Skip to content

Skip to table of contents

ਥੱਕ ਜਾਂਦੇ ਹਾਂ ਪਰ ਹੌਸਲਾ ਨਹੀਂ ਹਾਰਦੇ

ਥੱਕ ਜਾਂਦੇ ਹਾਂ ਪਰ ਹੌਸਲਾ ਨਹੀਂ ਹਾਰਦੇ

ਥੱਕ ਜਾਂਦੇ ਹਾਂ ਪਰ ਹੌਸਲਾ ਨਹੀਂ ਹਾਰਦੇ

“ਪਰਮੇਸ਼ੁਰ ਯਹੋਵਾਹ, ਧਰਤੀ ਦਿਆਂ ਬੰਨਿਆਂ ਦਾ ਕਰਤਾ, . . . ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ।”—ਯਸਾਯਾਹ 40:28, 29.

1, 2. (ੳ) ਸ਼ੁੱਧ ਭਗਤੀ ਕਰਨ ਦੀ ਇੱਛਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਕਿਹੜਾ ਸੱਦਾ ਦਿੱਤਾ ਗਿਆ ਹੈ? (ਅ) ਕਿਹੜੀ ਗੱਲ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਗੰਭੀਰ ਖ਼ਤਰੇ ਵਿਚ ਪਾ ਸਕਦੀ ਹੈ?

ਯਿਸੂ ਦੇ ਚੇਲੇ ਹੋਣ ਦੇ ਨਾਤੇ, ਅਸੀਂ ਉਸ ਦੇ ਇਸ ਸੱਦੇ ਤੋਂ ਭਲੀ-ਭਾਂਤ ਜਾਣੂ ਹਾਂ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। . . . ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।” (ਮੱਤੀ 11:28-30) ਮਸੀਹੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ “ਪ੍ਰਭੁ ਦੇ ਹਜ਼ੂਰੋਂ ਸੁਖ ਦੇ ਦਿਨ” ਦੇਖਣਗੇ ਯਾਨੀ ਉਹ ਤਾਜ਼ਗੀ ਮਹਿਸੂਸ ਕਰਨਗੇ। (ਰਸੂਲਾਂ ਦੇ ਕਰਤੱਬ 3:19) ਬਾਈਬਲ ਦੀਆਂ ਸੱਚਾਈਆਂ ਸਿੱਖ ਕੇ, ਭਵਿੱਖ ਦੀ ਵਧੀਆ ਉਮੀਦ ਹਾਸਲ ਕਰ ਕੇ ਅਤੇ ਯਹੋਵਾਹ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਤੁਹਾਨੂੰ ਜ਼ਰੂਰ ਤਾਜ਼ਗੀ ਮਹਿਸੂਸ ਹੋਈ ਹੋਵੇਗੀ।

2 ਪਰ ਯਹੋਵਾਹ ਦੇ ਕੁਝ ਭਗਤ ਕਦੇ-ਕਦੇ ਬਹੁਤ ਹੀ ਮਾਯੂਸ ਹੋ ਜਾਂਦੇ ਹਨ। ਕੁਝ ਹਾਲਾਤਾਂ ਵਿਚ ਨਿਰਾਸ਼ਾ ਦਾ ਇਹ ਦੌਰ ਥੋੜ੍ਹੇ ਸਮੇਂ ਲਈ ਚੱਲਦਾ ਹੈ ਤੇ ਕਦੀ-ਕਦੀ ਇਹ ਦੌਰ ਲੰਬੀ ਦੇਰ ਤਕ ਚੱਲਦਾ ਰਹਿ ਸਕਦਾ ਹੈ। ਸਮਾਂ ਬੀਤਣ ਦੇ ਨਾਲ-ਨਾਲ ਕੁਝ ਸ਼ਾਇਦ ਮਹਿਸੂਸ ਕਰਨ ਕਿ ਉਨ੍ਹਾਂ ਦੀਆਂ ਮਸੀਹੀ ਜ਼ਿੰਮੇਵਾਰੀਆਂ ਉਨ੍ਹਾਂ ਲਈ ਬੋਝਲ ਬਣ ਗਈਆਂ ਹਨ, ਨਾ ਕਿ ਹਲਕੀਆਂ ਜਿਵੇਂ ਯਿਸੂ ਨੇ ਵਾਅਦਾ ਕੀਤਾ ਸੀ। ਅਜਿਹੀਆਂ ਹੌਸਲਾ ਢਾਹੁਣ ਵਾਲੀਆਂ ਭਾਵਨਾਵਾਂ ਰੱਖਣ ਨਾਲ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ।

3. ਯਿਸੂ ਨੇ ਯੂਹੰਨਾ 14:1 ਦੇ ਸ਼ਬਦ ਕਿਉਂ ਕਹੇ ਸਨ?

3 ਗਿਰਫ਼ਤਾਰ ਹੋਣ ਅਤੇ ਮੌਤ ਦੀ ਸਜ਼ਾ ਭੁਗਤਣ ਤੋਂ ਕੁਝ ਚਿਰ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਹਾਡਾ ਦਿਲ ਨਾ ਘਬਰਾਵੇ। ਪਰਮੇਸ਼ੁਰ ਉੱਤੇ ਨਿਹਚਾ ਕਰੋ ਅਰ ਮੇਰੇ ਉੱਤੇ ਵੀ ਨਿਹਚਾ ਕਰੋ।” (ਯੂਹੰਨਾ 14:1) ਯਿਸੂ ਨੇ ਇਹ ਸ਼ਬਦ ਇਸ ਲਈ ਕਹੇ ਸਨ ਕਿਉਂਕਿ ਜਲਦੀ ਹੀ ਰਸੂਲ ਦੁਖਦਾਈ ਹਾਲਾਤਾਂ ਵਿੱਚੋਂ ਗੁਜ਼ਰਨ ਵਾਲੇ ਸਨ। ਉਨ੍ਹਾਂ ਨੇ ਸਖ਼ਤ ਤਸੀਹਿਆਂ ਦਾ ਸਾਮ੍ਹਣਾ ਕਰਨਾ ਸੀ। ਯਿਸੂ ਜਾਣਦਾ ਸੀ ਕਿ ਉਸ ਦੇ ਰਸੂਲ ਨਿਰਾਸ਼ ਹੋਣ ਕਾਰਨ ਠੋਕਰ ਖਾ ਸਕਦੇ ਸਨ। (ਯੂਹੰਨਾ 16:1) ਜੇ ਉਹ ਆਪਣੀ ਨਿਰਾਸ਼ਾ ਤੇ ਕਾਬੂ ਨਾ ਪਾਉਣ, ਤਾਂ ਰਸੂਲਾਂ ਨੇ ਅਧਿਆਤਮਿਕ ਤੌਰ ਤੇ ਕਮਜ਼ੋਰ ਹੋ ਜਾਣਾ ਸੀ ਤੇ ਯਹੋਵਾਹ ਉੱਤੋਂ ਉਨ੍ਹਾਂ ਦਾ ਭਰੋਸਾ ਉੱਠ ਜਾਣਾ ਸੀ। ਇਹੀ ਗੱਲ ਅੱਜ ਸਾਡੇ ਉੱਤੇ ਵੀ ਲਾਗੂ ਹੁੰਦੀ ਹੈ। ਜੇ ਅਸੀਂ ਜ਼ਿਆਦਾ ਦੇਰ ਨਿਰਾਸ਼ਾ ਵਿਚ ਡੁੱਬੇ ਰਹਿੰਦੇ ਹਾਂ, ਤਾਂ ਇਸ ਨਾਲ ਸਾਨੂੰ ਜ਼ਿਆਦਾ ਤਕਲੀਫ਼ ਸਹਿਣੀ ਪੈ ਸਕਦੀ ਹੈ ਤੇ ਸਾਡੇ ਮਨ ਨਿਰਾਸ਼ਾ ਨਾਲ ਭਾਰੀ ਹੋ ਸਕਦੇ ਹਨ। (ਯਿਰਮਿਯਾਹ 8:18) ਅਸੀਂ ਸ਼ਾਇਦ ਅੰਦਰੋਂ ਕਮਜ਼ੋਰ ਹੋ ਜਾਈਏ। ਇਸ ਕਾਰਨ ਅਸੀਂ ਮਾਯੂਸੀ ਦਾ ਸ਼ਿਕਾਰ ਹੋ ਸਕਦੇ ਹਾਂ ਅਤੇ ਅਧਿਆਤਮਿਕ ਤੌਰ ਤੇ ਮੁਰਝਾ ਸਕਦੇ ਹਾਂ, ਇੱਥੋਂ ਤਕ ਕਿ ਯਹੋਵਾਹ ਦੀ ਭਗਤੀ ਕਰਨ ਦੀ ਆਪਣੀ ਇੱਛਾ ਨੂੰ ਵੀ ਗੁਆ ਸਕਦੇ ਹਾਂ।

4. ਆਪਣੇ ਲਾਖਣਿਕ ਮਨ ਨੂੰ ਥਕਾਵਟ ਤੋਂ ਬਚਾਉਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

4 ਬਾਈਬਲ ਦੀ ਇਹ ਸਲਾਹ ਸੱਚ-ਮੁੱਚ ਢੁਕਵੀਂ ਹੈ: “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!” (ਕਹਾਉਤਾਂ 4:23) ਬਾਈਬਲ ਸਾਨੂੰ ਫ਼ਾਇਦੇਮੰਦ ਸਲਾਹ ਦਿੰਦੀ ਹੈ ਜੋ ਸਾਨੂੰ ਆਪਣੇ ਲਾਖਣਿਕ ਮਨ ਨੂੰ ਨਿਰਾਸ਼ਾ ਅਤੇ ਅਧਿਆਤਮਿਕ ਥਕਾਵਟ ਤੋਂ ਬਚਾਉਣ ਵਿਚ ਮਦਦ ਕਰਦੀ ਹੈ। ਪਰ ਪਹਿਲਾਂ ਸਾਨੂੰ ਆਪਣੀ ਨਿਰਾਸ਼ਾ ਦਾ ਕਾਰਨ ਪਤਾ ਲਾਉਣ ਦੀ ਲੋੜ ਹੈ।

ਮਸੀਹੀ ਧਰਮ ਬੋਝਲ ਨਹੀਂ ਹੈ

5. ਯਿਸੂ ਨੇ ਕਿਹੜੀਆਂ ਦੋ ਗੱਲਾਂ ਕਹੀਆਂ ਸਨ ਜੋ ਇਕ-ਦੂਸਰੇ ਦਾ ਵਿਰੋਧ ਕਰਦੀਆਂ ਲੱਗ ਸਕਦੀਆਂ ਹਨ?

5 ਇਹ ਸੱਚ ਹੈ ਕਿ ਮਸੀਹੀਆਂ ਦੇ ਤੌਰ ਤੇ ਵਫ਼ਾਦਾਰ ਰਹਿਣ ਲਈ ਸਾਨੂੰ ਬਹੁਤ ਜਤਨ ਕਰਨੇ ਪੈਂਦੇ ਹਨ। (ਲੂਕਾ 13:24) ਯਿਸੂ ਨੇ ਇਹ ਵੀ ਕਿਹਾ ਸੀ: “ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਆਵੇ ਮੇਰਾ ਚੇਲਾ ਨਹੀਂ ਹੋ ਸੱਕਦਾ।” (ਲੂਕਾ 14:27) ਇਹ ਸ਼ਬਦ ਸ਼ਾਇਦ ਸਾਨੂੰ ਯਿਸੂ ਦੇ ਉਨ੍ਹਾਂ ਸ਼ਬਦਾਂ ਦਾ ਵਿਰੋਧ ਕਰਦੇ ਜਾਪਣ ਕਿ ਉਸ ਦਾ ਜੂਲਾ ਹੌਲਾ ਅਤੇ ਹਲਕਾ ਹੈ। ਪਰ ਅਸਲ ਵਿਚ ਇਹ ਸ਼ਬਦ ਉਨ੍ਹਾਂ ਸ਼ਬਦਾਂ ਦਾ ਵਿਰੋਧ ਨਹੀਂ ਕਰਦੇ।

6, 7. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਡਾ ਧਰਮ ਅਕਾਊ ਨਹੀਂ ਹੈ?

6 ਹਾਲਾਂਕਿ ਵੱਡਾ ਜਤਨ ਅਤੇ ਸਖ਼ਤ ਮਿਹਨਤ ਕਰਨ ਨਾਲ ਅਸੀਂ ਥੱਕ ਜਾਂਦੇ ਹਾਂ, ਪਰ ਜਦ ਇਹ ਕੰਮ ਕਿਸੇ ਦੇ ਭਲੇ ਲਈ ਕਰਦੇ ਹਾਂ, ਤਾਂ ਸਾਨੂੰ ਸੰਤੁਸ਼ਟੀ ਅਤੇ ਤਾਜ਼ਗੀ ਮਿਲਦੀ ਹੈ। (ਉਪਦੇਸ਼ਕ ਦੀ ਪੋਥੀ 3:13, 22) ਲੋਕਾਂ ਨੂੰ ਬਾਈਬਲ ਦੀਆਂ ਸ਼ਾਨਦਾਰ ਸੱਚਾਈਆਂ ਬਾਰੇ ਦੱਸਣ ਨਾਲੋਂ ਚੰਗਾ ਕੰਮ ਹੋਰ ਕਿਹੜਾ ਹੋ ਸਕਦਾ ਹੈ? ਅਸੀਂ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਉੱਤੇ ਚੱਲਣ ਦੀ ਸਖ਼ਤ ਕੋਸ਼ਿਸ਼ ਕਰਦੇ ਹਾਂ, ਪਰ ਸਾਡੀ ਮਿਹਨਤ ਦੀ ਤੁਲਨਾ ਵਿਚ ਸਾਨੂੰ ਫ਼ਾਇਦੇ ਜ਼ਿਆਦਾ ਹੁੰਦੇ ਹਨ। (ਕਹਾਉਤਾਂ 2:10-20) ਇੱਥੋਂ ਤਕ ਕਿ ਜਦੋਂ ਸਾਨੂੰ ਸਤਾਇਆ ਜਾਂਦਾ ਹੈ, ਤਾਂ ਅਸੀਂ ਇਸ ਨੂੰ ਆਦਰ ਦੀ ਗੱਲ ਸਮਝਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਇਹ ਸਭ ਕੁਝ ਸਹਿੰਦੇ ਹਾਂ।—1 ਪਤਰਸ 4:14.

7 ਜੇ ਅਸੀਂ ਆਪਣੀ ਹਾਲਤ ਦੀ ਤੁਲਨਾ ਝੂਠੇ ਧਰਮਾਂ ਦੇ ਜੂਲੇ ਥੱਲੇ ਦੱਬੇ ਲੋਕਾਂ ਦੇ ਅਧਿਆਤਮਿਕ ਹਨੇਰੇ ਨਾਲ ਕਰੀਏ, ਤਾਂ ਯਿਸੂ ਦਾ ਜੂਲਾ ਸੱਚ-ਮੁੱਚ ਸਾਡੇ ਲਈ ਹਲਕਾ ਹੈ। ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ ਅਤੇ ਸਾਡੇ ਤੋਂ ਉਨ੍ਹਾਂ ਗੱਲਾਂ ਦੀ ਮੰਗ ਨਹੀਂ ਕਰਦਾ ਜੋ ਅਸੀਂ ਪੂਰੀਆਂ ਨਹੀਂ ਕਰ ਸਕਦੇ। ਯਹੋਵਾਹ ਦੇ “ਹੁਕਮ ਔਖੇ ਨਹੀਂ ਹਨ।” (1 ਯੂਹੰਨਾ 5:3) ਬਾਈਬਲ ਤੋਂ ਪਤਾ ਲੱਗਦਾ ਹੈ ਕਿ ਸੱਚਾ ਮਸੀਹੀ ਧਰਮ ਬੋਝਲ ਨਹੀਂ ਹੈ। ਇਸ ਧਰਮ ਦੇ ਰਾਹ ਤੇ ਚੱਲਣਾ ਅਕਾਊ ਨਹੀਂ ਹੈ ਅਤੇ ਨਾ ਹੀ ਇਹ ਸਾਨੂੰ ਨਿਰਾਸ਼ ਕਰਦਾ ਹੈ।

‘ਹਰੇਕ ਭਾਰ ਨੂੰ ਪਰੇ ਸੁੱਟ ਦਿਓ’

8. ਜੇ ਅਸੀਂ ਸੱਚਾਈ ਉੱਤੇ ਚੱਲਦਿਆਂ ਥੱਕ ਜਾਂਦੇ ਹਾਂ, ਤਾਂ ਉਸ ਦਾ ਅਕਸਰ ਕੀ ਕਾਰਨ ਹੁੰਦਾ ਹੈ?

8 ਜੇ ਅਸੀਂ ਸੱਚਾਈ ਉੱਤੇ ਚੱਲਦਿਆਂ ਥੱਕ ਜਾਂਦੇ ਹਾਂ, ਤਾਂ ਇਹ ਅਕਸਰ ਇਸ ਬੁਰੀ ਦੁਨੀਆਂ ਦੁਆਰਾ ਸਾਡੇ ਉੱਤੇ ਪਾਏ ਜਾਂਦੇ ਵਾਧੂ ਬੋਝ ਕਰਕੇ ਹੁੰਦਾ ਹੈ। ਇਹ ‘ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਣ’ ਕਰਕੇ ਸਾਡੇ ਉੱਤੇ ਹਰ ਪਾਸਿਓਂ ਕਈ ਦਬਾਅ ਆਉਂਦੇ ਹਨ ਜੋ ਸਾਨੂੰ ਥਕਾ ਸਕਦੇ ਹਨ ਤੇ ਡਾਵਾਂ-ਡੋਲ ਕਰ ਸਕਦੇ ਹਨ। (1 ਯੂਹੰਨਾ 5:19) ਬੇਲੋੜੀਆਂ ਚੀਜ਼ਾਂ ਪਿੱਛੇ ਭੱਜਣ ਨਾਲ ਸਾਡੀ ਜ਼ਿੰਦਗੀ ਉਲਝ ਸਕਦੀ ਹੈ ਤੇ ਸਾਡੇ ਮਸੀਹੀ ਕੰਮਾਂ-ਕਾਰਾਂ ਵਿਚ ਵਿਘਨ ਪੈ ਸਕਦਾ ਹੈ। ਇਹ ਵਾਧੂ ਭਾਰ ਸਾਨੂੰ ਥਕਾ ਸਕਦੇ ਹਨ, ਇੱਥੋਂ ਤਕ ਕਿ ਸਾਨੂੰ ਚਕਨਾਚੂਰ ਕਰ ਸਕਦੇ ਹਨ। ਇਸ ਕਰਕੇ ਬਾਈਬਲ ਸਾਨੂੰ ਉਚਿਤ ਤੌਰ ਤੇ ‘ਹਰੇਕ ਭਾਰ ਨੂੰ ਪਰੇ ਸੁੱਟਣ’ ਦੀ ਸਲਾਹ ਦਿੰਦੀ ਹੈ।—ਇਬਰਾਨੀਆਂ 12:1-3.

9. ਭੌਤਿਕ ਚੀਜ਼ਾਂ ਦਾ ਪਿੱਛਾ ਕਰਨ ਨਾਲ ਸਾਡੇ ਉੱਤੇ ਕੀ ਅਸਰ ਪੈ ਸਕਦਾ ਹੈ?

9 ਮਿਸਾਲ ਲਈ, ਦੁਨੀਆਂ ਪ੍ਰਸਿੱਧੀ ਖੱਟਣ, ਪੈਸਾ ਕਮਾਉਣ, ਮਨੋਰੰਜਨ ਕਰਨ, ਸੈਰ-ਸਪਾਟਾ ਕਰਨ ਅਤੇ ਹੋਰ ਭੌਤਿਕ ਚੀਜ਼ਾਂ ਪਿੱਛੇ ਲੱਗੀ ਹੋਈ ਹੈ ਜਿਸ ਦਾ ਸਾਡੀ ਸੋਚ ਤੇ ਵੀ ਅਸਰ ਪੈ ਸਕਦਾ ਹੈ। (1 ਯੂਹੰਨਾ 2:15-17) ਪਹਿਲੀ ਸਦੀ ਦੇ ਕੁਝ ਮਸੀਹੀਆਂ ਨੇ ਧਨ-ਦੌਲਤ ਦਾ ਪਿੱਛਾ ਕਰ ਕੇ ਆਪਣੀਆਂ ਜ਼ਿੰਦਗੀਆਂ ਨੂੰ ਬਹੁਤ ਉਲਝਾ ਲਿਆ ਸੀ। ਪੌਲੁਸ ਰਸੂਲ ਕਹਿੰਦਾ ਹੈ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।”—1 ਤਿਮੋਥਿਉਸ 6:9, 10.

10. ਯਿਸੂ ਦੇ ਬੀ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਤੋਂ ਅਸੀਂ ਧਨ-ਦੌਲਤ ਬਾਰੇ ਕੀ ਸਿੱਖ ਸਕਦੇ ਹਾਂ?

10 ਜੇ ਅਸੀਂ ਪਰਮੇਸ਼ੁਰ ਦੀ ਸੇਵਾ ਕਰਦਿਆਂ ਥੱਕ ਗਏ ਹਾਂ ਜਾਂ ਨਿਰਾਸ਼ ਹੋ ਗਏ ਹਾਂ, ਤਾਂ ਕੀ ਇਹ ਭੌਤਿਕ ਚੀਜ਼ਾਂ ਪਿੱਛੇ ਭੱਜਣ ਕਰਕੇ ਤਾਂ ਨਹੀਂ ਜੋ ਸਾਡੀ ਅਧਿਆਤਮਿਕਤਾ ਨੂੰ ਦਬਾਈ ਜਾ ਰਿਹਾ ਹੈ? ਇਸ ਤਰ੍ਹਾਂ ਹੋਣਾ ਮੁਮਕਿਨ ਹੈ ਜਿਵੇਂ ਯਿਸੂ ਨੇ ਬੀ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਸੀ। ਯਿਸੂ ਨੇ ‘ਦੁਨੀਆ ਦੀ ਚਿੰਤਾ ਅਰ ਧਨ ਦਾ ਧੋਖਾ ਅਰ ਹੋਰਨਾਂ ਚੀਜ਼ਾਂ ਦੇ ਲੋਭ’ ਦੀ ਤੁਲਨਾ ਕੰਡਿਆਂ ਨਾਲ ਕੀਤੀ ਸੀ ਜੋ ਸਾਡੇ ਦਿਲਾਂ ਵਿਚ ਪਰਮੇਸ਼ੁਰ ਦੇ ਬਚਨ ਦੇ ਬੀ ਨੂੰ ਦਬਾ ਦਿੰਦੇ ਹਨ। (ਮਰਕੁਸ 4:18, 19) ਇਸ ਲਈ ਬਾਈਬਲ ਸਾਨੂੰ ਸਲਾਹ ਦਿੰਦੀ ਹੈ: “ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ ਕਿਉਂ ਜੋ ਉਹ ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।”—ਇਬਰਾਨੀਆਂ 13:5.

11. ਅਸੀਂ ਉਨ੍ਹਾਂ ਚੀਜ਼ਾਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ ਜੋ ਸਾਨੂੰ ਥਕਾ ਦਿੰਦੀਆਂ ਹਨ?

11 ਕਦੀ-ਕਦੀ ਸਾਡੀਆਂ ਜ਼ਿੰਦਗੀਆਂ ਇਸ ਕਰਕੇ ਨਹੀਂ ਉਲਝਦੀਆਂ ਕਿ ਅਸੀਂ ਹੋਰ ਨਵੀਆਂ-ਨਵੀਆਂ ਚੀਜ਼ਾਂ ਇਕੱਠੀਆਂ ਕਰ ਰਹੇ ਹਾਂ, ਪਰ ਇਸ ਕਰਕੇ ਕਿ ਜੋ ਚੀਜ਼ਾਂ ਸਾਡੇ ਕੋਲ ਪਹਿਲਾਂ ਹੀ ਹਨ, ਅਸੀਂ ਉਨ੍ਹਾਂ ਵਿਚ ਬਹੁਤ ਰੁੱਝ ਜਾਂਦੇ ਹਾਂ। ਕੁਝ ਸ਼ਾਇਦ ਗੰਭੀਰ ਸਿਹਤ ਸਮੱਸਿਆਵਾਂ ਕਾਰਨ, ਆਪਣੇ ਅਜ਼ੀਜ਼ਾਂ ਦੀ ਮੌਤ ਕਾਰਨ ਜਾਂ ਹੋਰ ਦੁਖਦਾਈ ਮੁਸ਼ਕਲਾਂ ਕਾਰਨ ਬਹੁਤ ਜ਼ਿਆਦਾ ਨਿਰਾਸ਼ ਹੋ ਜਾਣ। ਉਨ੍ਹਾਂ ਨੇ ਸਮੇਂ-ਸਮੇਂ ਤੇ ਆਪਣੇ ਜੀਉਣ ਦੇ ਤੌਰ-ਤਰੀਕਿਆਂ ਵਿਚ ਤਬਦੀਲੀਆਂ ਕਰਨ ਦੀ ਲੋੜ ਮਹਿਸੂਸ ਕੀਤੀ ਹੈ। ਇਕ ਪਤੀ-ਪਤਨੀ ਨੇ ਆਪਣੇ ਕੁਝ ਸ਼ੌਕਾਂ ਅਤੇ ਬੇਲੋੜੇ ਪ੍ਰਾਜੈਕਟਾਂ ਨੂੰ ਛੱਡ ਦੇਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਆਪਣੀਆਂ ਸਾਰੀਆਂ ਚੀਜ਼ਾਂ ਦੀ ਜਾਂਚ ਕੀਤੀ ਅਤੇ ਆਪਣੇ ਬੇਲੋੜੇ ਪ੍ਰਾਜੈਕਟਾਂ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਕੇ ਆਪਣੀਆਂ ਅੱਖਾਂ ਤੋਂ ਓਹਲੇ ਰੱਖ ਦਿੱਤਾ ਹੈ। ਸਮੇਂ-ਸਮੇਂ ਤੇ ਅਸੀਂ ਵੀ ਆਪਣੀਆਂ ਆਦਤਾਂ ਅਤੇ ਚੀਜ਼ਾਂ ਦੀ ਜਾਂਚ ਕਰ ਕੇ ਹਰੇਕ ਬੇਲੋੜਾ ਭਾਰ ਪਰੇ ਸੁੱਟ ਕੇ ਲਾਭ ਹਾਸਲ ਕਰ ਸਕਦੇ ਹਾਂ ਤਾਂਕਿ ਅਸੀਂ ਥੱਕੀਏ ਨਾ ਤੇ ਨਾ ਹੀ ਜੀਅ ਵਿਚ ਢਿੱਲੇ ਪਈਏ।

ਆਪਣੀਆਂ ਸੀਮਾਵਾਂ ਨੂੰ ਪਛਾਣੋ

12. ਸਾਨੂੰ ਆਪਣੀਆਂ ਗ਼ਲਤੀਆਂ ਬਾਰੇ ਕੀ ਮੰਨਣਾ ਚਾਹੀਦਾ ਹੈ?

12 ਸਾਡੀਆਂ ਆਪਣੀਆਂ ਗ਼ਲਤੀਆਂ ਵੀ ਸਾਡੀ ਜ਼ਿੰਦਗੀ ਨੂੰ ਹੌਲੀ-ਹੌਲੀ ਉਲਝਾ ਸਕਦੀਆਂ ਹਨ, ਇੱਥੋਂ ਤਕ ਕਿ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਸਾਡੇ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ। ਦਾਊਦ ਦੇ ਇਹ ਸ਼ਬਦ ਕਿੰਨੇ ਸੱਚ ਹਨ: “ਮੇਰੀਆਂ ਬੁਰਿਆਈਆਂ ਮੇਰੇ ਸਿਰ ਦੇ ਉੱਤੇ ਦੀ ਲੰਘ ਗਈਆਂ, ਅਤੇ ਭਾਰੀ ਪੰਡ ਵਾਂਙੁ ਓਹ ਮੈਥੋਂ ਚੁੱਕੀਆਂ ਨਹੀਂ ਜਾਂਦੀਆਂ।” (ਜ਼ਬੂਰਾਂ ਦੀ ਪੋਥੀ 38:4) ਜੇ ਅਸੀਂ ਆਪਣੇ ਵਿਚ ਕੁਝ ਸੁਧਾਰ ਕਰੀਏ, ਤਾਂ ਅਸੀਂ ਭਾਰੀ ਬੋਝ ਤੋਂ ਰਾਹਤ ਪਾ ਸਕਦੇ ਹਾਂ।

13. ਆਪਣੀਆਂ ਸੀਮਾਵਾਂ ਨੂੰ ਪਛਾਣਨ ਨਾਲ ਸੇਵਕਾਈ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਸਾਨੂੰ ਕਿਵੇਂ ਮਦਦ ਮਿਲ ਸਕਦੀ ਹੈ?

13 ਬਾਈਬਲ ਸਾਨੂੰ “ਦਨਾਈ ਅਤੇ ਸੋਝੀ” ਪੈਦਾ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। (ਕਹਾਉਤਾਂ 3:21, 22) ਇਹ ਦੱਸਦੀ ਹੈ ਕਿ ‘ਜੋ ਬੁਧ ਉਪਰ ਤੋਂ ਹੁੰਦੀ ਹੈ, ਉਹ ਸੋਚ-ਵਿਚਾਰ ਵਾਲੀ’ ਹੁੰਦੀ ਹੈ। (ਯਾਕੂਬ 3:17, ਪਵਿੱਤਰ ਬਾਈਬਲ ਨਵਾਂ ਅਨੁਵਾਦ) ਕੁਝ ਭੈਣ-ਭਰਾ ਸੇਵਕਾਈ ਵਿਚ ਦੂਜੇ ਭੈਣਾਂ-ਭਰਾਵਾਂ ਵਾਂਗ ਜ਼ਿਆਦਾ ਮਿਹਨਤ ਕਰਨੀ ਚਾਹੁੰਦੇ ਹਨ ਜਿਸ ਕਰਕੇ ਉਹ ਆਪਣੇ ਆਪ ਨੂੰ ਦਬਾਅ ਅਧੀਨ ਮਹਿਸੂਸ ਕਰਦੇ ਹਨ। ਪਰ ਬਾਈਬਲ ਸਾਨੂੰ ਸਲਾਹ ਦਿੰਦੀ ਹੈ: “ਹਰੇਕ ਆਪਣੇ ਹੀ ਕੰਮ ਨੂੰ ਪਰਖੇ ਤਦ ਉਹ ਨੂੰ ਨਿਰੇ ਆਪਣੀ ਹੀ ਵੱਲ, ਨਾ ਦੂਏ ਦੀ ਵੱਲ ਅਭਮਾਨ ਪਰਾਪਤ ਹੋਵੇਗਾ। ਕਿਉਂ ਜੋ ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ।” (ਗਲਾਤੀਆਂ 6:4, 5) ਇਹ ਸੱਚ ਹੈ ਕਿ ਭੈਣਾਂ-ਭਰਾਵਾਂ ਦੀ ਚੰਗੀ ਮਿਸਾਲ ਸਾਨੂੰ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਉਤਸ਼ਾਹ ਦੇ ਸਕਦੀ ਹੈ, ਪਰ ਬੁੱਧੀ ਅਤੇ ਸੋਚ-ਵਿਚਾਰ ਸਾਨੂੰ ਆਪਣੇ ਹਾਲਾਤਾਂ ਅਨੁਸਾਰ ਅਜਿਹੇ ਟੀਚੇ ਰੱਖਣ ਵਿਚ ਮਦਦ ਕਰ ਸਕਦੇ ਹਨ ਜੋ ਅਸੀਂ ਹਾਸਲ ਕਰ ਸਕਦੇ ਹਾਂ।

14, 15. ਆਪਣੀਆਂ ਸਰੀਰਕ ਅਤੇ ਭਾਵਾਤਮਕ ਲੋੜਾਂ ਪੂਰੀਆਂ ਕਰਨ ਵਿਚ ਅਸੀਂ ਕਿਵੇਂ ਬੁੱਧੀਮਾਨ ਬਣ ਸਕਦੇ ਹਾਂ?

14 ਛੋਟੀਆਂ-ਛੋਟੀਆਂ ਜਾਪਣ ਵਾਲੀਆਂ ਗੱਲਾਂ ਵਿਚ ਵੀ ਸੰਤੁਲਨ ਰੱਖਣ ਨਾਲ ਅਸੀਂ ਬਹੁਤ ਜ਼ਿਆਦਾ ਥੱਕਣ ਤੋਂ ਬਚ ਸਕਦੇ ਹਾਂ। ਮਿਸਾਲ ਲਈ, ਕੀ ਅਸੀਂ ਅਜਿਹੀਆਂ ਆਦਤਾਂ ਪਾਉਂਦੇ ਹਾਂ ਜਿਸ ਨਾਲ ਸਾਡੀ ਸਿਹਤ ਠੀਕ ਰਹੇ? ਯਹੋਵਾਹ ਦੇ ਗਵਾਹਾਂ ਦੇ ਇਕ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦੇ ਇਕ ਜੋੜੇ ਦੀ ਮਿਸਾਲ ਤੇ ਗੌਰ ਕਰੋ। ਉਨ੍ਹਾਂ ਨੇ ਦੇਖਿਆ ਹੈ ਕਿ ਥਕਾਵਟ ਤੋਂ ਬਚਣ ਲਈ ਅਕਲ ਤੋਂ ਕੰਮ ਲੈਣ ਦੀ ਲੋੜ ਹੈ। ਪਤਨੀ ਕਹਿੰਦੀ ਹੈ: “ਸਾਡੇ ਕੋਲ ਭਾਵੇਂ ਜਿੰਨਾ ਮਰਜ਼ੀ ਕੰਮ ਕਿਉਂ ਨਾ ਹੋਵੇ, ਅਸੀਂ ਹਰ ਰੋਜ਼ ਸਮੇਂ ਸਿਰ ਸੌਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਬਾਕਾਇਦਾ ਕਸਰਤ ਵੀ ਕਰਦੇ ਹਾਂ। ਇਸ ਨਾਲ ਸਾਨੂੰ ਬਹੁਤ ਹੀ ਫ਼ਾਇਦਾ ਹੋਇਆ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਵਿਚ ਕਿੰਨਾ ਕੁ ਕਰਨ ਦੀ ਤਾਕਤ ਹੈ ਤੇ ਇਸ ਦੇ ਅਨੁਸਾਰ ਹੀ ਸਭ ਕੁਝ ਕਰਦੇ ਹਾਂ। ਅਸੀਂ ਆਪਣੀ ਤੁਲਨਾ ਉਨ੍ਹਾਂ ਨਾਲ ਨਹੀਂ ਕਰਦੇ ਜੋ ਹਰ ਵੇਲੇ ਚੁਸਤੀ-ਫੁਰਤੀ ਨਾਲ ਕੰਮ ਕਰਦੇ ਨਜ਼ਰ ਆਉਂਦੇ ਹਨ।” ਕੀ ਅਸੀਂ ਸਮੇਂ ਸਿਰ ਪੌਸ਼ਟਿਕ ਖਾਣਾ ਖਾਂਦੇ ਹਾਂ ਤੇ ਲੋੜੀਂਦਾ ਆਰਾਮ ਕਰਦੇ ਹਾਂ? ਜੇ ਅਸੀਂ ਆਪਣੀ ਸਿਹਤ ਦਾ ਧਿਆਨ ਰੱਖਦੇ ਹਾਂ, ਤਾਂ ਅਸੀਂ ਮਾਯੂਸ ਨਹੀਂ ਹੋਵਾਂਗੇ ਅਤੇ ਪਰਮੇਸ਼ੁਰ ਦੀ ਭਗਤੀ ਕਰਦਿਆਂ ਥੱਕਾਂਗੇ ਨਹੀਂ।

15 ਸਾਡੇ ਵਿੱਚੋਂ ਕੁਝ ਜਣਿਆਂ ਦੀਆਂ ਵੱਖਰੀਆਂ ਲੋੜਾਂ ਹਨ। ਮਿਸਾਲ ਲਈ, ਇਕ ਭੈਣ ਨੇ ਪੂਰੇ ਸਮੇਂ ਦੀ ਸੇਵਕਾਈ ਵਿਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਹੈ। ਉਸ ਨੂੰ ਕੈਂਸਰ ਦੇ ਨਾਲ-ਨਾਲ ਹੋਰ ਵੀ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝਣਾ ਪਿਆ ਹੈ। ਤਣਾਅ-ਭਰੇ ਹਾਲਾਤਾਂ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ? ਉਹ ਕਹਿੰਦੀ ਹੈ: “ਮੇਰੇ ਲਈ ਬਹੁਤ ਜ਼ਰੂਰੀ ਹੈ ਕਿ ਮੈਂ ਆਰਾਮ ਕਰਨ ਲਈ ਸਮਾਂ ਕੱਢਾਂ। ਜਿੰਨਾ ਜ਼ਿਆਦਾ ਮੈਂ ਤਣਾਅ ਵਿਚ ਹੁੰਦੀ ਹਾਂ ਤੇ ਥਕਾਵਟ ਮਹਿਸੂਸ ਕਰਦੀ ਹਾਂ, ਉੱਨਾ ਜ਼ਿਆਦਾ ਮੈਨੂੰ ਸ਼ਾਂਤੀ ਦੇ ਪਲਾਂ ਦੀ ਲੋੜ ਮਹਿਸੂਸ ਹੁੰਦੀ ਹੈ ਤਾਂਕਿ ਮੈਂ ਪੜ੍ਹ ਸਕਾਂ ਤੇ ਆਰਾਮ ਕਰ ਸਕਾਂ।” ਬੁੱਧੀਮਤਾ ਨਾਲ ਅਸੀਂ ਆਪਣੀਆਂ ਲੋੜਾਂ ਨੂੰ ਪਛਾਣਦੇ ਹਾਂ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਕਦਮ ਚੁੱਕਦੇ ਹਾਂ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀ ਭਗਤੀ ਕਰਦਿਆਂ ਥੱਕਾਂਗੇ ਨਹੀਂ।

ਯਹੋਵਾਹ ਸਾਨੂੰ ਬਲ ਦਿੰਦਾ ਹੈ

16, 17. (ੳ) ਆਪਣੀਆਂ ਅਧਿਆਤਮਿਕ ਲੋੜਾਂ ਦਾ ਖ਼ਿਆਲ ਰੱਖਣਾ ਕਿਉਂ ਬਹੁਤ ਜ਼ਰੂਰੀ ਹੈ? (ਅ) ਸਾਨੂੰ ਆਪਣੇ ਰੋਜ਼ਮੱਰਾ ਦੇ ਕੰਮਾਂ ਵਿਚ ਹੋਰ ਕੀ ਕੁਝ ਸ਼ਾਮਲ ਕਰਨਾ ਚਾਹੀਦਾ ਹੈ?

16 ਆਪਣੀਆਂ ਅਧਿਆਤਮਿਕ ਲੋੜਾਂ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ। ਭਾਵੇਂ ਯਹੋਵਾਹ ਨਾਲ ਸਾਡਾ ਗੂੜ੍ਹਾ ਰਿਸ਼ਤਾ ਹੈ, ਫਿਰ ਵੀ ਅਸੀਂ ਸਰੀਰਕ ਤੌਰ ਤੇ ਥੱਕ ਸਕਦੇ ਹਾਂ, ਪਰ ਅਸੀਂ ਕਦੇ ਵੀ ਯਹੋਵਾਹ ਦੀ ਭਗਤੀ ਕਰਨ ਤੋਂ ਨਹੀਂ ਥੱਕਾਂਗੇ। ਯਹੋਵਾਹ ਹੀ ਹੈ ਜੋ “ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ।” (ਯਸਾਯਾਹ 40:28, 29) ਪੌਲੁਸ ਰਸੂਲ ਨੇ ਵੀ ਇਨ੍ਹਾਂ ਸ਼ਬਦਾਂ ਦੀ ਸੱਚਾਈ ਨੂੰ ਅਨੁਭਵ ਕੀਤਾ ਸੀ। ਉਸ ਨੇ ਲਿਖਿਆ: “ਅਸੀਂ ਹੌਸਲਾ ਨਹੀਂ ਹਾਰਦੇ ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ।”—2 ਕੁਰਿੰਥੀਆਂ 4:16.

17 “ਦਿਨੋ ਦਿਨ” ਸ਼ਬਦਾਂ ਤੇ ਧਿਆਨ ਦਿਓ। ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਹਰ ਰੋਜ਼ ਯਹੋਵਾਹ ਦੇ ਪ੍ਰਬੰਧਾਂ ਤੋਂ ਫ਼ਾਇਦਾ ਲੈਣਾ ਚਾਹੀਦਾ ਹੈ। ਤਰਤਾਲੀ ਸਾਲਾਂ ਤਕ ਵਫ਼ਾਦਾਰੀ ਨਾਲ ਸੇਵਾ ਕਰਨ ਵਾਲੀ ਇਕ ਮਿਸ਼ਨਰੀ ਅਜਿਹੇ ਸਮਿਆਂ ਵਿੱਚੋਂ ਗੁਜ਼ਰੀ ਹੈ ਜਦੋਂ ਉਹ ਸਰੀਰਕ ਤੌਰ ਤੇ ਥੱਕ ਜਾਂਦੀ ਸੀ ਤੇ ਨਿਰਾਸ਼ ਹੋ ਜਾਂਦੀ ਸੀ। ਪਰ ਉਸ ਨੇ ਹੌਸਲਾ ਨਹੀਂ ਹਾਰਿਆ। ਉਹ ਕਹਿੰਦੀ ਹੈ: “ਮੈਂ ਸਵੇਰੇ ਜਲਦੀ ਉੱਠਣ ਦੀ ਆਦਤ ਬਣਾ ਲਈ ਤਾਂਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਨ ਅਤੇ ਉਸ ਦੇ ਬਚਨ ਨੂੰ ਪੜ੍ਹਨ ਵਿਚ ਸਮਾਂ ਬਿਤਾ ਸਕਾਂ। ਹਰ ਰੋਜ਼ ਇਸ ਤਰ੍ਹਾਂ ਕਰਨ ਨਾਲ ਮੈਨੂੰ ਹੁਣ ਤਕ ਨਿਹਚਾ ਵਿਚ ਦ੍ਰਿੜ੍ਹ ਰਹਿਣ ਵਿਚ ਮਦਦ ਮਿਲੀ ਹੈ।” ਜੀ ਹਾਂ, ਜੇ ਅਸੀਂ ਬਾਕਾਇਦਾ ਯਾਨੀ “ਦਿਨੋ ਦਿਨ” ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ ਅਤੇ ਉਸ ਦੇ ਸ਼ਾਨਦਾਰ ਗੁਣਾਂ ਅਤੇ ਵਾਅਦਿਆਂ ਉੱਤੇ ਮਨਨ ਕਰਦੇ ਹਾਂ, ਤਾਂ ਅਸੀਂ ਸੱਚ-ਮੁੱਚ ਤਾਕਤ ਲਈ ਯਹੋਵਾਹ ਉੱਤੇ ਭਰੋਸਾ ਰੱਖ ਸਕਦੇ ਹਾਂ।

18. ਮਾੜੀ ਸਿਹਤ ਵਾਲੇ ਜਾਂ ਬਜ਼ੁਰਗ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਬਾਈਬਲ ਕੀ ਭਰੋਸਾ ਦਿਵਾਉਂਦੀ ਹੈ?

18 ਇਸ ਤਰ੍ਹਾਂ ਕਰਨ ਨਾਲ ਖ਼ਾਸਕਰ ਉਨ੍ਹਾਂ ਭੈਣਾਂ-ਭਰਾਵਾਂ ਨੂੰ ਮਦਦ ਮਿਲੇਗੀ ਜੋ ਬੁਢਾਪੇ ਅਤੇ ਮਾੜੀ ਸਿਹਤ ਕਾਰਨ ਨਿਰਾਸ਼ ਮਹਿਸੂਸ ਕਰਦੇ ਹਨ। ਉਹ ਦੂਜਿਆਂ ਨਾਲ ਆਪਣੀ ਤੁਲਨਾ ਕਰ ਕੇ ਨਿਰਾਸ਼ ਨਹੀਂ ਹੁੰਦੇ, ਸਗੋਂ ਇਸ ਲਈ ਨਿਰਾਸ਼ ਹੁੰਦੇ ਹਨ ਕਿ ਉਹ ਪਹਿਲਾਂ ਵਾਂਗ ਪਰਮੇਸ਼ੁਰ ਦੀ ਸੇਵਾ ਨਹੀਂ ਕਰ ਪਾ ਰਹੇ। ਇਹ ਜਾਣ ਕੇ ਬਹੁਤ ਹੌਸਲਾ ਮਿਲਦਾ ਹੈ ਕਿ ਯਹੋਵਾਹ ਬਜ਼ੁਰਗ ਭੈਣਾਂ-ਭਰਾਵਾਂ ਦੀ ਬਹੁਤ ਕਦਰ ਕਰਦਾ ਹੈ। ਬਾਈਬਲ ਕਹਿੰਦੀ ਹੈ: “ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।” (ਕਹਾਉਤਾਂ 16:31) ਯਹੋਵਾਹ ਸਾਡੇ ਹਾਲਾਤਾਂ ਨੂੰ ਜਾਣਦਾ ਹੈ ਅਤੇ ਸਾਡੀਆਂ ਕਮਜ਼ੋਰੀਆਂ ਦੇ ਬਾਵਜੂਦ ਉਹ ਪੂਰੇ ਦਿਲ ਨਾਲ ਕੀਤੀ ਸਾਡੀ ਭਗਤੀ ਦੀ ਬਹੁਤ ਕਦਰ ਕਰਦਾ ਹੈ। ਨਾਲੇ ਜੋ ਚੰਗੇ ਕੰਮ ਪਹਿਲਾਂ ਅਸੀਂ ਕਰ ਚੁੱਕੇ ਹਾਂ, ਉਹ ਯਹੋਵਾਹ ਦੀ ਯਾਦਾਸ਼ਤ ਵਿਚ ਹਮੇਸ਼ਾ ਲਈ ਦਰਜ ਹੋ ਚੁੱਕੇ ਹਨ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ।” (ਇਬਰਾਨੀਆਂ 6:10) ਅਸੀਂ ਸਾਰੇ ਉਨ੍ਹਾਂ ਭੈਣਾਂ-ਭਰਾਵਾਂ ਨੂੰ ਆਪਣੇ ਵਿਚਕਾਰ ਦੇਖ ਕੇ ਬਹੁਤ ਖ਼ੁਸ਼ ਹਾਂ ਜਿਹੜੇ ਕਈ ਦਹਾਕਿਆਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ!

ਹੌਸਲਾ ਨਾ ਹਾਰੋ

19. ਚੰਗੇ ਕੰਮ ਕਰਨ ਵਿਚ ਰੁੱਝੇ ਰਹਿਣ ਨਾਲ ਸਾਨੂੰ ਕਿਵੇਂ ਫ਼ਾਇਦਾ ਹੋਵੇਗਾ?

19 ਬਹੁਤ ਸਾਰੇ ਲੋਕ ਮੰਨਦੇ ਹਨ ਕਿ ਹਰ ਰੋਜ਼ ਕਸਰਤ ਕਰਨ ਨਾਲ ਅਸੀਂ ਘੱਟ ਥਕਾਵਟ ਮਹਿਸੂਸ ਕਰਾਂਗੇ। ਇਸੇ ਤਰ੍ਹਾਂ, ਜੇ ਅਸੀਂ ਪਰਮੇਸ਼ੁਰ ਦੇ ਕੰਮਾਂ ਵਿਚ ਰੁੱਝੇ ਰਹਿੰਦੇ ਹਾਂ, ਤਾਂ ਅਸੀਂ ਵੀ ਮਾਯੂਸ ਨਹੀਂ ਹੋਵਾਂਗੇ ਜਾਂ ਪਰਮੇਸ਼ੁਰ ਦੀ ਭਗਤੀ ਕਰਦਿਆਂ ਇੰਨੇ ਥੱਕਾਂਗੇ ਨਹੀਂ। ਬਾਈਬਲ ਦੱਸਦੀ ਹੈ: “ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ। ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾਤੀਆਂ 6:9, 10) ਧਿਆਨ ਦਿਓ ਕਿ ਇੱਥੇ ‘ਭਲਿਆਈ ਕਰਨ’ ਅਤੇ ‘ਭਲਾ ਕਰਨ’ ਦੀ ਗੱਲ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਕੁਝ ਕਰਨ ਦੀ ਲੋੜ ਹੈ। ਦੂਜਿਆਂ ਲਈ ਚੰਗੇ ਕੰਮ ਕਰਨ ਨਾਲ ਅਸੀਂ ਯਹੋਵਾਹ ਦੀ ਸੇਵਾ ਕਰਦਿਆਂ ਥੱਕਾਂਗੇ ਨਹੀਂ।

20. ਨਿਰਾਸ਼ਾ ਤੋਂ ਬਚਣ ਲਈ ਸਾਨੂੰ ਕਿਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ?

20 ਜੇ ਅਸੀਂ ਅਜਿਹੇ ਲੋਕਾਂ ਨਾਲ ਮਿਲਦੇ-ਜੁਲਦੇ ਅਤੇ ਕੰਮ ਕਰਦੇ ਹਾਂ ਜੋ ਪਰਮੇਸ਼ੁਰ ਦੇ ਅਸੂਲਾਂ ਦੀ ਉਲੰਘਣਾ ਕਰਦੇ ਹਨ, ਤਾਂ ਇਹ ਸਾਡੇ ਲਈ ਇਕ ਬੋਝ ਬਣ ਸਕਦਾ ਹੈ। ਬਾਈਬਲ ਸਾਨੂੰ ਤਾੜਨਾ ਦਿੰਦੀ ਹੈ: “ਪੱਥਰ ਭਾਰਾ ਹੈ, ਰੇਤ ਬੋਝਲ ਹੈ, ਪਰ ਮੂਰਖ ਦਾ ਕੁੜ੍ਹਨਾ ਓਹਨਾਂ ਦੋਹਾਂ ਨਾਲੋਂ ਭਾਰਾ ਹੈ।” (ਕਹਾਉਤਾਂ 27:3) ਨਿਰਾਸ਼ਾ ਦੀਆਂ ਭਾਵਨਾਵਾਂ ਅਤੇ ਥਕਾਵਟ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਤੋਂ ਦੂਰ ਰਹੀਏ ਜੋ ਨਿਰਾਸ਼ ਕਰਨ ਵਾਲੀਆਂ ਗੱਲਾਂ ਕਰਦੇ ਹਨ ਅਤੇ ਦੂਜਿਆਂ ਵਿਚ ਨੁਕਸ ਕੱਢਦੇ ਤੇ ਉਨ੍ਹਾਂ ਦੀ ਨੁਕਤਾਚੀਨੀ ਕਰਦੇ ਹਨ।

21. ਮਸੀਹੀ ਸਭਾਵਾਂ ਵਿਚ ਅਸੀਂ ਦੂਜਿਆਂ ਨੂੰ ਕਿਵੇਂ ਉਤਸ਼ਾਹ ਦੇ ਸਕਦੇ ਹਾਂ?

21 ਮਸੀਹੀ ਸਭਾਵਾਂ ਯਹੋਵਾਹ ਦਾ ਇੰਤਜ਼ਾਮ ਹਨ ਜੋ ਸਾਨੂੰ ਅਧਿਆਤਮਿਕ ਤੌਰ ਤੇ ਤਕੜੇ ਕਰ ਸਕਦੀਆਂ ਹਨ। ਇਨ੍ਹਾਂ ਸਭਾਵਾਂ ਵਿਚ ਸਾਨੂੰ ਤਰੋ-ਤਾਜ਼ਾ ਕਰਨ ਵਾਲੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਅਸੀਂ ਚੰਗੀ ਗੱਲਬਾਤ ਕਰ ਕੇ ਇਕ-ਦੂਜੇ ਨੂੰ ਉਤਸ਼ਾਹ ਦੇ ਸਕਦੇ ਹਾਂ। (ਇਬਰਾਨੀਆਂ 10:25) ਜਦੋਂ ਅਸੀਂ ਸਭਾਵਾਂ ਵਿਚ ਟਿੱਪਣੀਆਂ ਦਿੰਦੇ ਹਾਂ ਜਾਂ ਕੋਈ ਭਾਸ਼ਣ ਦਿੰਦੇ ਹਾਂ, ਤਾਂ ਸਾਨੂੰ ਦੂਸਰਿਆਂ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਜਿਆਂ ਨੂੰ ਹੌਸਲਾ ਦੇਣ ਦੀ ਖ਼ਾਸ ਜ਼ਿੰਮੇਵਾਰੀ ਉਨ੍ਹਾਂ ਦੀ ਹੈ ਜੋ ਸਿੱਖਿਅਕਾਂ ਦੇ ਤੌਰ ਤੇ ਕਲੀਸਿਯਾ ਵਿਚ ਅਗਵਾਈ ਲੈਂਦੇ ਹਨ। (ਯਸਾਯਾਹ 32:1, 2) ਇੱਥੋਂ ਤਕ ਕਿ ਜਦੋਂ ਕਿਸੇ ਨੂੰ ਸਲਾਹ ਦੇਣ ਜਾਂ ਸੁਧਾਰਨ ਦੀ ਲੋੜ ਪੈਂਦੀ ਹੈ, ਤਾਂ ਇਸ ਤਰੀਕੇ ਨਾਲ ਸਲਾਹ ਦਿਓ ਕਿ ਉਸ ਵਿਅਕਤੀ ਨੂੰ ਸਹੀ ਕੰਮ ਕਰਨ ਦਾ ਹੌਸਲਾ ਮਿਲੇ। (ਗਲਾਤੀਆਂ 6:1, 2) ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਸਾਨੂੰ ਬਿਨਾਂ ਥੱਕਿਆਂ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਮਦਦ ਦੇਵੇਗਾ।—ਜ਼ਬੂਰਾਂ ਦੀ ਪੋਥੀ 133:1; ਯੂਹੰਨਾ 13:35.

22. ਨਾਮੁਕੰਮਲ ਹੋਣ ਦੇ ਬਾਵਜੂਦ ਅਸੀਂ ਕਿਉਂ ਹੌਸਲਾ ਰੱਖ ਸਕਦੇ ਹਾਂ?

22 ਇਸ ਅੰਤਿਮ ਸਮੇਂ ਵਿਚ ਯਹੋਵਾਹ ਦੀ ਭਗਤੀ ਕਰਨ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ। ਮਸੀਹੀ ਮਾਨਸਿਕ ਥਕਾਵਟ, ਭਾਵਾਤਮਕ ਦੁੱਖਾਂ ਅਤੇ ਤਣਾਅ-ਭਰੇ ਹਾਲਾਤਾਂ ਦੇ ਅਸਰਾਂ ਤੋਂ ਬਚੇ ਹੋਏ ਨਹੀਂ ਹਨ। ਅਸੀਂ ਨਾਮੁਕੰਮਲ ਇਨਸਾਨ ਮਿੱਟੀ ਦੇ ਭਾਂਡੇ ਵਾਂਗ ਨਾਜ਼ੁਕ ਹਾਂ। ਪਰ ਬਾਈਬਲ ਵਿਚ ਲਿਖਿਆ ਹੈ: “ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦਿਆਂ ਭਾਂਡਿਆਂ ਵਿੱਚ ਹੈ ਤਾਂ ਜੋ ਇਸ ਸਮਰੱਥਾ ਦਾ ਅੱਤ ਵੱਡਾ ਮਹਾਤਮ ਪਰਮੇਸ਼ੁਰ ਦੀ ਵੱਲੋਂ, ਨਾ ਸਾਡੀ ਵੱਲੋਂ, ਮਲੂਮ ਹੋਵੇ।” (2 ਕੁਰਿੰਥੀਆਂ 4:7) ਜੀ ਹਾਂ, ਅਸੀਂ ਥੱਕ ਜ਼ਰੂਰ ਜਾਵਾਂਗੇ, ਪਰ ਕਦੇ ਵੀ ਹੌਸਲਾ ਨਹੀਂ ਹਾਰਾਂਗੇ। ਇਸ ਦੀ ਬਜਾਇ, ਆਓ ਆਪਾਂ ‘ਹੌਂਸਲੇ ਨਾਲ ਆਖੀਏ, ਯਹੋਵਾਹ ਮੇਰਾ ਸਹਾਈ ਹੈ।’—ਇਬਰਾਨੀਆਂ 13:6.

ਸੰਖੇਪ ਵਿਚ ਜਵਾਬ ਦਿਓ

• ਕਿਹੜੇ ਕੁਝ ਬੋਝ ਹਨ ਜਿਨ੍ਹਾਂ ਨੂੰ ਅਸੀਂ ਸ਼ਾਇਦ ਪਰੇ ਸੁੱਟ ਸਕਦੇ ਹਾਂ?

• ਅਸੀਂ ਆਪਣੇ ਭੈਣਾਂ-ਭਰਾਵਾਂ ਦਾ “ਭਲਾ” ਕਿਵੇਂ ਕਰ ਸਕਦੇ ਹਾਂ?

• ਯਹੋਵਾਹ ਸਾਨੂੰ ਕਿਵੇਂ ਸੰਭਾਲਦਾ ਹੈ ਜਦੋਂ ਅਸੀਂ ਥੱਕ ਜਾਂਦੇ ਹਾਂ ਜਾਂ ਨਿਰਾਸ਼ ਹੋ ਜਾਂਦੇ ਹਾਂ?

[ਸਵਾਲ]

[ਸਫ਼ੇ 23 ਉੱਤੇ ਤਸਵੀਰ]

ਯਿਸੂ ਜਾਣਦਾ ਸੀ ਕਿ ਉਸ ਦੇ ਰਸੂਲ ਜ਼ਿਆਦਾ ਦੇਰ ਨਿਰਾਸ਼ ਰਹਿਣ ਨਾਲ ਹੌਸਲਾ ਹਾਰ ਸਕਦੇ ਸਨ

[ਸਫ਼ੇ 24 ਉੱਤੇ ਤਸਵੀਰ]

ਕੁਝ ਭੈਣਾਂ-ਭਰਾਵਾਂ ਨੇ ਆਪਣੇ ਕੁਝ ਸ਼ੌਕ ਅਤੇ ਬੇਲੋੜੇ ਪ੍ਰਾਜੈਕਟਾਂ ਨੂੰ ਛੱਡ ਦਿੱਤਾ ਹੈ

[ਸਫ਼ੇ 26 ਉੱਤੇ ਤਸਵੀਰ]

ਸਾਡੀਆਂ ਕਮਜ਼ੋਰੀਆਂ ਦੇ ਬਾਵਜੂਦ ਯਹੋਵਾਹ ਸਾਡੀ ਦਿਲੋਂ ਕੀਤੀ ਭਗਤੀ ਦੀ ਬਹੁਤ ਕਦਰ ਕਰਦਾ ਹੈ