Skip to content

Skip to table of contents

ਗਿਣਤੀ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ

ਗਿਣਤੀ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਗਿਣਤੀ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ

ਇਸਰਾਏਲੀਆਂ ਦੇ ਮਿਸਰ ਤੋਂ ਕੂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਕ ਕੌਮ ਵਜੋਂ ਸੰਗਠਿਤ ਕੀਤਾ ਗਿਆ ਸੀ। ਇਸ ਤੋਂ ਜਲਦੀ ਬਾਅਦ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜ ਸਕਦੇ ਸਨ, ਪਰ ਇਸ ਤਰ੍ਹਾਂ ਨਹੀਂ ਹੋਇਆ। ਇਸ ਦੀ ਬਜਾਇ, ਉਹ ਤਕਰੀਬਨ 40 ਸਾਲਾਂ ਤਕ “ਵੱਡੀ ਅਤੇ ਭਿਆਣਕ ਉਜਾੜ” ਵਿਚ ਖੱਜਲ-ਖੁਆਰ ਹੁੰਦੇ ਫਿਰਦੇ ਰਹੇ। (ਬਿਵਸਥਾ ਸਾਰ 8:15) ਪਰ ਉਨ੍ਹਾਂ ਨਾਲ ਇਸ ਤਰ੍ਹਾਂ ਕਿਉਂ ਹੋਇਆ? ਗਿਣਤੀ ਦੀ ਕਿਤਾਬ ਵਿਚ ਲਿਖਿਆ ਉਨ੍ਹਾਂ ਦਾ ਇਤਿਹਾਸ ਸਾਨੂੰ ਇਸ ਬਾਰੇ ਦੱਸਦਾ ਹੈ। ਇਨ੍ਹਾਂ ਗੱਲਾਂ ਤੋਂ ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਯਹੋਵਾਹ ਪਰਮੇਸ਼ੁਰ ਦੀ ਆਗਿਆ ਮੰਨਣੀ ਅਤੇ ਉਸ ਦੇ ਨਿਯੁਕਤ ਸੇਵਕਾਂ ਦਾ ਆਦਰ ਕਰਨਾ ਕਿੰਨਾ ਜ਼ਰੂਰੀ ਹੈ।

ਮੂਸਾ ਨੇ ਇਹ ਕਿਤਾਬ ਉਜਾੜ ਵਿਚ ਅਤੇ ਮੋਆਬ ਦੇ ਮੈਦਾਨ ਵਿਚ ਲਿਖੀ ਸੀ। ਇਸ ਕਿਤਾਬ ਵਿਚ 1512 ਸਾ.ਯੁ.ਪੂ. ਤੋਂ ਲੈ ਕੇ 1473 ਸਾ.ਯੁ.ਪੂ. ਯਾਨੀ 38 ਸਾਲ ਤੇ 9 ਮਹੀਨਿਆਂ ਦਾ ਇਤਿਹਾਸ ਲਿਖਿਆ ਗਿਆ ਹੈ। (ਗਿਣਤੀ 1:1; ਬਿਵਸਥਾ ਸਾਰ 1:3) ਇਸਰਾਏਲੀ ਲੋਕਾਂ ਦੀ ਦੋ ਵਾਰੀ ਗਿਣਤੀ ਕੀਤੀ ਗਈ ਸੀ, ਦੂਸਰੀ ਗਿਣਤੀ ਪਹਿਲੀ ਗਿਣਤੀ ਤੋਂ 38 ਸਾਲ ਬਾਅਦ ਕੀਤੀ ਗਈ ਸੀ। ਇਨ੍ਹਾਂ ਗਿਣਤੀਆਂ ਕਰਕੇ ਹੀ ਇਸ ਕਿਤਾਬ ਦਾ ਨਾਂ ਗਿਣਤੀ ਰੱਖਿਆ ਗਿਆ ਹੈ। (ਅਧਿਆਇ 1-4, 26) ਇਸ ਕਿਤਾਬ ਵਿਚ ਦਿੱਤਾ ਬਿਰਤਾਂਤ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ। ਪਹਿਲੇ ਹਿੱਸੇ ਵਿੱਚੋਂ ਸਾਨੂੰ ਪਤਾ ਲੱਗਦਾ ਹੈ ਕਿ ਸੀਨਈ ਪਹਾੜ ਉੱਤੇ ਕੀ-ਕੁਝ ਹੋਇਆ ਸੀ। ਦੂਸਰਾ ਹਿੱਸਾ ਦੱਸਦਾ ਹੈ ਕਿ ਉਜਾੜ ਵਿਚ ਘੁੰਮਦਿਆਂ-ਫਿਰਦਿਆਂ ਇਸਰਾਏਲੀਆਂ ਨਾਲ ਕੀ ਬੀਤਿਆ ਅਤੇ ਆਖ਼ਰੀ ਹਿੱਸੇ ਵਿਚ ਅਸੀਂ ਦੇਖਦੇ ਹਾਂ ਕਿ ਮੋਆਬ ਦੇ ਮੈਦਾਨ ਵਿਚ ਇਸਰਾਏਲੀਆਂ ਨਾਲ ਕੀ-ਕੁਝ ਹੋਇਆ ਸੀ। ਜਿਉਂ-ਜਿਉਂ ਤੁਸੀਂ ਇਹ ਕਿਤਾਬ ਪੜ੍ਹਦੇ ਹੋ, ਆਪਣੇ-ਆਪ ਤੋਂ ਇਹ ਸਵਾਲ ਪੁੱਛੋ: ‘ਇਨ੍ਹਾਂ ਵਾਪਰੀਆਂ ਘਟਨਾਵਾਂ ਤੋਂ ਮੈਂ ਕੀ ਸਿੱਖ ਸਕਦਾ ਹਾਂ? ਕੀ ਇਸ ਕਿਤਾਬ ਵਿਚ ਕੋਈ ਇਹੋ ਜਿਹੇ ਸਿਧਾਂਤ ਹਨ ਜਿਨ੍ਹਾਂ ਤੋਂ ਅੱਜ ਮੈਨੂੰ ਲਾਭ ਹੋ ਸਕਦਾ ਹੈ?’

ਸੀਨਈ ਪਹਾੜ ਤੇ

(ਗਿਣਤੀ 1:1–10:10)

ਇਸਰਾਏਲੀ ਲੋਕਾਂ ਦੀ ਪਹਿਲੀ ਗਿਣਤੀ ਉਦੋਂ ਕੀਤੀ ਗਈ ਸੀ ਜਦੋਂ ਉਹ ਅਜੇ ਸੀਨਈ ਪਹਾੜ ਦੇ ਕੋਲ ਹੀ ਸਨ। ਲੇਵੀਆਂ ਤੋਂ ਛੁੱਟ, 20 ਸਾਲਾਂ ਅਤੇ ਇਸ ਤੋਂ ਉੱਪਰ ਦੀ ਉਮਰ ਦੇ ਸਾਰੇ ਮਰਦਾਂ ਦੀ ਗਿਣਤੀ ਕੀਤੀ ਗਈ ਸੀ ਅਤੇ ਇਨ੍ਹਾਂ ਦੀ ਗਿਣਤੀ ਕੁੱਲ ਮਿਲਾ ਕੇ 6,03,550 ਸੀ। ਲੱਗਦਾ ਹੈ ਕਿ ਇਹ ਗਿਣਤੀ ਇਸ ਲਈ ਕੀਤੀ ਗਈ ਸੀ ਤਾਂਕਿ ਆਦਮੀਆਂ ਨੂੰ ਫ਼ੌਜ ਵਿਚ ਭਰਤੀ ਕੀਤਾ ਜਾ ਸਕੇ। ਔਰਤਾਂ, ਬੱਚਿਆਂ ਤੇ ਲੇਵੀਆਂ ਸਮੇਤ ਇਸਰਾਏਲੀਆਂ ਦੀ ਕੁੱਲ ਗਿਣਤੀ ਸ਼ਾਇਦ 30 ਲੱਖ ਤੋਂ ਜ਼ਿਆਦਾ ਸੀ।

ਗਿਣਤੀ ਕਰਨ ਤੋਂ ਬਾਅਦ ਇਸਰਾਏਲੀਆਂ ਨੂੰ ਕਈ ਗੱਲਾਂ ਦੇ ਸੰਬੰਧ ਵਿਚ ਹਿਦਾਇਤਾਂ ਦਿੱਤੀਆਂ ਗਈਆਂ ਸਨ। ਮਿਸਾਲ ਵਜੋਂ, ਉਨ੍ਹਾਂ ਨੂੰ ਕੂਚ ਕਰਨ ਬਾਰੇ, ਲੇਵੀਆਂ ਦੀਆਂ ਜ਼ਿੰਮੇਵਾਰੀਆਂ ਤੇ ਡੇਹਰੇ ਵਿਚ ਉਨ੍ਹਾਂ ਦੀ ਸੇਵਾ ਬਾਰੇ, ਛੂਤ ਦੇ ਰੋਗੀਆਂ ਨੂੰ ਬਾਕੀ ਲੋਕਾਂ ਤੋਂ ਵੱਖਰਾ ਰੱਖਣ ਦੇ ਸਮੇਂ ਬਾਰੇ, ਈਰਖਾ ਬਾਰੇ ਅਤੇ ਨਜ਼ੀਰਾਂ ਦੁਆਰਾ ਸੁੱਖਣਾਂ ਸੁੱਖਣ ਬਾਰੇ ਹਿਦਾਇਤਾਂ ਦਿੱਤੀਆਂ ਗਈਆਂ ਸਨ। ਸੱਤਵੇਂ ਅਧਿਆਇ ਵਿਚ ਜਗਵੇਦੀ ਦਾ ਅਰਪਣ ਕਰਨ ਲਈ ਗੋਤਾਂ ਦੇ ਪ੍ਰਧਾਨਾਂ ਦੁਆਰਾ ਚੜ੍ਹਾਏ ਬਲੀਦਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨੌਵੇਂ ਅਧਿਆਇ ਵਿਚ ਪਸਾਹ ਦਾ ਤਿਉਹਾਰ ਮਨਾਉਣ ਬਾਰੇ ਦੱਸਿਆ ਗਿਆ ਹੈ। ਇਸਰਾਏਲੀਆਂ ਨੂੰ ਡੇਹਰਾ ਲਾਉਣ ਤੇ ਉਠਾਉਣ ਬਾਰੇ ਵੀ ਨਿਯਮ ਦਿੱਤੇ ਗਏ ਸਨ।

ਕੁਝ ਸਵਾਲਾਂ ਦੇ ਜਵਾਬ:

2:1, 2—ਉਜਾੜ ਵਿਚ ਉਹ ‘ਨਿਸ਼ਾਨ’ ਕੀ ਸਨ ਜਿਨ੍ਹਾਂ ਦੇ ਆਲੇ-ਦੁਆਲੇ ਇਸਰਾਏਲੀਆਂ ਨੂੰ ਤੰਬੂ ਲਾਉਣ ਲਈ ਕਿਹਾ ਗਿਆ ਸੀ? ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਇਹ ਨਿਸ਼ਾਨ ਕੀ ਸਨ। ਪਰ ਇਹ ਨਿਸ਼ਚਿਤ ਹੈ ਕਿ ਇਹ ਕੋਈ ਪਵਿੱਤਰ ਪ੍ਰਤੀਕ ਵਗੈਰਾ ਨਹੀਂ ਸਨ ਜਿਨ੍ਹਾਂ ਨਾਲ ਕੋਈ ਧਾਰਮਿਕ ਸੰਬੰਧ ਜੋੜਿਆ ਜਾਵੇ। ਇਹ ਨਿਸ਼ਾਨ ਇਸ ਮਕਸਦ ਲਈ ਵਰਤੇ ਜਾਂਦੇ ਸਨ ਕਿ ਇਸਰਾਏਲੀ ਡੇਹਰੇ ਵਿਚ ਆਪਣੀ ਠਹਿਰਾਈ ਹੋਈ ਜਗ੍ਹਾ ਸੌਖਿਆਂ ਲੱਭ ਸਕਣ।

5:27—ਇਸ ਦਾ ਕੀ ਮਤਲਬ ਹੈ ਕਿ ਵਿਭਚਾਰ ਕਰਨ ਵਾਲੀ ਪਤਨੀ ਦੀ “ਜਾਂਘ ਸੜ ਜਾਵੇਗੀ?” ਇੱਥੇ “ਜਾਂਘ” ਸ਼ਬਦ ਜਣਨ ਅੰਗਾਂ ਨੂੰ ਦਰਸਾਉਂਦਾ ਹੈ। (ਉਤਪਤ 46:26) ਜਾਂਘ ਦੇ ‘ਸੜਨ’ ਦਾ ਮਤਲਬ ਹੈ ਕਿ ਜਣਨ ਅੰਗਾਂ ਵਿਚ ਵਿਗਾੜ ਆ ਜਾਵੇਗਾ ਜਿਸ ਕਰਕੇ ਬੱਚੇ ਪੈਦਾ ਕਰਨੇ ਅਸੰਭਵ ਹੋਵੇਗਾ।

ਸਾਡੇ ਲਈ ਸਬਕ:

6:1-7. ਨਜ਼ੀਰਾਂ ਤੋਂ ਮੰਗ ਕੀਤੀ ਗਈ ਸੀ ਕਿ ਉਹ ਆਪਣੀਆਂ ਇੱਛਾਵਾਂ ਉੱਤੇ ਕਾਬੂ ਪਾ ਕੇ ਸ਼ਰਾਬ ਅਤੇ ਅੰਗੂਰਾਂ ਤੋਂ ਬਣੇ ਕਿਸੇ ਵੀ ਪਦਾਰਥ ਤੋਂ ਪਰਹੇਜ਼ ਕਰਨ। ਇਸ ਦੇ ਨਾਲ-ਨਾਲ, ਨਜ਼ੀਰ ਆਪਣੇ ਵਾਲ ਲੰਬੇ ਰੱਖਦੇ ਸਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਦਿਖਾਇਆ ਸੀ ਕਿ ਜਿਸ ਤਰ੍ਹਾਂ ਔਰਤਾਂ ਆਪਣੇ ਪਿਤਾਵਾਂ ਤੇ ਪਤੀਆਂ ਦੇ ਅਧੀਨ ਰਹਿੰਦੀਆਂ ਹਨ, ਉਸੇ ਤਰ੍ਹਾਂ ਉਹ ਵੀ ਯਹੋਵਾਹ ਦੇ ਅਧੀਨ ਸਨ। ਨਜ਼ੀਰਾਂ ਨੂੰ ਲਾਸ਼ਾਂ ਤੋਂ ਦੂਰ ਰਹਿਣ ਦੀ ਲੋੜ ਸੀ ਤਾਂਕਿ ਉਹ ਇਨ੍ਹਾਂ ਤੋਂ ਅਸ਼ੁੱਧ ਨਾ ਹੋ ਜਾਣ। ਇੱਥੋਂ ਤਕ ਕਿ ਉਹ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਲਾਸ਼ ਤੋਂ ਵੀ ਦੂਰ ਰਹਿੰਦੇ ਸਨ। ਅੱਜ ਜਿਹੜੇ ਭੈਣ-ਭਰਾ ਆਪਣਾ ਪੂਰਾ ਸਮਾਂ ਪਰਮੇਸ਼ੁਰ ਦੀ ਸੇਵਾ ਵਿਚ ਲਾਉਂਦੇ ਹਨ, ਉਹ ਵੀ ਆਪਣੀਆਂ ਇੱਛਾਵਾਂ ਤੇ ਕਾਬੂ ਪਾ ਕੇ ਨਜ਼ੀਰਾਂ ਵਾਂਗ ਯਹੋਵਾਹ ਅਤੇ ਉਸ ਦੁਆਰਾ ਕੀਤੇ ਪ੍ਰਬੰਧਾਂ ਦੇ ਅਧੀਨ ਰਹਿੰਦੇ ਹਨ। ਕਈ ਵਾਰੀ ਇਨ੍ਹਾਂ ਸੇਵਕਾਂ ਨੂੰ ਦੂਰ ਦੇਸ਼ਾਂ ਵਿਚ ਸੇਵਾ ਕਰਨ ਲਈ ਭੇਜਿਆ ਜਾਂਦਾ ਹੈ। ਜੇ ਇਨ੍ਹਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਏ, ਤਾਂ ਕਈ ਵਾਰ ਉਨ੍ਹਾਂ ਲਈ ਦਾਹ-ਸੰਸਕਾਰ ਲਈ ਘਰ ਵਾਪਸ ਆਉਣਾ ਮੁਸ਼ਕਲ ਹੁੰਦਾ ਹੈ।

8:25, 26. ਲੇਵੀਆਂ ਦੀਆਂ ਕਈ ਖ਼ਾਸ ਜ਼ਿੰਮੇਵਾਰੀਆਂ ਸਨ। ਇਨ੍ਹਾਂ ਨੂੰ ਸਹੀ ਤਰ੍ਹਾਂ ਨਿਭਾਉਂਦੇ ਰਹਿਣ ਲਈ ਜ਼ਰੂਰੀ ਸੀ ਕਿ ਉਹ ਜ਼ਿਆਦਾ ਬੁਢਾਪੇ ਦੀ ਉਮਰ ਤਕ ਸੇਵਾ ਨਾ ਕਰਨ। ਇਸ ਲਈ ਉਨ੍ਹਾਂ ਤੋਂ ਸਮੇਂ ਸਿਰ ਰੀਟਾਇਰ ਹੋਣ ਦੀ ਮੰਗ ਕੀਤੀ ਜਾਂਦੀ ਸੀ। ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਉਹ ਦੂਸਰੇ ਲੇਵੀਆਂ ਦੀ ਮਦਦ ਨਹੀਂ ਕਰ ਸਕਦੇ ਸਨ। ਭਾਵੇਂ ਅੱਜ ਅਸੀਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਤੋਂ ਰੀਟਾਇਰ ਨਹੀਂ ਹੁੰਦੇ, ਪਰ ਅਸੀਂ ਇਸ ਸਿਧਾਂਤ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਜੇ ਬੁਢਾਪੇ ਕਾਰਨ ਇਕ ਮਸੀਹੀ ਯਹੋਵਾਹ ਦੀ ਸੇਵਾ ਵਿਚ ਕੋਈ ਖ਼ਾਸ ਜ਼ਿੰਮੇਵਾਰੀ ਪੂਰੀ ਨਹੀਂ ਕਰ ਸਕਦਾ, ਤਾਂ ਉਹ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਕੋਈ ਕੰਮ ਕਰ ਸਕਦਾ ਹੈ ਜੋ ਉਸ ਦੇ ਵੱਸ ਵਿਚ ਹੈ।

ਉਜਾੜ ਵਿਚ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ

(ਗਿਣਤੀ 10:11–21:35)

ਜਦੋਂ ਬੱਦਲ ਡੇਹਰੇ ਉੱਪਰੋਂ ਉੱਠਿਆ, ਤਾਂ ਇਸਰਾਏਲੀ ਇਕ ਯਾਤਰਾ ਤੇ ਨਿਕਲੇ ਅਤੇ 38 ਸਾਲ, 2 ਕੁ ਮਹੀਨਿਆਂ ਬਾਅਦ ਉਹ ਮੋਆਬ ਦੇ ਮਦਾਨ ਦੀ ਉਜਾੜ ਵਿਚ ਪਹੁੰਚੇ ਸਨ। ਜੇ ਤੁਸੀਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ “ਚੰਗੀ ਧਰਤੀ ਦੇਖੋ” (ਹਿੰਦੀ) ਨਾਮਕ ਬਰੋਸ਼ਰ ਦੇ 9ਵੇਂ ਸਫ਼ੇ ਤੇ ਦੇਖੋ ਕਿ ਇਸਰਾਏਲੀ ਕਿੱਥੋਂ-ਕਿੱਥੋਂ ਦੀ ਸਫ਼ਰ ਕਰ ਕੇ ਮੋਆਬ ਪਹੁੰਚੇ ਸਨ, ਤਾਂ ਤੁਹਾਨੂੰ ਕਾਫ਼ੀ ਫ਼ਾਇਦਾ ਹੋ ਸਕਦਾ ਹੈ।

ਕਾਦੇਸ ਨੂੰ ਜਾਂਦੇ ਹੋਏ ਪਾਰਾਨ ਦੇ ਉਜਾੜ ਵਿਚ ਇਸਰਾਏਲੀਆਂ ਨੇ ਘੱਟੋ-ਘੱਟ ਤਿੰਨ ਵਾਰੀ ਸ਼ਿਕਾਇਤ ਕੀਤੀ ਸੀ। ਪਹਿਲੀ ਵਾਰ ਉਹ ਉਦੋਂ ਬੁੜਬੁੜਾਉਣ ਤੋਂ ਹਟੇ ਜਦੋਂ ਯਹੋਵਾਹ ਨੇ ਅੱਗ ਘੱਲ ਕੇ ਕੁਝ ਲੋਕਾਂ ਨੂੰ ਭਸਮ ਕੀਤਾ। ਇਸ ਤੋਂ ਬਾਅਦ ਇਸਰਾਏਲੀਆਂ ਨੇ ਮੀਟ ਖਾਣ ਲਈ ਦੁਹਾਈ ਪਾਈ ਅਤੇ ਯਹੋਵਾਹ ਨੇ ਉਨ੍ਹਾਂ ਦੇ ਖਾਣ ਲਈ ਬਟੇਰਿਆਂ ਦਾ ਪ੍ਰਬੰਧ ਕੀਤਾ। ਮੂਸਾ ਦੇ ਵਿਰੁੱਧ ਮਿਰਯਮ ਅਤੇ ਹਾਰੂਨ ਦੀ ਸ਼ਿਕਾਇਤ ਦੇ ਨਤੀਜੇ ਵਜੋਂ ਮਿਰਯਮ ਨੂੰ ਥੋੜ੍ਹੇ ਚਿਰ ਲਈ ਕੋੜ੍ਹ ਦੀ ਬੀਮਾਰੀ ਲੱਗ ਗਈ ਸੀ।

ਜਦੋਂ ਇਸਰਾਏਲੀਆਂ ਦਾ ਡੇਹਰਾ ਅਜੇ ਕਾਦੇਸ ਵਿਚ ਸੀ, ਤਾਂ ਮੂਸਾ ਨੇ 12 ਜਾਸੂਸਾਂ ਨੂੰ ਕਨਾਨ ਦੇਸ਼ ਦੀ ਜਾਸੂਸੀ ਕਰਨ ਲਈ ਭੇਜਿਆ। ਉਹ 40 ਦਿਨਾਂ ਬਾਅਦ ਵਾਪਸ ਆਏ ਅਤੇ ਯਹੋਸ਼ੁਆ ਤੇ ਕਾਲੇਬ ਤੋਂ ਇਲਾਵਾ, ਦਸਾਂ ਜਣਿਆਂ ਨੇ ਕਨਾਨ ਬਾਰੇ ਡਰਾਉਣੀ ਖ਼ਬਰ ਲਿਆਂਦੀ। ਦਸਾਂ ਦੀ ਗੱਲ ਮੰਨਦੇ ਹੋਏ ਇਸਰਾਏਲੀਆਂ ਨੇ ਮੂਸਾ, ਹਾਰੂਨ ਅਤੇ ਵਫ਼ਾਦਾਰ ਜਾਸੂਸਾਂ ਯਹੋਸ਼ੁਆ ਤੇ ਕਾਲੇਬ ਨੂੰ ਪੱਥਰਾਂ ਨਾਲ ਮਾਰਨਾ ਚਾਹਿਆ। ਇਸ ਲਈ ਯਹੋਵਾਹ ਨੇ ਠਾਣ ਲਿਆ ਕਿ ਉਹ ਲੋਕਾਂ ਨੂੰ ਬੀਮਾਰੀ ਨਾਲ ਮਾਰੇਗਾ, ਪਰ ਮੂਸਾ ਨੇ ਪਰਮੇਸ਼ੁਰ ਨੂੰ ਅਰਜ਼ ਕਰ ਕੇ ਉਨ੍ਹਾਂ ਨੂੰ ਉਸ ਮੌਤ ਤੋਂ ਬਚਾ ਲਿਆ ਸੀ। ਫਿਰ ਵੀ, ਯਹੋਵਾਹ ਨੇ ਫ਼ਰਮਾਇਆ ਕਿ ਉਹ ਸਾਰੇ 40 ਸਾਲ ਉਜਾੜ ਵਿਚ ਖੱਜਲ-ਖੁਆਰ ਹੋਣਗੇ ਜਦ ਤਕ ਸਾਰੇ ਦੋਸ਼ੀ ਮਰ ਨਾ ਜਾਣ।

ਇਸ ਤੋਂ ਬਾਅਦ ਕੋਰਹ ਅਤੇ ਹੋਰ ਬਾਗ਼ੀਆਂ ਨੇ ਮੂਸਾ ਤੇ ਹਾਰੂਨ ਦਾ ਵਿਰੋਧ ਕੀਤਾ ਸੀ। ਇਨ੍ਹਾਂ ਬਾਗ਼ੀਆਂ ਨੂੰ ਅੱਗ ਨਾਲ ਭਸਮ ਕੀਤਾ ਗਿਆ ਅਤੇ ਬਾਕੀਆਂ ਨੂੰ ਜ਼ਮੀਨ ਨਿਗਲ ਗਈ। ਅਗਲੇ ਦਿਨ ਪੂਰੀ ਮੰਡਲੀ ਮੂਸਾ ਤੇ ਹਾਰੂਨ ਦੇ ਵਿਰੁੱਧ ਬੁੜਬੁੜਾਉਣ ਲੱਗੀ। ਨਤੀਜੇ ਵਜੋਂ 14,700 ਜਣੇ ਯਹੋਵਾਹ ਵੱਲੋਂ ਘੱਲੀ ਬਵਾ ਨਾਲ ਮਰ ਗਏ। ਇਹ ਦਿਖਾਉਣ ਲਈ ਕਿ ਪਰਮੇਸ਼ੁਰ ਨੇ ਹਾਰੂਨ ਨੂੰ ਪ੍ਰਧਾਨ ਜਾਜਕ ਬਣਨ ਲਈ ਚੁਣਿਆ ਸੀ, ਪਰਮੇਸ਼ੁਰ ਨੇ ਹਾਰੂਨ ਦੀ ਲਾਠੀ ਤੋਂ ਫੁੱਲ ਉਗਾਏ ਸਨ। ਇਸ ਤੋਂ ਬਾਅਦ ਯਹੋਵਾਹ ਨੇ ਲੇਵੀਆਂ ਦੀਆਂ ਜ਼ਿੰਮੇਵਾਰੀਆਂ ਦੇ ਸੰਬੰਧ ਵਿਚ ਅਤੇ ਜਨਤਾ ਦੇ ਸ਼ੁੱਧ ਰਹਿਣ ਬਾਰੇ ਹੋਰ ਨਿਯਮ ਦਿੱਤੇ ਸਨ। ਲਾਲ ਗਾਂ ਦੀ ਸੁਆਹ ਦੀ ਵਰਤੋਂ ਨੇ ਯਿਸੂ ਦੇ ਬਲੀਦਾਨ ਰਾਹੀਂ ਪਾਪਾਂ ਤੋਂ ਸ਼ੁੱਧ ਹੋਣ ਦੇ ਅਸਰ ਨੂੰ ਦਰਸਾਇਆ ਸੀ।—ਇਬਰਾਨੀਆਂ 9:13, 14.

ਇਸਰਾਏਲੀ ਕਾਦੇਸ ਵਾਪਸ ਆਏ ਅਤੇ ਇੱਥੇ ਮਿਰਯਮ ਦੀ ਮੌਤ ਹੋ ਗਈ। ਲੋਕਾਂ ਨੇ ਇਕ ਵਾਰ ਫਿਰ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਸ਼ਿਕਾਇਤ ਕੀਤੀ। ਕਿਉਂ? ਪਾਣੀ ਦੇ ਘਾਟੇ ਕਰਕੇ। ਮੂਸਾ ਤੇ ਹਾਰੂਨ ਨੇ ਚਮਤਕਾਰੀ ਢੰਗ ਨਾਲ ਉਨ੍ਹਾਂ ਲਈ ਪਾਣੀ ਦਾ ਪ੍ਰਬੰਧ ਕੀਤਾ। ਪਰ ਇਸ ਚਮਤਕਾਰ ਰਾਹੀਂ ਉਨ੍ਹਾਂ ਨੇ ਯਹੋਵਾਹ ਦੇ ਨਾਂ ਨੂੰ ਪਵਿੱਤਰ ਨਹੀਂ ਕੀਤਾ ਜਿਸ ਕਰਕੇ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜ ਨਹੀਂ ਸਕੇ। ਇਸਰਾਏਲੀ ਕਾਦੇਸ ਤੋਂ ਕੂਚ ਕਰਕੇ ਹੋਰ ਨਾਮਕ ਪਰਬਤ ਨੇੜੇ ਪਹੁੰਚੇ ਜਿੱਥੇ ਹਾਰੂਨ ਦੀ ਮੌਤ ਹੋ ਗਈ। ਅਦੋਮ ਇਲਾਕੇ ਵਿਚ ਘੁੰਮਦੇ-ਘੁੰਮਦੇ ਇਸਰਾਏਲੀ ਅੱਕ ਕੇ ਪਰਮੇਸ਼ੁਰ ਤੇ ਮੂਸਾ ਵਿਰੁੱਧ ਬੁੜਬੁੜਾਉਣ ਲੱਗ ਪਏ। ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਦੇਣ ਲਈ ਜ਼ਹਿਰੀਲੇ ਸੱਪ ਘੱਲੇ। ਮੂਸਾ ਨੇ ਇਕ ਵਾਰ ਫਿਰ ਉਨ੍ਹਾਂ ਲਈ ਬੇਨਤੀ ਕੀਤੀ। ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਉਹ ਇਕ ਪਿੱਤਲ ਦਾ ਸੱਪ ਬਣਾ ਕੇ ਉਸ ਨੂੰ ਇਕ ਡੰਡੇ ਉੱਤੇ ਰੱਖ ਦੇਵੇ ਤਾਂਕਿ ਜਦ ਵੀ ਸੱਪ ਕਿਸੇ ਮਨੁੱਖ ਨੂੰ ਡੰਗ ਮਾਰੇ, ਉਹ ਮਨੁੱਖ ਮਰਨ ਤੋਂ ਬਚਣ ਲਈ ਉਸ ਪਿੱਤਲ ਦੇ ਸੱਪ ਵੱਲ ਦੇਖ ਕੇ ਜੀਉਂਦਾ ਰਹਿ ਸਕੇ। ਇਸ ਸੱਪ ਨੇ ਸੂਲੀ ਉੱਪਰ ਹੋਈ ਯਿਸੂ ਮਸੀਹ ਦੀ ਮੌਤ ਨੂੰ ਦਰਸਾਇਆ ਸੀ। ਯਿਸੂ ਦੀ ਕੁਰਬਾਨੀ ਤੋਂ ਸਾਨੂੰ ਸਦਾ ਲਈ ਫ਼ਾਇਦੇ ਹੋਣਗੇ। (ਯੂਹੰਨਾ 3:14, 15) ਇਸ ਤੋਂ ਬਾਅਦ ਇਸਰਾਏਲੀ ਅਮੋਰੀਆਂ ਦੇ ਰਾਜਿਆਂ ਸੀਹੋਨ ਤੇ ਓਗ ਨਾਲ ਲੜੇ ਅਤੇ ਉਨ੍ਹਾਂ ਨੂੰ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਦੀ ਜ਼ਮੀਨ ਤੇ ਕਬਜ਼ਾ ਕੀਤਾ।

ਕੁਝ ਸਵਾਲਾਂ ਦੇ ਜਵਾਬ:

12:1—ਮਿਰਯਮ ਤੇ ਹਾਰੂਨ ਨੇ ਮੂਸਾ ਵਿਰੁੱਧ ਸ਼ਿਕਾਇਤ ਕਿਉਂ ਕੀਤੀ ਸੀ? ਉਨ੍ਹਾਂ ਦੀ ਸ਼ਿਕਾਇਤ ਦਾ ਅਸਲੀ ਕਾਰਨ ਸੀ ਮਿਰਯਮ ਦੀ ਆਪਣੇ ਆਪ ਨੂੰ ਉੱਚਾ ਦਿਖਾਉਣ ਦੀ ਇੱਛਾ। ਜਦੋਂ ਮੂਸਾ ਦੀ ਪਤਨੀ ਸਿੱਪੋਰਾਹ ਉਜਾੜ ਵਿਚ ਉਸ ਨਾਲ ਦੁਬਾਰਾ ਆ ਕੇ ਰਹਿਣ ਲੱਗੀ, ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਮਿਰਯਮ ਨੂੰ ਆਪਣੀ ਪ੍ਰਸਿੱਧੀ ਗੁਆਚ ਜਾਣ ਦੀ ਚਿੰਤਾ ਪੈ ਗਈ ਸੀ। ਉਸ ਨੇ ਸਮਝਿਆ ਹੋਣਾ ਕਿ ਹੁਣ ਉਸ ਨੂੰ ਮੰਡਲੀ ਦੀਆਂ ਤੀਵੀਆਂ ਵਿਚ ਕੁਝ ਵੀ ਨਹੀਂ ਸਮਝਿਆ ਜਾਣਾ ਸੀ।—ਕੂਚ 18:1-5.

12:9-11—ਸਿਰਫ਼ ਮਿਰਯਮ ਨੂੰ ਕੋੜ੍ਹ ਕਿਉਂ ਹੋਇਆ ਸੀ? ਇਸ ਤਰ੍ਹਾਂ ਲੱਗਦਾ ਹੈ ਕਿ ਮਿਰਯਮ ਨੇ ਮੂਸਾ ਦੇ ਵਿਰੁੱਧ ਸਾਜ਼ਸ਼ ਘੜ ਕੇ ਹਾਰੂਨ ਨੂੰ ਆਪਣੇ ਨਾਲ ਰਲਾ ਲਿਆ ਸੀ। ਹਾਰੂਨ ਨੇ ਆਪਣੀ ਗ਼ਲਤੀ ਕਬੂਲ ਕਰ ਕੇ ਸਹੀ ਕਦਮ ਚੁੱਕਿਆ ਸੀ।

21:14, 15—ਇਸ ਹਵਾਲੇ ਵਿਚ ਜ਼ਿਕਰ ਕੀਤੀ ਪੁਸਤਕ ਕੀ ਸੀ? ਬਾਈਬਲ ਵਿਚ ਕਈ ਪੁਸਤਕਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਅਤੇ ਬਾਈਬਲ ਦੇ ਲੇਖਕ ਇਨ੍ਹਾਂ ਵਿੱਚੋਂ ਹਵਾਲੇ ਦਿੰਦੇ ਹੁੰਦੇ ਸਨ। (ਯਹੋਸ਼ੁਆ 10:12, 13; 1 ਰਾਜਿਆਂ 11:41; 14:19, 29) ‘ਯਹੋਵਾਹ ਦਾ ਜੰਗ ਨਾਮਾ’ ਇਸੇ ਤਰ੍ਹਾਂ ਦੀ ਇਕ ਕਿਤਾਬ ਸੀ। ਇਸ ਵਿਚ ਯਹੋਵਾਹ ਦੇ ਲੋਕਾਂ ਦੇ ਯੁੱਧਾਂ ਦਾ ਇਤਿਹਾਸ ਦਿੱਤਾ ਗਿਆ ਸੀ।

ਸਾਡੇ ਲਈ ਸਬਕ:

11:27-29. ਮੂਸਾ ਦੀ ਵਧੀਆ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਕਲੀਸਿਯਾ ਵਿਚ ਕਿਸੇ ਨੂੰ ਕੋਈ ਖ਼ਾਸ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ, ਤਾਂ ਸਾਡਾ ਕਿਸ ਤਰ੍ਹਾਂ ਦਾ ਰਵੱਈਆ ਹੋਣਾ ਚਾਹੀਦਾ ਹੈ। ਜਲਣ ਜਾਂ ਆਪਣੀ ਮਹਿਮਾ ਕਰਾਉਣ ਦੀ ਇੱਛਾ ਰੱਖਣ ਦੀ ਬਜਾਇ ਮੂਸਾ ਖ਼ੁਸ਼ ਹੋਇਆ ਸੀ ਜਦੋਂ ਅਲਦਾਦ ਤੇ ਮੇਦਾਦ ਨਬੀ ਬਣੇ ਸਨ।

12:2, 9, 10; 16:1-3, 12-14, 31-35, 41, 46-50. ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਨ੍ਹਾਂ ਦੀ ਇੱਜ਼ਤ ਕਰੀਏ ਜਿਨ੍ਹਾਂ ਨੂੰ ਉਸ ਨੇ ਕਲੀਸਿਯਾ ਵਿਚ ਖ਼ਾਸ ਜ਼ਿੰਮੇਵਾਰੀਆਂ ਦਿੱਤੀਆਂ ਹਨ।

14:24. ਦੁਨੀਆਂ ਦੇ ਲੋਕ ਗ਼ਲਤ ਕੰਮ ਕਰਨ ਲਈ ਸਾਡੇ ਉੱਤੇ ਦਬਾਅ ਪਾਉਂਦੇ ਹਨ। ਇਨ੍ਹਾਂ ਦਬਾਵਾਂ ਤੋਂ ਬਚਣ ਲਈ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ “ਹੋਰ ਮਜਾਜ” ਯਾਨੀ ਇਕ ਵੱਖਰਾ ਰਵੱਈਆ ਅਪਣਾਈਏ। ਇਹ ਰਵੱਈਆ ਦੁਨੀਆਂ ਦੇ ਰਵੱਈਏ ਤੋਂ ਵੱਖਰਾ ਹੋਣਾ ਚਾਹੀਦਾ ਹੈ।

15:37-41. ਇਸਰਾਏਲੀਆਂ ਦੇ ਬਸਤਰਾਂ ਦੀ ਕਿਨਾਰੀ ਉੱਤੇ ਲੱਗੀ ਝਾਲਰ ਉਨ੍ਹਾਂ ਨੂੰ ਯਾਦ ਕਰਾਉਂਦੀ ਸੀ ਕਿ ਉਹ ਯਹੋਵਾਹ ਦੀ ਪੂਜਾ ਤੇ ਉਸ ਦੇ ਹੁਕਮਾਂ ਤੇ ਚੱਲਣ ਲਈ ਦੂਸਰਿਆਂ ਤੋਂ ਅੱਡ ਕੀਤੇ ਗਏ ਸਨ। ਸਾਨੂੰ ਵੀ ਇਸੇ ਤਰ੍ਹਾਂ ਪਰਮੇਸ਼ੁਰ ਦੇ ਮਿਆਰਾਂ ਤੇ ਚੱਲ ਕੇ ਦੁਨੀਆਂ ਤੋਂ ਵੱਖਰੇ ਨਜ਼ਰ ਆਉਣਾ ਚਾਹੀਦਾ ਹੈ।

ਮੋਆਬ ਦੇ ਮੈਦਾਨ ਤੇ

(ਗਿਣਤੀ 22:1–36:13)

ਜਦੋਂ ਇਸਰਾਏਲੀਆਂ ਨੇ ਮੋਆਬ ਦੇ ਮੈਦਾਨ ਵਿਚ ਡੇਰਾ ਲਾਇਆ ਹੋਇਆ ਸੀ, ਮੋਆਬੀ ਉਨ੍ਹਾਂ ਤੋਂ ਬਹੁਤ ਡਰੇ ਹੋਏ ਸਨ। ਇਸ ਲਈ ਮੋਆਬ ਦਾ ਰਾਜਾ ਬਾਲਾਕ ਨੇ ਬਿਲਆਮ ਨੂੰ ਵੱਢੀ ਦਿੱਤੀ ਸੀ ਤਾਂਕਿ ਉਹ ਇਸਰਾਏਲੀਆਂ ਨੂੰ ਸਰਾਪ ਦੇਵੇ। ਪਰ ਯਹੋਵਾਹ ਨੇ ਬਿਲਆਮ ਤੋਂ ਇਸਰਾਏਲੀਆਂ ਨੂੰ ਬਰਕਤ ਦਿਵਾਈ ਸੀ। ਇਸ ਤੋਂ ਬਾਅਦ ਬਿਲਆਮ ਦੀ ਸਲਾਹ ਅਨੁਸਾਰ ਮੋਆਬੀ ਤੇ ਮਿਦਯਾਨੀ ਤੀਵੀਆਂ ਨੂੰ ਇਸਰਾਏਲੀ ਆਦਮੀਆਂ ਨੂੰ ਭਰਮਾਉਣ ਲਈ ਇਸਤੇਮਾਲ ਕੀਤਾ ਗਿਆ ਸੀ। ਇਸ ਫੰਦੇ ਵਿਚ ਫਸੇ ਇਸਰਾਏਲੀਆਂ ਉੱਤੇ ਯਹੋਵਾਹ ਨੇ ਬਵਾ ਘੱਲੀ ਜਿਸ ਕਾਰਨ 24,000 ਇਸਰਾਏਲੀ ਆਦਮੀਆਂ ਦੀਆਂ ਜਾਨਾਂ ਗਈਆਂ। ਇਹ ਬਵਾ ਉਦੋਂ ਰੁਕੀ ਜਦੋਂ ਫ਼ੀਨਹਾਸ ਨੇ ਦਿਖਾਇਆ ਕਿ ਉਹ ਯਹੋਵਾਹ ਦੀ ਬੇਇੱਜ਼ਤੀ ਅਤੇ ਇਸ ਤਰ੍ਹਾਂ ਦੇ ਵਿਭਚਾਰ ਨੂੰ ਸਹਿੰਦਾ ਨਹੀਂ ਸੀ।

ਦੂਸਰੀ ਗਿਣਤੀ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਆਦਮੀਆਂ ਵਿੱਚੋਂ ਜੋ ਪਹਿਲੀ ਗਿਣਤੀ ਵਿਚ ਗਿਣੇ ਗਏ ਸਨ ਸਿਰਫ਼ ਯਹੋਸ਼ੁਆ ਤੇ ਕਾਲੇਬ ਹੀ ਜੀਉਂਦੇ ਰਹੇ ਸਨ। ਯਹੋਸ਼ੁਆ ਨੂੰ ਮੂਸਾ ਤੋਂ ਬਾਅਦ ਇਸਰਾਏਲੀਆਂ ਨੂੰ ਨਿਰਦੇਸ਼ਿਤ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਇਸਰਾਏਲੀਆਂ ਨੂੰ ਵੱਖਰੇ-ਵੱਖਰੇ ਕਿਸਮ ਦੇ ਚੜ੍ਹਾਵੇ ਚੜ੍ਹਾਉਣ ਅਤੇ ਸਹੁੰ ਖਾਣ ਦੇ ਸੰਬੰਧ ਵਿਚ ਕਾਨੂੰਨ ਦਿੱਤੇ ਗਏ ਸਨ। ਇਸਰਾਏਲੀਆਂ ਨੇ ਮਿਦਯਾਨੀਆਂ ਤੋਂ ਬਦਲਾ ਵੀ ਲਿਆ। ਰਊਬੇਨ, ਗਾਦ ਅਤੇ ਮਨੱਸ਼ਹ ਦਾ ਅੱਧਾ ਗੋਤ ਯਰਦਨ ਨਦੀ ਦੇ ਪੂਰਬ ਵੱਲ ਰਹਿਣ ਲੱਗ ਪਿਆ ਸੀ। ਇਸਰਾਏਲ ਨੂੰ ਯਰਦਨ ਪਾਰ ਕਰਨ ਲਈ ਅਤੇ ਦੂਸਰੇ ਪਾਸੇ ਦੇ ਦੇਸ਼ ਨੂੰ ਕਬਜ਼ੇ ਵਿਚ ਲੈਣ ਲਈ ਹਿਦਾਇਤਾਂ ਦਿੱਤੀਆਂ ਗਈਆਂ ਸਨ। ਦੇਸ਼ ਦੀਆਂ ਸਰਹੱਦਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ। ਜਿਹੜੀ ਜ਼ਮੀਨ ਵਗੈਰਾ ਉਨ੍ਹਾਂ ਨੂੰ ਵਿਰਸੇ ਵਿਚ ਮਿਲਣੀ ਸੀ, ਉਸ ਨੂੰ ਉਨ੍ਹਾਂ ਨੇ ਗੁਣੇ ਪਾ ਕੇ ਵੰਡਿਆ ਸੀ। ਲੇਵੀਆਂ ਨੂੰ 48 ਸ਼ਹਿਰ ਦਿੱਤੇ ਗਏ ਸਨ ਅਤੇ ਇਨ੍ਹਾਂ ਵਿੱਚੋਂ 6 ਪਨਾਹ ਦੇ ਨਗਰਾਂ ਵਜੋਂ ਠਹਿਰਾਏ ਗਏ ਸਨ।

ਕੁਝ ਸਵਾਲਾਂ ਦੇ ਜਵਾਬ:

22:20-22—ਯਹੋਵਾਹ ਦਾ ਕ੍ਰੋਧ ਬਿਲਆਮ ਉੱਤੇ ਕਿਉਂ ਭੜਕਿਆ ਸੀ? ਯਹੋਵਾਹ ਨੇ ਬਿਲਆਮ ਨਬੀ ਨੂੰ ਕਿਹਾ ਸੀ ਕਿ ਉਹ ਇਸਰਾਏਲੀਆਂ ਨੂੰ ਸਰਾਪ ਨਾ ਦੇਵੇ। (ਗਿਣਤੀ 22:12) ਪਰ ਉਹ ਬਾਲਾਕ ਦੇ ਆਦਮੀਆਂ ਨਾਲ ਇਸਰਾਏਲ ਨੂੰ ਸਰਾਪ ਦੇਣ ਦੇ ਉਦੇਸ਼ ਨਾਲ ਨਿਕਲ ਤੁਰਿਆ। ਬਿਲਆਮ ਮੋਆਬੀ ਰਾਜੇ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ ਅਤੇ ਉਸ ਤੋਂ ਪੈਸਾ ਤੇ ਇਨਾਮ ਹਾਸਲ ਕਰਨਾ ਚਾਹੁੰਦਾ ਸੀ। (2 ਪਤਰਸ 2:15, 16; ਯਹੂਦਾਹ 11) ਇਸਰਾਏਲੀਆਂ ਨੂੰ ਬਰਕਤ ਦੇਣ ਲਈ ਮਜਬੂਰ ਕੀਤੇ ਜਾਣ ਤੋਂ ਬਾਅਦ ਵੀ ਬਿਲਆਮ ਜਾਣ-ਬੁੱਝ ਕੇ ਰਾਜਾ ਬਾਲਾਕ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਉਸ ਨੇ ਰਾਜੇ ਨੂੰ ਬਆਲ ਦੀ ਪੂਜਾ ਕਰਨ ਵਾਲੀਆਂ ਔਰਤਾਂ ਨੂੰ ਇਸਤੇਮਾਲ ਕਰ ਕੇ ਇਸਰਾਏਲੀ ਆਦਮੀਆਂ ਨੂੰ ਭਰਮਾਉਣ ਦੀ ਸਲਾਹ ਦਿੱਤੀ ਸੀ। (ਗਿਣਤੀ 31:15, 16) ਤਾਂ ਫਿਰ, ਪਰਮੇਸ਼ੁਰ ਦੇ ਕ੍ਰੋਧ ਦਾ ਕਾਰਨ ਸੀ ਬਿਲਆਮ ਦਾ ਲੋਭ।

30:6-8—ਕੀ ਇਕ ਮਸੀਹੀ ਭਰਾ ਆਪਣੀ ਪਤਨੀ ਵੱਲੋਂ ਸੁੱਖੀ ਕਿਸੇ ਸੁੱਖਣਾ ਨੂੰ ਰੱਦ ਸਕਦਾ ਹੈ? ਅੱਜ ਯਹੋਵਾਹ ਦੀਆਂ ਨਜ਼ਰਾਂ ਵਿਚ ਸੁੱਖਣਾ ਸੁੱਖਣੀ ਹਰ ਇਕ ਦਾ ਨਿੱਜੀ ਮਾਮਲਾ ਹੈ। ਮਿਸਾਲ ਵਜੋਂ, ਇਕ ਪਤਨੀ ਖ਼ੁਦ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਕੇ ਉਸ ਦੀ ਸੇਵਾ ਕਰਨ ਦੀ ਸੁੱਖਣਾ ਸੁੱਖਦੀ ਹੈ। (ਗਲਾਤੀਆਂ 6:5) ਉਸ ਦਾ ਪਤੀ ਉਸ ਦੀ ਇਸ ਸੁੱਖਣਾ ਨੂੰ ਰੱਦ ਨਹੀਂ ਕਰ ਸਕਦਾ। ਪਰ ਇਕ ਪਤਨੀ ਨੂੰ ਇਸ ਤਰ੍ਹਾਂ ਦੀ ਕੋਈ ਸੁੱਖਣਾ ਨਹੀਂ ਸੁੱਖਣੀ ਚਾਹੀਦੀ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੋਵੇ ਜਾਂ ਉਸ ਨੂੰ ਆਪਣੇ ਪਤੀ ਪ੍ਰਤੀ ਆਪਣੇ ਫ਼ਰਜ਼ ਨਿਭਾਉਣ ਤੋਂ ਰੋਕੇ।

ਸਾਡੇ ਲਈ ਸਬਕ:

25:11. ਫਿਨਹਾਸ ਨੇ ਪਰਮੇਸ਼ੁਰ ਦੀ ਸੇਵਾ ਜੋਸ਼ ਨਾਲ ਕਰਨ ਵਾਸਤੇ ਸਾਡੇ ਲਈ ਕਿੰਨੀ ਵਧੀਆ ਉਦਾਹਰਣ ਕਾਇਮ ਕੀਤੀ! ਕੀ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਾਫ਼ ਰੱਖਣ ਲਈ ਉਸ ਦੀ ਮਿਸਾਲ ਸਾਡੇ ਵਿਚ ਜੋਸ਼ ਨਹੀਂ ਪੈਦਾ ਕਰਦੀ? ਜੇ ਸਾਨੂੰ ਪਤਾ ਲੱਗਦਾ ਹੈ ਕਿ ਕਲੀਸਿਯਾ ਵਿਚ ਕੋਈ ਗੰਭੀਰ ਅਨੈਤਿਕ ਕੰਮ ਕਰ ਰਿਹਾ ਹੈ, ਤਾਂ ਸਾਨੂੰ ਇਸ ਬਾਰੇ ਬਜ਼ੁਰਗਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ।

35:9-29. ਜੇ ਕੋਈ ਵਿਅਕਤੀ ਗ਼ਲਤੀ ਨਾਲ ਕਿਸੇ ਦਾ ਖ਼ੂਨ ਕਰ ਬੈਠਦਾ ਸੀ, ਤਾਂ ਉਸ ਨੂੰ ਆਪਣਾ ਘਰ ਛੱਡ ਕੇ ਕੁਝ ਸਮੇਂ ਲਈ ਪਨਾਹ ਦੇ ਨਗਰ ਭੱਜਣਾ ਪੈਂਦਾ ਸੀ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜ਼ਿੰਦਗੀ ਪਵਿੱਤਰ ਹੈ ਅਤੇ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ।

35:33. ਜੇ ਧਰਤੀ ਨੂੰ ਕਿਸੇ ਬੇਕਸੂਰ ਦਾ ਖ਼ੂਨ ਡੋਲ੍ਹ ਕੇ ਭ੍ਰਿਸ਼ਟ ਕੀਤਾ ਜਾਂਦਾ ਸੀ, ਤਾਂ ਉਸ ਦਾ ਪ੍ਰਾਸਚਿਤ ਸਿਰਫ਼ ਖ਼ੂਨੀ ਦੇ ਖ਼ੂਨ ਰਾਹੀਂ ਹੀ ਕੀਤਾ ਜਾ ਸਕਦਾ ਸੀ। ਇਹ ਕਿੰਨੀ ਢੁਕਵੀਂ ਗੱਲ ਹੈ ਕਿ ਇਸ ਧਰਤੀ ਨੂੰ ਫਿਰਦੌਸ ਬਣਾਉਣ ਤੋਂ ਪਹਿਲਾਂ ਯਹੋਵਾਹ ਸਾਰੇ ਦੁਸ਼ਟਾਂ ਨੂੰ ਖ਼ਤਮ ਕਰ ਦੇਵੇਗਾ!—ਕਹਾਉਤਾਂ 2:21, 22; ਦਾਨੀਏਲ 2:44.

ਪਰਮੇਸ਼ੁਰ ਦਾ ਬਚਨ ਗੁਣਕਾਰ ਹੈ

ਗਿਣਤੀ ਦੀ ਕਿਤਾਬ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ ਕਿ ਯਹੋਵਾਹ ਦਾ ਅਤੇ ਉਸ ਦੇ ਨਿਯੁਕਤ ਕੀਤੇ ਗਏ ਸੇਵਕਾਂ ਦਾ ਆਦਰ ਕਰਨਾ ਕਿੰਨਾ ਜ਼ਰੂਰੀ ਹੈ। ਅੱਜ ਕਲੀਸਿਯਾ ਵਿਚ ਸ਼ਾਂਤੀ ਤੇ ਏਕਤਾ ਬਰਕਰਾਰ ਰੱਖਣ ਲਈ ਇਸ ਕਿਤਾਬ ਵਿੱਚੋਂ ਕਿੰਨਾ ਵਧੀਆ ਸਬਕ ਸਿੱਖਣ ਨੂੰ ਮਿਲਦਾ ਹੈ!

ਜਿਹੜੇ ਬਿਰਤਾਂਤ ਅਸੀਂ ਗਿਣਤੀ ਦੀ ਕਿਤਾਬ ਵਿਚ ਪੜ੍ਹਦੇ ਹਾਂ, ਉਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੇ ਆਪਣੀ ਨਿਹਚਾ ਪੱਕੀ ਨਹੀਂ ਰੱਖਦੇ, ਉਹ ਸੌਖਿਆਂ ਹੀ ਬੁੜਬੁੜਾਉਣ, ਅਨੈਤਿਕਤਾ ਅਤੇ ਮੂਰਤੀ ਪੂਜਾ ਵਰਗੀਆਂ ਗੱਲਾਂ ਵਿਚ ਫਸ ਸਕਦੇ ਹਨ। ਇਸ ਕਿਤਾਬ ਵਿਚ ਦਿੱਤੀ ਜਾਣਕਾਰੀ ਅਤੇ ਬਿਰਤਾਂਤ, ਸੇਵਾ ਸਭਾਵਾਂ ਵਿਚ ਕਲੀਸਿਯਾ ਦੀਆਂ ਲੋੜਾਂ ਦੇ ਹਿੱਸੇ ਵਜੋਂ ਵਰਤੇ ਜਾ ਸਕਦੇ ਹਨ। ਜੀ ਹਾਂ, “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ” ਹੈ ਅਤੇ ਸਾਡੀਆਂ ਜ਼ਿੰਦਗੀਆਂ ਤੇ ਡੂੰਘਾ ਅਸਰ ਪਾ ਸਕਦਾ ਹੈ।—ਇਬਰਾਨੀਆਂ 4:12.

[ਸਫ਼ੇ 24, 25 ਉੱਤੇ ਤਸਵੀਰ]

ਡੇਹਰੇ ਉੱਪਰ ਚਮਤਕਾਰੀ ਢੰਗ ਨਾਲ ਲਿਆਂਦੇ ਬੱਦਲ ਰਾਹੀਂ ਯਹੋਵਾਹ ਇਸਰਾਏਲੀਆਂ ਨੂੰ ਦੱਸਦਾ ਸੀ ਕਿ ਡੇਹਰਾ ਕਦੋਂ ਲਾਉਣਾ ਸੀ ਅਤੇ ਕਦੋਂ ਉਠਾਉਣਾ ਸੀ

[ਸਫ਼ੇ 26 ਉੱਤੇ ਤਸਵੀਰਾਂ]

ਯਹੋਵਾਹ ਇਸ ਗੱਲ ਦਾ ਹੱਕਦਾਰ ਹੈ ਕਿ ਅਸੀਂ ਉਸ ਦੀ ਆਗਿਆ ਮੰਨੀਏ ਅਤੇ ਉਹ ਸਾਡੇ ਤੋਂ ਇਹ ਵੀ ਚਾਹੁੰਦਾ ਹੈ ਕਿ ਅਸੀਂ ਉਸ ਦੇ ਨਿਯੁਕਤ ਸੇਵਕਾਂ ਦਾ ਆਦਰ ਕਰੀਏ