ਪਰਮੇਸ਼ੁਰ ਦੀ ਸਰਕਾਰ ਅਸਲੀ ਹੈ
ਪਰਮੇਸ਼ੁਰ ਦੀ ਸਰਕਾਰ ਅਸਲੀ ਹੈ
“ਇੰਨੇ ਸਾਰੇ ਅਮੀਰ-ਗ਼ਰੀਬ ਦੇਸ਼ ਅਤੇ ਇੰਨੇ ਸਾਰੇ ਵੱਖਰੇ-ਵੱਖਰੇ ਸਭਿਆਚਾਰਾਂ ਦੇ ਲੋਕ ਇਕ-ਦੂਜੇ ਨਾਲ ਕਿਵੇਂ ਸਹਿਮਤ ਹੋ ਸਕਦੇ ਹਨ? ਕਿਹਾ ਗਿਆ ਹੈ ਕਿ ਜੇ ਕਿਸੇ ਹੋਰ ਗ੍ਰਹਿ ਦੇ ਪ੍ਰਾਣੀਆਂ ਨੇ ਧਰਤੀ ਤੇ ਹਮਲਾ ਕੀਤਾ, ਤਾਂ ਹੀ ਸਾਰੀ ਇਨਸਾਨਜਾਤ ਇਕਮੁੱਠ ਹੋਵੇਗੀ।”—ਦ ਏਜ, ਆਸਟ੍ਰੇਲੀਆਈ ਅਖ਼ਬਾਰ।
ਕਿਸੇ ਹੋਰ ਗ੍ਰਹਿ ਦੇ ਪ੍ਰਾਣੀਆਂ ਦਾ ਹਮਲਾ? ਇਹ ਸਾਰੇ ਮੁਲਕਾਂ ਵਿਚ ਏਕਤਾ ਲਿਆਵੇਗਾ ਕਿ ਨਹੀਂ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਬਾਈਬਲ ਵਿਚ ਇਕ ਹਮਲੇ ਦੀ ਭਵਿੱਖਬਾਣੀ ਕੀਤੀ ਗਈ ਹੈ ਜਿਸ ਦਾ ਸਾਮ੍ਹਣਾ ਕਰਨ ਵਾਸਤੇ ਸਾਰੀਆਂ ਕੌਮਾਂ ਇਕੱਠੀਆਂ ਹੋਣਗੀਆਂ। ਇਹ ਹਮਲਾ ਆਕਾਸ਼ੀ ਪ੍ਰਾਣੀਆਂ ਦੁਆਰਾ ਕੀਤਾ ਜਾਵੇਗਾ।
ਪ੍ਰਾਚੀਨ ਇਸਰਾਏਲ ਦੇ ਬਾਦਸ਼ਾਹ ਦਾਊਦ ਨੇ ਦੁਨੀਆਂ ਦੀਆਂ ਸਰਕਾਰਾਂ ਬਾਰੇ ਭਵਿੱਖਬਾਣੀ ਕੀਤੀ ਸੀ। ਪਰਮੇਸ਼ੁਰ ਦੀ ਆਤਮਾ ਤੋਂ ਪ੍ਰੇਰਿਤ ਹੋ ਕੇ ਉਸ ਨੇ ਲਿਖਿਆ: “ਯਹੋਵਾਹ ਅਰ ਉਹ ਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜੇ ਹੋਏ, ਅਤੇ ਹਾਕਮ ਆਪੋ ਵਿੱਚ ਮਤਾ ਪਕਾਉਂਦੇ ਹਨ ਭਈ ਆਓ, ਅਸੀਂ ਉਨ੍ਹਾਂ ਦਿਆਂ ਬੰਧਨਾਂ ਨੂੰ ਤੋੜ ਛੱਡੀਏ, ਅਤੇ ਉਨ੍ਹਾਂ ਦੀਆਂ ਰੱਸੀਆਂ ਆਪਣੇ ਉਦਾਲਿਓਂ ਲਾਹ ਸੁੱਟੀਏ।” (ਜ਼ਬੂਰਾਂ ਦੀ ਪੋਥੀ 2:2, 3; ਰਸੂਲਾਂ ਦੇ ਕਰਤੱਬ 4:25, 26) ਜ਼ਰਾ ਗੌਰ ਕਰੋ ਕਿ ਭਵਿੱਖਬਾਣੀ ਵਿਚ ਵਿਸ਼ਵ ਦੇ ਕਰਤਾਰ ਯਹੋਵਾਹ ਅਤੇ ਉਸ ਦੇ ਮੁਕੱਰਰ ਕੀਤੇ ਗਏ ਰਾਜੇ ਯਿਸੂ ਮਸੀਹ ਦੇ ਵਿਰੁੱਧ ਦੁਨੀਆਂ ਦੇ ਰਾਜੇ ਖੜ੍ਹੇ ਹੁੰਦੇ ਹਨ। ਇਹ ਕਿਸ ਤਰ੍ਹਾਂ ਹੋਇਆ ਹੈ?
ਬਾਈਬਲ ਵਿਚ ਦੱਸੀਆਂ ਤਾਰੀਖ਼ਾਂ ਅਤੇ ਭਵਿੱਖਬਾਣੀਆਂ ਅਨੁਸਾਰ 1914 ਵਿਚ ਯਿਸੂ ਮਸੀਹ ਨੂੰ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦੇ ਸਿੰਘਾਸਣ ਉੱਤੇ ਬਿਠਾ ਦਿੱਤਾ ਗਿਆ ਸੀ। * ਉਸ ਸਮੇਂ ਸੰਸਾਰ ਦੀਆਂ ਕੌਮਾਂ ਦੇ ਮਨਾਂ ਵਿਚ ਇੱਕੋ ਖ਼ਿਆਲ ਸੀ। ਪਰਮੇਸ਼ੁਰ ਦੀ ਹਕੂਮਤ ਨੂੰ ਸਵੀਕਾਰ ਕਰਨ ਦੀ ਬਜਾਇ ਉਹ ਆਪਣੀ-ਆਪਣੀ ਹਕੂਮਤ ਸਥਾਪਿਤ ਕਰਨ ਲਈ ਪਹਿਲੇ ਵਿਸ਼ਵ ਯੁੱਧ ਵਿਚ ਇਕ-ਦੂਜੇ ਨਾਲ ਭਿੜੀਆਂ ਹੋਈਆਂ ਸਨ।
ਇਨਸਾਨੀ ਹਾਕਮਾਂ ਦੇ ਅਜਿਹੇ ਰਵੱਈਏ ਬਾਰੇ ਯਹੋਵਾਹ ਪਰਮੇਸ਼ੁਰ ਕਿਵੇਂ ਮਹਿਸੂਸ ਕਰਦਾ ਹੈ? “ਜਿਹੜਾ ਸੁਰਗ ਵਿੱਚ ਬੈਠਾ ਹੈ ਉਹ ਹੱਸੇਗਾ, ਪ੍ਰਭੁ ਓਹਨਾਂ ਨੂੰ ਮਖ਼ੌਲਾਂ ਵਿੱਚ ਉਡਾਵੇਗਾ। ਤਦ ਉਹ ਓਹਨਾਂ ਨਾਲ ਆਪਣੇ ਕ੍ਰੋਧ ਵਿੱਚ ਬੋਲੇਗਾ, ਅਤੇ ਆਪਣੇ ਕੋਪ ਨਾਲ ਓਹਨਾਂ ਨੂੰ ਔਖਿਆਂ ਕਰੇਗਾ।” ਫਿਰ ਯਹੋਵਾਹ ਆਪਣੇ ਰਾਜ ਦੇ ਰਾਜੇ ਯਾਨੀ ਆਪਣੇ ਪੁੱਤਰ ਨੂੰ ਕਹੇਗਾ: “ਮੈਥੋਂ ਮੰਗ ਅਤੇ ਮੈਂ ਕੌਮਾਂ ਤੇਰੀ ਮੀਰਾਸ, ਅਤੇ ਧਰਤੀ ਦੇ ਕੰਢੇ ਤੇਰੀ ਮਿਲਖ ਕਰ ਦਿਆਂਗਾ। ਤੂੰ ਲੋਹੇ ਦੇ ਡੰਡੇ ਨਾਲ ਓਹਨਾਂ ਨੂੰ ਭੰਨ ਸੁੱਟੇਂਗਾ, ਘੁਮਿਆਰ ਦੇ ਭਾਂਡੇ ਵਾਂਙੁ ਤੂੰ ਓਹਨਾਂ ਨੂੰ ਚਕਨਾਚੂਰ ਕਰ ਦੇਵੇਂਗਾ।”—ਜ਼ਬੂਰਾਂ ਦੀ ਪੋਥੀ 2:4, 5, 8, 9.
ਵਿਰੋਧੀ ਕੌਮਾਂ ਆਰਮਾਗੇਡਨ ਦੀ ਲੜਾਈ ਵਿਚ ਚਕਨਾਚੂਰ ਕਰ ਦਿੱਤੀਆਂ ਜਾਣਗੀਆਂ। ਬਾਈਬਲ ਦੀ ਅਖ਼ੀਰਲੀ ਪੋਥੀ ਯਾਨੀ ਪਰਕਾਸ਼ ਦੀ ਪੋਥੀ ਵਿਚ ਇਸ ਲੜਾਈ ਨੂੰ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਵੱਡੇ ਦਿਹਾੜੇ ਦਾ ਜੁੱਧ’ ਸੱਦਿਆ ਗਿਆ ਹੈ ਜਿਸ ਲਈ ‘ਸਾਰੇ ਜਗਤ ਦੇ ਰਾਜਿਆਂ’ ਨੂੰ ਇਕੱਠਾ ਕੀਤਾ ਜਾ ਰਿਹਾ ਹੈ। (ਪਰਕਾਸ਼ ਦੀ ਪੋਥੀ 16:14, 16) ਸੰਸਾਰ ਦੀਆਂ ਕੌਮਾਂ ਸ਼ਤਾਨ ਦੇ ਵੱਸ ਵਿਚ ਆ ਕੇ ਆਖ਼ਰਕਾਰ ਇਕਮੁੱਠ ਹੋ ਜਾਣਗੀਆਂ। ਕਿਸ ਕੰਮ ਲਈ? ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਲੜਨ ਲਈ।
ਉਹ ਸਮਾਂ ਹੁਣ ਦੂਰ ਨਹੀਂ ਹੈ ਜਦ ਕੌਮਾਂ ਪਰਮੇਸ਼ੁਰ ਦੀ ਹਕੂਮਤ ਦਾ ਵਿਰੋਧ ਕਰਨ ਲਈ ਇਕੱਠੀਆਂ ਹੋਣਗੀਆਂ। ਉਨ੍ਹਾਂ ਦੀ “ਏਕਤਾ” ਦਾ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੋਣਾ, ਪਰ ਇਸ ਤੋਂ ਬਾਅਦ ਪੂਰੀ ਧਰਤੀ ਉੱਤੇ ਸ਼ਾਂਤੀ ਕਾਇਮ ਹੋਵੇਗੀ ਜਿਸ ਦੀ ਇਨਸਾਨ ਨੂੰ ਸਦੀਆਂ ਤੋਂ ਤਾਂਘ ਰਹੀ ਹੈ। ਕਿਸ ਤਰ੍ਹਾਂ? ਉਸ ਆਖ਼ਰੀ ਜੰਗ ਵਿਚ ਪਰਮੇਸ਼ੁਰ ਦਾ ਰਾਜ “ਏਹਨਾਂ [ਦੁਨੀਆਂ ਦੀਆਂ] ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀਏਲ 2:44) ਕੋਈ ਇਨਸਾਨੀ ਸੰਗਠਨ ਨਹੀਂ, ਸਗੋਂ ਪਰਮੇਸ਼ੁਰ ਦਾ ਰਾਜ ਸ਼ਾਂਤੀ ਲਈ ਇਨਸਾਨਾਂ ਦੀ ਤਾਂਘ ਪੂਰੀ ਕਰੇਗਾ।
ਪਰਮੇਸ਼ੁਰ ਦੇ ਰਾਜ ਦਾ ਰਾਜਾ
ਕਈਆਂ ਲੋਕਾਂ ਨੇ ਇਸ ਰਾਜ ਲਈ ਇਹ ਕਹਿ ਕੇ ਪ੍ਰਾਰਥਨਾ ਕੀਤੀ ਹੈ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10) ਇਹ ਰਾਜ ਕੀ ਹੈ? ਪਰਮੇਸ਼ੁਰ ਦਾ ਰਾਜ ਕਿਸੇ ਦੇ ਦਿਲ ਵਿਚ ਨਹੀਂ ਹੈ, ਸਗੋਂ ਇਹ ਸਰਕਾਰ ਅਸਲੀ ਹੈ ਜੋ 1914 ਵਿਚ ਸਵਰਗ ਵਿਚ ਸਥਾਪਿਤ ਕੀਤੀ ਗਈ ਸੀ। ਉਸ ਸਮੇਂ ਤੋਂ ਇਸ ਨੇ ਕਈ ਵਧੀਆ ਕੰਮ ਨੇਪਰੇ ਚਾੜ੍ਹੇ ਹਨ। ਆਓ ਆਪਾਂ ਕੁਝ ਜ਼ਰੂਰੀ ਗੱਲਾਂ ਵੱਲ ਧਿਆਨ ਦੇਈਏ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਅਸਲੀ ਹੈ।
ਪਹਿਲੀ ਗੱਲ ਤਾਂ ਇਹ ਹੈ ਕਿ ਇਸ ਦੇ ਰਾਜ-ਕਾਜ ਦੇ ਪ੍ਰਬੰਧਕੀ ਵਿਭਾਗ ਦਾ ਮੁਖੀ ਯਿਸੂ ਮਸੀਹ ਹੈ। ਯਹੋਵਾਹ ਪਰਮੇਸ਼ੁਰ ਨੇ ਸਾਲ 33 ਵਿਚ ਯਿਸੂ ਮਸੀਹ ਨੂੰ ਮਸੀਹੀ ਕਲੀਸਿਯਾ ਦਾ ਮੁਖੀ ਥਾਪਿਆ ਸੀ। (ਅਫ਼ਸੀਆਂ 1:22) ਉਸ ਸਮੇਂ ਤੋਂ ਹੀ ਯਿਸੂ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ ਕਿ ਉਸ ਨੂੰ ਪ੍ਰਬੰਧਕੀ ਜ਼ਿੰਮੇਵਾਰੀ ਸੰਭਾਲਣੀ ਆਉਂਦੀ ਹੈ। ਮਿਸਾਲ ਲਈ, ਜਦੋਂ ਪਹਿਲੀ ਸਦੀ ਵਿਚ ਯਹੂਦਿਯਾ ਵਿਚ ਵੱਡਾ ਕਾਲ ਪਿਆ, ਤਾਂ ਕਲੀਸਿਯਾ ਦੇ ਮੈਂਬਰਾਂ ਦੀ ਮਦਦ ਕਰਨ ਦਾ ਇੰਤਜ਼ਾਮ ਕੀਤਾ ਗਿਆ ਸੀ। ਅੰਤਾਕਿਯਾ ਵਿਚ ਰਹਿੰਦੇ ਮਸੀਹੀਆਂ ਨੇ ਚੰਦਾ ਇਕੱਠਾ ਕਰ ਕੇ ਬਰਨਬਾਸ ਤੇ ਪੌਲੁਸ ਦੇ ਹੱਥੀਂ ਯਹੂਦਿਯਾ ਭੇਜਿਆ।—ਰਸੂਲਾਂ ਦੇ ਕਰਤੱਬ 11:27-30.
ਜੇ ਯਿਸੂ ਨੇ ਉਸ ਸਮੇਂ ਇੰਨਾ ਸੋਹਣਾ ਪ੍ਰਬੰਧ ਕੀਤਾ ਸੀ, ਤਾਂ ਹੁਣ ਜਦ ਉਹ ਰਾਜ ਕਰ ਰਿਹਾ ਹੈ. ਉਹ ਇਸ ਤੋਂ ਵੀ ਜ਼ਿਆਦਾ ਕਰੇਗਾ। ਜਦੋਂ ਕਿਤੇ ਭੁਚਾਲ, ਕਾਲ, ਹੜ੍ਹ, ਤੂਫ਼ਾਨ ਜਾਂ ਹਨੇਰੀ ਕਰਕੇ ਜਾਂ ਕੋਈ ਜੁਆਲਾਮੁਖੀ ਫਟਣ ਕਰਕੇ ਤਬਾਹੀ ਮੱਚਦੀ ਹੈ, ਤਾਂ ਯਹੋਵਾਹ ਦੇ ਗਵਾਹ ਉਸ ਇਲਾਕੇ
ਵਿਚ ਰਹਿੰਦੇ ਆਪਣੇ ਭੈਣ-ਭਾਈਆਂ ਤੇ ਉਨ੍ਹਾਂ ਦੇ ਗੁਆਂਢੀਆਂ ਦੀ ਮਦਦ ਕਰਨ ਲਈ ਫਟ ਤਿਆਰ ਹੋ ਜਾਂਦੇ ਹਨ। ਮਿਸਾਲ ਲਈ, ਜਦੋਂ ਸਾਲ 2001 ਦੇ ਜਨਵਰੀ ਤੇ ਫਰਵਰੀ ਵਿਚ ਐਲ ਸੈਲਵੇਡਾਰ ਵਿਚ ਭੁਚਾਲ ਆਏ ਸਨ, ਤਾਂ ਦੇਸ਼ ਦੇ ਹਰ ਹਿੱਸੇ ਵਿਚ ਰਾਹਤ ਪਹੁੰਚਾਉਣ ਦੇ ਪ੍ਰਬੰਧ ਕੀਤੇ ਗਏ ਸਨ। ਯਹੋਵਾਹ ਦੇ ਗਵਾਹਾਂ ਨੇ ਅਮਰੀਕਾ, ਕੈਨੇਡਾ ਅਤੇ ਗੁਆਤੇਮਾਲਾ ਤੋਂ ਆ ਕੇ ਮਦਦ ਕੀਤੀ। ਥੋੜ੍ਹੇ ਜਿਹੇ ਸਮੇਂ ਵਿਚ ਤਿੰਨ ਕਿੰਗਡਮ ਹਾਲ ਤੇ 500 ਤੋਂ ਜ਼ਿਆਦਾ ਘਰਾਂ ਦੀ ਮੁਰੰਮਤ ਕੀਤੀ ਗਈ ਸੀ।ਪਰਮੇਸ਼ੁਰ ਦੇ ਰਾਜ ਦੀ ਪਰਜਾ
ਸਾਲ 1914 ਵਿਚ ਸਵਰਗ ਵਿਚ ਪਰਮੇਸ਼ੁਰ ਦਾ ਰਾਜ ਸਥਾਪਿਤ ਕੀਤੇ ਜਾਣ ਤੋਂ ਬਾਅਦ ਦੁਨੀਆਂ ਭਰ ਵਿਚ ਉਸ ਦੀ ਪਰਜਾ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਗਿਆ ਤੇ ਪਰਜਾ ਨੇ ਰਲ-ਮਿਲ ਕੇ ਕੰਮ ਕਰਨਾ ਸਿੱਖਿਆ। ਇਸ ਤਰ੍ਹਾਂ ਯਸਾਯਾਹ ਨਬੀ ਦੁਆਰਾ ਲਿਖੀ ਗਈ ਇਸ ਭਵਿੱਖਬਾਣੀ ਦੀ ਸ਼ਾਨਦਾਰ ਪੂਰਤੀ ਹੋਈ: “ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ, . . . ਅਤੇ ਸਭ ਕੌਮਾਂ ਉਸ ਦੀ ਵੱਲ ਵਗਣਗੀਆਂ।” ਇੱਥੇ ਪਰਬਤ ਦਾ ਮਤਲਬ ਯਹੋਵਾਹ ਦੀ ਸੱਚੀ ਭਗਤੀ ਹੈ। ਭਵਿੱਖਬਾਣੀ ਵਿਚ ਅੱਗੇ ਕਿਹਾ ਗਿਆ ਹੈ ਕਿ ਬਹੁਤ ਸਾਰੀਆਂ ਕੌਮਾਂ ਦੇ ਲੋਕ ਉਸ ਪਹਾੜ ਤੇ ਚੜ੍ਹਨਗੇ ਅਤੇ ਯਹੋਵਾਹ ਦੀ ਸਿੱਖਿਆ ਉੱਤੇ ਚੱਲਣਾ ਸਿੱਖਣਗੇ।—ਯਸਾਯਾਹ 2:2, 3.
ਅੱਜ ਧਰਤੀ ਦੇ 230 ਦੇਸ਼ਾਂ ਤੋਂ 60 ਲੱਖ ਤੋਂ ਜ਼ਿਆਦਾ ਲੋਕ ਅੰਤਰਰਾਸ਼ਟਰੀ ਮਸੀਹੀ ਭਾਈਚਾਰੇ ਦਾ ਹਿੱਸਾ ਹਨ। ਯਹੋਵਾਹ ਦੇ ਗਵਾਹਾਂ ਦੇ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਹਰ ਜਾਤ, ਨਸਲ ਤੇ ਬੋਲੀ ਦੇ ਲੋਕਾਂ ਨੂੰ ਮਿਲਦੇ-ਜੁਲਦੇ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ। ਕਿਉਂ? ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਵਿਚ ਜੋ ਪਿਆਰ, ਸ਼ਾਂਤੀ ਅਤੇ ਏਕਤਾ ਦੇਖੀ ਹੈ, ਉਹ ਕਿਤੇ ਹੋਰ ਨਹੀਂ ਦੇਖੀ। (ਰਸੂਲਾਂ ਦੇ ਕਰਤੱਬ 10:34, 35) ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋਵੋਗੇ ਕਿ ਜੋ ਸਰਕਾਰ ਸੈਂਕੜਿਆਂ ਜਾਤੀਆਂ ਦੇ ਲੋਕਾਂ ਨੂੰ ਇਕ ਕਰ ਸਕਦੀ ਹੈ, ਉਹ ਸਿਰਫ਼ ਅਸਲੀ ਹੀ ਨਹੀਂ, ਪਰ ਅਸਰਦਾਰ ਵੀ ਹੈ?
ਪਰਮੇਸ਼ੁਰ ਦੇ ਰਾਜ ਦਾ ਸਿੱਖਿਆ ਪ੍ਰੋਗ੍ਰਾਮ
ਹਰ ਸਰਕਾਰ ਦੇ ਆਪੋ-ਆਪਣੇ ਕਾਨੂੰਨ ਹੁੰਦੇ ਹਨ ਜਿਨ੍ਹਾਂ ਉੱਤੇ ਉਸ ਦੇ ਨਾਗਰਿਕਾਂ ਨੂੰ ਚੱਲਣਾ ਪੈਂਦਾ ਹੈ। ਜਿਸ ਕਿਸੇ ਨੇ ਉਸ ਸਰਕਾਰ ਅਧੀਨ ਰਹਿਣਾ ਹੈ, ਉਸ ਨੂੰ ਇਹ ਕਾਨੂੰਨ ਸਿੱਖਣੇ ਪੈਂਦੇ ਹਨ ਤੇ ਇਨ੍ਹਾਂ ਤੇ ਅਮਲ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਜੇ ਕੋਈ ਪਰਮੇਸ਼ੁਰ ਦੇ ਰਾਜ ਹੇਠ ਰਹਿਣਾ ਚਾਹੁੰਦਾ ਹੈ, ਤਾਂ ਉਸ ਨੂੰ ਵੀ ਉਸ ਦੇ ਨਿਯਮਾਂ ਮੁਤਾਬਕ ਚੱਲਣਾ ਸਿੱਖਣਾ ਪਵੇਗਾ। ਪਰ ਵੱਖੋ-ਵੱਖਰੇ ਦੇਸ਼ਾਂ ਦੇ ਇੰਨੇ ਸਾਰੇ ਲੋਕਾਂ ਨੂੰ ਇਹ ਨਿਯਮ ਸਿਖਾਉਣੇ ਤੇ ਇਨ੍ਹਾਂ ਤੇ ਅਮਲ ਕਰਨਾ ਸਿਖਾਉਣਾ ਕੋਈ ਛੋਟਾ-ਮੋਟਾ ਕੰਮ ਨਹੀਂ ਹੈ। ਇਹ ਹੈ ਇਕ ਹੋਰ ਸਬੂਤ ਜਿਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਇਕ ਅਸਲੀ ਸਰਕਾਰ ਹੈ। ਇਸ ਰਾਜ ਦਾ ਸਿੱਖਿਆ ਪ੍ਰੋਗ੍ਰਾਮ ਇੰਨਾ ਅਸਰਦਾਰ ਹੈ ਕਿ ਲੋਕ ਆਪਣੀ ਜ਼ਿੰਦਗੀ ਬਦਲਣ ਲਈ ਤਿਆਰ ਹੋ ਜਾਂਦੇ ਹਨ।
ਪਰਮੇਸ਼ੁਰ ਦੀ ਸਰਕਾਰ ਸਿੱਖਿਆ ਦੇਣ ਦਾ ਵੱਡਾ ਕੰਮ ਕਿਵੇਂ ਕਰਦੀ ਹੈ? ਪਹਿਲੀ ਸਦੀ ਦੇ ਰਸੂਲਾਂ ਵਾਂਗ “ਘਰ ਘਰ” ਜਾ ਕੇ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦਿੱਤੀ ਜਾਂਦੀ ਹੈ। (ਰਸੂਲਾਂ ਦੇ ਕਰਤੱਬ 5:42; 20:20) ਇਹ ਸਿੱਖਿਆ ਪ੍ਰੋਗ੍ਰਾਮ ਕਿੰਨਾ ਕੁ ਅਸਰਦਾਰ ਹੈ? ਇਸ ਬਾਰੇ ਜਾਣਨ ਲਈ ਇਕ ਕੈਥੋਲਿਕ ਪਾਦਰੀ ਦੀ ਟਿੱਪਣੀ ਤੇ ਜ਼ਰਾ ਗੌਰ ਕਰੋ ਜਿਸ ਨੇ ਇਕ ਔਰਤ ਨੂੰ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਤੋਂ ਰੋਕਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ। ਉਸ ਪਾਦਰੀ ਨੇ ਇਸ ਬਾਰੇ ਕੈਨੇਡਾ ਦੇ ਇਕ ਅਖ਼ਬਾਰ ਵਿਚ ਲਿਖਿਆ: “ਮੈਨੂੰ ਇਸ ਗੱਲ ਤੇ ਬਹੁਤ ਨਿਰਾਸ਼ਾ ਹੋਈ ਕਿ ਮੈਂ ਉਸ ਦਾ ਮਨ ਨਹੀਂ ਬਦਲ ਸਕਿਆ। ਪਿਛਲਿਆਂ ਕਈ ਮਹੀਨਿਆਂ ਤੋਂ ਯਹੋਵਾਹ ਦੀਆਂ ਇਹ ਗਵਾਹਾਂ ਇਸ ਔਰਤ ਨੂੰ ਮਿਲਣ ਆ ਰਹੀਆਂ ਸਨ। ਉਹ ਔਰਤ ਆਪਣੇ ਬੱਚਿਆਂ ਨਾਲ ਹਮੇਸ਼ਾ ਘਰ ਹੀ ਹੁੰਦੀ ਸੀ ਤੇ ਇਨ੍ਹਾਂ ਗਵਾਹਾਂ ਨੇ ਉਸ ਵੱਲ ਦੋਸਤੀ ਦਾ ਹੱਥ ਵਧਾਇਆ। ਉਨ੍ਹਾਂ ਨੇ ਉਸ ਦੀ ਮਦਦ ਕਰ ਕੇ ਉਸ ਦਾ ਦਿਲ ਜਿੱਤ ਲਿਆ ਤੇ ਕੁਝ ਹੀ ਸਮੇਂ ਵਿਚ ਉਹ ਉਨ੍ਹਾਂ ਦੇ ਧਰਮ ਦੀ ਮੈਂਬਰ ਬਣ ਗਈ। ਉਸ ਨੂੰ ਰੋਕਣ ਲਈ ਮੈਂ ਕੁਝ ਨਾ ਕਰ ਸਕਿਆ।” ਜਿਵੇਂ ਬਾਈਬਲ ਤੋਂ ਯਹੋਵਾਹ ਦੇ ਗਵਾਹਾਂ ਦੀ ਸਿੱਖਿਆ ਦਾ ਅਤੇ ਉਨ੍ਹਾਂ ਦੇ ਨੇਕ ਚਾਲ-ਚਲਣ ਦਾ ਇਸ ਮਾਂ ਦੇ ਦਿਲ ਤੇ ਅਸਰ ਪਿਆ ਸੀ, ਉਸੇ ਤਰ੍ਹਾਂ ਸੰਸਾਰ ਭਰ ਵਿਚ ਲੱਖਾਂ ਲੋਕਾਂ ਨਾਲ ਹੋ ਰਿਹਾ ਹੈ।
ਪਰਮੇਸ਼ੁਰ ਦੇ ਰਾਜ ਦੀ ਸਿੱਖਿਆ ਬਾਈਬਲ ਵਿੱਚੋਂ ਦਿੱਤੀ ਜਾਂਦੀ ਹੈ। ਇਸ ਦੇ ਜ਼ਰੀਏ ਲੋਕ ਪਰਮੇਸ਼ੁਰ ਦੇ ਉੱਚੇ ਨੈਤਿਕ ਮਿਆਰਾਂ ਤੇ ਉਸ ਦੀਆਂ ਮੰਗਾਂ ਬਾਰੇ ਸਿੱਖਦੇ ਹਨ। ਲੋਕਾਂ ਨੂੰ ਇਕ-ਦੂਸਰੇ ਨਾਲ ਪਿਆਰ ਕਰਨਾ ਅਤੇ ਉਨ੍ਹਾਂ ਦਾ ਆਦਰ ਕਰਨਾ ਸਿਖਾਇਆ ਜਾਂਦਾ ਹੈ, ਭਾਵੇਂ ਉਹ ਕਿਸੇ ਵੀ ਜਾਤ-ਨਸਲ ਦੇ ਕਿਉਂ ਨਾ ਹੋਣ। (ਯੂਹੰਨਾ 13:34, 35) ਉਹ ਇਸ ਸਲਾਹ ਉੱਤੇ ਅਮਲ ਕਰਨਾ ਵੀ ਸਿੱਖਦੇ ਹਨ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀਆਂ 12:2) ਲੱਖਾਂ ਹੀ ਲੋਕ ਆਪਣੀ ਮਰਜ਼ੀ ਅਨੁਸਾਰ ਜ਼ਿੰਦਗੀ ਜੀਣ ਦੀ ਬਜਾਇ ਪਰਮੇਸ਼ੁਰ ਦੇ ਰਾਜ ਦੇ ਕਾਨੂੰਨਾਂ ਅਤੇ ਅਸੂਲਾਂ ਮੁਤਾਬਕ ਜੀਉਣ ਲੱਗ ਪਏ ਹਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਹੁਣ ਖ਼ੁਸ਼ੀ ਪਾਈ ਹੈ ਤੇ ਉਨ੍ਹਾਂ ਨੂੰ ਸੁਨਹਿਰੇ ਭਵਿੱਖ ਦੀ ਉਮੀਦ ਮਿਲੀ ਹੈ।—ਕੁਲੁੱਸੀਆਂ 3:9-11.
ਦੁਨੀਆਂ ਭਰ ਵਿਚ ਅਜਿਹੀ ਏਕਤਾ ਲਿਆਉਣ ਦਾ ਇਕ ਮੁੱਖ ਸਾਧਨ ਹੈ ਪਹਿਰਾਬੁਰਜ ਰਸਾਲਾ। ਇਸ ਦੇ ਮੁੱਖ ਲੇਖ 135 ਭਾਸ਼ਾਵਾਂ ਵਿਚ ਇੱਕੋ ਸਮੇਂ ਛਾਪੇ ਜਾਂਦੇ ਹਨ ਜਿਸ ਕਰਕੇ ਇਸ ਨੂੰ ਪੜ੍ਹਨ ਵਾਲੇ 95 ਪ੍ਰਤਿਸ਼ਤ ਲੋਕ ਇੱਕੋ ਸਮੇਂ ਆਪੋ-ਆਪਣੀ ਬੋਲੀ ਵਿਚ ਇਸ ਨੂੰ ਪੜ੍ਹ ਸਕਦੇ ਹਨ।
ਮਾਰਮਨ ਚਰਚ ਦੇ ਇਕ ਲੇਖਕ ਨੇ ਆਪਣੇ ਚਰਚ ਤੋਂ ਇਲਾਵਾ ਧਰਮ-ਪ੍ਰਚਾਰ ਕਰਨ ਵਿਚ ਸਫ਼ਲ ਹੋਰ ਸੰਸਥਾਵਾਂ ਦੀ ਸੂਚੀ ਬਣਾਈ। ਉਸ ਵਿਚ ਉਸ ਨੇ ਕਿਹਾ ਕਿ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਜਾਂਦੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਸਭ ਤੋਂ ਵਧੀਆ ਰਸਾਲੇ ਹਨ। ਇਨ੍ਹਾਂ ਬਾਰੇ ਉਸ ਨੇ ਲਿਖਿਆ: “ਕੋਈ ਨਹੀਂ ਕਹਿ ਸਕਦਾ ਕਿ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਸਿਰਫ਼ ਲੋਕਾਂ ਦੇ ਮਨੋਰੰਜਨ ਲਈ ਹਨ। ਇਸ ਦੀ ਬਜਾਇ ਇਹ ਲੋਕਾਂ ਨੂੰ ਖ਼ਬਰਦਾਰ ਕਰਦੇ ਹਨ, ਜਿਵੇਂ ਧਰਮ ਸੰਬੰਧੀ ਹੋਰ ਕੋਈ ਸਾਹਿੱਤ ਨਹੀਂ ਕਰਦਾ। ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿਚ ਜੋ ਵੀ ਛਾਪਿਆ ਜਾਂਦਾ ਹੈ, ਉਹ ਚੰਗੀ ਤਰ੍ਹਾਂ ਰਿਸਰਚ ਕਰ ਕੇ ਸਹੀ ਛਾਪਿਆ ਜਾਂਦਾ ਹੈ।”
ਇਸ ਦੇ ਬਹੁਤ ਹੀ ਸਬੂਤ ਹਨ ਕਿ ਪਰਮੇਸ਼ੁਰ ਦਾ ਰਾਜ ਹੁਣ ਅਸਲ ਵਿਚ ਰਾਜ ਕਰ ਰਿਹਾ ਹੈ। ਯਹੋਵਾਹ ਦੇ ਗਵਾਹ ਖਿੜੇ ਮੱਥੇ ਲੋਕਾਂ ਕੋਲ ਜਾ ਕੇ ਜੋਸ਼ ਨਾਲ ‘ਰਾਜ ਦੀ ਇਹ ਖ਼ੁਸ਼ ਖ਼ਬਰੀ’ ਸੁਣਾਉਂਦੇ ਹਨ ਤਾਂਕਿ ਉਹ ਵੀ ਇਸ ਰਾਜ ਦੀ ਪਰਜਾ ਬਣ ਸਕਣ। (ਮੱਤੀ 24:14) ਕੀ ਤੁਸੀਂ ਉਸ ਦੀ ਪਰਜਾ ਨਹੀਂ ਬਣਨਾ ਚਾਹੋਗੇ? ਤੁਸੀਂ ਵੀ ਉਨ੍ਹਾਂ ਲੋਕਾਂ ਨਾਲ ਸੰਗਤ ਕਰ ਕੇ ਖ਼ੁਸ਼ੀ ਪਾ ਸਕਦੇ ਹੋ ਜੋ ਪਰਮੇਸ਼ੁਰ ਦੇ ਰਾਜ ਦੇ ਨਿਯਮਾਂ ਬਾਰੇ ਸਿੱਖ ਰਹੇ ਹਨ। ਇਸ ਤੋਂ ਵੀ ਵੱਧ ਤੁਸੀਂ ਪਰਮੇਸ਼ੁਰ ਦੇ ਰਾਜ ਅਧੀਨ ਅਜਿਹੀ ਨਵੀਂ ਦੁਨੀਆਂ ਵਿਚ ਜੀਉਣ ਦੀ ਆਸ ਰੱਖ ਸਕਦੇ ਹੋ ਜਿਸ ਵਿਚ ਧਰਮੀ ਲੋਕ ਵੱਸਣਗੇ।—2 ਪਤਰਸ 3:13.
[ਫੁਟਨੋਟ]
^ ਪੈਰਾ 5 ਹੋਰ ਜਾਣਕਾਰੀ ਵਾਸਤੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਦੇ 90-97 ਸਫ਼ਿਆਂ ਤੇ 10ਵਾਂ ਅਧਿਆਇ “ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ” ਦੇਖੋ।
[ਸਫ਼ੇ 5 ਉੱਤੇ ਤਸਵੀਰ]
1914 ਵਿਚ ਕੌਮਾਂ ਵਿਸ਼ਵ ਯੁੱਧ ਵਿਚ ਇਕ-ਦੂਜੇ ਨਾਲ ਭਿੜੀਆਂ ਹੋਈਆਂ ਸਨ
[ਸਫ਼ੇ 6 ਉੱਤੇ ਤਸਵੀਰ]
ਰਾਹਤ ਦੇ ਪ੍ਰਬੰਧ ਮਸੀਹੀਆਂ ਦੇ ਪਿਆਰ ਦਾ ਸਬੂਤ ਹਨ
[ਸਫ਼ੇ 7 ਉੱਤੇ ਤਸਵੀਰ]
ਦੁਨੀਆਂ ਭਰ ਵਿਚ ਯਹੋਵਾਹ ਦੇ ਸਾਰੇ ਗਵਾਹਾਂ ਨੂੰ ਇਕ ਸਮਾਨ ਸਿੱਖਿਆ ਦਿੱਤੀ ਜਾਂਦੀ ਹੈ