Skip to content

Skip to table of contents

ਕੀ ਸਾਨੂੰ ਫ਼ਾਇਦੇਮੰਦ ਸਲਾਹ ਦੀ ਲੋੜ ਹੈ?

ਕੀ ਸਾਨੂੰ ਫ਼ਾਇਦੇਮੰਦ ਸਲਾਹ ਦੀ ਲੋੜ ਹੈ?

ਕੀ ਸਾਨੂੰ ਫ਼ਾਇਦੇਮੰਦ ਸਲਾਹ ਦੀ ਲੋੜ ਹੈ?

ਅੱਜ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਉਹ ਆਪਣਾ ਭਲਾ-ਬੁਰਾ ਆਪ ਸੋਚ ਸਕਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਮਨ-ਮਰਜ਼ੀ ਕਰਨ ਦਾ ਪੂਰਾ-ਪੂਰਾ ਹੱਕ ਹੈ। ਦੂਸਰੇ ਕਹਿੰਦੇ ਹਨ ਕਿ ਤੁਸੀਂ ਜੋ ਮਰਜ਼ੀ ਕਰੋ, ਬਸ ਤੁਹਾਡਾ ਮਨ ਖ਼ੁਸ਼ ਹੋਣਾ ਚਾਹੀਦਾ ਹੈ। ਮਿਸਾਲ ਲਈ, ਵਿਆਹ ਅਤੇ ਪਰਿਵਾਰ ਨੂੰ ਹਮੇਸ਼ਾ ਤੋਂ ਹੀ ਮਨੁੱਖੀ ਸਮਾਜ ਦਾ ਮੁੱਖ ਹਿੱਸਾ ਮੰਨਿਆ ਜਾਂਦਾ ਰਿਹਾ ਹੈ। ਪਰ ਅੱਜ ਇਹ ਦੋਵੇਂ ਖ਼ਤਰੇ ਵਿਚ ਹਨ।—ਉਤਪਤ 3:5.

ਧਿਆਨ ਦਿਓ ਕਿ ਮੈਕਸੀਕੋ ਵਿਚ ਰਹਿਣ ਵਾਲੀ ਵਰੋਨੀਕਾ * ਨਾਲ ਕੀ ਹੋਇਆ। ਉਹ ਦੱਸਦੀ ਹੈ: “ਸਾਡੇ ਵਿਆਹ ਦੀ 15ਵੀਂ ਵਰ੍ਹੇ-ਗੰਢ ਤੋਂ ਕੁਝ ਦਿਨ ਪਹਿਲਾਂ ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਉਸ ਦੇ ਇਕ ਹੋਰ ਤੀਵੀਂ ਨਾਲ ਸੰਬੰਧ ਸਨ। ਉਸ ਨੇ ਇਹ ਵੀ ਕਿਹਾ ਕਿ ਉਹ ਉਸ ਨੂੰ ਨਹੀਂ ਛੱਡ ਸਕਦਾ ਕਿਉਂਕਿ ਉਸ ਤੀਵੀਂ ਜਵਾਨ ਸੀ ਅਤੇ ਉਸ ਨੂੰ ਮਿਲ ਕੇ ਉਹ ਆਪ ਜਵਾਨ ਮਹਿਸੂਸ ਕਰਦਾ ਸੀ। ਮੈਨੂੰ ਇਹ ਸੋਚ ਕੇ ਬਹੁਤ ਧੱਕਾ ਲੱਗਾ ਕਿ ਮੇਰਾ ਜੀਵਨ-ਸਾਥੀ ਹੁਣ ਮੇਰਾ ਸਾਥ ਨਹੀਂ ਦੇਵੇਗਾ। ਮੈਂ ਸੋਚਿਆ ਕਰਦੀ ਸੀ ਕਿ ਆਪਣੇ ਅਜ਼ੀਜ਼ ਦੀ ਮੌਤ ਦਾ ਗਮ ਸਹਿਣਾ ਸਭ ਤੋਂ ਔਖਾ ਹੈ। ਪਰ ਮੇਰੇ ਲਈ ਆਪਣੇ ਪਤੀ ਦੀ ਬੇਵਫ਼ਾਈ ਸਹਿਣੀ ਇਸ ਨਾਲੋਂ ਵੀ ਔਖੀ ਹੈ ਕਿਉਂਕਿ ਇਕ ਤਾਂ ਜਿਸ ਨੂੰ ਮੈਂ ਇੰਨਾ ਪਿਆਰ ਕਰਦੀ ਸੀ ਉਹ ਮੇਰਾ ਨਹੀਂ ਰਿਹਾ, ਦੂਜਾ ਉਹ ਉਸ ਤੀਵੀਂ ਨੂੰ ਨਾ ਛੱਡ ਕੇ ਵਾਰ-ਵਾਰ ਮੇਰਾ ਦਿਲ ਛੱਲਣੀ ਕਰਦਾ ਰਿਹਾ।”

ਬਾਈ ਸਾਲਾਂ ਦੇ ਇਕ ਆਦਮੀ ਵੱਲ ਵੀ ਧਿਆਨ ਦਿਓ ਜਿਸ ਦਾ ਤਲਾਕ ਹੋ ਚੁੱਕਿਆ ਹੈ ਅਤੇ ਉਹ ਇਕ ਮੁੰਡੇ ਦਾ ਪਿਉ ਹੈ। ਪਰ ਉਹ ਆਪਣੇ ਮੁੰਡੇ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਨਹੀਂ ਹੈ। ਉਹ ਚਾਹੁੰਦਾ ਹੈ ਕਿ ਉਸ ਦੀ ਮਾਂ ਉਸ ਦੀ ਅਤੇ ਉਸ ਦੇ ਮੁੰਡੇ ਦੀ ਦੇਖ-ਭਾਲ ਕਰੇ। ਜੇ ਉਸ ਦੀ ਮਾਂ ਉਸ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ, ਤਾਂ ਉਹ ਵਿਗੜੇ ਪੁੱਤ ਵਾਂਗ ਗੁੱਸੇ ਵਿਚ ਆ ਕੇ ਉਸ ਨਾਲ ਬੋਲ-ਕਬੋਲ ਕਰਦਾ ਹੈ। ਉਸ ਦੀ ਮਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਰੇ, ਤਾਂ ਕੀ ਕਰੇ।

ਇਹ ਇੱਕਾ-ਦੁੱਕਾ ਮਾਮਲੇ ਨਹੀਂ ਹਨ। ਪਤੀ-ਪਤਨੀ ਦਾ ਛੱਡ-ਛੱਡਈਆ ਅਤੇ ਤਲਾਕ ਅੱਜ ਆਮ ਹੋ ਗਏ ਹਨ। ਪਰਾਏ ਮਰਦਾਂ ਜਾਂ ਔਰਤਾਂ ਨਾਲ ਨਵੀਂ ਜ਼ਿੰਦਗੀ ਜੀਣ ਲਈ ਕਈ ਮਾਵਾਂ ਜਾਂ ਬਾਪ ਆਪਣੇ ਬੱਚਿਆਂ ਨੂੰ ਛੱਡ ਦਿੰਦੇ ਹਨ। ਜਿਹੜੇ ਬੱਚੇ ਇਹ ਸਭ ਕੁਝ ਆਪਣੀ ਅੱਖੀਂ ਦੇਖਦੇ ਹਨ, ਉਹ ਆਪਣੇ ਮਾਂ-ਬਾਪ ਤੇ ਦੂਸਰਿਆਂ ਦੀ ਇੱਜ਼ਤ ਕਰਨੀ ਛੱਡ ਦਿੰਦੇ ਹਨ। ਉਹ ਅਜਿਹੇ ਮਾੜੇ ਕੰਮਾਂ ਵਿਚ ਪੈ ਜਾਂਦੇ ਹਨ ਜਿਨ੍ਹਾਂ ਬਾਰੇ ਕੁਝ ਸਾਲ ਪਹਿਲਾਂ ਸੋਚਿਆ ਵੀ ਨਹੀਂ ਜਾ ਸਕਦਾ ਸੀ। ਕਈ ਦੇਸ਼ਾਂ ਵਿਚ ਛੋਟੀ ਉਮਰ ਦੇ ਮੁੰਡੇ-ਕੁੜੀਆਂ ਦੁਆਰਾ ਸੰਭੋਗ ਕਰਨਾ, ਨਸ਼ੇ ਕਰਨੇ, ਦੂਸਰਿਆਂ ਨੂੰ ਮਾਰਨਾ-ਲੁੱਟਣਾ, ਆਪਣੇ ਅਧਿਆਪਕਾਂ ਜਾਂ ਮਾਂ-ਬਾਪ ਦਾ ਕਤਲ ਕਰਨਾ ਆਮ ਹੋ ਗਿਆ ਹੈ। ਤੁਸੀਂ ਸ਼ਾਇਦ ਦੇਖਿਆ ਹੋਣਾ ਕਿ ਅੱਜ-ਕੱਲ੍ਹ ਬੱਚਿਆਂ ਦੀ ਪਰਵਰਿਸ਼ ਕਰਨ ਦੀਆਂ ਚੁਣੌਤੀਆਂ ਅਤੇ ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਹਨ।

ਇਨ੍ਹਾਂ ਵਿਗੜਦੇ ਹਾਲਾਤਾਂ ਨੂੰ ਦੇਖ ਕੇ ਅਸੀਂ ਸ਼ਾਇਦ ਸੋਚੀਏ ਕਿ ਇਨਸਾਨਾਂ ਨੂੰ ਕੀ ਹੋ ਗਿਆ ਹੈ। ਜੇ ਲੋਕ ਸੱਚ-ਮੁੱਚ ਆਪਣਾ ਭਲਾ-ਬੁਰਾ ਆਪ ਸੋਚ ਸਕਦੇ ਹਨ, ਤਾਂ ਫਿਰ ਸਮੱਸਿਆਵਾਂ ਖ਼ਤਮ ਕਿਉਂ ਨਹੀਂ ਹੋ ਰਹੀਆਂ? ਕੀ ਇਨ੍ਹਾਂ ਨੂੰ ਹੱਲ ਕਰਨ ਲਈ ਇਨਸਾਨਾਂ ਨੂੰ ਕਿਸੇ ਸਲਾਹਕਾਰ ਦੀ ਲੋੜ ਹੈ? ਫ਼ਾਇਦੇਮੰਦ ਤੇ ਭਰੋਸੇਯੋਗ ਸਲਾਹ ਕਿੱਥੋਂ ਮਿਲ ਸਕਦੀ ਹੈ? ਅੱਜ ਭਾਵੇਂ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਤੇ ਉਸ ਦੇ ਬਚਨ ਨੂੰ ਮੰਨਦੇ ਹਨ, ਪਰ ਉਹ ਜ਼ਿੰਦਗੀ ਦੇ ਫ਼ੈਸਲੇ ਕਰਨ ਵੇਲੇ ਇਨ੍ਹਾਂ ਨੂੰ ਧਿਆਨ ਵਿਚ ਨਹੀਂ ਰੱਖਦੇ। ਪਰਮੇਸ਼ੁਰ ਦੀ ਸਲਾਹ ਮੰਨ ਕੇ ਸਾਨੂੰ ਕਿਹੜੇ ਫ਼ਾਇਦੇ ਹੋ ਸਕਦੇ ਹਨ? ਇਨ੍ਹਾਂ ਬਾਰੇ ਜਾਣਨ ਲਈ ਆਓ ਆਪਾਂ ਅਗਲਾ ਲੇਖ ਪੜ੍ਹੀਏ।

[ਫੁਟਨੋਟ]

^ ਪੈਰਾ 3 ਨਾਂ ਅਸਲੀ ਨਹੀਂ ਹੈ।