Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਪੌਲੁਸ ਦਾ ਜਹਾਜ਼ ਸਿਸਲੀ ਦੇ ਦੱਖਣ ਵਿਚ ਮਾਲਟਾ ਨਾਂ ਦੇ ਟਾਪੂ ਉੱਤੇ ਨਹੀਂ, ਸਗੋਂ ਕਿਸੇ ਹੋਰ ਟਾਪੂ ਉੱਤੇ ਤਬਾਹ ਹੋਇਆ ਸੀ। ਉਸ ਦਾ ਜਹਾਜ਼ ਕਿਹੜੇ ਟਾਪੂ ਤੇ ਤਬਾਹ ਹੋਇਆ ਸੀ?

ਇਹ ਵਿਚਾਰ ਜ਼ਿਆਦਾ ਪੁਰਾਣਾ ਨਹੀਂ ਹੈ ਕਿ ਪੌਲੁਸ ਰਸੂਲ ਦਾ ਜਹਾਜ਼ ਮਾਲਟਾ ਟਾਪੂ ਉੱਤੇ ਨਹੀਂ, ਸਗੋਂ ਪੱਛਮੀ ਯੂਨਾਨ ਵੱਲ ਆਇਓਨੀਅਨ ਸਮੁੰਦਰ ਵਿਚ ਕੋਰਫੂ ਟਾਪੂ ਨੇੜੇ ਸੈੱਫਲੋਨੀਆ (ਜਾਂ ਕੈੱਫਲੋਨੀਆ) ਨਾਂ ਦੇ ਟਾਪੂ ਉੱਤੇ ਤਬਾਹ ਹੋਇਆ ਸੀ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪੌਲੁਸ ਰੋਮੀ ਸੂਬੇਦਾਰ ਯੂਲਿਉਸ ਦੀ ਹਿਰਾਸਤ ਵਿਚ ਸੀ। ਪੌਲੁਸ, ਉਸ ਦੇ ਸਾਥੀਆਂ ਅਤੇ ਯੂਲਿਉਸ ਤੇ ਉਸ ਦੇ ਸਿਪਾਹੀਆਂ ਨੇ ਰੋਮ ਜਾਣ ਲਈ ਕੈਸਰਿਯਾ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਜਿਵੇਂ ਕਿ ਨਕਸ਼ੇ ਵਿਚ ਦਿਖਾਇਆ ਗਿਆ ਹੈ, ਉਹ ਉੱਥੋਂ ਸੈਦਾ ਅਤੇ ਮੂਰਾ ਗਏ। ਮਿਸਰ ਦੇ ਸ਼ਹਿਰ ਸਿਕੰਦਰਿਯਾ ਤੋਂ ਆਏ ਅਨਾਜ ਦੇ ਵੱਡੇ ਸਾਰੇ ਜਹਾਜ਼ ਉੱਤੇ ਚੜ੍ਹ ਕੇ ਉਹ ਪੱਛਮ ਵੱਲ ਕਨੀਦੁਸ ਗਏ। ਉਨ੍ਹਾਂ ਨੇ ਯੂਨਾਨ ਦੇ ਲਾਗਿਓਂ ਏਜੀਅਨ ਸਮੁੰਦਰ ਪਾਰ ਕਰਦੇ ਹੋਏ ਰੋਮ ਜਾਣਾ ਸੀ, ਪਰ ਉਹ ਇਸ ਰਾਹ ਨਾ ਜਾ ਸਕੇ। ਤੇਜ਼ ਹਵਾਵਾਂ ਨੇ ਉਨ੍ਹਾਂ ਨੂੰ ਦੱਖਣ ਵਿਚ ਕਰੇਤ ਵੱਲ ਜਾਣ ਲਈ ਮਜਬੂਰ ਕਰ ਦਿੱਤਾ। ਕਰੇਤ ਦੇ ਦੱਖਣੀ ਕਿਨਾਰਿਓਂ ਹੁੰਦੇ ਹੋਏ ਉਹ ਸੁੰਦਰ ਘਾਟ ਨਾਂ ਦੀ ਬੰਦਰਗਾਹ ਤੇ ਰੁਕੇ। ‘ਕਰੇਤ ਤੋਂ ਜਹਾਜ਼ ਖੋਲ੍ਹ ਕੇ’ ਉਨ੍ਹਾਂ ਨੇ ਆਪਣਾ ਸਫ਼ਰ ਦੁਬਾਰਾ ਸ਼ੁਰੂ ਕੀਤਾ, ਪਰ ਜਹਾਜ਼ “ਯੂਰਕੂਲੋਨ” ਨਾਂ ਦੇ ‘ਇੱਕ ਵੱਡੇ ਤੁਫ਼ਾਨ ਦੇ ਢਹਿ ਚੜ੍ਹ ਗਿਆ।’ ਅਨਾਜ ਨਾਲ ਭਰਿਆ ਭਾਰਾ ਜਹਾਜ਼ ਚੌਦਵੀਂ ਰਾਤ ਤਕ ‘ਸਮੁੰਦਰ ਵਿੱਚ ਇੱਧਰ ਉੱਧਰ ਰੁੜ੍ਹਦਾ ਰਿਹਾ।’ ਅਖ਼ੀਰ ਉਨ੍ਹਾਂ ਦਾ ਜਹਾਜ਼ ਇਕ ਟਾਪੂ ਉੱਤੇ ਆ ਕੇ ਤਬਾਹ ਹੋ ਗਿਆ, ਪਰ ਇਸ ਵਿਚ ਸਵਾਰ ਸਾਰੇ 276 ਲੋਕ ਬਚ ਗਏ। ਬਾਈਬਲ ਦੇ ਯੂਨਾਨੀ ਮੂਲ-ਪਾਠ ਵਿਚ ਇਸ ਟਾਪੂ ਨੂੰ ਮੈਲੀਟੇ ਕਿਹਾ ਗਿਆ ਹੈ।—ਰਸੂਲਾਂ ਦੇ ਕਰਤੱਬ 27:1–28:1.

ਬੀਤੇ ਸਮੇਂ ਵਿਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਮੈਲੀਟੇ ਨਾਂ ਦਾ ਟਾਪੂ ਕਿਹੜਾ ਸੀ। ਕੁਝ ਲੋਕਾਂ ਦਾ ਸੁਝਾਅ ਸੀ ਕਿ ਇਹ ਕ੍ਰੋਏਸ਼ੀਆ ਦੇ ਲਾਗੇ ਐਡਰਿਆਟਿਕ ਸਾਗਰ ਵਿਚ ਮੈਲੀਟੇ ਇਲੀਰੀਕਾ ਟਾਪੂ (ਹੁਣ ਮਲਯੈਟ) ਸੀ। ਪਰ ਇਹ ਉਹ ਟਾਪੂ ਨਹੀਂ ਹੋ ਸਕਦਾ ਕਿਉਂਕਿ ਇਹ ਟਾਪੂ ਉੱਤਰ ਵਿਚ ਹੈ ਅਤੇ ਪੌਲੁਸ ਦੇ ਸਫ਼ਰ ਦੇ ਅਗਲੇ ਪੜਾਵਾਂ ਨਾਲ ਮੇਲ ਨਹੀਂ ਖਾਂਦਾ। ਉਹ ਸਿਸਲੀ ਵਿਚ ਸੈਰਾਕੂਸ ਹੁੰਦੇ ਹੋਏ ਇਟਲੀ ਦੇ ਪੱਛਮੀ ਕਿਨਾਰੇ ਵੱਲ ਗਿਆ ਸੀ।—ਰਸੂਲਾਂ ਦੇ ਕਰਤੱਬ 28:11-13.

ਬਾਈਬਲ ਦੇ ਜ਼ਿਆਦਾਤਰ ਅਨੁਵਾਦਕਾਂ ਨੇ ਸਿੱਟਾ ਕੱਢਿਆ ਹੈ ਕਿ ਮੈਲੀਟੇ ਟਾਪੂ ਮੈਲੀਟੇ ਅਫ਼ਰੀਕੇਨਸ ਨਾਂ ਦਾ ਟਾਪੂ ਸੀ ਜਿਸ ਨੂੰ ਹੁਣ ਮਾਲਟਾ ਕਿਹਾ ਜਾਂਦਾ ਹੈ। ਪੌਲੁਸ ਨੂੰ ਲੈ ਜਾਣ ਵਾਲਾ ਜਹਾਜ਼ ਰਸਤ-ਪਾਣੀ ਲਈ ਆਖ਼ਰੀ ਵਾਰ ਕਰੇਤ ਵਿਚ ਸੁੰਦਰ ਘਾਟ ਨਾਂ ਦੀ ਬੰਦਰਗਾਹ ਤੇ ਰੁਕਿਆ ਸੀ। ਉੱਥੋਂ ਤੂਫ਼ਾਨ ਨੇ ਜਹਾਜ਼ ਨੂੰ ਪੱਛਮ ਵੱਲ ਕਲੌਦਾ ਜਾਣ ਲਈ ਮਜਬੂਰ ਕਰ ਦਿੱਤਾ। ਹਨੇਰੀ ਜਹਾਜ਼ ਨੂੰ ਕਈ ਦਿਨਾਂ ਤਕ ਖਿੱਚ ਕੇ ਲੈ ਜਾਂਦੀ ਰਹੀ। ਇਹ ਮੰਨਣਾ ਬਿਲਕੁਲ ਸਹੀ ਲੱਗਦਾ ਹੈ ਕਿ ਹਨੇਰੀ ਜਹਾਜ਼ ਨੂੰ ਹੋਰ ਪੱਛਮ ਵੱਲ ਲੈ ਗਈ ਤੇ ਜਹਾਜ਼ ਮਾਲਟਾ ਪਹੁੰਚ ਗਿਆ।

ਉਸ ਇਲਾਕੇ ਵਿਚ ਆਉਂਦੀਆਂ ਹਨੇਰੀਆਂ ਅਤੇ ਹਵਾਵਾਂ ਦੀ “ਦਿਸ਼ਾ ਅਤੇ ਵਹਾਅ ਦੀ ਰਫ਼ਤਾਰ” ਨੂੰ ਧਿਆਨ ਵਿਚ ਰੱਖਦੇ ਹੋਏ ਕੌਨੀਬਾਰ ਅਤੇ ਹਾਉਸਨ ਨੇ ਆਪਣੀ ਕਿਤਾਬ ਸੰਤ ਪੌਲੁਸ ਦੀ ਜ਼ਿੰਦਗੀ ਅਤੇ ਚਿੱਠੀਆਂ (ਅੰਗ੍ਰੇਜ਼ੀ) ਵਿਚ ਕਿਹਾ: ‘ਕਲੌਦਾ ਅਤੇ ਮਾਲਟਾ ਵਿਚਕਾਰ ਦੂਰੀ ਤਕਰੀਬਨ 770 ਕਿਲੋਮੀਟਰ ਹੈ। ਸਾਰੀਆਂ ਗੱਲਾਂ ਤੇ ਵਿਚਾਰ ਕਰਨ ਤੋਂ ਬਾਅਦ ਇਹ ਮੰਨਣਾ ਨਾਮੁਮਕਿਨ ਲੱਗਦਾ ਹੈ ਕਿ ਚੌਦਵੀਂ ਰਾਤ ਨੂੰ ਮਲਾਹ ਮਾਲਟਾ ਨਹੀਂ, ਸਗੋਂ ਕਿਸੇ ਹੋਰ ਟਾਪੂ ਤੇ ਪਹੁੰਚੇ ਸਨ। ਸਾਰੀਆਂ ਗੱਲਾਂ ਮਾਲਟਾ ਵੱਲ ਹੀ ਇਸ਼ਾਰਾ ਕਰਦੀਆਂ ਹਨ।’

ਭਾਵੇਂ ਹੋਰ ਥਾਵਾਂ ਦੇ ਨਾਂ ਸੁਝਾਏ ਜਾ ਸਕਦੇ ਹਨ, ਪਰ ਬਾਈਬਲ ਦੇ ਰਿਕਾਰਡ ਅਨੁਸਾਰ ਇਹ ਮੰਨਣਾ ਸਹੀ ਲੱਗਦਾ ਹੈ ਕਿ ਪੌਲੁਸ ਦਾ ਜਹਾਜ਼ ਮਾਲਟਾ ਟਾਪੂ (ਨਕਸ਼ਾ ਦੇਖੋ) ਉੱਤੇ ਤਬਾਹ ਹੋਇਆ ਸੀ।

[ਸਫ਼ੇ 31 ਉੱਤੇ ਨਕਸ਼ਾ/ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਰੋਮ

ਮਲਯੈਟ

ਯੂਨਾਨ

ਮਾਲਟਾ

ਕਲੌਦਾ

ਕਰੇਤ

ਕਨੀਦੁਸ

ਮੂਰਾ

ਸੈਦਾ

ਸੈੱਫਲੋਨੀਆ

ਸਿਸਲੀ

ਸੈਰਾਕੂਸ

ਕੈਸਰਿਯਾ

ਯਰੂਸ਼ਲਮ