Skip to content

Skip to table of contents

ਯਹੋਵਾਹ ਨਿਮਰ ਲੋਕਾਂ ਉੱਤੇ ਆਪਣਾ ਤੇਜ ਪ੍ਰਗਟ ਕਰਦਾ ਹੈ

ਯਹੋਵਾਹ ਨਿਮਰ ਲੋਕਾਂ ਉੱਤੇ ਆਪਣਾ ਤੇਜ ਪ੍ਰਗਟ ਕਰਦਾ ਹੈ

ਯਹੋਵਾਹ ਨਿਮਰ ਲੋਕਾਂ ਉੱਤੇ ਆਪਣਾ ਤੇਜ ਪ੍ਰਗਟ ਕਰਦਾ ਹੈ

“ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।”—ਕਹਾਉਤਾਂ 22:4.

1, 2. (ੳ) ਰਸੂਲਾਂ ਦੇ ਕਰਤੱਬ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਇਸਤੀਫ਼ਾਨ “ਨਿਹਚਾ ਅਰ ਪਵਿੱਤ੍ਰ ਆਤਮਾ ਨਾਲ ਭਰਪੂਰ ਸੀ”? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਇਸਤੀਫ਼ਾਨ ਹਲੀਮ ਸੀ?

ਯਿਸੂ ਦਾ ਚੇਲਾ ਇਸਤੀਫ਼ਾਨ “ਨਿਹਚਾ ਅਰ ਪਵਿੱਤ੍ਰ ਆਤਮਾ” ਅਤੇ “ਕਿਰਪਾ ਅਰ ਸ਼ਕਤੀ ਨਾਲ” ਭਰਪੂਰ ਸੀ। ਉਹ ਲੋਕਾਂ ਵਿਚ ਵੱਡੇ ਅਚੰਭੇ ਕਰਦਾ ਸੀ ਅਤੇ ਨਿਸ਼ਾਨ ਦਿਖਾਉਂਦਾ ਸੀ। ਇਕ ਵਾਰ ਕੁਝ ਯਹੂਦੀ ਬੰਦੇ ਉਸ ਨਾਲ ਬਹਿਸ ਕਰਨ ਲੱਗੇ, “ਪਰ ਓਹ ਉਸ ਬੁੱਧ ਅਰ ਆਤਮਾ ਦਾ ਜਿਹ ਦੇ ਨਾਲ ਉਹ ਗੱਲਾਂ ਕਰਦਾ ਸੀ ਸਾਹਮਣਾ ਨਾ ਕਰ ਸੱਕੇ।” (ਰਸੂਲਾਂ ਦੇ ਕਰਤੱਬ 6:5, 8-10) ਇਸਤੀਫ਼ਾਨ ਪਰਮੇਸ਼ੁਰ ਦੇ ਬਚਨ ਦਾ ਚੰਗੀ ਤਰ੍ਹਾਂ ਅਧਿਐਨ ਕਰਦਾ ਹੁੰਦਾ ਸੀ ਜਿਸ ਕਰਕੇ ਉਹ ਇਸ ਬਚਨ ਤੋਂ ਯਹੂਦੀ ਧਾਰਮਿਕ ਆਗੂਆਂ ਨੂੰ ਵਧੀਆ ਤਰੀਕੇ ਨਾਲ ਗਵਾਹੀ ਦੇ ਸਕਿਆ। ਉਸ ਦੀਆਂ ਗੱਲਾਂ ਰਸੂਲਾਂ ਦੇ ਕਰਤੱਬ ਦੇ 7ਵੇਂ ਅਧਿਆਇ ਵਿਚ ਲਿਖੀਆਂ ਗਈਆਂ ਹਨ। ਇਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਪਰਮੇਸ਼ੁਰ ਦੇ ਮਕਸਦ ਦੇ ਪ੍ਰਗਟ ਹੋਣ ਵਿਚ ਕਿੰਨੀ ਦਿਲਚਸਪੀ ਲੈਂਦਾ ਸੀ।

2 ਇਸਤੀਫ਼ਾਨ ਉਨ੍ਹਾਂ ਧਾਰਮਿਕ ਆਗੂਆਂ ਵਰਗਾ ਨਹੀਂ ਸੀ ਜੋ ਆਪਣੀ ਪਦਵੀ ਤੇ ਗਿਆਨ ਕਰਕੇ ਆਪਣੇ ਆਪ ਨੂੰ ਆਮ ਲੋਕਾਂ ਨਾਲੋਂ ਉੱਚਾ ਸਮਝਦੇ ਸਨ। ਉਹ ਆਪਣੇ ਆਪ ਨੂੰ ਹੋਰਨਾਂ ਨਾਲੋਂ ਨੀਵਾਂ ਸਮਝਦਾ ਸੀ। (ਮੱਤੀ 23:2-7; ਯੂਹੰਨਾ 7:49) ਭਾਵੇਂ ਇਸਤੀਫ਼ਾਨ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਫਿਰ ਵੀ ਉਹ ਨੀਵਾਂ ਹੋ ਕੇ “ਖਿਲਾਉਣ ਪਿਲਾਉਣ” ਦੀ ਸੇਵਾ ਕਰਨ ਲਈ ਤਿਆਰ ਸੀ ਤਾਂਕਿ ਰਸੂਲ “ਪ੍ਰਾਰਥਨਾ ਵਿੱਚ ਅਰ ਬਚਨ ਦੀ ਸੇਵਾ ਵਿੱਚ” ਲੱਗੇ ਰਹਿ ਸਕਣ। ਭਰਾਵਾਂ ਵਿਚਕਾਰ ਇਸਤੀਫ਼ਾਨ ਦਾ ਨੇਕਨਾਮ ਹੋਣ ਕਰਕੇ ਉਹ ਛੇ ਹੋਰਨਾਂ ਭਰਾਵਾਂ ਨਾਲ ਭੋਜਨ ਵੰਡਣ ਲਈ ਚੁਣਿਆ ਗਿਆ। ਉਸ ਨੇ ਹਲੀਮ ਹੋ ਕੇ ਇਹ ਕੰਮ ਸਵੀਕਾਰ ਕੀਤਾ।—ਰਸੂਲਾਂ ਦੇ ਕਰਤੱਬ 6:1-6.

3. ਪਰਮੇਸ਼ੁਰ ਨੇ ਇਸਤੀਫ਼ਾਨ ਉੱਤੇ ਕਿਹੜੀ ਵੱਡੀ ਮਿਹਰ ਕੀਤੀ ਸੀ?

3 ਯਹੋਵਾਹ ਨੇ ਦੇਖਿਆ ਕਿ ਇਸਤੀਫ਼ਾਨ ਨਿਮਰ ਅਤੇ ਵਫ਼ਾਦਾਰ ਸੀ ਤੇ ਰੂਹਾਨੀ ਚੀਜ਼ਾਂ ਵਿਚ ਦਿਲਚਸਪੀ ਰੱਖਦਾ ਸੀ। ਜਦ ਇਸਤੀਫ਼ਾਨ ਮਹਾਸਭਾ ਵਿਚ ਯਹੂਦੀ ਆਗੂਆਂ ਨੂੰ ਗਵਾਹੀ ਦੇ ਰਿਹਾ ਸੀ, ਤਾਂ ਉਸ ਦੇ ਵਿਰੋਧੀਆਂ ਨੇ “ਉਹ ਦਾ ਮੂੰਹ ਦੂਤ ਦੇ ਮੂੰਹ ਵਰਗਾ ਡਿੱਠਾ।” (ਰਸੂਲਾਂ ਦੇ ਕਰਤੱਬ 6:15) ਦੂਤ ਦੇ ਮੂੰਹ ਵਰਗਾ ਕਿਉਂ? ਕਿਉਂਕਿ ਉਹ ਨਿਡਰਤਾ ਨਾਲ ਪਰਮੇਸ਼ੁਰ ਦਾ ਸੰਦੇਸ਼ ਦੇ ਰਿਹਾ ਸੀ। ਜਦ ਇਸਤੀਫ਼ਾਨ ਮਹਾਸਭਾ ਦੇ ਮੈਂਬਰਾਂ ਨੂੰ ਦਲੇਰੀ ਨਾਲ ਗਵਾਹੀ ਦੇ ਚੁੱਕਾ, ਤਾਂ ਪਰਮੇਸ਼ੁਰ ਨੇ ਉਸ ਉੱਤੇ ਵੱਡੀ ਮਿਹਰ ਕੀਤੀ। “[ਇਸਤੀਫ਼ਾਨ] ਨੇ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਅਕਾਸ਼ ਦੀ ਵੱਲ ਨਜ਼ਰ ਲਾਈ ਹੋਈ ਪਰਮੇਸ਼ੁਰ ਦਾ ਤੇਜ ਅਤੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜਾ ਵੇਖਿਆ।” (ਰਸੂਲਾਂ ਦੇ ਕਰਤੱਬ 7:55) ਇਹ ਦਰਸ਼ਣ ਦੇਖ ਕੇ ਇਸਤੀਫ਼ਾਨ ਨੂੰ ਇਸ ਗੱਲ ਦਾ ਪੱਕਾ ਸਬੂਤ ਮਿਲਿਆ ਕਿ ਯਿਸੂ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਤੇ ਮਸੀਹਾ ਹੈ। ਇਸ ਤੋਂ ਇਸਤੀਫ਼ਾਨ ਨੂੰ ਦ੍ਰਿੜ੍ਹ ਰਹਿਣ ਦੀ ਤਾਕਤ ਮਿਲੀ ਅਤੇ ਉਹ ਜਾਣ ਗਿਆ ਕਿ ਉਸ ਉੱਤੇ ਯਹੋਵਾਹ ਦੀ ਕਿਰਪਾ ਸੀ।

4. ਯਹੋਵਾਹ ਆਪਣਾ ਤੇਜ ਕਿਨ੍ਹਾਂ ਤੇ ਪ੍ਰਗਟ ਕਰਦਾ ਹੈ?

4 ਇਸਤੀਫ਼ਾਨ ਨੂੰ ਦਿੱਤੇ ਗਏ ਦਰਸ਼ਣ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਆਪਣਾ ਤੇਜ ਉਨ੍ਹਾਂ ਉੱਤੇ ਪ੍ਰਗਟ ਕਰਦਾ ਹੈ ਜੋ ਉਸ ਦਾ ਭੈ ਰੱਖਦੇ ਹਨ, ਨਿਮਰ ਹਨ ਅਤੇ ਉਸ ਨਾਲ ਆਪਣੇ ਰਿਸ਼ਤੇ ਦੀ ਕਦਰ ਕਰਦੇ ਹਨ। ਉਹ ਆਪਣੇ ਮਕਸਦ ਵੀ ਇਨ੍ਹਾਂ ਲੋਕਾਂ ਨੂੰ ਹੀ ਜ਼ਾਹਰ ਕਰਦਾ ਹੈ। ਬਾਈਬਲ ਵਿਚ ਲਿਖਿਆ ਹੈ: “ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।” (ਕਹਾਉਤਾਂ 22:4) ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਮਝੀਏ ਕਿ ਨਿਮਰ ਹੋਣ ਦਾ ਮਤਲਬ ਕੀ ਹੈ, ਇਹ ਗੁਣ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ ਅਤੇ ਜ਼ਿੰਦਗੀ ਦੇ ਹਰ ਪਹਿਲੂ ਵਿਚ ਨਿਮਰ ਹੋਣ ਦੇ ਕੀ ਫ਼ਾਇਦੇ ਹੁੰਦੇ ਹਨ।

ਪਰਮੇਸ਼ੁਰ ਵਿਚ ਨਿਮਰਤਾ ਦਾ ਗੁਣ

5, 6. (ੳ) ਨਿਮਰਤਾ ਕੀ ਹੈ? (ਅ) ਯਹੋਵਾਹ ਨੇ ਕਿਵੇਂ ਦਿਖਾਇਆ ਹੈ ਕਿ ਉਹ ਨਿਮਰ ਹੈ? (ੲ) ਸਾਨੂੰ ਯਹੋਵਾਹ ਦੀ ਨਿਮਰਤਾ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

5 ਤੁਸੀਂ ਇਹ ਜਾਣ ਕੇ ਸ਼ਾਇਦ ਹੈਰਾਨ ਹੋਵੋ ਕਿ ਸਾਰੇ ਵਿਸ਼ਵ ਦਾ ਅੱਤ ਮਹਾਨ ਅਤੇ ਸਭ ਤੋਂ ਮਹਿਮਾਵਾਨ ਯਹੋਵਾਹ ਪਰਮੇਸ਼ੁਰ ਨਿਮਰਤਾ ਦੀ ਸਭ ਤੋਂ ਵਧੀਆ ਮਿਸਾਲ ਹੈ। ਰਾਜਾ ਦਾਊਦ ਨੇ ਯਹੋਵਾਹ ਨੂੰ ਕਿਹਾ: “ਤੈਂ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ, ਅਤੇ ਤੇਰੇ ਸੱਜੇ ਹੱਥ ਨੇ ਮੈਨੂੰ ਸੰਭਾਲਿਆ ਹੈ, ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ।” (ਜ਼ਬੂਰਾਂ ਦੀ ਪੋਥੀ 18:35) ਇੱਥੇ ਦਾਊਦ ਨੇ ਯਹੋਵਾਹ ਦੀ ਨਰਮਾਈ ਲਈ ਜੋ ਇਬਰਾਨੀ ਸ਼ਬਦ ਵਰਤਿਆ, ਉਸ ਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਯਹੋਵਾਹ “ਆਪਣੇ ਆਪ ਨੂੰ ਨੀਵਾਂ ਕਰਦਾ ਹੈ।” ਇਸ ਤੋਂ ਇਲਾਵਾ, ਇਸ ਸ਼ਬਦ ਦਾ ਮਤਲਬ “ਹਲੀਮੀ,” “ਦੀਨਤਾ” ਅਤੇ “ਅਧੀਨਗੀ” ਵੀ ਹੋ ਸਕਦਾ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਨੇ ਅਪੂਰਣ ਬੰਦੇ ਦਾਊਦ ਦੀ ਮਦਦ ਕਰਨ ਲਈ ਆਪਣੇ ਆਪ ਨੂੰ ਨੀਵਾਂ ਕੀਤਾ ਅਤੇ ਉਸ ਨੂੰ ਰਾਜਾ ਬਣਨ ਲਈ ਚੁਣਿਆ। ਜ਼ਬੂਰ 18 ਦੇ ਉੱਪਰ ਲਿਖੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਦਾਊਦ ਦੀ ਰੱਖਿਆ ਕੀਤੀ, ਉਸ ਨੂੰ ਸਹਾਰਾ ਦਿੱਤਾ ਅਤੇ “ਉਹ ਨੂੰ ਉਹ ਦੇ ਸਾਰੇ ਵੈਰੀਆਂ ਦੇ ਹੱਥੋਂ ਅਰ ਸ਼ਾਊਲ ਦੇ ਹੱਥੋਂ ਛੁਡਾਇਆ ਸੀ।” ਦਾਊਦ ਜਾਣਦਾ ਸੀ ਕਿ ਇਕ ਮਹਾਨ ਰਾਜੇ ਵਜੋਂ ਉਸ ਦੀ ਵਡਿਆਈ ਤਾਂ ਹੀ ਹੋਈ ਸੀ ਕਿਉਂਕਿ ਯਹੋਵਾਹ ਉਸ ਦੀ ਖ਼ਾਤਰ ਨਿਮਰ ਹੋਇਆ ਸੀ। ਇਹ ਗੱਲ ਜਾਣਦੇ ਹੋਏ ਦਾਊਦ ਨੂੰ ਨਿਮਰ ਰਹਿਣ ਵਿਚ ਮਦਦ ਮਿਲੀ।

6 ਸਾਡੇ ਬਾਰੇ ਕੀ? ਯਹੋਵਾਹ ਨੇ ਸਾਨੂੰ ਸੱਚਾਈ ਸਿਖਾਈ ਹੈ ਅਤੇ ਉਸ ਨੇ ਸ਼ਾਇਦ ਆਪਣੇ ਸੰਗਠਨ ਰਾਹੀਂ ਸਾਨੂੰ ਉਸ ਦੀ ਸੇਵਾ ਕਰਨ ਦੇ ਖ਼ਾਸ ਮੌਕੇ ਵੀ ਦਿੱਤੇ ਹਨ ਜਾਂ ਕਿਸੇ ਹੋਰ ਤਰੀਕੇ ਨਾਲ ਸਾਨੂੰ ਉਸ ਦੀ ਇੱਛਾ ਪੂਰੀ ਕਰਨ ਲਈ ਇਸਤੇਮਾਲ ਕੀਤਾ ਹੈ। ਸਾਨੂੰ ਇਸ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ? ਸਾਨੂੰ ਆਪਣੀ ਵਡਿਆਈ ਕਰਨ ਦੀ ਬਜਾਇ ਯਹੋਵਾਹ ਦੀ ਨਿਮਰਤਾ ਦੇ ਅਹਿਸਾਨਮੰਦ ਹੋਣਾ ਚਾਹੀਦਾ ਹੈ। ਸਾਨੂੰ ਘਮੰਡੀ ਨਹੀਂ ਹੋਣਾ ਚਾਹੀਦਾ ਜਿਸ ਦਾ ਨਤੀਜਾ ਹਮੇਸ਼ਾ ਬੁਰਾ ਨਿਕਲਦਾ ਹੈ।—ਕਹਾਉਤਾਂ 16:18; 29:23.

7, 8. (ੳ) ਮਨੱਸ਼ਹ ਦੇ ਸੰਬੰਧ ਵਿਚ ਯਹੋਵਾਹ ਨੀਵਾਂ ਕਿਵੇਂ ਹੋਇਆ ਸੀ? (ਅ) ਅਸੀਂ ਯਹੋਵਾਹ ਅਤੇ ਮਨੱਸ਼ਹ ਤੋਂ ਨਿਮਰ ਹੋਣ ਬਾਰੇ ਕਿਹੜੇ ਜ਼ਰੂਰੀ ਸਬਕ ਸਿੱਖ ਸਕਦੇ ਹਾਂ?

7 ਯਹੋਵਾਹ ਨੇ ਨਾ ਸਿਰਫ਼ ਅਪੂਰਣ ਇਨਸਾਨਾਂ ਨਾਲ ਵਾਸਤਾ ਰੱਖ ਕੇ ਨਿਮਰਤਾ ਦਾ ਗੁਣ ਦਿਖਾਇਆ, ਸਗੋਂ ਉਸ ਨੇ ਨਿਮਰ ਲੋਕਾਂ ਉੱਤੇ ਦਇਆ ਕਰ ਕੇ ਉਨ੍ਹਾਂ ਨੂੰ ਉੱਚਾ ਵੀ ਕੀਤਾ ਹੈ। (ਜ਼ਬੂਰਾਂ ਦੀ ਪੋਥੀ 113:4-7) ਮਿਸਾਲ ਲਈ, ਯਹੂਦਾਹ ਦੇ ਰਾਜੇ ਮਨੱਸ਼ਹ ਬਾਰੇ ਸੋਚੋ। ਉਸ ਨੇ ਆਪਣੀ ਪਦਵੀ ਦੀ ਗ਼ਲਤ ਵਰਤੋਂ ਕਰਦੇ ਹੋਏ, ਯਹੋਵਾਹ ਨੂੰ ਛੱਡ ਕੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਸ਼ੁਰੂ ਕਰਵਾਈ ਅਤੇ “ਉਹ ਅਜੇਹਾ ਕੰਮ ਕਰਨ ਵਿੱਚ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ਬਹੁਤ ਵੱਧ ਗਿਆ ਅਰ ਉਹ ਦੇ ਕ੍ਰੋਧ ਨੂੰ ਭੜਕਾਇਆ।” (2 ਇਤਹਾਸ 33:6) ਅਖ਼ੀਰ ਵਿਚ ਯਹੋਵਾਹ ਨੇ ਮਨੱਸ਼ਹ ਨੂੰ ਸਜ਼ਾ ਦਿੱਤੀ ਅਤੇ ਅੱਸ਼ੂਰ ਦੇ ਰਾਜੇ ਜ਼ਰੀਏ ਮਨੱਸ਼ਹ ਨੂੰ ਗੱਦੀਓਂ ਲਾ ਦਿੱਤਾ। ਕੈਦ ਵਿਚ ਮਨੱਸ਼ਹ ਨੇ “ਯਹੋਵਾਹ ਆਪਣੇ ਪਰਮੇਸ਼ੁਰ ਦੀ ਮਿੰਨਤ ਕੀਤੀ ਅਤੇ . . . ਆਪਣੇ ਆਪ ਨੂੰ ਬਹੁਤ ਅਧੀਨ ਕੀਤਾ।” ਇਸ ਲਈ ਯਹੋਵਾਹ ਨੇ ਉਸ ਨੂੰ ਯਰੂਸ਼ਲਮ ਵਿਚ ਫਿਰ ਤੋਂ ਰਾਜ ਕਰਨ ਦਿੱਤਾ ਅਤੇ ਮਨੱਸ਼ਹ ਨੇ ਜਾਣ ਲਿਆ ਕਿ “ਯਹੋਵਾਹ ਹੀ ਪਰਮੇਸ਼ੁਰ ਹੈ।” (2 ਇਤਹਾਸ 33:11-13) ਮਨੱਸ਼ਹ ਦੀ ਅਧੀਨਗੀ ਤੋਂ ਯਹੋਵਾਹ ਖ਼ੁਸ਼ ਹੋਇਆ ਅਤੇ ਅੰਤ ਵਿਚ ਉਸ ਨੇ ਮਨੱਸ਼ਹ ਨੂੰ ਮਾਫ਼ ਕਰ ਕੇ ਉਸ ਨੂੰ ਦੁਬਾਰਾ ਰਾਜਾ ਬਣਾਇਆ। ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਕਿਸੇ ਤੇ ਦਇਆ ਕਰ ਕੇ ਉਸ ਨੂੰ ਉੱਚਾ ਕਿਵੇਂ ਕਰਦਾ ਹੈ।

8 ਅਸੀਂ ਯਹੋਵਾਹ ਅਤੇ ਮਨੱਸ਼ਹ ਤੋਂ ਨਿਮਰ ਹੋਣ ਬਾਰੇ ਜ਼ਰੂਰੀ ਸਬਕ ਸਿੱਖ ਸਕਦੇ ਹਾਂ। ਯਹੋਵਾਹ ਮਨੱਸ਼ਹ ਨੂੰ ਮਾਫ਼ ਕਰਨ ਲਈ ਤਿਆਰ ਸੀ ਅਤੇ ਮਨੱਸ਼ਹ ਪਛਤਾਵਾ ਕਰਨ ਲਈ ਤਿਆਰ ਸੀ। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦੇਖ ਸਕਦਾ ਹੈ ਕਿ ਅਸੀਂ ਉਨ੍ਹਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਹਾਂ ਜਿਨ੍ਹਾਂ ਨੇ ਸਾਨੂੰ ਠੇਸ ਪਹੁੰਚਾਈ ਹੈ ਅਤੇ ਉਸ ਨੂੰ ਇਹ ਵੀ ਪਤਾ ਹੈ ਕਿ ਜਦ ਅਸੀਂ ਪਾਪ ਕਰਦੇ ਹਾਂ, ਤਾਂ ਉਸ ਵੇਲੇ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ। ਇਹ ਗੱਲਾਂ ਧਿਆਨ ਵਿਚ ਰੱਖ ਕੇ ਯਹੋਵਾਹ ਸਾਡੇ ਨਾਲ ਪੇਸ਼ ਆਉਂਦਾ ਹੈ। ਅਸੀਂ ਸਿਰਫ਼ ਉਦੋਂ ਹੀ ਯਹੋਵਾਹ ਦੀ ਦਇਆ ਦੀ ਆਸ ਰੱਖ ਸਕਦੇ ਹਾਂ ਜਦੋਂ ਅਸੀਂ ਦੂਸਰਿਆਂ ਦੇ ਪਾਪ ਮਾਫ਼ ਕਰਦੇ ਹਾਂ ਅਤੇ ਨਿਮਰਤਾ ਨਾਲ ਆਪਣੀਆਂ ਗ਼ਲਤੀਆਂ ਮੰਨ ਲੈਂਦੇ ਹਾਂ।—ਮੱਤੀ 5:23, 24; 6:12.

ਯਹੋਵਾਹ ਹਲੀਮ ਲੋਕਾਂ ਨੂੰ ਆਪਣੇ ਭੇਤ ਪ੍ਰਗਟ ਕਰਦਾ ਹੈ

9. ਕੀ ਨਿਮਰਤਾ ਕਮਜ਼ੋਰੀ ਹੈ? ਸਮਝਾਓ।

9 ਨਿਮਰਤਾ ਅਤੇ ਇਸ ਵਰਗੇ ਹੋਰ ਗੁਣ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹਨ ਅਤੇ ਨਾ ਹੀ ਕਿਸੇ ਦੇ ਮਾਫ਼ ਕੀਤੇ ਜਾਣ ਦਾ ਮਤਲਬ ਹੈ ਕਿ ਉਸ ਦਾ ਪਾਪ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਭਾਵੇਂ ਯਹੋਵਾਹ ਨਿਮਰ ਹੈ, ਪਰ ਜ਼ਰੂਰਤ ਪੈਣ ਤੇ ਉਸ ਦਾ ਗੁੱਸਾ ਵੀ ਭੜਕ ਉੱਠਦਾ ਹੈ ਅਤੇ ਉਹ ਦਿਖਾਉਂਦਾ ਹੈ ਕਿ ਉਸ ਕੋਲ ਵੱਡੀ ਸ਼ਕਤੀ ਹੈ। ਯਹੋਵਾਹ ਨਿਮਰਤਾ ਨਾਲ ਖ਼ਾਸ ਕਰਕੇ ਹਲੀਮ ਲੋਕਾਂ ਵੱਲ ਧਿਆਨ ਦਿੰਦਾ ਹੈ, ਪਰ ਉਹ ਹੰਕਾਰੀ ਲੋਕਾਂ ਤੋਂ ਦੂਰ ਰਹਿੰਦਾ ਹੈ। (ਜ਼ਬੂਰਾਂ ਦੀ ਪੋਥੀ 138:6) ਯਹੋਵਾਹ ਨੇ ਆਪਣੇ ਨਿਮਰ ਸੇਵਕਾਂ ਵੱਲ ਖ਼ਾਸ ਧਿਆਨ ਕਿਵੇਂ ਦਿੱਤਾ ਹੈ?

10. ਪਹਿਲਾ ਕੁਰਿੰਥੀਆਂ 2:6-10 ਮੁਤਾਬਕ ਯਹੋਵਾਹ ਹਲੀਮ ਲੋਕਾਂ ਨੂੰ ਕਿਹੜਾ ਗਿਆਨ ਦਿੰਦਾ ਹੈ?

10 ਯਹੋਵਾਹ ਨੇ ਹਲੀਮ ਲੋਕਾਂ ਨੂੰ ਆਪਣੇ ਮਕਸਦਾਂ ਬਾਰੇ ਗਿਆਨ ਦਿੱਤਾ ਹੈ। ਇਹ ਗਿਆਨ ਉਹ ਆਪਣੇ ਹੀ ਸਮੇਂ ਤੇ ਅਤੇ ਆਪਣੇ ਹੀ ਚੁਣੇ ਹੋਏ ਲੋਕਾਂ ਰਾਹੀਂ ਦਿੰਦਾ ਹੈ। ਇਹ ਸ਼ਾਨਦਾਰ ਗਿਆਨ ਘਮੰਡੀ ਲੋਕਾਂ ਤੋਂ ਲੁਕਿਆ ਹੋਇਆ ਹੈ ਕਿਉਂਕਿ ਉਹ ਇਨਸਾਨਾਂ ਦੀ ਬੁੱਧ ਤੇ ਸੋਚਣੀ ਉੱਤੇ ਭਰੋਸਾ ਕਰਦੇ ਹਨ। (1 ਕੁਰਿੰਥੀਆਂ 2:6-10) ਪਰ ਨਿਮਰ ਲੋਕ ਯਹੋਵਾਹ ਦੇ ਮਕਸਦਾਂ ਬਾਰੇ ਸਹੀ ਸਮਝ ਹਾਸਲ ਕਰ ਕੇ ਯਹੋਵਾਹ ਦੀ ਵਡਿਆਈ ਕਰਦੇ ਹਨ ਕਿਉਂਕਿ ਉਹ ਉਸ ਦੀ ਸ਼ਾਨ ਦੀ ਪੂਰੀ ਕਦਰ ਕਰਦੇ ਹਨ।

11. ਪਹਿਲੀ ਸਦੀ ਵਿਚ ਕੁਝ ਲੋਕਾਂ ਨੇ ਆਪਣਾ ਘਮੰਡ ਕਿਵੇਂ ਜ਼ਾਹਰ ਕੀਤਾ ਅਤੇ ਇਸ ਦਾ ਉਨ੍ਹਾਂ ਨੂੰ ਕੀ ਨੁਕਸਾਨ ਹੋਇਆ?

11 ਪਹਿਲੀ ਸਦੀ ਵਿਚ ਬਹੁਤ ਸਾਰੇ ਲੋਕ ਅਤੇ ਕੁਝ ਮਸੀਹੀ ਵੀ ਹਲੀਮ ਨਹੀਂ ਸਨ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਮਕਸਦ ਬਾਰੇ ਪੌਲੁਸ ਦੀਆਂ ਗੱਲਾਂ ਬੁਰੀਆਂ ਲੱਗੀਆਂ। ਪੌਲੁਸ “ਪਰਾਈਆਂ ਕੌਮਾਂ ਦਾ ਰਸੂਲ” ਕਿਉਂ ਬਣਿਆ ਸੀ? ਆਪਣੀ ਕੌਮੀਅਤ, ਪੜ੍ਹਾਈ-ਲਿਖਾਈ, ਉਮਰ ਜਾਂ ਲੰਮੇ ਸਮੇਂ ਦੀ ਸੇਵਾ ਕਰਕੇ ਨਹੀਂ। (ਰੋਮੀਆਂ 11:13) ਦੁਨਿਆਵੀ ਨਜ਼ਰੀਏ ਤੋਂ ਦੇਖਣ ਵਾਲੇ ਇਨਸਾਨ ਸੋਚਦੇ ਹਨ ਕਿ ਇਨ੍ਹਾਂ ਕਾਬਲੀਅਤਾਂ ਕਰਕੇ ਹੀ ਯਹੋਵਾਹ ਆਪਣੀ ਸੇਵਾ ਕਰਨ ਲਈ ਲੋਕਾਂ ਨੂੰ ਚੁਣਦਾ ਹੈ। (1 ਕੁਰਿੰਥੀਆਂ 1:26-29; 3:1; ਕੁਲੁੱਸੀਆਂ 2:18) ਪਰ ਯਹੋਵਾਹ ਨੇ ਪੌਲੁਸ ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਚੁਣਿਆ ਸੀ। (1 ਕੁਰਿੰਥੀਆਂ 15:8-10) ਪੌਲੁਸ ਨੇ ਜਿਨ੍ਹਾਂ ਨੂੰ ‘ਮਹਾਨ ਰਸੂਲ’ ਕਿਹਾ ਸੀ, ਉਨ੍ਹਾਂ ਨੇ ਅਤੇ ਹੋਰਨਾਂ ਵਿਰੋਧੀਆਂ ਨੇ ਪੌਲੁਸ ਨੂੰ ਅਤੇ ਸ਼ਾਸਤਰਾਂ ਵਿੱਚੋਂ ਦੱਸੀਆਂ ਉਸ ਦੀਆਂ ਗੱਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹ ਆਪਣੇ ਹੰਕਾਰ ਕਰਕੇ ਯਹੋਵਾਹ ਦੇ ਮਕਸਦਾਂ ਬਾਰੇ ਗਿਆਨ ਅਤੇ ਸਮਝ ਪ੍ਰਾਪਤ ਕਰਨ ਤੋਂ ਰਹਿ ਗਏ। ਤਾਂ ਫਿਰ ਸਾਨੂੰ ਕਦੇ ਵੀ ਉਨ੍ਹਾਂ ਬਾਰੇ ਬੁਰਾ-ਭਲਾ ਨਹੀਂ ਕਹਿਣਾ ਚਾਹੀਦਾ ਜਿਨ੍ਹਾਂ ਨੂੰ ਯਹੋਵਾਹ ਆਪਣੀ ਇੱਛਾ ਪੂਰੀ ਕਰਨ ਲਈ ਚੁਣਦਾ ਹੈ।—2 ਕੁਰਿੰਥੀਆਂ 11:4-6.

12. ਮੂਸਾ ਦੀ ਮਿਸਾਲ ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਨਿਮਰ ਲੋਕਾਂ ਉੱਤੇ ਕਿਰਪਾ ਕਰਦਾ ਹੈ?

12 ਦੂਜੇ ਪਾਸੇ ਬਾਈਬਲ ਵਿਚ ਨਿਮਰ ਲੋਕਾਂ ਦੀਆਂ ਕਈ ਮਿਸਾਲਾਂ ਹਨ ਜੋ ਪਰਮੇਸ਼ੁਰ ਦੇ ਤੇਜ ਦੀ ਝਲਕ ਦੇਖ ਸਕੇ। ਮੂਸਾ ਸਾਰਿਆਂ ਆਦਮੀਆਂ ਨਾਲੋਂ “ਬਹੁਤ ਅਧੀਨ ਸੀ” ਤੇ ਉਸ ਨੇ ਪਰਮੇਸ਼ੁਰ ਦਾ ਤੇਜ ਦੇਖਿਆ ਅਤੇ ਉਸ ਨਾਲ ਗੂੜ੍ਹੇ ਰਿਸ਼ਤੇ ਦਾ ਆਨੰਦ ਮਾਣਿਆ ਸੀ। (ਗਿਣਤੀ 12:3) ਇਹ ਹਲੀਮ ਮਨੁੱਖ 40 ਸਾਲਾਂ ਤਕ ਅਰਬੀ ਪ੍ਰਾਇਦੀਪ ਵਿਚ ਭੇਡਾਂ ਚਾਰਦਾ ਰਿਹਾ, ਫਿਰ ਵੀ ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਸੀ। (ਕੂਚ 6:12, 30) ਯਹੋਵਾਹ ਦੀ ਮਦਦ ਨਾਲ ਮੂਸਾ ਇਸਰਾਏਲ ਦੀ ਕੌਮ ਦਾ ਮੁੱਖ ਪ੍ਰਬੰਧਕ ਬਣਿਆ ਅਤੇ ਉਹ ਪਰਮੇਸ਼ੁਰ ਦੇ ਸੰਦੇਸ਼ ਲੋਕਾਂ ਨੂੰ ਦਿੰਦਾ ਸੀ। ਉਸ ਨੇ ਪਰਮੇਸ਼ੁਰ ਨਾਲ ਗੱਲਾਂ-ਬਾਤਾਂ ਕੀਤੀਆਂ। ਇਕ ਦਰਸ਼ਣ ਵਿਚ ਉਸ ਨੇ “ਯਹੋਵਾਹ ਦਾ ਸਰੂਪ” ਵੀ ਦੇਖਿਆ ਸੀ। (ਗਿਣਤੀ 12:7, 8; ਕੂਚ 24:10, 11) ਜਿਨ੍ਹਾਂ ਲੋਕਾਂ ਨੇ ਸਵੀਕਾਰ ਕੀਤਾ ਕਿ ਪਰਮੇਸ਼ੁਰ ਇਸ ਨਿਮਰ ਮਨੁੱਖ ਨੂੰ ਆਪਣੇ ਲੋਕਾਂ ਨੂੰ ਸੇਧ ਦੇਣ ਲਈ ਵਰਤ ਰਿਹਾ ਸੀ ਉਨ੍ਹਾਂ ਨੂੰ ਬਰਕਤਾਂ ਮਿਲੀਆਂ। ਇਸੇ ਤਰ੍ਹਾਂ ਸਾਨੂੰ ਬਰਕਤਾਂ ਮਿਲਣਗੀਆਂ ਜੇ ਅਸੀਂ ਮੂਸਾ ਨਾਲੋਂ ਵੱਡੇ ਨਬੀ ਯਿਸੂ ਅਤੇ ਉਸ ਦੁਆਰਾ ਠਹਿਰਾਏ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਸੁਣੀਏ।—ਮੱਤੀ 24:45, 46; ਰਸੂਲਾਂ ਦੇ ਕਰਤੱਬ 3:22.

13. ਪਹਿਲੀ ਸਦੀ ਵਿਚ ਯਹੋਵਾਹ ਦਾ ਤੇਜ ਨਿਮਰ ਅਯਾਲੀਆਂ ਉੱਤੇ ਕਿਵੇਂ ਪ੍ਰਗਟ ਕੀਤਾ ਗਿਆ ਸੀ?

13 ਪਹਿਲੀ ਸਦੀ ਵਿਚ “ਪ੍ਰਭੁ ਦਾ ਤੇਜ” ਕਿਨ੍ਹਾਂ ਉੱਤੇ ਪ੍ਰਗਟ ਹੋਇਆ ਸੀ ਜਦ ਦੂਤ ਨੇ ਖ਼ੁਸ਼ ਖ਼ਬਰੀ ਸੁਣਾਈ ਕਿ “ਮੁਕਤੀ ਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੁ ਹੈ”? ਘਮੰਡੀ ਧਾਰਮਿਕ ਆਗੂਆਂ ਉੱਤੇ ਨਹੀਂ ਅਤੇ ਨਾ ਹੀ ਸਮਾਜ ਦੇ ਵੱਡੇ-ਵੱਡੇ ਲੋਕਾਂ ਉੱਤੇ, ਸਗੋਂ ਉਨ੍ਹਾਂ ਹਲੀਮ ਅਯਾਲੀਆਂ ਉੱਤੇ ਜੋ “ਰੜ ਵਿੱਚ ਰਹਿੰਦੇ ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ।” (ਲੂਕਾ 2:8-11) ਦੁਨੀਆਂ ਦੀ ਨਜ਼ਰ ਵਿਚ ਭੇਡਾਂ ਚਾਰਨ ਵਾਲੇ ਇਹ ਬੰਦੇ ਮਾਮੂਲੀ ਜਿਹੇ ਲੋਕ ਸਨ। ਪਰ ਯਹੋਵਾਹ ਨੇ ਇਨ੍ਹਾਂ ਬੰਦਿਆਂ ਤੇ ਨਿਗਾਹ ਕੀਤੀ ਤੇ ਸਭ ਤੋਂ ਪਹਿਲਾਂ ਇਨ੍ਹਾਂ ਨੂੰ ਮਸੀਹਾ ਦੇ ਜਨਮ ਬਾਰੇ ਦੱਸਿਆ। ਜੀ ਹਾਂ, ਯਹੋਵਾਹ ਆਪਣਾ ਤੇਜ ਉਨ੍ਹਾਂ ਉੱਤੇ ਪ੍ਰਗਟ ਕਰਦਾ ਹੈ ਜੋ ਉਸ ਦਾ ਭੈ ਰੱਖਦੇ ਅਤੇ ਨਿਮਰ ਹਨ।

14. ਨਿਮਰ ਲੋਕਾਂ ਨੂੰ ਪਰਮੇਸ਼ੁਰ ਵੱਲੋਂ ਕਿਹੜੀਆਂ ਅਸੀਸਾਂ ਮਿਲਦੀਆਂ ਹਨ?

14 ਅਸੀਂ ਇਨ੍ਹਾਂ ਮਿਸਾਲਾਂ ਤੋਂ ਕੀ ਸਿੱਖਦੇ ਹਾਂ? ਇਹ ਕਿ ਯਹੋਵਾਹ ਨਿਮਰ ਲੋਕਾਂ ਉੱਤੇ ਮਿਹਰ ਕਰਦਾ ਅਤੇ ਉਨ੍ਹਾਂ ਨੂੰ ਆਪਣੇ ਮਕਸਦਾਂ ਬਾਰੇ ਗਿਆਨ ਅਤੇ ਸਮਝ ਬਖ਼ਸ਼ਦਾ ਹੈ। ਉਹ ਆਪਣੇ ਮਕਸਦਾਂ ਬਾਰੇ ਦੱਸਣ ਲਈ ਉਨ੍ਹਾਂ ਲੋਕਾਂ ਨੂੰ ਨਹੀਂ ਚੁਣਦਾ ਜੋ ਇਨਸਾਨਾਂ ਦੀਆਂ ਨਜ਼ਰਾਂ ਵਿਚ ਉੱਚੇ ਜਾਂ ਕਾਬਲ ਹਨ। ਉਹ ਸਾਧਾਰਣ ਲੋਕਾਂ ਨੂੰ ਚੁਣਦਾ ਹੈ। ਇਸ ਕਰਕੇ ਸਾਨੂੰ ਹਮੇਸ਼ਾ ਯਹੋਵਾਹ, ਉਸ ਦੇ ਬਚਨ ਅਤੇ ਉਸ ਦੇ ਸੰਗਠਨ ਤੋਂ ਸੇਧ ਲੈਂਦੇ ਰਹਿਣਾ ਚਾਹੀਦਾ ਹੈ। ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਆਪਣੇ ਹਲੀਮ ਲੋਕਾਂ ਨੂੰ ਆਪਣੇ ਸ਼ਾਨਦਾਰ ਮਕਸਦਾਂ ਬਾਰੇ ਦੱਸਦਾ ਰਹੇਗਾ। ਆਮੋਸ ਨਬੀ ਨੇ ਦੱਸਿਆ: “ਨਿਸੰਗ ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ।”—ਆਮੋਸ 3:7.

ਨਿਮਰਤਾ ਪੈਦਾ ਕਰੋ ਤੇ ਪਰਮੇਸ਼ੁਰ ਦੀ ਮਿਹਰ ਹਾਸਲ ਕਰੋ

15. ਸਾਨੂੰ ਨਿਮਰ ਰਹਿਣ ਦੀ ਕੋਸ਼ਿਸ਼ ਕਿਉਂ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਸਰਾਏਲ ਦੇ ਰਾਜੇ ਸ਼ਾਊਲ ਤੋਂ ਅਸੀਂ ਇਹ ਸਬਕ ਕਿਵੇਂ ਸਿੱਖਦੇ ਹਾਂ?

15 ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਦੀ ਮਿਹਰ ਸਾਡੇ ਉੱਤੇ ਰਹੇ, ਤਾਂ ਸਾਨੂੰ ਨਿਮਰ ਰਹਿਣ ਦੀ ਲੋੜ ਹੈ। ਜੇ ਅਸੀਂ ਅੱਜ ਨਿਮਰ ਹਾਂ, ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਕੱਲ੍ਹ ਨੂੰ ਵੀ ਨਿਮਰ ਹੋਵਾਂਗੇ। ਹੋ ਸਕਦਾ ਹੈ ਕਿ ਅੱਜ ਜਿਹੜਾ ਵਿਅਕਤੀ ਨਿਮਰ ਹੈ, ਕੱਲ੍ਹ ਨੂੰ ਉਹੀ ਘਮੰਡੀ ਬਣ ਜਾਵੇ, ਆਪਣੀ ਵਡਿਆਈ ਕਰੇ ਅਤੇ ਇਸ ਤਰ੍ਹਾਂ ਯਹੋਵਾਹ ਦੀ ਮਿਹਰ ਗੁਆ ਬੈਠੇ। ਇਸਰਾਏਲ ਦੇ ਪਹਿਲੇ ਰਾਜੇ ਸ਼ਾਊਲ ਨਾਲ ਇਸੇ ਤਰ੍ਹਾਂ ਹੋਇਆ ਸੀ। ਜਦ ਯਹੋਵਾਹ ਨੇ ਉਸ ਨੂੰ ਰਾਜਾ ਬਣਨ ਲਈ ਚੁਣਿਆ ਸੀ, ਤਾਂ ਉਹ ‘ਆਪਣੀ ਨਜ਼ਰ ਵਿੱਚ ਆਪਣੇ ਆਪ ਨੂੰ ਤੁੱਛ’ ਸਮਝਦਾ ਸੀ। (1 ਸਮੂਏਲ 15:17) ਪਰ ਸਿਰਫ਼ ਦੋ ਸਾਲ ਰਾਜ ਕਰਨ ਤੋਂ ਬਾਅਦ ਉਹ ਘਮੰਡ ਕਰਨ ਲੱਗ ਪਿਆ। ਉਸ ਨੇ ਸਮੂਏਲ ਰਾਹੀਂ ਬਲੀਦਾਨ ਚੜ੍ਹਾਉਣ ਦੇ ਇੰਤਜ਼ਾਮ ਨੂੰ ਮਾਮੂਲੀ ਗੱਲ ਸਮਝਿਆ ਅਤੇ ਬਹਾਨੇ ਬਣਾ ਕੇ ਖ਼ੁਦ ਬਲੀਦਾਨ ਚੜ੍ਹਾਏ। (1 ਸਮੂਏਲ 13:1, 8-14) ਇਹ ਉਸ ਦੇ ਘਮੰਡ ਦੀ ਸ਼ੁਰੂਆਤ ਸੀ। ਇਸ ਤੋਂ ਬਾਅਦ ਉਸ ਨੇ ਕਈ ਗੱਲਾਂ ਵਿਚ ਦਿਖਾਇਆ ਕਿ ਉਹ ਨਿਮਰ ਨਹੀਂ ਰਿਹਾ ਸੀ। ਨਤੀਜਾ ਇਹ ਨਿਕਲਿਆ ਕਿ ਯਹੋਵਾਹ ਦੀ ਆਤਮਾ ਅਤੇ ਕਿਰਪਾ ਉਸ ਉੱਤੇ ਨਹੀਂ ਰਹੀ। ਅੰਤ ਵਿਚ ਉਹ ਬੁਰੀ ਮੌਤ ਮਰਿਆ। (1 ਸਮੂਏਲ 15:3-19, 26; 28:6; 31:4) ਇਸ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? ਸਾਨੂੰ ਹਲੀਮ ਤੇ ਅਧੀਨ ਬਣੇ ਰਹਿਣ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਅਤੇ ਸਾਨੂੰ ਆਪਣੇ ਬਾਰੇ ਜ਼ਿਆਦਾ ਨਹੀਂ ਸੋਚਣਾ ਚਾਹੀਦਾ। ਇਸ ਤਰ੍ਹਾਂ ਅਸੀਂ ਘਮੰਡ ਨਾਲ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਾਂਗੇ ਜਿਸ ਕਰਕੇ ਅਸੀਂ ਯਹੋਵਾਹ ਦੀ ਮਿਹਰ ਗੁਆ ਬੈਠਾਂਗੇ।

16. ਯਹੋਵਾਹ ਅਤੇ ਹੋਰਨਾਂ ਲੋਕਾਂ ਨਾਲ ਆਪਣੇ ਰਿਸ਼ਤੇ ਉੱਤੇ ਮਨਨ ਕਰਨ ਨਾਲ ਸਾਨੂੰ ਨਿਮਰ ਰਹਿਣ ਵਿਚ ਮਦਦ ਕਿਵੇਂ ਮਿਲ ਸਕਦੀ ਹੈ?

16 ਭਾਵੇਂ ਨਿਮਰਤਾ ਪਰਮੇਸ਼ੁਰ ਦੀ ਆਤਮਾ ਦੇ ਫਲਾਂ ਦੀ ਸੂਚੀ ਵਿਚ ਨਹੀਂ ਹੈ, ਫਿਰ ਵੀ ਸਾਨੂੰ ਇਹ ਗੁਣ ਪੈਦਾ ਕਰਨਾ ਚਾਹੀਦਾ ਹੈ। (ਗਲਾਤੀਆਂ 5:22, 23; ਕੁਲੁੱਸੀਆਂ 3:10, 12) ਮਨ ਦੀ ਹਲੀਮੀ ਪੈਦਾ ਕਰਨ ਲਈ ਸਾਨੂੰ ਕਾਫ਼ੀ ਜਤਨ ਕਰਨ ਦੀ ਲੋੜ ਹੈ ਤਾਂਕਿ ਅਸੀਂ ਆਪਣੇ ਅਤੇ ਦੂਸਰਿਆਂ ਬਾਰੇ ਸਹੀ ਨਜ਼ਰੀਆ ਰੱਖੀਏ। ਜੇ ਅਸੀਂ ਯਹੋਵਾਹ ਅਤੇ ਹੋਰਨਾਂ ਲੋਕਾਂ ਨਾਲ ਆਪਣੇ ਰਿਸ਼ਤੇ ਬਾਰੇ ਸੋਚ-ਵਿਚਾਰ ਕਰਾਂਗੇ, ਤਾਂ ਨਿਮਰ ਰਹਿਣ ਵਿਚ ਸਾਨੂੰ ਮਦਦ ਮਿਲੇਗੀ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਰੇ ਅਪੂਰਣ ਇਨਸਾਨ ਹਰੇ ਘਾਹ ਵਰਗੇ ਹਨ ਜੋ ਥੋੜ੍ਹੇ ਸਮੇਂ ਬਾਅਦ ਸੁੱਕ ਜਾਂਦਾ ਹੈ। ਇਨਸਾਨ ਟਿੱਡਿਆਂ ਵਰਗੇ ਵੀ ਹਨ। (ਯਸਾਯਾਹ 40:6, 7, 22) ਕੀ ਘਾਹ ਦੀ ਇਕ ਪੱਤੀ ਕੋਲ ਹੰਕਾਰ ਕਰਨ ਦਾ ਕਾਰਨ ਹੈ ਕਿਉਂਕਿ ਉਹ ਦੂਸਰੀਆਂ ਪੱਤੀਆਂ ਤੋਂ ਥੋੜ੍ਹਾ ਲੰਬੀ ਹੈ? ਕੀ ਕਿਸੇ ਟਿੱਡੇ ਕੋਲ ਸ਼ੇਖ਼ੀ ਮਾਰਨ ਦਾ ਕਾਰਨ ਹੈ ਕਿਉਂਕਿ ਉਹ ਦੂਸਰਿਆਂ ਟਿੱਡਿਆਂ ਨਾਲੋਂ ਥੋੜ੍ਹਾ ਦੂਰ ਟੱਪ ਕੇ ਜਾ ਸਕਦਾ ਹੈ? ਇਸ ਤਰ੍ਹਾਂ ਸੋਚਣਾ ਹੀ ਫ਼ਜ਼ੂਲ ਹੈ। ਇਸ ਲਈ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਯਾਦ ਕਰਾਇਆ: “ਤੈਨੂੰ ਦੂਏ ਤੋਂ ਭਿੰਨ ਕੌਣ ਕਰਦਾ ਹੈ ਅਤੇ ਤੇਰੇ ਕੋਲ ਕੀ ਹੈ ਜੋ ਤੈਂ ਦੂਏ ਤੋਂ ਨਹੀਂ ਲਿਆ? ਪਰ ਜੇ ਤੈਂ ਲਿਆ ਵੀ ਦੂਏ ਤੋਂ ਤਾਂ ਅਭਮਾਨ ਕਾਹਨੂੰ ਕਰਦਾ ਹੈਂ ਭਈ ਜਾਣੀਦਾ ਲਿਆ ਹੀ ਨਹੀਂ?” (1 ਕੁਰਿੰਥੀਆਂ 4:7) ਬਾਈਬਲ ਦੇ ਅਜਿਹੇ ਹਵਾਲਿਆਂ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਮਨ ਦੀ ਹਲੀਮੀ ਪੈਦਾ ਕਰ ਸਕਦੇ ਹਾਂ।

17. ਦਾਨੀਏਲ ਆਪਣੇ ਵਿਚ ਨਿਮਰਤਾ ਕਿਵੇਂ ਪੈਦਾ ਕਰ ਸਕਿਆ ਅਤੇ ਅਸੀਂ ਉਸ ਵਰਗੇ ਕਿਵੇਂ ਬਣ ਸਕਦੇ ਹਾਂ?

17 ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਦਾਨੀਏਲ ਨਬੀ ‘ਅੱਤ ਪਿਆਰਾ ਮਨੁੱਖ’ ਸੀ ਕਿਉਂਕਿ ਉਸ ਨੇ ਨਿਮਰਤਾ ਨਾਲ ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ‘ਅਧੀਨ’ ਕੀਤਾ ਸੀ। (ਦਾਨੀਏਲ 10:11, 12) ਦਾਨੀਏਲ ਆਪਣੇ ਵਿਚ ਨਿਮਰਤਾ ਕਿਵੇਂ ਪੈਦਾ ਕਰ ਸਕਿਆ ਸੀ? ਪਹਿਲੀ ਗੱਲ ਹੈ ਕਿ ਉਹ ਪਰਮੇਸ਼ੁਰ ਉੱਤੇ ਪੱਕਾ ਭਰੋਸਾ ਰੱਖਦਾ ਸੀ ਅਤੇ ਉਸ ਨੂੰ ਹਮੇਸ਼ਾ ਪ੍ਰਾਰਥਨਾ ਕਰਦਾ ਸੀ। (ਦਾਨੀਏਲ 6:10, 11) ਇਸ ਤੋਂ ਇਲਾਵਾ, ਦਾਨੀਏਲ ਲਗਨ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦਾ ਸੀ ਜਿਸ ਕਰਕੇ ਪਰਮੇਸ਼ੁਰ ਦਾ ਸ਼ਾਨਦਾਰ ਮਕਸਦ ਹਮੇਸ਼ਾ ਉਸ ਦੇ ਮਨ ਵਿਚ ਰਹਿੰਦਾ ਸੀ। ਉਹ ਸਿਰਫ਼ ਆਪਣੇ ਲੋਕਾਂ ਦੀਆਂ ਹੀ ਨਹੀਂ, ਸਗੋਂ ਆਪਣੀਆਂ ਗ਼ਲਤੀਆਂ ਵੀ ਕਬੂਲ ਕਰਨ ਲਈ ਤਿਆਰ ਸੀ। ਉਸ ਨੇ ਆਪਣੀ ਵਡਿਆਈ ਕਰਨ ਦੀ ਬਜਾਇ ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਜ਼ੋਰ ਦਿੱਤਾ ਸੀ। (ਦਾਨੀਏਲ 9:2, 5, 7) ਦਾਨੀਏਲ ਦੀ ਤਰ੍ਹਾਂ ਕੀ ਅਸੀਂ ਵੀ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਨਿਮਰ ਹੋਣ ਦਾ ਜਤਨ ਕਰਦੇ ਹਾਂ?

18. ਸਾਡੇ ਲਈ ਨਿਮਰ ਹੋਣ ਦਾ ਕੀ ਨਤੀਜਾ ਹੋਵੇਗਾ?

18ਕਹਾਉਤਾਂ 22:4 ਵਿਚ ਲਿਖਿਆ ਹੈ: “ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।” ਜੀ ਹਾਂ, ਯਹੋਵਾਹ ਅਧੀਨ ਲੋਕਾਂ ਨੂੰ ਪਸੰਦ ਕਰਦਾ ਹੈ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਆਦਰ ਅਤੇ ਜੀਉਣ ਮਿਲਦਾ ਹੈ। ਯਾਦ ਕਰੋ ਕਿ ਜਦ ਜ਼ਬੂਰਾਂ ਦਾ ਲਿਖਾਰੀ ਆਸਾਫ਼ ਪਰਮੇਸ਼ੁਰ ਦੀ ਸੇਵਾ ਕਰਨੀ ਛੱਡਣ ਹੀ ਵਾਲਾ ਸੀ, ਤਾਂ ਯਹੋਵਾਹ ਨੇ ਉਸ ਦੀ ਸੋਚਣੀ ਸੁਧਾਰੀ। ਇਸ ਤੋਂ ਬਾਅਦ ਆਸਾਫ਼ ਨੇ ਨਿਮਰਤਾ ਨਾਲ ਇਹ ਗੱਲ ਕਹੀ: “ਤੂੰ ਆਪਣੇ ਗੁਰਮਤੇ ਨਾਲ ਮੇਰੀ ਅਗਵਾਈ ਕਰੇਂਗਾ, ਅਤੇ ਉਹ ਦੇ ਮਗਰੋਂ ਮੈਨੂੰ ਤੇਜ ਵਿੱਚ ਰੱਖੇਂਗਾ।” (ਜ਼ਬੂਰਾਂ ਦੀ ਪੋਥੀ 73:24) ਅੱਜ ਸਾਡੇ ਬਾਰੇ ਕੀ? ਜੇ ਅਸੀਂ ਆਸਾਫ਼ ਦੀ ਤਰ੍ਹਾਂ ਨਿਮਰ ਹੋਈਏ, ਤਾਂ ਇਸ ਦਾ ਕੀ ਨਤੀਜਾ ਹੋਵੇਗਾ? ਯਹੋਵਾਹ ਦੇ ਨਾਲ ਇਕ ਗੂੜ੍ਹਾ ਰਿਸ਼ਤਾ ਹੋਣ ਦੇ ਨਾਲ-ਨਾਲ ਅਸੀਂ ਰਾਜਾ ਦਾਊਦ ਦੇ ਇਨ੍ਹਾਂ ਸ਼ਬਦਾਂ ਦੀ ਪੂਰਤੀ ਹੁੰਦੀ ਦੇਖਾਂਗੇ: “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” ਇਹ ਸਮਾਂ ਕਿੰਨਾ ਵਧੀਆ ਹੋਵੇਗਾ!—ਜ਼ਬੂਰਾਂ ਦੀ ਪੋਥੀ 37:11.

ਕੀ ਤੁਹਾਨੂੰ ਯਾਦ ਹੈ?

• ਇਸਤੀਫ਼ਾਨ ਨਿਮਰਤਾ ਦੀ ਇਕ ਮਿਸਾਲ ਕਿਵੇਂ ਹੈ ਜਿਸ ਉੱਤੇ ਯਹੋਵਾਹ ਨੇ ਆਪਣਾ ਤੇਜ ਪ੍ਰਗਟ ਕੀਤਾ?

• ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਦਿਖਾਇਆ ਹੈ ਕਿ ਉਹ ਨਿਮਰ ਹੈ?

• ਕਿਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣਾ ਤੇਜ ਨਿਮਰ ਲੋਕਾਂ ਉੱਤੇ ਪ੍ਰਗਟ ਕਰਦਾ ਹੈ?

• ਨਿਮਰ ਬਣਨ ਵਿਚ ਦਾਨੀਏਲ ਦੀ ਮਿਸਾਲ ਸਾਡੀ ਮਦਦ ਕਿਵੇਂ ਕਰ ਸਕਦੀ ਹੈ?

[ਸਵਾਲ]

[ਸਫ਼ੇ 12 ਉੱਤੇ ਡੱਬੀ]

ਅਸੂਲਾਂ ਦੇ ਪੱਕੇ ਪਰ ਨਿਮਰ ਸੁਭਾਅ ਵਾਲੇ ਭਰਾ

ਸਾਲ 1919 ਵਿਚ ਸੀਡਰ ਪਾਇੰਟ, ਓਹੀਓ, ਅਮਰੀਕਾ ਵਿਚ ਬਾਈਬਲ ਸਟੂਡੈਂਟਸ (ਜਿਨ੍ਹਾਂ ਨੂੰ ਅੱਜ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ) ਦਾ ਇਕ ਵੱਡਾ ਸੰਮੇਲਨ ਹੋਇਆ ਸੀ। ਉਸ ਸਮੇਂ 50 ਸਾਲ ਦੀ ਉਮਰ ਦੇ ਭਰਾ ਜੇ. ਐੱਫ਼. ਰਦਰਫ਼ਰਡ ਸਾਰੀ ਦੁਨੀਆਂ ਵਿਚ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰ ਰਹੇ ਸਨ। ਪਰ ਉਹ ਖ਼ੁਸ਼ੀ ਨਾਲ ਸੰਮੇਲਨ ਲਈ ਆਏ ਭੈਣਾਂ-ਭਰਾਵਾਂ ਦਾ ਸਾਮਾਨ ਚੁੱਕ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਕਮਰਿਆਂ ਤਕ ਲੈ ਜਾ ਰਹੇ ਸਨ। ਸੰਮੇਲਨ ਦੇ ਆਖ਼ਰੀ ਦਿਨ ਤੇ ਉਨ੍ਹਾਂ ਨੇ 7,000 ਲੋਕਾਂ ਵਿਚ ਇਨ੍ਹਾਂ ਸ਼ਬਦਾਂ ਨਾਲ ਨਵਾਂ ਜੋਸ਼ ਪੈਦਾ ਕੀਤਾ: “ਤੁਸੀਂ ਰਾਜਿਆਂ ਦੇ ਰਾਜੇ ਅਤੇ ਪ੍ਰਭੂਆਂ ਦੇ ਪ੍ਰਭੂ ਦੇ ਏਲਚੀ ਹੋ ਜੋ ਲੋਕਾਂ ਨੂੰ . . . ਪ੍ਰਭੂ ਦੇ ਰਾਜ ਬਾਰੇ ਦੱਸਦੇ ਹੋ।” ਭਾਵੇਂ ਭਰਾ ਰਦਰਫ਼ਰਡ ਅਸੂਲਾਂ ਦੇ ਪੱਕੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਸੱਚਾਈ ਦੇ ਪੱਖ ਵਿਚ ਬੋਲਣ ਲਈ ਜਾਣੇ ਜਾਂਦੇ ਸਨ, ਪਰ ਉਨ੍ਹਾਂ ਦਾ ਸੁਭਾਅ ਬਹੁਤ ਨਿਮਰ ਸੀ। ਇਹ ਖ਼ਾਸ ਕਰਕੇ ਬੈਥਲ ਵਿਚ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਤੋਂ ਦੇਖਿਆ ਜਾ ਸਕਦਾ ਸੀ।

[ਸਫ਼ੇ 9 ਉੱਤੇ ਤਸਵੀਰ]

ਇਸਤੀਫ਼ਾਨ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਫਿਰ ਵੀ ਉਹ ਨੀਵਾਂ ਹੋ ਕੇ ਭੋਜਨ ਵੰਡਣ ਲਈ ਤਿਆਰ ਸੀ

[ਸਫ਼ੇ 10 ਉੱਤੇ ਤਸਵੀਰ]

ਮਨੱਸ਼ਹ ਦੀ ਅਧੀਨਗੀ ਤੋਂ ਯਹੋਵਾਹ ਖ਼ੁਸ਼ ਹੋਇਆ

[ਸਫ਼ੇ 12 ਉੱਤੇ ਤਸਵੀਰ]

ਕਿਹੜੀ ਗੱਲ ਨੇ ਦਾਨੀਏਲ ਨੂੰ ‘ਅੱਤ ਪਿਆਰਾ ਮਨੁੱਖ’ ਬਣਾਇਆ?