ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਕੋਮਪਲੂਟੈਂਸੀਅਨ ਪੌਲੀਗਲੋਟ ਕੀ ਸੀ ਅਤੇ ਇਹ ਅਹਿਮ ਕਿਤਾਬ ਕਿਉਂ ਸੀ?
ਇਹ ਇਕ ਬਹੁ-ਭਾਸ਼ੀ ਬਾਈਬਲ ਸੀ ਜਿਸ ਵਿਚ ਸਮਾਨਾਂਤਰ ਕਾਲਮਾਂ ਵਿਚ ਇਬਰਾਨੀ, ਯੂਨਾਨੀ ਤੇ ਲਾਤੀਨੀ ਵਿਚ ਪਵਿੱਤਰ ਸ਼ਾਸਤਰ ਛਾਪਿਆ ਗਿਆ ਸੀ ਅਤੇ ਇਸ ਦੇ ਨਾਲ ਅਰਾਮੀ ਭਾਸ਼ਾ ਵਿਚ ਪਵਿੱਤਰ ਸ਼ਾਸਤਰ ਦੇ ਕੁਝ ਹਿੱਸੇ ਵੀ ਸਨ। ਇਸ ਦੀ ਮਦਦ ਨਾਲ ਮੁਢਲੀਆਂ ਭਾਸ਼ਾਵਾਂ ਵਿਚ ਪਵਿੱਤਰ ਸ਼ਾਸਤਰ ਦੇ ਮੂਲ-ਪਾਠਾਂ ਨੂੰ ਸੋਧਿਆ ਗਿਆ।—4/15, ਸਫ਼ੇ 28-31.
• ਇਨਸਾਨ ਪਰਮੇਸ਼ੁਰ ਨੂੰ ਕਿਵੇਂ ਖ਼ੁਸ਼ ਕਰ ਸਕਦਾ ਹੈ?
ਜੀਉਂਦਾ ਪਰਮੇਸ਼ੁਰ ਹੋਣ ਕਰਕੇ ਯਹੋਵਾਹ ਵਿਚ ਸੋਚਣ ਅਤੇ ਕੰਮ ਕਰਨ ਦੀ ਕਾਬਲੀਅਤ ਹੈ ਅਤੇ ਉਸ ਵਿਚ ਭਾਵਨਾਵਾਂ ਹਨ। ਉਹ “ਪਰਮਧੰਨ” ਯਾਨੀ ਖ਼ੁਸ਼ਦਿਲ ਪਰਮੇਸ਼ੁਰ ਹੈ ਅਤੇ ਆਪਣੇ ਮਕਸਦ ਨੂੰ ਪੂਰਾ ਕਰ ਕੇ ਬਹੁਤ ਖ਼ੁਸ਼ ਹੁੰਦਾ ਹੈ। (1 ਤਿਮੋਥਿਉਸ 1:11; ਜ਼ਬੂਰਾਂ ਦੀ ਪੋਥੀ 104:31) ਜੇ ਅਸੀਂ ਪਰਮੇਸ਼ੁਰ ਦੀਆਂ ਭਾਵਨਾਵਾਂ ਨੂੰ ਹਮੇਸ਼ਾ ਧਿਆਨ ਵਿਚ ਰੱਖੀਏ, ਤਾਂ ਅਸੀਂ ਉਹੋ ਹੀ ਕੰਮ ਕਰਾਂਗੇ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੋਵੇਗਾ।—5/15, ਸਫ਼ੇ 4-7.
• ਦਾਊਦ ਨੇ ਆਪਣੀ ਪਤਨੀ ਮੀਕਲ ਨੂੰ ਆਪਣੇ ਕੋਲ ਤਰਾਫ਼ੀਮ ਬੁੱਤ ਰੱਖਣ ਦੀ ਇਜਾਜ਼ਤ ਕਿਉਂ ਦਿੱਤੀ ਸੀ?
ਜਦੋਂ ਰਾਜਾ ਸ਼ਾਊਲ ਨੇ ਦਾਊਦ ਨੂੰ ਮਾਰਨ ਦੀ ਸਾਜ਼ਸ਼ ਘੜੀ ਸੀ, ਤਾਂ ਮੀਕਲ ਨੇ ਦਾਊਦ ਦੀ ਭੱਜਣ ਵਿਚ ਮਦਦ ਕੀਤੀ ਸੀ। ਉਸ ਨੇ ਬਿਸਤਰੇ ਉੱਤੇ ਦਾਊਦ ਦੀ ਥਾਂ ਤੇ ਸ਼ਾਇਦ ਆਦਮੀ ਦੇ ਆਕਾਰ ਦੀ ਮੂਰਤੀ ਰੱਖ ਦਿੱਤੀ ਸੀ। ਮੀਕਲ ਆਪਣੇ ਕੋਲ ਤਰਾਫ਼ੀਮ ਬੁੱਤ ਸ਼ਾਇਦ ਇਸ ਲਈ ਰੱਖਦੀ ਸੀ ਕਿਉਂਕਿ ਉਸ ਦਾ ਦਿਲ ਪੂਰੀ ਤਰ੍ਹਾਂ ਯਹੋਵਾਹ ਵੱਲ ਨਹੀਂ ਸੀ। ਦਾਊਦ ਨੂੰ ਜਾਂ ਤਾਂ ਇਸ ਬੁੱਤ ਬਾਰੇ ਪਤਾ ਨਹੀਂ ਸੀ ਜਾਂ ਉਹ ਇਸ ਗੱਲ ਨੂੰ ਬਰਦਾਸ਼ਤ ਕਰ ਰਿਹਾ ਸੀ ਕਿਉਂਕਿ ਮੀਕਲ ਰਾਜਾ ਸ਼ਾਊਲ ਦੀ ਧੀ ਸੀ। (1 ਇਤਹਾਸ 16:25, 26)—6/1, ਸਫ਼ਾ 29.
• ਲਹੂ ਬਾਰੇ ਪਰਮੇਸ਼ੁਰ ਦੇ ਹੁਕਮ ਤੋਂ ਕਿਹੜੀ ਇਕ ਅਹਿਮ ਸੱਚਾਈ ਪਤਾ ਲੱਗਦੀ ਹੈ?
ਪਰਮੇਸ਼ੁਰ ਨੇ ਜਲ-ਪਰਲੋ ਤੋਂ ਬਾਅਦ, ਮੂਸਾ ਦੀ ਬਿਵਸਥਾ ਅਤੇ ਰਸੂਲਾਂ ਦੇ ਕਰਤੱਬ 15:28, 29 ਵਿਚ ਜੋ ਕਿਹਾ, ਉਸ ਵਿਚ ਉਸ ਨੇ ਇਕ ਕੁਰਬਾਨੀ ਬਾਰੇ ਗੱਲ ਕਰਦੇ ਹੋਏ ਯਿਸੂ ਦੇ ਲਹੂ ਵੱਲ ਇਸ਼ਾਰਾ ਕੀਤਾ। ਸਿਰਫ਼ ਯਿਸੂ ਦੇ ਲਹੂ ਦੁਆਰਾ ਸਾਨੂੰ ਮਾਫ਼ੀ ਮਿਲ ਸਕਦੀ ਹੈ ਅਤੇ ਅਸੀਂ ਪਰਮੇਸ਼ੁਰ ਨਾਲ ਸੁਲ੍ਹਾ ਕਰ ਸਕਦੇ ਹਾਂ। (ਕੁਲੁੱਸੀਆਂ 1:20)—6/15, ਸਫ਼ੇ 14-19.
• ਬਾਈਬਲ ਵਿਚ ਯਿਸੂ ਦੇ ਕਿੰਨੇ ਚਮਤਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ?
ਇੰਜੀਲਾਂ ਵਿਚ ਯਿਸੂ ਦੇ ਲਗਭਗ 35 ਚਮਤਕਾਰਾਂ ਬਾਰੇ ਦੱਸਿਆ ਗਿਆ ਹੈ। ਪਰ ਯਿਸੂ ਦੇ ਚਮਤਕਾਰਾਂ ਦੀ ਕੁੱਲ ਗਿਣਤੀ ਪਤਾ ਨਹੀਂ ਹੈ ਕਿਉਂਕਿ ਬਾਈਬਲ ਵਿਚ ਯਿਸੂ ਦੇ ਹਰ ਚਮਤਕਾਰ ਦਾ ਵੇਰਵਾ ਨਹੀਂ ਦਿੱਤਾ ਗਿਆ ਹੈ। (ਮੱਤੀ 14:14)—7/15, ਸਫ਼ਾ 5.