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ, ਪਰ ਪਾਦਰੀ ਸਾਰਿਆਂ ਨੂੰ ਸਾਡੇ ਖ਼ਿਲਾਫ਼ ਚੁੱਕ ਰਹੇ ਸਨ।

ਪਹਿਲੀ ਵਾਰ ਜ਼ੁਲਮ ਦਾ ਸਾਮ੍ਹਣਾ

ਸਾਲ 1937 ਦੇ ਅਖ਼ੀਰ ਵਿਚ ਇਕ ਦਿਨ ਮੈਂ ਇਕ ਹੋਰ ਭੈਣ ਨਾਲ ਲੁਚੈਂਯੈਟਜ਼ ਦੇ ਲਾਗੇ ਇਕ ਪਿੰਡ ਵਿਚ ਅਜੇ ਪ੍ਰਚਾਰ ਕਰਨਾ ਸ਼ੁਰੂ ਹੀ ਕੀਤਾ ਸੀ ਕਿ ਸਾਨੂੰ ਗਿਰਫ਼ਤਾਰ ਕਰ ਕੇ ਕੈਦ ਵਿਚ ਸੁੱਟ ਦਿੱਤਾ ਗਿਆ। ਸਿਪਾਹੀ ਨੇ ਜ਼ੋਰ ਨਾਲ ਦਰਵਾਜ਼ੇ ਨੂੰ ਬੰਦ ਕਰਦੇ ਹੋਏ ਕਿਹਾ: “ਹੁਣ ਤੁਸੀਂ ਇੱਥੇ ਹੀ ਮਰੋਗੀਆਂ।”

ਸ਼ਾਮ ਤਕ ਸਾਡੇ ਨਾਲ ਚਾਰ ਹੋਰ ਔਰਤਾਂ ਕੈਦ ਵਿਚ ਪਾ ਦਿੱਤੀਆਂ ਗਈਆਂ ਸਨ। ਉਹ ਬਹੁਤ ਡਰੀਆਂ ਹੋਈਆਂ ਸਨ। ਅਸੀਂ ਉਨ੍ਹਾਂ ਨੂੰ ਬਾਈਬਲ ਵਿੱਚੋਂ ਗੱਲਾਂ ਦੱਸੀਆਂ ਜਿਨ੍ਹਾਂ ਤੋਂ ਉਨ੍ਹਾਂ ਨੂੰ ਕਾਫ਼ੀ ਹੌਸਲਾ ਮਿਲਿਆ। ਸਾਡੀ ਸਾਰੀ ਰਾਤ ਇਸ ਤਰ੍ਹਾਂ ਪ੍ਰਚਾਰ ਕਰਦਿਆਂ ਹੀ ਲੰਘ ਗਈ।

ਅਗਲੀ ਸਵੇਰ ਛੇ ਵਜੇ ਸਿਪਾਹੀ ਨੇ ਮੈਨੂੰ ਉਸ ਨਾਲ ਜਾਣ ਲਈ ਕਿਹਾ। ਮੈਂ ਭੈਣ ਨੂੰ ਕਿਹਾ ਕਿ ਜੇ ਉਹ ਬਚ ਗਈ, ਤਾਂ ਮੇਰੇ ਘਰ ਵਾਲਿਆਂ ਨੂੰ ਸਾਰੀ ਗੱਲ ਦੱਸ ਦੇਵੇ। ਜਾਣ ਤੋਂ ਪਹਿਲਾਂ ਮੈਂ ਕਿਹਾ: “ਅਸੀਂ ਹੁਣ ਪਰਮੇਸ਼ੁਰ ਦੇ ਰਾਜ ਵਿਚ ਹੀ ਇਕ-ਦੂਜੇ ਨੂੰ ਮਿਲਾਂਗੀਆਂ।” ਮੈਂ ਮਨ ਹੀ ਮਨ ਵਿਚ ਪ੍ਰਾਰਥਨਾ ਕੀਤੀ ਤੇ ਸਿਪਾਹੀ ਨਾਲ ਚਲੇ ਗਈ। ਉਹ ਮੈਨੂੰ ਆਪਣੇ ਘਰ ਲੈ ਗਿਆ ਜੋ ਜੇਲ੍ਹ ਦੇ ਨਾਲ ਹੀ ਸੀ ਅਤੇ ਕਹਿਣ ਲੱਗਾ: “ਕੁੜੇ, ਮੈਂ ਤੈਨੂੰ ਕੁਝ ਸਵਾਲ ਪੁੱਛਣੇ ਚਾਹੁੰਦਾ ਹਾਂ। ਕੱਲ੍ਹ ਰਾਤ ਤੂੰ ਕਹਿ ਰਹੀ ਸੀ ਕਿ ਰੱਬ ਦਾ ਨਾਂ ਯਹੋਵਾਹ ਹੈ। ਕੀ ਤੂੰ ਮੈਨੂੰ ਇਹ ਬਾਈਬਲ ਵਿੱਚੋਂ ਦਿਖਾ ਸਕਦੀ ਹੈਂ?” ਉਸ ਦੀ ਗੱਲ ਸੁਣ ਕੇ ਮੈਂ ਤਾਂ ਹੱਕੀ-ਬੱਕੀ ਹੀ ਰਹਿ ਗਈ। ਉਹ ਬਾਈਬਲ ਲਿਆਇਆ ਤੇ ਮੈਂ ਉਸ ਨੂੰ ਤੇ ਉਸ ਦੀ ਪਤਨੀ ਨੂੰ ਯਹੋਵਾਹ ਦਾ ਨਾਂ ਦਿਖਾਇਆ। ਉਸ ਨੇ ਵੀ ਉਨ੍ਹਾਂ ਵਿਸ਼ਿਆਂ ਉੱਤੇ ਕਈ ਸਵਾਲ ਪੁੱਛੇ ਜਿਨ੍ਹਾਂ ਬਾਰੇ ਅਸੀਂ ਰਾਤ ਵੇਲੇ ਚਾਰ ਕੈਦੀ ਔਰਤਾਂ ਨਾਲ ਗੱਲ ਕੀਤੀ ਸੀ। ਆਰਾਮ ਨਾਲ ਗੱਲ ਸੁਣਨ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਮੇਰੇ ਲਈ ਤੇ ਦੂਜੀ ਭੈਣ ਲਈ ਨਾਸ਼ਤਾ ਤਿਆਰ ਕਰਨ ਨੂੰ ਕਿਹਾ।

ਦੋ ਦਿਨ ਬਾਅਦ ਸਾਨੂੰ ਰਿਹਾ ਕਰ ਦਿੱਤਾ ਗਿਆ। ਪਰ ਇਕ ਜੱਜ ਨੇ ਫ਼ੈਸਲਾ ਸੁਣਾ ਦਿੱਤਾ ਕਿ ਮੈਨੂੰ ਚੈਕੋਸਲਵਾਕੀਆ ਛੱਡਣਾ ਪਵੇਗਾ ਕਿਉਂਕਿ ਮੈਂ ਹੰਗਰੀਵਾਸੀ ਸੀ। ਇਸ ਘਟਨਾ ਤੋਂ ਬਾਅਦ ਹੀ ਟੀਬੌਰ ਹਾਫ਼ਨਰ ਨੇ ਮੈਨੂੰ ਵਿਆਹ ਦੀ ਪੇਸ਼ਕਸ਼ ਕੀਤੀ ਸੀ। ਸ਼ਾਦੀ ਤੋਂ ਬਾਅਦ ਮੈਂ ਆਪਣੇ ਸਹੁਰਿਆਂ ਦੇ ਘਰ ਜਾ ਕੇ ਰਹਿਣ ਲੱਗ ਪਈ।

ਅਤਿਆਚਾਰ ਵਿਚ ਵਾਧਾ

ਅਸੀਂ ਦੋਵੇਂ ਪ੍ਰਚਾਰ ਦੇ ਕੰਮ ਵਿਚ ਲੱਗੇ ਰਹੇ, ਪਰ ਟੀਬੌਰ ਕਲੀਸਿਯਾ ਦਾ ਵੀ ਕਾਫ਼ੀ ਸਾਰਾ ਕੰਮ ਕਰਦਾ ਸੀ। ਨਵੰਬਰ 1938 ਵਿਚ ਸਾਡੇ ਕਾਕੇ ਦਾ ਜਨਮ ਹੋਇਆ ਤੇ ਅਸੀਂ ਉਸ ਦਾ ਨਾਂ ਟੀਬੌਰ ਜੂਨੀਅਰ ਰੱਖਿਆ। ਉਸ ਦੇ ਜਨਮ ਤੋਂ ਕੁਝ ਹੀ ਦਿਨ ਬਾਅਦ ਹੰਗਰੀ ਦੀਆਂ ਫ਼ੌਜਾਂ ਸਾਡੇ ਸ਼ਹਿਰ ਆ ਗਈਆਂ। ਯੂਰਪ ਉੱਤੇ ਦੂਜੇ ਵਿਸ਼ਵ ਯੁੱਧ ਦੇ ਕਾਲੇ ਬਦਲ ਛਾਏ ਹੋਏ ਸਨ। ਹੰਗਰੀ ਨੇ ਚੈਕੋਸਲਵਾਕੀਆ ਦਾ ਵੱਡਾ ਹਿੱਸਾ ਹੜੱਪ ਲਿਆ ਅਤੇ ਉਸ ਇਲਾਕੇ ਵਿਚ ਰਹਿਣ ਵਾਲੇ ਗਵਾਹਾਂ ਨੂੰ ਬਹੁਤ ਅਤਿਆਚਾਰ ਸਹਿਣਾ ਪਿਆ।

ਟੀਬੌਰ 10 ਅਕਤੂਬਰ 1942 ਨੂੰ ਕੁਝ ਭਰਾਵਾਂ ਨੂੰ ਮਿਲਣ ਡੈਬਰਟਸੈਨ ਨੂੰ ਗਿਆ। ਪਰ ਇਸ ਵਾਰ ਉਹ ਮੁੜ ਕੇ ਵਾਪਸ ਨਹੀਂ ਆਇਆ। ਬਾਅਦ ਵਿਚ ਉਸ ਨੇ ਮੈਨੂੰ ਦੱਸਿਆ ਕਿ ਉੱਥੇ ਕੀ ਵਾਪਰਿਆ ਸੀ। ਭਰਾਵਾਂ ਨੇ ਇਕ ਪੁਲ ਤੇ ਮਿਲਣਾ ਸੀ, ਪਰ ਉਨ੍ਹਾਂ ਦੀ ਥਾਂ ਆਮ ਕੱਪੜੇ ਪਾ ਕੇ ਪੁਲਸ ਦੇ ਬੰਦੇ ਖੜ੍ਹੇ ਸਨ। ਉਨ੍ਹਾਂ ਨੇ ਬਾਕੀ ਦੇ ਭਰਾਵਾਂ ਨੂੰ ਪਹਿਲਾਂ ਹੀ ਗਿਰਫ਼ਤਾਰ ਕਰ ਲਿਆ ਸੀ ਤੇ ਹੁਣ ਉਹ ਮੇਰੇ ਪਤੀ ਅਤੇ ਭਰਾ ਪਾਲ ਨਾਜਪਾਲ ਦੀ ਉਡੀਕ ਕਰ ਰਹੇ ਸਨ। ਸਿਪਾਹੀ ਉਨ੍ਹਾਂ ਨੂੰ ਥਾਣੇ ਲੈ ਗਏ ਤੇ ਡੰਡਿਆਂ ਨਾਲ ਉਨ੍ਹਾਂ ਦੀਆਂ ਪੈਰਾਂ ਦੀਆਂ ਤਲੀਆਂ ਤੇ ਉਸ ਸਮੇਂ ਤਕ ਮਾਰਿਆ ਜਦ ਤਕ ਉਹ ਦਰਦ ਨਾਲ ਬੇਹੋਸ਼ ਨਾ ਹੋ ਗਏ।

ਫਿਰ, ਡਾਢੀ ਪੀੜ ਦੇ ਬਾਵਜੂਦ ਉਨ੍ਹਾਂ ਨੂੰ ਬੂਟ ਪਾ ਕੇ ਖੜ੍ਹੇ ਹੋਣ ਲਈ ਕਿਹਾ ਗਿਆ ਤੇ ਸਿਪਾਹੀ ਉਨ੍ਹਾਂ ਨੂੰ ਤੁਰਾ ਕੇ ਰੇਲਵੇ ਸਟੇਸ਼ਨ ਲੈ ਗਏ। ਸਿਪਾਹੀ ਇਕ ਹੋਰ ਆਦਮੀ ਨੂੰ ਲਿਆਏ ਜਿਸ ਦੇ ਸਿਰ ਉੱਤੇ ਇੰਨੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਕਿ ਉਹ ਦੇਖ ਨਹੀਂ ਸਕਦਾ ਸੀ। ਇਹ ਸੀ ਭਰਾ ਆਂਡਰਾਸ਼ ਪਿਲਿੰਕ। ਉਹ ਵੀ ਪੁਲ ਤੇ ਭਰਾਵਾਂ ਨੂੰ ਮਿਲਣ ਗਿਆ ਸੀ। ਮੇਰੇ ਪਤੀ ਨੂੰ ਰੇਲ-ਗੱਡੀ ਰਾਹੀਂ ਬੁਡਾਪੈਸਟ ਦੇ ਲਾਗੇ ਆਲਾਗ ਨਾਂ ਦੇ ਪਿੰਡ ਲਿਜਾਇਆ ਗਿਆ ਅਤੇ ਉੱਥੇ ਉਸ ਨੂੰ ਜੇਲ੍ਹ ਵਿਚ ਸੁੱਟਿਆ ਗਿਆ। ਜਦ ਇਕ ਸਿਪਾਹੀ ਨੇ ਟੀਬੌਰ ਦੇ ਪੈਰਾਂ ਦੀ ਹਾਲਤ ਦੇਖੀ, ਤਾਂ ਉਸ ਨੇ ਹੱਸ ਕੇ ਕਿਹਾ: “ਉਹ ਲੋਕ ਵੀ ਕਿੰਨੇ ਜ਼ਾਲਮ ਹਨ! ਪਰ ਡਰ ਨਾ, ਅਸੀਂ ਤੈਨੂੰ ਚੰਗਾ ਕਰ ਦੇਵਾਂਗੇ।” ਇਹ ਕਹਿੰਦੇ ਸਾਰ ਹੀ ਦੋ ਹੋਰ ਸਿਪਾਹੀਆਂ ਨੇ ਟੀਬੌਰ ਦੇ ਪੈਰਾਂ ਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਖ਼ੂਨ ਦੇ ਛਿੱਟੇ ਹਰ ਪਾਸੇ ਪੈ ਗਏ। ਕੁਝ ਹੀ ਪਲਾਂ ਵਿਚ ਉਹ ਬੇਹੋਸ਼ ਹੋ ਗਿਆ।

ਅਗਲੇ ਮਹੀਨੇ ਟੀਬੌਰ ਸਣੇ 60 ਤੋਂ ਜ਼ਿਆਦਾ ਭੈਣ-ਭਾਈਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਭਰਾ ਆਂਡਰਾਸ਼ ਬਾਰਟਾ, ਡੇਨਸ਼ ਫ਼ਾਲੁਵੇਗੀ ਅਤੇ ਯਾਨੌਸ਼ ਕੌਨਰੈਡ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਭਰਾ ਆਂਡਰਾਸ਼ ਪਿਲਿੰਕ ਨੂੰ ਉਮਰ ਕੈਦ ਤੇ ਮੇਰੇ ਪਤੀ ਨੂੰ 12 ਸਾਲ। ਇਨ੍ਹਾਂ ਦਾ ਦੋਸ਼ ਕੀ ਸੀ? ਸਰਕਾਰੀ ਵਕੀਲ ਨੇ ਕਿਹਾ ਕਿ ਇਹ ਦੇਸ਼ਧਰੋਹੀ ਸਨ ਜੋ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰਦੇ ਸਨ। ਉਨ੍ਹਾਂ ਉੱਤੇ ਜਾਸੂਸੀ ਕਰਨ ਅਤੇ ਅੱਤ ਪਵਿੱਤਰ ਚਰਚ ਦੀ ਬਦਨਾਮੀ ਕਰਨ ਦਾ ਵੀ ਦੋਸ਼ ਲਾਇਆ ਗਿਆ ਸੀ। ਬਾਅਦ ਵਿਚ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਗਿਆ।

ਟੀਬੌਰ ਤੋਂ ਬਾਅਦ ਮੇਰੀ ਵਾਰੀ

ਟੀਬੌਰ ਦੇ ਡੈਬਰਟਸੈਨ ਵਿਚ ਭਰਾਵਾਂ ਨੂੰ ਮਿਲਣ ਜਾਣ ਤੋਂ ਦੋ ਦਿਨ ਬਾਅਦ ਮੈਂ ਤੜਕੇ ਉੱਠ ਕੇ ਕੱਪੜੇ ਪ੍ਰੈੱਸ ਕਰ ਰਹੀ ਸੀ। ਅਚਾਨਕ ਕਿਸੇ ਨੇ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਇਆ। ਮੈਂ ਸੋਚਿਆ, ‘ਬੱਸ ਆ ਗਏ ਉਹ।’ ਛੇ ਸਿਪਾਹੀ ਦਗੜ-ਦਗੜ ਕਰਦੇ ਅੰਦਰ ਆ ਵੜੇ ਤੇ ਕਹਿਣ ਲੱਗੇ ਕਿ ਉਨ੍ਹਾਂ ਕੋਲ ਘਰ ਦੀ ਤਲਾਸ਼ੀ ਲੈਣ ਦਾ ਵਾਰੰਟ ਸੀ। ਘਰ ਦੇ ਸਾਰੇ ਜੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਮੇਰਾ ਤਿੰਨ ਸਾਲ ਦਾ ਮੁੰਡਾ ਵੀ ਸਾਡੇ ਨਾਲ ਹੀ ਸੀ। ਉਸੇ ਦਿਨ ਸਾਨੂੰ ਹੰਗਰੀ ਵਿਚ ਪੈਟੈਰਵਾਸ਼ਾਰਾ ਦੀ ਜੇਲ੍ਹ ਵਿਚ ਲਿਜਾਇਆ ਗਿਆ।

ਉੱਥੇ ਪਹੁੰਚਦੇ ਹੀ ਮੈਨੂੰ ਤਾਪ ਚੜ੍ਹ ਗਿਆ ਤੇ ਬਾਕੀ ਦੇ ਕੈਦੀਆਂ ਤੋਂ ਅਲੱਗ ਕਰ ਦਿੱਤਾ ਗਿਆ। ਜਦ ਮੈਨੂੰ ਹੋਸ਼ ਆਈ, ਤਾਂ ਮੇਰੇ ਲਾਗੇ ਦੋ ਸਿਪਾਹੀ ਖੜ੍ਹੇ ਲੜ ਰਹੇ ਸਨ। ਇਕ ਨੇ ਦੂਜੇ ਨੂੰ ਕਿਹਾ: “ਇਸ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ! ਚੱਲ ਮੈਂ ਮਾਰਦਾ ਹਾਂ!” ਪਰ ਦੂਜਾ ਕੁਝ ਕਰਨ ਤੋਂ ਪਹਿਲਾਂ ਮੇਰੀ ਹਾਲਤ ਦੇਖਣੀ ਚਾਹੁੰਦਾ ਸੀ। ਮੈਂ ਉਨ੍ਹਾਂ ਅੱਗੇ ਤਰਲੇ ਕੀਤੇ ਕਿ ਮੈਨੂੰ ਜ਼ਿੰਦਾ ਰਹਿਣ ਦੇਣ। ਆਖ਼ਰਕਾਰ ਉਹ ਉੱਥੋਂ ਚਲੇ ਗਏ ਤੇ ਮੈਂ ਯਹੋਵਾਹ ਦਾ ਸ਼ੁਕਰ ਕੀਤਾ ਕਿ ਉਸ ਨੇ ਮੈਨੂੰ ਬਚਾ ਲਿਆ।

ਸਿਪਾਹੀਆਂ ਦੇ ਪੁੱਛ-ਗਿੱਛ ਕਰਨ ਦੇ ਆਪਣੇ ਹੀ ਅਨੋਖੇ ਤਰੀਕੇ ਸਨ। ਉਨ੍ਹਾਂ ਨੇ ਮੈਨੂੰ ਮੂੰਹ ਪਰਨੇ ਜ਼ਮੀਨ ਤੇ ਲੰਮੀ ਪੈਣ ਲਈ ਕਿਹਾ ਤੇ ਮੇਰੇ ਮੂੰਹ ਵਿਚ ਜੁਰਾਬਾਂ ਪਾ ਦਿੱਤੀਆਂ ਤਾਂਕਿ ਮੇਰੀਆਂ ਚੀਕਾਂ ਨਾ ਨਿਕਲਣ। ਫਿਰ ਉਨ੍ਹਾਂ ਨੇ ਮੇਰੇ ਹੱਥ-ਪੈਰ ਬੰਨ੍ਹ ਕੇ ਮੇਰੀ ਪਿੱਠ ਤੇ ਚਾਬਕ ਮਾਰ-ਮਾਰ ਕੇ ਮੈਨੂੰ ਲਹੂ-ਲੁਹਾਨ ਕਰ ਦਿੱਤਾ। ਉਹ ਮੈਨੂੰ ਮਾਰਨੋਂ ਉਦੋਂ ਹੀ ਰੁਕੇ ਜਦ ਇਕ ਸਿਪਾਹੀ ਨੇ ਕਿਹਾ ਕਿ ਉਹ ਥੱਕ ਗਿਆ ਸੀ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਜਿਸ ਦਿਨ ਮੇਰਾ ਪਤੀ ਹਿਰਾਸਤ ਵਿਚ ਲਿਆ ਗਿਆ ਸੀ, ਉਹ ਪੁਲ ਤੇ ਕਿਸ ਨੂੰ ਮਿਲਣ ਗਿਆ ਸੀ। ਮੈਂ ਉਨ੍ਹਾਂ ਨੂੰ ਕੁਝ ਨਾ ਦੱਸਿਆ ਤੇ ਉਹ ਮੈਨੂੰ ਤਿੰਨ ਦਿਨ ਤਕ ਮਾਰਦੇ ਰਹੇ। ਚੌਥੇ ਦਿਨ ਉਨ੍ਹਾਂ ਨੇ ਮੈਨੂੰ ਇਜਾਜ਼ਤ ਦਿੱਤੀ ਕਿ ਮੈਂ ਆਪਣੇ ਮੁੰਡੇ ਨੂੰ ਆਪਣੇ ਮਾਤਾ ਜੀ ਕੋਲ ਛੱਡ ਆਵਾਂ। ਬਰਫ਼ੀਲੇ ਮੌਸਮ ਵਿਚ ਮੈਂ ਠਰਦੀ ਹੋਈ ਆਪਣੇ ਮੁੰਡੇ ਨੂੰ ਆਪਣੀ ਜ਼ਖ਼ਮੀ ਪਿੱਠ ਤੇ ਚੁੱਕਿਆ ਅਤੇ 13 ਕਿਲੋਮੀਟਰ ਪੈਦਲ ਚੱਲ ਕੇ ਰੇਲਵੇ ਸਟੇਸ਼ਨ ਤਕ ਗਈ। ਉੱਥੋਂ ਟ੍ਰੇਨ ਫੜ ਕੇ ਮੈਂ ਘਰ ਪਹੁੰਚੀ, ਪਰ ਮੈਂ ਉਸੇ ਦਿਨ ਜੇਲ੍ਹ ਵਿਚ ਵਾਪਸ ਮੁੜਨਾ ਸੀ।

ਮੈਨੂੰ ਬੁਡਾਪੈਸਟ ਦੀ ਇਕ ਜੇਲ੍ਹ ਵਿਚ ਛੇ ਸਾਲਾਂ ਦੀ ਕੈਦ ਦੀ ਸਜ਼ਾ ਦਿੱਤੀ ਗਈ। ਉੱਥੇ ਪਹੁੰਚ ਕੇ ਮੈਨੂੰ ਪਤਾ ਲੱਗਾ ਕਿ ਟੀਬੌਰ ਵੀ ਉੱਥੇ ਹੀ ਸੀ। ਸਾਡੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਜਦ ਅਧਿਕਾਰੀਆਂ ਨੇ ਸਾਨੂੰ ਕੁਝ ਮਿੰਟਾਂ ਲਈ ਲੋਹੇ ਦੇ ਜੰਗਲ਼ੇ ਵਿੱਚੋਂ ਇਕ-ਦੂਜੇ ਨਾਲ ਗੱਲ ਕਰਨ ਦਿੱਤੀ! ਅਸੀਂ ਯਹੋਵਾਹ ਦਾ ਸਹਾਰਾ ਮਹਿਸੂਸ ਕੀਤਾ ਤੇ ਇਕ-ਦੂਜੇ ਨੂੰ ਮਿਲ ਕੇ ਸਾਨੂੰ ਹੌਸਲਾ ਮਿਲਿਆ। ਦੁਬਾਰਾ ਮਿਲਣ ਤੋਂ ਪਹਿਲਾਂ ਅਸੀਂ ਦੋਹਾਂ ਨੇ ਵੱਡੇ ਇਮਤਿਹਾਨਾਂ ਦਾ ਸਾਮ੍ਹਣਾ ਕਰਨਾ ਸੀ ਅਤੇ ਮੌਤ ਦੇ ਮੂੰਹ ਤੋਂ ਵਾਰ-ਵਾਰ ਬਚਣਾ ਸੀ।

ਜੇਲ੍ਹਾਂ ਦਾ ਚੱਕਰ

ਜੇਲ੍ਹ ਦੇ ਇੱਕੋ ਕਮਰੇ ਵਿਚ ਤਕਰੀਬਨ 80 ਭੈਣਾਂ ਤੂਸੀਆਂ ਹੋਈਆਂ ਸਨ। ਅਸੀਂ ਬਾਈਬਲ ਵਿੱਚੋਂ ਕੁਝ ਪੜ੍ਹਨ ਲਈ ਤਾਂਘ ਰਹੀਆਂ ਸਨ, ਪਰ ਜੇਲ੍ਹ ਵਿਚ ਕੁਝ ਵੀ ਲਿਆਉਣਾ ਮੁਸ਼ਕਲ ਸੀ। ਕੀ ਜੇਲ੍ਹ ਦੇ ਅੰਦਰੋਂ ਅਸੀਂ ਕੁਝ ਲੈ ਸਕਦੀਆਂ ਸੀ? ਚਲੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਗੇ ਕੀ ਹੋਇਆ। ਮੈਂ ਅਧਿਕਾਰੀਆਂ ਨੂੰ ਕਿਹਾ ਕਿ ਮੈਂ ਜੇਲ੍ਹ ਦੇ ਕਰਮਚਾਰੀਆਂ ਦੀਆਂ ਜੁਰਾਬਾਂ ਨੂੰ ਰਫੂ ਕਰ ਦਿੰਦੀ ਹਾਂ। ਉਹ ਰਾਜ਼ੀ ਹੋ ਗਏ ਤੇ ਇਕ ਦਿਨ ਇਕ ਜੁਰਾਬ ਵਿਚ ਮੈਂ ਜੇਲ੍ਹ ਦੀ ਲਾਇਬ੍ਰੇਰੀ ਤੋਂ ਬਾਈਬਲ ਦਾ ਪੁਸਤਕ-ਸੂਚੀ ਨੰਬਰ ਮੰਗਵਾਇਆ। ਸ਼ੱਕ ਦੂਰ ਕਰਨ ਲਈ ਮੈਂ ਦੋ ਹੋਰ ਕਿਤਾਬਾਂ ਦੇ ਨੰਬਰ ਵੀ ਮੰਗਵਾ ਲਏ।

ਅਗਲੇ ਦਿਨ ਮੇਰੇ ਕੋਲ ਕਰਮਚਾਰੀਆਂ ਦੀਆਂ ਜੁਰਾਬਾਂ ਦਾ ਇਕ ਹੋਰ ਢੇਰ ਆ ਗਿਆ। ਇਕ ਜੁਰਾਬ ਵਿਚ ਮੈਨੂੰ ਕਿਤਾਬਾਂ ਦੇ ਨੰਬਰ ਮਿਲ ਗਏ। ਫਿਰ ਮੈਂ ਇਕ ਸਿਪਾਹੀ ਨੂੰ ਨੰਬਰ ਦੇ ਕੇ ਕਿਤਾਬਾਂ ਮੰਗਵਾ ਲਈਆਂ। ਸਾਡੀ ਖ਼ੁਸ਼ੀ ਦਾ ਜ਼ਰਾ ਅੰਦਾਜ਼ਾ ਲਾਓ ਜਦ ਕਿਤਾਬਾਂ ਆਈਆਂ ਤੇ ਉਨ੍ਹਾਂ ਵਿਚ ਬਾਈਬਲ ਵੀ ਸੀ! ਹਰ ਹਫ਼ਤੇ ਅਸੀਂ ਬਾਕੀ ਦੀਆਂ ਕਿਤਾਬਾਂ ਬਦਲਵਾ ਲੈਂਦੀਆਂ ਸੀ, ਪਰ ਬਾਈਬਲ ਨੂੰ ਅਸੀਂ ਵਾਪਸ ਨਹੀਂ ਕੀਤਾ। ਜਦ ਵੀ ਸਿਪਾਹੀ ਇਸ ਬਾਰੇ ਪੁੱਛਦਾ ਸੀ, ਤਾਂ ਅਸੀਂ ਕਹਿੰਦੀਆਂ: “ਇਹ ਇੰਨੀ ਵੱਡੀ ਕਿਤਾਬ ਹੈ ਤੇ ਸਾਰੀਆਂ ਜਣੀਆਂ ਇਸ ਨੂੰ ਪੜ੍ਹਨਾ ਚਾਹੁੰਦੀਆਂ ਹਨ।” ਇਸ ਤਰੀਕੇ ਨਾਲ ਅਸੀਂ ਬਾਈਬਲ ਪੜ੍ਹ ਸਕੀਆਂ।

ਇਕ ਦਿਨ ਇਕ ਅਫ਼ਸਰ ਨੇ ਮੈਨੂੰ ਆਪਣੇ ਦਫ਼ਤਰ ਵਿਚ ਬੁਲਾਇਆ। ਉਹ ਮੇਰੇ ਨਾਲ ਬਾਹਲੀ ਤਮੀਜ਼ ਨਾਲ ਬੋਲਿਆ।

“ਮੈਂ ਤੁਹਾਡੇ ਲਈ ਖ਼ੁਸ਼ ਖ਼ਬਰੀ ਲੈ ਕੇ ਆਇਆ ਹਾਂ, ਸ਼੍ਰੀਮਤੀ ਹਾਫ਼ਨਰ ਜੀ,” ਉਸ ਨੇ ਕਿਹਾ। “ਤੁਸੀਂ ਘਰ ਜਾ ਸਕਦੇ ਹੋ। ਜੇ ਟ੍ਰੇਨ ਹੋਈ ਤਾਂ ਅੱਜ, ਨਹੀਂ ਤਾਂ ਕੱਲ੍ਹ ਨੂੰ ਜ਼ਰੂਰ ਜਾ ਸਕਦੇ ਹੋ।”

“ਇਹ ਤਾਂ ਬਹੁਤ ਚੰਗੀ ਖ਼ਬਰ ਹੈ,” ਮੈਂ ਕਿਹਾ।

“ਮੈਨੂੰ ਯਕੀਨ ਸੀ ਕਿ ਤੁਸੀਂ ਇਹ ਖ਼ਬਰ ਸੁਣ ਕੇ ਜ਼ਰੂਰ ਖ਼ੁਸ਼ ਹੋਵੋਗੇ,” ਉਸ ਨੇ ਕਿਹਾ। “ਤੁਹਾਡਾ ਮੁੰਡਾ ਅਜੇ ਬਹੁਤ ਛੋਟਾ ਹੈ ਤੇ ਮੇਰੇ ਖ਼ਿਆਲ ਵਿਚ ਤੁਸੀਂ ਉਸ ਨੂੰ ਆਪ ਪਾਲ-ਪੋਸ ਕੇ ਵੱਡਾ ਕਰਨਾ ਚਾਹੁੰਦੇ ਹੋ।” ਫਿਰ ਉਸ ਨੇ ਕਿਹਾ: “ਬਸ ਇਸ ਚਿੱਠੀ ਤੇ ਦਸਤਖਤ ਕਰ ਦਿਓ।”

“ਇਹ ਕੀ ਹੈ?” ਮੈਂ ਪੁੱਛਿਆ।

“ਘਬਰਾਉਣ ਦੀ ਕੋਈ ਗੱਲ ਨਹੀਂ,” ਉਸ ਨੇ ਜ਼ੋਰ ਦਿੱਤਾ। “ਬਸ ਦਸਤਖਤ ਕਰ ਦਿਓ, ਤੇ ਤੁਸੀਂ ਜਾ ਸਕਦੇ ਹੋ।” ਫਿਰ ਉਸ ਨੇ ਮੈਨੂੰ ਕਿਹਾ: “ਘਰ ਵਾਪਸ ਜਾ ਕੇ ਤੁਸੀਂ ਭਾਵੇਂ ਜੋ ਮਰਜ਼ੀ ਕਰੋ, ਪਰ ਹੁਣ ਤੁਹਾਨੂੰ ਦਸਤਖਤ ਕਰਨੇ ਪੈਣਗੇ ਕਿ ਤੁਸੀਂ ਯਹੋਵਾਹ ਦੇ ਗਵਾਹ ਨਹੀਂ ਹੋ।”

ਮੈਂ ਨਾ ਕਰ ਕੇ ਉੱਠ ਖੜ੍ਹੀ ਹੋਈ।

“ਫਿਰ ਤੂੰ ਇੱਥੇ ਹੀ ਜੇਲ੍ਹ ਵਿਚ ਮਰ,” ਗੁੱਸੇ ਨਾਲ ਚਿਲਾਉਂਦੇ ਹੋਏ ਉਸ ਨੇ ਮੈਨੂੰ ਕੈਦਖ਼ਾਨੇ ਵਾਪਸ ਭੇਜ ਦਿੱਤਾ।

ਮਈ 1943 ਵਿਚ ਮੈਨੂੰ ਬੁਡਾਪੈਸਟ ਦੀ ਇਕ ਹੋਰ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਮੈਨੂੰ ਮਾਰਿਆਨੌਸਟਰਾ ਨਾਂ ਦੇ ਪਿੰਡ ਵਿਚ 70 ਕੁ ਨਨਾਂ ਨਾਲ ਇਕ ਮੱਠ ਵਿਚ ਰਹਿਣ ਲਈ ਭੇਜਿਆ ਗਿਆ। ਭਾਵੇਂ ਭੁੱਖ ਤੇ ਹੋਰ ਤੰਗੀਆਂ ਕਾਰਨ ਸਾਡਾ ਬੁਰਾ ਹਾਲ ਸੀ, ਪਰ ਅਸੀਂ ਨਨਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਣਾ ਚਾਹੁੰਦੀਆਂ ਸੀ। ਇਕ ਨੂੰ ਸਾਡਾ ਸੰਦੇਸ਼ ਬਹੁਤ ਪਸੰਦ ਆਇਆ ਤੇ ਉਸ ਨੇ ਕਿਹਾ: “ਇਹ ਤਾਂ ਬਹੁਤ ਹੀ ਸੋਹਣੀਆਂ ਗੱਲਾਂ ਹਨ। ਮੈਂ ਪਹਿਲਾਂ ਕਦੇ ਇਹ ਗੱਲਾਂ ਨਹੀਂ ਸੁਣੀਆਂ। ਮੈਨੂੰ ਹੋਰ ਦੱਸੋ।” ਅਸੀਂ ਉਸ ਨੂੰ ਨਵੀਂ ਦੁਨੀਆਂ ਵਿਚ ਸੋਹਣੀ ਜ਼ਿੰਦਗੀ ਬਾਰੇ ਦੱਸਿਆ। ਪਰ ਇੰਨੇ ਵਿਚ ਹੀ ਮੱਠ ਦੀ ਪ੍ਰਧਾਨ ਆ ਗਈ। ਉਸ ਨਨ ਨੂੰ ਉਸੇ ਵੇਲੇ ਲੈ ਜਾਇਆ ਗਿਆ ਅਤੇ ਉਸ ਦੇ ਕੱਪੜੇ ਉਤਰਵਾ ਕੇ ਉਸ ਨੂੰ ਕੋਰੜੇ ਨਾਲ ਬੁਰੀ ਤਰ੍ਹਾਂ ਮਾਰਿਆ ਗਿਆ। ਜਦ ਅਸੀਂ ਮੁੜ ਮਿਲੀਆਂ, ਤਾਂ ਉਸ ਨੇ ਕਿਹਾ: “ਮੇਰੇ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰਿਓ ਤਾਂਕਿ ਮੈਂ ਬਚ ਜਾਵਾਂ ਤੇ ਇੱਥੋਂ ਨਿਕਲ ਸਕਾਂ। ਮੈਂ ਵੀ ਯਹੋਵਾਹ ਦੀ ਗਵਾਹ ਬਣਨਾ ਚਾਹੁੰਦੀ ਹਾਂ।”

ਉਸ ਮੱਠ ਤੋਂ ਬਾਅਦ ਸਾਨੂੰ ਕੋਮਾਰੋਮ ਦੀ ਜੇਲ੍ਹ ਵਿਚ ਲਿਜਾਇਆ ਗਿਆ। ਇਹ ਸ਼ਹਿਰ ਬੁਡਾਪੈਸਟ ਦੇ ਪੱਛਮ ਵਿਚ ਲਗਭਗ 80 ਕਿਲੋਮੀਟਰ ਦੂਰ ਡੈਨਿਊਬ ਨਦੀ ਤੇ ਸਥਿਤ ਹੈ। ਇਸ ਜੇਲ੍ਹ ਦੀ ਹਾਲਤ ਬਹੁਤ ਹੀ ਮਾੜੀ ਸੀ। ਗੰਦਗੀ ਦੇ ਕਾਰਨ ਮੈਨੂੰ ਤੇ ਹੋਰ ਬਹੁਤ ਸਾਰੀਆਂ ਭੈਣਾਂ ਨੂੰ ਟਾਈਫਸ ਰੋਗ ਲੱਗ ਗਿਆ। ਮੈਨੂੰ ਖ਼ੂਨ ਦੀਆਂ ਉਲਟੀਆਂ ਆਉਣ ਲੱਗ ਪਈਆਂ ਤੇ ਮੈਂ ਬਹੁਤ ਹੀ ਕਮਜ਼ੋਰ ਹੋ ਗਈ। ਸਾਡੇ ਕੋਲ ਕੋਈ ਦਵਾ-ਦਾਰੂ ਨਹੀਂ ਸੀ ਤੇ ਮੈਂ ਸੋਚਿਆ ਕਿ ਹੁਣ ਤਾਂ ਮੈਂ ਗਈ ਹੀ ਗਈ। ਪਰ ਫਿਰ ਜੇਲ੍ਹ ਦੇ ਅਫ਼ਸਰਾਂ ਨੂੰ ਦਫ਼ਤਰ ਦਾ ਕੰਮ-ਕਾਜ ਕਰਨ ਲਈ ਕਿਸੇ ਦੀ ਲੋੜ ਸੀ ਤੇ ਭੈਣਾਂ ਨੇ ਉਨ੍ਹਾਂ ਨੂੰ ਮੇਰਾ ਨਾਂ ਦੇ ਦਿੱਤਾ। ਇਸ ਦੇ ਨਤੀਜੇ ਵਜੋਂ ਮੇਰਾ ਇਲਾਜ ਕਰਾਇਆ ਗਿਆ ਤੇ ਮੈਂ ਠੀਕ ਹੋ ਗਈ।

ਮੁੜ ਆਪਣੇ ਪਰਿਵਾਰ ਨਾਲ

ਜਿਉਂ-ਜਿਉਂ ਪੂਰਬ ਵੱਲੋਂ ਸੋਵੀਅਤ ਫ਼ੌਜ ਵਧਦੀ ਚਲੀ ਆ ਰਹੀ ਸੀ, ਤਿਉਂ-ਤਿਉਂ ਸਾਨੂੰ ਪੱਛਮ ਵੱਲ ਭੱਜਣ ਲਈ ਮਜਬੂਰ ਕੀਤਾ ਗਿਆ। ਜੇ ਮੈਂ ਤੁਹਾਨੂੰ ਹਰੇਕ ਗੱਲ ਦੱਸਾਂ ਤਾਂ ਕਹਾਣੀ ਬਹੁਤ ਹੀ ਲੰਬੀ ਹੋ ਜਾਵੇਗੀ। ਪਰ ਮੈਂ ਇੰਨਾ ਜ਼ਰੂਰ ਕਹਾਂਗੀ ਕਿ ਅਸੀਂ ਬਹੁਤ ਹੀ ਕਠਿਨਾਈਆਂ ਤੇ ਜ਼ੁਲਮ ਸਹੇ ਤੇ ਕਈ ਵਾਰ ਮੈਂ ਮਰਦੀ-ਮਰਦੀ ਬਚੀ। ਯਹੋਵਾਹ ਦੀ ਰਾਖੀ ਸਦਕਾ ਮੈਂ ਬਚ ਗਈ। ਜਿਸ ਵੇਲੇ ਯੁੱਧ ਖ਼ਤਮ ਹੋਇਆ, ਉਦੋਂ ਅਸੀਂ ਟਾਬੌਰ ਨਾਂ ਦੇ ਚੈੱਕ ਸ਼ਹਿਰ ਵਿਚ ਸੀ ਜੋ ਕਿ ਪ੍ਰਾਗ ਤੋਂ ਕੁਝ 80 ਕਿਲੋਮੀਟਰ ਦੂਰ ਹੈ। ਘਰ ਵਾਪਸ ਪਹੁੰਚਣ ਲਈ ਮੈਨੂੰ ਤੇ ਮੇਰੀ ਨਣਾਣ ਮਾਗਡਾਲੇਨਾ ਨੂੰ ਤਿੰਨ ਹੋਰ ਹਫ਼ਤੇ ਲੱਗੇ। ਆਖ਼ਰਕਾਰ 30 ਮਈ 1945 ਦੇ ਦਿਨ ਅਸੀਂ ਲੁਚੈਂਯੈਟਜ਼ ਵਿਚ ਆਪਣੇ ਘਰ ਆ ਗਈਆਂ।

ਦੂਰੋਂ ਮੈਨੂੰ ਮੇਰੀ ਸੱਸ ਤੇ ਮੇਰਾ ਪੁੱਤ ਟੀਬੌਰ ਬਾਹਰ ਵੇਹੜੇ ਵਿਚ ਖੜ੍ਹੇ ਨਜ਼ਰ ਆਏ। ਮੇਰੀਆਂ ਅੱਖਾਂ ਅੱਥਰੂਆਂ ਨਾਲ ਭਰ ਆਈਆਂ ਤੇ ਮੈਂ ਚੀਕ ਉੱਠੀ, “ਟੀਬਕੂ, ਮੇਰੇ ਪਿਆਰੇ ਟੀਬਕੂ!” ਉਹ ਨੱਸ ਕੇ ਮੇਰੀਆਂ ਬਾਹਾਂ ਵਿਚ ਆ ਕੇ ਕਹਿਣ ਲੱਗਾ: “ਮੰਮੀ ਮੈਨੂੰ ਮੁੜ ਕੇ ਨਾ ਛੱਡ ਜਾਈਓ।” ਉਸ ਦੇ ਇਹ ਪਹਿਲੇ ਬੋਲ ਮੈਂ ਕਦੇ ਨਹੀਂ ਭੁੱਲ ਸਕਦੀ।

ਯਹੋਵਾਹ ਨੇ ਮੇਰੇ ਪਤੀ ਨੂੰ ਵੀ ਸੰਭਾਲੀ ਰੱਖਿਆ। ਬੁਡਾਪੈਸਟ ਦੀ ਜੇਲ੍ਹ ਤੋਂ ਉਸ ਨੂੰ ਲਗਭਗ 160 ਹੋਰ ਭਰਾਵਾਂ ਸਮੇਤ ਬੌਰ ਦੇ ਮਜ਼ਦੂਰੀ ਕੈਂਪ ਵਿਚ ਭੇਜਿਆ ਗਿਆ। ਬਹੁਤ ਸਾਰੇ ਭਰਾ ਕਈ ਵਾਰ ਮਰਦੇ-ਮਰਦੇ ਬਚੇ। ਟੀਬੌਰ ਮੇਰੇ ਤੋਂ ਇਕ ਮਹੀਨਾ ਪਹਿਲਾਂ 8 ਅਪ੍ਰੈਲ 1945 ਨੂੰ ਘਰ ਵਾਪਸ ਆ ਗਿਆ ਸੀ।

ਜੰਗ ਤੋਂ ਬਾਅਦ ਵੀ ਸਾਨੂੰ ਯਹੋਵਾਹ ਦੇ ਸਹਾਰੇ ਦੀ ਬਹੁਤ ਲੋੜ ਪਈ। ਕਿਉਂ? ਕਿਉਂਕਿ ਅਗਲੇ 40 ਸਾਲ ਚੈਕੋਸਲਵਾਕੀਆ ਵਿਚ ਕਮਿਊਨਿਸਟ ਹਕੂਮਤ ਅਧੀਨ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਟੀਬੌਰ ਨੇ ਫਿਰ ਤੋਂ ਕਈ ਸਾਲ ਜੇਲ੍ਹਾਂ ਵਿਚ ਕੱਟੇ ਤੇ ਮੈਨੂੰ ਉਸ ਤੋਂ ਬਿਨਾਂ ਆਪਣੇ ਬੇਟੇ ਦੀ ਦੇਖ-ਰੇਖ ਕਰਨੀ ਪਈ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਟੀਬੌਰ ਨੇ ਸਫ਼ਰੀ ਨਿਗਾਹਬਾਨ ਦੇ ਤੌਰ ਤੇ ਸੇਵਾ ਕੀਤੀ। ਕਮਿਊਨਿਸਟ ਰਾਜ ਦੇ 40 ਸਾਲਾਂ ਦੌਰਾਨ ਅਸੀਂ ਹਰ ਮੌਕੇ ਤੇ ਆਪਣੀ ਨਿਹਚਾ ਦੂਸਰਿਆਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਸੱਚਾਈ ਸਿੱਖਣ ਵਿਚ ਅਸੀਂ ਕਈਆਂ ਦੀ ਮਦਦ ਕਰ ਸਕੇ।

ਉਹ ਦਿਨ ਕਿੰਨਾ ਖ਼ੁਸ਼ੀਆਂ ਭਰਿਆ ਸੀ ਜਦ 1989 ਵਿਚ ਯਹੋਵਾਹ ਦੇ ਗਵਾਹਾਂ ਨੂੰ ਭਗਤੀ ਕਰਨ ਦੀ ਆਜ਼ਾਦੀ ਮਿਲੀ! ਅਗਲੇ ਸਾਲ ਲੰਬੇ ਸਮੇਂ ਬਾਅਦ ਸਾਡੇ ਦੇਸ਼ ਵਿਚ ਸੰਮੇਲਨ ਹੋਇਆ। ਜਦ ਅਸੀਂ ਹਜ਼ਾਰਾਂ ਭੈਣ-ਭਾਈਆਂ ਨੂੰ ਦੇਖਿਆ ਜੋ ਸਤਾਹਟਾਂ ਦੇ ਬਾਵਜੂਦ ਦਹਾਕਿਆਂ ਤੋਂ ਵਫ਼ਾਦਾਰ ਰਹੇ ਸਨ, ਸਾਨੂੰ ਪਤਾ ਸੀ ਕਿ ਯਹੋਵਾਹ ਨੇ ਉਨ੍ਹਾਂ ਨੂੰ ਵੀ ਸਹਾਰਾ ਦਿੱਤਾ ਸੀ।

ਮੇਰਾ ਪਿਆਰਾ ਪਤੀ 14 ਅਕਤੂਬਰ 1993 ਨੂੰ ਦਮ ਤੋੜ ਗਿਆ। ਉਹ ਅੰਤ ਤਕ ਵਫ਼ਾਦਾਰ ਰਿਹਾ। ਹੁਣ ਮੈਂ ਜ਼੍ਹੀਲੀਨਾ, ਸਲੋਵਾਕੀਆ ਵਿਚ ਆਪਣੇ ਬੇਟੇ ਦੇ ਲਾਗੇ ਰਹਿੰਦੀ ਹਾਂ। ਭਾਵੇਂ ਮੇਰੇ ਸਰੀਰ ਵਿਚ ਪਹਿਲਾਂ ਵਰਗੀ ਤਾਕਤ ਨਹੀਂ ਰਹੀ, ਫਿਰ ਵੀ ਯਹੋਵਾਹ ਦੀ ਤਾਕਤ ਨਾਲ ਮੇਰਾ ਜੋਸ਼ ਅਜੇ ਵੀ ਬਰਕਰਾਰ ਹੈ। ਮੈਨੂੰ ਪੂਰਾ ਯਕੀਨ ਹੈ ਕਿ ਮੈਂ ਉਸ ਦੇ ਸਹਾਰੇ ਇਸ ਪੁਰਾਣੀ ਦੁਨੀਆਂ ਦੀ ਹਰ ਅਜ਼ਮਾਇਸ਼ ਸਹਿ ਸਕਦੀ ਹਾਂ। ਇਸ ਤੋਂ ਇਲਾਵਾ ਮੈਂ ਉਸ ਸਮੇਂ ਦੀ ਉਡੀਕ ਵਿਚ ਹਾਂ ਜਦ ਯਹੋਵਾਹ ਦੀ ਕਿਰਪਾ ਨਾਲ ਮੈਂ ਹਮੇਸ਼ਾ ਵਾਸਤੇ ਜੀ ਸਕਾਂਗੀ।

[ਸਫ਼ੇ 20 ਉੱਤੇ ਤਸਵੀਰ]

ਮੇਰਾ 4-ਸਾਲਾ ਬੇਟਾ ਟੀਬੌਰ ਜੂਨੀਅਰ ਜਿਸ ਨੂੰ ਮੈਂ ਆਪਣੇ ਮਾਤਾ ਜੀ ਕੋਲ ਛੱਡ ਆਈ ਸੀ

[ਸਫ਼ੇ 21 ਉੱਤੇ ਤਸਵੀਰ]

ਬੌਰ ਵਿਚ ਮੇਰਾ ਪਤੀ ਟੀਬੌਰ ਹੋਰਨਾਂ ਭਰਾਵਾਂ ਨਾਲ

[ਸਫ਼ੇ 22 ਉੱਤੇ ਤਸਵੀਰ]

1947 ਵਿਚ ਬਰਨੋ ਸ਼ਹਿਰ ਵਿਚ ਮੈਂ, ਟੀਬੌਰ ਤੇ ਮੇਰੀ ਨਣਾਣ ਮਾਗਡਾਲੇਨਾ

[ਸਫ਼ੇ 23 ਉੱਤੇ ਤਸਵੀਰ]

ਕਈ ਵਾਰ ਮੈਂ ਮਰਦੀ-ਮਰਦੀ ਬਚੀ। ਯਹੋਵਾਹ ਦੀ ਰਾਖੀ ਸਦਕਾ ਮੈਂ ਬਚ ਗਈ