ਯਿਸੂ ਵਾਂਗ ਨਿਮਰ ਬਣੋ
ਯਿਸੂ ਵਾਂਗ ਨਿਮਰ ਬਣੋ
“ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ।”—ਮੱਤੀ 20:26.
1. ਦੁਨੀਆਂ ਦੇ ਲੋਕ ਆਪਣੇ ਆਪ ਨੂੰ ਕਿਹੋ ਜਿਹੇ ਦਿਖਾਉਣਾ ਚਾਹੁੰਦੇ ਹਨ?
ਕਾਹਿਰਾ ਦੇ ਦੱਖਣ ਤੋਂ ਲਗਭਗ 500 ਕਿਲੋਮੀਟਰ ਦੂਰ ਥੀਬਜ਼ (ਜਿਸ ਨੂੰ ਅੱਜ ਕਾਰਨਕ ਕਿਹਾ ਜਾਂਦਾ ਹੈ) ਨਾਂ ਦੇ ਪੁਰਾਣੇ ਮਿਸਰੀ ਸ਼ਹਿਰ ਲਾਗੇ ਫ਼ਿਰਊਨ ਆਮਨਹੋਟੇਪ ਤੀਜੇ ਦਾ 18 ਮੀਟਰ ਉੱਚਾ ਬੁੱਤ ਖੜ੍ਹਾ ਹੈ। ਇਹ ਬੁੱਤ ਉਸ ਰਾਜੇ ਦੀ ਵਡਿਆਈ ਕਰਨ ਲਈ ਬਣਾਇਆ ਗਿਆ ਸੀ। ਜਦ ਕੋਈ ਵਿਅਕਤੀ ਉਸ ਬੁੱਤ ਨੂੰ ਦੇਖਦਾ ਹੈ, ਤਾਂ ਉਹ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰਦਾ ਹੈ। ਇਸ ਬੁੱਤ ਤੋਂ ਦੁਨੀਆਂ ਦਾ ਨਜ਼ਰੀਆ ਸਾਫ਼ ਜ਼ਾਹਰ ਹੁੰਦਾ ਹੈ ਕਿ ਲੋਕ ਆਪਣੇ ਆਪ ਨੂੰ ਵੱਡਾ ਦਿਖਾਉਣਾ ਚਾਹੁੰਦੇ ਹਨ ਅਤੇ ਦੂਸਰਿਆਂ ਨੂੰ ਛੋਟਾ।
2. ਯਿਸੂ ਨੇ ਆਪਣੇ ਚੇਲਿਆਂ ਲਈ ਕਿਹੜੀ ਮਿਸਾਲ ਕਾਇਮ ਕੀਤੀ ਸੀ ਅਤੇ ਸਾਨੂੰ ਆਪਣੇ ਆਪ ਨੂੰ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
2 ਯਿਸੂ ਮਸੀਹ ਦਾ ਨਜ਼ਰੀਆ ਇਸ ਤੋਂ ਬਿਲਕੁਲ ਉਲਟ ਸੀ। ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਵੱਡਾ ਉਹ ਹੁੰਦਾ ਹੈ ਜੋ ਦੂਸਰਿਆਂ ਦੀ ਸੇਵਾ ਕਰਦਾ ਹੈ। ਭਾਵੇਂ ਉਹ ਆਪਣੇ ਚੇਲਿਆਂ ਦਾ “ਗੁਰੂ ਅਤੇ ਪ੍ਰਭੁ” ਸੀ, ਪਰ ਉਸ ਨੇ ਉਨ੍ਹਾਂ ਦੀ ਸੇਵਾ ਕੀਤੀ। ਧਰਤੀ ਉੱਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨ ਤੇ ਉਸ ਨੇ ਆਪਣੇ ਚੇਲਿਆਂ ਦੇ ਪੈਰ ਧੋ ਕੇ ਇਕ ਵਧੀਆ ਮਿਸਾਲ ਕਾਇਮ ਕੀਤੀ। ਕਿੰਨੀ ਨਿਮਰਤਾ ਨਾਲ ਉਸ ਨੇ ਉਨ੍ਹਾਂ ਦੀ ਸੇਵਾ ਕੀਤੀ! (ਯੂਹੰਨਾ 13:4, 5, 14) ਤੁਹਾਨੂੰ ਕੀ ਪਸੰਦ ਹੈ, ਸੇਵਾ ਕਰਨੀ ਜਾਂ ਸੇਵਾ ਕਰਾਉਣੀ? ਕੀ ਯਿਸੂ ਦੀ ਮਿਸਾਲ ਤੁਹਾਡੇ ਅੰਦਰ ਉਸ ਵਾਂਗ ਨਿਮਰ ਬਣਨ ਦੀ ਇੱਛਾ ਪੈਦਾ ਕਰਦੀ ਹੈ? ਆਓ ਆਪਾਂ ਦੇਖੀਏ ਕਿ ਸੇਵਾ ਕਰਨ ਬਾਰੇ ਯਿਸੂ ਦਾ ਨਜ਼ਰੀਆ ਦੁਨੀਆਂ ਦੇ ਨਜ਼ਰੀਏ ਤੋਂ ਕਿੰਨਾ ਵੱਖਰਾ ਹੈ।
ਦੁਨਿਆਵੀ ਨਜ਼ਰੀਏ ਨੂੰ ਰੱਦ ਕਰੋ
3. ਬਾਈਬਲ ਦੀਆਂ ਕਿਹੜੀਆਂ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਹੰਕਾਰੀ ਲੋਕ ਅੰਤ ਵਿਚ ਬਰਬਾਦ ਹੀ ਹੁੰਦੇ ਹਨ?
3 ਬਾਈਬਲ ਵਿਚ ਬਹੁਤ ਸਾਰੀਆਂ ਉਦਾਹਰਣਾਂ ਹਨ ਜੋ ਦਿਖਾਉਂਦੀਆਂ ਹਨ ਕਿ ਹੰਕਾਰ ਕਰਨ ਵਾਲੇ ਲੋਕ ਅੰਤ ਵਿਚ ਬਰਬਾਦ ਹੀ ਹੁੰਦੇ ਹਨ। ਹਾਮਾਨ ਬਾਰੇ ਸੋਚੋ ਜੋ ਅਸਤਰ ਅਤੇ ਮਾਰਦਕਈ ਦੇ ਜ਼ਮਾਨੇ ਵਿਚ ਫ਼ਾਰਸ ਦੇ ਸ਼ਾਹੀ ਦਰਬਾਰ ਵਿਚ ਮੰਨਿਆ-ਪ੍ਰਮੰਨਿਆ ਆਦਮੀ ਸੀ। ਉਹ ਆਪਣੀ ਵਡਿਆਈ ਕਰਵਾਉਣੀ ਚਾਹੁੰਦਾ ਸੀ, ਪਰ ਅੰਤ ਵਿਚ ਉਸ ਦੀ ਬਦਨਾਮੀ ਹੋਈ ਅਤੇ ਉਸ ਨੂੰ ਮਾਰ ਦਿੱਤਾ ਗਿਆ। (ਅਸਤਰ 3:5; 6:10-12; 7:9, 10) ਘਮੰਡੀ ਨਬੂਕਦਨੱਸਰ ਬਾਰੇ ਸੋਚੋ ਜਿਸ ਨੇ ਕਿਹਾ: “ਕੀ ਏਹ ਉਹ ਵੱਡਾ ਬਾਬਲ ਨਹੀਂ ਜਿਹ ਨੂੰ ਮੈਂ ਆਪਣੀ ਸ਼ਕਤੀ ਦੇ ਬਲ ਨਾਲ ਮਹਾਰਾਜੇ ਦੇ ਵਾਸ ਲਈ ਬਣਾਇਆ ਹੈ ਭਈ ਮੇਰੀ ਮਹਿਮਾ ਦੀ ਵੱਡਿਆਈ ਹੋਵੇ?” (ਦਾਨੀਏਲ 4:30) ਉਸ ਦੇ ਘਮੰਡ ਦਾ ਕੀ ਨਤੀਜਾ ਹੋਇਆ? ਯਹੋਵਾਹ ਨੇ ਉਸ ਨੂੰ ਪਾਗਲ ਕਰ ਦਿੱਤਾ ਸੀ। ਰਾਜਾ ਹੇਰੋਦੇਸ ਅਗ੍ਰਿੱਪਾ ਪਹਿਲੇ ਦੀ ਉਦਾਹਰਣ ਵੀ ਯਾਦ ਕਰੋ। ਉਸ ਨੇ ਪਰਮੇਸ਼ੁਰ ਦੀ ਵਡਿਆਈ ਕਰਨ ਦੀ ਬਜਾਇ ਲੋਕਾਂ ਕੋਲੋਂ ਆਪਣੀ ਵਡਿਆਈ ਕਰਵਾਈ ਜਿਸ ਕਰਕੇ ਉਹ “ਕੀੜੇ ਪੈ ਕੇ ਮਰ ਗਿਆ।” (ਰਸੂਲਾਂ ਦੇ ਕਰਤੱਬ 12:21-23) ਇਨ੍ਹਾਂ ਸਾਰੇ ਮਨੁੱਖਾਂ ਨੇ ਆਪਣੇ ਆਪ ਨੂੰ ਵੱਡਾ ਦਿਖਾਉਣਾ ਚਾਹਿਆ ਜਿਸ ਕਰਕੇ ਇਨ੍ਹਾਂ ਦਾ ਅੰਤ ਬੁਰਾ ਹੋਇਆ।
4. ਦੁਨੀਆਂ ਦੇ ਘਮੰਡੀ ਰਵੱਈਏ ਪਿੱਛੇ ਕੌਣ ਹੈ?
4 ਇਹ ਠੀਕ ਹੈ ਕਿ ਅਸੀਂ ਆਪਣੀ ਜ਼ਿੰਦਗੀ ਅਜਿਹੇ ਤਰੀਕੇ ਨਾਲ ਜੀਉਣੀ ਚਾਹੁੰਦੇ ਹਾਂ ਜਿਸ ਨਾਲ ਸਾਨੂੰ ਆਦਰ-ਸਤਿਕਾਰ ਮਿਲੇ। ਪਰ ਸ਼ਤਾਨ ਚਾਹੁੰਦਾ ਹੈ ਕਿ ਸਾਡੀ ਇਹ ਇੱਛਾ ਘਮੰਡ ਵਿਚ ਬਦਲ ਜਾਵੇ ਤਾਂਕਿ ਅਸੀਂ ਉਸ ਵਰਗੇ ਬਣ ਜਾਈਏ। (ਮੱਤੀ 4:8, 9) ਪਰ ਇਹ ਕਦੀ ਨਾ ਭੁੱਲੋ ਕਿ ਉਹ ‘ਇਸ ਜੁੱਗ ਦਾ ਈਸ਼ੁਰ’ ਹੈ ਅਤੇ ਉਹ ਚਾਹੁੰਦਾ ਹੈ ਕਿ ਧਰਤੀ ਦੇ ਸਾਰੇ ਲੋਕ ਉਸ ਵਾਂਗ ਹੀ ਸੋਚਣ। (2 ਕੁਰਿੰਥੀਆਂ 4:4; ਅਫ਼ਸੀਆਂ 2:2; ਪਰਕਾਸ਼ ਦੀ ਪੋਥੀ 12:9) ਮਸੀਹੀ ਜਾਣਦੇ ਹਨ ਕਿ ਦੁਨੀਆਂ ਦੇ ਇਸ ਘਮੰਡੀ ਰਵੱਈਏ ਪਿੱਛੇ ਸ਼ਤਾਨ ਹੈ ਅਤੇ ਉਹ ਇਸ ਰਵੱਈਏ ਨੂੰ ਨਹੀਂ ਅਪਣਾਉਂਦੇ।
5. ਕੀ ਕਾਮਯਾਬੀ, ਮਾਨਤਾ ਅਤੇ ਦੌਲਤ ਹਾਸਲ ਕਰ ਕੇ ਸਾਡੀ ਝੋਲੀ ਖ਼ੁਸ਼ੀਆਂ ਨਾਲ ਭਰ ਜਾਵੇਗੀ?
5 ਸ਼ਤਾਨ ਇਹ ਸਿਖਾਉਂਦਾ ਹੈ ਕਿ ਜੇ ਅਸੀਂ ਦੁਨੀਆਂ ਵਿਚ ਵੱਡਾ ਨਾਂ ਕਮਾਈਏ, ਹੋਰਨਾਂ ਤੋਂ ਪ੍ਰਸ਼ੰਸਾ ਖੱਟੀਏ ਅਤੇ ਢੇਰ ਸਾਰਾ ਪੈਸਾ ਕਮਾਈਏ, ਤਾਂ ਸਾਡੀ ਜ਼ਿੰਦਗੀ ਆਪਣੇ ਆਪ ਹੀ ਖ਼ੁਸ਼ੀਆਂ ਨਾਲ ਭਰ ਜਾਵੇਗੀ। ਕੀ ਇਹ ਸੱਚ ਹੈ? ਕੀ ਕਾਮਯਾਬੀ, ਮਾਨਤਾ ਅਤੇ ਦੌਲਤ ਹਾਸਲ ਕਰ ਕੇ ਸਾਡੀ ਝੋਲੀ ਖ਼ੁਸ਼ੀਆਂ ਨਾਲ ਭਰ ਜਾਵੇਗੀ? ਬਾਈਬਲ ਸਾਨੂੰ ਖ਼ਬਰਦਾਰ ਕਰਦੀ ਹੈ ਕਿ ਅਸੀਂ ਅਜਿਹੀ ਸੋਚਣੀ ਤੋਂ ਧੋਖਾ ਨਾ ਖਾਈਏ। ਬੁੱਧੀਮਾਨ ਰਾਜੇ ਸੁਲੇਮਾਨ ਨੇ ਲਿਖਿਆ: “ਇਸ ਦੇ ਪਿੱਛੋਂ ਮੈਂ ਸਾਰੀ ਮਿਹਨਤ ਅਤੇ ਸਾਰੀ ਚੰਗੀ ਕਾਰੀਗਰੀ ਨੂੰ ਡਿੱਠਾ ਭਈ ਏਹ ਦਾ ਕਾਰਨ ਮਨੁੱਖ ਦੀ ਆਪਣੇ ਗੁਆਂਢੀ ਦੇ ਨਾਲ ਈਰਖਾ ਹੈ। ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ।” (ਉਪਦੇਸ਼ਕ ਦੀ ਪੋਥੀ 4:4) ਬਹੁਤ ਸਾਰੇ ਲੋਕਾਂ ਨੇ ਆਪਣੀ ਪੂਰੀ ਜ਼ਿੰਦਗੀ ਵੱਡਾ ਨਾਂ ਤੇ ਪੈਸਾ ਕਮਾਉਣ ਵਿਚ ਗੁਜ਼ਾਰੀ ਹੈ। ਉਹ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ ਕਿ ਬਾਈਬਲ ਦੀ ਇਹ ਸਲਾਹ ਬਿਲਕੁਲ ਸੱਚ ਹੈ। ਮਿਸਾਲ ਲਈ, ਉਸ ਮਨੁੱਖ ਬਾਰੇ ਸੋਚੋ ਜਿਸ ਨੇ ਇਨਸਾਨ ਦੇ ਚੰਦ ਤਕ ਪਹੁੰਚਣ ਲਈ ਪੁਲਾੜੀ ਜਹਾਜ਼ ਡੀਜ਼ਾਈਨ ਕਰਨ, ਬਣਾਉਣ ਅਤੇ ਟੈੱਸਟ ਕਰਨ ਵਿਚ ਹਿੱਸਾ ਲਿਆ ਸੀ। ਉਸ ਨੇ ਕਿਹਾ: “ਮੈਂ ਸਖ਼ਤ ਮਿਹਨਤ ਕੀਤੀ ਅਤੇ ਮੈਂ ਆਪਣੇ ਕੰਮ ਵਿਚ ਬਹੁਤ ਮਾਹਰ ਹੋ ਗਿਆ। ਪਰ ਇਹ ਸਭ ਵਿਅਰਥ ਸੀ ਕਿਉਂਕਿ ਇਸ ਤੋਂ ਮੈਨੂੰ ਖ਼ੁਸ਼ੀ ਅਤੇ ਮਨ ਦੀ ਸ਼ਾਂਤੀ ਨਹੀਂ ਮਿਲੀ।” * ਸੋ ਚਾਹੇ ਕਾਰੋਬਾਰ ਹੋਵੇ, ਖੇਡਾਂ ਜਾਂ ਮਨੋਰੰਜਨ ਦਾ ਖੇਤਰ ਹੋਵੇ, ਇਨ੍ਹਾਂ ਵਿਚ ਵੱਡਾ ਨਾਂ ਕਮਾ ਕੇ ਤੁਸੀਂ ਖ਼ੁਸ਼ੀ ਨਹੀਂ ਖ਼ਰੀਦ ਸਕਦੇ।
ਪਿਆਰ ਨਾਲ ਦੂਸਰਿਆਂ ਦੀ ਸੇਵਾ ਕਰੋ
6. ਸਾਨੂੰ ਕਿਵੇਂ ਪਤਾ ਹੈ ਕਿ ਯਾਕੂਬ ਅਤੇ ਯੂਹੰਨਾ ਸੁਆਰਥੀ ਸਨ?
6 ਯਿਸੂ ਦੀ ਜ਼ਿੰਦਗੀ ਵਿਚ ਵਾਪਰੀ ਇਕ ਘਟਨਾ ਤੋਂ ਪਤਾ ਲੱਗਦਾ ਹੈ ਕਿ ਅਸਲ ਵਿਚ ਕੌਣ ਵੱਡਾ ਤੇ ਕੌਣ ਛੋਟਾ ਹੈ। ਸਾਲ 33 ਸਾ.ਯੁ. ਵਿਚ ਯਿਸੂ ਆਪਣੇ ਚੇਲਿਆਂ ਨਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਜਾ ਰਿਹਾ ਸੀ। ਰਸਤੇ ਵਿਚ ਯਾਕੂਬ ਅਤੇ ਯੂਹੰਨਾ ਨੇ ਆਪਣਾ ਸੁਆਰਥੀ ਰਵੱਈਆ ਦਿਖਾਇਆ। ਇਹ ਦੋਵੇਂ ਸ਼ਾਇਦ ਯਿਸੂ ਦੀ ਮਾਸੀ ਦੇ ਮੁੰਡੇ ਸਨ ਤੇ ਉਨ੍ਹਾਂ ਨੇ ਆਪਣੀ ਮਾਂ ਨੂੰ ਯਿਸੂ ਅੱਗੇ ਇਹ ਅਰਜ਼ ਕਰਨ ਲਈ ਕਿਹਾ: “ਆਗਿਆ ਕਰ ਜੋ ਤੇਰੇ ਰਾਜ ਵਿੱਚ ਮੇਰੇ ਏਹ ਦੋਵੇਂ ਪੁੱਤ੍ਰ ਇੱਕ ਤੇਰੇ ਸੱਜੇ ਅਤੇ ਇੱਕ ਤੇਰੇ ਖੱਬੇ ਹੱਥ ਬੈਠਣ।” (ਮੱਤੀ 20:21) ਯਹੂਦੀ ਲੋਕਾਂ ਵਿਚ ਕਿਸੇ ਦੇ ਸੱਜੇ ਜਾਂ ਖੱਬੇ ਹੱਥ ਬੈਠਣਾ ਵੱਡੇ ਸਨਮਾਨ ਦੀ ਗੱਲ ਸਮਝੀ ਜਾਂਦੀ ਸੀ। (1 ਰਾਜਿਆਂ 2:19) ਦੂਜਿਆਂ ਤੋਂ ਵੱਡਾ ਦਿੱਸਣ ਦੀ ਲਾਲਸਾ ਕਾਰਨ ਯਾਕੂਬ ਅਤੇ ਯੂਹੰਨਾ ਆਪਣੇ ਲਈ ਸਭ ਤੋਂ ਖ਼ਾਸ ਜਗ੍ਹਾ ਹਾਸਲ ਕਰਨੀ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਪਹਿਲਾਂ ਹੀ ਇਸ ਸੱਜੇ-ਖੱਬੇ ਪਾਸੇ ਬੈਠਣ ਦਾ ਅਧਿਕਾਰ ਮਿਲ ਜਾਵੇ। ਯਿਸੂ ਉਨ੍ਹਾਂ ਦੇ ਮਨ ਦੀ ਗੱਲ ਜਾਣਦਾ ਸੀ, ਇਸ ਲਈ ਉਸ ਨੇ ਉਨ੍ਹਾਂ ਦੀ ਗ਼ਲਤ ਸੋਚਣੀ ਸੁਧਾਰਨ ਲਈ ਮੌਕੇ ਦਾ ਫ਼ਾਇਦਾ ਉਠਾਇਆ।
7. ਯਿਸੂ ਨੇ ਕਿਵੇਂ ਸਮਝਾਇਆ ਸੀ ਕਿ ਅਸਲ ਵਿਚ ਵੱਡਾ ਕੌਣ ਹੁੰਦਾ ਹੈ?
7 ਯਿਸੂ ਜਾਣਦਾ ਸੀ ਕਿ ਇਸ ਘਮੰਡੀ ਦੁਨੀਆਂ ਵਿਚ ਜਿਹੜੇ ਮਨੁੱਖ ਨੂੰ ਵੱਡਾ ਸਮਝਿਆ ਜਾਂਦਾ ਹੈ ਉਹ ਦੂਸਰਿਆਂ ਉੱਤੇ ਹੁਕਮ ਚਲਾਉਂਦਾ ਹੈ ਅਤੇ ਚੁਟਕੀ ਮਾਰ ਕੇ ਆਪਣੀ ਮਨ-ਮਰਜ਼ੀ ਪੂਰੀ ਕਰਵਾ ਸਕਦਾ ਹੈ। ਪਰ ਯਿਸੂ ਨੇ ਸਿਖਾਇਆ ਕਿ ਉਸ ਦੇ ਚੇਲਿਆਂ ਵਿਚ ਵੱਡਾ ਉਹ ਹੈ ਜੋ ਨਿਮਰਤਾ ਨਾਲ ਦੂਸਰਿਆਂ ਦੀ ਸੇਵਾ ਕਰਦਾ ਹੈ। ਉਸ ਨੇ ਕਿਹਾ: “ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ। ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ।”—ਮੱਤੀ 20:26, 27.
8. ਟਹਿਲੂਆ ਕਿਸ ਨੂੰ ਕਹਿੰਦੇ ਹਨ ਅਤੇ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
8 ਇਕ “ਟਹਿਲੂਆ” ਦੂਸਰਿਆਂ ਦੀ ਟਹਿਲ ਕਰਦਾ ਹੈ। ਯਿਸੂ ਆਪਣੇ ਚੇਲਿਆਂ ਨੂੰ ਇਕ ਜ਼ਰੂਰੀ ਸਬਕ ਸਿਖਾ ਰਿਹਾ ਸੀ: ਦੂਸਰਿਆਂ ਉੱਤੇ ਹੁਕਮ ਚਲਾਉਣ ਨਾਲ ਕੋਈ ਵੱਡਾ ਨਹੀਂ ਬਣ ਜਾਂਦਾ, ਸਗੋਂ ਜਿਹੜਾ ਪਿਆਰ ਨਾਲ ਦੂਸਰਿਆਂ ਦੀ ਸੇਵਾ ਕਰਦਾ ਹੈ ਉਹੀ ਵੱਡਾ ਹੁੰਦਾ ਹੈ। ਆਪਣੇ ਆਪ ਨੂੰ ਪੁੱਛੋ: ‘ਜੇ ਮੈਂ ਯਾਕੂਬ ਜਾਂ ਯੂਹੰਨਾ ਦੀ ਥਾਂ ਹੁੰਦਾ, ਤਾਂ ਯਿਸੂ ਦੀ ਗੱਲ ਸੁਣ ਕੇ ਮੈਂ ਕੀ ਕਰਦਾ? ਕੀ ਮੈਂ ਇਹ ਸਬਕ ਸਿੱਖ ਲੈਂਦਾ ਕਿ ਪਿਆਰ ਨਾਲ ਦੂਸਰਿਆਂ ਦੀ ਟਹਿਲ ਕਰ ਕੇ ਹੀ ਕੋਈ ਵੱਡਾ ਹੁੰਦਾ ਹੈ?’—1 ਕੁਰਿੰਥੀਆਂ 13:3.
9. ਯਿਸੂ ਨੇ ਦੂਸਰਿਆਂ ਨਾਲ ਪੇਸ਼ ਆਉਣ ਵਿਚ ਕਿਹੜੀ ਮਿਸਾਲ ਕਾਇਮ ਕੀਤੀ ਸੀ?
ਮਰਕੁਸ 10:13-16; ਲੂਕਾ 7:37-50) ਯਿਸੂ ਉਨ੍ਹਾਂ ਲੋਕਾਂ ਵਰਗਾ ਨਹੀਂ ਸੀ ਜੋ ਅਕਸਰ ਹੋਰਨਾਂ ਲੋਕਾਂ ਨਾਲ ਖਿੱਝ ਜਾਂਦੇ ਹਨ ਜਿਨ੍ਹਾਂ ਵਿਚ ਕਮੀਆਂ ਹੋਣ। ਭਾਵੇਂ ਉਸ ਦੇ ਚੇਲੇ ਕਈ ਵਾਰ ਬਿਨਾਂ ਸੋਚੇ-ਸਮਝੇ ਬੋਲਦੇ ਸਨ ਅਤੇ ਝਗੜਾ ਕਰਦੇ ਸਨ, ਪਰ ਉਸ ਨੇ ਧੀਰਜ ਨਾਲ ਉਨ੍ਹਾਂ ਨੂੰ ਸਿੱਖਿਆ ਦਿੱਤੀ। ਉਸ ਨੇ ਆਪਣੀ ਮਿਸਾਲ ਰਾਹੀਂ ਦਿਖਾਇਆ ਕਿ ਉਹ ਸੱਚ-ਮੁੱਚ ਨਿਮਰ ਅਤੇ ਕੋਮਲ ਸੀ।—ਜ਼ਕਰਯਾਹ 9:9; ਮੱਤੀ 11:29; ਲੂਕਾ 22:24-27.
9 ਯਿਸੂ ਨੇ ਆਪਣੇ ਚੇਲਿਆਂ ਨੂੰ ਸਾਫ਼-ਸਾਫ਼ ਦਿਖਾਇਆ ਕਿ ਵੱਡੇ ਹੋਣ ਬਾਰੇ ਉਸ ਦੇ ਅਤੇ ਦੁਨੀਆਂ ਦੇ ਨਜ਼ਰੀਏ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਉਸ ਨੇ ਕਦੀ ਵੀ ਆਪਣੇ ਆਪ ਨੂੰ ਦੂਸਰਿਆਂ ਤੋਂ ਉੱਚਾ ਨਹੀਂ ਸਮਝਿਆ ਸੀ ਜਾਂ ਉਨ੍ਹਾਂ ਨੂੰ ਛੋਟਾ ਮਹਿਸੂਸ ਨਹੀਂ ਕਰਾਇਆ। ਹਰ ਤਰ੍ਹਾਂ ਦੇ ਲੋਕ—ਆਦਮੀ, ਔਰਤਾਂ, ਬੱਚੇ, ਅਮੀਰ, ਗ਼ਰੀਬ, ਅਧਿਕਾਰੀ ਅਤੇ ਪਾਪੀ—ਉਸ ਕੋਲ ਆਉਣ ਤੋਂ ਝਿਜਕਦੇ ਨਹੀਂ ਸਨ। (10. ਯਿਸੂ ਦੀ ਜ਼ਿੰਦਗੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਉਹ ਦੂਸਰਿਆਂ ਦੀ ਸੇਵਾ ਕਰਨ ਲਈ ਤਿਆਰ ਸੀ?
10 ਪਰਮੇਸ਼ੁਰ ਦੇ ਇਸ ਮਹਾਨ ਪੁੱਤਰ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਅਸਲ ਵਿਚ ਵੱਡੇ ਹੋਣ ਦਾ ਕੀ ਮਤਲਬ ਹੈ। ਯਿਸੂ ਧਰਤੀ ਉੱਤੇ ਆਪਣੀ ਸੇਵਾ ਕਰਾਉਣ ਨਹੀਂ, ਬਲਕਿ ਦੂਸਰਿਆਂ ਦੀ ਸੇਵਾ ਕਰਨ ਆਇਆ ਸੀ। ਉਸ ਨੇ ‘ਭਾਂਤ ਭਾਂਤ ਦੇ ਰੋਗੀਆਂ’ ਨੂੰ ਚੰਗਾ ਕੀਤਾ ਅਤੇ ਲੋਕਾਂ ਵਿੱਚੋਂ ਭੂਤ ਕੱਢੇ। ਭਾਵੇਂ ਉਹ ਥੱਕ ਜਾਂਦਾ ਸੀ ਅਤੇ ਉਸ ਨੂੰ ਆਰਾਮ ਕਰਨ ਦੀ ਲੋੜ ਸੀ, ਫਿਰ ਵੀ ਉਸ ਨੇ ਹਮੇਸ਼ਾ ਆਪਣੇ ਨਾਲੋਂ ਪਹਿਲਾਂ ਦੂਸਰਿਆਂ ਬਾਰੇ ਸੋਚਿਆ ਸੀ ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਵੱਡੇ ਜਤਨ ਕੀਤੇ। (ਮਰਕੁਸ 1:32-34; 6:30-34; ਯੂਹੰਨਾ 11:11, 17, 33) ਉਹ ਲੋਕਾਂ ਨਾਲ ਪਿਆਰ ਕਰਦਾ ਸੀ ਤੇ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ। ਉਹ ਮਿੱਟੀ-ਘੱਟੇ ਨਾਲ ਭਰੇ ਰਸਤਿਆਂ ਉੱਤੇ ਮੀਲਾਂ ਦੂਰ ਸਫ਼ਰ ਕਰਨ ਲਈ ਤਿਆਰ ਸੀ ਤਾਂਕਿ ਉਹ ਸਾਰਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕੇ। (ਮਰਕੁਸ 1:38, 39) ਬਿਨਾਂ ਸ਼ੱਕ ਯਿਸੂ ਲਈ ਦੂਸਰਿਆਂ ਦੀ ਸੇਵਾ ਕਰਨੀ ਮਹੱਤਵਪੂਰਣ ਸੀ।
ਯਿਸੂ ਦੀ ਹਲੀਮੀ ਦੀ ਰੀਸ ਕਰੋ
11. ਉਨ੍ਹਾਂ ਭਰਾਵਾਂ ਵਿਚ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਹਨ ਜੋ ਕਲੀਸਿਯਾ ਵਿਚ ਨਿਗਾਹਬਾਨਾਂ ਵਜੋਂ ਸੇਵਾ ਕਰਨ ਲਈ ਚੁਣੇ ਜਾਂਦੇ ਹਨ?
11 ਉੱਨੀਵੀਂ ਸਦੀ ਦੇ ਆਖ਼ਰੀ ਸਾਲਾਂ ਦੌਰਾਨ ਪਰਮੇਸ਼ੁਰ ਦੇ ਲੋਕਾਂ ਦੀ ਸੇਵਾ ਕਰਨ ਲਈ ਸਫ਼ਰੀ ਨਿਗਾਹਬਾਨ ਚੁਣੇ ਜਾ ਰਹੇ ਸਨ। ਉਨ੍ਹਾਂ ਮਸੀਹੀ ਨਿਗਾਹਬਾਨਾਂ ਵਿਚ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਸਨ? ਸਤੰਬਰ 1, 1894 ਦੇ ਜ਼ਾਯੰਸ ਵਾਚ ਟਾਵਰ ਵਿਚ ਕਿਹਾ ਗਿਆ ਕਿ ਉਹ ਆਦਮੀ ‘ਨਰਮ ਸਭਾਅ ਦੇ ਹੋਣ, ਹੰਕਾਰ ਨਾ ਕਰਨ, ਆਪਣੀ ਵਡਿਆਈ ਭਾਲਣ ਦੀ ਬਜਾਇ ਮਸੀਹ ਦੀ ਵਡਿਆਈ ਕਰਨ ਅਤੇ ਉਹ ਆਪਣੀ ਵੱਲੋਂ ਗੱਲਾਂ ਨਾ ਕਰਨ, ਸਗੋਂ ਪਰਮੇਸ਼ੁਰ ਦੇ ਬਚਨ ਨੂੰ ਇਸਤੇਮਾਲ ਕਰਨ।’ ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਸੱਚੇ ਮਸੀਹੀਆਂ ਨੂੰ ਇਸ ਲਈ ਜ਼ਿੰਮੇਵਾਰੀ ਨਹੀਂ ਚੁੱਕਣੀ ਚਾਹੀਦੀ ਕਿਉਂਕਿ ਉਹ ਦੂਸਰਿਆਂ ਤੋਂ ਆਦਰ-ਸਤਿਕਾਰ ਪਾਉਣਾ ਚਾਹੁੰਦੇ ਹਨ, ਪ੍ਰਸਿੱਧ ਹੋਣਾ ਜਾਂ ਤਾਕਤ ਹਾਸਲ ਕਰ ਕੇ ਦੂਸਰਿਆਂ ਉੱਤੇ ਹੁਕਮ ਚਲਾਉਣਾ ਚਾਹੁੰਦੇ ਹਨ। ਇਕ ਹਲੀਮ ਨਿਗਾਹਬਾਨ ਯਾਦ ਰੱਖਦਾ ਹੈ ਕਿ ਉਸ ਦੀਆਂ ਜ਼ਿੰਮੇਵਾਰੀਆਂ ਦਾ ਮਤਲਬ ਹੈ ‘ਚੰਗਾ ਕੰਮ’ ਕਰਨਾ, ਨਾ ਕਿ ਉੱਚੀ ਪਦਵੀ ਹਾਸਲ ਕਰ ਕੇ ਆਪਣੀ ਵਡਿਆਈ ਕਰਾਉਣੀ। (1 ਤਿਮੋਥਿਉਸ 3:1, 2) ਹਰੇਕ ਬਜ਼ੁਰਗ ਅਤੇ ਸਹਾਇਕ ਸੇਵਕ ਨੂੰ ਨਿਮਰਤਾ ਨਾਲ ਦੂਸਰਿਆਂ ਦੀ ਸੇਵਾ ਕਰਨ ਦਾ ਪੂਰਾ ਜਤਨ ਕਰਨਾ ਚਾਹੀਦਾ ਹੈ, ਯਹੋਵਾਹ ਦੀ ਭਗਤੀ ਵਿਚ ਸੇਧ ਦੇਣ ਦੀ ਪਹਿਲ ਕਰਨੀ ਚਾਹੀਦੀ ਹੈ ਅਤੇ ਦੂਸਰਿਆਂ ਲਈ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ।—1 ਕੁਰਿੰਥੀਆਂ 9:19; ਗਲਾਤੀਆਂ 5:13; 2 ਤਿਮੋਥਿਉਸ 4:5.
12. ਉਨ੍ਹਾਂ ਭਰਾਵਾਂ ਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ ਜੋ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਚੁੱਕਣੀਆਂ ਚਾਹੁੰਦੇ ਹਨ?
12 ਜਿਹੜਾ ਵੀ ਭਰਾ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਲੈਣੀਆਂ ਚਾਹੁੰਦਾ ਹੈ, ਉਸ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਦੂਸਰਿਆਂ ਦੀ ਸੇਵਾ ਕਰਨ ਦੇ ਮੌਕੇ ਭਾਲਦਾ ਹਾਂ ਜਾਂ ਕੀ ਮੈਂ ਆਪਣੀ ਸੇਵਾ ਕਰਾਉਣੀ ਚਾਹੁੰਦਾ ਹਾਂ? ਕੀ ਮੈਂ ਅਜਿਹੇ ਕੰਮ ਕਰਨੇ ਚਾਹੁੰਦਾ ਹਾਂ ਜਿਨ੍ਹਾਂ ਬਾਰੇ ਦੂਸਰਿਆਂ ਨੂੰ ਪਤਾ ਵੀ ਨਾ ਲੱਗੇ ਕਿ ਮੈਂ ਕੀਤੇ ਹਨ?’ ਮਿਸਾਲ ਲਈ, ਇਕ ਭਰਾ ਸ਼ਾਇਦ ਕਲੀਸਿਯਾ ਵਿਚ ਭਾਸ਼ਣ ਦੇਣੇ ਚਾਹੇ, ਪਰ ਸਿਆਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਤੋਂ ਸ਼ਾਇਦ ਪਿੱਛੇ ਹਟੇ। ਉਹ ਸ਼ਾਇਦ ਜ਼ਿੰਮੇਵਾਰ ਭਰਾਵਾਂ ਨਾਲ ਮਿਲ-ਜੁਲ ਕੇ ਖ਼ੁਸ਼ ਹੋਵੇ, ਪਰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਤੋਂ ਝਿਜਕੇ। ਅਜਿਹੇ ਭਰਾ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਪਰਮੇਸ਼ੁਰ ਦੀ ਸੇਵਾ ਵਿਚ ਉਹ ਕੰਮ ਕਰਨੇ ਚਾਹੁੰਦਾ ਹਾਂ ਜਿਨ੍ਹਾਂ ਨੂੰ ਦੇਖ ਕੇ ਦੂਸਰੇ ਮੇਰੀ ਤਾਰੀਫ਼ ਕਰਨਗੇ? ਕੀ ਮੈਂ ਦੂਸਰਿਆਂ ਅੱਗੇ ਆਪਣੇ ਆਪ ਨੂੰ ਉੱਚਾ ਕਰਨਾ ਚਾਹੁੰਦਾ ਹਾਂ?’ ਜੇ ਅਸੀਂ ਆਪਣੀ ਵਡਿਆਈ ਚਾਹੁੰਦੇ ਹਾਂ, ਤਾਂ ਅਸੀਂ ਯਿਸੂ ਦੀ ਰੀਸ ਨਹੀਂ ਕਰ ਰਹੇ।—13. (ੳ) ਇਕ ਨਿਗਾਹਬਾਨ ਦੀ ਨਿਮਰਤਾ ਦਾ ਦੂਸਰਿਆਂ ਉੱਤੇ ਕੀ ਅਸਰ ਹੋ ਸਕਦਾ ਹੈ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਨਿਮਰ ਜਾਂ ਅਧੀਨ ਹੋਣਾ ਹਰੇਕ ਮਸੀਹੀ ਦਾ ਫ਼ਰਜ਼ ਹੈ?
13 ਜਦ ਅਸੀਂ ਯਿਸੂ ਦੀ ਨਿਮਰਤਾ ਦੀ ਰੀਸ ਕਰਨ ਦਾ ਜਤਨ ਕਰਦੇ ਹਾਂ, ਤਾਂ ਸਾਡਾ ਦਿਲ ਕਰਦਾ ਹੈ ਕਿ ਅਸੀਂ ਦੂਸਰਿਆਂ ਦੀ ਸੇਵਾ ਕਰੀਏ। ਇਕ ਜ਼ੋਨ ਨਿਗਾਹਬਾਨ ਦੀ ਮਿਸਾਲ ਤੇ ਗੌਰ ਕਰੋ ਜੋ ਯਹੋਵਾਹ ਦੇ ਗਵਾਹਾਂ ਦੇ ਇਕ ਬ੍ਰਾਂਚ ਆਫ਼ਿਸ ਦਾ ਕੰਮ-ਕਾਜ ਦੇਖਣ ਗਿਆ। ਭਾਵੇਂ ਕਿ ਉਸ ਨੂੰ ਬਹੁਤ ਕੰਮ ਸੀ ਅਤੇ ਵਕਤ ਥੋੜ੍ਹਾ ਸੀ, ਫਿਰ ਵੀ ਉਸ ਨੇ ਰੁਕ ਕੇ ਇਕ ਨੌਜਵਾਨ ਭਰਾ ਦੀ ਮਦਦ ਕੀਤੀ ਜੋ ਇਕ ਮਸ਼ੀਨ ਦੀ ਸੈਟਿੰਗ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਅਦ ਵਿਚ ਇਸ ਨੌਜਵਾਨ ਨੇ ਕਿਹਾ: “ਮੈਂ ਬਹੁਤ ਹੈਰਾਨ ਹੋਇਆ। ਉਸ ਭਰਾ ਨੇ ਮੈਨੂੰ ਦੱਸਿਆ ਕਿ ਜਦ ਉਹ ਆਪ ਬੈਥਲ ਵਿਚ ਸੇਵਾ ਕਰਨ ਲੱਗੇ ਸਨ, ਤਾਂ ਉਹ ਵੀ ਇਸੇ ਤਰ੍ਹਾਂ ਦੀ ਮਸ਼ੀਨ ਤੇ ਕੰਮ ਕਰਦੇ ਸਨ ਅਤੇ ਉਨ੍ਹਾਂ ਨੂੰ ਯਾਦ ਹੈ ਕਿ ਇਸ ਦੀ ਐਨ ਠੀਕ ਸੈਟਿੰਗ ਕਰਨੀ ਕਿੰਨੀ ਮੁਸ਼ਕਲ ਸੀ। ਹਾਲਾਂਕਿ ਉਨ੍ਹਾਂ ਦੇ ਹੋਰ ਵੀ ਕਈ ਜ਼ਰੂਰੀ ਕੰਮ ਕਰਨ ਵਾਲੇ ਪਏ ਸਨ, ਫਿਰ ਵੀ ਉਹ ਮੇਰੇ ਨਾਲ ਕੁਝ ਚਿਰ ਤਕ ਕੰਮ ਕਰਦੇ ਰਹੇ। ਇਸ ਦਾ ਮੇਰੇ ਉੱਤੇ ਕਾਫ਼ੀ ਅਸਰ ਪਿਆ।” ਇਹ ਨੌਜਵਾਨ ਭਰਾ ਹੁਣ ਯਹੋਵਾਹ ਦੇ ਗਵਾਹਾਂ ਦੇ ਇਕ ਬ੍ਰਾਂਚ ਆਫ਼ਿਸ ਵਿਚ ਇਕ ਓਵਰਸੀਅਰ ਦੇ ਤੌਰ ਤੇ ਸੇਵਾ ਕਰਦਾ ਹੈ ਅਤੇ ਉਸ ਨੂੰ ਉਸ ਜ਼ੋਨ ਨਿਗਾਹਬਾਨ ਦੀ ਨਿਮਰਤਾ ਅੱਜ ਵੀ ਯਾਦ ਹੈ। ਆਓ ਆਪਾਂ ਵੀ ਕਦੀ ਆਪਣੇ ਆਪ ਨੂੰ ਇੰਨਾ ਵੱਡਾ ਨਾ ਸਮਝੀਏ ਕਿ ਅਸੀਂ ਛੋਟੇ-ਛੋਟੇ ਕੰਮ ਕਰਨੋਂ ਪਿੱਛੇ ਹਟ ਜਾਈਏ। ਇਸ ਦੀ ਬਜਾਇ, ਸਾਨੂੰ “ਅਧੀਨਗੀ” ਪਹਿਨ ਲੈਣੀ ਚਾਹੀਦੀ ਹੈ ਜੋ ਨਵੀਂ ਇਨਸਾਨੀਅਤ ਦਾ ਹਿੱਸਾ ਹੈ। ਇਸ ਨੂੰ ਪਹਿਨਣਾ ਹਰੇਕ ਮਸੀਹੀ ਦਾ ਫ਼ਰਜ਼ ਬਣਦਾ ਹੈ।—ਫ਼ਿਲਿੱਪੀਆਂ 2:3; ਕੁਲੁੱਸੀਆਂ 3:10, 12; ਰੋਮੀਆਂ 12:16.
ਅਸੀਂ ਯਿਸੂ ਵਾਂਗ ਨਿਮਰ ਕਿੱਦਾਂ ਬਣ ਸਕਦੇ ਹਾਂ?
14. ਪਰਮੇਸ਼ੁਰ ਅਤੇ ਹੋਰਨਾਂ ਨਾਲ ਆਪਣੇ ਰਿਸ਼ਤੇ ਉੱਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਨਿਮਰ ਹੋਣ ਵਿਚ ਮਦਦ ਕਿਵੇਂ ਮਿਲਦੀ ਹੈ?
14 ਅਸੀਂ ਵੱਡੇ ਹੋਣ ਬਾਰੇ ਸਹੀ ਨਜ਼ਰੀਆ ਕਿਵੇਂ ਅਪਣਾ ਸਕਦੇ ਹਾਂ? ਇਕ ਤਰੀਕਾ ਹੈ ਯਹੋਵਾਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਉੱਤੇ ਸੋਚ-ਵਿਚਾਰ ਕਰ ਕੇ। ਉਹ ਮਿੱਟੀ ਦੇ ਇਨਸਾਨਾਂ ਨਾਲੋਂ ਕਿਤੇ ਉੱਚਾ ਹੈ ਅਤੇ ਉਸ ਦੀ ਮਹਿਮਾ, ਸ਼ਕਤੀ ਅਤੇ ਬੁੱਧ ਲਾਜਵਾਬ ਹਨ। (ਯਸਾਯਾਹ 40:22) ਹੋਰਨਾਂ ਲੋਕਾਂ ਨਾਲ ਆਪਣੇ ਰਿਸ਼ਤੇ ਉੱਤੇ ਸੋਚ-ਵਿਚਾਰ ਕਰਨ ਨਾਲ ਵੀ ਸਾਨੂੰ ਹਲੀਮ ਹੋਣ ਵਿਚ ਮਦਦ ਮਿਲਦੀ ਹੈ। ਮਿਸਾਲ ਲਈ, ਅਸੀਂ ਬੇਸ਼ੱਕ ਕਿਸੇ ਕੰਮ ਵਿਚ ਦੂਸਰਿਆਂ ਨਾਲੋਂ ਬਿਹਤਰ ਹੋਈਏ, ਪਰ ਉਹ ਹੋਰ ਜ਼ਰੂਰੀ ਗੱਲਾਂ ਵਿਚ ਸਾਡੇ ਨਾਲੋਂ ਬਿਹਤਰ ਹੋ ਸਕਦੇ ਹਨ। ਹੋ ਸਕਦਾ ਹੈ ਕਿ ਸਾਡੇ ਭੈਣਾਂ-ਭਰਾਵਾਂ ਵਿਚ ਅਜਿਹੇ ਗੁਣ ਹੋਣ ਜੋ ਸਾਡੇ ਵਿਚ ਨਹੀਂ ਹਨ। ਦਰਅਸਲ ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਪਸੰਦ ਕਰਦਾ ਹੈ ਉਹ ਨਿਮਰ ਹੋਣ ਕਰਕੇ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ।—ਕਹਾਉਤਾਂ 3:34; ਯਾਕੂਬ 4:6.
15. ਪਰਮੇਸ਼ੁਰ ਦੇ ਲੋਕਾਂ ਦੀ ਵਫ਼ਾਦਾਰੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਕਿਸੇ ਕੋਲ ਵੀ ਆਪਣੇ ਆਪ ਨੂੰ ਦੂਸਰੇ ਨਾਲੋਂ ਵੱਡਾ ਸਮਝਣ ਦਾ ਕੋਈ ਕਾਰਨ ਨਹੀਂ ਹੈ?
15 ਯਹੋਵਾਹ ਦੇ ਕਈ ਗਵਾਹਾਂ ਨੇ ਆਪਣੀ ਨਿਹਚਾ ਕਰਕੇ ਵੱਡੀਆਂ ਮੁਸੀਬਤਾਂ ਦਾ ਸਾਮ੍ਹਣਾ ਕੀਤਾ ਹੈ। ਉਨ੍ਹਾਂ ਦੀਆਂ ਮਿਸਾਲਾਂ ਤੋਂ ਵਾਰ-ਵਾਰ ਇਹ ਗੱਲ ਪੂਰੀ ਤਰ੍ਹਾਂ ਸਾਬਤ ਹੁੰਦੀ ਹੈ ਕਿ ਭਾਵੇਂ ਉਹ ਦੁਨੀਆਂ ਦੀਆਂ ਨਜ਼ਰਾਂ ਵਿਚ ਆਮ ਹਨ, ਫਿਰ ਵੀ ਉਹ ਸਖ਼ਤ ਅਜ਼ਮਾਇਸ਼ਾਂ ਦੌਰਾਨ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹੇ ਹਨ। ਇਨ੍ਹਾਂ ਭੈਣ-ਭਰਾਵਾਂ ਦੀਆਂ ਮਿਸਾਲਾਂ ਉੱਤੇ ਸੋਚ-ਵਿਚਾਰ ਕਰ ਕੇ ਸਾਨੂੰ ਨਿਮਰ ਰਹਿਣ ਵਿਚ ਮਦਦ ਮਿਲੇਗੀ ਅਤੇ ਅਸੀਂ ਸਿੱਖਾਂਗੇ ਕਿ ‘ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੀਏ।’—16. ਕਲੀਸਿਯਾ ਦੇ ਸਾਰੇ ਭੈਣ-ਭਰਾ ਯਿਸੂ ਵਾਂਗ ਨਿਮਰ ਬਣਨ ਦੀ ਕੋਸ਼ਿਸ਼ ਕਿਵੇਂ ਕਰ ਸਕਦੇ ਹਨ?
16 ਸਾਰੇ ਮਸੀਹੀਆਂ ਨੂੰ ਯਿਸੂ ਵਾਂਗ ਨਿਮਰ ਬਣਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਲੀਸਿਯਾ ਵਿਚ ਬਹੁਤ ਸਾਰੇ ਕੰਮ ਹੁੰਦੇ ਹਨ। ਇਸ ਦਾ ਕਦੀ ਬੁਰਾ ਨਾ ਮਨਾਓ ਜਦੋਂ ਤੁਹਾਨੂੰ ਕੋਈ ਨੀਵਾਂ ਜਾਂ ਛੋਟਾ ਕੰਮ ਕਰਨ ਲਈ ਕਿਹਾ ਜਾਂਦਾ ਹੈ। (1 ਸਮੂਏਲ 25:41; 2 ਰਾਜਿਆਂ 3:11) ਮਾਪਿਓ, ਕੀ ਤੁਸੀਂ ਆਪਣੇ ਬੱਚਿਆਂ ਨੂੰ ਹਰ ਕੰਮ ਖ਼ੁਸ਼ੀ ਨਾਲ ਕਰਨਾ ਸਿਖਾਉਂਦੇ ਹੋ, ਚਾਹੇ ਇਹ ਕਿੰਗਡਮ ਹਾਲ ਵਿਚ ਹੋਵੇ ਜਾਂ ਕਿਸੇ ਸੰਮੇਲਨ ਵਿਚ? ਕੀ ਉਹ ਤੁਹਾਨੂੰ ਨੀਵੇਂ ਕੰਮ ਕਰਦੇ ਹੋਏ ਦੇਖਦੇ ਹਨ? ਬਰੁਕਲਿਨ ਬੈਥਲ ਵਿਚ ਸੇਵਾ ਕਰ ਰਿਹਾ ਇਕ ਭਰਾ ਆਪਣੇ ਮਾਪਿਆਂ ਦੀ ਮਿਸਾਲ ਬਾਰੇ ਕਹਿੰਦਾ ਹੈ: “ਬਚਪਨ ਵਿਚ ਮੈਂ ਦੇਖ ਸਕਦਾ ਸੀ ਕਿ ਉਹ ਕਿੰਗਡਮ ਹਾਲ ਜਾਂ ਸੰਮੇਲਨ ਹਾਲ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਸਮਝਦੇ ਸਨ। ਉਹ ਹਮੇਸ਼ਾ ਕਲੀਸਿਯਾ ਵਿਚ ਸੇਵਾ ਕਰਨ ਜਾਂ ਭਰਾਵਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਸਨ। ਇਸ ਦਾ ਕੋਈ ਫ਼ਰਕ ਨਹੀਂ ਪੈਂਦਾ ਸੀ ਕਿ ਉਹ ਕੰਮ ਛੋਟਾ ਸੀ ਜਾਂ ਵੱਡਾ। ਉਨ੍ਹਾਂ ਦੀ ਮਿਸਾਲ ਕਰਕੇ ਮੈਂ ਬੈਥਲ ਵਿਚ ਕੋਈ ਵੀ ਕੰਮ ਕਰਨ ਲਈ ਤਿਆਰ ਹਾਂ।”
17. ਕਿਨ੍ਹਾਂ ਤਰੀਕਿਆਂ ਨਾਲ ਹਲੀਮ ਭੈਣਾਂ ਕਲੀਸਿਯਾ ਲਈ ਬਰਕਤ ਬਣ ਸਕਦੀਆਂ ਹਨ?
17 ਆਪਣੇ ਬਾਰੇ ਸੋਚਣ ਦੀ ਬਜਾਇ ਸਾਨੂੰ ਪਹਿਲਾਂ ਦੂਸਰਿਆਂ ਬਾਰੇ ਸੋਚਣਾ ਚਾਹੀਦਾ ਹੈ। ਪੰਜਵੀਂ ਸਦੀ ਸਾ.ਯੁ.ਪੂ. ਵਿਚ ਫ਼ਾਰਸੀ ਸਾਮਰਾਜ ਦੀ ਰਾਣੀ ਅਸਤਰ ਨੇ ਇਸ ਦੀ ਵਧੀਆ ਮਿਸਾਲ ਕਾਇਮ ਕੀਤੀ ਸੀ। ਰਾਣੀ ਹੋਣ ਦੇ ਬਾਵਜੂਦ ਉਹ ਪਰਮੇਸ਼ੁਰ ਦੀ ਇੱਛਾ ਤੇ ਚੱਲਦੀ ਹੋਈ, ਉਸ ਦੇ ਲੋਕਾਂ ਦੀ ਖ਼ਾਤਰ ਆਪਣੀ ਜਾਨ ਖ਼ਤਰੇ ਵਿਚ ਪਾਉਣ ਲਈ ਤਿਆਰ ਸੀ। (ਅਸਤਰ 1:5, 6; 4:14-16) ਅੱਜ ਮਸੀਹੀ ਭੈਣਾਂ ਚਾਹੇ ਅਮੀਰ ਹੋਣ ਜਾਂ ਗ਼ਰੀਬ, ਅਸਤਰ ਵਾਂਗ ਪਰਮੇਸ਼ੁਰ ਦੇ ਲੋਕਾਂ ਦੀ ਸੇਵਾ ਕਰਦੀਆਂ ਹਨ। ਉਹ ਨਿਰਾਸ਼ ਲੋਕਾਂ ਨੂੰ ਹੌਸਲਾ ਦਿੰਦੀਆਂ ਹਨ, ਬੀਮਾਰਾਂ ਨੂੰ ਮਿਲਣ ਜਾਂਦੀਆਂ ਹਨ, ਪ੍ਰਚਾਰ ਕਰਦੀਆਂ ਹਨ ਅਤੇ ਬਜ਼ੁਰਗਾਂ ਨਾਲ ਮਿਲ ਕੇ ਕੰਮ ਕਰਦੀਆਂ ਹਨ। ਅਜਿਹੀਆਂ ਹਲੀਮ ਭੈਣਾਂ ਕਲੀਸਿਯਾ ਲਈ ਕਿੰਨੀ ਵੱਡੀ ਬਰਕਤ ਹਨ!
ਯਿਸੂ ਵਾਂਗ ਹਲੀਮ ਬਣਨ ਦੀਆਂ ਬਰਕਤਾਂ
18. ਯਿਸੂ ਵਾਂਗ ਹਲੀਮ ਬਣ ਕੇ ਤੁਹਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
18 ਜੇ ਤੁਸੀਂ ਯਿਸੂ ਵਾਂਗ ਹਲੀਮ ਬਣੋਗੇ, ਤਾਂ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਪਿਆਰ ਨਾਲ ਦੂਸਰਿਆਂ ਦੀ ਸੇਵਾ ਕਰ ਕੇ ਤੁਹਾਨੂੰ ਤੇ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ। (ਰਸੂਲਾਂ ਦੇ ਕਰਤੱਬ 20:35) ਜਦੋਂ ਤੁਸੀਂ ਖ਼ੁਸ਼ੀ ਤੇ ਜੋਸ਼ ਨਾਲ ਆਪਣੇ ਭੈਣਾਂ-ਭਰਾਵਾਂ ਦੀ ਸੇਵਾ ਕਰਦੇ ਹੋ, ਤਾਂ ਉਹ ਤੁਹਾਨੂੰ ਪਿਆਰ ਕਰਨਗੇ। (ਰਸੂਲਾਂ ਦੇ ਕਰਤੱਬ 20:37) ਸਭ ਤੋਂ ਵੱਧ ਯਹੋਵਾਹ ਦੂਸਰਿਆਂ ਲਈ ਕੀਤੀਆਂ ਤੁਹਾਡੀਆਂ ਕੁਰਬਾਨੀਆਂ ਅਤੇ ਸੇਵਾ ਦੇਖ ਕੇ ਬਹੁਤ ਖ਼ੁਸ਼ ਹੋਵੇਗਾ।—ਫ਼ਿਲਿੱਪੀਆਂ 2:17.
19. ਯਿਸੂ ਦੀ ਰੀਸ ਕਰਨ ਬਾਰੇ ਸਾਡਾ ਕੀ ਇਰਾਦਾ ਹੋਣਾ ਚਾਹੀਦਾ ਹੈ?
19 ਸਾਨੂੰ ਸਾਰਿਆਂ ਨੂੰ ਆਪਣੇ ਦਿਲ ਦੀ ਜਾਂਚ ਕਰ ਕੇ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਸਿਰਫ਼ ਕਹਾਂਗਾ ਹੀ ਕਿ ਮੈਂ ਯਿਸੂ ਵਾਂਗ ਹਲੀਮ ਬਣਾਂਗਾ ਜਾਂ ਕੀ ਮੈਂ ਸੱਚ-ਮੁੱਚ ਉਸ ਦੀ ਰੀਸ ਕਰਾਂਗਾ?’ ਯਹੋਵਾਹ ਸਾਨੂੰ ਸਾਫ਼-ਸਾਫ਼ ਦੱਸਦਾ ਹੈ ਕਿ ਉਹ ਘਮੰਡੀ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ। (ਕਹਾਉਤਾਂ 16:5; 1 ਪਤਰਸ 5:5) ਆਓ ਆਪਾਂ ਇਸ ਗੱਲ ਦਾ ਸਬੂਤ ਦੇਈਏ ਕਿ ਅਸੀਂ ਯਿਸੂ ਵਾਂਗ ਨਿਮਰ ਹਾਂ। ਆਓ ਆਪਾਂ ਕਲੀਸਿਯਾ ਵਿਚ, ਪਰਿਵਾਰ ਵਿਚ ਅਤੇ ਹਰ ਰੋਜ਼ ਦੂਸਰਿਆਂ ਨਾਲ ਪੇਸ਼ ਆਉਣ ਵਿਚ ਸਭ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੀਏ।—1 ਕੁਰਿੰਥੀਆਂ 10:31.
[ਫੁਟਨੋਟ]
^ ਪੈਰਾ 5 1 ਮਈ 1982 ਦੇ ਅੰਗ੍ਰੇਜ਼ੀ ਪਹਿਰਾਬੁਰਜ ਵਿਚ ਸਫ਼ੇ 3-6 ਉੱਤੇ “ਕਾਮਯਾਬੀ ਦੀ ਤਲਾਸ਼” ਨਾਂ ਦਾ ਲੇਖ ਦੇਖੋ।
^ ਪੈਰਾ 15 ਮਿਸਾਲਾਂ ਲਈ, 1 ਫਰਵਰੀ 2003, ਪਹਿਰਾਬੁਰਜ, ਸਫ਼ੇ 25-30 ਅਤੇ 1 ਸਤੰਬਰ 2003, ਪਹਿਰਾਬੁਰਜ, ਸਫ਼ੇ 23-28 ਦੇਖੋ।
ਕੀ ਤੁਸੀਂ ਸਮਝਾ ਸਕਦੇ ਹੋ?
• ਸਾਨੂੰ ਦੁਨੀਆਂ ਦੇ ਘਮੰਡੀ ਰਵੱਈਏ ਨੂੰ ਕਿਉਂ ਨਹੀਂ ਅਪਣਾਉਣਾ ਚਾਹੀਦਾ?
• ਯਿਸੂ ਅਨੁਸਾਰ ਅਸਲ ਵਿਚ ਵੱਡਾ ਕੌਣ ਹੁੰਦਾ ਹੈ?
• ਨਿਗਾਹਬਾਨ ਯਿਸੂ ਦੀ ਨਿਮਰਤਾ ਦੀ ਰੀਸ ਕਿਵੇਂ ਕਰ ਸਕਦੇ ਹਨ?
• ਯਿਸੂ ਵਾਂਗ ਅਸੀਂ ਨਿਮਰ ਕਿਵੇਂ ਬਣ ਸਕਦੇ ਹਾਂ?
[ਸਵਾਲ]
[ਸਫ਼ੇ 17 ਉੱਤੇ ਡੱਬੀ]
ਯਿਸੂ ਵਾਂਗ ਨਿਮਰ ਕੌਣ ਹੈ?
ਸੇਵਾ ਕਰਾਉਣ ਵਾਲਾ ਜਾਂ ਖ਼ੁਸ਼ੀ ਨਾਲ ਸੇਵਾ ਕਰਨ ਵਾਲਾ?
ਆਪਣੀ ਵਡਿਆਈ ਭਾਲਣ ਵਾਲਾ ਜਾਂ ਨਿਮਰਤਾ ਨਾਲ ਛੋਟੇ ਕੰਮ ਕਰਨ ਵਾਲਾ?
ਆਪਣੇ ਆਪ ਨੂੰ ਉੱਚਾ ਕਰਨ ਵਾਲਾ ਜਾਂ ਦੂਸਰਿਆਂ ਨੂੰ ਉੱਚਾ ਕਰਨ ਵਾਲਾ?
[ਸਫ਼ੇ 14 ਉੱਤੇ ਤਸਵੀਰ]
ਫ਼ਿਰਊਨ ਆਮਨਹੋਟੇਪ ਤੀਜੇ ਦਾ ਵੱਡਾ ਬੁੱਤ
[ਸਫ਼ੇ 15 ਉੱਤੇ ਤਸਵੀਰ]
ਕੀ ਤੁਸੀਂ ਜਾਣਦੇ ਹੋ ਕਿ ਹਾਮਾਨ ਦੀ ਬਰਬਾਦੀ ਦਾ ਕਾਰਨ ਕੀ ਸੀ?
[ਸਫ਼ੇ 16 ਉੱਤੇ ਤਸਵੀਰ]
ਕੀ ਤੁਸੀਂ ਦੂਸਰਿਆਂ ਦੀ ਸੇਵਾ ਕਰਨ ਦੇ ਮੌਕੇ ਭਾਲਦੇ ਹੋ?