Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਿਸੂ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ “ਮੈਂ ਸ਼ਤਾਨ ਨੂੰ ਬਿਜਲੀ ਵਾਂਙੁ ਅਕਾਸ਼ ਤੋਂ ਡਿੱਗਾ ਹੋਇਆ ਡਿੱਠਾ”?

ਯਿਸੂ ਨੇ 70 ਚੇਲੇ ਚੁਣ ਕੇ “ਹਰ ਨਗਰ ਅਤੇ ਹਰ ਥਾਂ ਜਿੱਥੇ ਆਪ ਜਾਣ ਵਾਲਾ ਸੀ ਉਨ੍ਹਾਂ ਨੂੰ ਦੋ ਦੋ ਕਰਕੇ ਆਪਣੇ ਅੱਗੇ ਘੱਲਿਆ।” ਉਹ 70 ਵਾਪਸ ਆਏ ਤੇ ਆਪਣੇ ਪ੍ਰਚਾਰ ਦੀ ਸਫ਼ਲਤਾ ਬਾਰੇ ਖ਼ੁਸ਼ੀ-ਖ਼ੁਸ਼ੀ ਯਿਸੂ ਨੂੰ ਕਹਿਣ ਲੱਗੇ: “ਪ੍ਰਭੁ ਜੀ ਤੇਰੇ ਨਾਮ ਕਰਕੇ ਭੂਤ ਭੀ ਸਾਡੇ ਵੱਸ ਵਿੱਚ ਹਨ!” ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੰਦੇ ਹੋਏ ਕਿਹਾ: “ਮੈਂ ਸ਼ਤਾਨ ਨੂੰ ਬਿਜਲੀ ਵਾਂਙੁ ਅਕਾਸ਼ ਤੋਂ ਡਿੱਗਾ ਹੋਇਆ ਡਿੱਠਾ।”—ਲੂਕਾ 10:1, 17, 18.

ਪਹਿਲਾਂ-ਪਹਿਲ ਇੰਜ ਲੱਗਦਾ ਹੈ ਕਿ ਯਿਸੂ ਕਿਸੇ ਬੀਤੀ ਘਟਨਾ ਬਾਰੇ ਗੱਲ ਕਰ ਰਿਹਾ ਸੀ। ਪਰ ਯਿਸੂ ਦੇ ਦਿਨਾਂ ਤੋਂ 60 ਸਾਲ ਬਾਅਦ ਯੂਹੰਨਾ ਰਸੂਲ ਨੇ ਵੀ ਇਸੇ ਤਰ੍ਹਾਂ ਗੱਲ ਕੀਤੀ ਜਦੋਂ ਉਸ ਨੇ ਲਿਖਿਆ: “ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ।”—ਪਰਕਾਸ਼ ਦੀ ਪੋਥੀ 12:9.

ਜਦੋਂ ਯੂਹੰਨਾ ਰਸੂਲ ਨੇ ਇਹ ਸ਼ਬਦ ਲਿਖੇ ਸਨ ਉਸ ਵੇਲੇ ਸ਼ਤਾਨ ਅਜੇ ਸਵਰਗ ਵਿਚ ਹੀ ਸੀ। ਅਸੀਂ ਇਹ ਕਿਸ ਤਰ੍ਹਾਂ ਜਾਣਦੇ ਹਾਂ? ਕਿਉਂਕਿ ਪਰਕਾਸ਼ ਦੀ ਪੋਥੀ ਵਿਚ ਇਤਿਹਾਸ ਨਹੀਂ, ਪਰ ਭਵਿੱਖਬਾਣੀਆਂ ਲਿਖੀਆਂ ਗਈਆਂ ਹਨ। (ਪਰਕਾਸ਼ ਦੀ ਪੋਥੀ 1:1) ਇਸ ਲਈ, ਯੂਹੰਨਾ ਦੇ ਇਹ ਸ਼ਬਦ ਲਿਖਣ ਦੇ ਵੇਲੇ ਸ਼ਤਾਨ ਨੂੰ ਅਜੇ ਆਕਾਸ਼ੋਂ ਧਰਤੀ ਤੇ ਨਹੀਂ ਸੁੱਟਿਆ ਗਿਆ ਸੀ। ਅਸਲ ਵਿਚ, ਸਬੂਤ ਤੋਂ ਪਤਾ ਲੱਗਦਾ ਹੈ ਕਿ ਯਿਸੂ 1914 ਵਿਚ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਿਆ ਸੀ ਅਤੇ ਇਸ ਤੋਂ ਥੋੜ੍ਹੇ ਚਿਰ ਬਾਅਦ ਉਸ ਨੇ ਸ਼ਤਾਨ ਨੂੰ ਸਵਰਗੋਂ ਕੱਢਿਆ ਸੀ। *ਪਰਕਾਸ਼ ਦੀ ਪੋਥੀ 12:1-10.

ਤਾਂ ਫਿਰ, ਯਿਸੂ ਨੇ ਸ਼ਤਾਨ ਦੇ ਸਵਰਗੋਂ ਕੱਢੇ ਜਾਣ ਬਾਰੇ ਇਸ ਤਰ੍ਹਾਂ ਕਿਉਂ ਗੱਲ ਕੀਤੀ ਸੀ ਜਿੱਦਾਂ ਕਿਤੇ ਉਸ ਨੂੰ ਪਹਿਲਾਂ ਹੀ ਉੱਥੋਂ ਕੱਢਿਆ ਗਿਆ ਸੀ? ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਯਿਸੂ ਆਪਣੇ ਚੇਲਿਆਂ ਨੂੰ ਘਮੰਡੀ ਹੋਣ ਦੇ ਕਾਰਨ ਝਿੜਕ ਰਿਹਾ ਸੀ। ਵਿਦਵਾਨਾਂ ਦੀ ਸਮਝ ਮੁਤਾਬਕ ਯਿਸੂ ਕਹਿ ਰਿਹਾ ਸੀ: ‘ਤੁਸੀਂ ਭੂਤਾਂ ਨੂੰ ਜਿੱਤ ਲਿਆ, ਪਰ ਇਸ ਗੱਲ ਦੀ ਸ਼ੇਖ਼ੀ ਨਾ ਮਾਰੋ ਕਿਉਂ ਜੋ ਸ਼ਤਾਨ ਆਪਣੇ ਘਮੰਡ ਕਰਕੇ ਹੀ ਡਿੱਗਿਆ ਸੀ।’

ਅਸੀਂ ਇਹ ਨਹੀਂ ਕਹਿ ਸਕਦੇ ਕਿ ਇਨ੍ਹਾਂ ਵਿਦਵਾਨਾਂ ਦੇ ਖ਼ਿਆਲ ਸਹੀ ਹਨ ਜਾਂ ਗ਼ਲਤ। ਪਰ ਇੰਜ ਲੱਗਦਾ ਹੈ ਕਿ ਯਿਸੂ ਆਪਣੇ ਚੇਲਿਆਂ ਨੂੰ ਝਿੜਕਣ ਦੀ ਬਜਾਇ ਉਨ੍ਹਾਂ ਨਾਲ ਖ਼ੁਸ਼ ਹੋ ਰਿਹਾ ਸੀ ਅਤੇ ਸ਼ਤਾਨ ਦੇ ਭਾਵੀ ਨਾਸ਼ ਦਾ ਜ਼ਿਕਰ ਕਰ ਰਿਹਾ ਸੀ। ਯਿਸੂ ਆਪਣੇ ਕਿਸੇ ਵੀ ਚੇਲੇ ਨਾਲੋਂ ਬਿਹਤਰ ਜਾਣਦਾ ਸੀ ਕਿ ਸ਼ਤਾਨ ਨੂੰ ਕਿੰਨਾ ਗੁੱਸਾ ਚੜ੍ਹਿਆ ਹੋਇਆ ਹੈ ਅਤੇ ਉਹ ਸੱਚੇ ਮਸੀਹੀਆਂ ਨੂੰ ਕਿੰਨੀ ਨਫ਼ਰਤ ਕਰਦਾ ਹੈ। ਤਾਂ ਫਿਰ, ਉਸ ਖ਼ੁਸ਼ੀ ਦੀ ਕਲਪਨਾ ਕਰੋ ਜੋ ਯਿਸੂ ਨੇ ਮਹਿਸੂਸ ਕੀਤੀ ਹੋਈ ਹੋਣੀ ਜਦੋਂ ਉਸ ਨੇ ਸੁਣਿਆ ਕਿ ਉਸ ਦੇ ਹੱਡ-ਮਾਸ ਦੇ ਬਣੇ ਚੇਲਿਆਂ ਨੇ ਸ਼ਕਤੀਸ਼ਾਲੀ ਭੂਤਾਂ ਤੇ ਹੁਕਮ ਚਲਾਇਆ ਸੀ! ਯਿਸੂ ਦੇ ਚੇਲਿਆਂ ਦੀ ਭੂਤਾਂ ਉੱਪਰ ਇਹ ਜਿੱਤ ਉਸ ਭਵਿੱਖ ਦੀ ਇਕ ਛੋਟੀ ਜਿਹੀ ਝਲਕ ਸੀ ਜਦੋਂ ਯਿਸੂ ਨੇ ਮਹਾਂ ਦੂਤ ਮੀਕਾਏਲ ਦੇ ਰੂਪ ਵਿਚ ਸ਼ਤਾਨ ਨਾਲ ਲੜ ਕੇ ਉਸ ਨੂੰ ਸਵਰਗੋਂ ਥੱਲੇ ਸੁੱਟਣਾ ਸੀ।

ਜਦੋਂ ਯਿਸੂ ਨੇ ਕਿਹਾ ਸੀ ਕਿ ਉਸ ਨੇ ਸ਼ਤਾਨ ਨੂੰ “ਡਿੱਗਾ ਹੋਇਆ” ਦੇਖਿਆ, ਤਾਂ ਉਹ ਇਸ ਗੱਲ ਤੇ ਜ਼ੋਰ ਪਾ ਰਿਹਾ ਸੀ ਕਿ ਸ਼ਤਾਨ ਨੇ ਤਾਂ ਡਿੱਗਣਾ ਹੀ ਡਿੱਗਣਾ ਹੈ। ਬਾਈਬਲ ਵਿਚ ਹੋਰ ਵੀ ਕਈ ਹਵਾਲੇ ਹਨ ਜੋ ਭਵਿੱਖ ਬਾਰੇ ਇਸ ਤਰ੍ਹਾਂ ਗੱਲ ਕਰਦੇ ਹਨ ਜਿੱਦਾਂ ਕਿ ਉਹ ਗੱਲਾਂ ਪਹਿਲਾਂ ਹੀ ਹੋ ਚੁੱਕੀਆਂ ਹਨ। ਮਿਸਾਲ ਦੇ ਤੌਰ ਤੇ ਨੋਟ ਕਰੋ ਕਿ ਯਸਾਯਾਹ 52:13–53:12 ਵਿਚ ਮਸੀਹਾ ਬਾਰੇ ਭਵਿੱਖਬਾਣੀਆਂ ਕਿਸ ਤਰ੍ਹਾਂ ਲਿਖੀਆਂ ਗਈਆਂ ਹਨ। ਕਈ ਗੱਲਾਂ ਇਸ ਤਰ੍ਹਾਂ ਕੀਤੀਆਂ ਗਈਆਂ ਹਨ ਜਿੱਦਾਂ ਕਿਤੇ ਉਹ ਪਹਿਲਾਂ ਹੀ ਹੋ ਚੁੱਕੀਆਂ ਸਨ। ਤਾਂ ਫਿਰ, ਸੰਭਵ ਹੈ ਕਿ ਯਿਸੂ ਆਪਣਾ ਪੱਕਾ ਵਿਸ਼ਵਾਸ ਜ਼ਾਹਰ ਕਰ ਰਿਹਾ ਸੀ ਕਿ ਉਸ ਦੇ ਪਿਤਾ ਦੀ ਮਰਜ਼ੀ ਅਨੁਸਾਰ ਸ਼ਤਾਨ ਨੂੰ ਸਵਰਗੋਂ ਜ਼ਰੂਰ ਕੱਢਿਆ ਜਾਵੇਗਾ। ਯਿਸੂ ਨੂੰ ਇਹ ਵੀ ਪੱਕਾ ਭਰੋਸਾ ਸੀ ਕਿ ਭਵਿੱਖ ਵਿਚ ਸ਼ਤਾਨ ਤੇ ਉਸ ਦੇ ਭੂਤ ਅਥਾਹ ਕੁੰਡ ਵਿਚ ਸੁੱਟੇ ਜਾਣਗੇ ਅਤੇ ਬਾਅਦ ਵਿਚ ਉਹ ਸਦਾ ਲਈ ਨਸ਼ਟ ਕੀਤੇ ਜਾਣਗੇ।—ਰੋਮੀਆਂ 16:20; ਇਬਰਾਨੀਆਂ 2:14; ਪਰਕਾਸ਼ ਦੀ ਪੋਥੀ 20:1-3, 7-10.

[ਫੁਟਨੋਟ]

^ ਪੈਰਾ 5 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦਾ 10ਵਾਂ ਅਧਿਆਇ ਦੇਖੋ।