“ਥਾਂ-ਥਾਂ ਜਾ ਕੇ ਇੰਜੀਲ ਫੈਲਾਉਣ” ਵਾਲਾ ਨਿਡਰ ਮੁਸਾਫ਼ਰ
“ਥਾਂ-ਥਾਂ ਜਾ ਕੇ ਇੰਜੀਲ ਫੈਲਾਉਣ” ਵਾਲਾ ਨਿਡਰ ਮੁਸਾਫ਼ਰ
ਕਿਹਾ ਜਾਂਦਾ ਹੈ ਕਿ ਜੌਰਜ ਬੌਰੋ 18 ਸਾਲ ਦੀ ਉਮਰ ਵਿਚ 12 ਭਾਸ਼ਾਵਾਂ ਜਾਣਦਾ ਸੀ। ਦੋ ਸਾਲਾਂ ਬਾਅਦ ਉਹ “ਬੜੀ ਕੁਸ਼ਲਤਾ ਤੇ ਆਸਾਨੀ ਨਾਲ” 20 ਭਾਸ਼ਾਵਾਂ ਵਿਚ ਅਨੁਵਾਦ ਕਰ ਸਕਦਾ ਸੀ।
ਸਾਲ 1833 ਵਿਚ ਇੰਗਲੈਂਡ ਵਿਚ ਲੰਡਨ ਦੀ ਬ੍ਰਿਟਿਸ਼ ਐਂਡ ਫੌਰਿਨ ਬਾਈਬਲ ਸੋਸਾਇਟੀ ਨੇ ਇਸ ਬੇਹੱਦ ਪ੍ਰਤਿਭਾਸ਼ਾਲੀ ਆਦਮੀ ਨੂੰ ਇੰਟਰਵਿਊ ਲਈ ਸੱਦਿਆ। ਜੌਰਜ ਬੌਰੋ ਨੌਰਿਚ ਸ਼ਹਿਰ ਵਿਚ ਰਹਿੰਦਾ ਸੀ ਜੋ ਲੰਡਨ ਤੋਂ 180 ਕਿਲੋਮੀਟਰ ਦੂਰ ਸੀ ਅਤੇ ਉਸ ਕੋਲ ਸਫ਼ਰ ਕਰਨ ਲਈ ਪੈਸੇ ਨਹੀਂ ਸਨ। ਪਰ 30-ਸਾਲਾ ਜੌਰਜ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ ਸੀ, ਇਸ ਲਈ ਉਸ ਨੇ ਪੈਦਲ ਤੁਰ ਕੇ ਇਹ ਸਫ਼ਰ 28 ਘੰਟਿਆਂ ਵਿਚ ਤੈ ਕੀਤਾ।
ਬਾਈਬਲ ਸੋਸਾਇਟੀ ਨੇ ਉਸ ਨੂੰ ਇਕ ਬਹੁਤ ਹੀ ਔਖਾ ਕੰਮ ਸੌਂਪਿਆ। ਇਹ ਸੀ ਮਾਂਚੂ ਭਾਸ਼ਾ ਨੂੰ ਛੇ ਮਹੀਨਿਆਂ ਵਿਚ ਸਿੱਖਣਾ। ਇਹ ਭਾਸ਼ਾ ਚੀਨ ਦੇ ਕੁਝ ਹਿੱਸਿਆਂ ਵਿਚ ਬੋਲੀ ਜਾਂਦੀ ਸੀ। ਜੌਰਜ ਨੇ ਸੋਸਾਇਟੀ ਕੋਲੋਂ ਵਿਆਕਰਣ ਦੀ ਕਿਤਾਬ ਮੰਗੀ, ਪਰ ਉਨ੍ਹਾਂ ਕੋਲ ਮਾਂਚੂ ਭਾਸ਼ਾ ਵਿਚ ਸਿਰਫ਼ ਮੱਤੀ ਦੀ ਇੰਜੀਲ ਅਤੇ ਮਾਂਚੂ-ਫ਼੍ਰੈਂਚ ਸ਼ਬਦ-ਕੋਸ਼ ਸੀ। ਪਰ 19 ਹਫ਼ਤਿਆਂ ਬਾਅਦ ਹੀ ਉਸ ਨੇ ਬਾਈਬਲ ਸੋਸਾਇਟੀ ਨੂੰ ਚਿੱਠੀ ਵਿਚ ਲਿਖਿਆ: “ਪਰਮੇਸ਼ੁਰ ਦੀ ਕਿਰਪਾ ਨਾਲ ਮੈਂ ਮਾਂਚੂ ਭਾਸ਼ਾ ਚੰਗੀ ਤਰ੍ਹਾਂ ਸਿੱਖ ਲਈ ਹੈ।” ਉਸ ਦੀ ਇਹ ਪ੍ਰਾਪਤੀ ਸੱਚ-ਮੁੱਚ ਹੈਰਾਨੀਜਨਕ ਸੀ ਕਿਉਂਕਿ ਦੱਸਿਆ ਜਾਂਦਾ ਹੈ ਕਿ ਉਹ ਮਾਂਚੂ ਭਾਸ਼ਾ ਸਿੱਖਣ ਦੇ ਨਾਲ-ਨਾਲ ਨਾਵਾਟਲ ਭਾਸ਼ਾ (ਮੈਕਸੀਕੋ ਦੀ ਇਕ ਮੂਲ ਭਾਸ਼ਾ) ਵਿਚ ਲਿਖੀ ਲੂਕਾ ਦੀ ਇੰਜੀਲ ਨੂੰ ਸੋਧਣ ਦਾ ਕੰਮ ਵੀ ਕਰ ਰਿਹਾ ਸੀ।
ਮਾਂਚੂ ਭਾਸ਼ਾ ਵਿਚ ਬਾਈਬਲ
ਮਾਂਚੂ ਭਾਸ਼ਾ ਨੂੰ 17ਵੀਂ ਸਦੀ ਵਿਚ ਪਹਿਲੀ ਵਾਰ ਲਿਖਤੀ ਰੂਪ ਦਿੱਤਾ ਗਿਆ ਸੀ। ਉਦੋਂ ਇਸ ਨੂੰ ਚੀਨ ਦੀ ਸਰਕਾਰੀ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਹੋਇਆ। ਇਸ ਲਿਪੀ ਦੇ ਅੱਖਰ ਮੰਗੋਲੀਆ ਵੀਗੁਰ ਲਿਪੀ ਤੋਂ ਲਏ ਗਏ ਸਨ। ਭਾਵੇਂ ਸਮੇਂ ਦੇ ਬੀਤਣ ਨਾਲ ਮਾਂਚੂ ਭਾਸ਼ਾ ਦੀ ਵਰਤੋਂ ਘੱਟਦੀ ਚਲੀ ਗਈ, ਪਰ ਬ੍ਰਿਟਿਸ਼ ਐਂਡ ਫੌਰਿਨ ਬਾਈਬਲ ਸੋਸਾਇਟੀ ਦੇ ਮੈਂਬਰ ਮਾਂਚੂ ਭਾਸ਼ਾ ਵਿਚ ਬਾਈਬਲਾਂ ਛਾਪਣ ਤੇ ਵੰਡਣ ਲਈ ਉਤਸੁਕ ਸਨ। ਇਸ ਲਈ 1822 ਵਿਚ ਇਸ ਸੋਸਾਇਟੀ ਨੇ ਸਟਿਪਾਨ ਵੀ. ਲਿਪੋਫਟਸਫ਼ ਦੁਆਰਾ ਅਨੁਵਾਦ ਕੀਤੀ ਗਈ ਮੱਤੀ ਦੀ ਇੰਜੀਲ ਦੀਆਂ 550 ਕਾਪੀਆਂ ਛਪਵਾਈਆਂ। ਸਟਿਪਾਨ ਰੂਸੀ ਵਿਦੇਸ਼ ਮੰਤਰਾਲੇ ਦਾ ਮੈਂਬਰ ਸੀ ਜੋ ਚੀਨ ਵਿਚ 20 ਸਾਲ ਰਹਿ ਚੁੱਕਾ ਸੀ। ਇਹ ਇੰਜੀਲ ਸੇਂਟ ਪੀਟਰਸਬਰਗ ਵਿਚ ਛਾਪੀ ਗਈ ਸੀ। ਇਸ ਦੀਆਂ ਅਜੇ ਕੁਝ ਹੀ ਕਾਪੀਆਂ ਵੰਡੀਆਂ ਗਈਆਂ ਸਨ ਕਿ ਹੜ੍ਹ ਆਉਣ ਨਾਲ ਬਾਕੀ ਸਾਰੀਆਂ ਕਾਪੀਆਂ ਤਬਾਹ ਹੋ ਗਈਆਂ।
ਉਸ ਤੋਂ ਕੁਝ ਹੀ ਸਮੇਂ ਬਾਅਦ ਬਾਈਬਲ ਦੇ ਪੂਰੇ ਯੂਨਾਨੀ ਸ਼ਾਸਤਰ ਦਾ ਅਨੁਵਾਦ ਕੀਤਾ ਗਿਆ ਸੀ। ਸਾਲ 1834 ਵਿਚ ਮਾਂਚੂ ਭਾਸ਼ਾ ਵਿਚ ਲਗਭਗ ਸੰਪੂਰਣ ਇਬਰਾਨੀ ਸ਼ਾਸਤਰ ਦੀ ਇਕ ਪ੍ਰਾਚੀਨ ਹੱਥ-ਲਿਖਤ ਲੱਭਣ ਨਾਲ ਬਾਈਬਲ ਵਿਚ ਲੋਕਾਂ ਦੀ ਰੁਚੀ ਕਾਫ਼ੀ ਵਧ ਗਈ। ਇਸ ਲਈ ਬਾਈਬਲ ਸੋਸਾਇਟੀ ਨੇ ਮਾਂਚੂ ਬਾਈਬਲ ਨੂੰ ਸੋਧਣ ਅਤੇ ਬਾਕੀ ਹਿੱਸਿਆਂ ਦਾ ਅਨੁਵਾਦ ਕਰਨ ਦਾ ਫ਼ੈਸਲਾ ਕੀਤਾ। ਪਰ ਇਸ ਕੰਮ ਦੀ ਨਿਗਰਾਨੀ ਕੌਣ ਕਰਦਾ? ਉਨ੍ਹਾਂ ਨੇ ਜੌਰਜ ਬੌਰੋ ਨੂੰ ਹੀ ਇਸ ਕੰਮ ਲਈ ਸੇਂਟ ਪੀਟਰਸਬਰਗ ਘੱਲਿਆ।
ਰੂਸ ਵਿਚ
ਸੇਂਟ ਪੀਟਰਸਬਰਗ ਪਹੁੰਚ ਕੇ ਜੌਰਜ ਬੌਰੋ ਨੇ ਮਾਂਚੂ ਭਾਸ਼ਾ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਤਾਂਕਿ ਉਹ ਮਾਂਚੂ ਬਾਈਬਲ ਦੀ
ਵਧੀਆ ਤਰੀਕੇ ਨਾਲ ਸੋਧ ਕਰ ਸਕੇ। ਤਾਂ ਵੀ ਇਹ ਕੋਈ ਸੌਖਾ ਕੰਮ ਸਾਬਤ ਨਹੀਂ ਹੋਇਆ। ਨਿਊ ਟੈਸਟਾਮੈਂਟ ਦੀ ਛਪਾਈ ਲਈ ਛਾਪੇ ਦੇ ਅੱਖਰ ਸੈੱਟ ਕਰਨ ਵਿਚ ਜੌਰਜ ਅਕਸਰ ਦਿਨ ਵਿਚ 13 ਘੰਟੇ ਮਿਹਨਤ ਕਰਦਾ ਸੀ। ਬਾਅਦ ਵਿਚ ਇਸ ਕਿਤਾਬ ਨੂੰ “ਚੀਨੀ ਭਾਸ਼ਾ ਵਿਚ ਇਕ ਬਹੁਤ ਹੀ ਸੋਹਣਾ ਐਡੀਸ਼ਨ” ਕਿਹਾ ਗਿਆ। ਸਾਲ 1835 ਵਿਚ ਇਸ ਦੀਆਂ ਹਜ਼ਾਰ ਕਾਪੀਆਂ ਛਾਪੀਆਂ ਗਈਆਂ। ਪਰ ਇਨ੍ਹਾਂ ਨੂੰ ਚੀਨ ਲੈ ਜਾ ਕੇ ਵੰਡਣ ਦਾ ਜੌਰਜ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਰੂਸੀ ਸਰਕਾਰ ਨੂੰ ਡਰ ਸੀ ਕਿ ਜੇ ਇਹ ਬਾਈਬਲਾਂ ਵੰਡੀਆਂ ਗਈਆਂ, ਤਾਂ ਚੀਨ ਕਿਤੇ ਇਹ ਨਾ ਸੋਚੇ ਕਿ ਚੀਨੀਆਂ ਨੂੰ ਈਸਾਈ ਬਣਾਉਣ ਦਾ ਜਤਨ ਕੀਤਾ ਜਾ ਰਿਹਾ ਸੀ। ਇਸ ਨਾਲ ਚੀਨ ਤੇ ਰੂਸ ਦੇ ਆਪਸੀ ਚੰਗੇ ਸੰਬੰਧ ਖ਼ਰਾਬ ਹੋ ਸਕਦੇ ਸਨ। ਇਸ ਲਈ ਰੂਸੀ ਸਰਕਾਰ ਨੇ ਜੌਰਜ ਨੂੰ ਧਮਕਾਇਆ ਕਿ ਜੇ ਉਹ “ਇਕ ਵੀ ਮਾਂਚੂ ਬਾਈਬਲ” ਨਾਲ ਲੈ ਕੇ ਗਿਆ, ਤਾਂ ਉਸ ਨੂੰ ਸਰਹੱਦ ਪਾਰ ਕਰ ਕੇ ਚੀਨ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਫਿਰ ਵੀ ਉਸ ਐਡੀਸ਼ਨ ਦੀਆਂ ਕੁਝ ਕਾਪੀਆਂ ਜ਼ਰੂਰ ਵੰਡੀਆਂ ਗਈਆਂ, ਪਰ ਲਗਭਗ ਦਸ ਸਾਲ ਬਾਅਦ। ਸਾਲ 1859 ਵਿਚ ਮੱਤੀ ਤੇ ਮਰਕੁਸ ਦੀਆਂ ਇੰਜੀਲਾਂ ਦੇ ਅਨੁਵਾਦ ਰਿਲੀਸ ਕੀਤੇ ਗਏ ਜਿਨ੍ਹਾਂ ਵਿਚ ਦੋ ਨਾਲ-ਨਾਲ ਦਿੱਤੇ ਕਾਲਮਾਂ ਵਿਚ ਮਾਂਚੂ ਅਤੇ ਚੀਨੀ ਦੋਨਾਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਸੀ। ਪਰ ਉਦੋਂ ਮਾਂਚੂ ਪੜ੍ਹਨ ਵਾਲੇ ਜ਼ਿਆਦਾਤਰ ਲੋਕ ਚੀਨੀ ਭਾਸ਼ਾ ਪੜ੍ਹਨੀ ਜ਼ਿਆਦਾ ਪਸੰਦ ਕਰਨ ਲੱਗ ਪਏ ਸਨ। ਇਸ ਲਈ ਮਾਂਚੂ ਭਾਸ਼ਾ ਵਿਚ ਪੂਰੀ ਬਾਈਬਲ ਛਾਪਣ ਦੀ ਆਸ ਉੱਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਸੀ। ਮਾਂਚੂ ਭਾਸ਼ਾ ਪੜ੍ਹਨ ਵਾਲਿਆਂ ਦੀ ਗਿਣਤੀ ਘੱਟਦੀ ਚਲੀ ਗਈ। ਸਾਲ 1912 ਵਿਚ ਜਦੋਂ ਚੀਨ ਇਕ ਗਣਰਾਜ ਬਣਿਆ, ਤਾਂ ਉਦੋਂ ਚੀਨੀ ਭਾਸ਼ਾ ਹੀ ਸਰਕਾਰੀ ਭਾਸ਼ਾ ਬਣ ਗਈ।
ਆਈਬੇਰੀਆਈ ਪ੍ਰਾਇਦੀਪ
ਸੇਂਟ ਪੀਟਰਸਬਰਗ ਵਿਚ ਹੋਏ ਤਜਰਬਿਆਂ ਕਰਕੇ ਜੌਰਜ ਬੌਰੋ ਵਿਚ ਨਵਾਂ ਜੋਸ਼ ਪੈਦਾ ਹੋਇਆ। ਲੰਡਨ ਵਾਪਸ ਆਉਣ ਮਗਰੋਂ 1835 ਵਿਚ ਉਸ ਨੂੰ ਪੁਰਤਗਾਲ ਅਤੇ ਸਪੇਨ ਘੱਲਿਆ ਗਿਆ। ਉਸ ਨੇ ਬਾਅਦ ਵਿਚ ਆਪ ਕਿਹਾ ਕਿ ਉਸ ਨੂੰ ਉੱਥੇ ਇਹ ਪਤਾ ਲਗਾਉਣ ਲਈ ਭੇਜਿਆ ਗਿਆ ਸੀ ਕਿ “ਲੋਕਾਂ ਦੇ ਮਨ ਮਸੀਹ ਦੀਆਂ ਸੱਚਾਈਆਂ ਨੂੰ ਗ੍ਰਹਿਣ ਕਰਨ ਲਈ ਕਿੰਨੇ ਕੁ ਤਿਆਰ ਸਨ।” ਉਸ ਸਮੇਂ ਤੋਂ ਪਹਿਲਾਂ, ਬਾਈਬਲ ਸੋਸਾਇਟੀ ਨੇ ਪੁਰਤਗਾਲ ਤੇ ਸਪੇਨ ਵਿਚ ਬਾਈਬਲ ਵੰਡਣ ਦਾ ਕੋਈ ਕੰਮ ਨਹੀਂ ਕੀਤਾ ਸੀ ਕਿਉਂਕਿ ਦੋਨੋਂ ਦੇਸ਼ ਸਿਆਸੀ ਤੇ ਸਮਾਜਕ ਗੜਬੜੀ ਦੀ ਲਪੇਟ ਵਿਚ ਸਨ। ਪੁਰਤਗਾਲ ਦੇ ਪੇਂਡੂ ਇਲਾਕਿਆਂ ਵਿਚ ਲੋਕਾਂ ਨਾਲ ਬਾਈਬਲ ਬਾਰੇ ਗੱਲ ਕਰ ਕੇ ਬੌਰੋ ਬਹੁਤ ਖ਼ੁਸ਼ ਸੀ। ਪਰ ਜਲਦੀ ਹੀ ਉਸ ਨੇ ਦੇਖਿਆ ਕਿ ਲੋਕ ਧਰਮ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ ਸਨ। ਇਸ ਲਈ ਉਹ ਪੁਰਤਗਾਲ ਤੋਂ ਸਪੇਨ ਚਲਾ ਗਿਆ।
ਸਪੇਨ ਵਿਚ ਬੌਰੋ ਨੇ ਇਕ ਵੱਖਰੀ ਚੁਣੌਤੀ ਦਾ ਸਾਮ੍ਹਣਾ ਕੀਤਾ। ਬੌਰੋ ਦੀ ਖ਼ਾਸਕਰ ਜਿਪਸੀ ਯਾਨੀ ਵਣਜਾਰਿਆਂ ਨਾਲ ਦੋਸਤੀ ਪੈ ਗਈ ਕਿਉਂਕਿ ਉਹ ਉਨ੍ਹਾਂ ਦੀ ਭਾਸ਼ਾ ਬੋਲ ਸਕਦਾ ਸੀ। ਸਪੇਨ ਪਹੁੰਚਣ ਤੋਂ ਥੋੜ੍ਹੇ ਸਮੇਂ ਬਾਅਦ ਉਸ ਨੇ ਸਪੇਨੀ ਜਿਪਸੀ ਭਾਸ਼ਾ (ਖ਼ੀਟਾਨੋ) ਵਿਚ “ਨਵਾਂ ਨੇਮ” ਦਾ ਅਨੁਵਾਦ ਸ਼ੁਰੂ ਕਰ ਦਿੱਤਾ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਬੌਰੋ ਨੇ ਦੋ ਜਿਪਸੀ ਤੀਵੀਆਂ ਦੀ ਮਦਦ ਲਈ। ਉਹ ਸਪੇਨੀ ਬਾਈਬਲ ਵਿੱਚੋਂ ਉਨ੍ਹਾਂ ਨੂੰ ਕੁਝ ਪੜ੍ਹ ਕੇ ਸੁਣਾਉਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਪੁੱਛਦਾ ਸੀ ਕਿ ਉਹ ਇਹੋ ਗੱਲ ਆਪਣੀ ਭਾਸ਼ਾ ਵਿਚ ਕਿੱਦਾਂ ਕਹਿਣਗੀਆਂ। ਇਸ ਤਰ੍ਹਾਂ ਉਸ ਨੇ ਸਹੀ ਤਰੀਕੇ ਨਾਲ ਜਿਪਸੀ ਭਾਸ਼ਾ ਬੋਲਣੀ ਸਿੱਖੀ। ਉਸ ਦੀ ਮਿਹਨਤ ਰੰਗ ਲਿਆਈ ਜਦੋਂ 1838 ਦੀ ਬਸੰਤ ਵਿਚ ਲੂਕਾ ਦੀ ਇੰਜੀਲ ਖ਼ੀਟਾਨੋ ਭਾਸ਼ਾ ਵਿਚ ਰਿਲੀਸ ਕੀਤੀ ਗਈ। ਇਹ ਗੱਲ ਸੁਣ ਕੇ ਇਕ ਬਿਸ਼ਪ ਬੋਲ ਉੱਠਿਆ: ‘ਜਿਪਸੀ ਭਾਸ਼ਾ ਵਿਚ ਇਹ ਬਾਈਬਲ ਪੜ੍ਹ ਕੇ ਸਾਰੇ ਸਪੇਨ ਦੇ ਲੋਕ ਚਰਚ ਆਉਣਾ ਛੱਡ ਦੇਣਗੇ।’
ਜੌਰਜ ਬੌਰੋ ਨੂੰ ਇਕ ਅਜਿਹਾ ਬੰਦਾ ਲੱਭਣ ਲਈ ਕਿਹਾ ਗਿਆ ਸੀ ਜੋ “ਬਾਸਕ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰ ਸਕੇ।” ਬੌਰੋ ਆਪ ਵੀ ਥੋੜ੍ਹੀ-ਬਹੁਤ ਬਾਸਕ ਭਾਸ਼ਾ ਸਮਝਦਾ ਸੀ, ਪਰ ਇਸ ਕੰਮ ਦਾ ਜ਼ਿੰਮਾ ਡਾ. ਓਟੇਸਾ ਨੂੰ ਦਿੱਤਾ ਗਿਆ ਜੋ “ਇਸ ਉਪਭਾਸ਼ਾ ਵਿਚ ਮਾਹਰ ਸੀ।” ਸਾਲ 1838 ਵਿਚ ਲੂਕਾ ਦੀ
ਇੰਜੀਲ ਛਾਪੀ ਗਈ ਅਤੇ ਇਹ ਸਪੇਨੀ ਬਾਸਕ ਭਾਸ਼ਾ ਵਿਚ ਛਪਣ ਵਾਲੀ ਪਹਿਲੀ ਬਾਈਬਲ ਕਿਤਾਬ ਸੀ।ਬੌਰੋ ਆਮ ਲੋਕਾਂ ਵਿਚ ਬਾਈਬਲ ਦਾ ਗਿਆਨ ਫੈਲਾਉਣ ਦੀ ਗਹਿਰੀ ਇੱਛਾ ਰੱਖਦਾ ਸੀ। ਉਸ ਨੇ ਪੇਂਡੂ ਇਲਾਕਿਆਂ ਵਿਚ ਗ਼ਰੀਬਾਂ ਨੂੰ ਬਾਈਬਲ ਵੰਡਣ ਲਈ ਲੰਬੇ ਤੇ ਔਖੇ ਸਫ਼ਰ ਤੈ ਕੀਤੇ। ਉਹ ਉਨ੍ਹਾਂ ਨੂੰ ਅੰਧ-ਵਿਸ਼ਵਾਸ ਅਤੇ ਧਾਰਮਿਕ ਅਗਿਆਨਤਾ ਤੋਂ ਮੁਕਤ ਕਰਨਾ ਚਾਹੁੰਦਾ ਸੀ। ਮਿਸਾਲ ਲਈ, ਉਹ ਪਾਦਰੀਆਂ ਨੂੰ ਪੈਸੇ ਦੇ ਕੇ ਪਾਪ ਦੀ ਮਾਫ਼ੀ ਪ੍ਰਾਪਤ ਕਰਨ ਦੀ ਪ੍ਰਥਾ ਨੂੰ ਗ਼ਲਤ ਕਹਿੰਦਾ ਸੀ। ਉਹ ਲੋਕਾਂ ਨੂੰ ਸਮਝਾਉਂਦਾ: “ਇਹ ਕਿੱਦਾਂ ਮੁਮਕਿਨ ਹੈ ਕਿ ਪਿਆਰ ਕਰਨ ਵਾਲਾ ਪਰਮੇਸ਼ੁਰ ਸਾਡੇ ਪਾਪ ਮਾਫ਼ ਕਰਨ ਲਈ ਸਾਡੇ ਤੋਂ ਪੈਸਿਆਂ ਦੀ ਮੰਗ ਕਰੇ?” ਪਰ ਬਾਈਬਲ ਸੋਸਾਇਟੀ ਨੂੰ ਡਰ ਸੀ ਕਿ ਜੇ ਬੌਰੋ ਇਸ ਤਰ੍ਹਾਂ ਚਰਚ ਦੀਆਂ ਸਿੱਖਿਆਵਾਂ ਦੀ ਨਿੰਦਾ ਕਰਦਾ ਰਿਹਾ, ਤਾਂ ਸੋਸਾਇਟੀ ਦੀਆਂ ਸਰਗਰਮੀਆਂ ਉੱਤੇ ਪਾਬੰਦੀ ਲੱਗ ਜਾਵੇਗੀ। ਇਸ ਲਈ ਉਨ੍ਹਾਂ ਨੇ ਬੌਰੋ ਨੂੰ ਸਿਰਫ਼ ਬਾਈਬਲ ਵੰਡਣ ਦੇ ਕੰਮ ਉੱਤੇ ਧਿਆਨ ਲਾਉਣ ਦਾ ਆਦੇਸ਼ ਦਿੱਤਾ।
ਸਪੇਨ ਦੇ ਪ੍ਰਧਾਨ ਮੰਤਰੀ ਦੇ ਵਿਰੋਧ ਦੇ ਬਾਵਜੂਦ ਬੌਰੋ ਨੂੰ ਸਪੇਨੀ ਭਾਸ਼ਾ ਵਿਚ ਨਵਾਂ ਨੇਮ ਛਾਪਣ ਦੀ ਅਨੁਮਤੀ ਦੇ ਦਿੱਤੀ ਗਈ ਜਿਸ ਵਿੱਚੋਂ ਰੋਮਨ ਕੈਥੋਲਿਕ ਚਰਚ ਦੀਆਂ ਟਿੱਪਣੀਆਂ ਕੱਢ ਦਿੱਤੀਆਂ ਗਈਆਂ ਸਨ। ਪ੍ਰਧਾਨ ਮੰਤਰੀ ਨੇ ਇਸ ਅਨੁਵਾਦ ਨੂੰ ਇਕ ਖ਼ਤਰਨਾਕ ਅਤੇ “ਬੇਹੂਦਾ ਕਿਤਾਬ” ਕਿਹਾ ਸੀ। ਸਪੇਨੀ ਭਾਸ਼ਾ ਵਿਚ ਇਸ ਨਵੇਂ ਨੇਮ ਨੂੰ ਵੰਡਣ ਲਈ ਬੌਰੋ ਨੇ ਮੈਡਰਿਡ ਸ਼ਹਿਰ ਵਿਚ ਇਕ ਡਿਪੂ ਖੋਲ੍ਹਿਆ ਜਿਸ ਕਰਕੇ ਉਸ ਨੂੰ ਪਾਦਰੀਆਂ ਅਤੇ ਸਰਕਾਰੀ ਅਫ਼ਸਰਾਂ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ। ਉਸ ਨੂੰ 12 ਦਿਨਾਂ ਲਈ ਜੇਲ੍ਹ ਦੀ ਹਵਾ ਵੀ ਖਾਣੀ ਪਈ। ਜਦੋਂ ਬੌਰੋ ਨੇ ਰੋਸ ਪ੍ਰਗਟਾਇਆ, ਤਾਂ ਉਸ ਨੂੰ ਚੁੱਪ-ਚਾਪ ਰਿਹਾਅ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਬੌਰੋ ਜਾਣਦਾ ਸੀ ਕਿ ਉਸ ਦੀ ਗਿਰਫ਼ਤਾਰੀ ਗ਼ੈਰ-ਕਾਨੂੰਨੀ ਸੀ। ਇਸ ਲਈ ਉਸ ਨੇ ਪੌਲੁਸ ਰਸੂਲ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਹ ਤਦ ਤਕ ਬਾਹਰ ਨਹੀਂ ਜਾਵੇਗਾ ਜਦ ਤਕ ਕਿ ਉਸ ਨੂੰ ਨਿਰਦੋਸ਼ ਕਰਾਰ ਨਹੀਂ ਦਿੱਤਾ ਜਾਂਦਾ।—ਰਸੂਲਾਂ ਦੇ ਕਰਤੱਬ 16:37.
ਬੌਰੋ 1840 ਵਿਚ ਸਪੇਨ ਤੋਂ ਲੰਡਨ ਵਾਪਸ ਆਇਆ। ਉਸ ਸਮੇਂ ਬਾਈਬਲ ਸੋਸਾਇਟੀ ਇਹ ਰਿਪੋਰਟ ਦੇ ਸਕੀ: “ਪਿਛਲੇ ਪੰਜ ਸਾਲਾਂ ਵਿਚ ਬਾਈਬਲ ਦੀਆਂ ਤਕਰੀਬਨ 14,000 ਕਾਪੀਆਂ ਸਪੇਨ ਵਿਚ ਵੰਡੀਆਂ ਗਈਆਂ ਹਨ।” ਇਸ ਕੰਮ ਨੂੰ ਸਿਰੇ ਚਾੜ੍ਹਨ ਵਿਚ ਬੌਰੋ ਨੇ ਅਹਿਮ ਭੂਮਿਕਾ ਨਿਭਾਈ ਸੀ ਜਿਸ ਕਰਕੇ ਉਸ ਨੇ ਸਪੇਨ ਵਿਚ ਬਿਤਾਏ ਆਪਣੇ ਸਮੇਂ ਨੂੰ ‘ਆਪਣੀ ਜ਼ਿੰਦਗੀ ਦੇ ਸਭ ਤੋਂ ਖ਼ੁਸ਼ੀ ਭਰੇ ਸਾਲ’ ਕਿਹਾ।
ਸਾਲ 1842 ਵਿਚ ਛਪੀ ਕਿਤਾਬ ਦ ਬਾਈਬਲ ਇਨ ਸਪੇਨ ਵਿਚ ਜੌਰਜ ਬੌਰੋ ਦੀ ਜ਼ਬਾਨੀ ਉਸ ਦੀਆਂ ਯਾਤਰਾਵਾਂ ਦਾ ਖੁਲਾਸਾ ਦਿੱਤਾ ਗਿਆ ਹੈ। ਇਹ ਲੋਕਪ੍ਰਿਯ ਕਿਤਾਬ ਅਜੇ ਵੀ ਛਾਪੀ ਜਾਂਦੀ ਹੈ। ਇਸ ਕਿਤਾਬ ਵਿਚ ਬੌਰੋ ਆਪਣੇ ਆਪ ਨੂੰ “ਥਾਂ-ਥਾਂ ਜਾ ਕੇ ਇੰਜੀਲ ਫੈਲਾਉਣ” ਵਾਲਾ ਨਿਡਰ ਮੁਸਾਫ਼ਰ ਕਹਿੰਦਾ ਹੈ। ਉਸ ਨੇ ਲਿਖਿਆ: “ਮੇਰਾ ਇਹੋ ਉਦੇਸ਼ ਸੀ ਕਿ ਮੈਂ ਦੂਰ-ਦੁਰੇਡੇ ਉੱਚੇ-ਨੀਵੇਂ ਪਹਾੜਾਂ ਵਿਚ ਵੱਸਦੇ ਲੋਕਾਂ ਨੂੰ ਮਿਲਾਂ ਅਤੇ ਹਰ ਸੰਭਵ ਤਰੀਕੇ ਨਾਲ ਉਨ੍ਹਾਂ ਨੂੰ ਮਸੀਹ ਬਾਰੇ ਦੱਸਾਂ।”
ਪੂਰੇ ਜੋਸ਼ ਨਾਲ ਬਾਈਬਲ ਵੰਡ ਕੇ ਅਤੇ ਇਸ ਦਾ ਅਨੁਵਾਦ ਕਰ ਕੇ ਜੌਰਜ ਬੌਰੋ ਨੇ ਆਪਣੇ ਪਿੱਛੋਂ ਆਉਣ ਵਾਲਿਆਂ ਲਈ ਰਾਹ ਤਿਆਰ ਕਰਨ ਦਾ ਵੱਡਾ ਸਨਮਾਨ ਪ੍ਰਾਪਤ ਕੀਤਾ।
[ਸਫ਼ੇ 29 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਬਾਈਬਲ ਦੇ ਅਨੁਵਾਦ ਅਤੇ ਵੰਡਾਈ ਦੀ ਖ਼ਾਤਰ ਜੌਰਜ ਬੌਰੋ (1) ਇੰਗਲੈਂਡ ਤੋਂ (2) ਰੂਸ, (3) ਪੁਰਤਗਾਲ ਅਤੇ (4) ਸਪੇਨ ਗਿਆ
[ਕ੍ਰੈਡਿਟ ਲਾਈਨ]
Mountain High Maps® Copyright © 1997 Digital Wisdom, Inc.
[ਸਫ਼ੇ 28 ਉੱਤੇ ਤਸਵੀਰ]
1835 ਵਿਚ ਮਾਂਚੂ ਭਾਸ਼ਾ ਵਿਚ ਛਪੀ ਯੂਹੰਨਾ ਦੀ ਇੰਜੀਲ ਦੇ ਮੁਢਲੇ ਸ਼ਬਦ ਜੋ ਖੱਬਿਓਂ ਸੱਜੇ ਅਤੇ ਉੱਪਰੋਂ ਥੱਲੇ ਲਿਖੇ ਗਏ ਹਨ
[ਕ੍ਰੈਡਿਟ ਲਾਈਨ]
From the book The Bible of Every Land, 1860
[ਸਫ਼ੇ 27 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
From the book The Life of George Borrow by Clement K. Shorter, 1919